ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓ
    ਪਹਿਰਾਬੁਰਜ (ਸਟੱਡੀ)—2019 | ਜੂਨ
    • ‘ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ’

      7. ਅਸੀਂ ਆਪਣੀ ਸੋਚ ਨੂੰ ਕਿਵੇਂ ਬਦਲ ਸਕਦੇ ਹਾਂ?

      7 ਕੀ ਆਪਣੀ ਸੋਚ ਬਦਲਣੀ ਮੁਮਕਿਨ ਹੈ? ਪਰਮੇਸ਼ੁਰ ਦਾ ਬਚਨ ਜਵਾਬ ਦਿੰਦਾ ਹੈ: “ਤੁਹਾਨੂੰ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹਿਣਾ ਚਾਹੀਦਾ ਹੈ, ਅਤੇ ਤੁਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।” (ਅਫ਼. 4:23, 24) ਜੀ ਹਾਂ, ਅਸੀਂ ਆਪਣੀ ਸੋਚ ਬਦਲ ਸਕਦੇ ਹਾਂ, ਪਰ ਇੱਦਾਂ ਕਰਨਾ ਸੌਖਾ ਨਹੀਂ ਹੈ। ਸਾਨੂੰ ਸਿਰਫ਼ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਅਤੇ ਗ਼ਲਤ ਕੰਮ ਕਰਨੇ ਛੱਡਣੇ ਹੀ ਨਹੀਂ ਚਾਹੀਦੇ, ਸਗੋਂ ਸਾਨੂੰ “ਆਪਣੀ ਸੋਚ” ਨੂੰ ਵੀ ਬਦਲਣ ਦੀ ਲੋੜ ਹੈ। ਇਸ ਵਿਚ ਆਪਣੀਆਂ ਇੱਛਾਵਾਂ, ਆਪਣੇ ਵਿਚਾਰਾਂ ਅਤੇ ਇਰਾਦਿਆਂ ਨੂੰ ਬਦਲਣਾ ਵੀ ਸ਼ਾਮਲ ਹੈ। ਇੱਦਾਂ ਕਰਨ ਲਈ ਸਾਨੂੰ ਲਗਾਤਾਰ ਜਤਨ ਕਰਦੇ ਰਹਿਣ ਦੀ ਲੋੜ ਹੈ।

      8-9. ਇਕ ਭਰਾ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ?

      8 ਆਓ ਆਪਾਂ ਇਕ ਭਰਾ ਦੀ ਮਿਸਾਲ ʼਤੇ ਗੌਰ ਕਰੀਏ ਜੋ ਪਹਿਲਾਂ ਹਿੰਸਕ ਸੀ। ਉਹ ਹੱਦੋਂ ਵੱਧ ਸ਼ਰਾਬ ਪੀਂਦਾ ਸੀ ਤੇ ਲੜਾਈਆਂ ਕਰਦਾ ਸੀ, ਪਰ ਉਸ ਨੇ ਇਹ ਸਾਰਾ ਕੁਝ ਛੱਡ ਦਿੱਤਾ ਤੇ ਬਪਤਿਸਮਾ ਲੈ ਲਿਆ। ਇਸ ਕਰਕੇ ਉਸ ਦੇ ਇਲਾਕੇ ਦੇ ਲੋਕਾਂ ਨੂੰ ਵਧੀਆ ਗਵਾਹੀ ਮਿਲੀ। ਉਸ ਨੂੰ ਬਪਤਿਸਮਾ ਲਏ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਅਚਾਨਕ ਉਸ ʼਤੇ ਇਕ ਪਰਤਾਵਾ ਆਇਆ। ਇਕ ਸ਼ਰਾਬੀ ਆਦਮੀ ਭਰਾ ਦੇ ਘਰ ਆਇਆ ਅਤੇ ਉਸ ਨਾਲ ਲੜਨਾ ਚਾਹੁੰਦਾ ਸੀ। ਪਹਿਲਾਂ-ਪਹਿਲ ਤਾਂ ਭਰਾ ਨੇ ਆਪਣੇ ਆਪ ʼਤੇ ਕਾਬੂ ਪਾਇਆ। ਪਰ ਜਦੋਂ ਉਹ ਆਦਮੀ ਯਹੋਵਾਹ ਬਾਰੇ ਪੁੱਠਾ-ਸਿੱਧਾ ਬੋਲਣ ਲੱਗਾ, ਤਾਂ ਉਹ ਭਰਾ ਆਪਣੇ ਗੁੱਸੇ ʼਤੇ ਕਾਬੂ ਨਾ ਰੱਖ ਸਕਿਆ। ਉਸ ਨੇ ਬਾਹਰ ਜਾ ਕੇ ਉਸ ਆਦਮੀ ਨੂੰ ਕੁੱਟਿਆ। ਉਸ ਨੇ ਇੱਦਾਂ ਕਿਉਂ ਕੀਤਾ? ਭਾਵੇਂ ਕਿ ਬਾਈਬਲ ਦਾ ਅਧਿਐਨ ਕਰਨ ਕਰਕੇ ਉਹ ਲੜਨ ਦੀ ਆਪਣੀ ਇੱਛਾ ʼਤੇ ਕਾਬੂ ਪਾ ਸਕਿਆ, ਪਰ ਉਸ ਨੇ ਅਜੇ ਆਪਣੀ ਸੋਚ ਨਹੀਂ ਬਦਲੀ ਸੀ।

      9 ਪਰ ਇਸ ਭਰਾ ਨੇ ਹਾਰ ਨਹੀਂ ਮੰਨੀ। (ਕਹਾ. 24:16) ਬਜ਼ੁਰਗਾਂ ਦੀ ਮਦਦ ਨਾਲ ਉਹ ਲਗਾਤਾਰ ਤਰੱਕੀ ਕਰਦਾ ਰਿਹਾ। ਅਖ਼ੀਰ ਉਸ ਨੂੰ ਮੰਡਲੀ ਦਾ ਬਜ਼ੁਰਗ ਬਣਾਇਆ ਗਿਆ। ਫਿਰ ਇਕ ਸ਼ਾਮ ਕਿੰਗਡਮ ਹਾਲ ਦੇ ਬਾਹਰ ਉਸ ਦੀ ਉਹੀ ਪਰਖ ਹੋਈ ਜੋ ਸਾਲਾਂ ਪਹਿਲਾਂ ਹੋਈ ਸੀ। ਇਕ ਸ਼ਰਾਬੀ ਆਦਮੀ ਇਕ ਹੋਰ ਬਜ਼ੁਰਗ ਨੂੰ ਕੁੱਟਣ ਹੀ ਵਾਲਾ ਸੀ। ਸਾਡੇ ਭਰਾ ਨੇ ਕੀ ਕੀਤਾ? ਸ਼ਾਂਤੀ ਤੇ ਨਿਮਰਤਾ ਨਾਲ ਭਰਾ ਨੇ ਸ਼ਰਾਬੀ ਆਦਮੀ ਨਾਲ ਗੱਲ ਕੀਤੀ, ਉਸ ਨੂੰ ਸ਼ਾਂਤ ਕੀਤਾ ਅਤੇ ਘਰ ਜਾਣ ਵਿਚ ਉਸ ਦੀ ਮਦਦ ਕੀਤੀ। ਇਸ ਵਾਰ ਭਰਾ ਅਲੱਗ ਤਰੀਕੇ ਨਾਲ ਕਿਉਂ ਪੇਸ਼ ਆਇਆ ਸੀ? ਸਾਡੇ ਭਰਾ ਨੇ ਆਪਣੀ ਸੋਚ ਬਦਲ ਲਈ ਸੀ। ਉਹ ਵਾਕਈ ਸ਼ਾਤਮਈ ਤੇ ਨਿਮਰ ਇਨਸਾਨ ਬਣ ਗਿਆ ਸੀ ਜਿਸ ਕਰਕੇ ਯਹੋਵਾਹ ਦੀ ਮਹਿਮਾ ਹੋਈ।

      10. ਆਪਣੀ ਸੋਚ ਨੂੰ ਬਦਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

      10 ਇਸ ਤਰ੍ਹਾਂ ਦੀਆਂ ਤਬਦੀਲੀਆਂ ਨਾ ਤਾਂ ਰਾਤੋ-ਰਾਤ ਹੁੰਦੀਆਂ ਤੇ ਨਾ ਹੀ ਆਪਣੇ ਆਪ ਹੁੰਦੀਆਂ ਹਨ। ਸਾਨੂੰ ਸ਼ਾਇਦ ਕਈ ਸਾਲ “ਜੀ-ਜਾਨ ਨਾਲ ਕੋਸ਼ਿਸ਼” ਕਰਨੀ ਪਵੇ। (2 ਪਤ. 1:5) ਤਬਦੀਲੀਆਂ ਸਿਰਫ਼ ਇਸ ਕਰਕੇ ਨਹੀਂ ਹੁੰਦੀਆਂ ਕਿ ਅਸੀਂ ਬਹੁਤ ਸਮੇਂ ਤੋਂ ਸੱਚਾਈ ਵਿਚ ਹਾਂ। ਸਾਨੂੰ ਆਪਣੀ ਸੋਚ ਨੂੰ ਬਦਲਣ ਲਈ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਵਿਚ ਕੁਝ ਕੰਮ ਸਾਡੀ ਮਦਦ ਕਰ ਸਕਦੇ ਹਨ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਕੰਮਾਂ ʼਤੇ ਗੌਰ ਕਰੀਏ।

      ਆਪਣੀ ਸੋਚ ਨੂੰ ਕਿਵੇਂ ਬਦਲੀਏ?

      ਇਕ ਭੈਣ ਆਪਣੀ ਸੋਚ ਬਦਲਣ ਲਈ ਪ੍ਰਾਰਥਨਾ ਕਰਦੀ ਹੋਈ, ਸ਼ੀਸ਼ੇ ਵਿਚ ਦੇਖ ਕੇ ਸੋਚ-ਵਿਚਾਰ ਕਰਦੀ ਹੋਈ ਅਤੇ ਚੰਗੇ ਦੋਸਤ ਚੁਣਦੀ ਹੋਈ

      11. ਸੋਚ ਬਦਲਣ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰਦੀ ਹੈ?

      11 ਪਹਿਲੀ ਅਹਿਮ ਕੰਮ ਹੈ, ਪ੍ਰਾਰਥਨਾ। ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰਨ ਦੀ ਲੋੜ ਹੈ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ [ਯਾਨੀ ਮਨ] ਵੀ।” (ਜ਼ਬੂ. 51:10) ਸਾਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅਤੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਸੋਚ ਬਦਲਣ ਵਿਚ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ? ਹਿਜ਼ਕੀਏਲ ਦੇ ਜ਼ਮਾਨੇ ਵਿਚ ਢੀਠ ਇਜ਼ਰਾਈਲੀਆਂ ਨਾਲ ਕੀਤੇ ਯਹੋਵਾਹ ਦੇ ਵਾਅਦੇ ਤੋਂ ਸਾਨੂੰ ਭਰੋਸਾ ਮਿਲਦਾ ਹੈ: “ਮੈਂ ਉਨ੍ਹਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ [ਮਨ] ਤੁਹਾਡੇ ਅੰਦਰ ਪਾਵਾਂਗਾ . . . ਅਤੇ ਉਨ੍ਹਾਂ ਨੂੰ ਇੱਕ ਮਾਸ ਦਾ ਦਿਲ [ਯਾਨੀ ਪਰਮੇਸ਼ੁਰ ਦੀ ਸੇਧ ਵਿਚ ਚੱਲਣ ਵਾਲਾ ਦਿਲ] ਦਿਆਂਗਾ।” (ਹਿਜ਼. 11:19) ਯਹੋਵਾਹ ਉਨ੍ਹਾਂ ਇਜ਼ਰਾਈਲੀਆਂ ਦੀ ਮਦਦ ਕਰਨ ਲਈ ਤਿਆਰ ਸੀ ਅਤੇ ਉਹ ਸਾਡੀ ਵੀ ਮਦਦ ਕਰਨ ਲਈ ਤਿਆਰ ਹੈ।

      12-13. (ੳ) ਜ਼ਬੂਰ 119:59 ਅਨੁਸਾਰ ਸਾਨੂੰ ਕਿਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਨ ਦੀ ਲੋੜ ਹੈ? (ਅ) ਤੁਹਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

      12 ਦੂਜਾ ਅਹਿਮ ਕੰਮ ਹੈ, ਸੋਚ-ਵਿਚਾਰ। ਹਰ ਰੋਜ਼ ਧਿਆਨ ਨਾਲ ਪਰਮੇਸ਼ੁਰ ਦਾ ਬਚਨ ਪੜ੍ਹਦਿਆਂ ਸਾਨੂੰ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਸਾਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 119:59 ਪੜ੍ਹੋ; ਇਬ. 4:12; ਯਾਕੂ. 1:25) ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡੀ ਸੋਚ ਅਤੇ ਵਿਚਾਰਾਂ ʼਤੇ ਦੁਨੀਆਂ ਦਾ ਅਸਰ ਤਾਂ ਨਹੀਂ ਹੈ। ਸਾਨੂੰ ਨਿਮਰਤਾ ਨਾਲ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਕਬੂਲ ਕਰਨਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਦੂਰ ਕਰਨ ਲਈ ਪੂਰੀ ਮਿਹਨਤ ਕਰਨੀ ਚਾਹੀਦੀ ਹੈ।

      13 ਮਿਸਾਲ ਲਈ, ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦਿਲ ਵਿਚ ਥੋੜ੍ਹੀ ਜਿਹੀ ਵੀ ਈਰਖਾ ਜਾਂ ਖੁਣਸ ਤਾਂ ਨਹੀਂ ਹੈ?’ (1 ਪਤ. 2:1) ‘ਕੀ ਮੈਨੂੰ ਆਪਣੇ ਪਿਛੋਕੜ, ਆਪਣੀ ਪੜ੍ਹਾਈ-ਲਿਖਾਈ ਜਾਂ ਆਪਣੇ ਪੈਸੇ ਕਰਕੇ ਘਮੰਡ ਤਾਂ ਨਹੀਂ ਹੈ?’ (ਕਹਾ. 16:5) ‘ਕੀ ਮੈਂ ਉਨ੍ਹਾਂ ਲੋਕਾਂ ਨੂੰ ਨੀਵਾਂ ਸਮਝਦਾ ਹਾਂ ਜਿਨ੍ਹਾਂ ਕੋਲ ਮੇਰੇ ਵਰਗੀਆਂ ਚੀਜ਼ਾਂ ਨਹੀਂ ਹਨ ਜਾਂ ਜੋ ਅਲੱਗ ਕੌਮ ਦੇ ਹਨ?’ (ਯਾਕੂ. 2:2-4) ‘ਕੀ ਮੈਨੂੰ ਸ਼ੈਤਾਨ ਦੀ ਦੁਨੀਆਂ ਦੀਆਂ ਚੀਜ਼ਾਂ ਪਸੰਦ ਹਨ?’ (1 ਯੂਹੰ. 2:15-17) ‘ਕੀ ਮੈਨੂੰ ਗੰਦਾ ਤੇ ਹਿੰਸਕ ਮਨੋਰੰਜਨ ਪਸੰਦ ਹੈ?’ (ਜ਼ਬੂ. 97:10; 101:3; ਆਮੋ. 5:15) ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਨੂੰ ਕੁਝ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ। ਆਪਣੇ ਮਨ ਵਿੱਚੋਂ “ਕਿਲਿਆਂ ਵਰਗੇ ਮਜ਼ਬੂਤ” ਵਿਚਾਰਾਂ ਨੂੰ ਕੱਢ ਕੇ ਅਸੀਂ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਾਂਗੇ।​—ਜ਼ਬੂ. 19:14.

      14. ਚੰਗੇ ਦੋਸਤ ਬਣਾਉਣੇ ਕਿਉਂ ਜ਼ਰੂਰੀ ਹਨ?

      14 ਤੀਜਾ ਅਹਿਮ ਕੰਮ ਹੈ, ਚੰਗੇ ਦੋਸਤ। ਚਾਹੇ ਸਾਨੂੰ ਅਹਿਸਾਸ ਹੋਵੇ ਜਾਂ ਨਾ, ਪਰ ਸਾਡੇ ਦੋਸਤਾਂ ਦਾ ਸਾਡੇ ʼਤੇ ਬਹੁਤ ਅਸਰ ਹੁੰਦਾ ਹੈ। (ਕਹਾ. 13:20) ਕੰਮ ʼਤੇ ਜਾਂ ਸਕੂਲ ਵਿਚ ਅਸੀਂ ਉਨ੍ਹਾਂ ਲੋਕਾਂ ਨਾਲ ਘਿਰੇ ਹੁੰਦੇ ਹਾਂ ਜੋ ਪਰਮੇਸ਼ੁਰ ਵਰਗੀ ਸੋਚ ਅਪਣਾਉਣ ਵਿਚ ਸਾਡੀ ਮਦਦ ਨਹੀਂ ਕਰਦੇ। ਪਰ ਅਸੀਂ ਸਭਾਵਾਂ ਵਿਚ ਸਭ ਤੋਂ ਵਧੀਆ ਦੋਸਤ ਬਣਾ ਸਕਦੇ ਹਾਂ। ਉੱਥੇ ਸਾਨੂੰ “ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ” ਮਿਲ ਸਕਦੀ ਹੈ।​—ਇਬ. 10:24, 25.

  • ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓ
    ਪਹਿਰਾਬੁਰਜ (ਸਟੱਡੀ)—2019 | ਜੂਨ
ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ