ਬਾਈਬਲ ਦੀ ਵਿਆਖਿਆ—ਕਿਸ ਦੀ ਪ੍ਰੇਰਣਾ ਨਾਲ?
ਸ਼ਬਦ “ਵਿਆਖਿਆ ਕਰਨੀ” ਦੀ ਇਕ ਪਰਿਭਾਸ਼ਾ ਹੈ, “ਆਪਣੇ ਵਿਸ਼ਵਾਸ, ਆਪਣੀ ਰਾਇ ਜਾਂ ਆਪਣੇ ਹਾਲਾਤ ਅਨੁਸਾਰ ਅਰਥ ਕੱਢਣਾ।” (ਵੈਬਸਟਰਸ ਨਾਇੰਥ ਨਿਊ ਕੌਲੀਜੀਏਟ ਡਿਕਸ਼ਨਰੀ) ਇਸ ਲਈ, ਇਕ ਵਿਅਕਤੀ ਕਿਸੇ ਵੀ ਗੱਲ ਦੀ ਕਿਵੇਂ ਵਿਆਖਿਆ ਕਰਦਾ ਹੈ, ਇਸ ਉੱਤੇ ਉਸ ਦੇ ਪਿਛੋਕੜ, ਸਿੱਖਿਆ ਅਤੇ ਪਰਵਰਿਸ਼ ਦਾ ਅਸਰ ਪੈਂਦਾ ਹੈ।
ਪਰ ਬਾਈਬਲ ਦੀ ਵਿਆਖਿਆ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਅਸੀਂ ਬਾਈਬਲ ਦੀਆਂ ਆਇਤਾਂ ਦੀ ਆਪਣੇ “ਵਿਸ਼ਵਾਸ, ਆਪਣੀ ਰਾਇ ਜਾਂ ਆਪਣੇ ਹਾਲਾਤ” ਅਨੁਸਾਰ ਵਿਆਖਿਆ ਕਰਨ ਲਈ ਆਜ਼ਾਦ ਹਾਂ? ਨਿਰਸੰਦੇਹ, ਬਹੁਤ ਸਾਰੇ ਬਾਈਬਲ ਵਿਦਵਾਨ ਅਤੇ ਅਨੁਵਾਦਕ ਦਾਅਵਾ ਕਰਦੇ ਹਨ ਕਿ ਉਹ ਇੰਜ ਨਹੀਂ ਕਰਦੇ, ਬਲਕਿ ਉਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੁੰਦੇ ਹਨ।
ਉਦਾਹਰਣ ਵਜੋਂ, ਧਿਆਨ ਦਿਓ ਕਿ “ਇਕ ਕੈਥੋਲਿਕ” ਦੇ ਫ਼ਰਜ਼ੀ ਨਾਂ ਹੇਠ ਜੌਨ ਲਿੰਗਾਰਡ ਦੁਆਰਾ 1836 ਵਿਚ ਪ੍ਰਕਾਸ਼ਿਤ ਏ ਨਿਊ ਵਰਯਨ ਆਫ਼ ਦ ਫ਼ੋਰ ਗੌਸਪਲਸ ਵਿਚ ਯੂਹੰਨਾ 1:1 ਦਾ ਇਕ ਫੁਟਨੋਟ ਕੀ ਕਹਿੰਦਾ ਹੈ। ਇਹ ਕਹਿੰਦਾ ਹੈ: “ਹਰ ਧਾਰਮਿਕ ਵਿਸ਼ਵਾਸ ਦੇ ਲੋਕ ਪਵਿੱਤਰ ਸ਼ਾਸਤਰ ਵਿਚ ਆਪਣੇ ਨਿੱਜੀ ਵਿਸ਼ਵਾਸਾਂ ਦਾ ਸਬੂਤ ਪਾਉਂਦੇ ਹਨ: ਕਿਉਂਕਿ ਦਰਅਸਲ ਸ਼ਾਸਤਰ ਉਨ੍ਹਾਂ ਨੂੰ ਅਰਥ ਨਹੀਂ ਦੱਸਦਾ ਹੈ ਬਲਕਿ ਉਹ ਖ਼ੁਦ ਸ਼ਾਸਤਰ ਵਿੱਚੋਂ ਆਪਣੇ-ਆਪਣੇ ਅਰਥ ਕੱਢਦੇ ਹਨ।”
ਲੇਖਕ ਜੋ ਕਹਿ ਰਿਹਾ ਹੈ ਉਹ ਅਸੀਂ ਸਮਝਦੇ ਹਾਂ, ਪਰ ਅਸਲ ਵਿਚ ਉਸ ਦੇ ਕਹਿਣ ਦਾ ਉਦੇਸ਼ ਕੀ ਸੀ? ਇਹ ਗੱਲ ਉਸ ਨੇ ਯੂਹੰਨਾ 1:1 ਦੀ ਆਪਣੀ ਵਿਆਖਿਆ ਦਾ ਸਮਰਥਨ ਕਰਨ ਲਈ ਕਹੀ ਸੀ, ਜਿਸ ਨੂੰ ਉਸ ਨੇ ਇੰਜ ਅਨੁਵਾਦ ਕੀਤਾ: “ਆਦ ਵਿੱਚ ‘ਸ਼ਬਦ’ ਸੀ; ਅਰ ‘ਸ਼ਬਦ’ ਪਰਮੇਸ਼ੁਰ ਦੇ ਸੰਗ ਸੀ; ਅਤੇ ‘ਸ਼ਬਦ’ ਪਰਮੇਸ਼ੁਰ ਸੀ।” ਤ੍ਰਿਏਕ ਦੀ ਸਿੱਖਿਆ ਦਾ ਸਮਰਥਨ ਕਰਨ ਲਈ ਇਸ ਆਇਤ ਨੂੰ ਆਮ ਤੌਰ ਤੇ ਇਸੇ ਤਰ੍ਹਾਂ ਹੀ ਅਨੁਵਾਦ ਕੀਤਾ ਜਾਂਦਾ ਹੈ।
ਤ੍ਰਿਏਕਵਾਦ ਦੇ ਸਮਰਥਨ ਵਿਚ ਯੂਹੰਨਾ 1:1 ਦਾ ਅਨੁਵਾਦ ਕਰਨ ਲਈ ਲੇਖਕ ਨੂੰ ਕਿਸ ਚੀਜ਼ ਨੇ ਪ੍ਰੇਰਿਆ? ਕੀ ‘ਸ਼ਾਸਤਰ ਨੇ ਉਸ ਨੂੰ ਇਸ ਦਾ ਅਰਥ ਦੱਸਿਆ’ ਸੀ? ਇਹ ਨਾਮੁਮਕਿਨ ਹੈ, ਕਿਉਂਕਿ ਬਾਈਬਲ ਵਿਚ ਕਿਤੇ ਵੀ ਤ੍ਰਿਏਕ ਦੀ ਸਿੱਖਿਆ ਨਹੀਂ ਪਾਈ ਜਾਂਦੀ। ਧਿਆਨ ਦਿਓ ਕਿ ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ: “ਨਵੇਂ ਨੇਮ ਵਿਚ ਨਾ ਤਾਂ ਤ੍ਰਿਏਕ ਸ਼ਬਦ ਤੇ ਨਾ ਹੀ ਇਸ ਦਾ ਸਪੱਸ਼ਟ ਸਿਧਾਂਤ ਪਾਇਆ ਜਾਂਦਾ ਹੈ।” ਇਸ ਤੋਂ ਇਲਾਵਾ, ਯੇਲ ਯੂਨੀਵਰਸਿਟੀ ਦਾ ਇਕ ਪ੍ਰੋਫ਼ੈਸਰ ਈ. ਵੌਸ਼ਬਰਨ ਹੌਪਕਿੰਸ ਟਿੱਪਣੀ ਕਰਦਾ ਹੈ: “ਯਿਸੂ ਅਤੇ ਪੌਲੁਸ ਤ੍ਰਿਏਕ ਦੇ ਸਿਧਾਂਤ ਤੋਂ ਬਿਲਕੁਲ ਨਾਵਾਕਫ਼ ਸਨ; . . . ਉਨ੍ਹਾਂ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ।”
ਤਾਂ ਫਿਰ ਅਸੀਂ ਉਨ੍ਹਾਂ ਲੋਕਾਂ ਬਾਰੇ ਕੀ ਸਿੱਟਾ ਕੱਢ ਸਕਦੇ ਹਾਂ ਜਿਹੜੇ ਕਿ ਤ੍ਰਿਏਕ ਦੇ ਸਮਰਥਨ ਵਿਚ ਕੀਤੀ ਗਈ ਯੂਹੰਨਾ 1:1 ਦੀ ਜਾਂ ਬਾਈਬਲ ਵਿੱਚੋਂ ਕਿਸੇ ਹੋਰ ਆਇਤ ਦੀ ਵਿਆਖਿਆ ਦੀ ਹਿਮਾਇਤ ਕਰਦੇ ਹਨ? ਲਿੰਗਾਰਡ ਦੀ ਆਪਣੀ ਕਸੌਟੀ ਅਨੁਸਾਰ, “ਸ਼ਾਸਤਰ ਉਨ੍ਹਾਂ ਨੂੰ ਅਰਥ ਨਹੀਂ ਦੱਸਦਾ ਹੈ ਬਲਕਿ ਉਹ ਖ਼ੁਦ ਸ਼ਾਸਤਰ ਵਿੱਚੋਂ ਆਪਣੇ-ਆਪਣੇ ਅਰਥ ਕੱਢਦੇ ਹਨ।”
ਪਰ ਖ਼ੁਸ਼ੀ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਪਰਮੇਸ਼ੁਰ ਦਾ ਆਪਣਾ ਬਚਨ ਸਾਨੂੰ ਰਾਹ ਦਿਖਾਉਂਦਾ ਹੈ। “ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ। ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”—2 ਪਤਰਸ 1:20, 21.