-
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕੀਤਾ ਜਾ ਰਿਹਾ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਾਠ 21
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕੀਤਾ ਜਾ ਰਿਹਾ ਹੈ?
ਯਹੋਵਾਹ ਜਲਦੀ ਹੀ ਆਪਣਾ ਰਾਜ ਲਿਆ ਕੇ ਸਾਡੀਆਂ ਸਾਰੀਆਂ ਮੁਸ਼ਕਲਾਂ ਖ਼ਤਮ ਕਰ ਦੇਵੇਗਾ। ਇਹ ਚੰਗੀ ਖ਼ਬਰ ਅਸੀਂ ਸਾਰਿਆਂ ਨੂੰ ਸੁਣਾਉਣੀ ਚਾਹੁੰਦੇ ਹਾਂ। ਯਿਸੂ ਵੀ ਇਹੀ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਸਾਰਿਆਂ ਨੂੰ ਇਹ ਖ਼ਬਰ ਸੁਣਾਉਣ। (ਮੱਤੀ 28:19, 20) ਯਹੋਵਾਹ ਦੇ ਗਵਾਹ ਯਿਸੂ ਦਾ ਇਹ ਹੁਕਮ ਕਿਵੇਂ ਮੰਨ ਰਹੇ ਹਨ? ਆਓ ਜਾਣੀਏ।
1. ਮੱਤੀ 24:14 ਵਿਚ ਲਿਖੀ ਗੱਲ ਅੱਜ ਕਿਵੇਂ ਪੂਰੀ ਹੋ ਰਹੀ ਹੈ?
ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਅਸੀਂ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਇਹ ਜ਼ਰੂਰੀ ਕੰਮ ਕਰ ਰਹੇ ਹਾਂ। ਅਸੀਂ ਪੂਰੀ ਦੁਨੀਆਂ ਵਿਚ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ। ਇੰਨੇ ਵੱਡੇ ਪੈਮਾਨੇ ʼਤੇ ਇਸ ਕੰਮ ਨੂੰ ਕਰਨ ਵਿਚ ਕਾਫ਼ੀ ਸਮਾਂ ਤੇ ਮਿਹਨਤ ਲੱਗਦੀ ਹੈ ਅਤੇ ਵਧੀਆ ਯੋਜਨਾ ਵੀ ਬਣਾਉਣੀ ਪੈਂਦੀ ਹੈ। ਪਰ ਇਹ ਕੰਮ ਯਹੋਵਾਹ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦਾ।
2. ਲੋਕਾਂ ਨੂੰ ਪ੍ਰਚਾਰ ਕਰਨ ਲਈ ਅਸੀਂ ਕਿੰਨੀ ਕੁ ਮਿਹਨਤ ਕਰਦੇ ਹਾਂ?
ਸਾਨੂੰ ਜਿੱਥੇ ਕਿਤੇ ਵੀ ਲੋਕ ਮਿਲਦੇ ਹਨ, ਅਸੀਂ ਉਨ੍ਹਾਂ ਨੂੰ ਪ੍ਰਚਾਰ ਕਰਦੇ ਹਾਂ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ “ਘਰ-ਘਰ ਜਾ ਕੇ” ਪ੍ਰਚਾਰ ਕਰਦੇ ਹਾਂ। (ਰਸੂਲਾਂ ਦੇ ਕੰਮ 5:42) ਇਸ ਤਰੀਕੇ ਨਾਲ ਅਸੀਂ ਹਰ ਸਾਲ ਲੱਖਾਂ ਹੀ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਕਦੇ-ਕਦੇ ਲੋਕ ਘਰ ਨਹੀਂ ਮਿਲਦੇ, ਇਸ ਲਈ ਅਸੀਂ ਬਾਜ਼ਾਰਾਂ ਵਿਚ ਅਤੇ ਹੋਰ ਥਾਵਾਂ ʼਤੇ ਵੀ ਪ੍ਰਚਾਰ ਕਰਦੇ ਹਾਂ। ਅਸੀਂ ਹਮੇਸ਼ਾ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਦੱਸਣ ਦੇ ਮੌਕੇ ਲੱਭਦੇ ਹਾਂ।
3. ਖ਼ੁਸ਼ ਖ਼ਬਰੀ ਸੁਣਾਉਣੀ ਕਿਨ੍ਹਾਂ ਦੀ ਜ਼ਿੰਮੇਵਾਰੀ ਹੈ?
ਇਹ ਸਾਰੇ ਸੱਚੇ ਮਸੀਹੀਆਂ ਦੀ ਜ਼ਿੰਮੇਵਾਰੀ ਹੈ। ਅਸੀਂ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਸਾਡੇ ਕੋਲੋਂ ਜਿੰਨਾ ਹੋ ਸਕਦਾ ਹੈ, ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਲੋਕਾਂ ਦੀ ਜ਼ਿੰਦਗੀ ਦਾਅ ʼਤੇ ਲੱਗੀ ਹੋਈ ਹੈ। (1 ਤਿਮੋਥਿਉਸ 4:16 ਪੜ੍ਹੋ।) ਅਸੀਂ ਇਹ ਕੰਮ ਮੁਫ਼ਤ ਵਿਚ ਕਰਦੇ ਹਾਂ ਕਿਉਂਕਿ ਬਾਈਬਲ ਕਹਿੰਦੀ ਹੈ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:7, 8) ਕਈ ਲੋਕ ਸਾਡੀ ਗੱਲ ਨਹੀਂ ਸੁਣਦੇ, ਫਿਰ ਵੀ ਅਸੀਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿੰਦੇ ਹਾਂ ਕਿਉਂਕਿ ਇਹ ਸਾਡੀ ਭਗਤੀ ਦਾ ਹਿੱਸਾ ਹੈ ਅਤੇ ਇਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।
ਹੋਰ ਸਿੱਖੋ
ਆਓ ਇਸ ਬਾਰੇ ਹੋਰ ਜਾਣੀਏ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਪ੍ਰਚਾਰ ਕਰਨ ਲਈ ਕਿੰਨੀ ਮਿਹਨਤ ਕਰਦੇ ਹਨ ਅਤੇ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ।
ਦੁਨੀਆਂ ਦੇ ਅਲੱਗ-ਅਲੱਗ ਹਿੱਸਿਆਂ ਵਿਚ ਪ੍ਰਚਾਰ ਹੋ ਰਿਹਾ ਹੈ: (1) ਕਾਸਟਾ ਰੀਕਾ, (2) ਅਮਰੀਕਾ, (3) ਬੇਨਿਨ, (4) ਥਾਈਲੈਂਡ, (5) ਯਾਪ, (6) ਸਵੀਡਨ
4. ਸਾਰੇ ਲੋਕਾਂ ਤਕ ਪਹੁੰਚਣ ਲਈ ਅਸੀਂ ਸਖ਼ਤ ਮਿਹਨਤ ਕਰਦੇ ਹਾਂ
ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਕਸਰ ਨਹੀਂ ਛੱਡਦੇ, ਫਿਰ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਰਹਿੰਦੇ ਹੋਣ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਯਹੋਵਾਹ ਦੇ ਗਵਾਹ ਲੋਕਾਂ ਤਕ ਪਹੁੰਚਣ ਲਈ ਬਹੁਤ ਮਿਹਨਤ ਕਰਦੇ ਹਨ। ਉਨ੍ਹਾਂ ਦੀ ਮਿਹਨਤ ਦੇਖ ਕੇ ਤੁਹਾਨੂੰ ਕਿੱਦਾਂ ਲੱਗਦਾ?
ਮੱਤੀ 22:39 ਅਤੇ ਰੋਮੀਆਂ 10:13-15 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਸਾਡੇ ਪ੍ਰਚਾਰ ਕੰਮ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ?
ਯਹੋਵਾਹ ਉਨ੍ਹਾਂ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ ਜਿਹੜੇ ਖ਼ੁਸ਼ ਖ਼ਬਰੀ ਸੁਣਾਉਂਦੇ ਹਨ?—ਆਇਤ 15 ਦੇਖੋ।
5. ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ
ਬਹੁਤ ਸਾਰੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ। ਮਿਸਾਲ ਲਈ, ਨਿਊਜ਼ੀਲੈਂਡ ਵਿਚ ਭਰਾ ਪੌਲ ਇਕ ਦਿਨ ਦੁਪਹਿਰ ਨੂੰ ਘਰ-ਘਰ ਪ੍ਰਚਾਰ ਕਰ ਰਿਹਾ ਸੀ। ਉਦੋਂ ਉਹ ਇਕ ਔਰਤ ਨੂੰ ਮਿਲਿਆ। ਉਸ ਔਰਤ ਨੇ ਉਸੇ ਸਵੇਰ ਯਹੋਵਾਹ ਦਾ ਨਾਂ ਲੈ ਕੇ ਪ੍ਰਾਰਥਨਾ ਕੀਤੀ ਕਿ ਕੋਈ ਆ ਕੇ ਉਸ ਨੂੰ ਉਸ ਬਾਰੇ ਸਿਖਾਏ। ਪੌਲ ਦੱਸਦਾ ਹੈ: “ਉਸ ਦੇ ਪ੍ਰਾਰਥਨਾ ਕਰਨ ਤੋਂ ਤਿੰਨ ਘੰਟਿਆਂ ਬਾਅਦ ਹੀ ਮੈਂ ਉਸ ਦੇ ਘਰ ਦੇ ਦਰਵਾਜ਼ੇ ʼਤੇ ਖੜ੍ਹਾ ਸੀ।”
1 ਕੁਰਿੰਥੀਆਂ 3:9 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪੌਲ ਵਾਂਗ ਹੋਰ ਭੈਣਾਂ-ਭਰਾਵਾਂ ਨਾਲ ਵੀ ਇੱਦਾਂ ਦੇ ਤਜਰਬੇ ਹੋਏ ਹਨ। ਇਨ੍ਹਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ?
ਰਸੂਲਾਂ ਦੇ ਕੰਮ 1:8 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਕਿਉਂ ਹੈ?
ਕੀ ਤੁਹਾਨੂੰ ਪਤਾ?
ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਸਿਖਾਇਆ ਜਾਂਦਾ ਹੈ ਕਿ ਅਸੀਂ ਪ੍ਰਚਾਰ ਕਿੱਦਾਂ ਕਰੀਏ। ਜੇ ਤੁਸੀਂ ਇਸ ਸਭਾ ਵਿਚ ਆਏ ਹੋ, ਤਾਂ ਇਸ ਵਿਚ ਮਿਲਣ ਵਾਲੀ ਸਿਖਲਾਈ ਬਾਰੇ ਤੁਸੀਂ ਕੀ ਸੋਚਦੇ ਹੋ?
6. ਪ੍ਰਚਾਰ ਕਰ ਕੇ ਅਸੀਂ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ
ਪਹਿਲੀ ਸਦੀ ਵਿਚ ਵਿਰੋਧੀਆਂ ਨੇ ਯਿਸੂ ਦੇ ਚੇਲਿਆਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ ਉਨ੍ਹਾਂ ਮਸੀਹੀਆਂ ਨੇ ਪ੍ਰਚਾਰ ਕਰਨ ਦੇ ਆਪਣੇ ਹੱਕ ਦੀ ਰਾਖੀ ਕਰਨ ਲਈ “ਕਾਨੂੰਨੀ ਲੜਾਈ” ਲੜੀ। (ਫ਼ਿਲਿੱਪੀਆਂ 1:7) ਅੱਜ ਯਹੋਵਾਹ ਦੇ ਗਵਾਹ ਵੀ ਇਸੇ ਤਰ੍ਹਾਂ ਕਰਦੇ ਹਨ।a
ਰਸੂਲਾਂ ਦੇ ਕੰਮ 5:27-42 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਸ਼ਾਇਦ ਕੋਈ ਪੁੱਛੇ: “ਯਹੋਵਾਹ ਦੇ ਗਵਾਹ ਘਰ-ਘਰ ਕਿਉਂ ਜਾਂਦੇ ਹਨ?”
ਤੁਸੀਂ ਇਸ ਦਾ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਿਸੂ ਨੇ ਆਪਣੇ ਚੇਲਿਆਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਹੁਕਮ ਦਿੱਤਾ। ਇਹ ਕੰਮ ਕਰਨ ਵਿਚ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰ ਰਿਹਾ ਹੈ।
ਤੁਸੀਂ ਕੀ ਕਹੋਗੇ?
ਅੱਜ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਕਿਵੇਂ ਸੁਣਾਈ ਜਾ ਰਹੀ ਹੈ?
ਸਾਡੇ ਪ੍ਰਚਾਰ ਕੰਮ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ?
ਕੀ ਤੁਹਾਨੂੰ ਲੱਗਦਾ ਕਿ ਪ੍ਰਚਾਰ ਕਰਨ ਨਾਲ ਖ਼ੁਸ਼ੀ ਮਿਲ ਸਕਦੀ ਹੈ? ਕਿਉਂ?
ਇਹ ਵੀ ਦੇਖੋ
ਦੇਖੋ ਕਿ ਯਹੋਵਾਹ ਦੇ ਗਵਾਹ ਵੱਡੇ ਸ਼ਹਿਰਾਂ ਵਿਚ ਪ੍ਰਚਾਰ ਕਿਵੇਂ ਕਰਦੇ ਹਨ।
ਦੇਖੋ ਕਿ ਯਹੋਵਾਹ ਦੇ ਗਵਾਹਾਂ ਨੇ ਸ਼ਰਨਾਰਥੀਆਂ ਦੀ ਮਦਦ ਕਰਨ ਲਈ ਕੀ ਕੀਤਾ ਹੈ।
ਆਓ ਇਕ ਭੈਣ ਤੋਂ ਸੁਣੀਏ ਕਿ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾ ਕੇ ਉਸ ਨੂੰ ਕਿਉਂ ਖ਼ੁਸ਼ੀ ਮਿਲੀ।
ਆਓ ਕੁਝ ਅਹਿਮ ਮੁਕੱਦਮਿਆਂ ਬਾਰੇ ਪੜ੍ਹੀਏ ਜਿਨ੍ਹਾਂ ਵਿਚ ਸਾਡੀ ਜਿੱਤ ਹੋਈ ਸੀ ਅਤੇ ਜਿਨ੍ਹਾਂ ਕਰਕੇ ਅੱਜ ਅਸੀਂ ਆਸਾਨੀ ਨਾਲ ਪ੍ਰਚਾਰ ਕਰ ਪਾਉਂਦੇ ਹਾਂ।
“ਰਾਜ ਦੇ ਪ੍ਰਚਾਰਕ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਹਨ” (ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ! [ਹਿੰਦੀ], ਅਧਿਆਇ 13)
a ਯਹੋਵਾਹ ਨੇ ਗਵਾਹਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਲਈ ਪ੍ਰਚਾਰ ਕਰਨ ਲਈ ਸਾਨੂੰ ਸਰਕਾਰੀ ਅਧਿਕਾਰੀਆਂ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
-
-
ਬਪਤਿਸਮਾ—ਇਕ ਵਧੀਆ ਜ਼ਿੰਦਗੀ ਦੀ ਸ਼ੁਰੂਆਤਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਾਠ 23
ਬਪਤਿਸਮਾ—ਇਕ ਵਧੀਆ ਜ਼ਿੰਦਗੀ ਦੀ ਸ਼ੁਰੂਆਤ
ਯਿਸੂ ਨੇ ਸਿਖਾਇਆ ਸੀ ਕਿ ਉਸ ਦੇ ਚੇਲੇ ਬਣਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। (ਮੱਤੀ 28:19, 20 ਪੜ੍ਹੋ।) ਪਰ ਸਵਾਲ ਹੈ ਕਿ ਬਪਤਿਸਮਾ ਕੀ ਹੁੰਦਾ ਹੈ? ਨਾਲੇ ਇਕ ਵਿਅਕਤੀ ਬਪਤਿਸਮਾ ਲੈਣ ਲਈ ਕੀ ਕਰ ਸਕਦਾ ਹੈ?
1. ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ?
“ਬਪਤਿਸਮਾ” ਇਕ ਯੂਨਾਨੀ ਸ਼ਬਦ ਦਾ ਅਨੁਵਾਦ ਹੈ ਜਿਸ ਦਾ ਮਤਲਬ ਹੈ ਪਾਣੀ ਵਿਚ “ਡੁਬਕੀ ਦੇਣੀ।” ਯਿਸੂ ਦਾ ਬਪਤਿਸਮਾ ਇਸੇ ਤਰ੍ਹਾਂ ਹੋਇਆ ਸੀ। ਉਸ ਨੂੰ ਯਰਦਨ ਦਰਿਆ ਵਿਚ ਡੁਬਕੀ ਦਿੱਤੀ ਗਈ ਸੀ ਅਤੇ ਫਿਰ ਉਹ “ਪਾਣੀ ਵਿੱਚੋਂ ਉੱਪਰ ਆਇਆ।” (ਮੱਤੀ 3:13, 16) ਸੱਚੇ ਮਸੀਹੀਆਂ ਨੂੰ ਵੀ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਬਪਤਿਸਮਾ ਦਿੱਤਾ ਜਾਂਦਾ ਹੈ।
2. ਬਪਤਿਸਮਾ ਲੈ ਕੇ ਇਕ ਵਿਅਕਤੀ ਕੀ ਦਿਖਾਉਂਦਾ ਹੈ?
ਬਪਤਿਸਮਾ ਲੈ ਕੇ ਇਕ ਵਿਅਕਤੀ ਦਿਖਾਉਂਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਹੈ। ਉਹ ਸਮਰਪਣ ਕਿਵੇਂ ਕਰਦਾ ਹੈ? ਬਪਤਿਸਮੇ ਤੋਂ ਪਹਿਲਾਂ ਉਹ ਇਕੱਲਿਆਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਹਮੇਸ਼ਾ ਉਸ ਦੀ ਸੇਵਾ ਕਰਨੀ ਚਾਹੁੰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਹੁਣ ਤੋਂ ਸਿਰਫ਼ ਉਸ ਦੀ ਭਗਤੀ ਕਰੇਗਾ ਤੇ ਉਸ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਪਹਿਲੀ ਜਗ੍ਹਾ ਦੇਵੇਗਾ। ਉਹ ਫ਼ੈਸਲਾ ਕਰਦਾ ਹੈ ਕਿ ਉਹ ‘ਆਪਣੇ ਆਪ ਦਾ ਤਿਆਗ ਕਰੇਗਾ’ ਅਤੇ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲੇਗਾ ਅਤੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰੇਗਾ। (ਮੱਤੀ 16:24) ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਹੀ ਇਕ ਵਿਅਕਤੀ ਯਹੋਵਾਹ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਗੂੜ੍ਹੀ ਦੋਸਤੀ ਕਰ ਪਾਉਂਦਾ ਹੈ।
3. ਬਪਤਿਸਮਾ ਲੈਣ ਲਈ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਹੈ?
ਬਪਤਿਸਮਾ ਲੈਣ ਦਾ ਟੀਚਾ ਹਾਸਲ ਕਰਨ ਲਈ ਇਕ ਵਿਅਕਤੀ ਨੂੰ ਯਹੋਵਾਹ ਬਾਰੇ ਸਿੱਖਣ ਅਤੇ ਉਸ ʼਤੇ ਆਪਣੀ ਨਿਹਚਾ ਵਧਾਉਣ ਦੀ ਲੋੜ ਹੈ। (ਇਬਰਾਨੀਆਂ 11:6 ਪੜ੍ਹੋ।) ਜਿੱਦਾਂ-ਜਿੱਦਾਂ ਉਹ ਇਸ ਤਰ੍ਹਾਂ ਕਰੇਗਾ, ਯਹੋਵਾਹ ਲਈ ਉਸ ਦਾ ਪਿਆਰ ਵਧਦਾ ਜਾਵੇਗਾ। ਫਿਰ ਆਪਣੇ ਆਪ ਉਸ ਦਾ ਦਿਲ ਕਰੇਗਾ ਕਿ ਉਹ ਦੂਜਿਆਂ ਨੂੰ ਉਸ ਬਾਰੇ ਦੱਸੇ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਵੇ। (2 ਤਿਮੋਥਿਉਸ 4:2; 1 ਯੂਹੰਨਾ 5:3) ਜਦੋਂ ਉਸ ਦਾ ‘ਚਾਲ-ਚਲਣ ਇਹੋ ਜਿਹਾ ਹੋਵੇਗਾ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ’ ਚਾਹੀਦਾ ਹੈ, ਤਾਂ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕਰ ਸਕਦਾ ਹੈ।—ਕੁਲੁੱਸੀਆਂ 1:9, 10.a
ਹੋਰ ਸਿੱਖੋ
ਬਾਈਬਲ ਵਿਚ ਯਿਸੂ ਦੇ ਬਪਤਿਸਮੇ ਬਾਰੇ ਜੋ ਦੱਸਿਆ ਗਿਆ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਇਕ ਵਿਅਕਤੀ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਆਓ ਜਾਣੀਏ।
4. ਯਿਸੂ ਦੇ ਬਪਤਿਸਮੇ ਬਾਰੇ ਜੋ ਦੱਸਿਆ ਗਿਆ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
ਯਿਸੂ ਦੇ ਬਪਤਿਸਮੇ ਬਾਰੇ ਹੋਰ ਜਾਣਨ ਲਈ ਮੱਤੀ 3:13-17 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਜਦੋਂ ਯਿਸੂ ਦਾ ਬਪਤਿਸਮਾ ਹੋਇਆ, ਤਾਂ ਕੀ ਉਹ ਨਿਆਣਾ ਸੀ?
ਕੀ ਯਿਸੂ ʼਤੇ ਪਾਣੀ ਛਿੜਕ ਕੇ ਬਪਤਿਸਮਾ ਦਿੱਤਾ ਗਿਆ ਸੀ? ਉਸ ਦਾ ਬਪਤਿਸਮਾ ਕਿਵੇਂ ਹੋਇਆ ਸੀ?
ਬਪਤਿਸਮੇ ਤੋਂ ਬਾਅਦ ਯਿਸੂ ਨੇ ਉਹ ਖ਼ਾਸ ਕੰਮ ਸ਼ੁਰੂ ਕੀਤਾ ਜਿਸ ਲਈ ਯਹੋਵਾਹ ਨੇ ਉਸ ਨੂੰ ਭੇਜਿਆ ਸੀ। ਲੂਕਾ 3:21-23 ਅਤੇ ਯੂਹੰਨਾ 6:38 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਪਤਿਸਮੇ ਤੋਂ ਬਾਅਦ ਯਿਸੂ ਨੇ ਕਿਹੜੇ ਕੰਮ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ?
5. ਤੁਸੀਂ ਵੀ ਬਪਤਿਸਮਾ ਲੈਣ ਦਾ ਟੀਚਾ ਹਾਸਲ ਕਰ ਸਕਦੇ ਹੋ
ਸ਼ਾਇਦ ਤੁਹਾਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਡਰ ਲੱਗਦਾ ਹੋਵੇ। ਭਾਵੇਂ ਇਹ ਬਹੁਤ ਵੱਡਾ ਫ਼ੈਸਲਾ ਹੈ, ਪਰ ਜੇ ਤੁਸੀਂ ਯਹੋਵਾਹ ਬਾਰੇ ਸਿੱਖਦੇ ਰਹੋਗੇ, ਤਾਂ ਇਕ ਸਮਾਂ ਆਵੇਗਾ ਜਦੋਂ ਤੁਹਾਨੂੰ ਲੱਗੇਗਾ ਕਿ ਤੁਸੀਂ ਬਪਤਿਸਮੇ ਲਈ ਤਿਆਰ ਹੋ। ਆਓ ਦੇਖੀਏ ਕਿ ਕੁਝ ਲੋਕਾਂ ਨੇ ਇਹ ਕਦਮ ਚੁੱਕਣ ਲਈ ਕੀ ਕੀਤਾ। ਵੀਡੀਓ ਦੇਖੋ।
ਯੂਹੰਨਾ 17:3 ਅਤੇ ਯਾਕੂਬ 1:5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਪਤਿਸਮਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ?
ਸਮਰਪਣ ਕਰਨ ਲਈ ਅਸੀਂ ਯਹੋਵਾਹ ਨੂੰ ਕਹਿੰਦੇ ਹਾਂ ਕਿ ਅਸੀਂ ਹਮੇਸ਼ਾ ਉਸ ਦੀ ਸੇਵਾ ਕਰਾਂਗੇ
ਬਪਤਿਸਮਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ
6. ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣੋਗੇ
ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਇਕ ਪਰਿਵਾਰ ਵਾਂਗ ਹਨ। ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ ਅਤੇ ਉਨ੍ਹਾਂ ਦੀ ਪਰਵਰਿਸ਼ ਵੱਖੋ-ਵੱਖਰੇ ਮਾਹੌਲ ਵਿਚ ਹੋਈ ਹੋਵੇ, ਫਿਰ ਵੀ ਉਹ ਇੱਕੋ ਜਿਹੀਆਂ ਸਿੱਖਿਆਵਾਂ ਅਤੇ ਨੈਤਿਕ ਮਿਆਰਾਂ ʼਤੇ ਚੱਲਦੇ ਹਨ। ਜਦੋਂ ਇਕ ਵਿਅਕਤੀ ਬਪਤਿਸਮਾ ਲੈਂਦਾ ਹੈ, ਤਾਂ ਉਹ ਇਸ ਪਰਿਵਾਰ ਦਾ ਹਿੱਸਾ ਬਣ ਜਾਂਦਾ ਹੈ। ਜ਼ਬੂਰ 25:14 ਅਤੇ 1 ਪਤਰਸ 2:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਪਤਿਸਮਾ ਲੈਣ ਤੋਂ ਬਾਅਦ ਤੁਹਾਡਾ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਬਣ ਜਾਵੇਗਾ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਂ ਅਜੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹਾਂ।”
ਸ਼ਾਇਦ ਤੁਸੀਂ ਵੀ ਇੱਦਾਂ ਹੀ ਸੋਚੋ, ਫਿਰ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਬਪਤਿਸਮਾ ਲੈਣ ਦਾ ਟੀਚਾ ਰੱਖਣਾ ਵਧੀਆ ਹੋਵੇਗਾ?
ਹੁਣ ਤਕ ਅਸੀਂ ਸਿੱਖਿਆ
ਯਿਸੂ ਨੇ ਸਿਖਾਇਆ ਸੀ ਕਿ ਉਸ ਦੇ ਚੇਲੇ ਬਣਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਪਰ ਬਪਤਿਸਮਾ ਲੈਣ ਲਈ ਇਕ ਵਿਅਕਤੀ ਨੂੰ ਯਹੋਵਾਹ ʼਤੇ ਆਪਣੀ ਨਿਹਚਾ ਮਜ਼ਬੂਤ ਕਰਨ, ਉਸ ਦੇ ਮਿਆਰਾਂ ਮੁਤਾਬਕ ਜੀਉਣ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀ ਲੋੜ ਹੈ।
ਤੁਸੀਂ ਕੀ ਕਹੋਗੇ?
ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ ਅਤੇ ਬਪਤਿਸਮਾ ਲੈਣਾ ਜ਼ਰੂਰੀ ਕਿਉਂ ਹੈ?
ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?
ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
ਇਹ ਵੀ ਦੇਖੋ
ਜਾਣੋ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਹੈ ਅਤੇ ਕੀ ਨਹੀਂ।
ਆਓ ਗੌਰ ਕਰੀਏ ਕਿ ਇਕ ਵਿਅਕਤੀ ਬਪਤਿਸਮਾ ਲੈਣ ਲਈ ਕੀ ਕਰ ਸਕਦਾ ਹੈ।
“ਯਹੋਵਾਹ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਬਪਤਿਸਮੇ ਲਈ ਜ਼ਰੂਰੀ ਹਨ” (ਪਹਿਰਾਬੁਰਜ, ਮਾਰਚ 2020)
ਇਕ ਆਦਮੀ ਨੇ ਸਿਰਫ਼ ਜਜ਼ਬਾਤਾਂ ਵਿਚ ਆ ਕੇ ਬਪਤਿਸਮਾ ਨਹੀਂ ਲਿਆ। ਆਓ ਪੜ੍ਹੀਏ ਕਿ ਉਸ ਨੇ ਇਹ ਫ਼ੈਸਲਾ ਕਿਸ ਆਧਾਰ ʼਤੇ ਲਿਆ।
“ਉਹ ਚਾਹੁੰਦੇ ਸਨ ਕਿ ਮੈਂ ਖ਼ੁਦ ਸੱਚਾਈ ਦੀ ਜਾਂਚ ਕਰਾਂ” (ਪਹਿਰਾਬੁਰਜ, ਮਾਰਚ-ਅਪ੍ਰੈਲ 2013)
ਗੌਰ ਕਰੋ ਕਿ ਬਪਤਿਸਮਾ ਲੈਣ ਦਾ ਟੀਚਾ ਰੱਖਣਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਹਾਸਲ ਕਰ ਸਕਦੇ ਹੋ।
a ਜੇ ਇਕ ਵਿਅਕਤੀ ਦਾ ਪਹਿਲਾਂ ਕਿਸੇ ਹੋਰ ਧਰਮ ਵਿਚ ਬਪਤਿਸਮਾ ਹੋ ਚੁੱਕਾ ਹੈ, ਤਾਂ ਉਸ ਨੂੰ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਕਿਉਂ? ਕਿਉਂਕਿ ਜਿਸ ਧਰਮ ਨੂੰ ਉਹ ਮੰਨਦਾ ਸੀ, ਉਸ ਵਿਚ ਬਾਈਬਲ ਦੀਆਂ ਸੱਚਾਈਆਂ ਨਹੀਂ ਸਿਖਾਈਆਂ ਗਈਆਂ ਸਨ।—ਰਸੂਲਾਂ ਦੇ ਕੰਮ 19:1-5 ਅਤੇ ਪਾਠ 13 ਦੇਖੋ।
-