-
ਬੇਮੁਹੱਬਤੇ ਰਿਸ਼ਤੇ ਵਿਚ ਕੈਦਜਾਗਰੂਕ ਬਣੋ!—2001 | ਜਨਵਰੀ
-
-
ਬੇਮੁਹੱਬਤੇ ਰਿਸ਼ਤੇ ਵਿਚ ਕੈਦ
“ਅਜਿਹੀ ਦੁਨੀਆਂ ਵਿਚ ਜਿੱਥੇ ਤਲਾਕ ਵਧਦਾ ਜਾਂਦਾ ਹੈ, ਬਹੁਤ ਸਾਰੇ ਵਿਆਹੁਤਾ ਰਿਸ਼ਤੇ ਨਾ ਸਿਰਫ਼ ਦੁੱਖ ਕਾਰਨ ਟੁੱਟ ਜਾਣਗੇ ਪਰ ਇਸ ਤੋਂ ਇਲਾਵਾ ਕਈ ਹੋਰ ਰਿਸ਼ਤੇ ਦੁਖੀ ਹੋ ਜਾਣਗੇ।”—ਅਮਰੀਕਾ ਵਿਚ ਪਰਿਵਾਰਾਂ ਲਈ ਕੌਂਸਲ।
ਇਹ ਕਿਹਾ ਗਿਆ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਸੁਖ ਅਤੇ ਸਭ ਤੋਂ ਜ਼ਿਆਦਾ ਦੁੱਖ ਇੱਕੋ ਚੀਜ਼ ਤੋਂ ਆਉਂਦਾ ਹੈ—ਵਿਆਹੁਤਾ ਬੰਧਨ। ਸੱਚ-ਮੁੱਚ, ਬਹੁਤ ਹੀ ਘੱਟ ਚੀਜ਼ਾਂ ਹਨ ਜੋ ਇੰਨਾ ਆਨੰਦ ਜਾਂ ਇੰਨਾ ਦੁੱਖ ਲਿਆ ਸਕਦੀਆਂ ਹਨ। ਜਿਵੇਂ ਇਸ ਲੇਖ ਦੀ ਡੱਬੀ ਵਿਚ ਦੱਸਿਆ ਗਿਆ ਹੈ, ਬਹੁਤ ਸਾਰੇ ਵਿਆਹੁਤਾ ਜੋੜੇ ਦੁਖੀ ਹਨ।
ਪਰ ਤਲਾਕ ਦੇ ਵਧਦੇ ਅੰਕੜੇ ਇਸ ਸਮੱਸਿਆ ਬਾਰੇ ਸਭ ਕੁਝ ਨਹੀਂ ਦੱਸਦੇ। ਹਾਂ, ਬਹੁਤ ਸਾਰੇ ਵਿਆਹੁਤਾ ਬੰਧਨ ਟੁੱਟ ਰਹੇ ਹਨ, ਪਰ ਫਿਰ ਵੀ ਕਈ ਪਤੀ-ਪਤਨੀ ਮੁਸੀਬਤ-ਭਰੇ ਰਿਸ਼ਤੇ ਵਿਚ ਇਕੱਠੇ ਰਹਿੰਦੇ ਹਨ। ਤੀਹਾਂ ਸਾਲਾਂ ਤੋਂ ਜ਼ਿਆਦਾ ਚਿਰ ਲਈ ਵਿਆਹੀ ਹੋਈ ਇਕ ਔਰਤ ਨੇ ਕਿਹਾ ਕਿ “ਸਾਡਾ ਪਰਿਵਾਰ ਬਹੁਤ ਖ਼ੁਸ਼ ਹੁੰਦਾ ਸੀ, ਪਰ ਪਿਛਲੇ 12 ਸਾਲ ਬਹੁਤ ਹੀ ਦੁਖੀ ਰਹੇ ਹਨ। ਮੇਰੇ ਪਤੀ ਨੂੰ ਮੇਰਿਆਂ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਹੈ। ਉਹ ਤਾਂ ਮੇਰਾ ਦੁਸ਼ਮਣ ਹੀ ਬਣ ਗਿਆ ਹੈ।” ਇਸੇ ਤਰ੍ਹਾਂ, 25 ਕੁ ਸਾਲਾਂ ਤੋਂ ਵਿਆਹੇ ਹੋਏ ਇਕ ਆਦਮੀ ਨੇ ਅਫ਼ਸੋਸ ਨਾਲ ਕਿਹਾ: “ਮੇਰੀ ਪਤਨੀ ਨੇ ਮੈਨੂੰ ਦੱਸ ਦਿੱਤਾ ਕਿ ਉਹ ਮੈਨੂੰ ਹੁਣ ਪਿਆਰ ਨਹੀਂ ਕਰਦੀ। ਉਹ ਕਹਿੰਦੀ ਹੈ ਕਿ ਜੇ ਅਸੀਂ ਇੱਕੋ ਹੀ ਘਰ ਵਿਚ ਰਹਿਣਾ ਹੈ ਤਾਂ ਸਾਡੇ ਹਾਲਾਤ ਸਿਰਫ਼ ਇਸੇ ਤਰ੍ਹਾਂ ਬਰਦਾਸ਼ਤ ਕੀਤੇ ਜਾ ਸਕਣਗੇ ਜੇ ਅਸੀਂ ਪੂਰੀ ਆਜ਼ਾਦੀ ਨਾਲ ਆਪਣੀ-ਆਪਣੀ ਜ਼ਿੰਦਗੀ ਗੁਜ਼ਾਰੀਏ।”
ਕੁਝ ਲੋਕ ਜੋ ਅਜਿਹੇ ਔਖੇ ਹਾਲਾਤਾਂ ਵਿਚ ਰਹਿੰਦੇ ਹਨ ਆਪਣੇ ਰਿਸ਼ਤੇ ਨੂੰ ਤੋੜ ਦਿੰਦੇ ਹਨ। ਪਰ, ਕਈਆਂ ਲਈ ਤਲਾਕ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਕਿਉਂ? ਡਾ. ਕੈਰਨ ਕਾਇਜ਼ਰ ਦੇ ਅਨੁਸਾਰ ਬੱਚੇ, ਸਮਾਜ, ਪੈਸੇ, ਦੋਸਤ-ਮਿੱਤਰ, ਰਿਸ਼ਤੇਦਾਰ, ਅਤੇ ਧਾਰਮਿਕ ਵਿਸ਼ਵਾਸ ਵਰਗੀਆਂ ਗੱਲਾਂ ਸ਼ਾਇਦ ਇਕ ਜੋੜੇ ਨੂੰ ਇਕੱਠੇ ਰਹਿਣ ਲਈ ਮਜਬੂਰ ਕਰ ਦੇਣ, ਭਾਵੇਂ ਕਿ ਉਨ੍ਹਾਂ ਵਿਚਕਾਰ ਪਿਆਰ ਠੰਢਾ ਪੈ ਗਿਆ ਹੋਵੇ। ਉਹ ਕਹਿੰਦੀ ਹੈ ਕਿ “ਅਜਿਹੇ ਵਿਆਹੁਤਾ ਸਾਥੀ ਕਾਨੂੰਨੀ ਤੌਰ ਤੇ ਤਲਾਕ ਲੈਣ ਦੀ ਬਜਾਇ ਇਕ ਦੂਸਰੇ ਨਾਲ ਰਹਿਣਾ ਚੁਣਦੇ ਹਨ ਭਾਵੇਂ ਕਿ ਉਹ ਇਕ ਦੂਸਰੇ ਤੋਂ ਜਜ਼ਬਾਤੀ ਤੌਰ ਤੇ ਤਲਾਕ ਲੈ ਚੁੱਕੇ ਹਨ।”
ਜਿਨ੍ਹਾਂ ਜੋੜਿਆਂ ਵਿਚਕਾਰ ਪਿਆਰ ਠੰਢਾ ਪੈ ਗਿਆ ਹੈ ਕੀ ਉਨ੍ਹਾਂ ਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਅਸੰਤੁਸ਼ਟ ਰਹੇਗੀ? ਕੀ ਇਨ੍ਹਾਂ ਹਾਲਾਤਾਂ ਵਿਚ ਤਲਾਕ ਲੈਣ ਜਾਂ ਬੇਮੁਹੱਬਤੇ ਰਿਸ਼ਤੇ ਵਿਚ ਜ਼ਿੰਦਗੀ ਕੱਟਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ? ਕਈਆਂ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਦੁਖੀ ਵਿਆਹੁਤਾ ਰਿਸ਼ਤਿਆਂ ਨੂੰ ਨਾ ਸਿਰਫ਼ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ, ਪਰ ਉਨ੍ਹਾਂ ਵਿਚ ਫਿਰ ਤੋਂ ਪਿਆਰ ਵੀ ਜਗਾਇਆ ਜਾ ਸਕਦਾ ਹੈ।
[ਸਫ਼ਾ 3 ਉੱਤੇ ਡੱਬੀ]
ਸੰਸਾਰ ਭਰ ਵਿਚ ਤਲਾਕ
• ਆਸਟ੍ਰੇਲੀਆ: ਸੰਨ 1960 ਦੇ ਦਹਾਕੇ ਦੇ ਮੁਢਲਿਆਂ ਸਾਲਾਂ ਤੋਂ ਤਲਾਕ ਦੀ ਗਿਣਤੀ ਚਾਰ ਗੁਣਾ ਜ਼ਿਆਦਾ ਵੱਧ ਗਈ ਹੈ।
• ਬਰਤਾਨੀਆ: ਅਨੁਮਾਨਾਂ ਅਨੁਸਾਰ, ਦਸਾਂ ਵਿੱਚੋਂ ਚਾਰ ਵਿਆਹਾਂ ਦਾ ਤਲਾਕ ਹੋ ਜਾਵੇਗਾ।
• ਕੈਨੇਡਾ ਅਤੇ ਜਪਾਨ: ਤਿੰਨਾਂ ਵਿੱਚੋਂ ਇਕ ਵਿਆਹ ਉੱਤੇ ਤਲਾਕ ਦਾ ਅਸਰ ਪੈਂਦਾ ਹੈ।
• ਸੰਯੁਕਤ ਰਾਜ ਅਮਰੀਕਾ: ਸੰਨ 1970 ਤੋਂ ਵਿਆਹੁਤਾ ਜੋੜਿਆਂ ਦੇ ਇਕੱਠੇ ਰਹਿਣ ਦੀ ਸਿਰਫ਼ 50 ਫੀ ਸਦੀ ਆਸ ਹੈ।
• ਜ਼ਿਮਬਾਬਵੇ: ਪੰਜਾਂ ਵਿਆਹਾਂ ਵਿੱਚੋਂ ਦੋ ਦਾ ਤਲਾਕ ਹੋ ਜਾਂਦਾ ਹੈ।
-
-
ਪਿਆਰ ਠੰਢਾ ਕਿਉਂ ਪੈ ਜਾਂਦਾ ਹੈ?ਜਾਗਰੂਕ ਬਣੋ!—2001 | ਜਨਵਰੀ
-
-
ਪਿਆਰ ਠੰਢਾ ਕਿਉਂ ਪੈ ਜਾਂਦਾ ਹੈ?
“ਪਿਆਰ ਕਰਨਾ ਆਸਾਨ ਹੈ ਪਰ ਪਿਆਰ ਨਿਭਾਉਣਾ ਮੁਸ਼ਕਲ ਹੈ।”—ਡਾ. ਕੈਰਨ ਕਾਇਜ਼ਰ।
ਵਿਆਹੁਤਾ ਰਿਸ਼ਤਾ ਇਕ ਬਹੁਤ ਹੀ ਗੁੰਝਲਦਾਰ ਰਿਸ਼ਤਾ ਹੈ, ਅਤੇ ਬਹੁਤੇ ਲੋਕ ਤਿਆਰੀ ਕਰਨ ਤੋਂ ਬਗੈਰ ਹੀ ਇਸ ਵਿਚ ਕਦਮ ਰੱਖ ਲੈਂਦੇ ਹਨ। ਇਸ ਲਈ ਸ਼ਾਇਦ ਇੰਨੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਜਿਹੇ ਵਿਆਹੁਤਾ ਬੰਧਨਾਂ ਦੀ ਗਿਣਤੀ ਵਧਦੀ ਜਾਂਦੀ ਹੈ ਜਿਨ੍ਹਾਂ ਵਿਚ ਪਿਆਰ ਠੰਢਾ ਪੈ ਗਿਆ ਹੈ। ਡਾ. ਡੀਨ ਐੱਸ. ਈਡੇਲ ਕਹਿੰਦਾ ਹੈ ਕਿ “ਕਾਰ ਚਲਾਉਣ ਦਾ ਲਸੰਸ ਮਿਲਣ ਤੋਂ ਪਹਿਲਾਂ ਸਾਨੂੰ ਦਿਖਾਉਣਾ ਪੈਂਦਾ ਹੈ ਕਿ ਅਸੀਂ ਕਾਰ ਚਲਾ ਸਕਦੇ ਹਾਂ, ਪਰ ਵਿਆਹ ਦੇ ਲਸੰਸ ਲਈ ਸਿਰਫ਼ ਇਕ ਦਸਤਖਤ ਕਰਨ ਦੀ ਜ਼ਰੂਰਤ ਪੈਂਦੀ ਹੈ।”
ਇਸ ਲਈ, ਭਾਵੇਂ ਕਿ ਕੁਝ ਵਿਆਹੁਤਾ ਜੋੜੇ ਸੱਚ-ਮੁੱਚ ਖ਼ੁਸ਼ ਹਨ, ਦੂਸਰੇ ਕਈ ਮੁਸ਼ਕਲਾਂ ਅਨੁਭਵ ਕਰ ਰਹੇ ਹਨ। ਹੋ ਸਕਦਾ ਹੈ ਕਿ ਇਕ ਨੇ ਜਾਂ ਦੋਹਾਂ ਨੇ ਬੜੀਆਂ ਉਮੀਦਾਂ ਨਾਲ ਵਿਆਹ ਕਰਵਾਇਆ ਸੀ, ਪਰ ਹੁਣ ਉਨ੍ਹਾਂ ਨੂੰ ਪਤਾ ਨਹੀਂ ਕਿ ਇਸ ਰਿਸ਼ਤੇ ਨੂੰ ਸਫ਼ਲ ਬਣਾਉਣ ਲਈ ਕਿਨ੍ਹਾਂ ਗੁਣਾਂ ਦੀ ਜ਼ਰੂਰਤ ਹੈ। ਡਾ. ਹੈਰੀ ਰਾਇਸ ਨੇ ਸਮਝਾਇਆ ਕਿ “ਜਦੋਂ ਲੋਕ ਪਹਿਲਾਂ ਇਕ ਦੂਸਰੇ ਨੂੰ ਜਾਣਨ ਲੱਗਦੇ ਹਨ ਤਾਂ ਉਨ੍ਹਾਂ ਨੂੰ ਇਕ ਦੂਸਰੇ ਤੋਂ ਬਹੁਤ ਹੀ ਤਸੱਲੀ ਮਿਲਦੀ ਹੈ।” ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿ ਉਨ੍ਹਾਂ ਦੇ ਸਾਥੀ “ਤੋਂ ਇਲਾਵਾ ਦੁਨੀਆਂ ਵਿਚ ਹੋਰ ਕੋਈ ਵੀ ਉਨ੍ਹਾਂ ਵਾਂਗ ਨਹੀਂ ਸੋਚਦਾ। ਕਦੀ-ਕਦੀ ਇਹ ਅਹਿਸਾਸ ਹੌਲੀ-ਹੌਲੀ ਮਿਟ ਜਾਂਦਾ ਹੈ, ਅਤੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਵਿਆਹੁਤਾ ਰਿਸ਼ਤੇ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ।”
ਖ਼ੁਸ਼ੀ ਦੀ ਗੱਲ ਇਹ ਹੈ ਕਿ ਕਈ ਵਿਆਹੁਤਾ ਰਿਸ਼ਤੇ ਇਸ ਹੱਦ ਤਕ ਨਹੀਂ ਪਹੁੰਚਦੇ। ਪਰ, ਆਓ ਆਪਾਂ ਉਨ੍ਹਾਂ ਕੁਝ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਕਰਕੇ ਸ਼ਾਇਦ ਪਿਆਰ ਠੰਢਾ ਪੈ ਜਾਂਦਾ ਹੈ।
ਸੁਪਨੇ ਦੇਖਣੇ—“ਮੈਂ ਇਸ ਦੀ ਉਮੀਦ ਨਹੀਂ ਸੀ ਰੱਖੀ”
ਰੋਜ਼ ਨਾਂ ਦੀ ਔਰਤ ਕਹਿੰਦੀ ਹੈ ਕਿ “ਜਦੋਂ ਮੇਰਾ ਤਾਂ ਜਿਮ ਦਾ ਵਿਆਹ ਹੋਇਆ ਤਾਂ ਮੈਂ ਸੋਚਿਆ ਸੀ ਕਿ ਸਾਡਾ ਰਿਸ਼ਤਾ ਕਹਾਣੀਆਂ ਦੇ ਇਕ ਰਾਜਕੁਮਾਰ ਅਤੇ ਰਾਜਕੁਮਾਰੀ ਵਰਗਾ ਹੋਵੇਗਾ—ਸਭ ਕੁਝ ਪਿਆਰ-ਮੁਹੱਬਤ, ਤੇ ਜਾਦੂ ਭਰਿਆ ਹੋਵੇਗਾ।” ਲੇਕਿਨ, ਕੁਝ ਦੇਰ ਬਾਅਦ ਰੋਜ਼ ਨੂੰ ਲੱਗਾ ਕਿ ਉਸ ਦੇ “ਰਾਜਕੁਮਾਰ” ਦਾ ਜਾਦੂ ਚਲਾ ਗਿਆ ਸੀ। ਉਹ ਕਹਿੰਦੀ ਹੈ ਕਿ “ਮੇਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ।”
ਕਈ ਫ਼ਿਲਮਾਂ, ਕਿਤਾਬਾਂ, ਅਤੇ ਗੀਤ ਪਿਆਰ-ਮੁਹੱਬਤ ਨੂੰ ਸੁਪਨੇ ਵਾਂਗ ਪੇਸ਼ ਕਰਦੇ ਹਨ। ਜਦੋਂ ਇਕ ਮੁੰਡਾ-ਕੁੜੀ ਇਕ ਦੂਸਰੇ ਨੂੰ ਜਾਣਨ ਲੱਗਦੇ ਹਨ ਤਾਂ ਹੋ ਸਕਦਾ ਹੈ ਕਿ ਉਹ ਮਹਿਸੂਸ ਕਰਨ ਕਿ ਉਨ੍ਹਾਂ ਦਾ ਸੁਪਨਾ ਸੱਚ ਹੋ ਰਿਹਾ ਹੈ; ਪਰ ਵਿਆਹ ਤੋਂ ਕੁਝ ਸਾਲ ਬਾਅਦ, ਉਹ ਸੋਚਣ ਲੱਗ ਪੈਂਦੇ ਹਨ ਕਿ ਹਾਂ, ਉਹ ਸੱਚ-ਮੁੱਚ ਇਕ ਸੁਪਨਾ ਹੀ ਦੇਖ ਰਹੇ ਸਨ! ਜਦੋਂ ਵਿਆਹੁਤਾ ਰਿਸ਼ਤਾ ਕਹਾਣੀਆਂ ਵਰਗਾ ਨਹੀਂ ਹੁੰਦਾ ਹੈ ਤਾਂ ਸ਼ਾਇਦ ਜੋੜਾ ਸੋਚਣ ਲੱਗ ਪੈਂਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਬਿਲਕੁਲ ਅਸਫ਼ਲ ਹੋ ਗਿਆ ਹੈ, ਉਦੋਂ ਵੀ ਜਦ ਉਸ ਨੂੰ ਸੁਧਾਰਿਆ ਜਾ ਵੀ ਸਕੇ।
ਲੇਕਿਨ, ਵਿਆਹੁਤਾ ਰਿਸ਼ਤੇ ਤੋਂ ਕੁਝ-ਨਾ-ਕੁਝ ਉਮੀਦਾਂ ਰੱਖਣੀਆਂ ਬਿਲਕੁਲ ਜਾਇਜ਼ ਹੈ। ਮਿਸਾਲ ਲਈ, ਆਪਣੇ ਸਾਥੀ ਤੋਂ ਪਿਆਰ, ਆਦਰ, ਅਤੇ ਸਹਾਰੇ ਦੀ ਉਮੀਦ ਰੱਖਣੀ ਠੀਕ ਹੈ। ਲੇਕਿਨ, ਕਦੀ-ਕਦੀ ਇਹ ਉਮੀਦਾਂ ਵੀ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਭਾਰਤ ਵਿਚ ਮੀਨਾ ਨਾਂ ਦੀ ਇਕ ਜਵਾਨ ਕੁੜੀ ਕਹਿੰਦੀ ਹੈ ਕਿ “ਮੈਨੂੰ ਤਾਂ ਇੱਦਾਂ ਲੱਗਦਾ ਹੈ ਜਿੱਦਾਂ ਮੇਰਾ ਵਿਆਹ ਹੋਇਆ ਹੀ ਨਹੀਂ। . . . ਮੈਨੂੰ ਲੱਗਦਾ ਹੈ ਕਿ ਉਹ ਮੇਰੀ ਪਰਵਾਹ ਕਰਦਾ ਹੀ ਨਹੀਂ, ਤਾਂ ਮੈਂ ਬਿਲਕੁਲ ਇਕੱਲੀ ਹੀ ਹਾਂ।”
ਬੇਮੇਲ—“ਕਿਸੇ ਵੀ ਗੱਲ ਵਿਚ ਸਾਡੇ ਵਿਚਾਰ ਮਿਲਦੇ-ਜੁਲਦੇ ਨਹੀਂ”
ਇਕ ਔਰਤ ਕਹਿੰਦੀ ਹੈ ਕਿ “ਲਗਭਗ ਹਰੇਕ ਗੱਲ ਵਿਚ ਮੇਰੇ ਤੇ ਮੇਰੇ ਪਤੀ ਦੇ ਵਿਚਾਰ ਬਿਲਕੁਲ ਉਲਟ ਹਨ। ਮੈਂ ਉਸ ਨਾਲ ਵਿਆਹ ਕਰਵਾਉਣ ਦੇ ਆਪਣੇ ਫ਼ੈਸਲੇ ਤੋਂ ਹਰ ਦਿਨ ਪਛਤਾਉਂਦੀ ਹਾਂ। ਸਾਡਾ ਕੋਈ ਵੀ ਮੇਲ ਨਹੀਂ ਹੈ।”
ਆਮ ਤੌਰ ਤੇ, ਵਿਆਹ ਕਰ ਕੇ ਪਤੀ-ਪਤਨੀ ਜਲਦੀ ਪਛਾਣ ਲੈਂਦੇ ਹਨ ਕਿ ਉਹ ਇਕ ਦੂਸਰੇ ਨਾਲ ਇੰਨਾ ਰਲਦੇ-ਮਿਲਦੇ ਨਹੀਂ ਜਿੰਨਾ ਉਹ ਪਹਿਲਾਂ ਸੋਚਦੇ ਸਨ। ਡਾ. ਨੀਨਾ ਐੱਸ. ਫੀਲਡਜ਼ ਨੇ ਲਿਖਿਆ ਕਿ “ਵਿਆਹ ਤੋਂ ਬਾਅਦ ਪਤੀ-ਪਤਨੀ ਦੋਹਾਂ ਵਿਚ ਅਜਿਹੀਆਂ ਆਦਤਾਂ ਅਤੇ ਗੁਣ ਦਿਖਾਈ ਦੇਣ ਲੱਗਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸ਼ਾਇਦ ਖ਼ੁਦ ਨਹੀਂ ਪਤਾ ਸੀ।”
ਇਸ ਦੇ ਨਤੀਜੇ ਵਜੋਂ, ਵਿਆਹ ਤੋਂ ਬਾਅਦ ਕੁਝ ਜੋੜੇ ਸ਼ਾਇਦ ਇਹ ਫ਼ੈਸਲਾ ਕਰਨ ਕਿ ਉਹ ਬਿਲਕੁਲ ਬੇਮੇਲ ਹਨ। ਡਾ. ਐਰਨ ਟੀ. ਬੈੱਕ ਕਹਿੰਦਾ ਹੈ ਕਿ “ਪਸੰਦਾਂ ਅਤੇ ਸੁਭਾਅ ਵਿਚ ਥੋੜ੍ਹਾ-ਬਹੁਤਾ ਮੇਲ ਹੋਣ ਤੋਂ ਇਲਾਵਾ, ਵਿਆਹ ਕਰਵਾਉਣ ਵੇਲੇ ਬਹੁਤਿਆਂ ਲੋਕਾਂ ਦੇ ਸਟਾਈਲਾਂ, ਆਦਤਾਂ, ਅਤੇ ਰਵੱਈਏ ਵਿਚ ਵੱਡੇ ਫ਼ਰਕ ਹੁੰਦੇ ਹਨ।” ਕਈ ਵਿਆਹੁਤਾ ਜੋੜੇ ਇਨ੍ਹਾਂ ਫ਼ਰਕਾਂ ਨਾਲ ਨਿਪਟਣਾ ਨਹੀਂ ਜਾਣਦੇ।
ਝਗੜੇ—“ਅਸੀਂ ਹਮੇਸ਼ਾ ਲੜਦੇ ਰਹਿੰਦੇ ਹਾਂ”
ਸਿੰਡੀ ਨਾਂ ਦੀ ਕੁੜੀ ਆਪਣੇ ਵਿਆਹੁਤਾ ਜੀਵਨ ਦੇ ਮੁਢਲਿਆਂ ਦਿਨਾਂ ਬਾਰੇ ਸੋਚ ਕੇ ਕਹਿੰਦੀ ਹੈ ਕਿ “ਅਸੀਂ ਹੈਰਾਨ ਸੀ ਕਿ ਅਸੀਂ ਕਿੰਨਾ ਲੜਦੇ-ਝਗੜਦੇ ਸੀ—ਅਸੀਂ ਹਮੇਸ਼ਾ ਚਿਲਾਉਂਦੇ ਸੀ, ਅਤੇ ਇਸ ਤੋਂ ਵੀ ਵੱਧ ਅਸੀਂ ਗੁੱਸੇ ਵਿਚ ਆ ਕੇ ਕਈਆਂ ਦਿਨਾਂ ਲਈ ਇਕ ਦੂਸਰੇ ਨਾਲ ਗੱਲ ਹੀ ਨਹੀਂ ਕਰਦੇ ਸੀ।”
ਵਿਆਹੁਤਾ ਰਿਸ਼ਤੇ ਵਿਚ ਅਣਬਣ ਤਾਂ ਜ਼ਰੂਰ ਹੋਵੇਗੀ। ਪਰ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ? ਡਾ. ਡੈਨੀਅਲ ਗੋਲਮਨ ਨੇ ਲਿਖਿਆ ਕਿ “ਇਕ ਚੰਗੇ ਵਿਆਹੁਤਾ ਰਿਸ਼ਤੇ ਵਿਚ ਪਤੀ-ਪਤਨੀ ਖੁੱਲ੍ਹੀ ਤਰ੍ਹਾਂ ਸ਼ਿਕਾਇਤ ਕਰ ਸਕਦੇ ਹਨ। ਪਰ, ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਸ਼ਿਕਾਇਤਾਂ ਗੁੱਸੇ ਵਿਚ ਆ ਕੇ ਕੀਤੀਆਂ ਜਾਂਦੀਆਂ ਹਨ, ਅਤੇ ਫਿਰ ਇਵੇਂ ਲੱਗਦਾ ਹੈ ਕਿ ਦੂਸਰੇ ਸਾਥੀ ਦੇ ਚਾਲ-ਚਲਣ ਉੱਤੇ ਹਮਲਾ ਕੀਤਾ ਜਾ ਰਿਹਾ ਹੈ।”
ਜਦ ਇਹ ਸੱਚ ਹੋਵੇ, ਤਾਂ ਗੱਲਬਾਤ ਕਰਨ ਦਾ ਸਮਾਂ ਮੈਦਾਨੇ-ਜੰਗ ਵਿਚ ਕਦਮ ਰੱਖਣ ਵਰਗਾ ਹੁੰਦਾ ਹੈ। ਆਪਣਿਆਂ-ਆਪਣਿਆਂ ਵਿਚਾਰਾਂ ਉੱਤੇ ਦ੍ਰਿੜ੍ਹਤਾ ਨਾਲ ਸਫ਼ਾਈ ਪੇਸ਼ ਕੀਤੀ ਜਾਂਦੀ ਹੈ ਅਤੇ ਸ਼ਬਦਾਂ ਨੂੰ ਗੱਲਬਾਤ ਕਰਨ ਦੇ ਔਜ਼ਾਰਾਂ ਵਜੋਂ ਨਹੀਂ ਪਰ ਤਲਵਾਰਾਂ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਮਾਹਰਾਂ ਦਾ ਇਕ ਸਮੂਹ ਕਹਿੰਦਾ ਹੈ ਕਿ “ਜਿਨ੍ਹਾਂ ਝਗੜਿਆਂ ਉੱਤੇ ਕਾਬੂ ਨਹੀਂ ਰੱਖਿਆ ਜਾਂਦਾ ਉਨ੍ਹਾਂ ਵਿਚ ਸਭ ਤੋਂ ਨੁਕਸਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਆਹੁਤਾ ਸਾਥੀ ਅਜਿਹੀਆਂ ਗੱਲਾਂ ਕਹਿ ਬੈਠਦੇ ਹਨ ਜੋ ਉਨ੍ਹਾਂ ਦੇ ਪੂਰੇ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਂਦੀਆਂ ਹਨ।”
ਉਦਾਸੀਨਤਾ—“ਅਸੀਂ ਤਾਂ ਹਾਰ ਮੰਨ ਲਈ ਹੈ”
ਪੰਜਾਂ ਸਾਲਾਂ ਤੋਂ ਵਿਆਹੀ ਹੋਈ ਇਕ ਔਰਤ ਨੇ ਕਿਹਾ: “ਮੈਂ ਤਾਂ ਆਪਣੇ ਵਿਆਹੁਤਾ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਛੱਡ ਦਿੱਤੀ ਹੈ। ਮੈਂ ਜਾਣਦੀ ਹਾਂ ਕਿ ਸਾਡਾ ਰਿਸ਼ਤਾ ਹੁਣ ਕਦੀ ਵੀ ਠੀਕ ਨਹੀਂ ਹੋਵੇਗਾ। ਮੈਨੂੰ ਤਾਂ ਸਿਰਫ਼ ਆਪਣੇ ਬੱਚਿਆਂ ਦਾ ਫ਼ਿਕਰ ਹੈ।”
ਇਹ ਕਿਹਾ ਗਿਆ ਹੈ ਕਿ ਅਸਲ ਵਿਚ ਪਿਆਰ ਦਾ ਉਲਟ ਨਫ਼ਰਤ ਨਹੀਂ ਬਲਕਿ ਉਦਾਸੀਨਤਾ ਹੈ। ਅਸਲ ਵਿਚ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿਚ ਬੇਪਰਵਾਹੀ, ਯਾਨੀ ਕਿ ਉਦਾਸੀਨਤਾ, ਨਫ਼ਰਤ ਜਿੰਨਾ ਨੁਕਸਾਨ ਪਹੁੰਚਾ ਸਕਦੀ ਹੈ।
ਪਰ, ਅਫ਼ਸੋਸ ਦੀ ਗੱਲ ਹੈ ਕਿ ਕੁਝ ਵਿਆਹੁਤਾ ਸਾਥੀ ਬੇਮੁਹੱਬਤੇ ਰਿਸ਼ਤੇ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਇਸ ਵਿਚ ਤਬਦੀਲੀ ਦੀ ਕੋਈ ਉਮੀਦ ਰੱਖਦੇ ਹੀ ਨਹੀਂ। ਮਿਸਾਲ ਲਈ, 23 ਸਾਲਾਂ ਤੋਂ ਵਿਆਹੇ ਇਕ ਪਤੀ ਨੇ ਕਿਹਾ ਕਿ ਉਸ ਦਾ ਵਿਆਹੁਤਾ ਜੀਵਨ “ਅਜਿਹੀ ਨੌਕਰੀ ਕਰਨ ਵਾਂਗ ਹੈ ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ।” ਉਹ ਅੱਗੇ ਕਹਿੰਦਾ ਹੈ ਕਿ “ਅਜਿਹੀ ਹਾਲਤ ਵਿਚ ਤੁਸੀਂ ਜਿੰਨਾ ਕੁ ਹੋ ਸਕੇ ਕਰਦੇ ਹੋ।” ਇਸੇ ਤਰ੍ਹਾਂ ਸੱਤ ਸਾਲਾਂ ਤੋਂ ਵਿਆਹੀ ਹੋਈ ਵੈਂਡੀ ਨਾਂ ਦੀ ਇਕ ਪਤਨੀ ਨੇ ਆਪਣੇ ਪਤੀ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਵਿਚ ਹਾਰ ਮੰਨ ਲਈ ਹੈ। ਉਹ ਕਹਿੰਦੀ ਹੈ ਕਿ “ਮੈਂ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਉਹ ਤਾਂ ਕੋਈ ਕੋਸ਼ਿਸ਼ ਕਰਦਾ ਹੀ ਨਹੀਂ। ਇਸ ਕਾਰਨ ਮੈਨੂੰ ਡਿਪਰੈਸ਼ਨ ਹੋ ਗਿਆ ਸੀ, ਅਤੇ ਮੈਂ ਫਿਰ ਤੋਂ ਇਸ ਤਰ੍ਹਾਂ ਬੀਮਾਰ ਨਹੀਂ ਹੋਣਾ ਚਾਹੁੰਦੀ। ਜਦੋਂ ਮੈਂ ਉਮੀਦ ਕਰਨ ਲੱਗਦੀ ਹਾਂ ਤਾਂ ਮੇਰੇ ਦਿਲ ਨੂੰ ਸਿਰਫ਼ ਠੇਸ ਪਹੁੰਚਦੀ ਹੈ। ਇਸ ਲਈ, ਬਿਹਤਰ ਹੈ ਕਿ ਮੈਂ ਕੋਈ ਵੀ ਉਮੀਦ ਨਾ ਰੱਖਾਂ—ਮੈਂ ਖ਼ੁਸ਼ ਤਾਂ ਨਹੀਂ ਹੋਵਾਂਗੀ, ਪਰ ਮੈਨੂੰ ਡਿਪਰੈਸ਼ਨ ਵੀ ਨਹੀਂ ਹੋਵੇਗਾ।”
ਸੁਪਨੇ ਦੇਖਣੇ, ਬੇਮੇਲ ਹੋਣਾ, ਝਗੜੇ, ਅਤੇ ਉਦਾਸੀਨਤਾ ਸਿਰਫ਼ ਕੁਝ ਹੀ ਗੱਲਾਂ ਹਨ ਜਿਨ੍ਹਾਂ ਕਾਰਨ ਵਿਆਹੁਤਾ ਰਿਸ਼ਤਿਆਂ ਵਿਚ ਪਿਆਰ ਠੰਢਾ ਪੈ ਜਾਂਦਾ ਹੈ। ਜ਼ਾਹਰ ਹੈ ਕਿ ਹੋਰ ਵੀ ਬਹੁਤ ਗੱਲਾਂ ਹਨ—ਇਨ੍ਹਾਂ ਵਿੱਚੋਂ ਕੁਝ ਗੱਲਾਂ ਸਫ਼ੇ 5 ਦੀ ਡੱਬੀ ਵਿਚ ਦੱਸੀਆਂ ਗਈਆਂ ਹਨ। ਲੇਕਿਨ, ਇਨ੍ਹਾਂ ਕਾਰਨਾਂ ਦੇ ਬਾਵਜੂਦ, ਕੀ ਉਨ੍ਹਾਂ ਵਿਆਹੁਤਾ ਜੋੜਿਆਂ ਲਈ ਕੋਈ ਉਮੀਦ ਹੈ ਜੋ ਬੇਮੁਹੱਬਤੇ ਬੰਧਨ ਵਿਚ ਕੈਦ ਹੋਏ ਮਹਿਸੂਸ ਕਰਦੇ ਹਨ?
[ਸਫ਼ਾ 5 ਉੱਤੇ ਡੱਬੀ/ਤਸਵੀਰ]
ਕੁਝ ਹੋਰ ਗੱਲਾਂ ਜਿਸ ਕਾਰਨ ਵਿਆਹੁਤਾ ਬੰਧਨ ਵਿਚ ਪਿਆਰ ਠੰਢਾ ਪੈਂਦਾ ਹੈ
• ਪੈਸੇ: “ਅਸੀਂ ਸ਼ਾਇਦ ਸੋਚੀਏ ਕਿ ਖ਼ਰਚਿਆਂ ਦਾ ਹਿਸਾਬ ਰੱਖਣ ਦੁਆਰਾ ਇਕ ਜੋੜਾ ਮਜ਼ਬੂਤ ਬਣੇਗਾ ਕਿਉਂਕਿ ਉਨ੍ਹਾਂ ਨੂੰ ਏਕਤਾ ਵਿਚ ਕੰਮ ਕਰਨਾ ਪੈਂਦਾ ਹੈ, ਗੁਜ਼ਾਰਾ ਤੋੜਨ ਲਈ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਪੈਂਦੀਆਂ ਹਨ, ਅਤੇ ਉਹ ਆਪਣੇ ਕੰਮਾਂ ਦੇ ਚੰਗੇ ਨਤੀਜਿਆਂ ਦਾ ਆਨੰਦ ਮਾਣਦੇ ਹਨ। ਪਰ, ਜੋ ਚੀਜ਼ ਇਕ ਜੋੜੇ ਨੂੰ ਇਕਮੁੱਠ ਕਰ ਸਕਦੀ ਹੈ ਉਹੀ ਅਕਸਰ ਉਨ੍ਹਾਂ ਨੂੰ ਇਕ ਦੂਸਰੇ ਤੋਂ ਜੁਦਾ ਕਰ ਦਿੰਦੀ ਹੈ।”—ਡਾ. ਐਰਨ ਟੀ. ਬੈੱਕ.
• ਮਾਪੇ ਹੋਣਾ: “ਅਸੀਂ ਦੇਖਿਆ ਹੈ ਕਿ 67 ਫੀ ਸਦੀ ਵਿਆਹੁਤਾ ਜੋੜੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਘੱਟ ਸੰਤੁਸ਼ਟੀ ਮਹਿਸੂਸ ਕਰਦੇ ਹਨ, ਅਤੇ ਉਨ੍ਹਾਂ ਵਿਚਕਾਰ ਅੱਠ ਗੁਣਾ ਜ਼ਿਆਦਾ ਝਗੜੇ ਹੁੰਦੇ ਹਨ। ਇਸ ਦਾ ਕਾਰਨ ਕੁਝ ਹੱਦ ਤਕ ਇਹ ਹੈ ਕਿ ਮਾਪੇ ਬਹੁਤ ਥੱਕ ਜਾਂਦੇ ਹਨ ਅਤੇ ਉਨ੍ਹਾਂ ਕੋਲ ਇਕ ਦੂਸਰੇ ਲਈ ਬਹੁਤਾ ਸਮਾਂ ਨਹੀਂ ਹੁੰਦਾ।”—ਡਾ. ਜੌਨ ਗੌਟਮਨ.
• ਧੋਖਾ ਦੇਣਾ: “ਬੇਵਫ਼ਾਈ ਵਿਚ ਧੋਖਾ ਸ਼ਾਮਲ ਹੁੰਦਾ ਹੈ, ਅਤੇ ਧੋਖੇ ਦਾ ਸਾਫ਼-ਸਾਫ਼ ਮਤਲਬ ਵਿਸ਼ਵਾਸਘਾਤ ਹੁੰਦਾ ਹੈ। ਵਿਸ਼ਵਾਸ ਨੂੰ ਇਕ ਲੰਬੇ ਸਮੇਂ ਦੇ ਸਫ਼ਲ ਵਿਆਹ ਦੀ ਸਭ ਤੋਂ ਅਹਿਮ ਚੀਜ਼ ਕਿਹਾ ਗਿਆ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਧੋਖਾ ਇਕ ਵਿਆਹੁਤਾ ਰਿਸ਼ਤੇ ਨੂੰ ਤਬਾਹ ਕਰ ਸਕਦਾ ਹੈ।”—ਡਾ. ਨੀਨਾ ਐੱਸ. ਫੀਲਡਜ਼.
• ਜਿਨਸੀ ਸੰਬੰਧ: “ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋਕ ਤਲਾਕ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਹਨ, ਤਾਂ ਇਹ ਗੱਲ ਆਮ ਹੁੰਦੀ ਹੈ ਕਿ ਵਿਆਹੁਤਾ ਜੋੜੇ ਵਿਚਕਾਰ ਕਈਆਂ ਸਾਲਾਂ ਤੋਂ ਕੋਈ ਜਿਨਸੀ ਸੰਬੰਧ ਨਹੀਂ ਰਹੇ ਹਨ। ਕੁਝ ਜੋੜਿਆਂ ਵਿਚ ਅਜਿਹਾ ਰਿਸ਼ਤਾ ਕਦੀ ਕਾਇਮ ਹੀ ਨਹੀਂ ਕੀਤਾ ਗਿਆ ਸੀ, ਅਤੇ ਦੂਸਰਿਆਂ ਜੋੜਿਆਂ ਵਿਚ ਜਿਨਸੀ ਸੰਬੰਧ ਸਿਰਫ਼ ਇਕ ਦੂਸਰੇ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਹੁੰਦੇ ਸਨ।”—ਜੁਡਿਥ ਐੱਸ. ਵਾਲਰਸਟਾਈਨ, ਇਕ ਕਲਿਨਕੀ ਮਨੋਵਿਗਿਆਨੀ।
[ਸਫ਼ਾ 6 ਉੱਤੇ ਡੱਬੀ/ਤਸਵੀਰ]
ਬੱਚਿਆਂ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ?
ਕੀ ਤੁਹਾਡੇ ਵਿਆਹੁਤਾ ਰਿਸ਼ਤੇ ਦੀ ਹਾਲਤ ਦਾ ਤੁਹਾਡੇ ਬੱਚਿਆਂ ਉੱਤੇ ਅਸਰ ਪੈ ਸਕਦਾ ਹੈ? ਡਾ. ਜੌਨ. ਗੌਟਮਨ ਨੇ 20 ਕੁ ਸਾਲਾਂ ਤੋਂ ਵਿਆਹੁਤਾ ਜੋੜਿਆਂ ਬਾਰੇ ਰਿਸਰਚ ਕੀਤੀ ਹੈ ਅਤੇ ਉਸ ਦੇ ਅਨੁਸਾਰ ਇਸ ਸਵਾਲ ਦਾ ਜਵਾਬ ਹੈ, ਹਾਂ। ਉਸ ਨੇ ਕਿਹਾ “ਦਸਾਂ ਸਾਲਾਂ ਦੀਆਂ ਦੋ ਖੋਜਾਂ ਤੋਂ ਸਾਨੂੰ ਪਤਾ ਲੱਗਾ ਕਿ ਜਿਨ੍ਹਾਂ ਛੋਟੇ ਬੱਚਿਆਂ ਦੇ ਮਾਪੇ ਖ਼ੁਸ਼ ਨਹੀਂ ਸਨ ਖੇਡਣ ਸਮੇਂ ਉਨ੍ਹਾਂ ਦੇ ਦਿਲ ਦੀ ਧੜਕਣ ਜ਼ਿਆਦਾ ਤੇਜ਼ ਹੁੰਦੀ ਸੀ ਅਤੇ ਉਹ ਆਪਣੇ ਆਪ ਨੂੰ ਸ਼ਾਂਤ ਨਹੀਂ ਕਰ ਸਕਦੇ ਸਨ। ਸਮੇਂ ਦੇ ਬੀਤਣ ਨਾਲ, ਵਿਆਹੁਤਾ ਜੀਵਨ ਦੇ ਝਗੜਿਆਂ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਫ਼ਰਕ ਪੈ ਜਾਂਦਾ ਹੈ, ਉਹ ਘੱਟ ਤਰੱਕੀ ਕਰਨ ਲੱਗਦੇ ਹਨ ਚਾਹੇ ਉਹ ਜਿੰਨੇ ਮਰਜ਼ੀ ਹੁਸ਼ਿਆਰ ਕਿਉਂ ਨਾ ਹੋਣ।” ਇਸ ਦੇ ਉਲਟ, ਡਾ. ਗੌਟਮਨ ਕਹਿੰਦਾ ਹੈ ਕਿ ਜਿਨ੍ਹਾਂ ਵਿਆਹੁਤਾ ਜੋੜਿਆਂ ਦਾ ਚੰਗਾ ਰਿਸ਼ਤਾ ਹੈ ਉਨ੍ਹਾਂ ਦੇ ਬੱਚੇ “ਪੜ੍ਹਾਈ ਵਿਚ ਤਰੱਕੀ ਕਰਦੇ ਹਨ ਅਤੇ ਲੋਕਾਂ ਨਾਲ ਮਿਲਣਾ-ਜੁਲਣਾ ਜਾਣਦੇ ਹਨ, ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦਿਖਾਇਆ ਹੈ ਕਿ ਉਨ੍ਹਾਂ ਨੂੰ ਦੂਸਰਿਆਂ ਨਾਲ ਕਿਸ ਤਰ੍ਹਾਂ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਪਰੇਸ਼ਾਨੀਆਂ ਬਾਰੇ ਕੀ ਕਰਨਾ ਚਾਹੀਦਾ ਹੈ।”
-
-
ਕੀ ਕੋਈ ਉਮੀਦ ਰੱਖੀ ਜਾ ਸਕਦੀ ਹੈ?ਜਾਗਰੂਕ ਬਣੋ!—2001 | ਜਨਵਰੀ
-
-
ਕੀ ਕੋਈ ਉਮੀਦ ਰੱਖੀ ਜਾ ਸਕਦੀ ਹੈ?
“ਦੁਖੀ ਵਿਆਹੁਤਾ ਰਿਸ਼ਤਿਆਂ ਦੀ ਇਕ ਵੱਡੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਪਤੀ-ਪਤਨੀ ਪੱਕਾ ਯਕੀਨ ਕਰਦੇ ਹਨ ਕਿ ਹਾਲਾਤ ਬਿਹਤਰ ਨਹੀਂ ਹੋ ਸਕਦੇ। ਅਜਿਹੇ ਯਕੀਨ ਦੇ ਕਾਰਨ ਹਰ ਕੋਸ਼ਿਸ਼ ਅਸਫ਼ਲ ਰਹਿੰਦੀ ਹੈ ਅਤੇ ਸੁਧਾਰ ਕਰਨ ਦੀ ਇੱਛਾ ਖ਼ਤਮ ਕੀਤੀ ਜਾਂਦੀ ਹੈ।”—ਡਾ. ਐਰਨ ਟੀ. ਬੈੱਕ.
ਜ਼ਰਾ ਕਲਪਨਾ ਕਰੋ ਕਿ ਤੁਹਾਨੂੰ ਕੋਈ ਦੁੱਖ-ਦਰਦ ਹੋਵੇ ਅਤੇ ਤੁਸੀਂ ਚੈੱਕਅਪ ਕਰਵਾਉਣ ਵਾਸਤੇ ਡਾਕਟਰ ਕੋਲ ਜਾਂਦੇ ਹੋ। ਜਾਇਜ਼ ਹੈ ਕਿ ਤੁਹਾਨੂੰ ਫ਼ਿਕਰ ਹੋਵੇ। ਆਖ਼ਰਕਾਰ ਤੁਹਾਡੀ ਸਿਹਤ ਨੂੰ, ਇੱਥੋਂ ਤਕ ਕਿ ਤੁਹਾਡੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਫ਼ਰਜ਼ ਕਰੋ ਕਿ ਚੈੱਕਅਪ ਤੋਂ ਬਾਅਦ ਡਾਕਟਰ ਤੁਹਾਨੂੰ ਇਹ ਖ਼ੁਸ਼ ਖ਼ਬਰੀ ਸੁਣਾਉਂਦਾ ਹੈ ਕਿ ਭਾਵੇਂ ਤੁਹਾਡੀ ਬੀਮਾਰੀ ਮਾਮੂਲੀ ਜਿਹੀ ਨਹੀਂ ਹੈ, ਇਸ ਦਾ ਇਲਾਜ ਜ਼ਰੂਰ ਕੀਤਾ ਜਾ ਸਕਦਾ ਹੈ। ਅਸਲ ਵਿਚ, ਡਾਕਟਰ ਤੁਹਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਖ਼ੁਰਾਕ ਅਤੇ ਕਸਰਤ ਵੱਲ ਚੰਗੀ ਤਰ੍ਹਾਂ ਧਿਆਨ ਦਿਓਗੇ ਤਾਂ ਤੁਸੀਂ ਬਿਲਕੁਲ ਠੀਕ ਹੋਣ ਦੀ ਆਸ ਰੱਖ ਸਕਦੇ ਹੋ। ਬਿਨਾਂ ਸ਼ੱਕ ਤੁਹਾਡੀ ਪਰੇਸ਼ਾਨੀ ਘੱਟ ਜਾਵੇਗੀ ਅਤੇ ਤੁਸੀਂ ਖ਼ੁਸ਼ੀ ਨਾਲ ਡਾਕਟਰ ਦੀ ਸਲਾਹ ਮੰਨੋਗੇ!
ਇਸ ਮਿਸਾਲ ਨੂੰ ਹੁਣ ਵਿਆਹੁਤਾ ਜੀਵਨ ਦੀ ਗੱਲ ਨਾਲ ਮਿਲਾਓ। ਕੀ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਦੁੱਖ ਮਹਿਸੂਸ ਕਰ ਰਹੇ ਹੋ? ਇਹ ਗੱਲ ਸੱਚ ਹੈ ਕਿ ਹਰੇਕ ਵਿਆਹੁਤਾ ਬੰਧਨ ਵਿਚ ਮੁਸ਼ਕਲਾਂ ਅਤੇ ਅਣਬਣਾਂ ਹੋਣਗੀਆਂ। ਇਸ ਲਈ ਤੁਹਾਡੇ ਰਿਸ਼ਤੇ ਵਿਚ ਕੁਝ ਔਖਿਆਂ ਸਮਿਆਂ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਆਪਸ ਵਿਚ ਪਿਆਰ ਨਹੀਂ ਰਿਹਾ। ਪਰ ਉਦੋਂ ਕੀ ਜਦੋਂ ਇਹ ਦੁਖਦਾਈ ਹਾਲਤ ਕਈਆਂ ਹਫ਼ਤਿਆਂ, ਮਹੀਨਿਆਂ, ਜਾਂ ਇੱਥੋਂ ਤਕ ਕਿ ਕਈਆਂ ਸਾਲਾਂ ਲਈ ਜਾਰੀ ਰਹੇ? ਜੇਕਰ ਇਸ ਤਰ੍ਹਾਂ ਹੈ, ਤਾਂ ਫ਼ਿਕਰ ਕਰਨਾ ਬਿਲਕੁਲ ਜਾਇਜ਼ ਹੈ ਕਿਉਂਕਿ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਜੀ ਹਾਂ, ਤੁਹਾਡਾ ਵਿਆਹੁਤਾ ਰਿਸ਼ਤਾ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਹਰੇਕ ਪਹਿਲੂ ਉੱਤੇ ਅਸਰ ਪਾ ਸਕਦਾ ਹੈ। ਮਿਸਾਲ ਲਈ, ਇਹ ਸੋਚਿਆ ਗਿਆ ਹੈ ਕਿ ਡਿਪਰੈਸ਼ਨ, ਕੰਮ ਵਿਚ ਘੱਟ ਕੁਸ਼ਲਤਾ, ਅਤੇ ਸਕੂਲੇ ਬੱਚਿਆਂ ਦੀ ਅਸਫ਼ਲਤਾ ਵਰਗੀਆਂ ਸਮੱਸਿਆਵਾਂ ਦਾ ਵੱਡਾ ਕਾਰਨ ਵਿਆਹੁਤਾ ਰਿਸ਼ਤੇ ਵਿਚ ਤਣਾਅ ਹੈ। ਪਰ ਸਿਰਫ਼ ਇਨ੍ਹਾਂ ਗੱਲਾਂ ਉੱਤੇ ਹੀ ਨਹੀਂ ਅਸਰ ਪੈਂਦਾ। ਮਸੀਹੀ ਪਛਾਣਦੇ ਹਨ ਕਿ ਆਪਣੇ ਵਿਆਹੁਤਾ ਸਾਥੀ ਨਾਲ ਉਨ੍ਹਾਂ ਦਾ ਰਿਸ਼ਤਾ, ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਉੱਤੇ ਅਸਰ ਪਾ ਸਕਦਾ ਹੈ।—1 ਪਤਰਸ 3:7.
ਜੇ ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਸਮੱਸਿਆਵਾਂ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਆਸ ਨਹੀਂ ਹੈ। ਵਿਆਹੁਤਾ ਜੀਵਨ ਦੀ ਇਸ ਅਸਲੀਅਤ ਨੂੰ ਸਵੀਕਾਰ ਕਰਨਾ ਕਿ ਚੁਣੌਤੀਆਂ ਜ਼ਰੂਰ ਆਉਣਗੀਆਂ, ਇਕ ਜੋੜੇ ਨੂੰ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਫਿਰ ਸੁਲਝਾਉਣ ਦੀ ਮਦਦ ਕਰੇਗਾ। ਆਈਜ਼ਕ ਨਾਂ ਦਾ ਇਕ ਪਤੀ ਕਹਿੰਦਾ ਹੈ: “ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀ ਕਿ ਵਿਆਹੁਤਾ ਜੀਵਨ ਦੌਰਾਨ ਜੋੜਿਆਂ ਦੀ ਖ਼ੁਸ਼ੀ ਕਦੀ ਘੱਟ ਅਤੇ ਕਦੀ ਜ਼ਿਆਦਾ ਹੁੰਦੀ ਹੈ। ਮੈਂ ਸੋਚਿਆ ਕਿ ਸਾਡੇ ਵਿਚ ਇਕ ਬਹੁਤ ਵੱਡੀ ਸਮੱਸਿਆ ਸੀ!”
ਭਾਵੇਂ ਕਿ ਤੁਹਾਡੇ ਰਿਸ਼ਤੇ ਦੀ ਹਾਲਤ ਬਹੁਤ ਖ਼ਰਾਬ ਹੋਵੇ ਅਤੇ ਉਸ ਵਿਚ ਪਿਆਰ ਠੰਢਾ ਪੈ ਗਿਆ ਹੋਵੇ, ਇਸ ਨੂੰ ਬਚਾਇਆ ਜਾ ਸਕਦਾ ਹੈ। ਇਹ ਸੱਚ ਹੈ ਕਿ ਇਕ ਦੁਖਦਾਈ ਰਿਸ਼ਤੇ ਦੇ ਜਜ਼ਬਾਤੀ ਜ਼ਖ਼ਮ ਬਹੁਤ ਦੀ ਗਹਿਰੇ ਹੋ ਸਕਦੇ ਹਨ, ਖ਼ਾਸ ਕਰਕੇ ਜੇ ਸਮੱਸਿਆ ਕਈਆਂ ਸਾਲਾਂ ਤੋਂ ਜਾਰੀ ਰਹੀ ਹੈ। ਪਰ, ਫਿਰ ਵੀ ਉਮੀਦ ਰੱਖੀ ਜਾ ਸਕਦੀ ਹੈ। ਇਕ ਮਹੱਤਵਪੂਰਣ ਗੱਲ ਇਹ ਹੈ ਕਿ ਪਤੀ-ਪਤਨੀ ਆਪਣਾ ਰਿਸ਼ਤਾ ਪੱਕਾ ਕਰਨ ਦੀ ਇੱਛਾ ਰੱਖਣ। ਸਭ ਤੋਂ ਭੈੜੇ ਹਾਲਾਤਾਂ ਵਿਚ ਵੀ ਰਿਸ਼ਤਾ ਸੁਧਾਰਿਆ ਜਾ ਸਕਦਾ ਹੈ ਜੇ ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਮਹੱਤਵਪੂਰਣ ਸਮਝਣ।a
ਤਾਂ ਫਿਰ ਆਪਣੇ ਆਪ ਤੋਂ ਪੁੱਛੋ, ‘ਇਕ ਚੰਗਾ ਰਿਸ਼ਤਾ ਕਾਇਮ ਕਰਨ ਦੀ ਮੇਰੀ ਕਿੰਨੀ ਕੁ ਇੱਛਾ ਹੈ?’ ਕੀ ਤੁਸੀਂ ਦੋਨੋਂ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਦਾ ਜਤਨ ਕਰਨ ਲਈ ਤਿਆਰ ਹੋ? ਡਾ. ਬੈੱਕ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਇਕ ਵਿਗੜੇ ਹੋਏ ਰਿਸ਼ਤੇ ਨੂੰ ਕਿੰਨੀ ਚੰਗੀ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਜਦੋਂ ਦੋਨੋਂ ਸਾਥੀ ਬੁਰੀਆਂ ਗੱਲਾਂ ਨੂੰ ਠੀਕ ਕਰਨ ਲਈ ਅਤੇ ਆਪਣੇ ਰਿਸ਼ਤੇ ਦੀਆਂ ਚੰਗੀਆਂ ਗੱਲਾਂ ਨੂੰ ਮਜ਼ਬੂਤ ਕਰਨ ਲਈ ਇਕੱਠੇ ਕੰਮ ਕਰਦੇ ਹਨ।” ਪਰ ਉਦੋਂ ਕੀ ਜੇ ਤੁਹਾਡਾ ਸਾਥੀ ਇਸ ਤਰ੍ਹਾਂ ਦਾ ਜਤਨ ਕਰਨ ਲਈ ਰਾਜ਼ੀ ਨਾ ਹੋਵੇ? ਜਾਂ, ਉਦੋਂ ਕੀ ਜੇ ਪਤੀ ਜਾਂ ਪਤਨੀ ਸੋਚੇ ਕਿ ਰਿਸ਼ਤੇ ਵਿਚ ਕੋਈ ਸਮੱਸਿਆ ਨਹੀਂ ਹੈ? ਕੀ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਇਕ ਜਣੇ ਦੇ ਜਤਨ ਬੇਕਾਰ ਹਨ? ਬਿਲਕੁਲ ਨਹੀਂ! ਡਾ. ਬੈੱਕ ਕਹਿੰਦਾ ਹੈ: “ਜੇਕਰ ਤੁਸੀਂ ਕੁਝ ਤਬਦੀਲੀਆਂ ਕਰੋਗੇ, ਤਾਂ ਸ਼ਾਇਦ ਤੁਹਾਡਾ ਸਾਥੀ ਵੀ ਆਪਣੇ ਆਪ ਤਬਦੀਲੀਆਂ ਕਰਨ ਲੱਗ ਪਵੇ—ਇਸ ਤਰ੍ਹਾਂ ਅਕਸਰ ਹੁੰਦਾ ਹੈ।”
ਜਲਦਬਾਜ਼ੀ ਵਿਚ ਇਹ ਨਾ ਸੋਚੋ ਕਿ ਤੁਹਾਡੇ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਹੋ ਸਕਦਾ। ਹਾਰ ਮੰਨਣ ਵਾਲੀ ਸੋਚਣੀ ਤੁਹਾਡੇ ਵਿਆਹੁਤਾ ਬੰਧਨ ਲਈ ਖ਼ਤਰਨਾਕ ਹੋ ਸਕਦੀ ਹੈ! ਤੁਹਾਡੇ ਵਿੱਚੋਂ ਕਿਸੇ ਨੂੰ ਤਾਂ ਪਹਿਲਾ ਕਦਮ ਚੁੱਕਣ ਦੀ ਲੋੜ ਹੈ। ਕੀ ਤੁਸੀਂ ਪਹਿਲਾ ਕਦਮ ਚੁੱਕ ਸਕਦੇ ਹੋ? ਜਦ ਤੁਸੀਂ ਇਸ ਤਰ੍ਹਾਂ ਕਰਨ ਲੱਗ ਪਵੋਗੇ, ਤੁਹਾਡਾ ਸਾਥੀ ਵੀ ਸ਼ਾਇਦ ਇਕ ਖ਼ੁਸ਼ ਵਿਆਹੁਤਾ ਰਿਸ਼ਤਾ ਕਾਇਮ ਕਰਨ ਲਈ ਤੁਹਾਡੇ ਨਾਲ ਕੋਸ਼ਿਸ਼ ਕਰਨ ਦੇ ਲਾਭ ਦੇਖ ਸਕੇਗਾ।
ਤਾਂ ਫਿਰ ਤੁਸੀਂ, ਇਕੱਲੇ ਜਾਂ ਜੋੜੇ ਵਜੋਂ, ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਲਈ ਕੀ ਕਰ ਸਕਦੇ ਹੋ? ਬਾਈਬਲ ਬਹੁਤ ਹੀ ਵਧੀਆ ਤਰੀਕੇ ਵਿਚ ਇਸ ਸਵਾਲ ਦਾ ਜਵਾਬ ਦਿੰਦੀ ਹੈ। ਆਓ ਆਪਾਂ ਦੇਖੀਏ।
[ਫੁਟਨੋਟ]
a ਇਹ ਸੱਚ ਹੈ ਕਿ ਕੁਝ ਗੰਭੀਰ ਮਾਮਲਿਆਂ ਵਿਚ ਸ਼ਾਇਦ ਪਤੀ-ਪਤਨੀ ਲਈ ਇਕ ਦੂਸਰੇ ਤੋਂ ਅਲੱਗ ਹੋਣ ਦੇ ਜਾਇਜ਼ ਕਾਰਨ ਹੋਣ। (1 ਕੁਰਿੰਥੀਆਂ 7:10, 11) ਇਸ ਤੋਂ ਇਲਾਵਾ, ਬਾਈਬਲ ਵਿਚ ਤਲਾਕ ਦੀ ਇਜਾਜ਼ਤ ਸਿਰਫ਼ ਤਦ ਦਿੱਤੀ ਗਈ ਹੈ ਜੇਕਰ ਵਿਭਚਾਰ ਕੀਤਾ ਗਿਆ ਹੋਵੇ। (ਮੱਤੀ 19:9) ਇਕ ਬੇਵਫ਼ਾ ਸਾਥੀ ਤੋਂ ਤਲਾਕ ਲੈਣਾ ਬਹੁਤ ਹੀ ਨਿੱਜੀ ਫ਼ੈਸਲਾ ਹੈ, ਅਤੇ ਦੂਸਰਿਆਂ ਨੂੰ ਨਿਰਦੋਸ਼ ਸਾਥੀ ਉੱਤੇ ਕੋਈ ਵੀ ਦਬਾਅ ਨਹੀਂ ਪਾਉਣਾ ਚਾਹੀਦਾ ਕਿ ਉਹ ਕਿਹੜਾ ਫ਼ੈਸਲਾ ਕਰੇ।—ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਪਰਿਵਾਰਕ ਖ਼ੁਸ਼ੀ ਦਾ ਰਾਜ਼, ਦੇ ਸਫ਼ੇ 158-61 ਦੇਖੋ।
-
-
ਤੁਹਾਡਾ ਵਿਆਹੁਤਾ ਬੰਧਨ ਬਚਾਇਆ ਜਾ ਸਕਦਾ ਹੈ!ਜਾਗਰੂਕ ਬਣੋ!—2001 | ਜਨਵਰੀ
-
-
ਤੁਹਾਡਾ ਵਿਆਹੁਤਾ ਬੰਧਨ ਬਚਾਇਆ ਜਾ ਸਕਦਾ ਹੈ!
ਬਾਈਬਲ ਪਤੀ-ਪਤਨੀਆਂ ਲਈ ਲਾਭਦਾਇਕ ਸਲਾਹ ਨਾਲ ਭਰੀ ਹੋਈ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਜਿਸ ਨੇ ਬਾਈਬਲ ਨੂੰ ਪ੍ਰੇਰਿਤ ਕੀਤਾ ਸੀ ਉਸ ਨੇ ਹੀ ਵਿਆਹ ਦੇ ਪ੍ਰਬੰਧ ਨੂੰ ਸ਼ੁਰੂ ਕੀਤਾ।
ਬਾਈਬਲ ਵਿਆਹੁਤਾ ਬੰਧਨ ਦੀ ਅਸਲੀਅਤ ਬਾਰੇ ਦੱਸਦੀ ਹੈ। ਉਹ ਸਵੀਕਾਰ ਕਰਦੀ ਹੈ ਕਿ ਪਤੀ-ਪਤਨੀ “ਦੁਖ ਭੋਗਣਗੇ।” (1 ਕੁਰਿੰਥੀਆਂ 7:28) ਪਰ, ਬਾਈਬਲ ਇਹ ਵੀ ਦੱਸਦੀ ਹੈ ਕਿ ਵਿਆਹੁਤਾ ਜੀਵਨ ਤੋਂ ਖ਼ੁਸ਼ੀ ਮਿਲ ਸਕਦੀ ਹੈ, ਅਤੇ ਮਿਲਣੀ ਚਾਹੀਦੀ ਵੀ ਹੈ। (ਕਹਾਉਤਾਂ 5:18, 19) ਇਹ ਦੋ ਖ਼ਿਆਲ ਵਿਰੋਧੀ ਨਹੀਂ ਹਨ। ਇਹ ਸਿਰਫ਼ ਇਹ ਦਿਖਾਉਂਦੇ ਹਨ ਕਿ ਭਾਵੇਂ ਪਤੀ-ਪਤਨੀ ਵਿਚਕਾਰ ਸਮੱਸਿਆਵਾਂ ਹੋਣ ਉਹ ਇਕ ਗਹਿਰੇ ਅਤੇ ਪਿਆਰ ਭਰੇ ਰਿਸ਼ਤੇ ਦਾ ਆਨੰਦ ਵੀ ਮਾਣ ਸਕਦੇ ਹਨ।
ਕੀ ਤੁਹਾਡੇ ਵਿਆਹੁਤਾ ਬੰਧਨ ਵਿਚ ਗਹਿਰੇ ਪਿਆਰ ਦੀ ਕਮੀ ਹੈ? ਕੀ ਦੁੱਖ ਅਤੇ ਨਿਰਾਸ਼ਾ ਕਾਰਨ ਤੁਹਾਡੇ ਗਹਿਰੇ ਅਤੇ ਖ਼ੁਸ਼ੀ ਭਰੇ ਰਿਸ਼ਤੇ ਉੱਤੇ ਹਨੇਰਾ ਛਾਂ ਗਿਆ ਹੈ? ਭਾਵੇਂ ਕਿ ਕਈਆਂ ਸਾਲਾਂ ਤੋਂ ਤੁਹਾਡੇ ਰਿਸ਼ਤੇ ਵਿਚ ਪਿਆਰ ਠੰਢਾ ਪੈ ਗਿਆ ਹੋਵੇ, ਫਿਰ ਵੀ ਜੋ ਗੁਆਚਾ ਹੈ ਤੁਸੀਂ ਉਸ ਨੂੰ ਦੁਬਾਰਾ ਪਾ ਸਕਦੇ ਹੋ। ਪਰ ਤੁਹਾਨੂੰ ਸਮਝਦਾਰ ਹੋਣ ਦੀ ਲੋੜ ਹੈ। ਯਾਦ ਰੱਖੋ ਕਿ ਅਪੂਰਣ ਆਦਮੀ-ਔਰਤਾਂ ਸੰਪੂਰਣ ਰਿਸ਼ਤੇ ਕਾਇਮ ਨਹੀਂ ਕਰ ਸਕਦੇ। ਲੇਕਿਨ, ਫਿਰ ਵੀ ਤੁਸੀਂ ਅਜਿਹੇ ਕਦਮ ਚੁੱਕ ਸਕਦੇ ਹੋ ਜੋ ਤੁਹਾਡੇ ਰਿਸ਼ਤੇ ਨੂੰ ਬਿਹਤਰ ਬਣਾ ਸਕਦੇ ਹਨ।
ਇਸ ਲੇਖ ਨੂੰ ਪੜ੍ਹਦੇ-ਪੜ੍ਹਦੇ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਖ਼ਾਸ ਕਰਕੇ ਕਿਹੜੀਆਂ ਗੱਲਾਂ ਤੁਹਾਡੇ ਵਿਆਹੁਤਾ ਰਿਸ਼ਤੇ ਉੱਤੇ ਲਾਗੂ ਹੁੰਦੀਆਂ ਹਨ। ਆਪਣੇ ਸਾਥੀ ਦੀਆਂ ਕਮਜ਼ੋਰੀਆਂ ਵੱਲ ਧਿਆਨ ਦੇਣ ਦੀ ਬਜਾਇ ਉਹ ਕੁਝ ਗੱਲਾਂ ਚੁਣੋ ਜਿਨ੍ਹਾਂ ਨੂੰ ਤੁਸੀਂ ਆਪਣੇ ਆਪ ਉੱਤੇ ਲਾਗੂ ਕਰ ਸਕਦੇ ਹੋ, ਅਤੇ ਫਿਰ ਬਾਈਬਲ ਦੀ ਸਲਾਹ ਉੱਤੇ ਚੱਲੋ। ਤੁਸੀਂ ਦੇਖੋਗੇ ਕਿ ਤੁਹਾਡੇ ਵਿਆਹੁਤਾ ਜੀਵਨ ਲਈ ਬਹੁਤ ਸਾਰੀ ਉਮੀਦ ਹੈ।
ਆਓ ਆਪਾਂ ਪਹਿਲਾਂ ਆਪਣੇ ਰਵੱਈਏ ਬਾਰੇ ਗੱਲ ਕਰੀਏ ਕਿਉਂਕਿ ਵਿਆਹ ਦੇ ਸਮੇਂ ਕੀਤੇ ਵਾਅਦੇ ਨਿਭਾਉਣ ਬਾਰੇ ਤੁਹਾਡਾ ਵਿਚਾਰ ਅਤੇ ਤੁਹਾਡੇ ਸਾਥੀ ਲਈ ਤੁਹਾਡੀਆਂ ਭਾਵਨਾਵਾਂ ਸਭ ਤੋਂ ਮਹੱਤਵਪੂਰਣ ਗੱਲਾਂ ਹਨ।
ਵਾਅਦਾ ਨਿਭਾਉਣ ਬਾਰੇ ਤੁਹਾਡਾ ਵਿਚਾਰ
ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਤੁਹਾਨੂੰ ਇਸ ਨੂੰ ਇਕ ਲੰਬੇ ਸਮੇਂ ਦੇ ਰਿਸ਼ਤੇ ਵਜੋਂ ਵਿਚਾਰਨਾ ਚਾਹੀਦਾ ਹੈ। ਆਖ਼ਰਕਾਰ, ਵਿਆਹ ਦਾ ਪ੍ਰਬੰਧ ਪਰਮੇਸ਼ੁਰ ਨੇ ਕੀਤਾ ਸੀ ਅਤੇ ਉਸ ਦਾ ਮਕਸਦ ਸੀ ਕਿ ਇਹ ਦੋ ਵਿਅਕਤੀਆਂ ਵਿਚਕਾਰ ਇਕ ਅਟੁੱਟ ਬੰਧਨ ਹੋਵੇ। (ਉਤਪਤ 2:24; ਮੱਤੀ 19:4, 5) ਇਸ ਲਈ, ਤੁਹਾਡੇ ਸਾਥੀ ਨਾਲ ਤੁਹਾਡਾ ਰਿਸ਼ਤਾ ਇਕ ਨੌਕਰੀ ਵਰਗਾ ਨਹੀਂ ਹੈ ਜਿਸ ਨੂੰ ਤੁਸੀਂ ਛੱਡ ਸਕਦੇ ਹੋ, ਅਤੇ ਨਾ ਹੀ ਇਹ ਇਕ ਮਕਾਨ ਵਰਗਾ ਹੈ ਜਿਸ ਦਾ ਇਕਰਾਰਨਾਮਾ ਤੁਸੀਂ ਆਸਾਨੀ ਨਾਲ ਤੋੜ ਕੇ ਉਸ ਨੂੰ ਵਿਹਲਾ ਕਰ ਸਕਦੇ ਹੋ। ਇਸ ਦੀ ਬਜਾਇ, ਜਦੋਂ ਤੁਸੀਂ ਵਿਆਹ ਕਰਵਾਉਂਦੇ ਹੋ, ਤੁਸੀਂ ਆਪਣੇ ਸਾਥੀ ਨਾਲ ਹਰ ਹਾਲ ਵਿਚ ਰਹਿਣ ਦਾ ਪੱਕਾ ਵਾਅਦਾ ਕਰਦੇ ਹੋ। ਵਾਅਦਾ ਨਿਭਾਉਣ ਦਾ ਗਹਿਰਾ ਭਾਵ ਉਸ ਗੱਲ ਨਾਲ ਰਲਦਾ-ਮਿਲਦਾ ਹੈ ਜੋ ਯਿਸੂ ਮਸੀਹ ਨੇ ਲਗਭਗ 2,000 ਸਾਲ ਪਹਿਲਾਂ ਕਹੀ ਸੀ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:6.
ਕੁਝ ਲੋਕ ਸ਼ਾਇਦ ਕਹਿਣ, ‘ਪਰ, ਅਸੀਂ ਹਾਲੇ ਵੀ ਇਕੱਠੇ ਰਹਿੰਦੇ ਹਾਂ। ਕੀ ਇਹ ਸਬੂਤ ਨਹੀਂ ਕਿ ਅਸੀਂ ਵਾਅਦਾ ਨਿਭਾਉਣ ਦੇ ਭਾਵ ਨੂੰ ਸਮਝਦੇ ਹਾਂ?’ ਸ਼ਾਇਦ। ਪਰ, ਜਿਵੇਂ ਅਸੀਂ ਇਨ੍ਹਾਂ ਲੇਖਾਂ ਦੇ ਸ਼ੁਰੂ ਵਿਚ ਦੇਖਿਆ ਸੀ ਕੁਝ ਜੋੜੇ ਜੋ ਇਕੱਠੇ ਰਹਿੰਦੇ ਹਨ ਬੇਮੁਹੱਬਤੇ ਰਿਸ਼ਤੇ ਵਿਚ ਫਸੇ ਹੋਏ ਮਹਿਸੂਸ ਕਰਦੇ ਹਨ। ਤੁਹਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਵਿਆਹੁਤਾ ਬੰਧਨ ਵਿਚ ਖ਼ੁਸ਼ੀ ਲਿਆਓ, ਨਾ ਕਿ ਇਸ ਨੂੰ ਸਿਰਫ਼ ਬਰਦਾਸ਼ਤ ਕਰੋ। ਵਾਅਦਾ ਨਿਭਾਉਣ ਦੇ ਭਾਵ ਵਿਚ ਸਿਰਫ਼ ਵਿਆਹ ਦੀਆਂ ਰਸਮਾਂ ਪ੍ਰਤੀ ਵਫ਼ਾਦਾਰ ਰਹਿਣਾ ਕਾਫ਼ੀ ਨਹੀਂ ਹੈ, ਪਰ ਉਸ ਵਿਅਕਤੀ ਪ੍ਰਤੀ ਵੀ ਵਫ਼ਾਦਾਰ ਰਹਿਣਾ ਜਿਸ ਨੂੰ ਪਿਆਰ ਅਤੇ ਆਦਰ ਦਿਖਾਉਣ ਦਾ ਤੁਸੀਂ ਵਾਅਦਾ ਕੀਤਾ ਹੈ।—ਅਫ਼ਸੀਆਂ 5:33.
ਆਪਣੇ ਸਾਥੀ ਨੂੰ ਕਹੀਆਂ ਗਈਆਂ ਤੁਹਾਡੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਤੁਸੀਂ ਆਪਣੇ ਵਾਅਦੇ ਨੂੰ ਕਿੰਨਾ ਕੁ ਮਹੱਤਵਪੂਰਣ ਸਮਝਦੇ ਹੋ। ਮਿਸਾਲ ਲਈ, ਝਗੜਾ ਕਰਦੇ ਸਮੇਂ ਕਈ ਪਤੀ-ਪਤਨੀਆਂ ਗੁੱਸੇ ਵਿਚ ਆ ਕੇ ਜਲਦਬਾਜ਼ੀ ਨਾਲ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ ਜਿਵੇਂ ਕਿ “ਮੈਂ ਤੈਨੂੰ ਛੱਡ ਦੇਣਾ ਹੈ!” ਜਾਂ “ਮੈਂ ਤਾਂ ਕਿਸੇ ਹੋਰ ਨੂੰ ਲੱਭ ਲੈਣਾ ਜੋ ਮੇਰੀ ਕਦਰ ਕਰਦਾ ਹੋਵੇ!” ਭਾਵੇਂ ਕਿ ਉਨ੍ਹਾਂ ਨੇ ਸੱਚ-ਮੁੱਚ ਇਸ ਤਰ੍ਹਾਂ ਨਹੀਂ ਕਰਨਾ ਹੋਵੇ, ਉਹ ਵਾਅਦਾ ਨਿਭਾਉਣ ਦੀ ਮਹੱਤਤਾ ਨੂੰ ਘਟਾਉਂਦੇ ਹਨ, ਕਿਉਂਕਿ ਉਹ ਇਹ ਸੰਕੇਤ ਕਰਦੇ ਹਨ ਕਿ ਉਨ੍ਹਾਂ ਲਈ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ ਤਾਂਕਿ ਉਹ ਜਦੋਂ ਮਰਜ਼ੀ ਇਸ ਬੰਧਨ ਨੂੰ ਤੋੜ ਸਕਦੇ ਹਨ ਅਤੇ ਉਹ ਆਪਣੇ ਸਾਥੀ ਨੂੰ ਛੱਡਣ ਲਈ ਬਿਲਕੁਲ ਤਿਆਰ ਹਨ।
ਆਪਣੇ ਵਿਆਹੁਤਾ ਰਿਸ਼ਤੇ ਵਿਚ ਮੁੜ ਕੇ ਪਿਆਰ ਪਾਉਣ ਲਈ, ਗੱਲਬਾਤ ਕਰਦੇ ਸਮੇਂ ਅਜਿਹੀਆਂ ਧਮਕੀਆਂ ਦੇਣੀਆਂ ਬੰਦ ਕਰੋ। ਆਖ਼ਰਕਾਰ, ਕੀ ਤੁਸੀਂ ਇਕ ਮਕਾਨ ਦੀ ਸਜਾਵਟ ਕਰਨ ਵਿਚ ਸਮਾਂ ਲਗਾਓਗੇ, ਜੇਕਰ ਤੁਹਾਨੂੰ ਪਤਾ ਹੋਵੇ ਕਿ ਕਿਸੇ ਵੀ ਸਮੇਂ ਤੇ ਤੁਹਾਨੂੰ ਮਕਾਨ ਖਾਲੀ ਕਰਨਾ ਪਵੇਗਾ? ਤਾਂ ਫਿਰ ਤੁਸੀਂ ਆਪਣੇ ਸਾਥੀ ਤੋਂ ਇਹ ਉਮੀਦ ਕਿਉਂ ਰੱਖਦੇ ਹੋ ਕਿ ਉਹ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਜਦ ਕਿ ਇਹ ਸ਼ਾਇਦ ਬਹੁਤੇ ਚਿਰ ਲਈ ਕਾਇਮ ਨਹੀਂ ਰਹੇਗਾ? ਪੱਕਾ ਇਰਾਦਾ ਕਰੋ ਕਿ ਤੁਸੀਂ ਸਮੱਸਿਆਵਾਂ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰੋਗੇ।
ਇਕ ਪਤਨੀ ਨੇ ਆਪਣੇ ਰਿਸ਼ਤੇ ਦੇ ਇਕ ਦੁੱਖ ਭਰੇ ਸਮੇਂ ਵਿੱਚੋਂ ਲੰਘਣ ਤੋਂ ਬਾਅਦ ਇਸੇ ਤਰ੍ਹਾਂ ਕੀਤਾ ਸੀ। ਉਸ ਨੇ ਕਿਹਾ: “ਭਾਵੇਂ ਕਿ ਕਦੀ-ਕਦੀ ਮੈਨੂੰ ਆਪਣੇ ਪਤੀ ਤੋਂ ਬਹੁਤ ਖਿੱਝ ਆਉਂਦੀ ਸੀ, ਮੈਂ ਕਦੀ ਵੀ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਬਾਰੇ ਨਹੀਂ ਸੋਚਿਆ। ਜੋ ਵੀ ਵਿਗੜਿਆ ਹੋਇਆ ਸੀ ਅਸੀਂ ਉਸ ਨੂੰ ਕਿਸੇ-ਨ-ਕਿਸੇ ਤਰੀਕੇ ਵਿਚ ਠੀਕ ਕਰਨ ਦੀ ਕੋਸ਼ਿਸ਼ ਕਰਨੀ ਸੀ। ਅਤੇ ਹੁਣ, ਦੋ ਬਹੁਤ ਹੀ ਔਖਿਆਂ ਸਾਲਾਂ ਤੋਂ ਬਾਅਦ, ਮੈਂ ਸੱਚ-ਮੁੱਚ ਕਹਿ ਸਕਦੀ ਹਾਂ ਕਿ ਅਸੀਂ ਹੁਣ ਫਿਰ ਤੋਂ ਕਾਫ਼ੀ ਖ਼ੁਸ਼ ਹਾਂ।”
ਜੀ ਹਾਂ, ਵਾਅਦੇ ਨਿਭਾਉਣ ਲਈ ਤੁਹਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ—ਸਿਰਫ਼ ਇਕੱਠੇ ਰਹਿਣਾ ਹੀ ਨਹੀਂ ਪਰ ਮਿਲ ਕੇ ਆਪਣਿਆਂ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ। ਲੇਕਿਨ, ਤੁਸੀਂ ਸ਼ਾਇਦ ਮਹਿਸੂਸ ਕਰਦੇ ਹੋਵੋ ਕਿ ਤੁਹਾਡਾ ਵਿਆਹੁਤਾ ਰਿਸ਼ਤਾ ਸਿਰਫ਼ ਫ਼ਰਜ਼ ਨਿਭਾਉਣ ਲਈ ਕਾਇਮ ਰੱਖਿਆ ਗਿਆ ਹੈ। ਜੇਕਰ ਇਸ ਤਰ੍ਹਾਂ ਹੈ ਤਾਂ ਨਿਰਾਸ਼ ਨਾ ਹੋਵੋ। ਹੋ ਸਕਦਾ ਹੈ ਕਿ ਪਿਆਰ ਦੁਬਾਰਾ ਜਗਾਇਆ ਜਾ ਸਕੇ। ਪਰ ਕਿਸ ਤਰ੍ਹਾਂ?
ਆਪਣੇ ਵਿਆਹੁਤਾ ਸਾਥੀ ਦਾ ਆਦਰ ਕਰਨਾ
ਬਾਈਬਲ ਕਹਿੰਦੀ ਹੈ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ।” (ਇਬਰਾਨੀਆਂ 13:4; ਰੋਮੀਆਂ 12:10) ਇੱਥੇ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਆਦਰ ਜੋਗ” ਕੀਤਾ ਗਿਆ ਹੈ, ਬਾਈਬਲ ਦੇ ਹੋਰ ਥਾਵਾਂ ਤੇ ਉਸ ਦਾ ਵਰਣਨ “ਪਤਵੰਤਾ,” ‘ਬਹੁਮੁੱਲਾ,’ ਅਤੇ “ਪਿਆਰਾ” ਵਜੋਂ ਕੀਤਾ ਗਿਆ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਬਹੁਤ ਹੀ ਕੀਮਤੀ ਸਮਝਦੇ ਹਾਂ, ਤਾਂ ਅਸੀਂ ਉਸ ਦਾ ਖ਼ਿਆਲ ਰੱਖਣ ਵਿਚ ਬਹੁਤ ਮਿਹਨਤ ਕਰਦੇ ਹਾਂ। ਸ਼ਾਇਦ ਤੁਸੀਂ ਇਸ ਗੱਲ ਦੀ ਸੱਚਾਈ ਦੇਖੀ ਹੋਵੇ ਜਦੋਂ ਇਕ ਬੰਦੇ ਕੋਲ ਇਕ ਨਵੀਂ ਅਤੇ ਬਹੁਤ ਮਹਿੰਗੀ ਕਾਰ ਹੋਵੇ। ਉਹ ਆਪਣੀ ਵਧੀਆ ਕਾਰ ਨੂੰ ਪਾਲਿਸ਼ ਨਾਲ ਚਮਕਾ ਕੇ ਰੱਖਦਾ ਹੈ ਅਤੇ ਉਸ ਦੀ ਚੰਗੀ ਦੇਖ-ਭਾਲ ਕਰਦਾ ਹੈ। ਜੇ ਕਾਰ ਤੇ ਛੋਟੀ ਜਿਹੀ ਲਕੀਰ ਵੀ ਲੱਗੇ ਤਾਂ ਉਹ ਇਸ ਨੂੰ ਇਕ ਬਹੁਤ ਹੀ ਵੱਡੀ ਗੱਲ ਸਮਝਦਾ ਹੈ! ਦੂਸਰੇ ਲੋਕ ਆਪਣੀ ਸਿਹਤ ਦਾ ਇਸ ਤਰ੍ਹਾਂ ਖ਼ਿਆਲ ਰੱਖਦੇ ਹਨ। ਕਿਉਂ? ਕਿਉਂਕਿ ਉਹ ਆਪਣੀ ਤੰਦਰੁਸਤੀ ਨੂੰ ਮਹੱਤਵਪੂਰਣ ਸਮਝਦੇ ਹਨ ਅਤੇ ਇਸ ਲਈ ਉਹ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੁੰਦੇ ਹਨ।
ਆਪਣੇ ਵਿਆਹੁਤਾ ਬੰਧਨ ਦਾ ਇਸੇ ਤਰ੍ਹਾਂ ਖ਼ਿਆਲ ਰੱਖੋ। ਬਾਈਬਲ ਕਹਿੰਦੀ ਹੈ ਕਿ ਪ੍ਰੇਮ “ਸਭਨਾਂ ਗੱਲਾਂ ਦੀ ਆਸ ਰੱਖਦਾ” ਹੈ। (1 ਕੁਰਿੰਥੀਆਂ 13:7) ਹਾਲਾਤਾਂ ਨੂੰ ਬਿਹਤਰ ਬਣਾਉਣ ਦੀ ਸੰਭਾਵਨਾ ਨੂੰ ਇਸ ਤਰ੍ਹਾਂ ਕਹਿ ਕੇ ਰੱਦ ਨਾ ਕਰੋ ਕਿ “ਅਸੀਂ ਕਦੀ ਸੱਚਾ ਪਿਆਰ ਕੀਤਾ ਹੀ ਨਹੀਂ ਸੀ,” “ਅਸੀਂ ਜ਼ਿਆਦਾ ਛੋਟੀ ਉਮਰ ਤੇ ਵਿਆਹ ਕਰਵਾ ਲਿਆ ਸੀ,” ਜਾਂ “ਸਾਨੂੰ ਪਤਾ ਨਹੀਂ ਸੀ ਕਿ ਅਸੀਂ ਕੀ ਕਰ ਰਹੇ ਸਨ।” ਹਾਰ ਮੰਨਣ ਦੀ ਬਜਾਇ ਕਿਉਂ ਨਾ ਚੰਗੀਆਂ ਗੱਲਾਂ ਦੀ ਆਸ ਰੱਖੋ, ਆਪਣਾ ਰਿਸ਼ਤਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ, ਅਤੇ ਧੀਰਜ ਨਾਲ ਨਤੀਜਿਆਂ ਦੀ ਉਡੀਕ ਕਰੋ? ਵਿਆਹੁਤਾ ਜੀਵਨ ਦੀ ਇਕ ਸਲਾਹਕਾਰ ਨੇ ਕਿਹਾ: “ਕਈ ਵਾਰ ਮੇਰੇ ਗਾਹਕ ਮੈਨੂੰ ਕਹਿੰਦੇ ਹਨ ਕਿ ‘ਅਸੀਂ ਹੁਣ ਹੋਰ ਨਹੀਂ ਝੱਲ ਸਕਦੇ!’ ਆਪਣੇ ਰਿਸ਼ਤੇ ਦੀ ਜਾਂਚ ਕਰ ਕੇ ਇਹ ਦੇਖਣ ਦੀ ਕੋਸ਼ਿਸ਼ ਕਰਨ ਦੀ ਬਜਾਇ ਕਿ ਕਿਨ੍ਹਾਂ ਚੀਜ਼ਾਂ ਨੂੰ ਸੁਧਾਰਨ ਦੀ ਲੋੜ ਹੈ, ਉਹ ਝਟ ਆਪਣੇ ਪੂਰੇ ਰਿਸ਼ਤੇ ਨੂੰ ਫ਼ਜ਼ੂਲ ਸਮਝ ਕੇ ਤੋੜ ਲੈਂਦੇ ਹਨ। ਉਹ ਉਨ੍ਹਾਂ ਅਹਿਮ ਗੱਲਾਂ ਵੱਲ ਵੀ ਨਹੀਂ ਧਿਆਨ ਦਿੰਦੇ ਜੋ ਉਨ੍ਹਾਂ ਦੋਹਾਂ ਨੂੰ ਪਸੰਦ ਹਨ, ਬੀਤੇ ਪਲ ਜੋ ਉਨ੍ਹਾਂ ਨੇ ਇਕੱਠੇ ਮਿਲ ਕੇ ਗੁਜ਼ਾਰੇ ਹਨ, ਅਤੇ ਭਵਿੱਖ ਲਈ ਉਨ੍ਹਾਂ ਦੀਆਂ ਉਮੀਦਾਂ।”
ਤੁਸੀਂ ਆਪਣੇ ਸਾਥੀ ਨਾਲ ਕਿਹੜੇ ਖ਼ਾਸ ਪਲ ਗੁਜ਼ਾਰੇ ਹਨ? ਤੁਹਾਡੇ ਰਿਸ਼ਤੇ ਦੀਆਂ ਮੁਸ਼ਕਲਾਂ ਦੇ ਬਾਵਜੂਦ, ਤੁਸੀਂ ਜ਼ਰੂਰ ਚੰਗਿਆਂ ਸਮਿਆਂ, ਕਾਮਯਾਬੀਆਂ, ਅਤੇ ਉਨ੍ਹਾਂ ਚੁਣੌਤੀਆਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਦਾ ਤੁਸੀਂ ਇਕੱਠੇ ਮਿਲ ਕੇ ਸਾਮ੍ਹਣਾ ਕੀਤਾ ਸੀ। ਇਨ੍ਹਾਂ ਸਮਿਆਂ ਬਾਰੇ ਸੋਚੋ, ਅਤੇ ਆਪਣੇ ਰਿਸ਼ਤੇ ਨੂੰ ਸੁਧਾਰਨ ਦੀ ਸੱਚੇ ਦਿਲੋਂ ਕੋਸ਼ਿਸ਼ ਕਰਨ ਦੁਆਰਾ ਦਿਖਾਓ ਕੀ ਤੁਸੀਂ ਆਪਣੇ ਬੰਧਨ ਅਤੇ ਆਪਣੇ ਸਾਥੀ ਦਾ ਆਦਰ ਕਰਦੇ ਹੋ। ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਇਸ ਗੱਲ ਵਿਚ ਬਹੁਤ ਦਿਲਚਸਪੀ ਰੱਖਦਾ ਹੈ ਕਿ ਵਿਆਹੁਤਾ ਸਾਥੀ ਇਕ ਦੂਸਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਨ। ਮਿਸਾਲ ਲਈ, ਮਲਾਕੀ ਨਬੀ ਦੇ ਜ਼ਮਾਨੇ ਵਿਚ, ਯਹੋਵਾਹ ਨੇ ਉਨ੍ਹਾਂ ਇਸਰਾਏਲੀ ਪਤੀਆਂ ਨੂੰ ਨਿੰਦਿਆ ਜੋ ਬੇਈਮਾਨੀ ਨਾਲ ਛੋਟੀਆਂ-ਛੋਟੀਆਂ ਗੱਲਾਂ ਕਾਰਨ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਰਹੇ ਸਨ। (ਮਲਾਕੀ 2:13-16) ਮਸੀਹੀਆਂ ਦੇ ਵਿਆਹੁਤਾ ਬੰਧਨਾਂ ਤੋਂ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਹੋਣੀ ਚਾਹੀਦੀ ਹੈ।
ਲੜਾਈ-ਝਗੜੇ—ਇਹ ਕਿੰਨੀ ਕੁ ਗੰਭੀਰ ਗੱਲ ਹੈ?
ਬੇਮੁਹੱਬਤੇ ਬੰਧਨਾਂ ਦੀ ਮੁੱਖ ਸਮੱਸਿਆ ਇਹ ਹੈ ਕਿ ਪਤੀ-ਪਤਨੀ ਲੜਾਈ-ਝਗੜਿਆਂ ਨੂੰ ਸੁਲਝਾਉਣਾ ਹੀ ਨਹੀਂ ਜਾਣਦੇ। ਕਿਉਂ ਜੋ ਦੋ ਵਿਅਕਤੀ ਬਿਲਕੁਲ ਇਕ ਦੂਸਰੇ ਵਾਂਗ ਨਹੀਂ ਹੋ ਸਕਦੇ, ਸਾਰਿਆਂ ਵਿਆਹੁਤਾ ਜੋੜਿਆਂ ਵਿਚਕਾਰ ਸਮੇਂ-ਸਮੇਂ ਤੇ ਅਣਬਣ ਹੋਵੇਗੀ। ਪਰ ਉਹ ਜੋੜੇ ਜਿਨ੍ਹਾਂ ਵਿਚ ਹਮੇਸ਼ਾ ਕੋਈ-ਨ-ਕੋਈ ਝਗੜਾ ਚੱਲਦਾ ਰਹਿੰਦਾ ਹੈ, ਸ਼ਾਇਦ ਦੇਖਣਗੇ ਕਿ ਸਾਲਾਂ ਦੌਰਾਨ ਇਕ-ਦੂਸਰੇ ਲਈ ਉਨ੍ਹਾਂ ਦਾ ਪਿਆਰ ਠੰਢਾ ਪੈ ਗਿਆ ਹੈ। ਉਹ ਸ਼ਾਇਦ ਇਹ ਕਹਿਣ ਕਿ ‘ਸਾਡਾ ਤਾਂ ਕਿਸੇ ਗੱਲ ਵਿਚ ਕੋਈ ਮੇਲ ਨਹੀਂ ਹੈ। ਅਸੀਂ ਤਾਂ ਹਮੇਸ਼ਾ ਲੜਦੇ-ਝਗੜਦੇ ਰਹਿੰਦੇ ਹਾਂ!’
ਲੇਕਿਨ, ਝਗੜਿਆਂ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਰਿਸ਼ਤਾ ਅਸਫ਼ਲ ਹੈ ਜਾਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਝਗੜੇ ਨੂੰ ਕਿਸ ਤਰੀਕੇ ਨਾਲ ਸੁਲਝਾਇਆ ਜਾਂਦਾ ਹੈ। ਸਫ਼ਲ ਬੰਧਨਾਂ ਵਿਚ ਪਤੀ-ਪਤਨੀ ਨੇ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨੀ ਸਿੱਖੀ ਹੈ, ਅਤੇ ਜਿਵੇਂ ਇਕ ਡਾਕਟਰ ਨੇ ਕਿਹਾ ਉਨ੍ਹਾਂ ਨੇ “ਜ਼ਾਤੀ ਦੁਸ਼ਮਣ” ਬਣਨ ਤੋਂ ਬਗੈਰ ਇਸ ਤਰ੍ਹਾਂ ਕੀਤਾ ਹੈ।
ਜੀਭ ਦੀ ਤਾਕਤ
ਕੀ ਤੁਸੀਂ ਦੋਨੋਂ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨੀ ਜਾਣਦੇ ਹੋ? ਤੁਹਾਨੂੰ ਦੋਹਾਂ ਨੂੰ ਇਨ੍ਹਾਂ ਬਾਰੇ ਗੱਲ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਹਾਂ, ਇਹ ਸੱਚ ਹੈ ਕਿ ਇਸ ਤਰ੍ਹਾਂ ਕਰਨਾ ਇਕ ਕਲਾ ਹੈ—ਅਜਿਹੀ ਕਲਾ ਜਿਸ ਨੂੰ ਸਿੱਖਣਾ ਹਮੇਸ਼ਾ ਸੌਖਾ ਨਹੀਂ ਹੈ। ਪਰ ਕਿਉਂ? ਇਕ ਕਾਰਨ ਇਹ ਹੈ ਕਿ ਅਪੂਰਣ ਹੋਣ ਕਰਕੇ ਅਸੀਂ ਸਾਰੇ ਕਦੀ-ਕਦੀ ‘ਬਚਨ ਵਿੱਚ ਭੁੱਲਦੇ’ ਹਾਂ। (ਯਾਕੂਬ 3:2) ਪਰ ਫਿਰ ਵੀ, ਕੁਝ ਲੋਕ ਅਜਿਹੇ ਘਰਾਣਿਆਂ ਵਿਚ ਪਲੇ ਹਨ ਜਿੱਥੇ ਮਾਪੇ ਹਮੇਸ਼ਾ ਗੁੱਸੇ ਹੋ ਜਾਂਦੇ ਸਨ। ਅਸੀਂ ਕਹਿ ਸਕਦੇ ਹਾਂ ਕਿ ਛੋਟੀ ਉਮਰ ਤੋਂ ਉਨ੍ਹਾਂ ਨੂੰ ਇਹ ਸਿੱਖਿਆ ਮਿਲੀ ਹੈ ਕਿ ਗੁੱਸੇ ਵਿਚ ਆ ਕੇ ਭੜਕਣਾ ਅਤੇ ਗ਼ਲਤ ਗੱਲਾਂ ਕਹਿਣੀਆਂ ਠੀਕ ਹੈ। ਅਜਿਹੇ ਮਾਹੌਲ ਵਿਚ ਪਲਿਆ ਮੁੰਡਾ ਸ਼ਾਇਦ ਇਕ “ਗੁੱਸੇ ਵਾਲਾ” ਅਤੇ “ਕ੍ਰੋਧੀ ਮਨੁੱਖ” ਬਣ ਜਾਵੇ। (ਕਹਾਉਤਾਂ 29:22) ਇਸੇ ਤਰ੍ਹਾਂ, ਇਕ ਕੁੜੀ ਜੋ ਅਜਿਹੇ ਮਾਹੌਲ ਵਿਚ ਪਲੀ ਹੋਵੇ ਸ਼ਾਇਦ “ਝਗੜਾਲੂ ਅਤੇ ਝੱਲੀ ਤੀਵੀਂ” ਬਣ ਜਾਵੇ। (ਕਹਾਉਤਾਂ 21:19) ਅਜਿਹੀ ਸੋਚਣੀ ਅਤੇ ਵਰਤਾਉ ਦੇ ਅਜਿਹੇ ਤਰੀਕਿਆਂ ਨੂੰ ਜੜ੍ਹੋਂ ਪੁੱਟਣਾ ਔਖਾ ਹੋ ਸਕਦਾ ਹੈ।a
ਤਾਂ ਫਿਰ, ਝਗੜਿਆਂ ਨਾਲ ਨਿਪਟਣ ਲਈ ਇਹ ਸਿੱਖਣਾ ਪੈਂਦਾ ਹੈ ਕਿ ਤੁਸੀਂ ਆਪਣੇ ਖ਼ਿਆਲਾਂ ਨੂੰ ਹੋਰ ਤਰੀਕਿਆਂ ਵਿਚ ਕਿਸ ਤਰ੍ਹਾਂ ਸਮਝਾ ਸਕਦੇ ਹੋ। ਇਹ ਕੋਈ ਮਾਮੂਲੀ ਜਿਹੀ ਗੱਲ ਨਹੀਂ ਹੈ, ਕਿਉਂਕਿ ਇਕ ਬਾਈਬਲ ਕਹਾਵਤ ਕਹਿੰਦੀ ਹੈ: “ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ।” (ਕਹਾਉਤਾਂ 18:21) ਭਾਵੇਂ ਇਹ ਸਾਦੀ ਜਿਹੀ ਗੱਲ ਲੱਗਦੀ ਹੋਵੇ, ਆਪਣੇ ਸਾਥੀ ਨਾਲ ਤੁਹਾਡੇ ਬੋਲਣ ਦੇ ਢੰਗ ਵਿਚ ਤੁਹਾਡੇ ਰਿਸ਼ਤੇ ਨੂੰ ਬਰਬਾਦ ਕਰਨ ਜਾਂ ਚੰਗਾ ਬਣਾਉਣ ਦੀ ਤਾਕਤ ਹੈ। ਬਾਈਬਲ ਦੀ ਇਕ ਹੋਰ ਕਹਾਵਤ ਕਹਿੰਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।”—ਕਹਾਉਤਾਂ 12:18.
ਭਾਵੇਂ ਕਿ ਤੁਹਾਨੂੰ ਲੱਗੇ ਕਿ ਇਸ ਮਾਮਲੇ ਵਿਚ ਕਸੂਰ ਸਿਰਫ਼ ਤੁਹਾਡੇ ਸਾਥੀ ਦਾ ਹੈ, ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਤੁਸੀਂ ਆਪ ਝਗੜੇ ਦੇ ਸਮੇਂ ਕਹਿੰਦੇ ਹੋ। ਕੀ ਤੁਹਾਡੇ ਸ਼ਬਦ ਵਿੰਨ੍ਹਦੇ ਹਨ ਜਾਂ ਚੰਗਾ ਕਰਦੇ ਹਨ? ਕੀ ਉਹ ਕ੍ਰੋਧ ਭੜਕਾਉਂਦੇ ਹਨ ਜਾਂ ਸ਼ਾਂਤ ਕਰਦੇ ਹਨ? ਬਾਈਬਲ ਕਹਿੰਦੀ ਹੈ ਕਿ “ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” ਪਰ ਇਸ ਦੇ ਉਲਟ, “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।” (ਕਹਾਉਤਾਂ 15:1) ਦੁੱਖ ਪਹੁੰਚਾਉਣ ਵਾਲੇ ਸ਼ਬਦ ਮਾਮਲੇ ਨੂੰ ਜ਼ਿਆਦਾ ਵਧਾ ਦੇਣਗੇ ਭਾਵੇਂ ਕਿ ਇਹ ਸ਼ਾਂਤ ਤਰੀਕੇ ਵਿਚ ਕਹੇ ਜਾਣ।
ਨਿਰਸੰਦੇਹ, ਜੇ ਤੁਹਾਨੂੰ ਕੋਈ ਗੱਲ ਪਰੇਸ਼ਾਨ ਕਰ ਰਹੀ ਹੋਵੇ ਤਾਂ ਤੁਹਾਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ। (ਉਤਪਤ 21:9-12) ਪਰ ਤੁਹਾਨੂੰ ਆਪਣੀ ਗੱਲ ਰੁੱਖੇ ਤਰੀਕੇ ਵਿਚ, ਜਾਂ ਬੇਇੱਜ਼ਤੀ ਅਤੇ ਅਪਮਾਨ ਕਰਨ ਤੋਂ ਬਗੈਰ ਕਰਨੀ ਚਾਹੀਦੀ ਹੈ। ਆਪਣੇ ਆਪ ਉੱਤੇ ਬੰਦਸ਼ਾਂ ਲਗਾਓ ਕਿ ਤੁਸੀਂ ਆਪਣੇ ਸਾਥੀ ਨੂੰ ਕਿਹੜੀਆਂ ਗੱਲਾਂ ਨਹੀਂ ਕਹੋਗੇ, ਜਿਵੇਂ ਕਿ “ਮੈਨੂੰ ਤੇਰੇ ਨਾਲ ਨਫ਼ਰਤ ਹੈ,” ਜਾਂ “ਅਸੀਂ ਤਾਂ ਵਿਆਹ ਕਰਵਾ ਕੇ ਫਸ ਹੀ ਗਏ।” ਭਾਵੇਂ ਕਿ ਪੌਲੁਸ ਰਸੂਲ ਵਿਆਹੁਤਾ ਬੰਧਨ ਦੀ ਗੱਲ ਨਹੀਂ ਕਰ ਰਿਹਾ ਸੀ, ਇਹ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਅਸੀਂ ਉਹ ਨਾ ਕਰੀਏ ਜਿਸ ਨੂੰ ਉਸ ਨੇ “ਸ਼ਬਦਾਂ ਦੇ ਹੇਰ ਫੇਰ” ਅਤੇ “ਟੰਟੇ” ਕਿਹਾ ਸੀ।b (1 ਤਿਮੋਥਿਉਸ 6:4, 5) ਜੇਕਰ ਤੁਹਾਡਾ ਸਾਥੀ ਅਜਿਹੇ ਤਰੀਕੇ ਵਿਚ ਗੱਲ ਕਰਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਵੀ ਉਸੇ ਤਰ੍ਹਾਂ ਜਵਾਬ ਦੇਣਾ ਚਾਹੀਦਾ ਹੈ। ਜੇ ਹੋ ਸਕਦਾ ਤਾਂ ਤੁਸੀਂ ਆਪਣੇ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋ।—ਰੋਮੀਆਂ 12:17, 18; ਫ਼ਿਲਿੱਪੀਆਂ 2:14.
ਹਾਂ ਇਹ ਗੱਲ ਮੰਨਣੀ ਪੈਂਦੀ ਹੈ ਕਿ ਜਦੋਂ ਗੁੱਸਾ ਆਉਂਦਾ ਹੈ ਤਾਂ ਅਕਸਰ ਆਪਣੀ ਜ਼ਬਾਨ ਉੱਤੇ ਕਾਬੂ ਰੱਖਣਾ ਔਖਾ ਹੁੰਦਾ ਹੈ। ਯਾਕੂਬ ਨਾਂ ਦੇ ਬਾਈਬਲ ਲਿਖਾਰੀ ਨੇ ਕਿਹਾ ਕਿ ‘ਜੀਭ ਵੀ ਇੱਕ ਅੱਗ ਹੈ! ਇਸ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ।’ (ਯਾਕੂਬ 3:6, 8) ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ? ਤੁਸੀਂ ਆਪਣੇ ਸਾਥੀ ਨਾਲ ਅਜਿਹੇ ਤਰੀਕੇ ਵਿਚ ਕਿਵੇਂ ਗੱਲ ਕਰ ਸਕਦੇ ਹੋ ਜੋ ਝਗੜੇ ਨੂੰ ਭੜਕਾਉਣ ਦੀ ਬਜਾਇ ਉਸ ਨੂੰ ਮਿਟਾ ਦੇਵੇਗਾ?
ਝਗੜਿਆਂ ਨੂੰ ਸ਼ਾਂਤ ਕਰਨਾ
ਕੁਝ ਲੋਕਾਂ ਨੇ ਦੇਖਿਆ ਹੈ ਕਿ ਜੇ ਉਹ ਆਪਣੇ ਸਾਥੀ ਦੀਆਂ ਕਮੀਆਂ ਦੀ ਬਜਾਇ ਆਪਣਿਆਂ ਜਜ਼ਬਾਤਾਂ ਉੱਤੇ ਧਿਆਨ ਦੇਣ, ਤਾਂ ਗੁੱਸਾ ਸੌਖਿਆਂ ਹੀ ਠੰਢਾ ਕੀਤਾ ਜਾ ਸਕਦਾ ਹੈ ਅਤੇ ਸਮੱਸਿਆ ਦੀ ਜੜ੍ਹ ਤਕ ਪਹੁੰਚਿਆ ਜਾ ਸਕਦਾ ਹੈ। ਮਿਸਾਲ ਲਈ, ਇਸ ਤਰ੍ਹਾਂ ਕਹਿਣਾ ਕਿ “ਤੁਹਾਡੀ ਗੱਲ ਤੋਂ ਮੇਰਾ ਮਨ ਖ਼ਰਾਬ ਹੋਇਆ” ਇਹ ਕਹਿਣ ਨਾਲੋਂ ਬਿਹਤਰ ਹੈ ਕਿ “ਸੋਚ ਕੇ ਗੱਲ ਕਰਿਆ ਕਰ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਦਾਂ ਬੋਲੀਦਾ ਹੈ।” ਜਦੋਂ ਤੁਸੀਂ ਆਪਣੇ ਦਿਲ ਦੀ ਗੱਲ ਕਹਿਣੀ ਚਾਹੁੰਦੇ ਹੋ ਤਾਂ ਤੁਹਾਨੂੰ ਨਫ਼ਰਤ ਜਾਂ ਘਿਰਣਾ ਭਰੇ ਤਰੀਕੇ ਵਿਚ ਗੱਲ ਨਹੀਂ ਕਰਨੀ ਚਾਹੀਦੀ। ਤੁਹਾਡਾ ਮਕਸਦ ਸਮੱਸਿਆ ਵੱਲ ਧਿਆਨ ਦੇਣਾ ਹੈ ਨਾ ਕਿ ਆਪਣੇ ਸਾਥੀ ਉੱਤੇ ਹਮਲਾ ਕਰਨਾ।—ਉਤਪਤ 27:46–28:1.
ਇਸ ਦੇ ਨਾਲ-ਨਾਲ, ਹਮੇਸ਼ਾ ਯਾਦ ਰੱਖੋ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਜਦੋਂ ਦੋ ਵਿਅਕਤੀ ਇੱਕੋ ਵਾਰੀ ਬੋਲ ਰਹੇ ਹੁੰਦੇ ਹਨ, ਤਾਂ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੁਣ ਰਿਹਾ ਹੁੰਦਾ ਅਤੇ ਕੋਈ ਵੀ ਚੰਗਾ ਨਤੀਜਾ ਨਹੀਂ ਨਿਕਲਦਾ। ਇਸ ਲਈ ਜਦੋਂ ਸੁਣਨ ਦੀ ਤੁਹਾਡੀ ਵਾਰੀ ਹੁੰਦੀ ਹੈ ਤਾਂ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ’ ਹੋਵੋ। ‘ਕ੍ਰੋਧ ਵਿੱਚ ਵੀ ਧੀਰੇ ਹੋਣਾ’ ਉੱਨਾ ਹੀ ਮਹੱਤਵਪੂਰਣ ਹੈ। (ਯਾਕੂਬ 1:19) ਆਪਣੇ ਸਾਥੀ ਦੇ ਹਰੇਕ ਸ਼ਬਦ ਨੂੰ ਦਿਲ ਨਾਲ ਨਾ ਲਗਾਓ; ਨਾ ਹੀ ‘ਆਪਣੇ ਜੀ ਵਿੱਚ ਛੇਤੀ ਖਿਝ ਕਰੋ।’ (ਉਪਦੇਸ਼ਕ ਦੀ ਪੋਥੀ 7:9) ਇਸ ਦੀ ਬਜਾਇ ਆਪਣੇ ਸਾਥੀ ਦੀਆਂ ਗੱਲਾਂ ਤੋਂ ਉਸ ਦੇ ਦਿਲ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਾਈਬਲ ਕਹਿੰਦੀ ਹੈ ਕਿ “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।” (ਕਹਾਉਤਾਂ 19:11) ਬਿਬੇਕ ਜਾਂ ਸਮਝ, ਪਤੀ-ਪਤਨੀ ਨੂੰ ਕਿਸੇ ਝਗੜੇ ਦੀ ਜੜ੍ਹ ਤਕ ਪਹੁੰਚਣ ਦੀ ਮਦਦ ਕਰੇਗੀ।
ਮਿਸਾਲ ਲਈ, ਇਕ ਪਤਨੀ ਸ਼ਾਇਦ ਸ਼ਿਕਾਇਤ ਕਰੇ ਕਿ ਉਸ ਦਾ ਪਤੀ ਉਸ ਨਾਲ ਸਮਾਂ ਨਹੀਂ ਗੁਜ਼ਾਰਦਾ, ਉਹ ਸ਼ਾਇਦ ਘੰਟਿਆਂ ਜਾਂ ਮਿੰਟਾਂ ਬਾਰੇ ਗੱਲ ਨਾ ਕਰ ਰਹੀ ਹੋਵੇ। ਹੋ ਸਕਦਾ ਹੈ ਕਿ ਉਹ ਮਹਿਸੂਸ ਕਰਦੀ ਹੋਵੇ ਕਿ ਉਸ ਦੀ ਕਦਰ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ, ਪਤਨੀ ਦੁਆਰਾ ਖ਼ਰੀਦੀ ਗਈ ਕਿਸੇ ਚੀਜ਼ ਬਾਰੇ ਪਤੀ ਦੀ ਸ਼ਿਕਾਇਤ ਸ਼ਾਇਦ ਸਿਰਫ਼ ਪੈਸਿਆਂ ਬਾਰੇ ਨਾ ਹੋਵੇ। ਹੋ ਸਕਦਾ ਹੈ ਕਿ ਉਹ ਮਹਿਸੂਸ ਕਰਦਾ ਹੋਵੇ ਕਿ ਉਸ ਦੀ ਰਾਇ ਨਹੀਂ ਪੁੱਛੀ ਗਈ ਸੀ। ਸਮਝ ਵਾਲੇ ਪਤੀ-ਪਤਨੀਆਂ ਸਮੱਸਿਆ ਦੀ ਜੜ੍ਹ ਤਕ ਪਹੁੰਚਣ ਦੀ ਕੋਸ਼ਿਸ਼ ਕਰਨਗੇ।—ਕਹਾਉਤਾਂ 16:23.
ਇਸ ਤਰ੍ਹਾਂ ਕਹਿਣਾ ਸੌਖਾ ਹੈ ਪਰ ਕਰਨਾ ਔਖਾ ਹੈ! ਪੂਰੀ ਮਿਹਨਤ ਕਰਨ ਦੇ ਬਾਵਜੂਦ ਵੀ ਕਦੀ-ਕਦੀ ਰੁੱਖੇ ਸ਼ਬਦ ਕਹੇ ਜਾਣਗੇ ਅਤੇ ਗੁੱਸਾ ਭੜਕ ਉੱਠੇਗਾ। ਜਦੋਂ ਤੁਸੀਂ ਇਸ ਤਰ੍ਹਾਂ ਹੁੰਦਾ ਦੇਖੋਗੇ ਤਾਂ ਤੁਹਾਨੂੰ ਸ਼ਾਇਦ ਕਹਾਉਤਾਂ 17:14 ਦੀ ਸਲਾਹ ਉੱਤੇ ਚੱਲਣਾ ਪਵੇਗਾ ਕਿ “ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” ਇਸ ਵਿਚ ਕੋਈ ਬੁਰਿਆਈ ਨਹੀਂ ਜੇ ਤੁਸੀਂ ਆਪਣੀ ਗੱਲਬਾਤ ਗੁੱਸਾ ਠੰਢਾ ਹੋਣ ਤੋਂ ਬਾਅਦ ਜਾਰੀ ਕਰੋ। ਜੇਕਰ ਗੱਲ ਉੱਤੇ ਕਾਬੂ ਨਾ ਰੱਖਿਆ ਜਾ ਸਕੇ, ਤਾਂ ਸ਼ਾਇਦ ਤੁਸੀਂ ਕਿਸੇ ਸਿਆਣੇ ਦੋਸਤ ਨੂੰ ਆਪਣੇ ਨਾਲ ਬਿਠਾ ਕੇ ਉਸ ਦੀ ਮਦਦ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।c
ਚੰਗਾ ਨਜ਼ਰੀਆ ਰੱਖੋ
ਨਿਰਾਸ਼ ਨਾ ਹੋਵੋ ਜੇਕਰ ਤੁਹਾਡਾ ਰਿਸ਼ਤਾ ਤੁਹਾਡੀ ਕਲਪਨਾ ਵਰਗਾ ਨਹੀਂ ਹੈ। ਮਾਹਰਾਂ ਦੀ ਇਕ ਟੀਮ ਕਹਿੰਦੀ ਹੈ: “ਬਹੁਤਿਆਂ ਲਈ ਵਿਆਹੁਤਾ ਬੰਧਨ ਅਨੰਤ ਸੁਖ ਨਹੀਂ ਲਿਆਉਂਦਾ। ਕਦੀ-ਕਦੀ ਇਹ ਬਹੁਤ ਹੀ ਵਧੀਆ ਹੁੰਦਾ ਹੈ ਤਾਂ ਕਦੀ-ਕਦੀ ਬਹੁਤ ਹੀ ਔਖਾ।”
ਜੀ ਹਾਂ, ਵਿਆਹੁਤਾ ਬੰਧਨ ਸ਼ਾਇਦ ਕਿਤਾਬਾਂ ਦੀ ਕਹਾਣੀ ਵਰਗਾ ਨਾ ਹੋਵੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਜ਼ਿੰਦਗੀ ਬਰਬਾਦ ਹੋ ਗਈ ਹੈ। ਅਜਿਹੇ ਸਮੇਂ ਆਉਣਗੇ ਜਦੋਂ ਤੁਹਾਨੂੰ ਦੋਹਾਂ ਨੂੰ ਇਕ ਦੂਸਰੇ ਦੀਆਂ ਕਮੀਆਂ ਨੂੰ ਸਹਿਣਾ ਪਵੇਗਾ, ਅਜਿਹੇ ਵੇਲੇ ਵੀ ਹੋਣਗੇ ਜਦੋਂ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਭੁਲਾ ਕੇ ਇਕੱਠੇ ਹੋਣ ਦਾ ਆਨੰਦ ਮਾਣੋਗੇ, ਹੱਸੋਗੇ, ਅਤੇ ਮਿੱਤਰਾਂ ਵਾਂਗ ਇਕ ਦੂਸਰੇ ਨਾਲ ਗੱਲਾਂ ਕਰੋਗੇ। (ਅਫ਼ਸੀਆਂ 4:2; ਕੁਲੁੱਸੀਆਂ 3:13) ਅਜਿਹਿਆਂ ਸਮਿਆਂ ਤੇ ਤੁਸੀਂ ਉਸ ਪਿਆਰ ਨੂੰ ਫਿਰ ਤੋਂ ਜਗਾ ਸਕਦੇ ਹੋ ਜੋ ਠੰਢਾ ਪੈ ਗਿਆ ਹੈ।
ਯਾਦ ਰੱਖੋ ਕਿ ਦੋ ਅਪੂਰਣ ਇਨਸਾਨ ਇਕ ਸੰਪੂਰਣ ਰਿਸ਼ਤੇ ਦਾ ਆਨੰਦ ਨਹੀਂ ਮਾਣ ਸਕਦੇ। ਪਰ ਉਹ ਖ਼ੁਸ਼ੀ ਜ਼ਰੂਰ ਪਾ ਸਕਦੇ ਹਨ। ਜੀ ਹਾਂ, ਮੁਸ਼ਕਲਾਂ ਦੇ ਬਾਵਜੂਦ, ਤੁਹਾਡਾ ਰਿਸ਼ਤਾ ਬੇਹੱਦ ਸੰਤੁਸ਼ਟੀ ਦਾ ਸ੍ਰੋਤ ਹੋ ਸਕਦਾ ਹੈ। ਇਕ ਗੱਲ ਤਾਂ ਪੱਕੀ ਹੈ: ਜੇਕਰ ਤੁਸੀਂ ਦੋਨੋਂ ਕੋਸ਼ਿਸ਼ ਕਰਨ ਲਈ ਤਿਆਰ ਹੋਵੋਗੇ ਅਤੇ ਇਕ ਦੂਸਰੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਯਕੀਨ ਕਰਨਾ ਜਾਇਜ਼ ਹੈ ਕਿ ਤੁਹਾਡਾ ਵਿਆਹੁਤਾ ਬੰਧਨ ਬਚ ਸਕਦਾ ਹੈ।—1 ਕੁਰਿੰਥੀਆਂ 10:24.
[ਫੁਟਨੋਟ]
a ਭਾਵੇਂ ਕਿ ਤੁਹਾਡੇ ਉੱਤੇ ਮਾਪਿਆਂ ਦਾ ਪ੍ਰਭਾਵ ਪਿਆ ਹੋਵੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਆਪਣੇ ਸਾਥੀ ਨੂੰ ਰੁੱਖੀਆਂ ਗੱਲਾਂ ਕਹਿਣ ਦਾ ਬਹਾਨਾ ਹੈ। ਲੇਕਿਨ, ਅਸੀਂ ਸਮਝ ਸਕਦੇ ਹਾਂ ਕਿ ਘਰ ਦੇ ਮਾਹੌਲ ਕਰਕੇ ਅਜਿਹਾ ਝੁਕਾਅ ਇੰਨਾ ਪੱਕਾ ਕਿਸ ਤਰ੍ਹਾਂ ਬਣਿਆ ਹੈ ਅਤੇ ਬਦਲਣ ਲਈ ਇੰਨਾ ਔਖਾ ਕਿਉਂ ਹੈ।
b “ਟੰਟੇ” ਵਜੋਂ ਤਰਜਮਾ ਕੀਤੇ ਗਏ ਮੁਢਲੇ ਯੂਨਾਨੀ ਸ਼ਬਦ ਦਾ ਤਰਜਮਾ “ਇਕ ਦੂਸਰੇ ਨੂੰ ਚਿੜਾਉਣ ਵਾਲੀਆਂ ਚੀਜ਼ਾਂ ਕਹਿਣੀਆਂ” ਵੀ ਕੀਤਾ ਜਾ ਸਕਦਾ ਹੈ।
c ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਬਜ਼ੁਰਗ ਹਨ। ਭਾਵੇਂ ਕਿ ਬਜ਼ੁਰਗ ਕਿਸੇ ਵਿਆਹੁਤਾ ਜੋੜੇ ਦੇ ਨਿੱਜੀ ਮਾਮਲਿਆਂ ਵਿਚ ਲੱਤ ਨਹੀਂ ਅੜਾਉਂਦੇ, ਉਹ ਦੁੱਖ ਦੇ ਵੇਲੇ ਇਕ ਜੋੜੇ ਲਈ ਤਾਜ਼ਗੀ ਦਾ ਸ੍ਰੋਤ ਬਣ ਸਕਦੇ ਹਨ।—ਯਾਕੂਬ 5:14, 15.
[ਸਫ਼ੇ 12 ਉੱਤੇ ਸੁਰਖੀ]
ਕੀ ਤੁਹਾਡੇ ਸ਼ਬਦ ਵਿੰਨ੍ਹਦੇ ਹਨ ਜਾਂ ਚੰਗਾ ਕਰਦੇ ਹਨ?
[ਸਫ਼ਾ 10 ਉੱਤੇ ਡੱਬੀ/ਤਸਵੀਰਾਂ]
ਗੇਂਦ ਨੂੰ ਹੌਲੀ-ਹੌਲੀ ਸੁੱਟੋ
ਬਾਈਬਲ ਕਹਿੰਦੀ ਹੈ ਕਿ “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਕੁਲੁੱਸੀਆਂ 4:6) ਇਹ ਗੱਲ ਵਿਆਹ ਦੇ ਰਿਸ਼ਤੇ ਉੱਤੇ ਬਿਲਕੁਲ ਲਾਗੂ ਹੁੰਦੀ ਹੈ! ਮਿਸਾਲ ਲਈ: ਗੇਂਦ ਨਾਲ ਖੇਡਣ ਵੇਲੇ ਤੁਸੀਂ ਉਸ ਨੂੰ ਅਜਿਹੇ ਤਰੀਕੇ ਵਿਚ ਸੁੱਟਦੇ ਹੋ ਕਿ ਉਹ ਸੌਖਿਆਂ ਹੀ ਫੜਿਆ ਜਾ ਸਕੇ। ਤੁਸੀਂ ਉਸ ਨੂੰ ਇੰਨੇ ਜ਼ੋਰ ਨਾਲ ਨਹੀਂ ਸੁੱਟਦੇ ਕਿ ਦੂਸਰੇ ਨੂੰ ਸੱਟ ਲੱਗ ਜਾਵੇ। ਆਪਣੇ ਵਿਆਹੁਤਾ ਸਾਥੀ ਨਾਲ ਗੱਲ ਕਰਦੇ ਸਮੇਂ ਇਸੇ ਸਿਧਾਂਤ ਨੂੰ ਲਾਗੂ ਕਰੋ। ਠੇਸ ਪਹੁੰਚਾਉਣ ਵਾਲੀਆਂ ਗੱਲਾਂ ਨਾਲ ਸਿਰਫ਼ ਨੁਕਸਾਨ ਹੀ ਹੁੰਦਾ ਹੈ। ਇਸ ਦੀ ਬਜਾਇ, ਪਿਆਰੇ ਅਤੇ ਕੋਮਲ ਤਰੀਕੇ ਨਾਲ ਗੱਲ ਕਰੋ ਤਾਂਕਿ ਤੁਹਾਡਾ ਸਾਥੀ ਤੁਹਾਡੀ ਗੱਲ ਨੂੰ ਫੜ ਸਕੇ, ਯਾਨੀ ਸਮਝ ਸਕੇ।
[ਸਫ਼ਾ 11 ਉੱਤੇ ਡੱਬੀ/ਤਸਵੀਰ]
ਪੁਰਾਣੀਆਂ ਯਾਦਾਂ!
ਆਪਣੀਆਂ ਪੁਰਾਣੀਆਂ ਚਿੱਠੀਆਂ ਤੇ ਕਾਰਡ ਪੜ੍ਹੋ। ਫੋਟੋਆਂ ਦੇਖੋ। ਆਪਣੇ ਆਪ ਤੋਂ ਪੁੱਛੋ ਕਿ ‘ਕਿਸ ਗੱਲ ਨੇ ਮੈਨੂੰ ਆਪਣੇ ਸਾਥੀ ਵੱਲ ਖਿੱਚਿਆ ਸੀ? ਮੇਰੇ ਸਾਥੀ ਦੇ ਕਿਹੜੇ ਗੁਣ ਮੈਨੂੰ ਪਸੰਦ ਸਨ? ਅਸੀਂ ਇਕੱਠਿਆਂ ਨੇ ਕਿਹੜੇ ਕੰਮ ਕੀਤੇ ਸਨ? ਕਿਹੜੀਆਂ ਚੀਜ਼ਾਂ ਸਾਨੂੰ ਹਸਾਉਂਦੀਆਂ ਸਨ?’ ਫਿਰ ਇਨ੍ਹਾਂ ਯਾਦਾਂ ਬਾਰੇ ਆਪਣੇ ਸਾਥੀ ਨਾਲ ਗੱਲ ਕਰੋ। ਅਜਿਹੇ ਤਰੀਕੇ ਵਿਚ ਗੱਲਬਾਤ ਸ਼ੁਰੂ ਕਰ ਕੇ ਦੇਖੋ ਕਿ “ਚੇਤਾ ਜਦੋਂ . . . ?” ਇਵੇਂ ਕਰ ਕੇ ਸ਼ਾਇਦ ਤੁਹਾਡੇ ਦੋਹਾਂ ਵਿਚ ਪਹਿਲਾਂ ਵਰਗੀਆਂ ਭਾਵਨਾਵਾਂ ਜਾਗ ਉੱਠਣ।
[ਸਫ਼ਾ 12 ਉੱਤੇ ਡੱਬੀ]
ਨਵਾਂ ਸਾਥੀ ਪਰ ਉਹੀ ਸਮੱਸਿਆਵਾਂ
ਕੁਝ ਪਤੀ-ਪਤਨੀ ਜੋ ਮਹਿਸੂਸ ਕਰਦੇ ਹਨ ਕਿ ਉਹ ਬੇਮੁਹੱਬਤੇ ਬੰਧਨ ਵਿਚ ਫਸੇ ਹੋਏ ਹਨ, ਇਕ ਨਵਾਂ ਸਾਥੀ ਲੱਭ ਕੇ ਦੁਬਾਰਾ ਵਿਆਹ ਕਰਵਾਉਣ ਬਾਰੇ ਸੋਚਦੇ ਹਨ। ਪਰ ਬਾਈਬਲ ਅਨੁਸਾਰ ਵਿਭਚਾਰ ਗ਼ਲਤ ਹੈ, ਅਤੇ ਉਹ ਕਹਿੰਦੀ ਹੈ ਕਿ ਜਿਹੜਾ ਵਿਅਕਤੀ ਅਜਿਹਾ ਪਾਪ ਕਰਦਾ ਹੈ “ਉਹ ਨਿਰਬੁੱਧ ਹੈ” ਅਤੇ “ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।” (ਕਹਾਉਤਾਂ 6:32) ਆਖ਼ਰਕਾਰ, ਨਾ ਪਛਤਾਉਣ ਵਾਲਾ ਜ਼ਨਾਹਕਾਰ ਪਰਮੇਸ਼ੁਰ ਦੀ ਕਿਰਪਾ ਗੁਆ ਬੈਠਦਾ ਹੈ, ਜੋ ਕਿ ਸਭ ਤੋਂ ਬੁਰੀ ਗੱਲ ਹੈ।—ਇਬਰਾਨੀਆਂ 13:4.
ਵਿਭਚਾਰ ਕਰਨ ਦੀ ਮੂਰਖਤਾ ਹੋਰ ਵੀ ਤਰੀਕਿਆਂ ਵਿਚ ਦੇਖੀ ਜਾ ਸਕਦੀ ਹੈ। ਇਕ ਗੱਲ ਤਾਂ ਇਹ ਹੈ ਕਿ ਇਕ ਵਿਭਚਾਰੀ ਜੋ ਕਿਸੇ ਨਵੇਂ ਸਾਥੀ ਨਾਲ ਵਿਆਹ ਕਰਵਾ ਲੈਂਦਾ ਹੈ, ਉਹ ਉਨ੍ਹਾਂ ਹੀ ਸਮੱਸਿਆਵਾਂ ਦਾ ਸਾਮ੍ਹਣਾ ਕਰੇਗਾ ਜਿਨ੍ਹਾਂ ਦਾ ਉਸ ਨੇ ਪਹਿਲੇ ਰਿਸ਼ਤੇ ਵਿਚ ਕੀਤਾ ਸੀ। ਡਾ. ਡਾਇਐਨ ਮੈਡਵੈਡ ਇਕ ਹੋਰ ਗੱਲ ਬਾਰੇ ਦੱਸਦੀ ਹੈ ਜਿਸ ਉੱਤੇ ਧਿਆਨ ਦੇਣਾ ਚਾਹੀਦਾ ਹੈ: “ਤੁਹਾਡੇ ਨਵੇਂ ਸਾਥੀ ਨੇ ਤੁਹਾਡੇ ਬਾਰੇ ਸਭ ਤੋਂ ਪਹਿਲਾਂ ਇਹ ਸਿੱਖਿਆ ਹੈ ਕਿ ਤੁਸੀਂ ਬੇਵਫ਼ਾਈ ਕਰ ਸਕਦੇ ਹੋ। ਉਸ ਨੇ ਜਾਣ ਲਿਆ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਧੋਖਾ ਦੇ ਸਕਦੇ ਹੋ ਜਿਸ ਦਾ ਸਾਥ ਨਿਭਾਉਣ ਦਾ ਤੁਸੀਂ ਵਾਅਦਾ ਕੀਤਾ ਹੈ; ਕਿ ਤੁਸੀਂ ਬਹਾਨੇ ਬਣਾਉਣ ਵਿਚ ਮਾਹਰ ਹੋ; ਕਿ ਤੁਸੀਂ ਵਾਅਦਿਆਂ ਨੂੰ ਤੋੜ ਸਕਦੇ ਹੋ; ਕਿ ਤੁਸੀਂ ਜਿਨਸੀ ਐਸ਼ ਜਾਂ ਆਪਣੀ ਮਨ-ਮਰਜ਼ੀ ਕਰਨ ਦੇ ਬਹਿਕਾਵਿਆਂ ਵਿਚ ਆ ਜਾਵੋਗੇ। . . . ਤੁਹਾਡਾ ਇਹ ਨਵਾਂ ਸਾਥੀ ਕਿਸ ਤਰ੍ਹਾਂ ਜਾਣਦਾ ਹੈ ਕਿ ਤੁਸੀਂ ਫਿਰ ਤੋਂ ਭਰਮਾਏ ਨਹੀਂ ਜਾਓਗੇ?”
[ਸਫ਼ਾ 14 ਉੱਤੇ ਡੱਬੀ]
ਬਾਈਬਲ ਦੀਆਂ ਕਹਾਵਤਾਂ ਤੋਂ ਬੁੱਧ
• ਕਹਾਉਤਾਂ 10:19: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।”
ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ, ਤੁਸੀਂ ਸ਼ਾਇਦ ਉਹ ਗੱਲ ਕਹਿ ਦਿੰਦੇ ਹੋ ਜੋ ਤੁਸੀਂ ਨਹੀਂ ਚਾਹੁੰਦੇ ਸਨ—ਅਤੇ ਬਾਅਦ ਵਿਚ ਤੁਸੀਂ ਪਛਤਾਉਂਦੇ ਹੋ।
• ਕਹਾਉਤਾਂ 15:18: “ਕ੍ਰੋਧੀ ਛੇੜ ਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ।”
ਚੁਭਵੇਂ ਇਲਜ਼ਾਮ ਲਗਾਉਣ ਦੁਆਰਾ ਤੁਸੀਂ ਸ਼ਾਇਦ ਆਪਣੇ ਸਾਥੀ ਨੂੰ ਸਫ਼ਾਈ ਪੇਸ਼ ਕਰਨ ਲਈ ਮਜਬੂਰ ਕਰ ਸਕਦੇ ਹੋ, ਜਦ ਕਿ ਸ਼ਾਂਤ ਤਰੀਕੇ ਨਾਲ ਸੁਣਨਾ ਤੁਹਾਨੂੰ ਦੋਹਾਂ ਨੂੰ ਸਮੱਸਿਆ ਦਾ ਹੱਲ ਕੱਢਣ ਵਿਚ ਮਦਦ ਦੇਵੇਗਾ।
• ਕਹਾਉਤਾਂ 17:27: “ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।”
ਜਦੋਂ ਇਵੇਂ ਲੱਗਦਾ ਹੈ ਕਿ ਤੁਹਾਨੂੰ ਗੁੱਸਾ ਆ ਰਿਹਾ ਹੈ, ਤਾਂ ਚੰਗਾ ਹੋਵੇਗਾ ਜੇ ਤੁਸੀਂ ਚੁੱਪ ਰਹੋ ਤਾਂਕਿ ਤੁਹਾਡੇ ਆਪਸ ਵਿਚ ਕੋਈ ਵੱਡਾ ਝਗੜਾ ਨਾ ਹੋਵੇ।
• ਕਹਾਉਤਾਂ 29:11: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।”
ਆਪਣੇ ਆਪ ਉੱਤੇ ਕਾਬੂ ਰੱਖਣਾ ਜ਼ਰੂਰੀ ਹੈ। ਗੁੱਸੇ-ਭਰੇ ਅਤੇ ਕਠੋਰ ਸ਼ਬਦ ਤੁਹਾਡੇ ਸਾਥੀ ਨੂੰ ਸਿਰਫ਼ ਦੁਖੀ ਕਰਨਗੇ।
-