-
“ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
36, 37. ਨਵੀਂ ਦੁਨੀਆਂ ਵਿਚ ਕਿਹੜੇ ਵਾਅਦੇ ਪੂਰੇ ਹੋਣਗੇ?
36 ਆਰਮਾਗੇਡਨ ਦੀ ਲੜਾਈ ਤੋਂ ਬਾਅਦ ਯਿਸੂ ਬਹਾਲੀ ਦਾ ਕੰਮ ਇੰਨੇ ਵੱਡੇ ਪੈਮਾਨੇ ʼਤੇ ਕਰੇਗਾ ਕਿ ਸਾਡੀ ਧਰਤੀ ਵੀ ਖ਼ੂਬਸੂਰਤ ਬਾਗ਼ ਵਰਗੀ ਬਣ ਜਾਵੇਗੀ। ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਇਨਸਾਨਾਂ ਨੂੰ ਹਿਦਾਇਤਾਂ ਦੇਵੇਗਾ ਕਿ ਉਹ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਬਣਾ ਦੇਣ ਜਿਸ ਤਰ੍ਹਾਂ ਯਹੋਵਾਹ ਸ਼ੁਰੂ ਵਿਚ ਚਾਹੁੰਦਾ ਸੀ। (ਲੂਕਾ 23:43) ਉਸ ਸਮੇਂ ਸਾਰੇ ਇਨਸਾਨ ਇਕ-ਦੂਸਰੇ ਨਾਲ ਮਿਲ-ਜੁਲ ਕੇ ਵੱਸਣਗੇ, ਧਰਤੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨਗੇ ਅਤੇ ਧਰਤੀ ʼਤੇ ਚੰਗੀ ਫ਼ਸਲ ਉੱਗੇਗੀ। ਉਸ ਸਮੇਂ ਕਿਤੇ ਵੀ ਕੋਈ ਖ਼ਤਰਾ ਜਾਂ ਡਰ ਨਹੀਂ ਹੋਵੇਗਾ। ਕਲਪਨਾ ਕਰੋ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ ਯਹੋਵਾਹ ਆਪਣਾ ਇਹ ਵੀ ਵਾਅਦਾ ਪੂਰਾ ਕਰੇਗਾ: “ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ। ਮੈਂ ਦੇਸ਼ ਵਿੱਚੋਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਖ਼ਤਮ ਕਰ ਦਿਆਂਗਾ ਤਾਂਕਿ ਉਹ ਉਜਾੜ ਵਿਚ ਸੁਰੱਖਿਅਤ ਵੱਸਣ ਅਤੇ ਜੰਗਲਾਂ ਵਿਚ ਸੌਂ ਸਕਣ।”—ਹਿਜ਼. 34:25.
37 ਕੀ ਤੁਸੀਂ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖ ਸਕਦੇ ਹੋ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ? ਤੁਸੀਂ ਧਰਤੀ ਦੇ ਕਿਸੇ ਵੀ ਹਿੱਸੇ ʼਤੇ ਬਿਨਾਂ ਡਰ ਦੇ ਘੁੰਮ ਸਕੋਗੇ। ਤੁਹਾਨੂੰ ਕਿਸੇ ਵੀ ਜਾਨਵਰ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ ਤੇ ਨਾ ਹੀ ਕਿਸੇ ਦਾ ਡਰ ਹੋਵੇਗਾ। ਤੁਸੀਂ ਸੰਘਣੇ ਜੰਗਲਾਂ ਵਿਚ ਇਕੱਲੇ ਹੀ ਘੁੰਮ ਸਕੋਗੇ ਅਤੇ ਉੱਥੋਂ ਦੇ ਉੱਚੇ-ਉੱਚੇ ਦਰਖ਼ਤਾਂ ਦੀ ਖ਼ੂਬਸੂਰਤੀ ਨੂੰ ਨਿਹਾਰ ਸਕੋਗੇ। ਤੁਸੀਂ ਜੰਗਲ ਵਿਚ ਬੇਖ਼ੌਫ਼ ਸੌਂ ਸਕੋਗੇ ਅਤੇ ਜਦੋਂ ਤੁਹਾਡੀ ਨੀਂਦ ਖੁੱਲ੍ਹੇਗੀ, ਤਾਂ ਤੁਸੀਂ ਤਰੋ-ਤਾਜ਼ਾ ਮਹਿਸੂਸ ਕਰੋਗੇ ਤੇ ਤੁਸੀਂ ਸੁਰੱਖਿਅਤ ਹੋਵੋਗੇ।
ਉਹ ਸਮਾਂ ਕਿੰਨਾ ਵਧੀਆ ਹੋਵੇਗਾ ਜਦੋਂ ਅਸੀਂ ਬੇਖੌਫ਼ ਹੋ ਕੇ “ਜੰਗਲਾਂ ਵਿਚ ਸੌਂ” ਸਕਾਂਗੇ (ਪੈਰੇ 36, 37 ਦੇਖੋ)
-