ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr17 ਅਪ੍ਰੈਲ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2017
  • ਸਿਰਲੇਖ
  • 3-9 ਅਪ੍ਰੈਲ
  • 10-16 ਅਪ੍ਰੈਲ
  • 17-23 ਅਪ੍ਰੈਲ
  • 24-30 ਅਪ੍ਰੈਲ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2017
mwbr17 ਅਪ੍ਰੈਲ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

3-9 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 17-21

“ਆਪਣੀ ਸੋਚ ਅਤੇ ਚਾਲ-ਚਲਣ ਨੂੰ ਯਹੋਵਾਹ ਨੂੰ ਢਾਲ਼ਣ ਦਿਓ”

(ਯਿਰਮਿਯਾਹ 18:​1-4) ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਕਿ। 2 ਉੱਠ ਅਤੇ ਘੁਮਿਆਰ ਦੇ ਘਰ ਨੂੰ ਉਤਰ ਜਾਹ। ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ। 3 ਤਾਂ ਮੈਂ ਘੁਮਿਆਰ ਦੇ ਘਰ ਨੂੰ ਉਤਰ ਗਿਆ ਅਤੇ ਵੇਖੋ, ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀ। 4 ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆਂ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।

w99 4/1 22 ਪੈਰਾ 3

ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?

ਤੁਹਾਨੂੰ ਢਾਲ਼ਣ ਲਈ ਯਹੋਵਾਹ ਜੋ ਵੀ ਪ੍ਰਭਾਵ ਪਾਉਂਦਾ ਹੈ ਜੇਕਰ ਤੁਸੀਂ ਉਸ ਤੋਂ ਲਾਭ ਉਠਾਉਣਾ ਹੈ, ਤਾਂ ਤੁਹਾਨੂੰ ਆਗਿਆਕਾਰ ਪ੍ਰਤਿਕ੍ਰਿਆ ਦਿਖਾਉਣ ਲਈ ਹਮੇਸ਼ਾ ਤਿਆਰ ਰਹਿਣ ਦੀ ਜ਼ਰੂਰਤ ਹੈ। ਇਸ ਗੱਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਦਰਸਾਇਆ ਗਿਆ ਸੀ ਜਦੋਂ ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਇਕ ਘੁਮਿਆਰ ਦੀ ਦੁਕਾਨ ਤੇ ਜਾਣ ਲਈ ਕਿਹਾ ਸੀ। ਯਿਰਮਿਯਾਹ ਨੇ ਦੇਖਿਆ ਕਿ ਜਦੋਂ ਘੁਮਿਆਰ ਦੁਆਰਾ ਬਣਾਇਆ ਜਾ ਰਿਹਾ ਭਾਂਡਾ “ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ,” ਤਾਂ ਘੁਮਿਆਰ ਨੇ ਕੋਈ ਹੋਰ ਭਾਂਡਾ ਬਣਾਉਣ ਦਾ ਫ਼ੈਸਲਾ ਕੀਤਾ। ਫਿਰ ਯਹੋਵਾਹ ਨੇ ਕਿਹਾ: “ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਏਸ ਘੁਮਿਆਰ ਵਾਂਙੁ ਤੁਹਾਡੇ ਨਾਲ ਨਹੀਂ ਕਰ ਸੱਕਦਾ? . . . ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ।” (ਯਿਰਮਿਯਾਹ 18:​1-6) ਕੀ ਇਸ ਦਾ ਇਹ ਮਤਲਬ ਸੀ ਕਿ ਇਸਰਾਏਲ ਦੇ ਲੋਕ ਯਹੋਵਾਹ ਦੇ ਹੱਥਾਂ ਵਿਚ ਸਿਰਫ਼ ਬੇਜਾਨ ਮਿੱਟੀ ਦੇ ਢੇਲਿਆਂ ਦੀ ਤਰ੍ਹਾਂ ਸਨ ਜਿਨ੍ਹਾਂ ਨੂੰ ਉਹ ਜਿਵੇਂ ਚਾਹੇ ਆਪਣੀ ਮਨਮਰਜ਼ੀ ਨਾਲ ਉਸੇ ਤਰ੍ਹਾਂ ਦੇ ਭਾਂਡੇ ਵਿਚ ਢਾਲ਼ ਦੇਵੇ?

(ਯਿਰਮਿਯਾਹ 18:​5-10) ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 6 ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਏਸ ਘੁਮਿਆਰ ਵਾਂਙੁ ਤੁਹਾਡੇ ਨਾਲ ਨਹੀਂ ਕਰ ਸੱਕਦਾ? ਯਹੋਵਾਹ ਦਾ ਵਾਕ ਹੈ। ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ। 7 ਜਿਸ ਵੇਲੇ ਮੈਂ ਕਿਸੇ ਕੌਮ ਯਾ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ। 8 ਜੇ ਉਹ ਕੌਮ ਜਿਹ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪੱਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ। 9 ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਯਾ ਕਿਸੇ ਪਾਤਸ਼ਾਹੀ ਵਿਖੇ ਬੋਲਾਂ ਕਿ ਉਹ ਨੂੰ ਬਣਾਵਾਂਗਾ ਅਤੇ ਲਾਵਾਂਗਾ। 10 ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨਾ ਸੁਣੇ ਤਾਂ ਮੈਂ ਵੀ ਉਸ ਭਲਿਆਈ ਤੋਂ ਪੱਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਿਆਈ ਕਰਨ ਲਈ ਆਖਿਆ ਸੀ।

it-2 776 ਪੈਰਾ 4

ਪਛਤਾਵਾ

ਘੁਮਿਆਰ ਸ਼ਾਇਦ ਇਕ ਤਰੀਕੇ ਦਾ ਭਾਂਡਾ ਬਣਾਉਣਾ ਸ਼ੁਰੂ ਕਰੇ, ਪਰ ਜੇ ਉਹ ਭਾਂਡਾ “ਘੁਮਿਆਰ ਦੇ ਹੱਥ ਵਿਚ ਵਿਗੜ” ਜਾਵੇ, ਤਾਂ ਉਹ ਉਸ ਨੂੰ ਹੋਰ ਤਰ੍ਹਾਂ ਦੇ ਭਾਂਡੇ ਵਿਚ ਢਾਲ਼ ਦਿੰਦਾ ਹੈ। (ਯਿਰ 18:​3, 4) ਇਸ ਮਿਸਾਲ ਰਾਹੀਂ ਯਹੋਵਾਹ ਇਹ ਨਹੀਂ ਕਹਿਣਾ ਚਾਹੁੰਦਾ ਸੀ ਕਿ ਉਹ ਇਨਸਾਨੀ ਘੁਮਿਆਰ ਵਾਂਗ ਹੈ ਜਿਸ ਦੇ ‘ਹੱਥ ਵਿਚ ਭਾਂਡਾ ਵਿਗੜ’ ਜਾਂਦਾ ਹੈ। ਪਰ ਇਹ ਕਹਿਣਾ ਚਾਹੁੰਦਾ ਹੈ ਕਿ ਉਸ ਦਾ ਸਾਰੇ ਇਨਸਾਨਾਂ ਉੱਤੇ ਅਧਿਕਾਰ ਹੈ। ਇਸ ਅਧਿਕਾਰ ਕਰਕੇ ਉਹ ਇਨਸਾਨਾਂ ਨਾਲ ਉਸ ਤਰ੍ਹਾਂ ਪੇਸ਼ ਆਉਂਦਾ ਹੈ ਜਿਸ ਤਰ੍ਹਾਂ ਦਾ ਰਵੱਈਆ ਇਨਸਾਨ ਉਸ ਦੀ ਧਾਰਮਿਕਤਾ ਅਤੇ ਦਇਆ ਪ੍ਰਤੀ ਦਿਖਾਉਂਦੇ ਹਨ। (ਯਸਾ 45:9 ਨੁਕਤਾ ਦੇਖੋ; ਰੋਮੀ 9:​19-21.) ਇਸ ਲਈ ਉਹ ਕਿਸੇ ਕੌਮ ਖ਼ਿਲਾਫ਼ ‘ਉਸ ਬਦੀ ਤੋਂ ਪੱਛਤਾਉਂਦਾ ਹੈ ਜਿਹੜੀ ਉਸ ਨੇ ਸੋਚੀ ਸੀ’ ਜਾਂ ‘ਉਸ ਭਲਿਆਈ ਤੋਂ ਪੱਛਤਾਉਂਦਾ ਹੈ ਜਿਹੜੀ ਉਸ ਨੇ ਕਰਨ ਲਈ ਆਖਿਆ ਸੀ।’ ਇਹ ਸਭ ਕੁਝ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਕੋਈ ਕੌਮ ਯਹੋਵਾਹ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਉਂਦੀ ਹੈ। (ਯਿਰ 18:​5-10) ਪਰ ਇਸ ਦਾ ਮਤਲਬ ਇਹ ਨਹੀਂ ਕਿ ਮਹਾਨ ਘੁਮਿਆਰ, ਯਹੋਵਾਹ ਗ਼ਲਤੀ ਕਰਦਾ ਹੈ। ਇਸ ਦੀ ਬਜਾਇ, ਇਨਸਾਨ ਜੋ ਯਹੋਵਾਹ ਦੇ ਹੱਥਾਂ ਵਿਚ “ਮਿੱਟੀ” ਵਾਂਗ ਹੈ, ਜੇ ਆਪਣੇ ਦਿਲ ਦੀ ਹਾਲਤ ਕਰਕੇ ਇਨਸਾਨ ਢਲ਼ਣਯੋਗ ਨਹੀਂ ਰਹਿੰਦਾ ਹੈ, ਤਾਂ ਯਹੋਵਾਹ ਉਸੇ ਅਨੁਸਾਰ ਆਪਣਾ ਵਰਤਾਅ ਬਦਲ ਲੈਂਦਾ ਹੈ।

(ਯਿਰਮਿਯਾਹ 18:11) ਹੁਣ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਵੇਖੋ, ਮੈਂ ਤੁਹਾਡੇ ਵਿਰੁੱਧ ਇੱਕ ਬੁਰਿਆਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ। ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਰ ਆਪਣੇ ਕੰਮਾਂ ਨੂੰ ਠੀਕ ਕਰੋ।

w99 4/1 22 ਪੈਰੇ 4-5

ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?

ਯਹੋਵਾਹ ਕਦੇ ਵੀ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਕੰਮ ਕਰਾਉਣ ਲਈ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਨਹੀਂ ਕਰਦਾ ਹੈ। ਜਦ ਕਿ ਇਕ ਮਨੁੱਖੀ ਘੁਮਿਆਰ ਆਪਣੇ ਬਣਾਏ ਹੋਏ ਨੁਕਸਦਾਰ ਭਾਂਡਿਆਂ ਲਈ ਜ਼ਿੰਮੇਵਾਰ ਹੁੰਦਾ ਹੈ, ਪਰ ਯਹੋਵਾਹ ਇਨਸਾਨਾਂ ਦੇ ਵਿਗੜਨ ਲਈ ਜ਼ਿੰਮੇਵਾਰ ਨਹੀਂ ਹੈ। (ਬਿਵਸਥਾ ਸਾਰ 32:4) ਵਿਗਾੜ ਉਦੋਂ ਪੈਦਾ ਹੁੰਦਾ ਹੈ ਜਦੋਂ ਯਹੋਵਾਹ ਲੋਕਾਂ ਨੂੰ ਸਕਾਰਾਤਮਕ ਰੂਪ ਵਿਚ ਢਾਲ਼ਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਉਸ ਦੇ ਨਿਰਦੇਸ਼ਨ ਦਾ ਵਿਰੋਧ ਕਰਦੇ ਹਨ। ਇਹ ਤੁਹਾਡੇ ਅਤੇ ਇਕ ਬੇਜਾਨ ਮਿੱਟੀ ਦੇ ਢੇਲੇ ਵਿਚਕਾਰ ਸਭ ਤੋਂ ਵੱਡਾ ਫ਼ਰਕ ਹੈ। ਤੁਹਾਡੇ ਕੋਲ ਚੋਣ ਕਰਨ ਦੀ ਆਜ਼ਾਦੀ ਹੈ। ਇਸ ਆਜ਼ਾਦੀ ਦੀ ਵਰਤੋਂ ਕਰਦੇ ਹੋਏ, ਤੁਸੀਂ ਜਾਂ ਤਾਂ ਯਹੋਵਾਹ ਦੁਆਰਾ ਢਾਲ਼ੇ ਜਾਣ ਦੀ ਚੋਣ ਕਰ ਸਕਦੇ ਹੋ ਜਾਂ ਜਾਣ-ਬੁੱਝ ਕੇ ਇਸ ਦਾ ਵਿਰੋਧ ਕਰ ਸਕਦੇ ਹੋ।

ਕਿੰਨਾ ਗੰਭੀਰ ਸਬਕ! ਘਮੰਡ ਨਾਲ ਇਹ ਕਹਿਣ ਦੀ ਬਜਾਇ ਕਿ “ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਕੀ ਕਰਾਂ,” ਯਹੋਵਾਹ ਦੀ ਆਵਾਜ਼ ਨੂੰ ਸੁਣਨਾ ਕਿੰਨਾ ਬਿਹਤਰ ਹੋਵੇਗਾ! ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਮਾਰਗ-ਦਰਸ਼ਨ ਦੀ ਲੋੜ ਹੈ। (ਯੂਹੰਨਾ 17:3) ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਤਰ੍ਹਾਂ ਬਣੋ, ਜਿਸ ਨੇ ਪ੍ਰਾਰਥਨਾ ਕੀਤੀ ਸੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂਰ 25:4) ਯਾਦ ਕਰੋ ਕਿ ਸੁਲੇਮਾਨ ਨੇ ਕੀ ਕਿਹਾ ਸੀ: “ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ।” (ਕਹਾਉਤਾਂ 1:5) ਕੀ ਤੁਸੀਂ ਸੁਣੋਗੇ? ਜੇ ਤੁਸੀਂ ਸੁਣੋਗੇ, ਤਾਂ ਫਿਰ ‘ਮੱਤ ਤੁਹਾਡੀ ਪਾਲਨਾ ਕਰੇਗੀ, ਅਤੇ ਸਮਝ ਤੁਹਾਡੀ ਰਾਖੀ ਕਰੇਗੀ।’​—⁠ਕਹਾਉਤਾਂ 2:⁠11.

ਹੀਰੇ-ਮੋਤੀਆਂ ਦੀ ਖੋਜ ਕਰੋ

(ਯਿਰਮਿਯਾਹ 17:⁠9) ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?

w01 10/15 25 ਪੈਰਾ 13

ਆਪਣੇ ਦਿਲ ਦੀ ਰਾਖੀ ਕਰੋ

13 ਯਿਰਮਿਯਾਹ ਨੇ ਚੇਤਾਵਨੀ ਦਿੱਤੀ ਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਦਿਲ ਦੀ ਧੋਖੇਬਾਜ਼ੀ ਸ਼ਾਇਦ ਉਦੋਂ ਪ੍ਰਗਟ ਹੋਵੇ ਜਦੋਂ ਅਸੀਂ ਆਪਣੀਆਂ ਗ਼ਲਤੀਆਂ ਲਈ ਸਫ਼ਾਈ ਪੇਸ਼ ਕਰਨ ਲੱਗੀਏ, ਆਪਣੀਆਂ ਕਮਜ਼ੋਰੀਆਂ ਅਤੇ ਆਪਣੇ ਸੁਭਾਅ ਵਿਚ ਭੈੜੇ ਰਵੱਈਏ ਨੂੰ ਠੀਕ ਸਮਝਣ ਲੱਗੀਏ, ਜਾਂ ਆਪਣੀਆਂ ਯੋਗਤਾਵਾਂ ਨੂੰ ਵਧਾ-ਚੜ੍ਹਾ ਕੇ ਦੱਸਣ ਲੱਗੀਏ। ਇਕ ਖ਼ਰਾਬ ਦਿਲ ਦੂਸਰਿਆਂ ਨੂੰ ਧੋਖਾ ਵੀ ਦੇ ਸਕਦਾ ਹੈ, ਯਾਨੀ ਉਹ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੋਰ ਹੈ। (ਜ਼ਬੂਰ 12:2; ਕਹਾਉਤਾਂ 23:7) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਈਮਾਨਦਾਰੀ ਨਾਲ ਆਪਣੇ ਦਿਲ ਦੀ ਜਾਂਚ ਕਰੀਏ ਕਿ ਉਸ ਵਿੱਚੋਂ ਕੀ ਨਿਕਲਦਾ ਹੈ!

(ਯਿਰਮਿਯਾਹ 20:⁠7) ਹੇ ਯਹੋਵਾਹ, ਤੈਂ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈਂ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈਂ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਠੱਠਾ ਉਡਾਉਂਦੇ ਹਨ।

w07 3/15 9 ਪੈਰਾ 6

ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

20:7​—⁠ਯਹੋਵਾਹ ਨੇ ਆਪਣੀ ਤਾਕਤ ਵਰਤ ਕੇ ਯਿਰਮਿਯਾਹ ਨੂੰ ਕਿਵੇਂ ਭਰਮਾਇਆ ਸੀ? ਜਦੋਂ ਲੋਕਾਂ ਨੇ ਯਿਰਮਿਯਾਹ ਨੂੰ ਠੁਕਰਾਇਆ ਤੇ ਉਸ ਉੱਤੇ ਜ਼ੁਲਮ ਢਾਹੇ, ਤਾਂ ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਉਸ ਵਿਚ ਯਹੋਵਾਹ ਦੇ ਐਲਾਨ ਸੁਣਾਉਂਦੇ ਰਹਿਣ ਦੀ ਹੋਰ ਤਾਕਤ ਨਹੀਂ ਸੀ। ਪਰ ਯਹੋਵਾਹ ਨੇ ਯਿਰਮਿਯਾਹ ਨੂੰ ਲੋਕਾਂ ਦਾ ਸਾਮ੍ਹਣਾ ਕਰਨ ਲਈ ਤਕੜਾ ਕੀਤਾ। ਉਸ ਨੇ ਯਿਰਮਿਯਾਹ ਤੋਂ ਉਹ ਕੰਮ ਕਰਾਇਆ ਜੋ ਉਹ ਸੋਚਦਾ ਸੀ ਨਹੀਂ ਕਰ ਪਾਏਗਾ। ਇਸ ਭਾਵ ਵਿਚ ਯਹੋਵਾਹ ਨੇ ਯਿਰਮਿਯਾਹ ਨੂੰ ਭਰਮਾਇਆ।

ਬਾਈਬਲ ਪੜ੍ਹਾਈ

(ਯਿਰਮਿਯਾਹ 21:​3-14) ਤਾਂ ਯਿਰਮਿਯਾਹ ਨੇ ਓਹਨਾਂ ਨੂੰ ਆਖਿਆ, ਤੁਸੀਂ ਸਿਦਕੀਯਾਹ ਨੂੰ ਇਉਂ ਆਖੋ। 4 ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ​—⁠ ਵੇਖੋ, ਮੈਂ ਲੜਾਈ ਦੇ ਸ਼ਸਤਰਾਂ ਨੂੰ ਮੋੜ ਦਿਆਂਗਾ ਜਿਹੜੇ ਤੁਹਾਡੇ ਹੱਥਾਂ ਵਿੱਚ ਹਨ ਜਿਨ੍ਹਾਂ ਨਾਲ ਤੁਸੀਂ ਬਾਬਲ ਦੇ ਪਾਤਸ਼ਾਹ ਅਤੇ ਕਸਦੀਆਂ ਨਾਲ ਲੜਦੇ ਹੋ ਜਿਨ੍ਹਾਂ ਨੇ ਤੁਹਾਨੂੰ ਕੰਧਾਂ ਦੇ ਬਾਹਰ ਘੇਰਿਆ ਹੋਇਆ ਹੈ ਅਤੇ ਮੈਂ ਓਹਨਾਂ ਨੂੰ ਏਸ ਸ਼ਹਿਰ ਦੇ ਵਿੱਚਕਾਰ ਇਕੱਠਾ ਕਰਾਂਗਾ। 5 ਮੈਂ ਆਪ ਆਪਣੇ ਵਧਾਏ ਹੋਏ ਹੱਥ ਅਤੇ ਤਕੜੀ ਬਾਂਹ ਨਾਲ ਤੁਹਾਡੇ ਵਿਰੁੱਧ ਲੜਾਂਗਾ, ​—⁠ ਹਾਂ, ਕ੍ਰੋਧ ਅਤੇ ਗੁੱਸੇ ਅਤੇ ਵੱਡੇ ਕੋਪ ਨਾਲ। 6 ਮੈਂ ਏਸ ਸ਼ਹਿਰ ਦੇ ਵਾਸੀਆਂ ਨੂੰ, ਆਦਮੀਆਂ ਅਤੇ ਪਸੂਆਂ ਨੂੰ ਮਾਰਾਂਗਾ। ਓਹ ਵੱਡੀ ਬਵਾ ਨਾਲ ਮਰ ਜਾਣਗੇ। 7 ਏਸ ਤੋਂ ਪਿੱਛੋਂ, ਯਹੋਵਾਹ ਦਾ ਵਾਕ ਹੈ, ਮੈਂ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੂੰ ਅਤੇ ਉਸ ਦੇ ਟਹਿਲੂਆਂ ਨੂੰ ਅਤੇ ਲੋਕਾਂ ਨੂੰ, ਹਾਂ, ਜਿਹੜੇ ਏਸ ਸ਼ਹਿਰ ਵਿੱਚ ਬਵਾ, ਤਲਵਾਰ ਅਤੇ ਕਾਲ ਤੋਂ ਬਚ ਰਹਿਣਗੇ, ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਹੱਥ ਵਿੱਚ ਅਤੇ ਓਹਨਾਂ ਦੇ ਵੈਰੀਆਂ ਦੇ ਹੱਥਾਂ ਵਿੱਚ ਅਤੇ ਓਹਨਾਂ ਦੀ ਜਾਨ ਦੀ ਤਾਂਘ ਕਰਨ ਵਾਲਿਆਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਓਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰੇਗਾ। ਉਹ ਓਹਨਾਂ ਉੱਤੇ ਨਾ ਤਰਸ ਖਾਏਗਾ, ਨਾ ਓਹਨਾਂ ਨੂੰ ਛੱਡੇਗਾ, ਨਾ ਰਹਮ ਕਰੇਗਾ। 8 ਤਾਂ ਤੂੰ ਏਸ ਪਰਜਾ ਨੂੰ ਆਖੇਂਗਾ, ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ। 9  ਜਿਹੜਾ ਏਸ ਸ਼ਹਿਰ ਵਿੱਚ ਰਹੇਗਾ, ਉਹ ਤਲਵਾਰ ਅਤੇ ਕਾਲ ਅਤੇ ਬਵਾ ਨਾਲ ਮਰੇਗਾ, ਅਤੇ ਜਿਹੜਾ ਏਹ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਨ੍ਹਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ। 10 ਕਿਉਂ ਜੋ ਮੈਂ ਆਪਣਾ ਮੂੰਹ ਏਸ ਸ਼ਹਿਰ ਦੇ ਵਿਰੁੱਧ ਕੀਤਾ ਹੈ ਕਿ ਮੈਂ ਏਸ ਨਾਲ ਬੁਰਿਆਈ, ਨਾ ਭਲਿਆਈ ਕਰਾਂ, ਯਹੋਵਾਹ ਦਾ ਵਾਕ ਹੈ। ਏਹ ਬਾਬਲ ਦੇ ਪਾਤਸ਼ਾਹ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਏਸ ਨੂੰ ਅੱਗ ਨਾਲ ਸਾੜ ਸੁੱਟੇਗਾ। 11 ਯਹੂਦਾਹ ਦੇ ਪਾਤਸ਼ਾਹ ਦੇ ਘਰਾਣੇ ਦੇ ਵਿਖੇ, ਯਹੋਵਾਹ ਦਾ ਬਚਨ ਸੁਣੋ, 12 ਹੇ ਦਾਊਦ ਦੇ ਘਰਾਣੇ, ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਸਵੇਰ ਦੇ ਵੇਲੇ ਨਿਆਉਂ ਨੂੰ ਪੂਰਾ ਕਰੋ, ਦੁਖ ਦੇਣ ਵਾਲਿਆਂ ਦੇ ਹੱਥੋਂ ਉਹ ਨੂੰ ਜਿਹੜਾ ਲੁੱਟਿਆ ਗਿਆ ਹੈ ਛੁਡਾਓ, ਮਤੇ ਮੇਰਾ ਗੁੱਸਾ ਅੱਗ ਵਾਂਙੁ ਬਾਹਰ ਨਿੱਕਲੇ, ਅਤੇ ਤੁਹਾਡਿਆਂ ਬੁਰਿਆਂ ਕੰਮਾਂ ਦੇ ਕਾਰਨ ਉਹ ਅਜੇਹਾ ਬਲੇ ਕਿ ਕੋਈ ਉਹ ਨੂੰ ਬੁਝਾ ਨਾ ਸੱਕੇ। 13 ਵੇਖ, ਹੇ ਦੂਣ ਦੀਏ ਵਾਸਣੇ, ਮੈਂ ਤੇਰੇ ਵਿਰੁੱਧ ਹਾਂ, ਹੇ ਮਦਾਨ ਦੀਏ ਚਟਾਨੇ! ਯਹੋਵਾਹ ਦਾ ਵਾਕ ਹੈ, ਤੁਸੀਂ ਜੋ ਆਖਦੇ ਹੋ ਕਿ ਕੌਣ ਸਾਡੇ ਵਿਰੁੱਧ ਚੜ੍ਹਾਈ ਕਰੇਗਾ? ਅਤੇ ਕੌਣ ਸਾਡੇ ਵਾਸਾਂ ਵਿੱਚ ਆ ਵੜੇਗਾ? 14 ਮੈਂ ਤੁਹਾਡੀਆਂ ਕਰਤੂਤਾਂ ਦੇ ਫਲਾਂ ਅਨੁਸਾਰ ਤੁਹਾਡੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਜੰਗਲ ਵਿੱਚ ਅੱਗ ਲਾਵਾਂਗਾ, ਜਿਹੜੀ ਆਲੇ ਦੁਆਲੇ ਦਾ ਸਭ ਕੁਝ ਭੱਖ ਲਵੇਗੀ।

10-16 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 22-24

“ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?”

(ਯਿਰਮਿਯਾਹ 24:​1-3) ਏਹ ਦੇ ਪਿੱਛੋਂ ਕਿ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹੋਈਆਂ ਹਨ। 2 ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਓਹ ਇੰਨੀਆਂ ਬੁਰੀਆਂ ਸਨ। 3 ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਵੇਖਦਾ ਹੈਂ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ, ਬਹੁਤ ਖਰਾਬ, ਓਹ ਖਾਧੀਆਂ ਨਹੀਂ ਜਾਂਦੀਆਂ, ਓਹ ਇੰਨੀਆਂ ਬੁਰੀਆਂ ਹਨ।

w13 3/15 8 ਪੈਰਾ 2

ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?

2 ਯਹੋਵਾਹ ਨੇ ਇਕ ਵਾਰ ਲੋਕਾਂ ਦੀ ਤੁਲਨਾ ਅੰਜੀਰਾਂ ਨਾਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਸੀ। ਉਸ ਨੇ ਯਿਰਮਿਯਾਹ ਨਬੀ ਰਾਹੀਂ ਜੋ ਕਿਹਾ ਸੀ, ਉਸ ਤੋਂ ਸਾਨੂੰ ਤੇ ਸਾਡੇ ਅਜ਼ੀਜ਼ਾਂ ਨੂੰ ਫ਼ਾਇਦਾ ਹੁੰਦਾ ਹੈ। ਇਸ ਉੱਤੇ ਸੋਚ-ਵਿਚਾਰ ਕਰ ਕੇ ਦੇਖੋ ਕਿ ਅਸੀਂ ਕੀ ਸਿੱਖ ਸਕਦੇ ਹਾਂ।

(ਯਿਰਮਿਯਾਹ 24:​4-7) ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 5 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਏਹਨਾਂ ਚੰਗੀਆਂ ਹਜੀਰਾਂ ਵਾਂਙੁ ਯਹੂਦਾਹ ਦੇ ਅਸੀਰਾਂ ਨਾਲ ਜਿਨ੍ਹਾਂ ਨੂੰ ਮੈਂ ਏਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਘੱਲਿਆ ਹੈ ਭਲਿਆਈ ਕਰਾਂਗਾ। 6 ਮੈਂ ਓਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ। ਮੈਂ ਓਹਨਾਂ ਨੂੰ ਏਸ ਦੇਸ ਵਿੱਚ ਫੇਰ ਲਿਆਵਾਂਗਾ। ਮੈਂ ਓਹਨਾਂ ਨੂੰ ਬਣਾਵਾਂਗਾ ਅਰ ਨਹੀਂ ਢਾਹਵਾਂਗਾ, ਮੈਂ ਓਹਨਾਂ ਨੂੰ ਲਾਵਾਂਗਾ ਅਰ ਪੁੱਟਾਂਗਾ ਨਹੀਂ। 7 ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਓਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।

w13 3/15 8 ਪੈਰਾ 4

ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?

4 ਜਿਹੜੇ ਲੋਕ ਚੰਗੀਆਂ ਅੰਜੀਰਾਂ ਵਰਗੇ ਸਨ, ਉਨ੍ਹਾਂ ਬਾਰੇ ਯਹੋਵਾਹ ਨੇ ਕਿਹਾ: “ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ।” (ਯਿਰ. 24:7) ਇਹ ਆਇਤ ਇਸ ਲੇਖ ਦਾ ਮੁੱਖ ਵਿਸ਼ਾ ਹੈ। ਇਸ ਨੂੰ ਪੜ੍ਹ ਕੇ ਸਾਨੂੰ ਬਹੁਤ ਹੌਸਲਾ ਮਿਲੇਗਾ ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਸਾਡੇ ਕੋਲ ਵੀ ਅਜਿਹਾ ਦਿਲ ਹੋਵੇ। ਇਸ ਦਾ ਮਤਲਬ ਹੈ ਕਿ ਸਾਡੇ ਦਿਲ ਵਿਚ ਉਸ ਬਾਰੇ ਚੰਗੀ ਤਰ੍ਹਾਂ ਜਾਣਨ ਦੀ ਅਤੇ ਉਸ ਦੇ ਸੰਗਠਨ ਦਾ ਹਿੱਸਾ ਬਣਨ ਦੀ ਇੱਛਾ ਹੋਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਚਨ ਦੀ ਸਟੱਡੀ ਕਰੀਏ ਅਤੇ ਉਸ ਮੁਤਾਬਕ ਚੱਲੀਏ, ਆਪਣੇ ਪਾਪਾਂ ਦੀ ਤੋਬਾ ਕਰ ਕੇ ਬੁਰੇ ਰਾਹਾਂ ਤੋਂ ਮੁੜੀਏ ਅਤੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲਈਏ। (ਮੱਤੀ 28:​19, 20; ਰਸੂ. 3:19) ਸ਼ਾਇਦ ਤੁਸੀਂ ਪਹਿਲਾਂ ਹੀ ਇਹ ਸਭ ਕੁਝ ਕੀਤਾ ਹੋਵੇ ਜਾਂ ਤੁਸੀਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਲਗਾਤਾਰ ਆਉਂਦੇ ਹੋਵੋ ਅਤੇ ਹੌਲੀ-ਹੌਲੀ ਇਹ ਸਭ ਕੁਝ ਕਰ ਰਹੇ ਹੋਵੋ।

(ਯਿਰਮਿਯਾਹ 24:​8-10) ਯਹੋਵਾਹ ਐਉਂ ਆਖਦਾ ਹੈ, ਖਰਾਬ ਹਜੀਰਾਂ ਵਾਂਙੁ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਏਸੇ ਤਰਾਂ ਮੈਂ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਅਤੇ ਉਸ ਦੇ ਸਰਦਾਰਾਂ ਨਾਲ ਅਰ ਯਰੂਸ਼ਲਮ ਦੇ ਬੱਕੀਏ ਨਾਲ ਅਤੇ ਓਹਨਾਂ ਨਾਲ ਜਿਹੜੇ ਏਸ ਦੇਸ ਵਿੱਚ ਬਚੇ ਹੋਏ ਹਨ ਅਤੇ ਓਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ। 9 ਮੈਂ ਓਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਓਹ ਓਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਓਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ, ਮੇਹਣਾ ਅਤੇ ਸਰਾਪ ਹੋਣਗੇ। 10 ਮੈਂ ਓਹਨਾਂ ਵਿੱਚ ਤਲਵਾਹ, ਕਾਲ ਅਰ ਬਵਾ ਨੂੰ ਘੱਲਾਂਗਾ ਏੱਥੋਂ ਤੀਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਓਹਨਾਂ ਨੂੰ ਅਤੇ ਓਹਨਾਂ ਦੇ ਪਿਉ ਦਾਦਿਆਂ ਨੂੰ ਦਿੱਤੀ ਸੀ ਓਹ ਮੁੱਕ ਜਾਣ।

w13 3/15 8 ਪੈਰਾ 3

ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?

3 ਆਓ ਪਹਿਲਾਂ ਗੌਰ ਕਰੀਏ ਕਿ ਪਰਮੇਸ਼ੁਰ ਨੇ ਯਿਰਮਿਯਾਹ ਦੇ ਦਿਨਾਂ ਵਿਚ ਅੰਜੀਰਾਂ ਦੀ ਤੁਲਨਾ ਕਿਨ੍ਹਾਂ ਲੋਕਾਂ ਨਾਲ ਕੀਤੀ ਸੀ। 617 ਈਸਵੀ ਪੂਰਵ ਵਿਚ ਯਹੂਦਾਹ ਦੇ ਲੋਕ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਚੱਲ ਰਹੇ ਸਨ। ਯਹੋਵਾਹ ਨੇ ਯਿਰਮਿਯਾਹ ਨੂੰ ਇਕ ਦਰਸ਼ਣ ਵਿਚ ਦਿਖਾਇਆ ਕਿ ਯਹੂਦਾਹ ਦੇ ਲੋਕਾਂ ਨਾਲ ਕੀ ਹੋਵੇਗਾ। ਉਸ ਨੇ ਦਰਸ਼ਣ ਵਿਚ “ਬਹੁਤ ਚੰਗੀਆਂ ਹਜੀਰਾਂ” ਅਤੇ “ਬਹੁਤ ਖਰਾਬ ਹਜੀਰਾਂ” ਦੀ ਮਿਸਾਲ ਵਰਤੀ ਸੀ। (ਯਿਰਮਿਯਾਹ 24:​1-3 ਪੜ੍ਹੋ।) ਬੁਰੀਆਂ ਅੰਜੀਰਾਂ ਰਾਜਾ ਸਿਦਕੀਯਾਹ ਅਤੇ ਉਸ ਵਰਗੇ ਲੋਕ ਸਨ ਜਿਨ੍ਹਾਂ ਉੱਤੇ ਰਾਜਾ ਨਬੂਕਦਨੱਸਰ ਅਤੇ ਉਸ ਦੀ ਫ਼ੌਜ ਨੇ ਹਮਲਾ ਕੀਤਾ ਸੀ। ਪਰ ਬਾਬਲ ਵਿਚ ਹਿਜ਼ਕੀਏਲ, ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਬਾਰੇ ਕੀ ਅਤੇ ਉਨ੍ਹਾਂ ਕੁਝ ਯਹੂਦੀਆਂ ਬਾਰੇ ਕੀ ਜਿਨ੍ਹਾਂ ਨੂੰ ਛੇਤੀ ਹੀ ਬਾਬਲ ਲਿਜਾਇਆ ਜਾਣਾ ਸੀ? ਉਹ ਚੰਗੀਆਂ ਅੰਜੀਰਾਂ ਵਰਗੇ ਸਨ। ਉਨ੍ਹਾਂ ਵਿੱਚੋਂ ਕੁਝ ਯਹੂਦੀਆਂ ਨੇ ਵਾਪਸ ਆ ਕੇ ਯਰੂਸ਼ਲਮ ਅਤੇ ਇਸ ਦੇ ਮੰਦਰ ਨੂੰ ਦੁਬਾਰਾ ਬਣਾਉਣਾ ਸੀ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਵੀ।​—⁠ਯਿਰ. 24:​8-10; 25:​11, 12; 29:⁠10.

ਹੀਰੇ-ਮੋਤੀਆਂ ਦੀ ਖੋਜ ਕਰੋ

(ਯਿਰਮਿਯਾਹ 22:30) ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਏਸ ਮਨੁੱਖ ਨੂੰ ਔਂਤਰਾ ਲਿੱਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫਲ ਨਾ ਹੋਵੇਗਾ, ਨਾ ਹੀ ਉਹ ਦੀ ਨਸਲ ਵਿੱਚੋਂ ਕੋਈ ਸਫਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫੇਰ ਰਾਜ ਕਰੇ।

w07 3/15 10 ਪੈਰਾ 9

ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

22:30​—⁠ਇਸ ਹੁਕਮ ਨਾਲ ਯਿਸੂ ਮਸੀਹ ਦਾ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਦਾ ਹੱਕ ਰੱਦ ਕਿਉਂ ਨਹੀਂ ਸੀ ਹੋਇਆ? (ਮੱਤੀ 1:​1, 11) ਨਹੀਂ। ਇਸ ਹੁਕਮ ਅਨੁਸਾਰ ਯਹੋਯਾਕੀਨ ਦੀ ਸੰਤਾਨ ਨੂੰ ‘ਯਹੂਦਾਹ ਵਿਚ ਦਾਊਦ ਦੇ ਸਿੰਘਾਸਣ ਉੱਤੇ ਬੈਠਣ’ ਤੋਂ ਰੋਕਿਆ ਗਿਆ ਸੀ। ਯਿਸੂ ਨੇ ਧਰਤੀ ਉੱਤੇ ਯਹੂਦਾਹ ਤੋਂ ਨਹੀਂ, ਸਗੋਂ ਸਵਰਗੋਂ ਰਾਜ ਕਰਨਾ ਸੀ।

(ਯਿਰਮਿਯਾਹ 23:33) ਜਦ ਤੈਨੂੰ ਏਹ ਪਰਜਾ ਯਾ ਨਬੀ ਯਾ ਜਾਜਕ ਪੁੱਛਣ ਕਿ ਯਹੋਵਾਹ ਦਾ ਭਾਰ ਕੀ ਹੈ? ਤਦ ਤੂੰ ਓਹਨਾਂ ਨੂੰ ਆਖੀਂ, ਤੁਸੀਂ ਉਹ ਭਾਰ ਹੋ! ਮੈਂ ਤੁਹਾਨੂੰ ਸੁੱਟ ਦਿਆਂਗਾ! ਯਹੋਵਾਹ ਦਾ ਵਾਕ ਹੈ।

w07 3/15 11 ਪੈਰਾ 1

ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

23:33​—⁠“ਯਹੋਵਾਹ ਦਾ ਭਾਰ” ਕੀ ਹੈ? ਯਿਰਮਿਯਾਹ ਨੇ ਇਸਰਾਏਲੀਆਂ ਨੂੰ ਯਰੂਸ਼ਲਮ ਦੀ ਤਬਾਹੀ ਬਾਰੇ ਸਖ਼ਤ ਫ਼ੈਸਲੇ ਸੁਣਾਏ ਤੇ ਇਹ ਉਨ੍ਹਾਂ ਨੂੰ ਭਾਰ ਯਾਨੀ ਬੋਝ ਲੱਗੇ। ਪਰ ਦੂਜੇ ਪਾਸੇ ਇਹ ਜ਼ਿੱਦੀ ਲੋਕ ਯਹੋਵਾਹ ਲਈ ਇੰਨਾ ਵੱਡਾ ਬੋਝ ਸਨ ਕਿ ਉਹ ਉਨ੍ਹਾਂ ਨੂੰ ਤਿਆਗਣਾ ਚਾਹੁੰਦਾ ਸੀ। ਇਸੇ ਤਰ੍ਹਾਂ ਬਾਈਬਲ ਵਿਚ ਈਸਾਈ-ਜਗਤ ਦੀ ਤਬਾਹੀ ਦਾ ਸੰਦੇਸ਼ ਦਿੱਤਾ ਗਿਆ ਹੈ ਜੋ ਈਸਾਈ-ਜਗਤ ਨੂੰ ਭਾਰ ਲੱਗਦਾ ਹੈ। ਪਰਮੇਸ਼ੁਰ ਵੀ ਉਨ੍ਹਾਂ ਲੋਕਾਂ ਨੂੰ ਭਾਰ ਸਮਝਦਾ ਹੈ ਜੋ ਉਸ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੰਦੇ।

ਬਾਈਬਲ ਪੜ੍ਹਾਈ

(ਯਿਰਮਿਯਾਹ 23:​25-36) ਜੋ ਕੁਝ ਨਬੀਆਂ ਨੇ ਆਖਿਆ ਹੈ, ਓਹ ਮੈਂ ਸੁਣਿਆ ਹੈ। ਓਹ ਮੇਰੇ ਨਾਮ ਉੱਤੇ ਏਹ ਆਖ ਕੇ ਝੂਠੇ ਅਗੰਮ ਵਾਕ ਬੋਲਦੇ ਹਨ ਕਿ ਮੈਂ ਸੁਫਨਾ ਵੇਖਿਆ ਹੈ, ਮੈਂ ਸੁਫਨਾ ਵੇਖਿਆ ਹੈ! 26 ਕਦ ਤੀਕ ਏਹ ਝੂਠੇ ਅਗੰਮ ਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਓਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮ ਵਾਕ ਬੋਲਣ? 27 ਜਿਹੜੇ ਸੋਚਦੇ ਹਨ ਭਈ ਓਹ ਮੇਰੀ ਪਰਜਾ ਨੂੰ ਮੇਰਾ ਨਾਮ ਆਪਣੇ ਸੁਫਨਿਆਂ ਨਾਲ ਭੁਲਾ ਦੇਣ, ਜਿਨ੍ਹਾਂ ਨੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਦੱਸਦਾ ਹੈ ਜਿਵੇਂ ਓਹਨਾਂ ਦੇ ਪਿਉ ਦਾਦੇ ਮੇਰਾ ਨਾਮ ਬਆਲ ਦੇ ਕਾਰਨ ਭੁੱਲ ਗਏ ਸਨ। 28 ਉਹ ਨਬੀ ਜਿਹ ਦੇ ਕੋਲ ਸੁਫਨਾ ਹੈ ਉਹ ਸੁਫਨਾ ਦੱਸੇ, ਅਤੇ ਜਿਹ ਦੇ ਕੋਲ ਮੇਰਾ ਬਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਬਚਨ ਬੋਲੇ। ਤੂੜੀ ਦਾ ਕਣਕ ਨਾਲ ਕੀ ਮੇਲ? ਯਹੋਵਾਹ ਦਾ ਵਾਕ ਹੈ। 29 ਕੀ ਮੇਰਾ ਬਚਨ ਅੱਗ ਵਾਂਙੁ ਨਹੀਂ? ਯਹੋਵਾਹ ਦਾ ਵਾਕ ਹੈ, ਅਤੇ ਵਦਾਣ ਵਾਂਙੁ ਜਿਹੜਾ ਚਟਾਨ ਨੂੰ ਚੂਰ ਚੂਰ ਕਰ ਸੁੱਟਦਾ ਹੈ? 30 ਏਸ ਲਈ ਵੇਖੋ, ਮੈਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਮੇਰੇ ਬਚਨ ਇੱਕ ਦੂਜੇ ਤੋਂ ਚੁਰਾ ਲੈਂਦੇ ਹਨ। 31 ਵੇਖੋ, ਮੈਂ ਓਹਨਾਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, “ਯਹੋਵਾਹ ਦਾ ਵਾਕ”। 32 ਵੇਖੋ, ਮੈਂ ਝੂਠੇ ਸੁਫਨਿਆਂ ਦੇ ਅਗੰਮ ਵਾਚਣ ਵਾਲਿਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਓਹਨਾਂ ਨੂੰ ਦੱਸਦੇ ਅਤੇ ਮੇਰੀ ਪਰਜਾ ਨੂੰ ਆਪਣਿਆਂ ਝੂਠਾਂ ਅਤੇ ਫੋਕੀ ਘੁਮੰਡ ਨਾਲ ਕੁਰਾਹੇ ਪਾਉਂਦੇ ਹਨ। ਪਰ ਨਾ ਮੈਂ ਓਹਨਾਂ ਨੂੰ ਘੱਲਿਆ, ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਹੀ ਓਹ ਏਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ, ਯਹੋਵਾਹ ਦਾ ਵਾਕ ਹੈ। 33 ਜਦ ਤੈਨੂੰ ਏਹ ਪਰਜਾ ਯਾ ਨਬੀ ਯਾ ਜਾਜਕ ਪੁੱਛਣ ਕਿ ਯਹੋਵਾਹ ਦਾ ਭਾਰ ਕੀ ਹੈ? ਤਦ ਤੂੰ ਓਹਨਾਂ ਨੂੰ ਆਖੀਂ, ਤੁਸੀਂ ਉਹ ਭਾਰ ਹੋ! ਮੈਂ ਤੁਹਾਨੂੰ ਸੁੱਟ ਦਿਆਂਗਾ! ਯਹੋਵਾਹ ਦਾ ਵਾਕ ਹੈ। 34 ਓਹ ਨਬੀ ਅਤੇ ਜਾਜਕ ਅਤੇ ਪਰਜਾ ਜਿਹੜੇ ਆਖਣ, “ਯਹੋਵਾਹ ਦਾ ਭਾਰ”, ਮੈਂ ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ। 35 ਤੁਸੀਂ ਹਰੇਕ ਆਪਣੀ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ਯਹੋਵਾਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਹੋਵਾਹ ਕੀ ਬੋਲਿਆ ਹੈ? 36 ਯਹੋਵਾਹ ਦੇ ਭਾਰ ਦਾ ਤੁਸੀਂ ਫੇਰ ਚੇਤਾ ਨਾ ਕਰੋਗੇ ਕਿਉਂ ਜੋ ਯਹੋਵਾਹ ਦਾ ਭਾਰ ਹਰ ਮਨੁੱਖ ਦੀ ਆਪਣੀ ਗੱਲ ਹੈ। ਤੁਸਾਂ ਜੀਉਂਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਚਨ ਵਿਗਾੜ ਦਿੱਤਾ ਹੈ।

17-23 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 25-28

“ਯਿਰਮਿਯਾਹ ਵਾਂਗ ਦਲੇਰ ਬਣੋ”

(ਯਿਰਮਿਯਾਹ 26:​2-6) ਯਹੋਵਾਹ ਐਉਂ ਆਖਦਾ ਹੈ, ​—⁠ ਤੂੰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਯਹੋਵਾਹ ਦੇ ਭਵਨ ਵਿੱਚ ਮੱਥਾ ਟੇਕਣ ਆਉਂਦੇ ਹਨ ਓਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਬੋਲਣ ਦਾ ਹੁਕਮ ਦਿਆਂ ਬੋਲ ਅਤੇ ਇੱਕ ਗੱਲ ਵੀ ਨਾ ਘਟਾਈਂ। 3 ਖਬਰੇ ਓਹ ਸੁਣਨ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਮੈਂ ਉਸ ਬੁਰਿਆਈ ਉੱਤੇ ਰੰਜ ਕਰਾਂ ਜਿਹੜੀ ਮੈਂ ਓਹਨਾਂ ਦੇ ਬੁਰੇ ਕਰਤੱਬਾਂ ਦੇ ਕਾਰਨ ਓਹਨਾਂ ਨਾਲ ਕਰਨ ਲਈ ਸੋਚੀ ਹੈ। 4 ਤੂੰ ਓਹਨਾਂ ਨੂੰ ਆਖ, ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਜੇ ਤੁਸੀਂ ਮੇਰੀ ਨਾ ਸੁਣੋਗੇ ਕਿ ਮੇਰੀ ਬਿਵਸਥਾ ਉੱਤੇ ਚੱਲੋ ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ। 5 ਅਤੇ ਮੇਰੇ ਦਾਸਾਂ, ਮੇਰੇ ਨਬੀਆਂ ਦੀਆਂ ਗੱਲਾਂ ਸੁਣੋ ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਘੱਲਿਆ, ਹਾਂ, ਸਗੋਂ ਜਤਨ ਨਾਲ ਘੱਲਿਆ, ਪਰ ਤੁਸਾਂ ਨਾ ਸੁਣਿਆ। 6 ਤਦ ਮੈਂ ਏਸ ਭਵਨ ਨੂੰ ਸ਼ੀਲੋਹ ਵਾਂਙੁ ਕਰ ਦਿਆਂਗਾ ਅਤੇ ਏਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ।

w10 4/1 18 ਪੈਰਾ 6

ਯਿਰਮਿਯਾਹ ਨੇ ਹਾਰ ਨਹੀਂ ਮੰਨੀ

ਯਹੋਵਾਹ ਨੇ ਯਿਰਮਿਯਾਹ ਨੂੰ ਲੋਕਾਂ ਨੂੰ ਇਹ ਚੇਤਾਵਨੀ ਦੇਣ ਲਈ ਕਿਹਾ ਕਿ ਜੇ ਉਹ ਆਪਣੇ ਬੁਰੇ ਰਾਹਾਂ ਤੋਂ ਨਾ ਮੁੜਨ, ਤਾਂ ਯਰੂਸ਼ਲਮ ਨੂੰ ਤਬਾਹ ਕੀਤਾ ਜਾਵੇਗਾ। ਜਦ ਯਿਰਮਿਯਾਹ ਨੇ ਇਹ ਚੇਤਾਵਨੀ ਦਿੱਤੀ, ਤਾਂ ਲੋਕ ਗੁੱਸੇ ਹੋ ਕੇ ਕਹਿਣ ਲੱਗੇ: “ਏਹ ਮਨੁੱਖ ਮੌਤ ਦੇ ਜੋਗ ਹੈ।” ਪਰ ਯਿਰਮਿਯਾਹ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ।” ਉਸ ਨੇ ਅੱਗੇ ਕਿਹਾ: ‘ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਆਦਮੀ ਨੂੰ ਜਾਨੋਂ ਮਾਰ ਰਹੇ ਹੋਵੋਗੇ ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਗੱਲਾਂ ਕਰਨ ਲਈ ਤੁਹਾਡੇ ਕੋਲ ਘੱਲਿਆ ਹੈ।’ ਕੀ ਤੁਹਾਨੂੰ ਪਤਾ ਕਿ ਅੱਗੇ ਕੀ ਹੋਇਆ?

(ਯਿਰਮਿਯਾਹ 26:​8, 9)8 ਤਾਂ ਐਉਂ ਹੋਇਆ ਕਿ ਜਦ ਯਿਰਮਿਯਾਹ ਏਹ ਸਾਰੀਆਂ ਗੱਲਾਂ ਮੁਕਾ ਚੁੱਕਾ ਜਿਨ੍ਹਾਂ ਦਾ ਯਹੋਵਾਹ ਨੇ ਉਹ ਨੂੰ ਸਾਰੇ ਲੋਕਾਂ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਤਾਂ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਫੜ ਲਿਆ ਅਤੇ ਆਖਿਆ ਕਿ ਤੂੰ ਜ਼ਰੂਰ ਮਰੇਂਗਾ! 9 ਤੂੰ ਯਹੋਵਾਹ ਦੇ ਨਾਮ ਉੱਤੇ ਕਿਉਂ ਅਗੰਮ ਵਾਚਿਆ ਕਿ ਏਹ ਭਵਨ ਸ਼ੀਲੋਹ ਵਾਂਙੁ ਹੋ ਜਾਵੇਗਾ ਅਤੇ ਏਹ ਸ਼ਹਿਰ ਬਰਬਾਦ ਅਤੇ ਬੇਅਬਾਦ ਹੋ ਜਾਵੇਗਾ? ਤਾਂ ਸਾਰੇ ਲੋਕ ਯਿਰਮਿਯਾਹ ਕੋਲ ਯਹੋਵਾਹ ਦੇ ਭਵਨ ਵਿੱਚ ਇਕੱਠੇ ਹੋਏ।

(ਯਿਰਮਿਯਾਹ 26:​12, 13) ਤਦ ਯਿਰਮਿਯਾਹ ਨੇ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਯਹੋਵਾਹ ਨੇ ਮੈਨੂੰ ਘੱਲਿਆ ਕਿ ਏਸ ਘਰ ਦੇ ਵਿਰੁੱਧ ਅਤੇ ਏਸ ਸ਼ਹਿਰ ਦੇ ਵਿਰੁੱਧ ਏਹਨਾਂ ਸਾਰੀਆਂ ਗੱਲਾਂ ਲਈ ਜਿਹੜੀਆਂ ਤੁਸਾਂ ਸੁਣੀਆਂ ਹਨ ਅਗੰਮ ਵਾਚਾਂ। 13 ਹੁਣ ਤੁਸੀਂ ਆਪਣਿਆਂ ਰਾਹਾਂ ਨੂੰ ਅਤੇ ਆਪਣੇ ਕਰਤੱਬਾਂ ਨੂੰ ਠੀਕ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਯਹੋਵਾਹ ਓਸ ਬੁਰਿਆਈ ਤੋਂ ਪਛਤਾਵੇਗਾ ਜਿਹੜੀ ਉਹ ਤੁਹਾਡੇ ਵਿਰੁੱਧ ਬੋਲਿਆ ਸੀ।

jr 21 ਪੈਰਾ 13

‘ਆਖ਼ਰੀ ਦਿਨਾਂ’ ਦੌਰਾਨ ਸੇਵਾ ਕਰਨੀ

13 ਯਹੂਦਾਹ ਦੇ ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਿਕ ਹਾਲਾਤਾਂ ਵਿਚ ਧਾਰਮਿਕ ਆਗੂਆਂ ਨੇ ਯਿਰਮਿਯਾਹ ਦੀ ਗੱਲ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ? ਯਿਰਮਿਯਾਹ ਨੇ ਖ਼ੁਦ ਦੱਸਿਆ, “ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ [ਮੈਨੂੰ] ਫੜ ਲਿਆ ਅਤੇ ਆਖਿਆ ਕਿ ਤੂੰ ਜ਼ਰੂਰ ਮਰੇਂਗਾ!” ਉਹ ਗੁੱਸੇ ਵਿਚ ਕਹਿ ਰਹੇ ਸਨ: “ਏਹ ਮਨੁੱਖ ਮੌਤ ਦੇ ਜੋਗ ਹੈ।” (ਯਿਰਮਿਯਾਹ 26:​8-11 ਪੜ੍ਹੋ।) ਪਰ ਯਿਰਮਿਯਾਹ ਦੇ ਵਿਰੋਧੀ ਸਫ਼ਲ ਨਹੀਂ ਹੋਏ। ਯਹੋਵਾਹ ਆਪਣੇ ਨਬੀ ਨੂੰ ਛੁਡਾਉਣ ਲਈ ਉਸ ਦੇ ਨਾਲ ਸੀ। ਯਿਰਮਿਯਾਹ ਖ਼ੁਦ ਵੀ ਆਪਣੇ ਖ਼ਤਰਨਾਕ ਵਿਰੋਧੀਆਂ ਦੀਆਂ ਧਮਕੀਆਂ ਅਤੇ ਉਨ੍ਹਾਂ ਦੀ ਗਿਣਤੀ ਤੋਂ ਨਹੀਂ ਡਰਿਆ। ਤੁਹਾਨੂੰ ਵੀ ਨਹੀਂ ਡਰਨਾ ਚਾਹੀਦਾ।

(ਯਿਰਮਿਯਾਹ 26:16) ਤਦ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ ਕਿ ਏਹ ਮਨੁੱਖ ਮੌਤ ਦੇ ਜੋਗ ਨਹੀਂ ਕਿਉਂ ਜੋ ਏਹ ਯਹੋਵਾਹ ਸਾਡੇ ਪਰਮੇਸ਼ੁਰ ਦੇ ਨਾਮ ਉੱਤੇ ਸਾਡੇ ਨਾਲ ਬੋਲਿਆ ਹੈ।

(ਯਿਰਮਿਯਾਹ 26:24) ਪਰ ਸ਼ਾਫ਼ਾਨ ਦੇ ਪੁੱਤ੍ਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਭਈ ਓਹ ਉਹ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ।

w10 4/1 19 ਪੈਰਾ 1

ਯਿਰਮਿਯਾਹ ਨੇ ਹਾਰ ਨਹੀਂ ਮੰਨੀ

ਬਾਈਬਲ ਕਹਿੰਦੀ ਹੈ: “ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ ਕਿ ਏਹ ਮਨੁੱਖ ਮੌਤ ਦੇ ਜੋਗ ਨਹੀਂ ਕਿਉਂ ਜੋ ਏਹ ਯਹੋਵਾਹ ਸਾਡੇ ਪਰਮੇਸ਼ੁਰ ਦੇ ਨਾਮ ਉੱਤੇ ਸਾਡੇ ਨਾਲ ਬੋਲਿਆ ਹੈ।” ਭਾਵੇਂ ਯਿਰਮਿਯਾਹ ਡਰਦਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਕਰਕੇ ਯਹੋਵਾਹ ਨੇ ਉਸ ਦੀ ਰਾਖੀ ਕੀਤੀ। ਪਰ ਆਓ ਹੁਣ ਦੇਖੀਏ ਕਿ ਯਹੋਵਾਹ ਦੇ ਇਕ ਹੋਰ ਨਬੀ ਊਰੀਯਾਹ ਨਾਲ ਕੀ ਹੋਇਆ ਸੀ ਜਿਸ ਨੇ ਯਿਰਮਿਯਾਹ ਦੇ ਉਲਟ ਕੀਤਾ।

ਹੀਰੇ-ਮੋਤੀਆਂ ਦੀ ਖੋਜ ਕਰੋ

(ਯਿਰਮਿਯਾਹ 27:​2, 3) ਅਤੇ ਯਹੋਵਾਹ ਨੇ ਮੈਨੂੰ ਐਉਂ ਆਖਿਆ ਕਿ ਨਹਿਣ ਅਤੇ ਜੂਲੇ ਆਪਣੇ ਲਈ ਬਣਾ ਅਤੇ ਓਹਨਾਂ ਨੂੰ ਆਪਣੀ ਧੌਣ ਉੱਤੇ ਰੱਖ। 3 ਅਤੇ ਓਹਨਾਂ ਨੂੰ ਅਦੋਮ ਦੇ ਰਾਜੇ ਕੋਲ, ਮੋਆਬ ਦੇ ਰਾਜੇ, ਅੰਮੋਨੀਆਂ ਦੇ ਰਾਜੇ, ਸੂਰ ਦੇ ਰਾਜੇ ਅਤੇ ਸੈਦਾ ਦੇ ਰਾਜੇ ਕੋਲ ਓਹਨਾਂ ਰਾਜਦੂਤਾਂ ਦੇ ਹੱਥੀਂ ਘੱਲੀਂ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਕੋਲ ਆਏ ਹਨ।

jr 27 ਪੈਰਾ 21

‘ਆਖ਼ਰੀ ਦਿਨਾਂ’ ਦੌਰਾਨ ਸੇਵਾ ਕਰਨੀ

21 ਸਿਦਕੀਯਾਹ ਦੇ ਰਾਜ ਦੇ ਸ਼ੁਰੂਆਤੀ ਸਮੇਂ ਦੌਰਾਨ ਅਦੋਮ, ਮੋਆਬ, ਅੰਮੋਨ, ਸੂਰ ਅਤੇ ਸੈਦਾ ਦੇ ਰਾਜਿਆਂ ਨੇ ਯਰੂਸ਼ਲਮ ਵਿਚ ਰਾਜਦੂਤ ਭੇਜੇ। ਸ਼ਾਇਦ ਉਹ ਚਾਹੁੰਦੇ ਸਨ ਕਿ ਸਿਦਕੀਯਾਹ ਵੀ ਉਨ੍ਹਾਂ ਨਾਲ ਮਿਲ ਕੇ ਨਬੂਕਦਨੱਸਰ ਦੇ ਵਿਰੁੱਧ ਹੋ ਜਾਵੇ। ਪਰ ਯਿਰਮਿਯਾਹ ਨੇ ਸਿਦਕੀਯਾਹ ਨੂੰ ਬਾਬਲ ਦੇ ਅਧੀਨ ਹੋਣ ਲਈ ਕਿਹਾ। ਇਸ ਗੱਲ ਨੂੰ ਦੱਸਣ ਲਈ ਯਿਰਮਿਯਾਹ ਨੇ ਰਾਜਦੂਤਾਂ ਰਾਹੀਂ ਜੂਲੇ ਘੱਲੇ ਜਿਸ ਰਾਹੀਂ ਇਹ ਦਰਸਾਇਆ ਗਿਆ ਕਿ ਉਨ੍ਹਾਂ ਦੇ ਦੇਸ਼ਾਂ ਨੂੰ ਵੀ ਬਾਬਲ ਦੀ ਟਹਿਲ ਕਰਨੀ ਚਾਹੀਦੀ ਹੈ। (ਯਿਰ. 27:​1-3, 14) ਇਹ ਗੱਲ ਚੰਗੀ ਨਹੀਂ ਲੱਗਣੀ ਸੀ। ਨਾਲੇ ਹਨਨਯਾਹ ਕਰਕੇ ਯਿਰਮਿਯਾਹ ਨਬੀ ਲਈ ਇਹ ਸੰਦੇਸ਼ ਦੇਣਾ ਹੋਰ ਵੀ ਔਖਾ ਹੋ ਗਿਆ ਸੀ ਕਿਉਂਕਿ ਲੋਕ ਇਸ ਸੰਦੇਸ਼ ਨੂੰ ਪਸੰਦ ਨਹੀਂ ਕਰਦੇ ਸਨ। ਹਨਨਯਾਹ ਇਕ ਝੂਠਾ ਨਬੀ ਸੀ ਜਿਸ ਨੇ ਪਰਮੇਸ਼ੁਰ ਦੇ ਨਾਂ ʼਤੇ ਖੁੱਲ੍ਹੇ-ਆਮ ਕਿਹਾ ਕਿ ਬਾਬਲ ਦਾ ਜੂਲਾ ਭੰਨਿਆ ਜਾਵੇਗਾ। ਪਰ ਯਹੋਵਾਹ ਨੇ ਯਿਰਮਿਯਾਹ ਨਬੀ ਰਾਹੀਂ ਦੱਸਿਆ ਕਿ ਇਕ ਸਾਲ ਦੇ ਅੰਦਰ-ਅੰਦਰ ਢੌਂਗੀ ਹਨਨਯਾਹ ਮਰ ਜਾਵੇਗਾ। ਇੱਦਾਂ ਹੀ ਹੋਇਆ ਸੀ।​—⁠ਯਿਰ. 28:​1-3, 16, 17.

(ਯਿਰਮਿਯਾਹ 28:11) ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਏਵੇਂ ਮੈਂ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋਂਹੁ ਵਰਿਹਾਂ ਵਿੱਚ ਭੰਨ ਦਿਆਂਗਾ! ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ।

jr 187-​188 ਪੈਰੇ 11-​12

“ਮੈਂ ਚੁੱਪ ਨਹੀਂ ਰਹਿ ਸਕਦਾ”

11 ਇਹ ਗੱਲ ਧਿਆਨ ਵਿਚ ਰੱਖੋ ਕਿ ਯਿਰਮਿਯਾਹ ਕੱਟੜ ਨਹੀਂ ਸੀ। ਵਿਰੋਧੀਆਂ ਦਾ ਸਾਮ੍ਹਣਾ ਕਰਦਿਆਂ ਉਸ ਨੇ ਸਮਝ ਤੋਂ ਕੰਮ ਲਿਆ। ਉਹ ਜਾਣਦਾ ਸੀ ਕਿ ਕਦੋਂ ਪਿੱਛੇ ਹਟ ਜਾਣਾ ਚਾਹੀਦਾ। ਧਿਆਨ ਦਿਓ ਕਿ ਹਨਨਯਾਹ ਅਤੇ ਉਸ ਵਿਚਕਾਰ ਕੀ ਹੋਇਆ। ਜਦੋਂ ਉਸ ਝੂਠੇ ਨਬੀ ਨੇ ਸਾਰੇ ਲੋਕਾਂ ਸਾਮ੍ਹਣੇ ਯਹੋਵਾਹ ਦੀ ਭਵਿੱਖਬਾਣੀ ਤੋਂ ਉਲਟ ਗੱਲ ਕਹੀ, ਤਾਂ ਯਿਰਮਿਯਾਹ ਨੇ ਉਸ ਨੂੰ ਸੁਧਾਰਿਆ ਅਤੇ ਦੱਸਿਆ ਕਿ ਸੱਚੇ ਨਬੀ ਦੀ ਪਛਾਣ ਕਿੱਦਾਂ ਕੀਤੀ ਜਾ ਸਕਦੀ ਹੈ। ਯਿਰਮਿਯਾਹ ਆਪਣੀ ਧੌਣ ʼਤੇ ਲੱਕੜ ਦਾ ਜੂਲਾ ਚੁੱਕੀ ਫਿਰਦਾ ਸੀ ਜੋ ਬਾਬਲੀਆਂ ਦੇ ਜੂਲੇ ਹੇਠ ਆਉਣ ਨੂੰ ਦਰਸਾਉਂਦਾ ਸੀ। ਹਨਨਯਾਹ ਨੇ ਗੁੱਸੇ ਵਿਚ ਆ ਕੇ ਉਹ ਜੂਲਾ ਭੰਨ ਦਿੱਤਾ। ਕਿਸੇ ਨੂੰ ਨਹੀਂ ਪਤਾ ਸੀ ਕਿ ਹਨਨਯਾਹ ਨੇ ਅੱਗੇ ਕੀ ਕਰਨਾ ਸੀ? ਸੋ ਯਿਰਮਿਯਾਹ ਨੇ ਕੀ ਕੀਤਾ? ਅਸੀਂ ਪੜ੍ਹਦੇ ਹਾਂ: “ਨਬੀ ਆਪਣੇ ਰਾਹ ਚੱਲਿਆ ਗਿਆ।” ਜੀ ਹਾਂ, ਯਿਰਮਿਯਾਹ ਉਹ ਜਗ੍ਹਾ ਛੱਡ ਕੇ ਚਲਾ ਗਿਆ। ਬਾਅਦ ਵਿਚ ਯਹੋਵਾਹ ਦੇ ਕਹਿਣ ʼਤੇ ਉਹ ਹਨਨਯਾਹ ਕੋਲ ਵਾਪਸ ਆਇਆ ਅਤੇ ਉਸ ਨੂੰ ਦੱਸਿਆ ਕਿ ਯਹੋਵਾਹ ਕੀ ਕਰਨ ਵਾਲਾ ਹੈ। ਉਸ ਨੇ ਦੱਸਿਆ ਕਿ ਯਹੂਦਾਹ ਬਾਬਲ ਦਾ ਗ਼ੁਲਾਮ ਬਣ ਜਾਵੇਗਾ ਅਤੇ ਹਨਨਯਾਹ ਦੀ ਮੌਤ ਹੋ ਜਾਵੇਗੀ।​—⁠ਯਿਰ. 28:​1-17.

12 ਇਸ ਬਿਰਤਾਂਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪ੍ਰਚਾਰ ਵਿਚ ਦਲੇਰੀ ਦੇ ਨਾਲ-ਨਾਲ ਸਮਝ ਵੀ ਇਸਤੇਮਾਲ ਕਰਨੀ ਚਾਹੀਦੀ ਹੈ। ਜਦੋਂ ਘਰ-ਮਾਲਕ ਬਾਈਬਲ ਵਿਚ ਦੱਸੀਆਂ ਗੱਲਾਂ ਸੁਣਨ ਤੋਂ ਇਨਕਾਰ ਕਰਦਾ ਹੈ ਅਤੇ ਗੁੱਸੇ ਨਾਲ ਪੇਸ਼ ਆਉਂਦਾ ਹੈ, ਇੱਥੋਂ ਤਕ ਕਿ ਮਾਰਨ-ਕੁੱਟਣ ਦੀ ਧਮਕੀ ਦਿੰਦਾ ਹੈ, ਤਾਂ ਅਸੀਂ ਆਰਾਮ ਨਾਲ ਉੱਥੋਂ ਜਾ ਸਕਦੇ ਹਾਂ ਅਤੇ ਦੂਜੇ ਘਰ ਵਿਚ ਜਾ ਕੇ ਪ੍ਰਚਾਰ ਕਰ ਸਕਦੇ ਹਾਂ। ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਗੱਲ ਕਰਦਿਆਂ ਸਾਨੂੰ ਕਿਸੇ ਨਾਲ ਬਹਿਸ ਕਰਨ ਦੀ ਕੋਈ ਲੋੜ ਨਹੀਂ ਹੈ। ਜਦੋਂ ਸਾਡੇ ਨਾਲ ‘ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਸਾਨੂੰ ਆਪਣੇ ʼਤੇ ਕਾਬੂ ਰੱਖਣਾ ਚਾਹੀਦਾ ਹੈ।’ ਇਸ ਤਰ੍ਹਾਂ ਕਰਨ ਨਾਲ ਘਰ-ਮਾਲਕ ਕਿਸੇ ਹੋਰ ਮੌਕੇ ʼਤੇ ਸਾਡੀ ਗੱਲ ਸੁਣਨ ਲਈ ਤਿਆਰ ਹੋ ਸਕਦਾ ਹੈ।​—⁠2 ਤਿਮੋਥਿਉਸ 2:​23-25 ਪੜ੍ਹੋ; ਕਹਾ. 17:⁠14.

ਬਾਈਬਲ ਪੜ੍ਹਾਈ

(ਯਿਰਮਿਯਾਹ 27:​12-22) ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੂੰ ਮੈਂ ਏਹ ਸਾਰੀਆਂ ਗੱਲਾਂ ਬੋਲਿਆ ਕਿ ਬਾਬਲ ਦੇ ਪਾਤਸ਼ਾਹ ਦੇ ਜੂਲੇ ਹੇਠ ਆਪਣੀਆਂ ਧੌਣਾਂ ਰੱਖੋ, ਉਸ ਦੀ ਅਤੇ ਉਸ ਦੇ ਲੋਕਾਂ ਦੀ ਟਹਿਲ ਕਰੋ ਅਤੇ ਜੀਵੋ। 13 ਤੂੰ ਅਤੇ ਤੇਰੇ ਲੋਕ ਤਲਵਾਰ, ਕਾਲ ਅਤੇ ਬਵਾ ਨਾਲ ਕਿਉਂ ਮਰੋਗੇ ਜਿਵੇਂ ਯਹੋਵਾਹ ਓਹਨਾਂ ਕੌਮਾਂ ਵਿਖੇ ਬੋਲਿਆ ਜਿਹੜੀਆਂ ਬਾਬਲ ਦੇ ਪਾਤਸ਼ਾਹ ਦੀ ਟਹਿਲ ਨਾ ਕਰਨਗੀਆਂ? 14 ਓਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ ਕਿ ਤੁਸੀਂ ਬਾਬਲ ਦੇ ਪਾਤਸ਼ਾਹ ਦੀ ਟਹਿਲ ਨਾ ਕਰੋਗੇ ਕਿਉਂ ਜੋ ਓਹ ਤੁਹਾਡੇ ਲਈ ਝੂਠਾ ਅਗੰਮ ਵਾਚਦੇ ਹਨ। 15 ਮੈਂ ਓਹਨਾਂ ਨੂੰ ਨਹੀਂ ਘੱਲਿਆ, ਯਹੋਵਾਹ ਦਾ ਵਾਕ ਹੈ, ਪਰ ਓਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਮੈਂ ਤੁਹਾਨੂੰ ਹੱਕ ਦਿਆਂ ਅਤੇ ਤੁਸੀਂ ਮਿਟ ਜਾਓ, ਤੁਸੀਂ ਵੀ ਅਤੇ ਓਹ ਨਬੀ ਵੀ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ। 16 ਤਦ ਮੈਂ ਜਾਜਕਾਂ ਨਾਲ ਅਤੇ ਏਸ ਸਾਰੀ ਪਰਜਾ ਨਾਲ ਗੱਲ ਕੀਤੀ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਆਪਣੇ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ ਅਤੇ ਆਖਦੇ ਹਨ, ਵੇਖੋ, ਯਹੋਵਾਹ ਦੇ ਭਵਨ ਦੇ ਭਾਂਡੇ ਬਾਬਲ ਵਿੱਚੋਂ ਛੇਤੀ ਨਾਲ ਮੁੜ ਲਿਆਂਦੇ ਜਾਣਗੇ। ਓਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ। 17 ਓਹਨਾਂ ਦੀ ਨਾ ਸੁਣੋ! ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰੋ ਅਤੇ ਜੀਉਂਦੇ ਰਹੋ। ਏਹ ਸ਼ਹਿਰ ਕਿਉਂ ਬਰਬਾਦ ਹੋਵੇ? 18 ਪਰ ਜੇ ਓਹ ਨਬੀ ਹੋਣ ਅਤੇ ਯਹੋਵਾਹ ਦਾ ਬਚਨ ਓਹਨਾਂ ਦੇ ਕੋਲ ਹੋਵੇ ਤਾਂ ਓਹ ਸੈਨਾਂ ਦੇ ਯਹੋਵਾਹ ਅੱਗੇ ਸਿਫਾਰਸ਼ ਕਰਨ ਭਈ ਓਹ ਭਾਂਡੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਵਿੱਚ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਓਹ ਬਾਬਲ ਵਿੱਚ ਨਾ ਲਿਆਂਦੇ ਜਾਣ। 19 ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, ​—⁠ ਉਨ੍ਹਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਵਿਖੇ ਜਿਹੜੇ ਏਸ ਸ਼ਹਿਰ ਵਿੱਚ ਬਚ ਰਹੇ ਹਨ। 20 ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਨਾ ਲੈ ਗਿਆ ਜਦ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਸ਼ਰੀਫਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਸੀ। 21 ਹਾਂ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਓਹਨਾਂ ਭਾਂਡਿਆਂ ਵਿਖੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਐਉਂ ਆਖਦਾ ਹੈ, 22 ਓਹ ਬਾਬਲ ਵਿੱਚ ਲੈ ਜਾਏ ਜਾਣਗੇ ਅਤੇ ਉੱਥੇ ਉਸ ਦਿਨ ਤੀਕ ਕਿ ਮੈਂ ਓਹਨਾਂ ਵੱਲ ਧਿਆਨ ਨਾ ਦਿਆਂ ਰਹਿਣਗੇ, ਯਹੋਵਾਹ ਦਾ ਵਾਕ ਹੈ। ਤਾਂ ਮੈਂ ਓਹਨਾਂ ਨੂੰ ਲਿਆਵਾਂਗਾ ਅਤੇ ਮੁੜ ਏਸ ਅਸਥਾਨ ਵਿੱਚ ਰੱਖਾਂਗਾ।

24-30 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 29-31

“ਯਹੋਵਾਹ ਨੇ ਨਵੇਂ ਇਕਰਾਰ ਬਾਰੇ ਦੱਸਿਆ”

(ਯਿਰਮਿਯਾਹ 31:31) ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦੇ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।

it-1 524 ਪੈਰੇ 3-4

ਇਕਰਾਰ

ਨਵਾਂ ਇਕਰਾਰ। ਯਹੋਵਾਹ ਨੇ ਯਿਰਮਿਯਾਹ ਨਬੀ ਰਾਹੀਂ ਸੱਤਵੀਂ ਸਦੀ ਈ. ਪੂ. ਵਿਚ ਨਵੇਂ ਇਕਰਾਰ ਬਾਰੇ ਭਵਿੱਖਬਾਣੀ ਕੀਤੀ। ਉਸ ਨੇ ਦੱਸਿਆ ਸੀ ਕਿ ਇਹ ਮੂਸਾ ਰਾਹੀਂ ਕੀਤੇ ਇਕਰਾਰ ਦੀ ਤਰ੍ਹਾਂ ਨਹੀਂ ਹੋਵੇਗਾ ਜਿਸ ਨੂੰ ਇਜ਼ਰਾਈਲ ਕੌਮ ਨੇ ਤੋੜ ਦਿੱਤਾ ਸੀ। (ਯਿਰ 31:31-34) 14 ਨੀਸਾਨ, 33 ਈਸਵੀ ਨੂੰ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਮਸੀਹ ਨੇ ਪ੍ਰਭੂ ਦੇ ਭੋਜਨ ਦੀ ਸ਼ੁਰੂਆਤ ਕੀਤੀ। ਉਸ ਸਮੇਂ ਉਸ ਨੇ ਦੱਸਿਆ ਕਿ ਨਵਾਂ ਇਕਰਾਰ ਉਸ ਦੀ ਕੁਰਬਾਨੀ ਸਦਕਾ ਲਾਗੂ ਹੋਣਾ ਸੀ। (ਲੂਕਾ 22:20) ਆਪਣੇ ਜੀ ਉੱਠਣ ਦੇ 50ਵੇਂ ਦਿਨ ਅਤੇ ਆਪਣੇ ਪਿਤਾ ਕੋਲ ਸਵਰਗ ਜਾਣ ਤੋਂ 10 ਦਿਨਾਂ ਬਾਅਦ, ਉਸ ਨੇ ਯਰੂਸ਼ਲਮ ਦੇ ਚੁਬਾਰੇ ਵਿਚ ਇਕੱਠੇ ਹੋਏ ਆਪਣੇ ਚੇਲਿਆਂ ʼਤੇ ਪਵਿੱਤਰ ਸ਼ਕਤੀ ਪਾਈ ਜੋ ਉਸ ਨੂੰ ਯਹੋਵਾਹ ਵੱਲੋਂ ਮਿਲੀ ਸੀ।​—⁠ਰਸੂ 2:1-4, 17, 33; 2 ਕੁਰਿੰ 3:6, 8, 9; ਇਬ 2:3, 4.

ਨਵੇਂ ਇਕਰਾਰ ਵਿਚ ਇਕ ਧਿਰ ਯਹੋਵਾਹ ਅਤੇ ਦੂਜੀ ਧਿਰ ‘ਪਰਮੇਸ਼ੁਰ ਦਾ ਇਜ਼ਰਾਈਲ’ ਯਾਨੀ ਪਵਿੱਤਰ ਸ਼ਕਤੀ ਨਾਲ ਚੁਣੇ ਗਏ ਮਸੀਹੀ ਹਨ। ਇਨ੍ਹਾਂ ਨੂੰ ਮਸੀਹ ਦੇ ਨਾਲ ਏਕਤਾ ਵਿਚ ਬੰਨ੍ਹਿਆ ਗਿਆ ਅਤੇ ਇਨ੍ਹਾਂ ਨੂੰ ਆਪਣੀ ਮੰਡਲੀ ਜਾਂ ਸਰੀਰ ਬਣਾਇਆ ਹੈ। (ਇਬ 8:10; 12:22-24; ਗਲਾ 6:15, 16; 3:26-28; ਰੋਮੀ 2:28, 29) ਨਵਾਂ ਇਕਰਾਰ ਯਿਸੂ ਮਸੀਹ ਦੇ ਵਹਾਏ ਲਹੂ (ਇਨਸਾਨ ਦੇ ਬਲੀਦਾਨ) ਨਾਲ ਲਾਗੂ ਹੋਇਆ, ਜਿਸ ਦੀ ਕੀਮਤ ਯਿਸੂ ਦੇ ਸਵਰਗ ਜਾਣ ʼਤੇ ਯਹੋਵਾਹ ਨੂੰ ਚੁਕਾਈ ਗਈ ਸੀ। (ਮੱਤੀ 26:28) ਜਦੋਂ ਪਰਮੇਸ਼ੁਰ ਕਿਸੇ ਨੂੰ ਸਵਰਗੀ ਸੱਦਾ ਦਿੰਦਾ ਹੈ (ਇਬ 3:1), ਤਾਂ ਪਰਮੇਸ਼ੁਰ ਉਸ ਨੂੰ ਮਸੀਹ ਦੇ ਬਲੀਦਾਨ ਦੇ ਆਧਾਰ ʼਤੇ ਨਵੇਂ ਇਕਰਾਰ ਵਿਚ ਸ਼ਾਮਲ ਕਰ ਲੈਂਦਾ ਹੈ। (ਜ਼ਬੂ 50:5; ਇਬ 9:14, 15, 26) ਯਿਸੂ ਮਸੀਹ ਨਵੇਂ ਇਕਰਾਰ ਦਾ ਵਿਚੋਲਾ (ਇਬ 8:6; 9:15) ਅਤੇ ਅਬਰਾਹਾਮ ਦੀ ਸੰਤਾਨ ਦਾ ਮੁੱਖ ਹਿੱਸਾ ਹੈ। (ਗਲਾ 3:16) ਨਵੇਂ ਇਕਰਾਰ ਦਾ ਵਿਚੋਲਾ ਹੋਣ ਕਰਕੇ ਯਿਸੂ ਇਕਰਾਰ ਵਿਚ ਸ਼ਾਮਲ ਲੋਕਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਆਪਣੇ ਪਾਪਾਂ ਦੀ ਮਾਫ਼ੀ ਹਾਸਲ ਕਰ ਕੇ ਅਸਲ ਵਿਚ ਅਬਰਾਹਾਮ ਦੀ ਸੰਤਾਨ ਬਣ ਸਕਣ। (ਇਬ 2:16; ਗਲਾ 3:29) ਇਸ ਤਰ੍ਹਾਂ ਯਹੋਵਾਹ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ।​—⁠ਰੋਮੀ 5:1, 2; 8:33; ਇਬ 10:16, 17.

(ਯਿਰਮਿਯਾਹ 31:​32, 33) ਉਸ ਨੇਮ ਵਾਂਙੁ ਨਹੀਂ ਜਿਹੜਾ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆਂ ਜਿਸ ਦਿਨ ਮੈਂ ਓਹਨਾਂ ਦਾ ਹੱਥ ਫੜਿਆ ਭਈ ਓਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਓਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਓਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ। 33 ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।

jr 173-​174 ਪੈਰੇ 11-​12

ਤੁਸੀਂ ਨਵੇਂ ਇਕਰਾਰ ਤੋਂ ਫ਼ਾਇਦਾ ਲੈ ਸਕਦੇ ਹੋ

11 ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਨਵਾਂ ਇਕਰਾਰ ਮੂਸਾ ਰਾਹੀਂ ਕੀਤੇ ਇਕਰਾਰ ਤੋਂ ਹੋਰ ਕਿਹੜੀਆਂ ਗੱਲਾਂ ਵਿਚ ਅਲੱਗ ਹੈ? ਇਕ ਵੱਡਾ ਫ਼ਰਕ ਇਹ ਹੈ ਕਿ ਇਹ ਇਕਰਾਰ ਅਤੇ ਮੂਸਾ ਰਾਹੀਂ ਕੀਤਾ ਇਕਰਾਰ ਕਿਸ ਉੱਤੇ ਲਿਖੇ ਗਏ ਸਨ। (ਯਿਰਮਿਯਾਹ 31:33 ਪੜ੍ਹੋ।) ਮੂਸਾ ਦੇ ਕਾਨੂੰਨ ਦੇ ਦਸ ਹੁਕਮ ਪੱਥਰ ਦੀਆਂ ਫੱਟੀਆਂ ʼਤੇ ਲਿਖੇ ਗਏ ਸਨ, ਜੋ ਅਖ਼ੀਰ ਖ਼ਤਮ ਹੋ ਗਏ। ਇਸ ਦੇ ਉਲਟ, ਨਵੇਂ ਇਕਰਾਰ ਬਾਰੇ ਯਿਰਮਿਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਦੇ ਕਾਨੂੰਨ ਇਨਸਾਨਾਂ ਦੇ ਦਿਲਾਂ ʼਤੇ ਲਿਖੇ ਜਾਣਗੇ ਅਤੇ ਇਹ ਇਕਰਾਰ ਹਮੇਸ਼ਾ ਰਹੇਗਾ। ਨਵੇਂ ਇਕਰਾਰ ਵਿਚ ਸ਼ਾਮਲ ਚੁਣੇ ਹੋਏ ਮਸੀਹੀ ਸੱਚ-ਮੁੱਚ ਕਾਨੂੰਨ ਦੀ ਕਦਰ ਕਰਦੇ ਹਨ। ਪਰ “ਹੋਰ ਭੇਡਾਂ” ਯਾਨੀ ਧਰਤੀ ʼਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀਆਂ ਬਾਰੇ ਕੀ, ਜੋ ਸਿੱਧੇ ਤੌਰ ʼਤੇ ਨਵੇਂ ਇਕਰਾਰ ਵਿਚ ਸ਼ਾਮਲ ਨਹੀਂ ਹਨ? (ਯੂਹੰਨਾ 10:16) ਇਹ ਮਸੀਹੀ ਵੀ ਪਰਮੇਸ਼ੁਰ ਦੇ ਕਾਨੂੰਨਾਂ ʼਤੇ ਖ਼ੁਸ਼ੀ-ਖ਼ੁਸ਼ੀ ਚੱਲਦੇ ਹਨ। ਇਕ ਤਰੀਕੇ ਨਾਲ ਇਹ ਮਸੀਹੀ ਇਜ਼ਰਾਈਲ ਵਿਚ ਰਹਿੰਦੇ ਪਰਦੇਸੀਆਂ ਵਾਂਗ ਹਨ, ਜਿਨ੍ਹਾਂ ਨੇ ਮੂਸਾ ਦਾ ਕਾਨੂੰਨ ਮੰਨਿਆ ਅਤੇ ਇਸ ਦਾ ਫ਼ਾਇਦਾ ਲਿਆ।​—⁠ਲੇਵੀ. 24:22; ਗਿਣ. 15:⁠15.

12 ਤੁਸੀਂ ਇਸ ਸਵਾਲ ਦਾ ਕੀ ਜਵਾਬ ਦਿਓਗੇ, ‘ਚੁਣੇ ਹੋਏ ਮਸੀਹੀਆਂ ਦੇ ਦਿਲਾਂ ʼਤੇ ਲਿਖਿਆ ਗਿਆ ਕਾਨੂੰਨ ਕਿਹੜਾ ਹੈ?’ ਇਸ ਕਾਨੂੰਨ ਨੂੰ “ਮਸੀਹ ਦਾ ਕਾਨੂੰਨ” ਵੀ ਕਿਹਾ ਜਾਂਦਾ ਹੈ। ਇਹ ਕਾਨੂੰਨ ਪਹਿਲਾਂ ਨਵੇਂ ਇਕਰਾਰ ਵਿਚ ਸ਼ਾਮਲ ਚੁਣੇ ਹੋਏ ਮਸੀਹੀਆਂ ਨੂੰ ਦਿੱਤਾ ਗਿਆ ਸੀ। (ਗਲਾ. 6:2; ਰੋਮੀ. 2:​28, 29) ‘ਮਸੀਹ ਦੇ ਕਾਨੂੰਨ’ ਦਾ ਨਿਚੋੜ ਇਕ ਸ਼ਬਦ ਵਿਚ ਕੱਢਿਆ ਜਾ ਸਕਦਾ ਹੈ: ਪਿਆਰ। (ਮੱਤੀ 22:​36-39) ਚੁਣੇ ਹੋਏ ਮਸੀਹੀ ਆਪਣੇ ਦਿਲਾਂ ਉੱਤੇ ਇਹ ਕਾਨੂੰਨ ਕਿਵੇਂ ਲਿਖਦੇ ਹਨ? ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ। ਸਾਰੇ ਸੱਚੇ ਮਸੀਹੀਆਂ ਨੂੰ ਸੱਚੀ ਭਗਤੀ ਦੇ ਇਹ ਕੰਮ ਲਗਾਤਾਰ ਕਰਨੇ ਚਾਹੀਦੇ ਹਨ, ਉਨ੍ਹਾਂ ਨੂੰ ਵੀ ਜੋ ਨਵੇਂ ਇਕਰਾਰ ਵਿਚ ਸ਼ਾਮਲ ਨਹੀਂ ਹਨ, ਪਰ ਇਸ ਤੋਂ ਫ਼ਾਇਦਾ ਲੈਣਾ ਚਾਹੁੰਦੇ ਹਨ।

(ਯਿਰਮਿਯਾਹ 31:34) ਓਹ ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਓਹ ਸਾਰਿਆਂ ਦੇ ਸਾਰੇ ਓਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।

jr 177 ਪੈਰਾ 18

ਤੁਸੀਂ ਨਵੇਂ ਇਕਰਾਰ ਤੋਂ ਫ਼ਾਇਦਾ ਲੈ ਸਕਦੇ ਹੋ

18 ਨਵਾਂ ਇਕਰਾਰ ਯਹੋਵਾਹ ਦਾ ਇਕ ਵਧੀਆ ਪਹਿਲੂ ਸਾਮ੍ਹਣੇ ਲੈ ਕੇ ਆਉਂਦਾ ਹੈ ਕਿ ਉਹ ਪਾਪੀ ਇਨਸਾਨਾਂ ਨਾਲ ਕਿਵੇਂ ਪੇਸ਼ ਆਉਂਦਾ ਹੈ, ਚਾਹੇ ਉਹ ਇਕਰਾਰ ਵਿਚ ਸ਼ਾਮਲ ਚੁਣੇ ਹੋਏ ਮਸੀਹੀ ਹੋਣ ਜਾਂ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਜਦੋਂ ਯਹੋਵਾਹ ਤੁਹਾਡੇ ਪਾਪ ਇਕ ਵਾਰ ਮਾਫ਼ ਕਰ ਦਿੰਦਾ ਹੈ, ਤਾਂ ਉਹ ਦੁਬਾਰਾ ਉਨ੍ਹਾਂ ਨੂੰ ਚੇਤੇ ਨਹੀਂ ਕਰਦਾ। ਨਵੇਂ ਇਕਰਾਰ ਰਾਹੀਂ ਕੀਤੇ ਪਰਮੇਸ਼ੁਰ ਦੇ ਵਾਅਦੇ ਤੋਂ ਅਸੀਂ ਸਾਰੇ ਇਕ ਸਬਕ ਸਿੱਖਦੇ ਹਾਂ। ਆਪਣੇ ਆਪ ਨੂੰ ਪੁੱਛੋ: ‘ਮੈਂ ਦੂਜਿਆਂ ਦੀਆਂ ਜਿਹੜੀਆਂ ਗ਼ਲਤੀਆਂ ਮਾਫ਼ ਕਰ ਚੁੱਕਾ ਹਾਂ, ਕੀ ਉਹ ਗ਼ਲਤੀਆਂ ਦੁਬਾਰਾ ਚੇਤੇ ਨਾ ਕਰ ਕੇ ਮੈਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹਾਂ?’ (ਮੱਤੀ 6:​14, 15) ਇਹ ਗੱਲ ਛੋਟੀਆਂ-ਛੋਟੀਆਂ ਗ਼ਲਤੀਆਂ ਦੇ ਨਾਲ-ਨਾਲ ਗੰਭੀਰ ਪਾਪਾਂ ʼਤੇ ਵੀ ਲਾਗੂ ਹੁੰਦੀ ਹੈ, ਜਿਵੇਂ ਇਕ ਮਸੀਹੀ ਸਾਥੀ ਦੁਆਰਾ ਕੀਤੀ ਹਰਾਮਕਾਰੀ। ਜੇ ਨਿਰਦੋਸ਼ ਸਾਥੀ ਆਪਣੇ ਸਾਥੀ ਦਾ ਪਛਤਾਵਾ ਦੇਖ ਕੇ ਉਸ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਕੀ ਇਹ ਸਹੀ ਨਹੀਂ ਹੋਵੇਗਾ ਕਿ ਉਹ ‘ਪਾਪ ਨੂੰ ਫਿਰ ਚੇਤਾ ਨਾ ਕਰੇ’? ਇਹ ਗੱਲ ਸੱਚ ਹੈ ਕਿ ਗ਼ਲਤੀਆਂ ਨੂੰ ਭੁਲਾਉਣਾ ਸੌਖਾ ਨਹੀਂ ਹੁੰਦਾ, ਪਰ ਇਹ ਇਕ ਤਰੀਕਾ ਹੈ ਜਿਸ ਰਾਹੀਂ ਅਸੀਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ।

ਹੀਰੇ-ਮੋਤੀਆਂ ਦੀ ਖੋਜ ਕਰੋ

(ਯਿਰਮਿਯਾਹ 29:⁠4) ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਓਹਨਾਂ ਸਾਰਿਆਂ ਅਸੀਰਾਂ ਨੂੰ ਜਿਨ੍ਹਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਘੱਲਿਆ ਹੈ ਐਉਂ ਫ਼ਰਮਾਉਂਦਾ ਹੈ

(ਯਿਰਮਿਯਾਹ 29:⁠7) ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਹ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ।

w96 5/1 11 ਪੈਰਾ 5

ਪਰਮੇਸ਼ੁਰ ਅਤੇ ਕੈਸਰ

5 ਸਦੀਆਂ ਮਗਰੋਂ, ਵਫ਼ਾਦਾਰ ਨਬੀ ਯਿਰਮਿਯਾਹ ਨੇ ਯਹੋਵਾਹ ਵੱਲੋਂ ਪ੍ਰੇਰਿਤ ਹੋ ਕੇ ਯਹੂਦੀ ਪਰਵਾਸੀਆਂ ਨੂੰ ਬਾਬਲ ਦੀ ਕੈਦ ਵਿਚ ਰਹਿੰਦੇ ਹੋਏ ਸ਼ਾਸਕਾਂ ਦੇ ਅਧੀਨ ਹੋਣ ਅਤੇ ਇੱਥੋਂ ਤਕ ਕਿ ਉਸ ਸ਼ਹਿਰ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੇ ਲਈ ਕਿਹਾ। ਉਨ੍ਹਾਂ ਨੂੰ ਲਿਖੀ ਆਪਣੀ ਪਤ੍ਰੀ ਵਿਚ, ਉਸ ਨੇ ਕਿਹਾ: “ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਓਹਨਾਂ ਸਾਰਿਆਂ ਅਸੀਰਾਂ ਨੂੰ . . . ਐਉਂ ਫ਼ਰਮਾਉਂਦਾ ਹੈ,​—⁠ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਹ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ।” (ਯਿਰਮਿਯਾਹ 29:​4, 7) ਹਰ ਸਮੇਂ ਤੇ ਯਹੋਵਾਹ ਦੇ ਲੋਕਾਂ ਕੋਲ ਖ਼ੁਦ ਲਈ ਅਤੇ ਉਸ ਕੌਮ ਲਈ ਜਿੱਥੇ ਉਹ ਰਹਿੰਦੇ ਹਨ, ਯਹੋਵਾਹ ਦੀ ਉਪਾਸਨਾ ਕਰਨ ਵਿਚ ਅਜ਼ਾਦੀ ਲਈ, ‘ਮਿਲਾਪ ਨੂੰ ਲੱਭਣ’ ਦਾ ਕਾਰਨ ਹੈ।​—⁠1 ਪਤਰਸ 3:⁠11.

(ਯਿਰਮਿਯਾਹ 29:10) ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਜਦ ਬਾਬਲ ਲਈ ਸੱਤਰ ਵਰ੍ਹੇ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਏਸ ਅਸਥਾਨ ਉੱਤੇ ਫੇਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ।

g 6/12 14 ਪੈਰੇ 1-2

ਬਾਈਬਲ​—⁠ਸੱਚੀਆਂ ਭਵਿੱਖਬਾਣੀਆਂ ਦੀ ਕਿਤਾਬ, ਭਾਗ 2

ਪੂਰਤੀ: 607 ਤੋਂ 537 ਈ. ਪੂ. ਤਕ, 70 ਸਾਲਾਂ ਦੀ ਗ਼ੁਲਾਮੀ ਤੋਂ ਬਾਅਦ, ਫਾਰਸ ਦੇ ਰਾਜਾ ਖੋਰੁਸ ਨੇ ਗ਼ੁਲਾਮ ਯਹੂਦੀਆਂ ਨੂੰ ਰਿਹਾ ਕਰ ਦਿੱਤਾ ਅਤੇ ਆਪਣੇ ਦੇਸ਼ ਵਾਪਸ ਜਾ ਕੇ ਯਰੂਸ਼ਲਮ ਵਿਚ ਦੁਬਾਰਾ ਮੰਦਰ ਬਣਾਉਣ ਦੀ ਇਜਾਜ਼ਤ ਦਿੱਤੀ।​—⁠ਅਜ਼ਰਾ 1:​2-4.

ਇਤਿਹਾਸ ਕੀ ਦੱਸਦਾ ਹੈ

● ਕੀ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਇਜ਼ਰਾਈਲੀ ਬਾਬਲ ਵਿਚ 70 ਸਾਲ ਗ਼ੁਲਾਮ ਰਹੇ ਸਨ? ਗੌਰ ਕਰੋ ਕਿ ਮੰਨੇ-ਪ੍ਰਮੰਨੇ ਇਜ਼ਰਾਈਲੀ ਪੁਰਾਤੱਤਵ-ਵਿਗਿਆਨੀ ਐਫਰਾਇਮ ਸਟੇਨ ਨੇ ਕੀ ਕਿਹਾ। “604 ਈ. ਪੂ. ਤੋਂ ਲੈ ਕੇ 538 ਈ. ਪੂ. ਤਕ ਦੇ ਸਮੇਂ ਦੌਰਾਨ ਕੰਮ-ਕਾਰ ਕੀਤੇ ਜਾਣ ਦਾ ਕੋਈ ਸਬੂਤ ਨਹੀਂ ਮਿਲਦਾ। ਇਸ ਪੂਰੇ ਸਮੇਂ ਦੌਰਾਨ, ਬਾਬਲੀਆਂ ਦੁਆਰਾ ਤਬਾਹ ਕੀਤਾ ਗਿਆ ਇਕ ਵੀ ਸ਼ਹਿਰ ਦੁਬਾਰਾ ਨਹੀਂ ਵਸਾਇਆ ਗਿਆ।” ਜਿਸ ਸਮੇਂ ਦੌਰਾਨ ਨਾ ਕੋਈ ਕੰਮ-ਕਾਰ ਹੋਇਆ ਤੇ ਨਾ ਹੀ ਕਬਜ਼ਾ ਕੀਤੇ ਗਏ ਸ਼ਹਿਰ ਮੁੜ ਉਸਾਰੇ ਗਏ, ਉਹ ਸਮਾਂ ਉਸ ਸਮੇਂ ਨਾਲ ਮੇਲ ਖਾਂਦਾ ਹੈ ਜਦੋਂ ਇਜ਼ਰਾਈਲੀ 607 ਤੋਂ 537 ਈ. ਪੂ. ਤਕ ਬਾਬਲ ਵਿਚ ਗ਼ੁਲਾਮ ਸਨ।​—⁠2 ਇਤਿਹਾਸ 36:​20, 21.

ਬਾਈਬਲ ਪੜ੍ਹਾਈ

(ਯਿਰਮਿਯਾਹ 31:​31-40) ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦੇ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ। 32 ਉਸ ਨੇਮ ਵਾਂਙੁ ਨਹੀਂ ਜਿਹੜਾ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆਂ ਜਿਸ ਦਿਨ ਮੈਂ ਓਹਨਾਂ ਦਾ ਹੱਥ ਫੜਿਆ ਭਈ ਓਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਓਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਓਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ। 33 ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ। 34 ਓਹ ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਓਹ ਸਾਰਿਆਂ ਦੇ ਸਾਰੇ ਓਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ। 35 ਯਹੋਵਾਹ ਐਉਂ ਆਖਦਾ ਹੈ, ​—⁠ ਜੋ ਦਿਨ ਦੇ ਚਾਨਣ ਲਈ ਸੂਰਜ ਦਿੰਦਾ, ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ, ਜੋ ਸਮੁੰਦਰ ਨੂੰ ਇਉਂ ਉਛਾਲਦਾ ਹੈ, ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ। 36 ਜੇ ਏਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ। 37 ਯਹੋਵਾਹ ਐਉਂ ਆਖਦਾ ਹੈ, ​—⁠ ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਓਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ। 38 ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸ਼ਹਿਰ ਯਹੋਵਾਹ ਦੇ ਲਈ ਹਨਨਏਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੀਕ ਬਣਾਇਆ ਜਾਵੇਗਾ। 39 ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ। 40 ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੀਕ ਅਤੇ ਘੋੜੇ ਫਾਟਕ ਦੀ ਨੁੱਕਰ ਤੀਕ ਚੜ੍ਹਦੇ ਪਾਸੇ ਵਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫੇਰ ਸਦਾ ਤੀਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ