ਪਾਠ 69
ਜਬਰਾਏਲ ਮਰੀਅਮ ਨੂੰ ਮਿਲਣ ਆਇਆ
ਮਰੀਅਮ ਇਲੀਸਬਤ ਦੀ ਰਿਸ਼ਤੇਦਾਰ ਸੀ। ਉਹ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦੀ ਸੀ। ਉਸ ਦੀ ਕੁੜਮਾਈ ਯੂਸੁਫ਼ ਨਾਲ ਹੋਈ ਸੀ ਜੋ ਇਕ ਤਰਖਾਣ ਸੀ। ਜਦੋਂ ਇਲੀਸਬਤ ਦੇ ਗਰਭ ਦਾ ਛੇਵਾਂ ਮਹੀਨਾ ਚੱਲ ਰਿਹਾ ਸੀ, ਤਾਂ ਜਬਰਾਏਲ ਦੂਤ ਮਰੀਅਮ ਅੱਗੇ ਪ੍ਰਗਟ ਹੋਇਆ। ਉਸ ਨੇ ਕਿਹਾ: ‘ਵਧਾਈ ਹੋਵੇ, ਮਰੀਅਮ। ਯਹੋਵਾਹ ਤੇਰੇ ਉੱਤੇ ਮਿਹਰਬਾਨ ਹੈ।’ ਮਰੀਅਮ ਨੂੰ ਸਮਝ ਨਹੀਂ ਲੱਗੀ ਕਿ ਦੂਤ ਕੀ ਕਹਿ ਰਿਹਾ ਸੀ। ਦੂਤ ਨੇ ਫਿਰ ਮਰੀਅਮ ਨੂੰ ਕਿਹਾ: ‘ਤੂੰ ਗਰਭਵਤੀ ਹੋਵੇਂਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਂ ਯਿਸੂ ਰੱਖੀਂ। ਉਹ ਰਾਜਾ ਬਣੇਗਾ ਅਤੇ ਹਮੇਸ਼ਾ ਲਈ ਰਾਜ ਕਰੇਗਾ।’
ਮਰੀਅਮ ਨੇ ਕਿਹਾ: ‘ਪਰ ਮੈਂ ਤਾਂ ਅਜੇ ਕੁਆਰੀ ਹਾਂ। ਮੈਂ ਕਿੱਦਾਂ ਇਕ ਬੱਚੇ ਨੂੰ ਜਨਮ ਦੇ ਸਕਦੀ ਹਾਂ?’ ਜਬਰਾਏਲ ਨੇ ਉਸ ਨੂੰ ਕਿਹਾ: ‘ਯਹੋਵਾਹ ਲਈ ਕੁਝ ਵੀ ਨਾਮੁਮਕਿਨ ਨਹੀਂ। ਪਵਿੱਤਰ ਸ਼ਕਤੀ ਤੇਰੇ ਉੱਤੇ ਆਵੇਗੀ ਅਤੇ ਤੂੰ ਇਕ ਮੁੰਡੇ ਨੂੰ ਜਨਮ ਦੇਵੇਂਗੀ। ਤੇਰੀ ਰਿਸ਼ਤੇਦਾਰ ਇਲੀਸਬਤ ਵੀ ਮਾਂ ਬਣਨ ਵਾਲੀ ਹੈ।’ ਫਿਰ ਮਰੀਅਮ ਨੇ ਕਿਹਾ: ‘ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।’
ਮਰੀਅਮ ਪਹਾੜੀ ਇਲਾਕੇ ਵਿਚ ਵੱਸੇ ਇਕ ਸ਼ਹਿਰ ਵਿਚ ਇਲੀਸਬਤ ਨੂੰ ਮਿਲਣ ਗਈ। ਜਦੋਂ ਮਰੀਅਮ ਨੇ ਇਲੀਸਬਤ ਨੂੰ ਨਮਸਕਾਰ ਕੀਤਾ, ਤਾਂ ਇਲੀਸਬਤ ਦੀ ਕੁੱਖ ਵਿਚ ਬੱਚਾ ਉੱਛਲ਼ ਪਿਆ। ਇਲੀਸਬਤ ਪਵਿੱਤਰ ਸ਼ਕਤੀ ਨਾਲ ਭਰ ਗਈ ਅਤੇ ਉਸ ਨੇ ਕਿਹਾ: ‘ਮਰੀਅਮ, ਯਹੋਵਾਹ ਨੇ ਤੈਨੂੰ ਬਰਕਤ ਦਿੱਤੀ ਹੈ। ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਘਰ ਆਈ।’ ਮਰੀਅਮ ਨੇ ਕਿਹਾ: ‘ਮੈਂ ਦਿਲੋਂ ਯਹੋਵਾਹ ਦਾ ਗੁਣਗਾਨ ਕਰਦੀ ਹਾਂ।’ ਮਰੀਅਮ ਇਲੀਸਬਤ ਕੋਲ ਤਿੰਨ ਮਹੀਨੇ ਰਹੀ ਅਤੇ ਫਿਰ ਉਹ ਆਪਣੇ ਘਰ ਨਾਸਰਤ ਨੂੰ ਚਲੀ ਗਈ।
ਜਦੋਂ ਯੂਸੁਫ਼ ਨੂੰ ਪਤਾ ਲੱਗਾ ਕਿ ਮਰੀਅਮ ਮਾਂ ਬਣਨ ਵਾਲੀ ਹੈ, ਤਾਂ ਉਹ ਉਸ ਨਾਲ ਕੁੜਮਾਈ ਤੋੜਨੀ ਚਾਹੁੰਦਾ ਸੀ। ਪਰ ਇਕ ਦੂਤ ਯੂਸੁਫ਼ ਦੇ ਸੁਪਨੇ ਵਿਚ ਆਇਆ ਅਤੇ ਉਸ ਨੂੰ ਕਿਹਾ: ‘ਮਰੀਅਮ ਨਾਲ ਵਿਆਹ ਕਰਨ ਤੋਂ ਨਾ ਡਰ। ਉਸ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ।’ ਇਸ ਲਈ ਯੂਸੁਫ਼ ਨੇ ਮਰੀਅਮ ਨਾਲ ਵਿਆਹ ਕਰਾ ਲਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ।
‘ਆਕਾਸ਼ ਵਿਚ ਅਤੇ ਧਰਤੀ ʼਤੇ ਯਹੋਵਾਹ ਜੋ ਚਾਹੁੰਦਾ, ਉਹੀ ਕਰਦਾ ਹੈ।’—ਜ਼ਬੂਰ 135:6