ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਕ ਦੁਸ਼ਟ ਦੁਨੀਆਂ ਵਿਚ ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ
    ਪਹਿਰਾਬੁਰਜ—2001 | ਸਤੰਬਰ 15
    • ਦੁਸ਼ਟ ਲੋਕਾਂ ਖ਼ਿਲਾਫ਼ ਭਵਿੱਖਬਾਣੀ

      ਦੁਸ਼ਟ ਲੋਕਾਂ ਵਿਚ ਰਹਿ ਕੇ ਚੰਗੇ ਕੰਮ ਕਰਨੇ ਸਾਡੇ ਲਈ ਕਾਫ਼ੀ ਮੁਸ਼ਕਲ ਹੁੰਦਾ ਹੈ। ਪਰ ਹਨੋਕ ਨੂੰ ਨਾ ਸਿਰਫ਼ ਇਨ੍ਹਾਂ ਲੋਕਾਂ ਵਿਚ ਰਹਿਣਾ ਪਿਆ ਸੀ ਪਰ ਉਨ੍ਹਾਂ ਨੂੰ ਸਖ਼ਤ ਨਿਆਉਂ ਵਾਲਾ ਸੰਦੇਸ਼ ਵੀ ਸੁਣਾਉਣਾ ਪਿਆ ਸੀ! ਪਰਮੇਸ਼ੁਰ ਦੀ ਆਤਮਾ ਤੋਂ ਪ੍ਰੇਰਿਤ ਹੋ ਕੇ ਉਸ ਨੇ ਭਵਿੱਖ ਬਾਰੇ ਇਹ ਬਾਣੀ ਸੁਣਾਈ ਕਿ “ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ। ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰਿਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰੀਆਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ।”​—ਯਹੂਦਾਹ 14, 15.

      ਉਨ੍ਹਾਂ ਦੁਸ਼ਟ ਲੋਕਾਂ ਨੂੰ ਇਹ ਸੁਨੇਹਾ ਕਿਸ ਤਰ੍ਹਾਂ ਲੱਗਾ ਜੋ ਕਿ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਸਨ? ਲੋਕ ਸ਼ਾਇਦ ਉਸ ਦਾ ਮਖੌਲ ਉਡਾਉਂਦੇ ਸਨ, ਤਾਅਨੇ ਮਾਰਦੇ ਸਨ, ਅਤੇ ਉਸ ਨੂੰ ਧਮਕੀਆਂ ਦਿੰਦੇ ਸਨ। ਸ਼ਾਇਦ ਉਨ੍ਹਾਂ ਵਿੱਚੋਂ ਕਈ ਉਸ ਦੀ ਜਾਨ ਵੀ ਲੈਣੀ ਚਾਹੁੰਦੇ ਸਨ। ਲੇਕਿਨ ਹਨੋਕ ਇਨ੍ਹਾਂ ਲੋਕਾਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਨਹੀਂ ਡਰਿਆ। ਉਹ ਜਾਣਦਾ ਸੀ ਕਿ ਵਫ਼ਾਦਾਰ ਹਾਬਲ ਨਾਲ ਕੀ ਕੁਝ ਵਾਪਰਿਆ ਸੀ, ਅਤੇ ਉਸ ਦੇ ਵਾਂਗ ਹਨੋਕ ਦਾ ਪੱਕਾ ਇਰਾਦਾ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਦਾ ਰਹੇਗਾ ਚਾਹੇ ਜੋ ਮਰਜ਼ੀ ਹੋਵੇ।

  • ਇਕ ਦੁਸ਼ਟ ਦੁਨੀਆਂ ਵਿਚ ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ
    ਪਹਿਰਾਬੁਰਜ—2001 | ਸਤੰਬਰ 15
    • [ਸਫ਼ੇ 30 ਉੱਤੇ ਡੱਬੀ]

      ਕੀ ਬਾਈਬਲ ਹਨੋਕ ਦੀ ਪੋਥੀ ਤੋਂ ਹਵਾਲੇ ਦਿੰਦੀ ਹੈ?

      ਹਨੋਕ ਦੀ ਪੋਥੀ ਘੜੀ ਹੋਈ ਲਿਖਤ ਹੈ, ਅਤੇ ਕਿਹਾ ਜਾਂਦਾ ਹੈ ਕਿ ਹਨੋਕ ਨੇ ਇਹ ਲਿਖੀ ਸੀ। ਪਰ ਇਹ ਸਭ ਝੂਠ ਹੈ। ਇਹ ਪੋਥੀ ਦੂਜੀ ਅਤੇ ਪਹਿਲੀ ਸਦੀ ਸਾ.ਯੁ.ਪੂ. ਦੇ ਵਿਚ-ਵਿਚ ਲਿਖੀ ਗਈ ਸੀ। ਇਸ ਵਿਚ ਬਹੁਤ ਸਾਰੀਆਂ ਯਹੂਦੀ ਕਥਾਵਾਂ ਹਨ ਜਿਨ੍ਹਾਂ ਦਾ ਕੋਈ ਇਤਿਹਾਸਕ ਆਧਾਰ ਨਹੀਂ ਹੈ। ਉਤਪਤ ਦੀ ਕਿਤਾਬ ਵਿੱਚੋਂ ਹਨੋਕ ਬਾਰੇ ਗੱਲਾਂ ਲੈ ਕੇ ਇਸ ਪੋਥੀ ਵਿਚ ਵਧਾ-ਚੜ੍ਹਾ ਕੇ ਦੱਸੀਆਂ ਗਈਆਂ ਹਨ। ਇਸ ਕਰਕੇ ਬਾਈਬਲ ਦੇ ਸੱਚੇ ਪ੍ਰੇਮੀ ਇਸ ਪੋਥੀ ਦੀਆਂ ਗੱਲਾਂ ਨੂੰ ਰੱਦ ਕਰਦੇ ਹਨ।

      ਬਾਈਬਲ ਵਿਚ ਸਿਰਫ਼ ਯਹੂਦਾਹ ਦੀ ਪੱਤਰੀ ਹਨੋਕ ਦੇ ਉਨ੍ਹਾਂ ਭਵਿੱਖਸੂਚਕ ਸ਼ਬਦਾਂ ਬਾਰੇ ਦੱਸਦੀ ਹੈ ਜੋ ਉਸ ਨੇ ਸੁਣਾਏ ਸਨ: “ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ। ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰਿਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰੀਆਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ।” (ਯਹੂਦਾਹ 14, 15) ਕੁਝ ਵਿਦਵਾਨ ਕਹਿੰਦੇ ਹਨ ਕਿ ਦੁਸ਼ਟ ਲੋਕਾਂ ਵਿਰੁੱਧ ਇਹ ਸ਼ਬਦ ਹਨੋਕ ਦੀ ਪੋਥੀ ਤੋਂ ਲੈ ਗਏ ਸਨ। ਕੀ ਇਹ ਹੋ ਸਕਦਾ ਹੈ ਕਿ ਯਹੂਦਾਹ ਨੇ ਅਜਿਹੀ ਪੋਥੀ ਵਿੱਚੋਂ ਗੱਲਾਂ ਵਰਤੀਆਂ ਹੋਵੇ ਜਿਸ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਸੀ?

      ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਯਹੂਦਾਹ ਹਨੋਕ ਦੀ ਭਵਿੱਖਬਾਣੀ ਦੇ ਸ਼ਬਦ ਕਿਸ ਤਰ੍ਹਾਂ ਜਾਣਦਾ ਸੀ। ਉਹ ਸ਼ਾਇਦ ਕਿਸੇ ਭਰੋਸੇਯੋਗ ਸੋਮੇ ਤੋਂ ਇਹ ਸ਼ਬਦ ਲਿਖ ਸਕਿਆ। ਪੌਲੁਸ ਨੇ ਵੀ ਇਸੇ ਤਰ੍ਹਾਂ ਦੇ ਕਿਸੇ ਸੋਮੇ ਨੂੰ ਵਰਤਿਆ ਸੀ ਜਦ ਉਸ ਨੇ ਯੰਨੇਸ ਅਤੇ ਯੰਬਰੇਸ ਦਾ ਜ਼ਿਕਰ ਕੀਤਾ ਸੀ, ਜੋ ਕਿ ਮੂਸਾ ਦਾ ਵਿਰੋਧ ਕਰਨ ਵਾਲੇ ਫਿਰਾਊਨ ਦੇ ਜਾਦੂਗਰ ਸਨ। ਜੇਕਰ ਹਨੋਕ ਦੀ ਪੋਥੀ ਦੇ ਲਿਖਣ ਵਾਲੇ ਕੋਲ ਕੋਈ ਸੋਮਾ ਸੀ ਜਿਸ ਤੋਂ ਉਹ ਇਹ ਗੱਲਾਂ ਲਿਖ ਸਕਿਆ, ਤਾਂ ਕੀ ਯਹੂਦਾਹ ਕੋਲ ਕੋਈ ਸੱਚਾ ਸੋਮਾ ਨਹੀਂ ਹੋ ਸਕਦਾ ਸੀ?a​—ਕੂਚ 7:11, 22; 2 ਤਿਮੋਥਿਉਸ 3:8.

      ਇਹ ਕੋਈ ਖ਼ਾਸ ਜਾਂ ਵੱਡੀ ਗੱਲ ਨਹੀਂ ਕਿ ਯਹੂਦਾਹ ਨੂੰ ਹਨੋਕ ਦੇ ਸੰਦੇਸ਼ ਬਾਰੇ ਕਿਸ ਤਰ੍ਹਾਂ ਪੱਤਾ ਲੱਗਾ। ਯਹੂਦਾਹ ਦੀਆਂ ਲਿਖਤਾਂ ਸੱਚ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਆਤਮਾ ਤੋਂ ਹਨ। (2 ਤਿਮੋਥਿਉਸ 3:16) ਪਰਮੇਸ਼ੁਰ ਦੀ ਆਤਮਾ ਨੇ ਉਸ ਨੂੰ ਕੋਈ ਝੂਠੀ ਜਾਂ ਗ਼ਲਤ ਗੱਲ ਲਿਖਣ ਤੋਂ ਜ਼ਰੂਰ ਰੋਕਿਆ ਹੋਣਾ ਸੀ।

      [ਫੁਟਨੋਟ]

      a ਚੇਲੇ ਇਸਤੀਫ਼ਾਨ ਕੋਲ ਵੀ ਅਜਿਹੀ ਜਾਣਕਾਰੀ ਸੀ ਜਿਸ ਦਾ ਇਬਰਾਨੀ ਸ਼ਾਸਤਰ ਵਿਚ ਹੋਰ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਮੂਸਾ ਨੂੰ ਮਿਸਰ ਵਿਚ ਪੜ੍ਹਾਇਆ ਗਿਆ, ਕਿ ਉਹ ਮਿਸਰ ਤੋਂ ਭੱਜਣ ਵੇਲੇ 40 ਸਾਲਾਂ ਦਾ ਸੀ, ਕਿ ਉਸ ਨੇ ਮਿਦਯਾਨ ਵਿਚ 40 ਸਾਲ ਗੁਜ਼ਾਰੇ, ਅਤੇ ਕਿ ਇਕ ਦੂਤ ਨੇ ਉਸ ਨੂੰ ਬਿਵਸਥਾ ਦੇਣ ਵਿਚ ਮਦਦ ਦਿੱਤੀ।​—ਰਸੂਲਾਂ ਦੇ ਕਰਤੱਬ 7:22, 23, 30, 38.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ