ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਾਗ਼ ਵਿਚ ਕਸ਼ਟ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 117

      ਬਾਗ਼ ਵਿਚ ਕਸ਼ਟ

      ਜਦੋਂ ਯਿਸੂ ਪ੍ਰਾਰਥਨਾ ਕਰਨੀ ਸਮਾਪਤ ਕਰਦਾ ਹੈ, ਤਾਂ ਉਹ ਅਤੇ ਉਸ ਦੇ 11 ਵਫ਼ਾਦਾਰ ਰਸੂਲ ਯਹੋਵਾਹ ਲਈ ਵਡਿਆਈ ਦੇ ਗੀਤ ਗਾਉਂਦੇ ਹਨ। ਫਿਰ ਉਹ ਉਪਰਲੇ ਕਮਰੇ ਤੋਂ ਉਤਰਦੇ ਹਨ, ਰਾਤ ਦੇ ਠੰਢੇ ਹਨ੍ਹੇਰੇ ਵਿਚ ਨਿਕਲ ਜਾਂਦੇ ਹਨ, ਅਤੇ ਕਿਦਰੋਨ ਘਾਟੀ ਪਾਰ ਕਰ ਕੇ ਬੈਤਅਨੀਆ ਵੱਲ ਚੱਲ ਪੈਂਦੇ ਹਨ। ਪਰੰਤੂ ਰਾਹ ਵਿਚ ਉਹ ਇਕ ਮਨ ਪਸੰਦ ਥਾਂ, ਗਥਸਮਨੀ ਦੇ ਬਾਗ਼ ਵਿਖੇ ਰੁਕਦੇ ਹਨ। ਇਹ ਜ਼ੈਤੂਨ ਪਹਾੜ ਉੱਤੇ ਜਾਂ ਨੇੜੇ ਸਥਿਤ ਹੈ। ਯਿਸੂ ਅਕਸਰ ਇੱਥੇ ਆਪਣੇ ਰਸੂਲਾਂ ਨਾਲ ਜ਼ੈਤੂਨ ਦਿਆਂ ਦਰਖ਼ਤਾਂ ਵਿਚਕਾਰ ਮਿਲਦਾ ਸੀ।

      ਅੱਠਾਂ ਰਸੂਲਾਂ ਨੂੰ​— ਸ਼ਾਇਦ ਬਾਗ਼ ਦੇ ਮੁੱਖ ਦੁਆਰ ਦੇ ਨੇੜੇ​— ਛੱਡਦੇ ਹੋਏ, ਉਹ ਉਨ੍ਹਾਂ ਨੂੰ ਹਿਦਾਇਤ ਦਿੰਦਾ ਹੈ: “ਤੁਸੀਂ ਐਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ।” ਫਿਰ ਉਹ ਬਾਕੀ ਤਿੰਨਾਂ​— ਪਤਰਸ, ਯਾਕੂਬ, ਅਤੇ ਯੂਹੰਨਾ​— ਨੂੰ ਨਾਲ ਲੈ ਕੇ ਬਾਗ਼ ਵਿਚ ਹੋਰ ਅੰਦਰ ਨੂੰ ਜਾਂਦਾ ਹੈ। ਯਿਸੂ ਦੁਖੀ ਅਤੇ ਡਾਢਾ ਵਿਆਕੁਲ ਹੁੰਦਾ ਹੈ। “ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ,” ਉਹ ਉਨ੍ਹਾਂ ਨੂੰ ਦੱਸਦਾ ਹੈ। “ਤੁਸੀਂ ਐਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”

      ਥੋੜ੍ਹਾ ਅੱਗੇ ਵੱਧ ਕੇ, ਯਿਸੂ ਜ਼ਮੀਨ ਉੱਤੇ ਆਪਣੇ ਮੂੰਹ ਦੇ ਭਾਰ ਡਿੱਗ ਕੇ ਦਿਲੋਂ-ਮਨੋਂ ਪ੍ਰਾਰਥਨਾ ਕਰਦਾ ਹੈ: “ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” ਉਸ ਦਾ ਕੀ ਮਤਲਬ ਹੈ? ਉਹ ਕਿਉਂ “ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ”? ਕੀ ਉਹ ਮਰਨ ਅਤੇ ਰਿਹਾਈ-ਕੀਮਤ ਦੇਣ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਹੱਟ ਰਿਹਾ ਹੈ?

      ਨਹੀਂ, ਬਿਲਕੁਲ ਨਹੀਂ! ਯਿਸੂ ਮੌਤ ਤੋਂ ਬਚਣ ਲਈ ਬੇਨਤੀ ਨਹੀਂ ਕਰ ਰਿਹਾ ਹੈ। ਬਲੀਦਾਨ ਰੂਪੀ ਮੌਤ ਤੋਂ ਬਚਣ ਦਾ ਵਿਚਾਰ ਵੀ ਉਸ ਦੇ ਲਈ ਨਾਗਵਾਰ ਸੀ, ਜਿਸ ਦਾ ਸੁਝਾਉ ਇਕ ਵਾਰੀ ਪਤਰਸ ਨੇ ਦਿੱਤਾ ਸੀ। ਇਸ ਦੀ ਬਜਾਇ, ਉਹ ਕਸ਼ਟ ਵਿਚ ਹੈ ਕਿਉਂਕਿ ਉਹ ਡਰਦਾ ਹੈ ਕਿ ਜਿਸ ਢੰਗ ਨਾਲ ਉਹ ਜਲਦੀ ਹੀ ਮਰੇਗਾ​— ਇਕ ਨੀਚ ਅਪਰਾਧੀ ਵਾਂਗ​— ਇਹ ਉਸ ਦੇ ਪਿਤਾ ਦੇ ਨਾਂ ਉੱਤੇ ਨਿੰਦਿਆ ਲਿਆਵੇਗਾ। ਹੁਣ ਉਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਥੋੜ੍ਹੇ ਘੰਟਿਆਂ ਵਿਚ ਇਕ ਸਭ ਤੋਂ ਭੈੜੇ ਵਿਅਕਤੀ​— ਅਰਥਾਤ ਪਰਮੇਸ਼ੁਰ ਦੇ ਕਾਫ਼ਰ​— ਦੇ ਤੌਰ ਤੇ ਸੂਲੀ ਤੇ ਚੜ੍ਹਾਇਆ ਜਾਵੇਗਾ! ਇਹੀ ਗੱਲ ਉਸ ਨੂੰ ਡਾਢਾ ਵਿਆਕੁਲ ਕਰਦੀ ਹੈ।

      ਕਾਫ਼ੀ ਦੇਰ ਤਕ ਪ੍ਰਾਰਥਨਾ ਕਰਨ ਤੋਂ ਬਾਅਦ, ਯਿਸੂ ਮੁੜਦਾ ਹੈ ਅਤੇ ਤਿੰਨਾਂ ਰਸੂਲਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ। ਪਤਰਸ ਨੂੰ ਸੰਬੋਧਿਤ ਕਰਦੇ ਹੋਏ, ਉਹ ਕਹਿੰਦਾ ਹੈ: “ਇਹ ਕੀ, ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? ਜਾਗੋ ਅਤੇ ਪ੍ਰਾਰ­ਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।” ਪਰੰਤੂ, ਉਨ੍ਹਾਂ ਉੱਤੇ ਆਏ ਤਣਾਉ ਅਤੇ ਰਾਤ ਦੀ ਦੇਰੀ ਨੂੰ ਸਵੀਕਾਰ ਕਰਦੇ ਹੋਏ ਉਹ ਕਹਿੰਦਾ ਹੈ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”

      ਫਿਰ ਯਿਸੂ ਦੂਜੀ ਵਾਰੀ ਜਾਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਪਰਮੇਸ਼ੁਰ ਉਸ ਤੋਂ “ਇਹ ਪਿਆਲਾ,” ਅਰਥਾਤ ਉਸ ਲਈ ਪਰਮੇਸ਼ੁਰ ਦਾ ਨਿਯੁਕਤ ਹਿੱਸਾ, ਜਾਂ ਉਹ ਦੀ ਉਸ ਲਈ ਇੱਛਾ ਹਟਾ ਲਵੇ। ਜਦੋਂ ਉਹ ਮੁੜਦਾ ਹੈ, ਤਾਂ ਉਹ ਫਿਰ ਤਿੰਨਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਪ੍ਰਾਰਥਨਾ ਵਿਚ ਲੱਗੇ ਹੋਣਾ ਚਾਹੀਦਾ ਸੀ ਕਿ ਉਹ ਪਰਤਾਵੇ ਵਿਚ ਨਾ ਪੈਣ। ਜਦੋਂ ਯਿਸੂ ਉਨ੍ਹਾਂ ਦੇ ਨਾਲ ਗੱਲ ਕਰਦਾ ਹੈ, ਤਾਂ ਉਹ ਨਹੀਂ ਜਾਣਦੇ ਹਨ ਕਿ ਜਵਾਬ ਵਿਚ ਕੀ ਕਹੀਏ।

      ਆਖ਼ਰਕਾਰ, ਯਿਸੂ ਤੀਜੀ ਵਾਰੀ ਥੋੜ੍ਹੀ ਦੂਰ ਤੇ, ਲਗਭਗ ਇਕ ਢੀਮ ਦੀ ਮਾਰ ਤੇ, ਜਾ ਕੇ ਗੋਡੇ ਟੇਕਦਾ ਹੇ ਅਤੇ ਉੱਚੀ ਆਵਾਜ਼ ਨਾਲ ਰੋਂਦੇ ਹੋਏ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ।” ਯਿਸੂ ਤੀਖਣ ਰੂਪ ਨਾਲ ਸਖ਼ਤ ਪੀੜਾਂ ਮਹਿਸੂਸ ਕਰਦਾ ਹੈ ਕਿਉਂਕਿ ਉਸ ਦੀ ਇਕ ਅਪਰਾਧੀ ਦੇ ਤੌਰ ਤੇ ਮੌਤ ਉਸ ਦੇ ਪਿਤਾ ਦੇ ਨਾਂ ਉੱਤੇ ਨਿੰਦਿਆਂ ਲਿਆਵੇਗੀ। ਕਿਉਂ, ਇਕ ਕਾਫ਼ਰ​— ਅਰਥਾਤ ਜਿਹੜਾ ਪਰਮੇਸ਼ੁਰ ਨੂੰ ਫਿਟਕਾਰਦਾ ਹੈ​— ਦਾ ਦੋਸ਼ ਲਗਾਏ ਜਾਣਾ, ਲਗਭਗ ਸਹਿ ਨਹੀਂ ਹੁੰਦਾ ਹੈ!

      ਫਿਰ ਵੀ, ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ।” ਯਿਸੂ ਆਗਿਆਕਾਰੀ ਨਾਲ ਆਪਣੀ ਇੱਛਾ ਨੂੰ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਕਰਦਾ ਹੈ। ਇਸ ਤੇ, ਇਕ ਦੂਤ ਸਵਰਗ ਤੋਂ ਪ੍ਰਗਟ ਹੁੰਦਾ ਹੈ ਅਤੇ ਉਸ ਨੂੰ ਹੌਸਲੇ ਵਾਲੇ ਕੁਝ ਸ਼ਬਦਾਂ ਨਾਲ ਬਲ ਦਿੰਦਾ ਹੈ। ਸੰਭਵ ਹੈ ਕਿ ਦੂਤ ਯਿਸੂ ਨੂੰ ਦੱਸਦਾ ਹੈ ਕਿ ਉਸ ਨੂੰ ਉਸ ਦੇ ਪਿਤਾ ਦੀ ਸਵੀਕ੍ਰਿਤੀ ਪ੍ਰਾਪਤ ਹੈ।

      ਫਿਰ ਵੀ, ਯਿਸੂ ਦੇ ਮੋਢਿਆਂ ਉੱਤੇ ਕਿੰਨਾ ਹੀ ਭਾਰ ਹੈ! ਉਸ ਦਾ ਆਪਣਾ ਅਤੇ ਸਾਰੀ ਮਾਨਵਜਾਤੀ ਦਾ ਸਦੀਪਕ ਜੀਵਨ ਉਸ ਉੱਤੇ ਨਿਰਭਰ ਕਰਦਾ ਹੈ। ਭਾਵਾਤਮਿਕ ਤਣਾਉ ਬਹੁਤ ਜ਼ਿਆਦਾ ਹੈ। ਇਸ ਲਈ ਯਿਸੂ ਹੋਰ ਦਿਲੋਂ-ਮਨੋਂ ਪ੍ਰਾਰਥਨਾ ਕਰਦਾ ਹੈ, ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਬਣ ਕੇ ਜ਼ਮੀਨ ਤੇ ਡਿੱਗਦਾ ਹੈ। “ਭਾਵੇਂ ਕਿ ਇਹ ਵਿਰਲੇ ਹੀ ਹੋਣ ਵਾਲੀ ਘਟਨਾ ਹੈ,” ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਹੈ, “ਲਹੂ ਦਾ ਪਸੀਨਾ . . . ਬਹੁਤ ਹੀ ਭਾਵਾਤਮਿਕ ਦਸ਼ਾਵਾਂ ਵਿਚ ਆ ਸਕਦਾ ਹੈ।”

      ਇਸ ਤੋਂ ਬਾਅਦ, ਯਿਸੂ ਆਪਣੇ ਰਸੂਲਾਂ ਕੋਲ ਤੀਜੀ ਵਾਰੀ ਮੁੜਦਾ ਹੈ, ਅਤੇ ਇਕ ਵਾਰੀ ਫਿਰ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ। ਉਹ ਵੱਡੇ ਸੋਗ ਦੇ ਕਾਰਨ ਥੱਕ ਗਏ ਹਨ। “ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ,” ਉਹ ਉੱਚੀ ਆਵਾਜ਼ ਵਿਚ ਕਹਿੰਦਾ ਹੈ। “ਬੱਸ ਹੈ, ਘੜੀ ਆ ਢੁੱਕੀ। ਵੇਖੋ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।”

      ਜਦੋਂ ਕਿ ਉਹ ਅਜੇ ਬੋਲ ਰਿਹਾ ਹੁੰਦਾ ਹੈ, ਯਹੂਦਾ ਇਸਕਰਿਯੋਤੀ ਇਕ ਵੱਡੀ ਭੀੜ ਦੇ ਨਾਲ ਨਜ਼ਦੀਕ ਆਉਂਦਾ ਹੈ ਜਿਨ੍ਹਾਂ ਦਿਆਂ ਹੱਥਾਂ ਵਿਚ ਮਸਾਲਾਂ ਅਤੇ ਬੱਤੀਆਂ ਅਤੇ ਹਥਿਆਰ ਹਨ। ਮੱਤੀ 26:​30, 36-47; 16:​21-23; ਮਰਕੁਸ 14:​26, 32-43; ਲੂਕਾ 22:​39-47; ਯੂਹੰਨਾ 18:​1-3; ਇਬਰਾਨੀਆਂ 5:⁠7.

      ▪ ਉਪਰਲੇ ਕਮਰੇ ਤੋਂ ਨਿਕਲਣ ਦੇ ਬਾਅਦ, ਯਿਸੂ ਆਪਣੇ ਰਸੂਲਾਂ ਨੂੰ ਕਿੱਥੇ ਲੈ ਕੇ ਜਾਂਦਾ ਹੈ, ਅਤੇ ਉਹ ਉੱਥੇ ਕੀ ਕਰਦਾ ਹੈ?

      ▪ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਤਾਂ ਰਸੂਲ ਕੀ ਕਰ ਰਹੇ ਹੁੰਦੇ ਹਨ?

      ▪ ਯਿਸੂ ਕਿਉਂ ਕਸ਼ਟ ਵਿਚ ਹੈ, ਅਤੇ ਉਹ ਪਰਮੇਸ਼ੁਰ ਨੂੰ ਕਿਹੜੀ ਬੇਨਤੀ ਕਰਦਾ ਹੈ?

      ▪ ਯਿਸੂ ਦੇ ਪਸੀਨਾ ਦਾ ਲਹੂ ਦੀਆਂ ਬੂੰਦਾਂ ਬਣਨ ਤੋਂ ਕੀ ਸੰਕੇਤ ਹੁੰਦਾ ਹੈ?

  • ਵਿਸ਼ਵਾਸਘਾਤ ਅਤੇ ਗਿਰਫ਼ਤਾਰ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 118

      ਵਿਸ਼ਵਾਸਘਾਤ ਅਤੇ ਗਿਰਫ਼ਤਾਰ

      ਅੱਧੀ ਰਾਤ ਤੋਂ ਕਾਫ਼ੀ ਸਮਾਂ ਬੀਤ ਚੁੱਕਾ ਹੁੰਦਾ ਹੈ ਜਿਉਂ ਹੀ ਯਹੂਦਾ ­ਸਿਪਾਹੀਆਂ, ਮੁੱਖ ਜਾਜਕਾਂ, ਫ਼ਰੀਸੀਆਂ, ਅਤੇ ਹੋਰਨਾਂ ਦੀ ਇਕ ਵੱਡੀ ਭੀੜ ਨੂੰ ਲੈ ਕੇ ਗਥਸਮਨੀ ਦੇ ਬਾਗ਼ ਵਿਚ ਆਉਂਦਾ ਹੈ। ਯਿਸੂ ਨੂੰ ਫੜਵਾਉਣ ਲਈ ਜਾਜਕ ਯਹੂਦਾ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਮੰਨ ਗਏ ਹਨ।

      ਪਹਿਲਾਂ, ਜਦੋਂ ਯਹੂਦਾ ਨੂੰ ਪਸਾਹ ਦੇ ਭੋਜਨ ਤੋਂ ਖ਼ਾਰਜ ਕੀਤਾ ਗਿਆ ਸੀ, ਤਾਂ ਸਪੱਸ਼ਟ ਤੌਰ ਤੇ ਉਹ ਸਿੱਧਾ ਮੁੱਖ ਜਾਜਕਾਂ ਕੋਲ ਹੀ ਗਿਆ ਸੀ। ਇਨ੍ਹਾਂ ਨੇ ਤੁਰੰਤ ਆਪਣੇ ਖ਼ੁਦ ਦੇ ਅਫ਼ਸਰਾਂ, ਨਾਲ ਹੀ ਸਿਪਾਹੀਆਂ ਦੇ ਜੱਥੇ ਨੂੰ ਇਕੱਠਾ ਕੀਤਾ। ਸ਼ਾਇਦ ਯਹੂਦਾ ਉਨ੍ਹਾਂ ਨੂੰ ਪਹਿਲਾਂ ਉੱਥੇ ਲੈ ਗਿਆ ਹੋਵੇ ਜਿੱਥੇ ਯਿਸੂ ਅਤੇ ਉਸ ਦੇ ਰਸੂਲਾਂ ਨੇ ਪਸਾਹ ਮਨਾਇਆ ਸੀ। ਇਹ ਪਤਾ ਲੱਗਣ ਤੇ ਕਿ ਉਹ ਉੱਥੋਂ ਜਾ ਚੁੱਕੇ ਹਨ, ਉਹ ਵੱਡੀ ਭੀੜ ਹਥਿਆਰਾਂ ਅਤੇ ਬੱਤੀਆਂ ਅਤੇ ਮਸਾਲਾਂ ਲਏ, ਯਹੂਦਾ ਦੇ ਮਗਰ ਯਰੂਸ਼ਲਮ ਤੋਂ ਬਾਹਰ ਨਿਕਲ ਕੇ ਕਿਦਰੋਨ ਦੀ ਘਾਟੀ ਦੇ ਪਾਰ ਜਾਂਦੀ ਹੈ।

      ਜਿਉਂ-ਜਿਉਂ ਯਹੂਦਾ ਜਲੂਸ ਨੂੰ ਜ਼ੈਤੂਨ ਦੇ ਪਹਾੜ ਉੱਤੇ ਲੈ ਜਾਂਦਾ ਹੈ, ਉਹ ਨਿਸ਼ਚਿਤ ਹੈ ਕਿ ਉਹ ਜਾਣਦਾ ਹੈ ਕਿ ਯਿਸੂ ਕਿੱਥੇ ਮਿਲੇਗਾ। ਪਿਛਲੇ ਹਫ਼ਤੇ ਦੇ ਦੌਰਾਨ, ਜਦੋਂ ਯਿਸੂ ਅਤੇ ਉਸ ਦੇ ਰਸੂਲ ਬੈਤਅਨੀਆ ਅਤੇ ਯਰੂਸ਼ਲਮ ਦਰਮਿਆਨ ਸਫਰ ਕਰਦੇ ਸਨ, ਉਹ ਅਕਸਰ ਆਰਾਮ ਕਰਨ ਅਤੇ ਗੱਲ-ਬਾਤ ਕਰਨ ਲਈ ਗਥਸਮਨੀ ਦੇ ਬਾਗ਼ ਵਿਚ ਰੁਕਦੇ ਸਨ। ਪਰੰਤੂ ਹੁਣ, ਜਦੋਂ ਕਿ ਯਿਸੂ ਸ਼ਾਇਦ ਜ਼ੈਤੂਨ ਦਿਆਂ ਦਰਖ਼ਤਾਂ ਦੇ ਹੇਠਾਂ ਹਨੇਰੇ ਵਿਚ ਗੁਪਤ ਹੈ, ਤਾਂ ਸਿਪਾਹੀ ਕਿਸ ਤਰ੍ਹਾਂ ਉਸ ਨੂੰ ਪਛਾਣਨਗੇ? ਸ਼ਾਇਦ ਉਨ੍ਹਾਂ ਨੇ ਉਸ ਨੂੰ ਪਹਿਲਾਂ ਕਦੀ ਨਾ ਦੇਖਿਆ ਹੋਵੇ। ਇਸ ਕਰਕੇ ਯਹੂਦਾ ਇਹ ਕਹਿੰਦੇ ਹੋਏ ਇਕ ਨਿਸ਼ਾਨ ਦਿੰਦਾ ਹੈ: “ਜਿਹ ਨੂੰ ਮੈਂ ਚੁੰਮਾਂ ਉਹੋ ਹੈ। ਉਸ ਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ!”

      ਯਹੂਦਾ ਵੱਡੀ ਭੀੜ ਨੂੰ ਬਾਗ਼ ਅੰਦਰ ਲੈ ਆਉਂਦਾ ਹੈ, ਅਤੇ ਯਿਸੂ ਨੂੰ ਉਸ ਦੇ ਰਸੂਲਾਂ ਨਾਲ ਦੇਖ ਕੇ ਸਿੱਧਾ ਉਸ ਕੋਲ ਜਾਂਦਾ ਹੈ। “ਸੁਆਮੀ ਜੀ ਅਦੇਸ!” ਉਹ ਕਹਿੰਦਾ ਹੈ ਅਤੇ ਉਸ ਨੂੰ ਬਹੁਤ ਹੀ ਕੋਮਲਤਾ ਨਾਲ ਚੁੰਮਦਾ ਹੈ।

      “ਬੇਲੀਆ, ਕਿਵੇਂ ਆਇਆ?” ਯਿਸੂ ਪਰਤਵਾਂ ਜਵਾਬ ਦਿੰਦਾ ਹੈ। ਫਿਰ, ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਉਹ ਕਹਿੰਦਾ ਹੈ: “ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤ੍ਰ ਨੂੰ ਚੁੰਮੇ ਨਾਲ ਫੜਵਾਉਂਦਾ ਹੈਂ?” ਪਰੰਤੂ ਹੁਣ ਉਸ ਦਾ ਵਿਸ਼ਵਾਸਘਾਤ ਕਰਨ ਵਾਲੇ ਦੇ ਬਾਰੇ ਬਹੁਤ ਹੋ ਚੁੱਕਿਆ! ਯਿਸੂ ਬਲਦੀਆਂ ਹੋਈਆਂ ਮਸਾਲਾਂ ਅਤੇ ਬੱਤੀਆਂ ਦੀ ਰੋਸ਼ਨੀ ਵਿਚ ਅੱਗੇ ਕਦਮ ਵਧਾ ਕੇ ਪੁੱਛਦਾ ਹੈ: “ਤੁਸੀਂ ਕਿਹਨੂੰ ਭਾਲਦੇ ਹੋ?”

      “ਯਿਸੂ ਨਾਸਰੀ ਨੂੰ,” ਜਵਾਬ ਆਉਂਦਾ ਹੈ।

      “ਉਹ ਮੈਂ ਹੀ ਹਾਂ,” ਯਿਸੂ ਜਵਾਬ ਦਿੰਦਾ ਹੈ, ਜਿਉਂ ਹੀ ਉਹ ਉਨ੍ਹਾਂ ਸਾਰਿਆਂ ਦੇ ਅੱਗੇ ਦਲੇਰੀ ਨਾਲ ਖੜ੍ਹਾ ਰਹਿੰਦਾ ਹੈ। ਉਸ ਦੀ ਦਲੇਰੀ ਤੋਂ ਹੈਰਾਨ ਹੋ ਕੇ ਅਤੇ ਨਾ ਜਾਣਦੇ ਹੋਏ ਕਿ ਕੀ ਹੋਵੇਗਾ, ਉਹ ਆਦਮੀ ਪਿੱਛੇ ਹਟ ਕੇ ਜ਼ਮੀਨ ਤੇ ਡਿੱਗ ਪੈਂਦੇ ਹਨ।

      “ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ,” ਯਿਸੂ ਬੜੀ ਸ਼ਾਂਤੀ ਨਾਲ ਗੱਲ ਜਾਰੀ ਰੱਖਦਾ ਹੈ। “ਸੋ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।” ਥੋੜ੍ਹੀ ਦੇਰ ਪਹਿਲਾਂ ਉਪਰਲੇ ਕਮਰੇ ਵਿਚ, ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਸੀ ਕਿ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ “ਨਾਸ ਦੇ ਪੁੱਤ੍ਰ ਬਾਝੋਂ” ਕੋਈ ਵੀ ਨਾਸ਼ ਨਹੀਂ ਹੋਇਆ ਹੈ। ਇਸ ਲਈ ਕਿ ਉਸ ਦੇ ਸ਼ਬਦ ਪੂਰੇ ਹੋਣ, ਉਹ ਕਹਿੰਦਾ ਹੈ ਕਿ ਉਸ ਦੇ ਅਨੁਯਾਈਆਂ ਨੂੰ ਜਾਣ ਦਿੱਤਾ ਜਾਵੇ।

      ਜਿਉਂ ਹੀ ਸਿਪਾਹੀ ਆਪਣੀ ਸੁਰਤ ਸੰਭਾਲਦੇ ਹੋਏ ਖੜ੍ਹੇ ਹੁੰਦੇ ਹਨ, ਅਤੇ ਯਿਸੂ ਨੂੰ ਬੰਨ੍ਹਣਾ ਸ਼ੁਰੂ ਕਰ ਦਿੰਦੇ ਹਨ, ਤਾਂ ਰਸੂਲ ਜਾਣ ਜਾਂਦੇ ਹਨ ਕਿ ਕੀ ਹੋਣ ਵਾਲਾ ਹੈ। “ਪ੍ਰਭੁ ਜੀ ਅਸੀਂ ਤਲਵਾਰ ਚਲਾਈਏ?” ਉਹ ਪੁੱਛਦੇ ਹਨ। ਯਿਸੂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਪਤਰਸ, ਰਸੂਲਾਂ ਦੁਆਰਾ ਲਿਆਂਦੀਆਂ ਦੋ ਤਲਵਾਰਾਂ ਵਿੱਚੋਂ ਇਕ ਕੱਢ ਕੇ ਪਰਧਾਨ ਜਾਜਕ ਦੇ ਇਕ ਦਾਸ, ਮਲਖੁਸ ਤੇ ਹਮਲਾ ਕਰਦਾ ਹੈ। ਪਤਰਸ ਦਾ ਹਮਲਾ ਦਾਸ ਦੇ ਸਿਰ ਤੋਂ ਚੁੱਕ ਜਾਂਦਾ ਹੈ ਪਰੰਤੂ ਉਸ ਦਾ ਸੱਜਾ ਕੰਨ ਕੱਟ ਸੁੱਟਦਾ ਹੈ।

      “ਐਥੋਂ ਤੀਕੁਰ ਛੱਡ ਦਿਓ,” ਯਿਸੂ ਵਿਚ ਦਖ਼ਲ ਦਿੰਦੇ ਹੋਏ ਕਹਿੰਦਾ ਹੈ। ਮਲਖੁਸ ਦੇ ਕੰਨ ਨੂੰ ਛੋਂਹਦੇ ਹੋਏ, ਉਹ ਜਖ਼ਮ ਨੂੰ ਚੰਗਾ ਕਰ ਦਿੰਦਾ ਹੈ। ਫਿਰ ਉਹ ਇਕ ਮਹਤੱਵਪੂਰਣ ਸਬਕ ਸਿਖਾਉਂਦੇ ਹੋਏ ਪਤਰਸ ਨੂੰ ਹੁਕਮ ਦਿੰਦਾ ਹੈ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ?”

      ਯਿਸੂ ਗਿਰਫ਼ਤਾਰ ਹੋਣ ਲਈ ਰਜ਼ਾਮੰਦ ਹੈ ਕਿਉਂਕਿ ਉਹ ਵਿਆਖਿਆ ਕਰਦਾ ਹੈ: “ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?” ਅਤੇ ਉਹ ਅੱਗੇ ਕਹਿੰਦਾ ਹੈ: “ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪੀਆਂ?” ਉਹ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਹੈ!

      ਫਿਰ ਯਿਸੂ ਭੀੜ ਨੂੰ ਸੰਬੋਧਿਤ ਕਰਦਾ ਹੈ। “ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਮੈਨੂੰ ਡਾਕੂ ਵਾਂਙੁ ਫੜਨ ਨੂੰ ਨਿੱਕਲੇ ਹੋ?” ਉਹ ਪੁੱਛਦਾ ਹੈ। “ਮੈਂ ਰੋਜ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸਾਂ ਅਤੇ ਤੁਸਾਂ ਮੈਨੂੰ ਨਾ ਫੜਿਆ। ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।”

      ਇਸ ਤੇ ਸਿਪਾਹੀ ਦੇ ਜੱਥੇ ਅਤੇ ਸੈਨਾਪਤੀ ਅਤੇ ਯਹੂਦੀਆਂ ਦੇ ਅਫ਼ਸਰਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਦਿੱਤਾ। ਇਹ ਦੇਖ ਕੇ, ਰਸੂਲ ਯਿਸੂ ਨੂੰ ਛੱਡ ਕੇ ਦੌੜ ਜਾਂਦੇ ਹਨ। ਪਰੰਤੂ, ਇਕ ਜਵਾਨ ਆਦਮੀ​— ਸ਼ਾਇਦ ਇਹ ਚੇਲਾ ਮਰਕੁਸ ਹੈ​— ਭੀੜ ਵਿਚ ਹੀ ਰਹਿੰਦਾ ਹੈ। ਸ਼ਾਇਦ ਉਹ ਉਸ ਘਰ ਵਿਚ ਸੀ ਜਿੱਥੇ ਯਿਸੂ ਨੇ ਪਸਾਹ ਮਨਾਇਆ ਸੀ ਅਤੇ ਬਾਅਦ ਵਿਚ ਉੱਥੋਂ ਉਹ ਭੀੜ ਦੇ ਪਿੱਛੇ-ਪਿੱਛੇ ਆਇਆ ਸੀ। ਲੇਕਿਨ, ਹੁਣ, ਉਹ ਪਛਾਣਿਆ ਜਾਂਦਾ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰੰਤੂ ਉਹ ਆਪਣਾ ਬਰੀਕ ਕੱਪੜੇ ਦਾ ਬਸਤਰ ਪਿੱਛੇ ਛੱਡ ਕੇ ਦੌੜ ਜਾਂਦਾ ਹੈ। ਮੱਤੀ 26:​47-56; ਮਰਕੁਸ 14:​43-52; ਲੂਕਾ 22:​47-53; ਯੂਹੰਨਾ 17:12; 18:​3-12.

      ▪ ਯਹੂਦਾ ਕਿਉਂ ਨਿਸ਼ਚਿਤ ਹੈ ਕਿ ਉਹ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਲਭ ਲਵੇਗਾ?

      ▪ ਯਿਸੂ ਕਿਸ ਤਰ੍ਹਾਂ ਆਪਣੇ ਰਸੂਲਾਂ ਲਈ ਚਿੰਤਾ ਪ੍ਰਗਟ ਕਰਦਾ ਹੈ?

      ▪ ਯਿਸੂ ਦੀ ਸੁਰੱਖਿਆ ਵਿਚ ਪਤਰਸ ਕੀ ਕਦਮ ਚੁੱਕਦਾ ਹੈ, ਪਰੰਤੂ ਇਸ ਬਾਰੇ ਯਿਸੂ ਪਤਰਸ ਨੂੰ ਕੀ ਕਹਿੰਦਾ ਹੈ?

      ▪ ਯਿਸੂ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ ਕਿ ਉਹ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਹੈ?

      ▪ ਜਦੋਂ ਰਸੂਲ ਯਿਸੂ ਨੂੰ ਛੱਡ ਜਾਂਦੇ ਹਨ, ਤਾਂ ਕੌਣ ਪਿੱਛੇ ਰਹਿੰਦਾ ਹੈ, ਅਤੇ ਉਸ ਦਾ ਕੀ ਹੁੰਦਾ ਹੈ?

  • ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 119

      ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ

      ਯਿਸੂ, ਇਕ ,ਆਮ ਅਪਰਾਧੀ ਵਾਂਗ ਬੰਨ੍ਹਿਆਂ ਹੋਇਆਂ, ਪ੍ਰਭਾਵਸ਼ਾਲੀ ਸਾਬਕਾ ਪਰਧਾਨ ਜਾਜਕ, ਅੰਨਾਸ ਕੋਲ ਲਿਜਾਇਆ ਜਾਂਦਾ ਹੈ। ਅੰਨਾਸ ਉਦੋਂ ਪਰਧਾਨ ਜਾਜਕ ਸੀ ਜਦੋਂ ਯਿਸੂ ਨੇ 12 ਵਰ੍ਹਿਆਂ ਦੀ ਉਮਰ ਵਿਚ ਹੈਕਲ ਵਿਖੇ ਰਾਬਿਨੀ ਗੁਰੂਆਂ ਨੂੰ ਹੈਰਾਨ ਕੀਤਾ ਸੀ। ਮਗਰੋਂ ਅੰਨਾਸ ਦੇ ਕਈ ਪੁੱਤਰਾਂ ਨੇ ਪਰਧਾਨ ਜਾਜਕ ਵਜੋਂ ਸੇਵਾ ਕੀਤੀ, ਅਤੇ ਹੁਣ ਉਸ ਦਾ ਜੁਆਈ ਕਯਾਫ਼ਾ ਇਸ ਪਦਵੀ ਤੇ ਹੈ।

      ਯਿਸੂ ਨੂੰ ਪਹਿਲਾਂ ਅੰਨਾਸ ਦੇ ਘਰ ਲਿਜਾਇਆ ਜਾਂਦਾ ਹੈ, ਸ਼ਾਇਦ ਇਸ ਲਈ ਕਿਉਂਕਿ ਉਹ ਮੁੱਖ ਜਾਜਕ ਯਹੂਦੀ ਧਾਰਮਿਕ ਜੀਵਨ ਵਿਚ ਲੰਬੇ ਸਮੇਂ ਤੋਂ ਉੱਘਾ ਰਿਹਾ ਹੈ। ਅੰਨਾਸ ਨੂੰ ਮਿਲਣ ਲਈ ਰੁਕਣ ਨਾਲ ਪਰਧਾਨ ਜਾਜਕ ਕਯਾਫ਼ਾ ਨੂੰ ਮਹਾਸਭਾ, ਅਰਥਾਤ 71-ਸਦੱਸਾਂ ਦੀ ਯਹੂਦੀ ਉੱਚ ਅਦਾਲਤ, ਅਤੇ ਨਾਲ ਹੀ ਝੂਠੇ ਗਵਾਹ ਇਕੱਠੇ ਕਰਨ ਦਾ ਸਮਾਂ ਮਿਲ ਜਾਂਦਾ ਹੈ।

      ਹੁਣ ਮੁੱਖ ਜਾਜਕ ਅੰਨਾਸ ਯਿਸੂ ਨੂੰ ਉਸ ਦੇ ਚੇਲਿਆਂ ਅਤੇ ਉਸ ਦੀ ਸਿੱਖਿਆ ਬਾਰੇ ਸਵਾਲ ਕਰਦਾ ਹੈ। ਲੇਕਿਨ, ਜਵਾਬ ਵਿਚ ਯਿਸੂ ਕਹਿੰਦਾ ਹੈ: “ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ। ਤੂੰ ਮੈਥੋਂ ਕਿਉਂ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ।”

      ਇਸ ਤੇ, ਕੋਲ ਖੜ੍ਹੇ ਇਕ ਅਫ਼ਸਰ ਨੇ ਇਹ ਕਹਿੰਦੇ ਹੋਏ ਯਿਸੂ ਦੇ ਮੂੰਹ ਤੇ ਚਪੇੜ ਮਾਰੀ: “ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ?”

      “ਜੇ ਮੈਂ ਬੁਰਾ ਕਿਹਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ?” ਇਸ ਵਿਚਾਰ-ਵਟਾਂਦਰੇ ਮਗਰੋਂ, ਅੰਨਾਸ ਬੰਨ੍ਹੇ ਹੋਏ ਯਿਸੂ ਨੂੰ ਕਯਾਫ਼ਾ ਕੋਲ ਭੇਜ ਦਿੰਦਾ ਹੈ।

      ਇੰਨੇ ਨੂੰ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ, ਜੀ ਹਾਂ, ਸਾਰੀ ਮਹਾਸਭਾ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸਪੱਸ਼ਟ ਤੌਰ ਤੇ ਉਨ੍ਹਾਂ ਦੇ ਮਿਲਣ ਦੀ ਥਾਂ ਕਯਾਫ਼ਾ ਦਾ ਘਰ ਹੈ। ਪਸਾਹ ਦੀ ਰਾਤ ਨੂੰ ਅਜਿਹਾ ਮੁਕੱਦਮਾ ਚਲਾਉਣਾ ਸਪੱਸ਼ਟ ਤੌਰ ਤੇ ਯਹੂਦੀ ਨਿਯਮ ਦੇ ਵਿਰੁੱਧ ਹੈ। ਪਰੰਤੂ ਇਹ ਧਾਰਮਿਕ ਆਗੂਆਂ ਨੂੰ ਉਨ੍ਹਾਂ ਦੇ ਦੁਸ਼ਟ ਮਕਸਦ ਤੋਂ ਨਹੀਂ ਰੋਕਦਾ ਹੈ।

      ਕਈ ਹਫ਼ਤੇ ਪਹਿਲਾਂ, ਜਦੋਂ ਯਿਸੂ ਨੇ ਲਾਜ਼ਰ ਨੂੰ ਪੁਨਰ-ਉਥਿਤ ਕੀਤਾ ਸੀ, ਉਦੋਂ ਹੀ ਮਹਾਸਭਾ ਆਪੋ ਵਿਚ ਧਾਰਨ ਕਰ ਚੁੱਕੀ ਸੀ ਕਿ ਉਸ ਨੂੰ ਜ਼ਰੂਰ ਮਰਨਾ ਹੈ। ਅਤੇ ਸਿਰਫ਼ ਦੋ ਦਿਨ ਪਹਿਲਾਂ ਹੀ, ਬੁੱਧਵਾਰ ਨੂੰ, ਧਾਰਮਿਕ ਅਧਿਕਾਰੀਆਂ ਨੇ ਇਕੱਠਿਆਂ ਮਿਲ ਕੇ ਯਿਸੂ ਨੂੰ ਚਲਾਕ ਜੁਗਤ ਨਾਲ ਫੜ ਕੇ ਮਾਰਨ ਦੀ ਸਲਾਹ ਕੀਤੀ ਸੀ। ਕਲਪਨਾ ਕਰੋ, ਉਸ ਨੂੰ ਅਸਲ ਵਿਚ ਉਸ ਦੇ ਮੁਕੱਦਮੇ ਤੋਂ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ!

      ਹੁਣ ਉਨ੍ਹਾਂ ਗਵਾਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਝੂਠੇ ਸਬੂਤ ਪੇਸ਼ ਕਰਨਗੇ ਤਾਂ ਜੋ ਯਿਸੂ ਵਿਰੁੱਧ ਇਕ ਮੁਕੱਦਮਾ ਖੜ੍ਹਾ ਕੀਤਾ ਜਾ ਸਕੇ। ਲੇਕਿਨ, ਅਜਿਹੇ ਕੋਈ ਗਵਾਹ ਨਾ ਮਿਲ ਸਕੇ ਜਿਹੜੇ ਆਪਣੀ ਸਾਖੀ ਵਿਚ ਸਹਿਮਤ ਹਨ। ਆਖ਼ਰਕਾਰ, ਦੋ ਵਿਅਕਤੀ ਅੱਗੇ ਆ ਕੇ ਦਾਅਵਾ ਕਰਦੇ ਹਨ: “ਅਸਾਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਰ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨਾ ਹੱਥ ਲਾਏ ਬਣਾਵਾਂਗਾ।”

      “ਕੀ ਤੂੰ ਕੁਝ ਜਵਾਬ ਨਹੀਂ ਦਿੰਦਾ?” ਕਯਾਫ਼ਾ ਪੁੱਛਦਾ ਹੈ। “ਏਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?” ਪਰੰਤੂ ਯਿਸੂ ਚੁੱਪ ਰਹਿੰਦਾ ਹੈ। ਮਹਾਸਭਾ ਲਈ ਇਹ ਸ਼ਰਮਿੰਦਗੀ ਦੀ ਗੱਲ ਸੀ ਕਿ ਇਸ ਝੂਠੇ ਦੋਸ਼ ਉੱਤੇ ਵੀ ਗਵਾਹ ਆਪਣੀਆਂ ਕਹਾਣੀਆਂ ਵਿਚ ਸਹਿਮਤੀ ਨਹੀਂ ਰੱਖ ਸਕੇ। ਇਸ ਲਈ ਪਰਧਾਨ ਜਾਜਕ ਇਕ ਵੱਖਰੀ ਜੁਗਤ ਇਸਤੇਮਾਲ ਕਰਦਾ ਹੈ।

      ਕਯਾਫ਼ਾ ਜਾਣਦਾ ਹੈ ਕਿ ਯਹੂਦੀ ਕਿੰਨੇ ਭਾਵੁਕ ਹੁੰਦੇ ਹਨ ਜਦੋਂ ਕੋਈ ਪਰਮੇਸ਼ੁਰ ਦਾ ਅਸਲੀ ਪੁੱਤਰ ਹੋਣ ਦਾ ਦਾਅਵਾ ਕਰਦਾ ਹੈ। ਪਹਿਲਿਆਂ ਦੋ ਮੌਕਿਆਂ ਤੇ, ਉਨ੍ਹਾਂ ਨੇ ਬਿਨਾਂ ਵਿਚਾਰੇ ਹੀ ਯਿਸੂ ਤੇ ਮੌਤ ਦੇ ਲਾਇਕ ਕਾਫ਼ਰ ਦਾ ਇਲਜ਼ਾਮ ਲਾਇਆ ਸੀ, ਅਤੇ ਇਕ ਵਾਰੀ ਤਾਂ ਗਲਤੀ ਨਾਲ ਇਹ ਵੀ ਮੰਨ ਲਿਆ ਕਿ ਉਹ ਪਰਮੇਸ਼ੁਰ ਦੇ ਤੁਲ ਹੋਣ ਦਾ ਦਾਅਵਾ ਕਰ ਰਿਹਾ ਸੀ। ਹੁਣ ਕਯਾਫ਼ਾ ਚਲਾਕੀ ਨਾਲ ਮੰਗ ਕਰਦਾ ਹੈ: “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।”

      ਯਹੂਦੀ ਜੋ ਮਰਜ਼ੀ ਸੋਚਣ, ਪਰ ਯਿਸੂ ਅਸਲ ਵਿਚ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਚੁੱਪ ਰਹਿਣਾ ਉਸ ਦਾ ਮਸੀਹ ਹੋਣ ਤੋਂ ਇਨਕਾਰ ਕਰਨਾ ਸਮਝਿਆ ਜਾ ਸਕਦਾ ਹੈ। ਇਸ ਲਈ ਯਿਸੂ ਦਲੇਰੀ ਨਾਲ ਜਵਾਬ ਦਿੰਦਾ ਹੈ: “ਮੈਂ ਹਾਂ ਅਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।”

      ਇਸ ਤੇ ਕਯਾਫ਼ਾ, ਇਕ ਨਾਟਕੀ ਪ੍ਰਦਰਸ਼ਨ ਵਿਚ, ਆਪਣੇ ਕੱਪੜੇ ਪਾੜ ਕੇ ਚਿਲਾਉਂਦਾ ਹੈ: “ਏਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਕੁਫ਼ਰ ਸੁਣਿਆ। ਤੁਹਾਡੀ ਕੀ ਸਲਾਹ ਹੈ?”

      “ਇਹ ਮਾਰੇ ਜਾਣ ਦੇ ਜੋਗ ਹੈ,” ਮਹਾਸਭਾ ਐਲਾਨ ਕਰਦੀ ਹੈ। ਫਿਰ ਉਹ ਉਸ ਦਾ ਠੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ, ਅਤੇ ਉਸ ਦੇ ਵਿਰੁੱਧ ਕੁਫ਼ਰ ਵਿਚ ਬਹੁਤ ਕੁਝ ਬੋਲਦੇ ਹਨ। ਉਹ ਉਸ ਦੇ ਮੂੰਹ ਤੇ ਚਪੇੜਾਂ ਮਾਰਦੇ ਹਨ ਅਤੇ ਥੁੱਕਦੇ ਹਨ। ਦੂਜੇ ਉਸ ਦੇ ਮੂੰਹ ਨੂੰ ਢੱਕ ਕੇ ਮੁੱਕੇ ਮਾਰਦੇ ਹਨ ਅਤੇ ਤਾਅਨੇ ਮਾਰਦੇ ਹੋਏ ਕਹਿੰਦੇ ਹਨ: “ਹੇ ਮਸੀਹ, ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਹ ਨੇ ਮਾਰਿਆ?” ਇਹ ਅਪਮਾਨਜਨਕ ਅਤੇ ਗ਼ੈਰ-ਕਾਨੂੰਨੀ ਵਰਤਾਊ ਰਾਤ ਦੇ ਸਮੇਂ ਦੇ ਮੁਕੱਦਮੇ ਦੇ ਦੌਰਾਨ ਵਾਪਰਦਾ ਹੈ। ਮੱਤੀ 26:​­57-68; 26:​3, 4; ਮਰਕੁਸ 14:​53-65; ਲੂਕਾ 22:​54, 63-65; ਯੂਹੰਨਾ 18:​13-24; 11:​45-53; 10:​31-39; 5:​16-18.

      ▪ ਯਿਸੂ ਪਹਿਲਾਂ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਉੱਥੇ ਉਸ ਦਾ ਕੀ ਹੁੰਦਾ ਹੈ?

      ▪ ਫਿਰ ਯਿਸੂ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਕਿਸ ਮਕਸਦ ਲਈ?

      ▪ ਕਯਾਫ਼ਾ ਕਿਸ ਤਰ੍ਹਾਂ ਮਹਾਸਭਾ ਤੋਂ ਇਹ ਐਲਾਨ ਕਰਵਾ ਸਕਿਆ ਕਿ ਯਿਸੂ ਮੌਤ ਦੇ ਯੋਗ ਹੈ?

      ▪ ਮੁਕੱਦਮੇ ਦੇ ਦੌਰਾਨ ਕਿਹੜਾ ਅਪਮਾਨਜਨਕ ਅਤੇ ਗ਼ੈਰ-ਕਾਨੂੰਨੀ ਵਰਤਾਊ ਕੀਤਾ ਜਾਂਦਾ ਹੈ?

  • ਵਿਹੜੇ ਵਿਚ ਇਨਕਾਰ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 120

      ਵਿਹੜੇ ਵਿਚ ਇਨਕਾਰ

      ਡਰ ਦੇ ਮਾਰੇ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਛੱਡ ਕੇ ਬਾਕੀ ਰਸੂਲਾਂ ਨਾਲ ਦੌੜ ਜਾਣ ਤੋਂ ਬਾਅਦ, ਪਤਰਸ ਅਤੇ ਯੂਹੰਨਾ ਰਸਤੇ ਵਿਚ ਹੀ ਰੁਕ ਜਾਂਦੇ ਹਨ। ਸ਼ਾਇਦ ਉਹ ਯਿਸੂ ਤਕ ਪਹੁੰਚ ਜਾਂਦੇ ਹਨ ਜਦੋਂ ਉਸ ਨੂੰ ਅੰਨਾਸ ਦੇ ਘਰ ਲਿਜਾਇਆ ਜਾ ਰਿਹਾ ਹੁੰਦਾ ਹੈ। ਜਦੋਂ ਅੰਨਾਸ ਉਸ ਨੂੰ ਪਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੰਦਾ ਹੈ, ਤਾਂ ਪਤਰਸ ਅਤੇ ਯੂਹੰਨਾ, ਕੁਝ ਫਾਸਲੇ ਤੇ ਉਸ ਦੇ ਮਗਰ-ਮਗਰ ਜਾਂਦੇ ਹਨ, ਸਪੱਸ਼ਟ ਤੌਰ ਤੇ ਉਹ ਕਸ਼ਮਕਸ਼ ਵਿਚ ਪਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਾਨਾਂ ਖੋਹ ਬੈਠਣ ਦਾ ਡਰ ਹੈ, ਪਰੰਤੂ ਇਸ ਗੱਲ ਦੀ ਵੀ ਡੂੰਘੀ ਚਿੰਤਾ ਹੈ ਕਿ ਉਨ੍ਹਾਂ ਦੇ ਸੁਆਮੀ ਦਾ ਕੀ ਹੋਵੇਗਾ।

      ਕਯਾਫ਼ਾ ਦੀ ਵਿਸ਼ਾਲ ਰਿਹਾਇਸ਼ ਵਿਖੇ ਪਹੁੰਚਦੇ ਹੋਏ, ਯੂਹੰਨਾ ਵਿਹੜੇ ਵਿਚ ਦਾਖ਼ਲ ਹੋਣ ਵਿਚ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਪਰਧਾਨ ਜਾਜਕ ਦਾ ਵਾਕਫ਼ ਹੈ। ਲੇਕਿਨ ਪਤਰਸ, ਬਾਹਰ ਦਰਵਾਜ਼ੇ ਤੇ ਹੀ ਖੜ੍ਹਾ ਰਹਿ ਜਾਂਦਾ ਹੈ। ਪਰੰਤੂ ਜਲਦੀ ਹੀ ਯੂਹੰਨਾ ਮੁੜ ਕੇ ਦੁਆਰਪਾਲਨ, ਅਰਥਾਤ ਇਕ ਨੌਕਰਾਨੀ ਨਾਲ ਗੱਲ ਕਰਦਾ ਹੈ, ਅਤੇ ਪਤਰਸ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

      ਹੁਣ ਤਕ ਠੰਢ ਪੈਣ ਲੱਗਦੀ ਹੈ, ਅਤੇ ਪਰਧਾਨ ਜਾਜਕ ਦੇ ਘਰ ਦੇ ਸੇਵਾਦਾਰਾਂ ਅਤੇ ਅਫ਼ਸਰਾਂ ਨੇ ਕੋਲਿਆਂ ਦੀ ਅੱਗ ਬਾਲੀ ਹੈ। ਪਤਰਸ ਵੀ ਨਿੱਘੇ

      ਹੋਣ ਲਈ ਉਨ੍ਹਾਂ ਨਾਲ ਮਿਲ ਜਾਂਦਾ ਹੈ ਜਦੋਂ ਕਿ ਉਹ ਮੁਕੱਦਮੇ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਉੱਥੇ ਅੱਗ ਦੀ ਤੇਜ਼ ਰੋਸ਼ਨੀ ਵਿਚ, ਦੁਆਰਪਾਲਨ ਜਿਸ ਨੇ ਪਤਰਸ ਨੂੰ ਅੰਦਰ ਆਉਣ ਦਿੱਤਾ ਸੀ, ਉਸ ਨੂੰ ਚੰਗੀ ਤਰ੍ਹਾਂ ਦੇਖ ਲੈਂਦੀ ਹੈ। “ਯਿਸੂ ਗਲੀਲੀ ਦੇ ਨਾਲ ਤੂੰ ਭੀ ਸੈਂ!” ਉਹ ਜ਼ੋਰ ਨਾਲ ਬੋਲ ਉਠਦੀ ਹੈ।

      ਪਛਾਣੇ ਜਾਣ ਤੇ ਘਬਰਾਉਂਦੇ ਹੋਏ, ਪਤਰਸ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਯਿਸੂ ਨੂੰ ਜਾਣਨ ਤੋਂ ਹੀ ਇਨਕਾਰ ਕਰ ਦਿੰਦਾ ਹੈ। “ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਭਈ ਤੂੰ ਕੀ ਆਖਦੀ ਹੈਂ,” ਉਹ ਕਹਿੰਦਾ ਹੈ।

      ਇਸ ਤੇ, ਪਤਰਸ ਬਾਹਰ ਦਰਵਾਜ਼ੇ ਕੋਲ ਚਲਾ ਜਾਂਦਾ ਹੈ। ਉੱਥੇ ਇਕ ਹੋਰ ਕੁੜੀ ਉਸ ਨੂੰ ਦੇਖ ਲੈਂਦੀ ਹੈ ਅਤੇ ਉਹ ਵੀ ਨਾਲ ਖੜ੍ਹੇ ਹੋਇਆਂ ਨੂੰ ਕਹਿੰਦੀ ਹੈ: “ਇਹ ਭੀ ਯਿਸੂ ਨਾਸਰੀ ਦੇ ਨਾਲ ਸੀ।” ਪਤਰਸ ਇਕ ਵਾਰੀ ਫਿਰ ਸੌਂਹ ਖਾਂਦੇ ਹੋਏ ਇਨਕਾਰ ਕਰਦਾ ਹੈ: “ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ!”

      ਪਤਰਸ ਵਿਹੜੇ ਵਿਚ ਹੀ ਰਹਿੰਦਾ ਹੈ, ਅਤੇ ਜਿੰਨਾ ਸੰਭੰਵ ਹੋ ਸਕੇ ਅਣਉਘੜਵਾਂ ਹੋਣ ਦੀ ਕੋਸ਼ਿਸ਼ ਕਰਦਾ ਹੈ। ਸ਼ਾਇਦ ਉਸੇ ਸਮੇਂ ਤੇ ਉਹ ਤੜਕੇ ਦੇ ਹਨ੍ਹੇਰੇ ਵਿਚ ਕੁੱਕੜ ਦੀ ਬਾਂਗ ਸੁਣ ਕੇ ਚੌਂਕ ਜਾਂਦਾ ਹੈ। ਇਸ ਦੌਰਾਨ, ਯਿਸੂ ਦਾ ਮੁਕੱਦਮਾ ਚੱਲ ਰਿਹਾ ਹੈ, ਸਪੱਸ਼ਟ ਤੌਰ ਤੇ ਘਰ ਦੇ ਉਸ ਹਿੱਸੇ ਵਿਚ ਜੋ ਕਿ ਵਿਹੜੇ ਦੇ ਉੱਪਰ ਹੈ। ਬਿਨਾਂ ਕਿਸੇ ਸ਼ੱਕ ਦੇ, ਪਤਰਸ ਅਤੇ ਹੇਠਾਂ ਇੰਤਜ਼ਾਰ ਕਰ ਰਹੇ ਦੂਸਰੇ ਲੋਕ, ਉਨ੍ਹਾਂ ਵੱਖੋ-ਵੱਖ ਗਵਾਹਾਂ ਨੂੰ ਆਉਂਦੇ ਜਾਂਦੇ ਦੇਖਦੇ ਹਨ ਜਿਹੜੇ ਗਵਾਹੀ ਦੇਣ ਲਈ ਲਿਆਂਦੇ ਗਏ ਹਨ।

      ਲਗਭਗ ਇਕ ਘੰਟਾ ਬੀਤ ਗਿਆ ਹੈ ਜਦੋਂ ਤੋਂ ਪਤਰਸ ਨੂੰ ਪਿਛਲੀ ਵਾਰੀ ਯਿਸੂ ਦੇ ਇਕ ਸਾਥੀ ਦੇ ਤੌਰ ਤੇ ਪਛਾਣਿਆ ਗਿਆ ਸੀ। ਹੁਣ ਆਲੇ-ਦੁਆਲੇ ਖੜ੍ਹੇ ਕਈ ਵਿਅਕਤੀ ਉਸ ਕੋਲ ਆ ਕੇ ਕਹਿੰਦੇ ਹਨ: “ਸੱਚੀ ਮੁੱਚੀ ਤੂੰ ਭੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਪਈ ਦੱਸਦੀ ਹੈ।” ਸਮੂਹ ਵਿਚ ਇਕ ਵਿਅਕਤੀ ਮਲਖੁਸ ਦਾ ਰਿਸ਼ਤੇਦਾਰ ਹੈ ਜਿਸ ਦਾ ਕੰਨ ਪਤਰਸ ਨੇ ਕੱਟਿਆ ਸੀ। “ਭਲਾ, ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ?” ਉਹ ਕਹਿੰਦਾ ਹੈ।

      “ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ!” ਪਤਰਸ ਜ਼ੋਰ ਨਾਲ ਦਾਅਵਾ ਕਰਦਾ ਹੈ। ਬਲਕਿ, ਉਹ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਵਿਚ ਕਿ ਉਹ ਗ਼ਲਤੀ ਕਰ ਰਹੇ ਹਨ, ਸਰਾਪ ਦਿੰਦਾ ਅਤੇ ਸੌਂਹ ਖਾਂਦਾ ਹੈ, ਅਸਲ ਵਿਚ, ਉਸ ਨੂੰ ਸਰਾਪ ਲੱਗੇ ਜੇ ਉਹ ਸੱਚ ਨਾ ਦੱਸ ਰਿਹਾ ਹੋਵੇ।

      ਜਿਵੇਂ ਹੀ ਪਤਰਸ ਇਹ ਤੀਜੀ ਵਾਰੀ ਇਨਕਾਰ ਕਰਦਾ ਹੈ, ਤਾਂ ਕੁੱਕੜ ਬਾਂਗ ਦਿੰਦਾ ਹੈ। ਅਤੇ ਉਸੇ ਸਮੇਂ ਯਿਸੂ, ਜੋ ਸਪੱਸ਼ਟ ਤੌਰ ਤੇ ਵਿਹੜੇ ਦੇ ਉੱਪਰ ਦੇ ਬਰਾਂਡੇ ਤੇ ਬਾਹਰ ਆ ਜਾਂਦਾ ਹੈ, ਮੁੜ ਕੇ ਉਸ ਵੱਲ ਦੇਖਦਾ ਹੈ। ਤੁਰੰਤ ਹੀ, ਪਤਰਸ ਯਾਦ ਕਰਦਾ ਹੈ ਜੋ ਯਿਸੂ ਨੇ ਕੁਝ ਹੀ ਘੰਟੇ ਪਹਿਲਾਂ ਇਕ ਉਪਰਲੇ ਕਮਰੇ ਵਿਚ ਕਿਹਾ ਸੀ: ‘ਤੂੰ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।’ ਆਪਣੇ ਪਾਪ ਦੇ ਭਾਰ ਤੋਂ ਅਤਿ ਦੁਖੀ ਹੋ ਕੇ ਪਤਰਸ ਬਾਹਰ ਜਾਂਦਾ ਹੈ ਅਤੇ ਭੁਬ ਮਾਰ ਕੇ ਰੋਂਦਾ ਹੈ।

      ਇਹ ਕਿਸ ਤਰ੍ਹਾਂ ਹੋ ਸਕਿਆ? ਆਪਣੇ ਅਧਿਆਤਮਿਕ ਬਲ ਉੱਤੇ ਇੰਨਾ ਨਿਸ਼ਚਿਤ ਹੋਣ ਦੇ ਬਾਵਜੂਦ ਪਤਰਸ ਕਿਸ ਤਰ੍ਹਾਂ ਥੋੜ੍ਹੇ ਹੀ ਸਮੇਂ ਵਿਚ ਆਪਣੇ ਸੁਆਮੀ ਦਾ ਲਗਾਤਾਰ ਤਿੰਨ ਵਾਰੀ ਇਨਕਾਰ ਕਰ ਸਕਿਆ? ਕੋਈ ਸ਼ੱਕ ਨਹੀਂ ਹੈ ਕਿ ਹਾਲਤਾਂ ਨੇ ਅਚਾਨਕ ਹੀ ਪਤਰਸ ਨੂੰ ਆ ਘੇਰਿਆ। ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਯਿਸੂ ਨੂੰ ਇਕ ਨੀਚ ਅਪਰਾਧੀ ਦੇ ਰੂਪ ਵਿਚ ਦਿਖਾਇਆ ਜਾ ਰਿਹਾ ਹੈ। ਜੋ ਸਹੀ ਹੈ ਉਸ ਨੂੰ ਗਲਤ, ਅਤੇ ਨਿਰਦੋਸ਼ ਨੂੰ ਦੋਸ਼ੀ ਦਿਖਾਇਆ ਜਾ ਰਿਹਾ ਹੈ। ਇਸ ਲਈ ਮੌਕੇ ਦੇ ਦਬਾਉ ਦੇ ਕਾਰਨ, ਪਤਰਸ ਆਪਣਾ ਸੰਤੁਲਨ ਖੋਹ ਬੈਠਦਾ ਹੈ। ਅਚਾਨਕ ਹੀ ਉਸ ਦੀ ਨਿਸ਼ਠਾ ਦੀ ਸਹੀ ਸਮਝ ਵਿਗੜ ਜਾਂਦੀ ਹੈ; ਉਸ ਲਈ ਦੁੱਖ ਦੀ ਗੱਲ ਸੀ ਕਿ ਉਹ ਮਨੁੱਖਾਂ ਦੇ ਡਰ ਦੁਆਰਾ ਨਕਾਰਾ ਹੋ ਜਾਂਦਾ ਹੈ। ਇੰਜ ਸਾਡੇ ਨਾਲ ਕਦੀ ਨਾ ਹੋਵੇ! ਮੱਤੀ 26:​57, 58, 69-75; ਮਰਕੁਸ 14:​30, 53, 54, 66-72; ਲੂਕਾ 22:​54-62; ਯੂਹੰਨਾ 18:​15-18, 25-27.

      ▪ ਪਤਰਸ ਅਤੇ ਯੂਹੰਨਾ ਕਿਸ ਤਰ੍ਹਾਂ ਪਰਧਾਨ ਜਾਜਕ ਦੇ ਵਿਹੜੇ ਵਿਚ ਦਾਖ਼ਲ ਹੋ ਜਾਂਦੇ ਹਨ?

      ▪ ਜਦੋਂ ਕਿ ਪਤਰਸ ਅਤੇ ਯੂਹੰਨਾ ਵਿਹੜੇ ਵਿਚ ਹੁੰਦੇ ਹਨ, ਘਰ ਵਿਚ ਕੀ ਚੱਲ ਰਿਹਾ ਹੁੰਦਾ ਹੈ?

      ▪ ਕੁੱਕੜ ਕਿੰਨੀ ਵਾਰੀ ਬਾਂਗ ਦਿੰਦਾ ਹੈ, ਅਤੇ ਪਤਰਸ ਮਸੀਹ ਨੂੰ ਜਾਣਨ ਤੋਂ ਕਿੰਨੀ ਵਾਰੀ ਇਨਕਾਰ ਕਰਦਾ ਹੈ?

      ▪ ਇਸ ਦਾ ਕੀ ਮਤਲਬ ਹੈ ਕਿ ਪਤਰਸ ਫਿਟਕਾਰਦਾ ਅਤੇ ਸੌਂਹ ਖਾਂਦਾ ਹੈ?

      ▪ ਕਿਸ ਗੱਲ ਦੇ ਕਾਰਨ ਪਤਰਸ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੰਦਾ ਹੈ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ