Brais Seara/Moment via Getty Images
ਖ਼ਬਰਦਾਰ ਰਹੋ!
ਭਿਆਨਕ ਸੋਕਾ—ਬਾਈਬਲ ਕੀ ਕਹਿੰਦੀ ਹੈ?
‘ਚੀਨ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਲੂ ਚੱਲ ਰਹੀ ਹੈ। 1961 ਤੋਂ ਬਾਅਦ ਤੀਜੀ ਵਾਰ ਇੱਦਾਂ ਹੋਇਆ ਹੈ। ਇਸ ਸਮੇਂ ਦੌਰਾਨ ਪੂਰੇ ਦੇਸ਼ ਵਿਚ ਉੱਚ ਤਾਪਮਾਨ ਵਾਲੇ ਦਿਨਾਂ ਦੀ ਔਸਤਨ ਗਿਣਤੀ 1961 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।’—ਚੀਨ ਮੌਸਮ ਵਿਭਾਗ, 5 ਅਗਸਤ 2022.
“ਮੌਸਮ ਵਿਭਾਗ ਨੇ ਦੱਸਿਆ ਕਿ ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ ਪੰਜਵੇਂ ਸਾਲ ਵੀ ਸੋਕਾ ਜਾਰੀ ਰਹੇਗਾ।”—ਯੂ. ਐਨ. ਨਿਊਜ਼, 26 ਅਗਸਤ 2022.
“ਯੂਰਪ ਦੇ ਦੋ-ਤਿਹਾਈ ਹਿੱਸੇ ਵਿਚ ਸੋਕੇ ਦੀ ਚੇਤਾਵਨੀ ਦਿੱਤੀ ਗਈ। ਮੰਨਿਆ ਜਾਂਦਾ ਹੈ ਕਿ ਪਿਛਲੇ 500 ਸਾਲਾਂ ਵਿਚ ਇਹ ਸਭ ਤੋਂ ਭਿਆਨਕ ਸੋਕਾ ਹੋਵੇਗਾ।”—ਬੀ. ਬੀ. ਸੀ. ਨਿਊਜ਼, 23 ਅਗਸਤ 2022.
ਬਹੁਤ ਸਾਰੇ ਮਾਹਰਾਂ ਨੇ ਅੰਦਾਜ਼ਾ ਲਾਇਆ ਕਿ ਦੁਨੀਆਂ ਵਿਚ ਸੋਕੇ ਜਾਰੀ ਰਹਿਣਗੇ ਅਤੇ ਹੋਰ ਵੀ ਜ਼ਿਆਦਾ ਭਿਆਨਕ ਹੋਣਗੇ। ਤਾਂ ਫਿਰ, ਕੀ ਚੰਗੇ ਭਵਿੱਖ ਦੀ ਕੋਈ ਉਮੀਦ ਹੈ? ਬਾਈਬਲ ਕੀ ਕਹਿੰਦੀ ਹੈ?
ਸੋਕਾ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ
ਬਾਈਬਲ ਵਿਚ ਸਾਡੇ ਦਿਨਾਂ ਬਾਰੇ ਦੱਸਿਆ ਗਿਆ ਸੀ:
“ਥਾਂ-ਥਾਂ ਕਾਲ਼ ਪੈਣਗੇ।”—ਲੂਕਾ 21:11.
ਸੋਕੇ ਕਰਕੇ ਅਕਸਰ ਭੋਜਨ ਦੀ ਕਮੀ ਆ ਜਾਂਦੀ ਹੈ। ਭੁੱਖਮਰੀ ਕਰਕੇ ਇਨਸਾਨਾਂ ʼਤੇ ਹੋਰ ਵੀ ਦੁੱਖ ਆਉਂਦੇ ਹਨ ਅਤੇ ਮੌਤਾਂ ਹੁੰਦੀਆਂ ਹਨ। ਇਸ ਤਰ੍ਹਾਂ ਬਾਈਬਲ ਦੀ ਭਵਿੱਖਬਾਣੀ ਪੂਰੀ ਹੁੰਦੀ ਹੈ।—ਪ੍ਰਕਾਸ਼ ਦੀ ਕਿਤਾਬ 6:6, 8.
ਸਮੇਂ ਦੇ ਬੀਤਣ ਨਾਲ ਸੋਕੇ ਭਿਆਨਕ ਕਿਉਂ ਹੁੰਦੇ ਜਾ ਰਹੇ ਹਨ?
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸੋਕੇ ਕਿਉਂ ਭਿਆਨਕ ਹੁੰਦੇ ਜਾ ਰਹੇ ਹਨ। ਇਹ ਕਹਿੰਦੀ ਹੈ:
“[ਇਨਸਾਨ] ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।”—ਯਿਰਮਿਯਾਹ 10:23.
ਇਸ ਦਾ ਮਤਲਬ ਹੈ ਕਿ ਇਨਸਾਨ “ਆਪਣੇ ਕਦਮਾਂ” ਨੂੰ ਸਹੀ ਸੇਧ ਨਹੀਂ ਦੇ ਸਕਦੇ ਯਾਨੀ ਖ਼ੁਦ ਸਹੀ ਤਰੀਕੇ ਨਾਲ ਰਾਜ ਨਹੀਂ ਕਰ ਸਕਦੇ। ਉਨ੍ਹਾਂ ਦੇ ਗ਼ਲਤ ਪ੍ਰਬੰਧਾਂ ਕਰਕੇ ਅਕਸਰ ਸੋਕੇ ਪੈਂਦੇ ਹਨ ਅਤੇ ਪਾਣੀ ਦੀ ਕਮੀ ਹੁੰਦੀ ਹੈ।
ਬਹੁਤ ਸਾਰੇ ਸਾਇੰਸਦਾਨ ਮੰਨਦੇ ਹਨ ਕਿ ਇਨਸਾਨਾਂ ਦੀਆਂ ਗਤੀਵਿਧੀਆਂ ਕਰਕੇ ਹੀ ਵਾਤਾਵਰਣ ਗਰਮ ਹੋ ਰਿਹਾ ਹੈ ਜਿਸ ਕਰਕੇ ਪੂਰੀ ਦੁਨੀਆਂ ਵਿਚ ਹੋਰ ਵੀ ਜ਼ਿਆਦਾ ਸੋਕੇ ਪੈ ਰਹੇ ਹਨ।
ਇਨਸਾਨਾਂ ਦੇ ਲਾਲਚ ਅਤੇ ਬਿਨਾਂ ਸੋਚੇ-ਸਮਝੇ ਬਣਾਈਆਂ ਨੀਤੀਆਂ ਕਰਕੇ ਜੰਗਲ ਨਸ਼ਟ ਹੋ ਰਹੇ ਹਨ, ਪ੍ਰਦੂਸ਼ਣ ਵਧ ਰਿਹਾ ਹੈ ਅਤੇ ਕੁਦਰਤੀ ਚੀਜ਼ਾਂ ਦਾ ਗ਼ਲਤ ਇਸਤੇਮਾਲ ਹੋ ਰਿਹਾ ਹੈ। ਇਸ ਕਰਕੇ ਪਾਣੀ ਦੀ ਕਮੀ ਇਕ ਗੰਭੀਰ ਸਮੱਸਿਆ ਬਣ ਗਈ ਹੈ।
ਪਰ ਬਾਈਬਲ ਸਾਨੂੰ ਉਮੀਦ ਦਿੰਦੀ ਹੈ।
ਕੀ ਭਵਿੱਖ ਲਈ ਕੋਈ ਉਮੀਦ ਹੈ?
ਬਾਈਬਲ ਵਾਅਦਾ ਕਰਦੀ ਹੈ ਕਿ ਅੱਜ ਪਾਣੀ ਦੀ ਕਮੀ ਦੀ ਜੋ ਗੰਭੀਰ ਸਮੱਸਿਆ ਹੈ, ਰੱਬ ਹੀ ਉਸ ਨੂੰ ਹੱਲ ਕਰੇਗਾ। ਕਿਵੇਂ?
1. ਰੱਬ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਗਾ।’ (ਪ੍ਰਕਾਸ਼ ਦੀ ਕਿਤਾਬ 11:18) ਰੱਬ ਦੁਸ਼ਟ ਅਤੇ ਲਾਲਚੀ ਲੋਕਾਂ ਦਾ ਨਾਸ਼ ਕਰ ਦੇਵੇਗਾ ਜਿਨ੍ਹਾਂ ਦੇ ਕੰਮਾਂ ਕਰਕੇ ਪਾਣੀ ਦੀ ਸਮੱਸਿਆ ਖੜ੍ਹੀ ਹੋ ਰਹੀ ਹੈ।—2 ਤਿਮੋਥਿਉਸ 3:1, 2.
2. “ਝੁਲ਼ਸੀ ਹੋਈ ਜ਼ਮੀਨ ਕਾਨਿਆਂ ਵਾਲਾ ਤਲਾਬ ਬਣ ਜਾਵੇਗੀ।” (ਯਸਾਯਾਹ 35:1, 6, 7) ਸੋਕੇ ਕਰਕੇ ਜੋ ਵੀ ਨੁਕਸਾਨ ਹੋਏ ਹਨ, ਰੱਬ ਉਸ ਨੂੰ ਪੂਰਾ ਕਰ ਦੇਵੇਗਾ। ਇਸ ਕਰਕੇ ਪੂਰੀ ਧਰਤੀ ਖ਼ੂਬਸੂਰਤ ਬਣ ਜਾਵੇਗੀ ਅਤੇ ਇਸ ਉੱਤੇ ਬਹੁਤ ਪਾਣੀ ਹੋਵੇਗਾ।
3. “ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ, ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।” (ਜ਼ਬੂਰ 65:9) ਰੱਬ ਦੀ ਬਰਕਤ ਸਦਕਾ ਸਾਰਿਆਂ ਲਈ ਬਹੁਤ ਸਾਰਾ ਖਾਣਾ ਅਤੇ ਸਾਫ਼ ਪਾਣੀ ਹੋਵੇਗਾ।