-
‘ਦਿਲਾਸੇ ਦਾ ਪਰਮੇਸ਼ੁਰ’ਪਹਿਰਾਬੁਰਜ—2008 | ਅਕਤੂਬਰ 1
-
-
ਜ਼ਿੰਦਗੀ ਵਿਚ ਕਈ ਗੱਲਾਂ ਹਨ ਜੋ ਸਾਨੂੰ ਉਦਾਸ ਕਰਦੀਆਂ ਹਨ ਜਿਵੇਂ ਕੋਈ ਦੁੱਖ, ਨਿਰਾਸ਼ਾ, ਜਾਂ ਇਕੱਲਾਪਣ। ਇਨ੍ਹਾਂ ਸਮਿਆਂ ਤੇ ਤੁਸੀਂ ਸ਼ਾਇਦ ਸੋਚੋ ਕਿ ‘ਮੈਂ ਮਦਦ ਲਈ ਕਿਸ ਕੋਲ ਜਾਵਾਂ?’ 2 ਕੁਰਿੰਥੀਆਂ 1:3, 4 (ERV) ਵਿਚ ਪਾਏ ਜਾਂਦੇ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਸਾਨੂੰ ਦਿਲਾਸਾ ਦੇਣ ਲਈ ਹਮੇਸ਼ਾ ਤਿਆਰ ਹੈ।
ਆਇਤ 3 ਵਿਚ ਪਰਮੇਸ਼ੁਰ ਨੂੰ ‘ਦਇਆ ਨਾਲ ਭਰਪੂਰ ਪਿਤਾ’ ਕਿਹਾ ਗਿਆ ਹੈ। ਇਸ ਦਾ ਕੀ ਮਤਲਬ ਹੈ? “ਦਇਆ” ਲਈ ਵਰਤੇ ਯੂਨਾਨੀ ਸ਼ਬਦ ਦਾ ਮਤਲਬ ਦੂਸਰਿਆਂ ਦੇ ਦਰਦ ਨੂੰ ਸਮਝਣਾ ਹੋ ਸਕਦਾ ਹੈ।a ਇਸ ਸ਼ਬਦ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਇਸ ਦਾ ਮਤਲਬ “ਤਰਸ ਖਾਣਾ” ਜਾਂ “ਬਹੁਤ ਪਰਵਾਹ ਕਰਨੀ” ਵੀ ਹੋ ਸਕਦਾ ਹੈ। ਪਰਮੇਸ਼ੁਰ ਦੀ ਦਇਆ ਉਸ ਨੂੰ ਸਾਡੇ ਲਈ ਕੁਝ ਕਰਨ ਲਈ ਮਜਬੂਰ ਕਰਦੀ ਹੈ। ਪਰਮੇਸ਼ੁਰ ਦੇ ਇਸ ਗੁਣ ਬਾਰੇ ਜਾਣ ਕੇ ਕੀ ਅਸੀਂ ਉਸ ਦੇ ਹੋਰ ਨਜ਼ਦੀਕ ਨਹੀਂ ਆਉਣਾ ਚਾਹੁੰਦੇ?
ਪੌਲੁਸ ਯਹੋਵਾਹ ਨੂੰ ‘ਦਿਲਾਸੇ ਦਾ ਪਰਮੇਸ਼ੁਰ’ ਵੀ ਕਹਿੰਦਾ ਹੈ। ਇੱਥੇ ਪੌਲੁਸ ਜੋ ਸ਼ਬਦ ਵਰਤਦਾ ਹੈ, ਉਸ ਦਾ ਮਤਲਬ ਹੈ “ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਜਾਂ ਦੁਖੀ ਵਿਅਕਤੀ ਨੂੰ ਲਫ਼ਜ਼ਾਂ ਰਾਹੀਂ ਦਿਲਾਸਾ ਦੇਣਾ ਅਤੇ ਕੁਝ ਕਰ ਕੇ ਹੌਸਲਾ ਦੇਣਾ।” ਇਕ ਹੋਰ ਬਾਈਬਲ ਕਹਿੰਦੀ ਹੈ: “ਅਸੀਂ ਉਦੋਂ ਦੁਖੀ ਇਨਸਾਨ ਨੂੰ ਦਿਲਾਸਾ ਦਿੰਦੇ ਹਾਂ ਜਦੋਂ ਅਸੀਂ ਦੁੱਖ ਸਹਿਣ ਲਈ ਉਸ ਦਾ ਹੌਸਲਾ ਵਧਾਉਂਦੇ ਹਨ।”
ਤੁਸੀਂ ਸ਼ਾਇਦ ਪੁੱਛੋ, ‘ਰੱਬ ਸਾਨੂੰ ਕਿਵੇਂ ਦੁੱਖ ਸਹਿਣ ਲਈ ਦਿਲਾਸਾ ਅਤੇ ਹੌਸਲਾ ਦਿੰਦਾ ਹੈ।’ ਉਹ ਖ਼ਾਸ ਕਰਕੇ ਆਪਣੇ ਬਚਨ ਬਾਈਬਲ ਅਤੇ ਪ੍ਰਾਰਥਨਾ ਰਾਹੀਂ ਦਿਲਾਸਾ ਦਿੰਦਾ ਹੈ। ਪੌਲੁਸ ਦੱਸਦਾ ਹੈ ਕਿ ਪਰਮੇਸ਼ੁਰ ਨੇ ਪਿਆਰ ਨਾਲ ਸਾਨੂੰ ਆਪਣਾ ਬਚਨ ਦਿੱਤਾ ਹੈ ਤਾਂਕਿ ਅਸੀਂ “ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” ਇਸ ਦੇ ਨਾਲ-ਨਾਲ ਪ੍ਰਾਰਥਨਾ ਰਾਹੀਂ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ” ਮਿਲਦੀ ਹੈ।— ਰੋਮੀਆਂ 15:4; ਫ਼ਿਲਿੱਪੀਆਂ 4:7.
-
-
‘ਦਿਲਾਸੇ ਦਾ ਪਰਮੇਸ਼ੁਰ’ਪਹਿਰਾਬੁਰਜ—2008 | ਅਕਤੂਬਰ 1
-
-
a ਪਰਮੇਸ਼ੁਰ ਨੂੰ ‘ਦਇਆ ਦਾ ਪਿਤਾ’ ਕਿਹਾ ਗਿਆ ਹੈ। ਕਹਿਣ ਦਾ ਭਾਵ ਹੈ ਕਿ ਦਇਆ ਉਸ ਦੀ ਇਕ ਖੂਬੀ ਹੀ ਨਹੀਂ, ਸਗੋਂ ਉਹ ਦਇਆ ਦਾ ਸਾਗਰ ਹੈ।
-