ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?
    ਪਹਿਰਾਬੁਰਜ—2014 | ਸਤੰਬਰ 1
    • ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

      ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

      “ਮੈਂ ਤਾਂ ਮਸਕੀਨ ਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ।”a​—ਇਜ਼ਰਾਈਲ ਦਾ ਰਾਜਾ ਦਾਊਦ, 11ਵੀਂ ਸਦੀ ਈਸਵੀ ਪੂਰਵ।

      ਬਾਲਟੀ ਵਿੱਚੋਂ ਡਿੱਗਦੀ ਇਕ ਬੂੰਦ

      “ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ।”​—ਯਸਾਯਾਹ 40:15

      ਕੀ ਦਾਊਦ ਲਈ ਇਹ ਉਮੀਦ ਰੱਖਣੀ ਸਹੀ ਸੀ ਕਿ ਰੱਬ ਉਸ ਦੀ ਚਿੰਤਾ ਕਰੇ? ਕੀ ਰੱਬ ਨੂੰ ਤੁਹਾਡੀ ਚਿੰਤਾ ਹੈ? ਬਹੁਤ ਸਾਰੇ ਲੋਕਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਦਾ ਫ਼ਿਕਰ ਕਰਦਾ ਹੈ। ਪਰ ਕਿਉਂ?

      ਇਕ ਕਾਰਨ ਇਹ ਹੈ ਕਿ ਰੱਬ ਮਾਮੂਲੀ ਇਨਸਾਨਾਂ ਤੋਂ ਕਿਤੇ ਉੱਚਾ ਹੈ। ਜਦ ਰੱਬ ਸਵਰਗੋਂ ਦੇਖਦਾ ਹੈ, ਤਾਂ ਸਾਰੀਆਂ ਕੌਮਾਂ “ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ।” (ਯਸਾਯਾਹ 40:15) ਧਰਮਾਂ ʼਤੇ ਨੁਕਤਾਚੀਨੀ ਕਰਨ ਵਾਲੇ ਇਕ ਲੇਖਕ ਨੇ ਕਿਹਾ: “ਇਹ ਸਭ ਤੋਂ ਵੱਡੀ ਬੇਵਕੂਫ਼ੀ ਦੀ ਗੱਲ ਹੋਵੇਗੀ ਜੇ ਅਸੀਂ ਮੰਨਦੇ ਹਾਂ ਕਿ ਰੱਬ ਹੈ ਅਤੇ ਉਹ ਸਾਡੀ ਪਰਵਾਹ ਕਰਦਾ ਹੈ।”

      ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਚਾਲ-ਚਲਣ ਕਰਕੇ ਉਹ ਇਸ ਗੱਲ ਦੇ ਲਾਇਕ ਨਹੀਂ ਕਿ ਪਰਮੇਸ਼ੁਰ ਉਨ੍ਹਾਂ ਦੀ ਫ਼ਿਕਰ ਕਰੇ। ਮਿਸਾਲ ਲਈ, 50 ਕੁ ਸਾਲਾਂ ਦਾ ਜਿਮ ਦੱਸਦਾ ਹੈ: “ਮੈਂ ਰੱਬ ਨੂੰ ਲਗਾਤਾਰ ਸ਼ਾਂਤੀ ਅਤੇ ਸੰਜਮ ਲਈ ਪ੍ਰਾਰਥਨਾ ਕਰਦਾ ਰਹਿੰਦਾ ਸੀ, ਪਰ ਮੇਰਾ ਗੁੱਸਾ ਫਿਰ ਭੜਕ ਜਾਂਦਾ ਸੀ। ਆਖ਼ਰਕਾਰ ਮੈਂ ਮੰਨ ਲਿਆ ਕਿ ਮੈਂ ਧੁਰ ਅੰਦਰ ਬੁਰਾ ਇਨਸਾਨ ਹਾਂ ਜਿਸ ਦੀ ਰੱਬ ਵੀ ਮਦਦ ਨਹੀਂ ਕਰ ਸਕਦਾ।”

      ਕੀ ਰੱਬ ਇਨਸਾਨਾਂ ਤੋਂ ਇੰਨਾ ਦੂਰ ਹੈ ਕਿ ਉਸ ਨੂੰ ਸਾਡਾ ਜ਼ਰਾ ਵੀ ਫ਼ਿਕਰ ਨਹੀਂ? ਉਹ ਸਾਡੇ ਵਰਗੇ ਪਾਪੀ ਇਨਸਾਨਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਕੌਣ ਦੇ ਸਕਦਾ ਹੈ? ਸਿਰਫ਼ ਰੱਬ ਹੀ ਸਾਨੂੰ ਦੱਸ ਸਕਦਾ ਹੈ ਕਿ ਉਸ ਨੂੰ ਸਾਡੀ ਫ਼ਿਕਰ ਹੈ ਜਾਂ ਨਹੀਂ। ਪਰਮੇਸ਼ੁਰ ਨੇ ਸਾਨੂੰ ਇਸ ਲਈ ਆਪਣਾ ਬਚਨ ਯਾਨੀ ਬਾਈਬਲ ਦਿੱਤੀ ਹੈ ਤਾਂਕਿ ਅਸੀਂ ਯਕੀਨ ਕਰੀਏ ਕਿ ਉਹ ਸਾਡੇ ਤੋਂ ਦੂਰ ਨਹੀਂ, ਬਲਕਿ ਉਹ ਹਰ ਇਨਸਾਨ ਦੀ ਚਿੰਤਾ ਕਰਦਾ ਹੈ। ਬਾਈਬਲ ਕਹਿੰਦੀ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਅਗਲੇ ਚਾਰ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਰੱਬ ਇਨਸਾਨਾਂ ਬਾਰੇ ਕੀ ਸੋਚਦਾ ਹੈ ਅਤੇ ਉਸ ਨੇ ਕਿਵੇਂ ਦਿਖਾਇਆ ਹੈ ਕਿ ਉਸ ਨੂੰ ਤੁਹਾਡਾ ਫ਼ਿਕਰ ਹੈ। (w14-E 08/01)

      a ਜ਼ਬੂਰਾਂ ਦੀ ਪੋਥੀ 40:17; ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

  • ਰੱਬ ਤੁਹਾਡੇ ʼਤੇ ਨਿਗਾਹ ਰੱਖਦਾ ਹੈ
    ਪਹਿਰਾਬੁਰਜ—2014 | ਸਤੰਬਰ 1
    • ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

      ਰੱਬ ਤੁਹਾਡੇ ʼਤੇ ਨਿਗਾਹ ਰੱਖਦਾ ਹੈ

      ‘ਰੱਬ ਦੀਆਂ ਅੱਖਾਂ ਮਨੁੱਖ ਦੇ ਮਾਰਗਾਂ ਉੱਤੇ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ।’​—ਅੱਯੂਬ 34:21.

      ਇਕ ਪਿਤਾ ਆਪਣੇ ਬੱਚੇ ਨਾਲ ਖੇਡਦਾ

      ਬੱਚਾ ਜਿੰਨਾ ਛੋਟਾ ਹੁੰਦਾ ਹੈ, ਮਾਪਿਆਂ ਨੂੰ ਉਸ ਦਾ ਉੱਨਾ ਫ਼ਿਕਰ ਹੁੰਦਾ ਹੈ

      ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਹਾਲ ਹੀ ਵਿਚ ਕੀਤੀ ਰੀਸਰਚ ਤੋਂ ਪਤਾ ਲੱਗਦਾ ਹੈ ਕਿ ਸਾਡੀ ਗਲੈਕਸੀ ਵਿਚ ਘੱਟੋ-ਘੱਟ 100 ਅਰਬ ਤੋਂ ਵੱਧ ਗ੍ਰਹਿ ਹਨ। ਵਿਸ਼ਾਲ ਬ੍ਰਹਿਮੰਡ ਬਾਰੇ ਸੋਚ ਕੇ ਬਹੁਤ ਲੋਕ ਕਹਿੰਦੇ ਹਨ: ‘ਧਰਤੀ ਵਰਗੇ ਛੋਟੇ ਜਿਹੇ ਗ੍ਰਹਿ ਉੱਤੇ ਮਾਮੂਲੀ ਇਨਸਾਨਾਂ ʼਤੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਨਿਗਾਹ ਰੱਖਣ ਦੀ ਕੀ ਲੋੜ ਹੈ?’

      ਰੱਬ ਦਾ ਬਚਨ ਸਿਖਾਉਂਦਾ ਹੈ: ਰੱਬ ਨੇ ਸਾਨੂੰ ਬਾਈਬਲ ਦਿੱਤੀ ਹੈ, ਪਰ ਇਸ ਦਾ ਇਹ ਮਤਲਬ ਇਹ ਨਹੀਂ ਕਿ ਉਸ ਨੇ ਸਾਡਾ ਫ਼ਿਕਰ ਕਰਨਾ ਛੱਡ ਦਿੱਤਾ ਹੈ। ਇਸ ਦੇ ਉਲਟ, ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ: ‘ਮੈਂ ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।’​—ਜ਼ਬੂਰਾਂ ਦੀ ਪੋਥੀ 32:8.

      ਜ਼ਰਾ ਇਕ ਮਿਸਰੀ ਤੀਵੀਂ ਹਾਜਰਾ ਵੱਲ ਧਿਆਨ ਦਿਓ ਜੋ 20ਵੀਂ ਸਦੀ ਈਸਵੀ ਪੂਰਵ ਵਿਚ ਰਹਿੰਦੀ ਸੀ। ਹਾਜਰਾ ਨੇ ਆਪਣੀ ਮਾਲਕਣ ਸਾਰਈ ਦਾ ਆਦਰ ਨਹੀਂ ਕੀਤਾ ਜਿਸ ਕਰਕੇ ਸਾਰਈ ਨੇ ਹਾਜਰਾ ਦੀ ਬੇਇੱਜ਼ਤੀ ਕੀਤੀ ਅਤੇ ਹਾਜਰਾ ਉਜਾੜ ਵੱਲ ਭੱਜ ਗਈ। ਕੀ ਹਾਜਰਾ ਦੀ ਗ਼ਲਤੀ ਕਾਰਨ ਰੱਬ ਨੇ ਉਸ ਦਾ ਫ਼ਿਕਰ ਕਰਨਾ ਛੱਡ ਦਿੱਤਾ? ਬਾਈਬਲ ਦੱਸਦੀ ਹੈ: ‘ਯਹੋਵਾਹ ਦੇ ਦੂਤ ਨੇ ਉਸ ਨੂੰ ਲੱਭਿਆ।’ ਉਸ ਦੂਤ ਨੇ ਹਾਜਰਾ ਨੂੰ ਹੌਸਲਾ ਦਿੱਤਾ: “ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ।” ਫਿਰ ਹਾਜਰਾ ਨੇ ਯਹੋਵਾਹ ਨੂੰ ਕਿਹਾ: ‘ਤੂੰ ਵੇਖਣਹਾਰ ਪਰਮੇਸ਼ੁਰ ਹੈਂ।’​—ਉਤਪਤ 16:4-13.

      ਜੀ ਹਾਂ, “ਵੇਖਣਹਾਰ ਪਰਮੇਸ਼ੁਰ” ਤੁਹਾਡੇ ʼਤੇ ਵੀ ਨਿਗਾਹ ਰੱਖਦਾ ਹੈ। ਮਿਸਾਲ ਲਈ, ਇਕ ਮਾਂ ਖ਼ਾਸ ਕਰਕੇ ਆਪਣੇ ਛੋਟੇ ਬੱਚਿਆਂ ਦਾ ਬਹੁਤ ਖ਼ਿਆਲ ਰੱਖਦੀ ਹੈ। ਬੱਚਾ ਜਿੰਨਾ ਛੋਟਾ ਹੁੰਦਾ ਹੈ, ਮਾਪਿਆਂ ਨੂੰ ਉਸ ਦਾ ਉੱਨਾ ਫ਼ਿਕਰ ਹੁੰਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਖ਼ਾਸ ਕਰਕੇ ਸਾਡੇ ʼਤੇ ਨਿਗਾਹ ਰੱਖਦਾ ਹੈ ਜਦ ਅਸੀਂ ਕਮਜ਼ੋਰ ਅਤੇ ਬੇਸਹਾਰਾ ਹੁੰਦੇ ਹਾਂ। ਯਹੋਵਾਹ ਕਹਿੰਦਾ ਹੈ: “ਮੈਂ ਉੱਚਾ ਅਤੇ ਪਵਿੱਤਰ ਪਰਮੇਸ਼ਰ ਹਾਂ, ਪਰ ਮੈਂ ਉਹਨਾਂ ਲੋਕਾਂ ਨਾਲ ਹੀ ਰਹਿੰਦਾ ਹਾਂ, ਜੋ ਦੀਨ ਅਤੇ ਪਛਤਾਵਾ ਕਰਦੇ ਹਨ। ਮੈਂ ਉਹਨਾਂ ਦੇ ਭਰੋਸੇ ਅਤੇ ਉਮੀਦ ਨੂੰ ਦੁਬਾਰਾ ਸੁਰਜੀਤ ਕਰਦਾ ਹਾਂ।”​—ਯਸਾਯਾਹ 57:15, CL.

      ਇਸ ਦੇ ਬਾਵਜੂਦ ਤੁਸੀਂ ਸ਼ਾਇਦ ਸੋਚੋ: ‘ਰੱਬ ਮੇਰੇ ʼਤੇ ਨਿਗਾਹ ਕਿਵੇਂ ਰੱਖਦਾ ਹੈ? ਕੀ ਉਹ ਮੇਰਾ ਬਾਹਰਲਾ ਰੂਪ ਦੇਖਦਾ ਹੈ ਜਾਂ ਉਹ ਮੇਰੇ ਦਿਲ ਦੇ ਧੁਰ ਅੰਦਰ ਦੇਖਦਾ ਹੈ? ਕੀ ਉਹ ਸੱਚ-ਮੁੱਚ ਮੈਨੂੰ ਸਮਝਦਾ ਹੈ?’ (w14-E 08/01)

  • ਰੱਬ ਤੁਹਾਨੂੰ ਸਮਝਦਾ ਹੈ
    ਪਹਿਰਾਬੁਰਜ—2014 | ਸਤੰਬਰ 1
    • ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

      ਰੱਬ ਤੁਹਾਨੂੰ ਸਮਝਦਾ ਹੈ

      “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ।”​—ਜ਼ਬੂਰਾਂ ਦੀ ਪੋਥੀ 139:1.

      ਇਕ ਡੀ. ਐੱਨ. ਏ. ਦੀ ਲੜੀ ਅਤੇ ਇਕ ਭਰੂਣ

      “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ।”​—ਜ਼ਬੂਰਾਂ ਦੀ ਪੋਥੀ 139:16

      ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਬਹੁਤ ਲੋਕ ਸੋਚਦੇ ਹਨ ਕਿ ਰੱਬ ਦੀਆਂ ਨਜ਼ਰਾਂ ਵਿਚ ਸਾਰੇ ਇਨਸਾਨ ਪਾਪੀ ਹਨ ਅਤੇ ਉਸ ਦੇ ਲਾਇਕ ਨਹੀਂ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਰੱਬ ਉਨ੍ਹਾਂ ਦਾ ਫ਼ਿਕਰ ਨਹੀਂ ਕਰਦਾ। ਜ਼ਰਾ ਕੈਨਡਰਾ ਨਾਂ ਦੀ ਔਰਤ ਵੱਲ ਧਿਆਨ ਦਿਓ। ਉਸ ਨੂੰ ਡਿਪਰੈਸ਼ਨ ਸੀ ਅਤੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਸੀ ਕਿਉਂਕਿ ਉਹ ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰਾਂ ʼਤੇ ਪੂਰੀ ਤਰ੍ਹਾਂ ਨਹੀਂ ਸੀ ਚੱਲ ਸਕਦੀ। ਨਤੀਜੇ ਵਜੋਂ, ਉਹ ਕਹਿੰਦੀ ਹੈ ਕਿ “ਮੈਂ ਪ੍ਰਾਰਥਨਾ ਕਰਨੀ ਛੱਡ ਦਿੱਤੀ।”

      ਰੱਬ ਦਾ ਬਚਨ ਸਿਖਾਉਂਦਾ ਹੈ: ਯਹੋਵਾਹ ਤੁਹਾਡੀਆਂ ਕਮੀਆਂ-ਕਮਜ਼ੋਰੀਆਂ ਨਹੀਂ ਦੇਖਦਾ, ਸਗੋਂ ਉਹ ਸਮਝਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ। ਬਾਈਬਲ ਦੱਸਦੀ ਹੈ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਇੰਨਾ ਹੀ ਨਹੀਂ, ‘ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਦਾ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ।’​—ਜ਼ਬੂਰਾਂ ਦੀ ਪੋਥੀ 103:10, 14.

      ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਇਜ਼ਰਾਈਲ ਦੇ ਰਾਜਾ ਦਾਊਦ ਉੱਤੇ ਦੁਬਾਰਾ ਗੌਰ ਕਰੋ। ਉਸ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਕਿਹਾ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ। ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ।” (ਜ਼ਬੂਰਾਂ ਦੀ ਪੋਥੀ 139:16, 23) ਜੀ ਹਾਂ, ਭਾਵੇਂ ਕਿ ਦਾਊਦ ਨੇ ਵੱਡੇ-ਵੱਡੇ ਪਾਪ ਕੀਤੇ ਸਨ, ਪਰ ਉਸ ਨੂੰ ਯਕੀਨ ਸੀ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ। ਕਿਉਂ? ਕਿਉਂਕਿ ਸਿਰਫ਼ ਯਹੋਵਾਹ ਦੇਖ ਸਕਦਾ ਸੀ ਕਿ ਦਾਊਦ ਨੇ ਦਿਲੋਂ ਤੋਬਾ ਕੀਤੀ ਸੀ।

      ਕਿਸੇ ਹੋਰ ਇਨਸਾਨ ਨਾਲੋਂ ਯਹੋਵਾਹ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਹੈ। ਬਾਈਬਲ ਕਹਿੰਦੀ ਹੈ: “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ [ਦਿਲ] ਨੂੰ ਵੇਖਦਾ ਹੈ।” (1 ਸਮੂਏਲ 16:7) ਉਹ ਜਾਣਦਾ ਹੈ ਕਿ ਤੁਹਾਡੀ ਪਰਵਰਿਸ਼ ਕਿਸ ਮਾਹੌਲ ਵਿਚ ਹੋਈ ਹੈ ਅਤੇ ਤੁਹਾਡੇ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਸਨ। ਇਨ੍ਹਾਂ ਗੱਲਾਂ ਦਾ ਤੁਹਾਡੇ ਸੁਭਾਅ ʼਤੇ ਅਸਰ ਪੈਂਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਰੱਬ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਹੈ। ਭਾਵੇਂ ਤੁਸੀਂ ਗ਼ਲਤੀਆਂ ਕਰਦੇ ਹੋ, ਫਿਰ ਵੀ ਯਹੋਵਾਹ ਦੇਖਦਾ ਹੈ ਕਿ ਤੁਸੀਂ ਆਪਣੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਉਹ ਇਸ ਗੱਲ ਦੀ ਕਦਰ ਕਰਦਾ ਹੈ।

      ਤੁਹਾਡੇ ਬਾਰੇ ਸਾਰਾ ਕੁਝ ਜਾਣਦੇ ਹੋਏ ਪਰਮੇਸ਼ੁਰ ਤੁਹਾਨੂੰ ਕਿਵੇਂ ਹੌਸਲਾ ਦਿੰਦਾ ਹੈ? (w14-E 08/01)

  • ਰੱਬ ਤੁਹਾਨੂੰ ਹੌਸਲਾ ਦਿੰਦਾ ਹੈ
    ਪਹਿਰਾਬੁਰਜ—2014 | ਸਤੰਬਰ 1
    • ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

      ਰੱਬ ਤੁਹਾਨੂੰ ਹੌਸਲਾ ਦਿੰਦਾ ਹੈ

      ‘ਨਿਰਾਸ਼ ਲੋਕਾਂ ਨੂੰ ਹੌਸਲਾ ਦੇਣ ਵਾਲੇ ਪਰਮੇਸ਼ੁਰ ਨੇ ਸਾਨੂੰ ਹੌਸਲਾ ਦਿੱਤਾ।’​—2 ਕੁਰਿੰਥੀਆਂ 7:6.

      ਇਕ ਤੀਵੀਂ ਆਪਣੀ ਬਾਈਬਲ ਪੜ੍ਹਦੀ

      ‘ਪਰਮੇਸ਼ੁਰ ਦੇ ਪੁੱਤਰ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।’​—ਗਲਾਤੀਆਂ 2:20

      ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਜਦ ਲੋਕਾਂ ਨੂੰ ਹੌਸਲੇ ਦੀ ਬਹੁਤ ਲੋੜ ਹੁੰਦੀ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਰੱਬ ਤੋਂ ਸਮੱਸਿਆਵਾਂ ਨਾਲ ਨਿਪਟਣ ਲਈ ਮਦਦ ਨਹੀਂ ਲੈਣੀ ਚਾਹੀਦੀ। ਰਖੈਲ ਨਾਂ ਦੀ ਤੀਵੀਂ ਨੇ ਕਿਹਾ: “ਜਦੋਂ ਮੈਂ ਸੋਚਦੀ ਹਾਂ ਕਿ ਦੁਨੀਆਂ ਵਿਚ ਇੰਨੇ ਲੋਕ ਮੁਸ਼ਕਲਾਂ ਨਾਲ ਜੂਝ ਰਹੇ ਹਨ, ਤਾਂ ਮੇਰੀਆਂ ਸਮੱਸਿਆਵਾਂ ਤਾਂ ਉਨ੍ਹਾਂ ਦੇ ਸਾਮ੍ਹਣੇ ਕੁਝ ਵੀ ਨਹੀਂ। ਇਸ ਲਈ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਰੱਬ ਤੋਂ ਮਦਦ ਮੰਗਾਂ।”

      ਰੱਬ ਦਾ ਬਚਨ ਸਿਖਾਉਂਦਾ ਹੈ: ਪਰਮੇਸ਼ੁਰ ਨੇ ਇਨਸਾਨਾਂ ਦੀ ਮਦਦ ਕਰਨ ਲਈ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਪਹਿਲਾਂ ਹੀ ਇਕ ਵਧੀਆ ਕਦਮ ਚੁੱਕਿਆ ਹੈ। ਸਾਰੇ ਇਨਸਾਨਾਂ ਨੂੰ ਵਿਰਸੇ ਵਿਚ ਪਾਪ ਮਿਲਿਆ ਹੈ ਜਿਸ ਕਰਕੇ ਉਹ ਰੱਬ ਦੇ ਹੁਕਮਾਂ ʼਤੇ ਸਹੀ ਤਰ੍ਹਾਂ ਨਹੀਂ ਚੱਲ ਸਕਦੇ। ਪਰ ਰੱਬ ਨੇ “ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।” (1 ਯੂਹੰਨਾ 4:10) ਯਿਸੂ ਦੀ ਕੁਰਬਾਨੀ ਰਾਹੀਂ ਪਰਮੇਸ਼ੁਰ ਨੇ ਸਾਡੇ ਪਾਪ ਮਾਫ਼ ਕੀਤੇ ਹਨ, ਸਾਨੂੰ ਸਾਫ਼ ਜ਼ਮੀਰ ਮਿਲੀ ਹੈ ਅਤੇ ਸਾਨੂੰ ਸੋਹਣੀ ਧਰਤੀ ʼਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਮਿਲਦੀ ਹੈ।a ਇਹ ਸੱਚ ਹੈ ਕਿ ਪਰਮੇਸ਼ੁਰ ਨੇ ਸਾਰੇ ਇਨਸਾਨਾਂ ਵਾਸਤੇ ਯਿਸੂ ਦੀ ਕੁਰਬਾਨੀ ਦਿੱਤੀ, ਪਰ ਕੀ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਰੱਬ ਨੂੰ ਤੁਹਾਡਾ ਫ਼ਿਕਰ ਹੈ?

      ਪੌਲੁਸ ਰਸੂਲ ਦੀ ਮਿਸਾਲ ਉੱਤੇ ਗੌਰ ਕਰੋ। ਯਿਸੂ ਦੀ ਕੁਰਬਾਨੀ ਦਾ ਉਸ ʼਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਸ ਨੇ ਲਿਖਿਆ: “ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾਤੀਆਂ 2:20) ਇਹ ਸੱਚ ਹੈ ਕਿ ਪੌਲੁਸ ਦੇ ਮਸੀਹੀ ਬਣਨ ਤੋਂ ਪਹਿਲਾਂ ਹੀ ਯਿਸੂ ਨੇ ਆਪਣੀ ਕੁਰਬਾਨੀ ਦੇ ਦਿੱਤੀ ਸੀ। ਫਿਰ ਵੀ ਪੌਲੁਸ ਨੇ ਮੰਨਿਆ ਕਿ ਇਹ ਕੁਰਬਾਨੀ ਰੱਬ ਵੱਲੋਂ ਉਸ ਲਈ ਇਕ ਤੋਹਫ਼ਾ ਸੀ।

      ਪਰਮੇਸ਼ੁਰ ਨੇ ਯਿਸੂ ਦੀ ਕੁਰਬਾਨੀ ਤੁਹਾਨੂੰ ਵੀ ਤੋਹਫ਼ੇ ਵਜੋਂ ਦਿੱਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਿੰਨੇ ਅਨਮੋਲ ਹੋ। ਇਸ ਰਾਹੀਂ ਤੁਹਾਨੂੰ ‘ਹਮੇਸ਼ਾ ਰਹਿਣ ਵਾਲਾ ਦਿਲਾਸਾ ਅਤੇ ਇਕ ਸ਼ਾਨਦਾਰ ਉਮੀਦ ਮਿਲ ਸਕਦੀ ਹੈ’ ਜਿਸ ਕਰਕੇ ‘ਤੁਸੀਂ ਤਕੜੇ ਹੋਵੋ ਤਾਂਕਿ ਤੁਸੀਂ ਹਮੇਸ਼ਾ ਉਹੀ ਕਰੋ ਅਤੇ ਕਹੋ ਜੋ ਚੰਗਾ ਹੈ।’​—2 ਥੱਸਲੁਨੀਕੀਆਂ 2:16, 17.

      ਯਿਸੂ ਨੇ ਆਪਣੀ ਕੁਰਬਾਨੀ ਤਕਰੀਬਨ 2,000 ਸਾਲ ਪਹਿਲਾਂ ਦਿੱਤੀ ਸੀ। ਸੋ ਫਿਰ ਕੀ ਸਬੂਤ ਹੈ ਕਿ ਰੱਬ ਅੱਜ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ? (w14-E 08/01)

      a ਯਿਸੂ ਦੀ ਕੁਰਬਾਨੀ ਬਾਰੇ ਹੋਰ ਸਿੱਖਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਪੰਜਵਾਂ ਅਧਿਆਇ ਦੇਖੋ।

  • ਰੱਬ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ
    ਪਹਿਰਾਬੁਰਜ—2014 | ਸਤੰਬਰ 1
    • ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

      ਰੱਬ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ

      “ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।”​—ਯੂਹੰਨਾ 6:44.

      ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਰੱਬ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਰੱਬ ਉਨ੍ਹਾਂ ਤੋਂ ਕੋਸਾਂ ਹੀ ਦੂਰ ਹੈ। ਆਇਰਲੈਂਡ ਵਿਚ ਰਹਿਣ ਵਾਲੀ ਕ੍ਰਿਸਟੀਨਾ ਹਰ ਹਫ਼ਤੇ ਚਰਚ ਜਾਂਦੀ ਹੁੰਦੀ ਸੀ। ਉਹ ਕਹਿੰਦੀ ਹੈ: “ਮੈਂ ਸਿਰਫ਼ ਇੰਨਾ ਹੀ ਮੰਨਦੀ ਸੀ ਕਿ ਰੱਬ ਨੇ ਹਰ ਚੀਜ਼ ਬਣਾਈ ਹੈ, ਪਰ ਮੈਂ ਉਸ ਨੂੰ ਜਾਣਦੀ ਨਹੀਂ ਸੀ। ਮੈਂ ਇਕ ਪਲ ਲਈ ਵੀ ਖ਼ੁਦ ਨੂੰ ਉਸ ਦੇ ਕਰੀਬ ਮਹਿਸੂਸ ਨਹੀਂ ਕੀਤਾ।”

      ਰੱਬ ਦਾ ਬਚਨ ਸਿਖਾਉਂਦਾ ਹੈ: ਜਦੋਂ ਅਸੀਂ ਬੇਬੱਸ ਮਹਿਸੂਸ ਕਰਦੇ ਹਾਂ, ਤਾਂ ਯਹੋਵਾਹ ਸਾਡੀ ਵਾਰ-ਵਾਰ ਮਦਦ ਕਰਦਾ ਹੈ। ਯਿਸੂ ਨੇ ਮਿਸਾਲ ਦੇ ਕੇ ਸਮਝਾਇਆ ਕਿ ਪਰਮੇਸ਼ੁਰ ਸਾਡੀ ਕਿਵੇਂ ਪਰਵਾਹ ਕਰਦਾ ਹੈ: “ਜੇ ਕਿਸੇ ਕੋਲ ਸੌ ਭੇਡਾਂ ਹੋਣ ਤੇ ਉਨ੍ਹਾਂ ਵਿੱਚੋਂ ਇਕ ਭੇਡ ਭਟਕ ਜਾਵੇ, ਤਾਂ ਕੀ ਉਹ ਨੜ੍ਹਿੰਨਵੇਂ ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ?” ਯਿਸੂ ਦੇ ਕਹਿਣ ਦਾ ਭਾਵ ਕੀ ਸੀ? “ਇਸੇ ਤਰ੍ਹਾਂ, ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।”​—ਮੱਤੀ 18:12-14.

      ‘ਇਹ ਨਿਮਾਣੇ’ ਸਾਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਪਰਮੇਸ਼ੁਰ ‘ਭਟਕੀਆਂ ਹੋਈਆਂ ਭੇਡਾਂ ਨੂੰ ਲੱਭਣ’ ਲਈ ਕੀ ਕਰਦਾ ਹੈ? ਇਸ ਲੇਖ ਦੇ ਸ਼ੁਰੂ ਵਿਚ ਦਿੱਤੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ।

      ਯਹੋਵਾਹ ਦੇ ਗਵਾਹ ਇਕ ਵੱਡੇ ਸ਼ਹਿਰ ਵਿਚ ਇਕ ਆਦਮੀ ਨਾਲ ਬਾਈਬਲ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ

      ਅੱਜ ਕੌਣ ਹਨ ਜੋ ਲੋਕਾਂ ਦੇ ਘਰਾਂ ਅਤੇ ਪਬਲਿਕ ਥਾਵਾਂ ʼਤੇ ਜਾ ਕੇ ਬਾਈਬਲ ਵਿੱਚੋਂ ਰੱਬ ਦਾ ਸੰਦੇਸ਼ ਦੇ ਰਹੇ ਹਨ?

      ਧਿਆਨ ਦਿਓ ਕਿ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਰੱਬ ਨੇ ਕਿਵੇਂ ਪਹਿਲ ਕੀਤੀ। ਪਹਿਲੀ ਸਦੀ ਵਿਚ ਪਰਮੇਸ਼ੁਰ ਨੇ ਫ਼ਿਲਿੱਪੁਸ ਨਾਂ ਦੇ ਮਸੀਹੀ ਚੇਲੇ ਨੂੰ ਕਿਹਾ ਕਿ ਉਹ ਰਾਹ ਜਾਂਦੇ ਇਥੋਪੀਆ ਦੇ ਇਕ ਮੰਤਰੀ ਕੋਲ ਜਾਵੇ। ਕਿਉਂ? ਤਾਂਕਿ ਉਹ ਮੰਤਰੀ ਨੂੰ ਬਾਈਬਲ ਦੀ ਇਕ ਭਵਿੱਖਬਾਣੀ ਦਾ ਮਤਲਬ ਸਮਝਾਵੇ ਜੋ ਮੰਤਰੀ ਪੜ੍ਹ ਰਿਹਾ ਸੀ। (ਰਸੂਲਾਂ ਦੇ ਕੰਮ 8:26-39) ਬਾਅਦ ਵਿਚ ਰੱਬ ਨੇ ਪਤਰਸ ਰਸੂਲ ਨੂੰ ਕੁਰਨੇਲੀਅਸ ਨਾਂ ਦੇ ਰੋਮੀ ਅਫ਼ਸਰ ਦੇ ਘਰ ਭੇਜਿਆ ਜੋ ਪ੍ਰਾਰਥਨਾ ਕਰ ਰਿਹਾ ਸੀ ਅਤੇ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। (ਰਸੂਲਾਂ ਦੇ ਕੰਮ 10:1-48) ਨਾਲੇ ਪਰਮੇਸ਼ੁਰ ਨੇ ਪੌਲੁਸ ਰਸੂਲ ਅਤੇ ਉਸ ਦੇ ਸਾਥੀਆਂ ਨੂੰ ਫ਼ਿਲਿੱਪੈ ਸ਼ਹਿਰ ਦੇ ਬਾਹਰ ਪੈਂਦੇ ਦਰਿਆ ਵੱਲ ਭੇਜਿਆ। ਉੱਥੇ ਉਨ੍ਹਾਂ ਨੂੰ “ਪਰਮੇਸ਼ੁਰ ਦੀ ਭਗਤੀ ਕਰਨ ਵਾਲੀ” ਲੀਡੀਆ ਨਾਂ ਦੀ ਇਕ ਤੀਵੀਂ ਮਿਲੀ ਅਤੇ ‘ਯਹੋਵਾਹ ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਤਾਂਕਿ ਉਹ ਗੱਲਾਂ ਨੂੰ ਕਬੂਲ ਕਰੇ।’​—ਰਸੂਲਾਂ ਦੇ ਕੰਮ 16:9-15.

      ਇਨ੍ਹਾਂ ਤਿੰਨਾਂ ਹਾਲਾਤਾਂ ਵਿਚ ਯਹੋਵਾਹ ਨੇ ਇੰਤਜ਼ਾਮ ਕੀਤਾ ਕਿ ਉਸ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਉਸ ਨੂੰ ਜਾਣਨ ਦਾ ਮੌਕਾ ਮਿਲੇ। ਅੱਜ ਕੌਣ ਹਨ ਜੋ ਲੋਕਾਂ ਦੇ ਘਰਾਂ ਅਤੇ ਪਬਲਿਕ ਥਾਵਾਂ ʼਤੇ ਜਾ ਕੇ ਬਾਈਬਲ ਵਿੱਚੋਂ ਰੱਬ ਦਾ ਸੰਦੇਸ਼ ਦੇ ਰਹੇ ਹਨ? ਜ਼ਿਆਦਾਤਰ ਲੋਕ ਕਹਿਣਗੇ ਕਿ “ਯਹੋਵਾਹ ਦੇ ਗਵਾਹ।” ਸੋ ਖ਼ੁਦ ਨੂੰ ਪੁੱਛੋ: ‘ਕੀ ਰੱਬ ਉਨ੍ਹਾਂ ਨੂੰ ਵਰਤ ਕੇ ਮੇਰੇ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ?’ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਰੱਬ ਤੁਹਾਨੂੰ ਆਪਣੇ ਵੱਲ ਖਿੱਚਣ ਦੀਆਂ ਜੋ ਕੋਸ਼ਿਸ਼ਾਂ ਕਰ ਰਿਹਾ ਹੈ, ਉਸ ਨੂੰ ਸਵੀਕਾਰ ਕਰੋ ਤਾਂਕਿ ਤੁਸੀਂ ਉਸ ਦੇ ਦੋਸਤ ਬਣ ਸਕੋ।a ▪ (w14-E 08/01)

      a ਹੋਰ ਜਾਣਕਾਰੀ ਲਈ www.pr418.com/pa ਉੱਤੇ ਬਾਈਬਲ ਕਿਉਂ ਪੜ੍ਹੀਏ? ਨਾਮਕ ਵੀਡੀਓ ਦੇਖੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ