-
ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
5. ਯਹੋਵਾਹ ਆਪਣੇ ਦੋਸਤਾਂ ਤੋਂ ਕੀ ਚਾਹੁੰਦਾ ਹੈ?
ਸਾਨੂੰ ਸਾਰਿਆਂ ਨੂੰ ਆਪਣੇ ਦੋਸਤਾਂ ਤੋਂ ਕੋਈ-ਨਾ-ਕੋਈ ਉਮੀਦ ਹੁੰਦੀ ਹੈ।
ਤੁਸੀਂ ਆਪਣੇ ਦੋਸਤਾਂ ਤੋਂ ਕੀ ਉਮੀਦ ਰੱਖਦੇ ਹੋ?
1 ਯੂਹੰਨਾ 5:3 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਆਪਣੇ ਦੋਸਤਾਂ ਤੋਂ ਕੀ ਉਮੀਦ ਰੱਖਦਾ ਹੈ?
ਯਹੋਵਾਹ ਦਾ ਕਹਿਣਾ ਮੰਨਣ ਲਈ ਸ਼ਾਇਦ ਸਾਨੂੰ ਆਪਣੀ ਸੋਚ ਅਤੇ ਜੀਉਣ ਦੇ ਕੁਝ ਤੌਰ-ਤਰੀਕੇ ਬਦਲਣੇ ਪੈਣ। ਯਸਾਯਾਹ 48:17, 18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਆਪਣੇ ਦੋਸਤਾਂ ਨੂੰ ਆਪਣੀ ਸੋਚ ਅਤੇ ਤੌਰ-ਤਰੀਕੇ ਬਦਲਣ ਲਈ ਕਿਉਂ ਕਹਿੰਦਾ ਹੈ?
ਇਕ ਚੰਗਾ ਦੋਸਤ ਸਾਡਾ ਭਲਾ ਚਾਹੁੰਦਾ ਹੈ। ਉਹ ਸਾਨੂੰ ਖ਼ਤਰਿਆਂ ਤੋਂ ਖ਼ਬਰਦਾਰ ਕਰਦਾ ਹੈ। ਯਹੋਵਾਹ ਵੀ ਇੱਦਾਂ ਦਾ ਹੀ ਦੋਸਤ ਹੈ
-
-
ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਾਠ 34
ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?
ਜਦੋਂ ਤੋਂ ਤੁਸੀਂ ਬਾਈਬਲ ਸਟੱਡੀ ਕਰਨ ਲੱਗੇ ਹੋ, ਕੀ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧਿਆ ਹੈ? ਕੀ ਤੁਸੀਂ ਇਸ ਪਿਆਰ ਨੂੰ ਹੋਰ ਵਧਾਉਣਾ ਚਾਹੁੰਦੇ ਹੋ? ਯਾਦ ਰੱਖੋ ਕਿ ਜਦੋਂ ਯਹੋਵਾਹ ਦੇਖੇਗਾ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ, ਤਾਂ ਉਹ ਵੀ ਤੁਹਾਨੂੰ ਉੱਨਾ ਹੀ ਪਿਆਰ ਕਰੇਗਾ ਅਤੇ ਤੁਹਾਡਾ ਖ਼ਿਆਲ ਰੱਖੇਗਾ। ਪਰ ਤੁਸੀਂ ਯਹੋਵਾਹ ਨੂੰ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ?
1. ਅਸੀਂ ਯਹੋਵਾਹ ਨੂੰ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ?
ਅਸੀਂ ਯਹੋਵਾਹ ਦਾ ਕਹਿਣਾ ਮੰਨ ਕੇ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (1 ਯੂਹੰਨਾ 5:3 ਪੜ੍ਹੋ।) ਯਹੋਵਾਹ ਕਿਸੇ ਨੂੰ ਵੀ ਆਪਣਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਸ ਨੇ ਇਹ ਸਾਡੇ ʼਤੇ ਛੱਡਿਆ ਹੈ ਕਿ ਅਸੀਂ ਉਸ ਦਾ ਕਹਿਣਾ ਮੰਨਾਂਗੇ ਜਾਂ ਨਹੀਂ। ਇੱਦਾਂ ਕਿਉਂ? ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ‘ਸਿੱਖਿਆ ʼਤੇ ਦਿਲੋਂ ਚੱਲੀਏ।’ (ਰੋਮੀਆਂ 6:17) ਇਸ ਦਾ ਮਤਲਬ ਹੈ ਕਿ ਅਸੀਂ ਕਿਸੇ ਦਬਾਅ ਜਾਂ ਮਜਬੂਰੀ ਕਰਕੇ ਨਹੀਂ, ਸਗੋਂ ਪਿਆਰ ਹੋਣ ਕਰਕੇ ਯਹੋਵਾਹ ਦਾ ਕਹਿਣਾ ਮੰਨੀਏ। ਯਹੋਵਾਹ ਲਈ ਆਪਣਾ ਪਿਆਰ ਦਿਖਾਉਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਨੂੰ ਕਿਹੜੇ ਕੰਮ ਪਸੰਦ ਹਨ ਅਤੇ ਕਿਹੜੇ ਨਹੀਂ। ਇਸ ਬਾਰੇ ਅਸੀਂ ਇਸ ਕਿਤਾਬ ਦੇ ਭਾਗ 3 ਅਤੇ 4 ਵਿਚ ਸਿੱਖਾਂਗੇ।
2. ਕਦੀ-ਕਦੀ ਸਾਨੂੰ ਯਹੋਵਾਹ ਲਈ ਪਿਆਰ ਦਿਖਾਉਣਾ ਕਿਉਂ ਔਖਾ ਲੱਗ ਸਕਦਾ ਹੈ?
ਬਾਈਬਲ ਵਿਚ ਲਿਖਿਆ ਹੈ: “ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ।” (ਜ਼ਬੂਰ 34:19) ਸਾਨੂੰ ਸਾਰਿਆਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਇਸ ਤੋਂ ਇਲਾਵਾ, ਸਾਨੂੰ ਸ਼ਾਇਦ ਪੈਸੇ ਦੀ ਤੰਗੀ ਝੱਲਣੀ ਪਵੇ, ਬੇਇਨਸਾਫ਼ੀ ਸਹਿਣੀ ਪਵੇ ਜਾਂ ਕੋਈ ਹੋਰ ਮੁਸ਼ਕਲ ਝੱਲਣੀ ਪਵੇ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਦਾ ਕਹਿਣਾ ਮੰਨਣਾ ਸ਼ਾਇਦ ਮੁਸ਼ਕਲ ਹੋਵੇ ਅਤੇ ਗ਼ਲਤ ਰਾਹ ਜਾਣਾ ਜ਼ਿਆਦਾ ਸੌਖਾ ਲੱਗੇ। ਪਰ ਫਿਰ ਵੀ ਜਦੋਂ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ। ਨਾਲੇ ਅਸੀਂ ਇਹ ਵੀ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਹਾਂ। ਬਦਲੇ ਵਿਚ ਯਹੋਵਾਹ ਵੀ ਸਾਡੇ ਨਾਲ ਵਫ਼ਾਦਾਰੀ ਨਿਭਾਵੇਗਾ। ਉਹ ਸਾਨੂੰ ਕਦੇ ਇਕੱਲਾ ਨਹੀਂ ਛੱਡੇਗਾ।—ਜ਼ਬੂਰ 4:3 ਪੜ੍ਹੋ।
ਹੋਰ ਸਿੱਖੋ
ਯਹੋਵਾਹ ਲਈ ਇਹ ਗੱਲ ਕਿਉਂ ਅਹਿਮੀਅਤ ਰੱਖਦੀ ਹੈ ਕਿ ਤੁਸੀਂ ਉਸ ਦਾ ਕਹਿਣਾ ਮੰਨਦੇ ਹੋ? ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਆਓ ਜਾਣੀਏ।
3. ਸ਼ੈਤਾਨ ਨੇ ਤੁਹਾਡੇ ਉੱਤੇ ਦੋਸ਼ ਲਾਇਆ ਹੈ
ਬਾਈਬਲ ਵਿਚ ਦੱਸਿਆ ਹੈ ਕਿ ਸ਼ੈਤਾਨ ਨੇ ਪਰਮੇਸ਼ੁਰ ਦੇ ਸੇਵਕ ਅੱਯੂਬ ਉੱਤੇ ਇਕ ਗੰਭੀਰ ਦੋਸ਼ ਲਾਇਆ। ਪਰ ਉਸ ਨੇ ਸਿਰਫ਼ ਅੱਯੂਬ ʼਤੇ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਲੋਕਾਂ ʼਤੇ ਵੀ ਇਹੀ ਦੋਸ਼ ਲਾਇਆ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਅੱਯੂਬ 1:1, 6–2:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਸ਼ੈਤਾਨ ਮੁਤਾਬਕ ਅੱਯੂਬ ਕਿਉਂ ਯਹੋਵਾਹ ਦਾ ਕਹਿਣਾ ਮੰਨਦਾ ਸੀ?—ਅੱਯੂਬ 1:9-11 ਦੇਖੋ।
ਸ਼ੈਤਾਨ ਨੇ ਤੁਹਾਡੇ ਬਾਰੇ ਅਤੇ ਬਾਕੀ ਸਾਰੇ ਇਨਸਾਨਾਂ ਬਾਰੇ ਕੀ ਦਾਅਵਾ ਕੀਤਾ ਹੈ?—ਅੱਯੂਬ 2:4 ਦੇਖੋ।
ਅੱਯੂਬ 27:5ਅ ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਅੱਯੂਬ ਨੇ ਕਿਵੇਂ ਸਾਬਤ ਕੀਤਾ ਕਿ ਉਹ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ?
ਅੱਯੂਬ ਨੇ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ
ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ
4. ਯਹੋਵਾਹ ਦਾ ਦਿਲ ਖ਼ੁਸ਼ ਕਰੋ
ਕਹਾਉਤਾਂ 27:11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਅਸੀਂ ਬੁੱਧ ਤੋਂ ਕੰਮ ਲੈਂਦੇ ਹਾਂ ਅਤੇ ਉਸ ਦਾ ਕਹਿਣਾ ਮੰਨਦੇ ਹਾਂ? ਉਸ ਨੂੰ ਇੱਦਾਂ ਕਿਉਂ ਲੱਗਦਾ ਹੈ?
5. ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹੋ
ਯਹੋਵਾਹ ਲਈ ਪਿਆਰ ਸਾਨੂੰ ਪ੍ਰੇਰੇਗਾ ਕਿ ਅਸੀਂ ਦੂਸਰਿਆਂ ਨੂੰ ਉਸ ਬਾਰੇ ਦੱਸੀਏ। ਨਾਲੇ ਉਸ ਦੇ ਵਫ਼ਾਦਾਰ ਹੋਣ ਕਰਕੇ ਅਸੀਂ ਉਸ ਬਾਰੇ ਉਦੋਂ ਵੀ ਦੱਸਾਂਗੇ ਜਦੋਂ ਸਾਨੂੰ ਔਖਾ ਲੱਗਦਾ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਕੀ ਤੁਹਾਨੂੰ ਕਦੇ-ਕਦੇ ਯਹੋਵਾਹ ਬਾਰੇ ਦੂਸਰਿਆਂ ਨੂੰ ਦੱਸਣਾ ਔਖਾ ਲੱਗਦਾ ਹੈ?
ਵੀਡੀਓ ਵਿਚ ਗ੍ਰੇਸਨ ਨੇ ਕਿਸ ਤਰ੍ਹਾਂ ਆਪਣੇ ਡਰ ʼਤੇ ਕਾਬੂ ਪਾਇਆ?
ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਉਸ ਨੂੰ ਕਿਨ੍ਹਾਂ ਗੱਲਾਂ ਜਾਂ ਕੰਮਾਂ ਨਾਲ ਪਿਆਰ ਹੈ ਅਤੇ ਕਿਨ੍ਹਾਂ ਨਾਲ ਨਫ਼ਰਤ। ਜਦੋਂ ਅਸੀਂ ਉਸ ਦੀ ਸੋਚ ਮੁਤਾਬਕ ਚੱਲਦੇ ਹਾਂ, ਤਾਂ ਸਾਡੇ ਲਈ ਉਸ ਦੇ ਵਫ਼ਾਦਾਰ ਰਹਿਣਾ ਸੌਖਾ ਹੁੰਦਾ ਹੈ। ਜ਼ਬੂਰ 97:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਹੁਣ ਤਕ ਤੁਸੀਂ ਜੋ ਸਿੱਖਿਆ, ਉਸ ਮੁਤਾਬਕ ਯਹੋਵਾਹ ਕਿਨ੍ਹਾਂ ਗੱਲਾਂ ਜਾਂ ਕੰਮਾਂ ਨਾਲ ਪਿਆਰ ਕਰਦਾ ਹੈ ਅਤੇ ਕਿਨ੍ਹਾਂ ਨਾਲ ਨਫ਼ਰਤ?
ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਚੰਗੀਆਂ ਗੱਲਾਂ ਨਾਲ ਪਿਆਰ ਕਰਨਾ ਅਤੇ ਬੁਰੀਆਂ ਗੱਲਾਂ ਨਾਲ ਨਫ਼ਰਤ ਕਰਨੀ ਸਿੱਖ ਸਕੋ?
6. ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਡਾ ਭਲਾ ਹੁੰਦਾ ਹੈ
ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਯਸਾਯਾਹ 48:17, 18 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਤੁਸੀਂ ਮੰਨਦੇ ਹੋ ਕਿ ਯਹੋਵਾਹ ਸਾਨੂੰ ਜੋ ਵੀ ਕਰਨ ਲਈ ਕਹਿੰਦਾ ਹੈ, ਉਹ ਹਮੇਸ਼ਾ ਸਾਡੇ ਭਲੇ ਲਈ ਹੁੰਦਾ ਹੈ? ਤੁਸੀਂ ਇੱਦਾਂ ਕਿਉਂ ਮੰਨਦੇ ਹੋ?
ਹੁਣ ਤਕ ਬਾਈਬਲ ਦੀ ਸਟੱਡੀ ਕਰ ਕੇ ਅਤੇ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਜਾਣ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਂ ਜੋ ਮਰਜ਼ੀ ਕਰਾਂ, ਰੱਬ ਨੂੰ ਕੋਈ ਫ਼ਰਕ ਨਹੀਂ ਪੈਂਦਾ।”
ਤੁਸੀਂ ਕਿਹੜੀ ਆਇਤ ਦਿਖਾ ਕੇ ਸਮਝਾਓਗੇ ਕਿ ਅਸੀਂ ਜੋ ਕਰਦੇ ਹਾਂ, ਉਸ ਨਾਲ ਯਹੋਵਾਹ ਨੂੰ ਫ਼ਰਕ ਪੈਂਦਾ ਹੈ?
ਹੁਣ ਤਕ ਅਸੀਂ ਸਿੱਖਿਆ
ਜਦੋਂ ਤੁਸੀਂ ਯਹੋਵਾਹ ਦਾ ਕਹਿਣਾ ਮੰਨਦੇ ਹੋ ਅਤੇ ਮੁਸ਼ਕਲਾਂ ਦੇ ਬਾਵਜੂਦ ਉਸ ਦੇ ਵਫ਼ਾਦਾਰ ਰਹਿੰਦੇ ਹੋ, ਤਾਂ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ।
ਤੁਸੀਂ ਕੀ ਕਹੋਗੇ?
ਤੁਸੀਂ ਅੱਯੂਬ ਤੋਂ ਕੀ ਸਿੱਖਿਆ?
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ?
ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
ਇਹ ਵੀ ਦੇਖੋ
ਜਾਣੋ ਕਿ ਤੁਸੀਂ ਕਿੱਦਾਂ ਯਹੋਵਾਹ ਅਤੇ ਮੰਡਲੀ ਦੇ ਵਫ਼ਾਦਾਰ ਰਹਿ ਸਕਦੇ ਹੋ।
ਆਓ ਹੋਰ ਜਾਣੀਏ ਕਿ ਸ਼ੈਤਾਨ ਨੇ ਇਨਸਾਨਾਂ ਉੱਤੇ ਕਿਹੜਾ ਦੋਸ਼ ਲਾਇਆ ਹੈ।
“ਅੱਯੂਬ ਨੇ ਆਪਣੀ ਵਫ਼ਾਦਾਰੀ ਕਾਇਮ ਰੱਖੀ” (ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਭਾਗ 6)
ਵੀਡੀਓ ਵਿਚ ਦੇਖੋ ਕਿ ਛੋਟੇ ਬੱਚੇ ਵੀ ਯਹੋਵਾਹ ਲਈ ਪਿਆਰ ਦਿਖਾ ਸਕਦੇ ਹਨ।
ਵੀਡੀਓ ਵਿਚ ਦੇਖੋ ਕਿ ਨੌਜਵਾਨ ਗ਼ਲਤ ਕੰਮ ਕਰਨ ਦਾ ਦਬਾਅ ਆਉਣ ਤੇ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦੇ ਹਨ।
-
-
ਸਹੀ ਫ਼ੈਸਲੇ ਕਿਵੇਂ ਕਰੀਏ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਾਠ 35
ਸਹੀ ਫ਼ੈਸਲੇ ਕਿਵੇਂ ਕਰੀਏ?
ਸਾਨੂੰ ਸਾਰਿਆਂ ਨੂੰ ਕਈ ਫ਼ੈਸਲੇ ਕਰਨੇ ਪੈਂਦੇ ਹਨ। ਕਈ ਫ਼ੈਸਲਿਆਂ ਦਾ ਸਾਡੀ ਜ਼ਿੰਦਗੀ ʼਤੇ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਗਹਿਰਾ ਅਸਰ ਪੈਂਦਾ ਹੈ, ਜਿਵੇਂ ਅਸੀਂ ਵਿਆਹ ਕਰਾਈਏ ਜਾਂ ਨਾ, ਅਸੀਂ ਕਿੱਥੇ ਰਹਾਂਗੇ ਜਾਂ ਘਰ ਦਾ ਗੁਜ਼ਾਰਾ ਕਿਵੇਂ ਚਲਾਵਾਂਗੇ। ਸਹੀ ਫ਼ੈਸਲੇ ਕਰਨ ਨਾਲ ਅਸੀਂ ਜ਼ਿੰਦਗੀ ਵਿਚ ਖ਼ੁਸ਼ ਰਹਿੰਦੇ ਹਾਂ ਅਤੇ ਯਹੋਵਾਹ ਦੇ ਦਿਲ ਨੂੰ ਵੀ ਖ਼ੁਸ਼ ਕਰਦੇ ਹਾਂ।
1. ਸਹੀ ਫ਼ੈਸਲੇ ਕਰਨ ਵਿਚ ਬਾਈਬਲ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?
ਕਿਸੇ ਮਾਮਲੇ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਫਿਰ ਸਾਨੂੰ ਬਾਈਬਲ ਵਿੱਚੋਂ ਖੋਜਬੀਨ ਕਰਨੀ ਚਾਹੀਦੀ ਹੈ ਕਿ ਯਹੋਵਾਹ ਉਸ ਮਾਮਲੇ ਬਾਰੇ ਕੀ ਸੋਚਦਾ ਹੈ। (ਕਹਾਉਤਾਂ 2:3-6 ਪੜ੍ਹੋ।) ਯਹੋਵਾਹ ਨੇ ਕੁਝ ਮਾਮਲਿਆਂ ਬਾਰੇ ਬਾਈਬਲ ਵਿਚ ਸਿੱਧੇ-ਸਿੱਧੇ ਹੁਕਮ ਦਿੱਤੇ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਜੇ ਅਸੀਂ ਇਹ ਹੁਕਮ ਮੰਨਾਂਗੇ, ਤਾਂ ਸਾਡਾ ਹੀ ਭਲਾ ਹੋਵੇਗਾ।
ਪਰ ਜਦੋਂ ਕਿਸੇ ਮਾਮਲੇ ਬਾਰੇ ਬਾਈਬਲ ਵਿਚ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ ਹੁੰਦਾ, ਉਦੋਂ ਸਾਨੂੰ ਕੀ ਕਰਨਾ ਚਾਹੀਦਾ? ਉਦੋਂ ਵੀ ਯਹੋਵਾਹ ਸਾਡੀ ਮਦਦ ਕਰੇਗਾ ਅਤੇ ਸਾਨੂੰ ‘ਉਸ ਰਾਹ ਪਾਵੇਗਾ ਜਿਸ ਰਾਹ ਸਾਨੂੰ ਜਾਣਾ ਚਾਹੀਦਾ ਹੈ।’ (ਯਸਾਯਾਹ 48:17) ਕਿਵੇਂ? ਸਾਡੀ ਮਦਦ ਕਰਨ ਲਈ ਯਹੋਵਾਹ ਨੇ ਬਾਈਬਲ ਵਿਚ ਬਹੁਤ ਸਾਰੇ ਅਸੂਲ ਲਿਖਵਾਏ ਹਨ। ਇਨ੍ਹਾਂ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਕੀ ਸੋਚਦਾ ਅਤੇ ਕਿੱਦਾਂ ਮਹਿਸੂਸ ਕਰਦਾ ਹੈ। ਕਈ ਵਾਰ ਬਾਈਬਲ ਦਾ ਕੋਈ ਬਿਰਤਾਂਤ ਪੜ੍ਹ ਕੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿੱਦਾਂ ਮਹਿਸੂਸ ਕਰਦਾ ਹੈ। ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਯਹੋਵਾਹ ਦੀ ਕੀ ਸੋਚ ਹੈ, ਤਾਂ ਅਸੀਂ ਅਜਿਹੇ ਫ਼ੈਸਲੇ ਕਰ ਪਾਉਂਦੇ ਹਾਂ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ।
2. ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਬਾਈਬਲ ਦੱਸਦੀ ਹੈ: “ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।” (ਕਹਾਉਤਾਂ 14:15) ਇਸ ਦਾ ਮਤਲਬ ਹੈ ਕਿ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿਉਂਕਿ ਸਾਡੇ ਸਾਮ੍ਹਣੇ ਕਈ ਰਾਹ ਹੋ ਸਕਦੇ ਹਨ। ਇਸ ਲਈ ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਬਾਈਬਲ ਦੇ ਕਿਹੜੇ ਅਸੂਲ ਮੇਰੀ ਮਦਦ ਕਰ ਸਕਦੇ ਹਨ? ਇਹ ਫ਼ੈਸਲਾ ਲੈਣ ਤੋਂ ਬਾਅਦ ਕੀ ਮੈਨੂੰ ਖ਼ੁਸ਼ੀ ਹੋਵੇਗੀ ਜਾਂ ਪਛਤਾਵਾ? ਮੇਰੇ ਫ਼ੈਸਲੇ ਦਾ ਦੂਜਿਆਂ ʼਤੇ ਕੀ ਅਸਰ ਹੋਵੇਗਾ? ਸਭ ਤੋਂ ਜ਼ਰੂਰੀ ਗੱਲ, ਕੀ ਯਹੋਵਾਹ ਮੇਰੇ ਫ਼ੈਸਲੇ ਤੋਂ ਖ਼ੁਸ਼ ਹੋਵੇਗਾ?’—ਬਿਵਸਥਾ ਸਾਰ 32:29.
ਯਹੋਵਾਹ ਪਰਮੇਸ਼ੁਰ ਨੂੰ ਇਹ ਦੱਸਣ ਦਾ ਹੱਕ ਹੈ ਕਿ ਕੀ ਚੰਗਾ ਹੈ ਅਤੇ ਕੀ ਬੁਰਾ। ਉਸ ਦੇ ਹੁਕਮਾਂ ਅਤੇ ਅਸੂਲਾਂ ਦੀ ਮਦਦ ਨਾਲ ਅਸੀਂ ਸਹੀ-ਗ਼ਲਤ ਵਿਚ ਫ਼ਰਕ ਦੇਖ ਸਕਦੇ ਹਾਂ। ਜਦੋਂ ਅਸੀਂ ਇਨ੍ਹਾਂ ਹੁਕਮਾਂ ਅਤੇ ਅਸੂਲਾਂ ਨੂੰ ਚੰਗੀ ਤਰ੍ਹਾਂ ਜਾਣਾਂਗੇ ਤੇ ਹਰ ਹਾਲ ਵਿਚ ਇਨ੍ਹਾਂ ਨੂੰ ਮੰਨਾਂਗੇ, ਤਾਂ ਅਸੀਂ ਆਪਣੀ ਜ਼ਮੀਰ ਨੂੰ ਸਹੀ ਤਰੀਕੇ ਨਾਲ ਢਾਲ ਰਹੇ ਹੋਵਾਂਗੇ। (ਰੋਮੀਆਂ 2:14, 15) ਫਿਰ ਸਾਡੀ ਜ਼ਮੀਰ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ।
ਹੋਰ ਸਿੱਖੋ
ਅਸੀਂ ਬਾਈਬਲ ਦੇ ਅਸੂਲਾਂ ਅਤੇ ਆਪਣੀ ਜ਼ਮੀਰ ਦੀ ਮਦਦ ਨਾਲ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ? ਆਓ ਜਾਣੀਏ।
3. ਬਾਈਬਲ ਮੁਤਾਬਕ ਚੱਲੋ
ਫ਼ੈਸਲੇ ਕਰਦੇ ਵੇਲੇ ਬਾਈਬਲ ਦੇ ਅਸੂਲ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਨ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਯਹੋਵਾਹ ਨੇ ਸਾਨੂੰ ਕਿਹੜੀ ਆਜ਼ਾਦੀ ਦਿੱਤੀ ਹੈ?
ਉਸ ਨੇ ਸਾਨੂੰ ਇਹ ਆਜ਼ਾਦੀ ਕਿਉਂ ਦਿੱਤੀ ਹੈ?
ਇਸ ਆਜ਼ਾਦੀ ਦਾ ਸਹੀ ਇਸਤੇਮਾਲ ਕਰਨ ਲਈ ਯਹੋਵਾਹ ਨੇ ਸਾਨੂੰ ਕੀ ਦਿੱਤਾ ਹੈ?
ਬਾਈਬਲ ਦੇ ਇਕ ਅਸੂਲ ਵੱਲ ਧਿਆਨ ਦਿਓ। ਅਫ਼ਸੀਆਂ 5:15, 16 ਪੜ੍ਹੋ। ਫਿਰ ਚਰਚਾ ਕਰੋ: ਤੁਸੀਂ ਕਿਵੇਂ ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਸਕਦੇ ਹੋ’ ਤਾਂਕਿ . . .
ਤੁਸੀਂ ਹਰ ਰੋਜ਼ ਬਾਈਬਲ ਪੜ੍ਹ ਸਕੋ?
ਤੁਸੀਂ ਹੋਰ ਵਧੀਆ ਪਤੀ, ਪਤਨੀ, ਮਾਪੇ, ਪੁੱਤ ਜਾਂ ਧੀ ਬਣ ਸਕੋ?
ਤੁਸੀਂ ਸਭਾਵਾਂ ਵਿਚ ਜਾ ਸਕੋ?
4. ਸਹੀ ਫ਼ੈਸਲੇ ਕਰਨ ਲਈ ਆਪਣੀ ਜ਼ਮੀਰ ਨੂੰ ਢਾਲੋ
ਜਦੋਂ ਬਾਈਬਲ ਵਿਚ ਸਿੱਧਾ-ਸਿੱਧਾ ਹੁਕਮ ਦਿੱਤਾ ਹੁੰਦਾ ਹੈ, ਤਾਂ ਸ਼ਾਇਦ ਉਦੋਂ ਫ਼ੈਸਲਾ ਲੈਣਾ ਸੌਖਾ ਹੋਵੇ। ਪਰ ਜਦੋਂ ਕਿਸੇ ਮਾਮਲੇ ਬਾਰੇ ਕੋਈ ਹੁਕਮ ਨਾ ਦਿੱਤਾ ਗਿਆ ਹੋਵੇ, ਉਦੋਂ ਤੁਸੀਂ ਫ਼ੈਸਲਾ ਕਿੱਦਾਂ ਕਰ ਸਕਦੇ ਹੋ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਵੀਡੀਓ ਵਿਚ ਭੈਣ ਨੇ ਕਿਹੜੇ ਕਦਮ ਚੁੱਕੇ ਤਾਂਕਿ ਉਹ ਬਾਈਬਲ ਮੁਤਾਬਕ ਆਪਣੀ ਜ਼ਮੀਰ ਨੂੰ ਢਾਲ ਸਕੇ ਅਤੇ ਅਜਿਹਾ ਫ਼ੈਸਲਾ ਕਰ ਸਕੇ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ?
ਸਾਨੂੰ ਦੂਜਿਆਂ ਨੂੰ ਇਹ ਕਿਉਂ ਨਹੀਂ ਕਹਿਣਾ ਚਾਹੀਦਾ ਕਿ ਉਹ ਸਾਡੇ ਲਈ ਫ਼ੈਸਲੇ ਕਰਨ? ਇਬਰਾਨੀਆਂ 5:14 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਦੂਜਿਆਂ ਨੂੰ ਸਾਡੇ ਲਈ ਫ਼ੈਸਲੇ ਕਰਨ ਲਈ ਕਹਿਣਾ ਸੌਖਾ ਹੁੰਦਾ ਹੈ, ਪਰ ਸਾਨੂੰ ਆਪ ਕਿਹੜਾ ਫ਼ਰਕ ਦੇਖਣ ਦੇ ਕਾਬਲ ਬਣਨਾ ਚਾਹੀਦਾ ਹੈ?
ਸਾਡੀ ਜ਼ਮੀਰ ਨੂੰ ਢਾਲਣ ਅਤੇ ਵਧੀਆ ਫ਼ੈਸਲੇ ਲੈਣ ਵਿਚ ਮਦਦ ਕਰਨ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ?
ਜਿਵੇਂ ਨਕਸ਼ਾ ਸਾਨੂੰ ਰਾਹ ਦਿਖਾਉਂਦਾ ਹੈ, ਉਸੇ ਤਰ੍ਹਾਂ ਸਾਡੀ ਜ਼ਮੀਰ ਸਾਨੂੰ ਦੱਸਦੀ ਹੈ ਕਿ ਸਾਨੂੰ ਜ਼ਿੰਦਗੀ ਵਿਚ ਕਿਸ ਰਾਹ ਜਾਣਾ ਚਾਹੀਦਾ ਹੈ
5. ਦੂਜਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਰੱਖੋ
ਇੱਕੋ ਮਾਮਲੇ ਬਾਰੇ ਹਰੇਕ ਦਾ ਫ਼ੈਸਲਾ ਵੱਖੋ-ਵੱਖਰਾ ਹੋ ਸਕਦਾ ਹੈ। ਤਾਂ ਫਿਰ ਫ਼ੈਸਲੇ ਕਰਦੇ ਵੇਲੇ ਅਸੀਂ ਦੂਜਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਕਿਵੇਂ ਰੱਖ ਸਕਦੇ ਹਾਂ? ਇਨ੍ਹਾਂ ਦੋ ਹਾਲਾਤਾਂ ਉੱਤੇ ਗੌਰ ਕਰੋ:
ਹਾਲਾਤ 1: ਇਕ ਭੈਣ ਨੂੰ ਮੇਕ-ਅੱਪ ਕਰਨਾ ਬਹੁਤ ਪਸੰਦ ਹੈ। ਪਰ ਜਦੋਂ ਉਹ ਨਵੀਂ ਮੰਡਲੀ ਵਿਚ ਜਾਂਦੀ ਹੈ, ਤਾਂ ਉਹ ਦੇਖਦੀ ਹੈ ਕਿ ਉੱਥੋਂ ਦੀਆਂ ਜ਼ਿਆਦਾਤਰ ਭੈਣਾਂ ਨੂੰ ਮੇਕ-ਅੱਪ ਕਰਨਾ ਚੰਗਾ ਨਹੀਂ ਲੱਗਦਾ।
ਰੋਮੀਆਂ 15:1 ਅਤੇ 1 ਕੁਰਿੰਥੀਆਂ 10:23, 24 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਉਹ ਭੈਣ ਸ਼ਾਇਦ ਕੀ ਕਰਨ ਦਾ ਫ਼ੈਸਲਾ ਕਰੇ? ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਾਲ ਹੋ ਜਿਸ ਦੀ ਜ਼ਮੀਰ ਉਸ ਨੂੰ ਕੋਈ ਕੰਮ ਕਰਨ ਤੋਂ ਰੋਕਦੀ ਹੈ, ਪਰ ਤੁਹਾਡੀ ਜ਼ਮੀਰ ਨਹੀਂ ਰੋਕਦੀ, ਤਾਂ ਤੁਸੀਂ ਕੀ ਕਰੋਗੇ?
ਹਾਲਾਤ 2: ਇਕ ਭਰਾ ਜਾਣਦਾ ਹੈ ਕਿ ਹੱਦ ਵਿਚ ਰਹਿ ਕੇ ਸ਼ਰਾਬ ਪੀਣੀ ਬਾਈਬਲ ਮੁਤਾਬਕ ਗ਼ਲਤ ਨਹੀਂ ਹੈ। ਫਿਰ ਵੀ ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਸ਼ਰਾਬ ਨਹੀਂ ਪੀਵੇਗਾ। ਇਕ ਦਿਨ ਉਸ ਨੂੰ ਕਿਤੇ ਖਾਣੇ ʼਤੇ ਸੱਦਿਆ ਜਾਂਦਾ ਹੈ ਅਤੇ ਉੱਥੇ ਉਹ ਮੰਡਲੀ ਦੇ ਭਰਾਵਾਂ ਨੂੰ ਸ਼ਰਾਬ ਪੀਂਦੇ ਦੇਖਦਾ ਹੈ।
ਉਪਦੇਸ਼ਕ ਦੀ ਕਿਤਾਬ 7:16 ਅਤੇ ਰੋਮੀਆਂ 14:1, 10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਉਹ ਭਰਾ ਸ਼ਾਇਦ ਕੀ ਕਰਨ ਦਾ ਫ਼ੈਸਲਾ ਕਰੇ? ਜੇ ਤੁਸੀਂ ਕਿਸੇ ਨੂੰ ਕੋਈ ਅਜਿਹਾ ਕੰਮ ਕਰਦੇ ਦੇਖਦੇ ਹੋ ਜੋ ਤੁਹਾਡੀ ਜ਼ਮੀਰ ਨੂੰ ਸਹੀ ਨਹੀਂ ਲੱਗਦਾ, ਤਾਂ ਤੁਸੀਂ ਕੀ ਕਰੋਗੇ?
ਸਹੀ ਫ਼ੈਸਲੇ ਕਰਨ ਲਈ ਕੀ ਕਰੀਏ?
1. ਪ੍ਰਾਰਥਨਾ ਕਰੋ। ਸਹੀ ਫ਼ੈਸਲੇ ਕਰਨ ਲਈ ਯਹੋਵਾਹ ਤੋਂ ਮਦਦ ਮੰਗੋ।—ਯਾਕੂਬ 1:5.
2. ਖੋਜਬੀਨ ਕਰੋ। ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਅਜਿਹੇ ਅਸੂਲ ਲੱਭੋ ਜੋ ਤੁਹਾਡੇ ਹਾਲਾਤਾਂ ʼਤੇ ਲਾਗੂ ਹੁੰਦੇ ਹਨ। ਇਸ ਤੋਂ ਇਲਾਵਾ, ਤੁਸੀਂ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਵੀ ਗੱਲ ਕਰ ਸਕਦੇ ਹੋ।
3. ਸੋਚ-ਵਿਚਾਰ ਕਰੋ। ਸੋਚੋ ਕਿ ਤੁਹਾਡੇ ਫ਼ੈਸਲੇ ਦਾ ਤੁਹਾਡੀ ਅਤੇ ਦੂਜਿਆਂ ਦੀ ਜ਼ਮੀਰ ʼਤੇ ਕੀ ਅਸਰ ਪਵੇਗਾ।
ਕੁਝ ਲੋਕਾਂ ਦਾ ਕਹਿਣਾ ਹੈ: “ਮੈਂ ਜੋ ਮਰਜ਼ੀ ਕਰਾਂ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਦੂਜੇ ਕੀ ਸੋਚਦੇ।”
ਸਾਨੂੰ ਇਹ ਗੱਲ ਧਿਆਨ ਵਿਚ ਕਿਉਂ ਰੱਖਣੀ ਚਾਹੀਦੀ ਹੈ ਕਿ ਪਰਮੇਸ਼ੁਰ ਕੀ ਸੋਚਦਾ ਹੈ ਅਤੇ ਦੂਸਰੇ ਕੀ ਸੋਚਦੇ ਹਨ?
ਹੁਣ ਤਕ ਅਸੀਂ ਸਿੱਖਿਆ
ਸਹੀ ਫ਼ੈਸਲੇ ਕਰਨ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਕਿਸੇ ਮਾਮਲੇ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ। ਨਾਲੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਫ਼ੈਸਲੇ ਦਾ ਦੂਜਿਆਂ ʼਤੇ ਚੰਗਾ ਅਸਰ ਹੋਵੇਗਾ ਜਾਂ ਮਾੜਾ।
ਤੁਸੀਂ ਕੀ ਕਹੋਗੇ?
ਤੁਸੀਂ ਅਜਿਹੇ ਫ਼ੈਸਲੇ ਕਿਵੇਂ ਕਰ ਸਕਦੇ ਹੋ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੋਵੇ?
ਤੁਸੀਂ ਆਪਣੀ ਜ਼ਮੀਰ ਨੂੰ ਸਹੀ ਫ਼ੈਸਲੇ ਕਰਨ ਲਈ ਕਿਵੇਂ ਢਾਲ ਸਕਦੇ ਹੋ?
ਤੁਸੀਂ ਫ਼ੈਸਲੇ ਕਰਦੇ ਵੇਲੇ ਦੂਸਰਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਕਿਵੇਂ ਰੱਖ ਸਕਦੇ ਹੋ?
ਇਹ ਵੀ ਦੇਖੋ
ਤੁਸੀਂ ਅਜਿਹੇ ਫ਼ੈਸਲੇ ਕਿਵੇਂ ਕਰ ਸਕਦੇ ਹੋ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਤੁਹਾਡੀ ਦੋਸਤੀ ਗੂੜ੍ਹੀ ਹੋਵੇ?
“ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ” (ਪਹਿਰਾਬੁਰਜ, 15 ਅਪ੍ਰੈਲ 2011)
ਆਓ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ ਕਿ ਯਹੋਵਾਹ ਕਿੱਦਾਂ ਸਾਨੂੰ ਸਲਾਹ ਦਿੰਦਾ ਹੈ।
ਆਓ ਦੇਖੀਏ ਕਿ ਕਿਹੜੀਆਂ ਗੱਲਾਂ ਨੇ ਇਕ ਆਦਮੀ ਦੀ ਔਖਾ ਫ਼ੈਸਲਾ ਕਰਨ ਵਿਚ ਮਦਦ ਕੀਤੀ।
ਜਦੋਂ ਕਿਸੇ ਮਾਮਲੇ ਬਾਰੇ ਯਹੋਵਾਹ ਸਾਨੂੰ ਸਿੱਧਾ-ਸਿੱਧਾ ਨਹੀਂ ਦੱਸਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਉਦੋਂ ਵੀ ਅਸੀਂ ਉਸ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਆਓ ਜਾਣੀਏ।
“ਕੀ ਬਾਈਬਲ ਹਰ ਗੱਲ ਲਈ ਸਪੱਸ਼ਟ ਹੁਕਮ ਦਿੰਦੀ ਹੈ?” (ਪਹਿਰਾਬੁਰਜ, 1 ਦਸੰਬਰ 2003)
-