ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਦੁਨੀਆਂ ਦਾ ਅੰਤ”—ਇਹ ਕੀ ਹੈ?
    ਪਹਿਰਾਬੁਰਜ—2015 | ਜੁਲਾਈ 1
    • ਇਕ ਔਰਤ ਦੁਨੀਆਂ ਦਾ ਅੰਤ ਦੇਖ ਕੇ ਡਰੀ ਹੋਈ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕ ਅੱਗ, ਧੂੰਏਂ ਅਤੇ ਆਕਾਸ਼ੀ ਗ੍ਰਹਿ ਨਾਲ ਹੋਈ ਤਬਾਹੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ

      ਮੁੱਖ ਪੰਨੇ ਤੋਂ | ਕੀ ਅੰਤ ਨੇੜੇ ਹੈ?

      “ਦੁਨੀਆਂ ਦਾ ਅੰਤ”​—ਇਹ ਕੀ ਹੈ?

      “ਅੰਤ ਨੇੜੇ ਹੈ!” ਇਹ ਸੁਣਦੇ ਸਾਰ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕੀ ਤੁਹਾਡੇ ਮਨ ਵਿਚ ਇਹ ਖ਼ਿਆਲ ਆਉਂਦਾ ਹੈ ਕਿ ਕੋਈ ਆਕਾਸ਼ੀ ਗ੍ਰਹਿ ਧਰਤੀ ਨਾਲ ਟਕਰਾ ਕੇ ਇਸ ਨੂੰ ਖ਼ਤਮ ਕਰ ਦੇਵੇਗਾ? ਜਾਂ ਕੀ ਤੁਸੀਂ ਸੋਚਦੇ ਹੋ ਕਿ ਕਿਸੇ ਕੁਦਰਤੀ ਆਫ਼ਤ ਨਾਲ ਸਾਰੀ ਧਰਤੀ ਤਹਿਸ-ਨਹਿਸ ਹੋ ਜਾਵੇਗੀ? ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚ ਕੇ ਸ਼ਾਇਦ ਕਈ ਲੋਕ ਘਬਰਾ ਜਾਣ, ਕਈ ਲੋਕ ਯਕੀਨ ਨਾ ਕਰਨ ਜਾਂ ਕਈ ਇਨ੍ਹਾਂ ਨੂੰ ਹਾਸੇ-ਮਜ਼ਾਕ ਦੀਆਂ ਗੱਲਾਂ ਸਮਝਣ।

      ਬਾਈਬਲ ਕਹਿੰਦੀ ਹੈ: “ਅੰਤ ਆਵੇਗਾ।” (ਮੱਤੀ 24:14) ਇਸ ਨੂੰ ‘ਪਰਮੇਸ਼ੁਰ ਦਾ ਮਹਾਨ ਦਿਨ’ ਅਤੇ “ਆਰਮਾਗੇਡਨ” ਵੀ ਕਿਹਾ ਜਾਂਦਾ ਹੈ। (ਪ੍ਰਕਾਸ਼ ਦੀ ਕਿਤਾਬ 16:14, 16) ਇਸ ਵਿਸ਼ੇ ਨੂੰ ਲੈ ਕੇ ਧਰਮਾਂ ਦੇ ਅਲੱਗ-ਅਲੱਗ ਖ਼ਿਆਲ ਹੋਣ ਕਰਕੇ ਲੋਕ ਭੰਬਲਭੂਸੇ ਵਿਚ ਪਏ ਹੋਏ ਹਨ। ਇਸ ਕਰਕੇ ਲੋਕਾਂ ਨੂੰ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ। ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਅੰਤ ਕੀ ਹੈ ਅਤੇ ਕੀ ਨਹੀਂ ਹੈ। ਰੱਬ ਦਾ ਬਚਨ ਸਾਡੀ ਇਹ ਜਾਣਨ ਵਿਚ ਵੀ ਮਦਦ ਕਰਦਾ ਹੈ ਕਿ ਅੰਤ ਨੇੜੇ ਹੈ ਜਾਂ ਨਹੀਂ। ਸਭ ਤੋਂ ਵਧੀਆ ਗੱਲ ਹੈ ਕਿ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਅੰਤ ਤੋਂ ਕਿਵੇਂ ਬਚ ਸਕਦੇ ਹਾਂ। ਪਰ ਆਓ ਆਪਾਂ ਪਹਿਲਾਂ ਇਸ ਬਾਰੇ ਖੜ੍ਹੀਆਂ ਹੋਈਆਂ ਕੁਝ ਗ਼ਲਤਫ਼ਹਿਮੀਆਂ ਦੂਰ ਕਰ ਕੇ ਇਸ ਬਾਰੇ ਸੱਚਾਈ ਜਾਣੀਏ। ਬਾਈਬਲ ਅਨੁਸਾਰ “ਅੰਤ” ਦਾ ਕੀ ਮਤਲਬ ਹੈ?

      ਅੰਤ ਕੀ ਨਹੀਂ ਹੈ

      1. ਅੰਤ ਕੋਈ ਵੱਡੀ ਤਬਾਹੀ ਨਹੀਂ ਜਿਸ ਵਿਚ ਧਰਤੀ ਨੂੰ ਅੱਗ ਨਾਲ ਨਾਸ਼ ਕੀਤਾ ਜਾਵੇਗਾ।

        ਬਾਈਬਲ ਕਹਿੰਦੀ ਹੈ: “[ਰੱਬ ਨੇ] ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਇਹ ਅਤੇ ਹੋਰ ਹਵਾਲੇ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਰੱਬ ਨਾ ਤਾਂ ਆਪ ਧਰਤੀ ਨੂੰ ਤਬਾਹ ਕਰੇਗਾ ਅਤੇ ਨਾ ਹੀ ਇਸ ਨੂੰ ਕਦੇ ਤਬਾਹ ਹੋਣ ਦੇਵੇਗਾ।—ਉਪਦੇਸ਼ਕ ਦੀ ਪੋਥੀ 1:4; ਯਸਾਯਾਹ 45:18.

      2. ਅੰਤ ਅਚਾਨਕ ਨਹੀਂ ਆਵੇਗਾ।

        ਬਾਈਬਲ ਦਿਖਾਉਂਦੀ ਹੈ ਕਿ ਰੱਬ ਨੇ ਅੰਤ ਦਾ ਸਮਾਂ ਠਹਿਰਾਇਆ ਹੋਇਆ ਹੈ। ਅਸੀਂ ਪੜ੍ਹਦੇ ਹਾਂ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ। ਖ਼ਬਰਦਾਰ ਰਹੋ, ਜਾਗਦੇ ਰਹੋ, ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ।” (ਮਰਕੁਸ 13:32, 33) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਰੱਬ (“ਪਿਤਾ”) ਨੇ ਇਕ ‘ਸਮਾਂ ਮਿਥਿਆ’ ਹੋਇਆ ਹੈ ਜਦ ਉਹ ਕਦਮ ਚੁੱਕੇਗਾ।

      3. ਅੰਤ ਨਾ ਤਾਂ ਇਨਸਾਨਾਂ ਦੁਆਰਾ ਤੇ ਨਾ ਹੀ ਆਕਾਸ਼ੀ ਗ੍ਰਹਿ ਦੇ ਟਕਰਾਉਣ ਨਾਲ ਸ਼ੁਰੂ ਹੋਵੇਗਾ।

        ਅੰਤ ਕੌਣ ਕਰੇਗਾ? ਪ੍ਰਕਾਸ਼ ਦੀ ਕਿਤਾਬ 19:11 ਵਿਚ ਲਿਖਿਆ ਹੈ: “ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਵੀ ਦੇਖਿਆ। ਉਸ ਦੇ ਸਵਾਰ ਦਾ ਨਾਂ ਹੈ ‘ਵਫ਼ਾਦਾਰ ਤੇ ਸੱਚਾ।’” ਆਇਤ 19 ਵਿਚ ਕਿਹਾ ਗਿਆ ਹੈ: “ਮੈਂ ਦੇਖਿਆ ਕਿ ਵਹਿਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਆਏ।” (ਪ੍ਰਕਾਸ਼ ਦੀ ਕਿਤਾਬ 19:11-21) ਇਨ੍ਹਾਂ ਆਇਤਾਂ ਵਿਚ ਜੋ ਕਿਹਾ ਗਿਆ ਹੈ ਉਨ੍ਹਾਂ ਤੋਂ ਅਸੀਂ ਇਹ ਜ਼ਰੂਰ ਸਮਝ ਸਕਦੇ ਹਾਂ ਕਿ ਰੱਬ ਆਪਣੇ ਦੂਤਾਂ ਦੀ ਫ਼ੌਜ ਘੱਲ ਕੇ ਆਪਣੇ ਦੁਸ਼ਮਣਾਂ ਦਾ ਸਫ਼ਾਇਆ ਕਰੇਗਾ।

      ਆਰਮਾਗੇਡਨ ਤੋਂ ਬਚਣ ਵਾਲੇ ਲੋਕ ਤਬਾਹੀ ਵਾਲੀ ਜਗ੍ਹਾ ਤੋਂ ਸੁਰੱਖਿਅਤ ਪਾਰ ਲੰਘਦੇ ਹੋਏ, ਥੋੜ੍ਹੀ ਦੂਰੀ ’ਤੇ ਧੂੰਆਂ ਉੱਠਦਾ ਹੋਇਆ

      ਬਾਈਬਲ ਅੰਤ ਬਾਰੇ ਬੁਰੀ ਨਹੀਂ, ਸਗੋਂ ਖ਼ੁਸ਼ੀ ਦੀ ਖ਼ਬਰ ਦਿੰਦੀ ਹੈ

      ਅੰਤ ਕੀ ਹੈ

      1. ਨਾਕਾਮ ਸਰਕਾਰਾਂ ਦਾ ਅੰਤ।

        ਬਾਈਬਲ ਸਮਝਾਉਂਦੀ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ [ਸਰਕਾਰ] ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਜਿਵੇਂ ਕਿ ਉੱਪਰ ਤੀਜੇ ਨੁਕਤੇ ਵਿਚ ਦੱਸਿਆ ਗਿਆ ਸੀ ਕਿ ‘ਧਰਤੀ ਦੇ ਰਾਜਿਆਂ’ ਅਤੇ ਉਨ੍ਹਾਂ ਦੀਆਂ “ਫ਼ੌਜਾਂ” ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ ਜੋ “ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ” ਆਉਣਗੇ।​—ਪ੍ਰਕਾਸ਼ ਦੀ ਕਿਤਾਬ 19:19.

      2. ਯੁੱਧ, ਹਿੰਸਾ ਅਤੇ ਅਨਿਆਂ ਦਾ ਅੰਤ।

        “[ਰੱਬ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 46:9) “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਰੱਬ ਕਹਿੰਦਾ ਹੈ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।”—ਪ੍ਰਕਾਸ਼ ਦੀ ਕਿਤਾਬ 21:4, 5.

      3. ਉਨ੍ਹਾਂ ਧਰਮਾਂ ਦਾ ਅੰਤ ਜੋ ਰੱਬ ਅਤੇ ਲੋਕਾਂ ਦੀਆਂ ਉਮੀਦਾਂ ʼਤੇ ਖਰੇ ਨਹੀਂ ਉੱਤਰੇ।

        ਬਾਈਬਲ ਕਹਿੰਦੀ ਹੈ: ‘ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਓਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਪਰ ਜਦ ਅੰਤ ਹੋਵੇਗਾ ਤਾਂ ਤੁਸੀਂ ਕੀ ਕਰੋਗੇ?’ (ਯਿਰਮਿਯਾਹ 5:31) ਯਿਸੂ ਨੇ ਵੀ ਕਿਹਾ ਸੀ: “ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’ ਪਰ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!”—ਮੱਤੀ 7:21-23.

      4. ਉਨ੍ਹਾਂ ਲੋਕਾਂ ਦਾ ਅੰਤ ਜੋ ਰਾਜਨੀਤੀ ਦੀ ਹਿਮਾਇਤ ਕਰਦੇ ਹਨ।

        ਯਿਸੂ ਨੇ ਕਿਹਾ ਸੀ: “ਨਿਆਂ ਇਸ ਆਧਾਰ ʼਤੇ ਕੀਤਾ ਜਾਂਦਾ ਹੈ: ਚਾਨਣ ਦੁਨੀਆਂ ਵਿਚ ਆਇਆ, ਪਰ ਲੋਕਾਂ ਨੇ ਚਾਨਣ ਦੀ ਬਜਾਇ ਹਨੇਰੇ ਨਾਲ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ।” (ਯੂਹੰਨਾ 3:19) ਬਾਈਬਲ ਵਿਚ ਵਫ਼ਾਦਾਰ ਭਗਤ ਨੂਹ ਦੇ ਸਮੇਂ ਦੌਰਾਨ ਹੋਏ ਦੁਨੀਆਂ ਦੇ ਨਾਸ਼ ਬਾਰੇ ਦੱਸਿਆ ਗਿਆ ਹੈ। ਇਹ ਦੱਸਦੀ ਹੈ: “ਉਸ ਜ਼ਮਾਨੇ ਦੀ ਦੁਨੀਆਂ ਤਬਾਹ ਹੋਈ ਜਦੋਂ ਧਰਤੀ ਉੱਤੇ ਹੜ੍ਹ ਆਇਆ ਸੀ। ਇਸੇ ਬਚਨ ਦੇ ਅਨੁਸਾਰ, ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ ਅਤੇ ਇਨ੍ਹਾਂ ਨੂੰ ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ ਤਕ ਰਹਿਣ ਦਿੱਤਾ ਹੈ।”—2 ਪਤਰਸ 3:5-7.

      ਧਿਆਨ ਦਿਓ ਕਿ ਆਉਣ ਵਾਲੇ “ਨਿਆਂ ਅਤੇ ਵਿਨਾਸ਼ ਦੇ ਦਿਨ” ਦੀ ਤੁਲਨਾ ਨੂਹ ਦੇ “ਜ਼ਮਾਨੇ” ਵਿਚ ਹੋਈ ਤਬਾਹੀ ਨਾਲ ਕੀਤੀ ਗਈ ਹੈ। ਉਦੋਂ ਕਿਸ ਦਾ ਨਾਸ਼ ਹੋਇਆ ਸੀ? ਉਸ ਸਮੇਂ ਧਰਤੀ ਨੂੰ ਨਹੀਂ, ਸਗੋਂ “ਦੁਸ਼ਟ ਲੋਕਾਂ” ਨੂੰ ਨਾਸ਼ ਕੀਤਾ ਗਿਆ ਸੀ ਜੋ ਰੱਬ ਦੇ ਦੁਸ਼ਮਣ ਸਨ। ਰੱਬ ਦੇ ਆਉਣ ਵਾਲੇ ‘ਨਿਆਂ ਦੇ ਦਿਨ’ ਦੌਰਾਨ ਜਿਹੜੇ ਲੋਕ ਰੱਬ ਦੇ ਦੁਸ਼ਮਣ ਹੋਣਗੇ, ਉਨ੍ਹਾਂ ਦਾ ਵੀ ਨਾਸ਼ ਕੀਤਾ ਜਾਵੇਗਾ। ਪਰ ਨੂਹ ਅਤੇ ਉਸ ਦੇ ਪਰਿਵਾਰ ਵਾਂਗ ਰੱਬ ਦੇ ਦੋਸਤ ਬਚਾਏ ਜਾਣਗੇ।—ਮੱਤੀ 24:37-42.

      ਕਲਪਨਾ ਕਰੋ ਕਿ ਜਦੋਂ ਰੱਬ ਸਾਰੀ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ, ਤਾਂ ਧਰਤੀ ਕਿੰਨੀ ਸ਼ਾਨਦਾਰ ਹੋਵੇਗੀ! ਸੱਚ-ਮੁੱਚ ਬਾਈਬਲ ਅੰਤ ਬਾਰੇ ਬੁਰੀ ਨਹੀਂ, ਸਗੋਂ ਖ਼ੁਸ਼ੀ ਦੀ ਖ਼ਬਰ ਦਿੰਦੀ ਹੈ। ਫਿਰ ਵੀ ਤੁਸੀਂ ਸ਼ਾਇਦ ਸੋਚੋ: ‘ਕੀ ਬਾਈਬਲ ਦੱਸਦੀ ਹੈ ਕਿ ਅੰਤ ਕਦੋਂ ਆਵੇਗਾ? ਕੀ ਇਹ ਨੇੜੇ ਹੈ? ਮੈਂ ਇਸ ਵਿੱਚੋਂ ਕਿਵੇਂ ਬਚ ਸਕਦਾ ਹਾਂ?’ (w15-E 05/01)

      ਅੰਤ ਤੋਂ ਬਾਅਦ

      ਉਸ ਸਮੇਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਬਹੁਤ ਸਾਰੇ ਹਵਾਲੇ ਇਸ ਸ਼ਾਨਦਾਰ ਸਮੇਂ ਬਾਰੇ ਦੱਸਦੇ ਹਨ। ਮਿਸਾਲ ਲਈ: “‘[ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।’ ਅਤੇ ਪਰਮੇਸ਼ੁਰ ਨੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’” (ਪ੍ਰਕਾਸ਼ ਦੀ ਕਿਤਾਬ 21:4, 5) ਇਹ ਜ਼ਰੂਰੀ ਨਹੀਂ ਹੈ ਕਿ ਦੁਨੀਆਂ ਦੇ ਅੰਤ ਦਾ ਮਤਲਬ ਤੁਹਾਡੀ ਜ਼ਿੰਦਗੀ ਦਾ ਵੀ ਅੰਤ ਹੋਵੇ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਬਚੀਏ ਅਤੇ ਉਹ ਸਾਨੂੰ ਦੱਸਦਾ ਹੈ ਕਿ ਅਸੀਂ ਕਿਵੇਂ ਬਚ ਸਕਦੇ ਹਾਂ।

  • ਕੀ ਅੰਤ ਨੇੜੇ ਹੈ?
    ਪਹਿਰਾਬੁਰਜ—2015 | ਜੁਲਾਈ 1
    • ਮੁੱਖ ਪੰਨੇ ਤੋਂ

      ਕੀ ਅੰਤ ਨੇੜੇ ਹੈ?

      ਕੀ ਰੱਬ ਇਨਸਾਨਾਂ ਨੂੰ ਇਕ-ਦੂਜੇ ʼਤੇ ਹਕੂਮਤ ਕਰੀ ਜਾਣ ਦੇਵੇਗਾ ਅਤੇ ਮਨੁੱਖਜਾਤੀ ਦੇ ਭਵਿੱਖ ਨੂੰ ਖ਼ਤਰੇ ਵਿਚ ਪਿਆ ਰਹਿਣ ਦੇਵੇਗਾ? ਬਿਲਕੁਲ ਨਹੀਂ। ਜਿੱਦਾਂ ਅਸੀਂ ਦੇਖ ਚੁੱਕੇ ਹਾਂ ਕਿ ਉਹ ਜ਼ਰੂਰ ਦਖ਼ਲ ਦੇਵੇਗਾ ਅਤੇ ਉਨ੍ਹਾਂ ਦੁੱਖਾਂ ਅਤੇ ਜ਼ਿਆਦਤੀਆਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਦਾ ਸਾਮ੍ਹਣਾ ਇਨਸਾਨ ਸਦੀਆਂ ਤੋਂ ਕਰਦੇ ਆ ਰਹੇ ਹਨ। ਇਨਸਾਨਾਂ ਅਤੇ ਧਰਤੀ ਦਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਜਾਣ ਲਓ ਕਿ ਉਸ ਦੇ ਕਦਮ ਚੁੱਕਣ ਦਾ ਸਮਾਂ ਨੇੜੇ ਆ ਰਿਹਾ ਹੈ। ਰੱਬ ਇਹ ਜ਼ਰੂਰੀ ਜਾਣਕਾਰੀ ਕਿਵੇਂ ਦਿੰਦਾ ਹੈ?

      ਜ਼ਰਾ ਇਸ ਮਿਸਾਲ ʼਤੇ ਗੌਰ ਕਰੋ: ਜਦੋਂ ਤੁਸੀਂ ਕਾਰ ਰਾਹੀਂ ਸਫ਼ਰ ਕਰਦੇ ਹੋ, ਤਾਂ ਤੁਸੀਂ ਸ਼ਾਇਦ ਨਕਸ਼ਾ ਵਗੈਰਾ ਦੇਖੋ ਜਾਂ ਉਸ ਥਾਂ ਬਾਰੇ ਇੰਟਰਨੈੱਟ ਤੋਂ ਹੋਰ ਜਾਣਕਾਰੀ ਲਓ। ਫਿਰ ਜਦ ਤੁਸੀਂ ਸਫ਼ਰ ਕਰਦੇ ਹੋ ਅਤੇ ਰਾਹ ਵਿਚ ਲੱਗੇ ਬੋਰਡ ਵਗੈਰਾ ਤੁਹਾਡੇ ਨਕਸ਼ੇ ਅਤੇ ਹੋਰ ਜਾਣਕਾਰੀ ਨਾਲ ਮੇਲ ਖਾਂਦੇ ਹਨ, ਤਾਂ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ ਤੁਹਾਡੀ ਮੰਜ਼ਲ ਨਜ਼ਦੀਕ ਆ ਰਹੀ ਹੈ। ਇਸੇ ਤਰ੍ਹਾਂ ਰੱਬ ਨੇ ਵੀ ਆਪਣਾ ਬਚਨ ਦਿੱਤਾ ਹੈ ਜਿਸ ਵਿਚ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਅਤੇ ਲੋਕਾਂ ਦੇ ਰਵੱਈਏ ਬਾਰੇ ਦੱਸਿਆ ਗਿਆ ਹੈ। ਜਿਸ-ਜਿਸ ਸਮੇਂ ਬਾਰੇ ਜੋ-ਜੋ ਦੱਸਿਆ ਗਿਆ ਸੀ, ਉਹ ਸਭ ਸੱਚ ਸਾਬਤ ਹੋ ਰਿਹਾ ਹੈ। ਇਸ ਕਰਕੇ ਸਾਨੂੰ ਯਕੀਨ ਹੈ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦ ਅੰਤ ਬਹੁਤ ਨੇੜੇ ਹੈ।

      ਬਾਈਬਲ ਸਮਝਾਉਂਦੀ ਹੈ ਕਿ ਦੁਨੀਆਂ ਨੇ ਇਕ ਖ਼ਾਸ ਸਮੇਂ ʼਤੇ ਪਹੁੰਚਣਾ ਸੀ ਜਿਸ ਦਾ ਅੰਜਾਮ ਇਸ ਦੁਨੀਆਂ ਦਾ ਨਾਸ਼ ਹੋਵੇਗਾ। ਉਸ ਸਮੇਂ ਦੁਨੀਆਂ ਭਰ ਵਿਚ ਇਸ ਤਰ੍ਹਾਂ ਦੇ ਹਾਲਾਤ ਅਤੇ ਘਟਨਾਵਾਂ ਹੋਣੀਆਂ ਸਨ ਜੋ ਮਨੁੱਖਜਾਤੀ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਸੀ ਹੋਈਆਂ। ਰੱਬ ਦੇ ਬਚਨ ਵਿਚ ਦੱਸੀਆਂ ਇਨ੍ਹਾਂ ਕੁਝ ਗੱਲਾਂ ʼਤੇ ਧਿਆਨ ਦਿਓ।

      1. ਦੁਨੀਆਂ ਭਰ ਵਿਚ ਉਥਲ-ਪੁਥਲ ਮੱਤੀ ਦੇ 24ਵੇਂ ਅਧਿਆਇ ਵਿਚ ਇਕ ਭਵਿੱਖਬਾਣੀ ਦਰਜ ਹੈ ਜਿਸ ਵਿਚ ਧਰਤੀ ʼਤੇ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਇਹ ਘਟਨਾਵਾਂ “ਯੁਗ ਦੇ ਆਖ਼ਰੀ ਸਮੇਂ ਦੀ” ਨਿਸ਼ਾਨੀ ਹੋਣੀਆਂ ਸਨ। ਇਹ ਨਿਸ਼ਾਨੀ ਪੂਰੀ ਹੋਣ ਤੋਂ ਬਾਅਦ “ਅੰਤ ਆਵੇਗਾ।” (ਆਇਤਾਂ 3, 14) ਇਨ੍ਹਾਂ ਗੱਲਾਂ ਵਿਚ ਵੱਡੀਆਂ-ਵੱਡੀਆਂ ਲੜਾਈਆਂ ਹੋਣੀਆਂ, ਕਾਲ਼ ਪੈਣੇ, ਥਾਂ-ਥਾਂ ਭੁਚਾਲ਼ ਆਉਣੇ, ਬੁਰਾਈ ਦਾ ਵੱਧ ਜਾਣਾ, ਪਿਆਰ ਦੀ ਕਮੀ ਹੋਣੀ ਅਤੇ ਧਾਰਮਿਕ ਆਗੂਆਂ ਦੁਆਰਾ ਲੋਕਾਂ ਨੂੰ ਚਲਾਕੀ ਨਾਲ ਕੁਰਾਹੇ ਪਾਉਣਾ ਸ਼ਾਮਲ ਹੈ। (ਆਇਤਾਂ 6-26) ਇਹ ਗੱਲ ਸੱਚ ਹੈ ਕਿ ਸਦੀਆਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਮੇਂ-ਸਮੇਂ ʼਤੇ ਹੁੰਦੀਆਂ ਆਈਆਂ ਹਨ। ਪਰ ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਇਹ ਸਾਰੀਆਂ ਗੱਲਾਂ ਇੱਕੋ ਸਮੇਂ ʼਤੇ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਦੇ ਨਾਲ-ਨਾਲ ਅੱਗੇ ਦੱਸੀਆਂ ਤਿੰਨ ਗੱਲਾਂ ਵੀ ਹੋ ਰਹੀਆਂ ਹਨ।

      2. ਲੋਕਾਂ ਦਾ ਰਵੱਈਆ ਬਾਈਬਲ ਕਹਿੰਦੀ ਹੈ ਕਿ ‘ਆਖ਼ਰੀ ਦਿਨਾਂ’ ਯਾਨੀ ਦੁਨੀਆਂ ਦੇ ਅੰਤ ਤੋਂ ਪਹਿਲਾਂ ਲੋਕਾਂ ਦਾ ਰਵੱਈਆ ਬਹੁਤ ਵਿਗੜ ਜਾਵੇਗਾ। ਅਸੀਂ ਪੜ੍ਹਦੇ ਹਾਂ: “ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:1-4) ਹਾਂ, ਇਹ ਸੱਚ ਹੈ ਕਿ ਇਕ-ਦੂਜੇ ਦਾ ਆਦਰ ਨਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਪਰ ‘ਆਖ਼ਰੀ ਦਿਨਾਂ’ ਵਿਚ ਇਹ ਇੰਨਾ ਜ਼ਿਆਦਾ ਵੱਧ ਜਾਵੇਗਾ ਕਿ ਇਹ ਸਮੇਂ “ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” ਕੀ ਤੁਸੀਂ ਲੋਕਾਂ ਦੇ ਸੁਭਾਅ ਨੂੰ ਬਦ ਤੋਂ ਬਦਤਰ ਹੁੰਦਾ ਦੇਖਿਆ ਹੈ?

      3. ਧਰਤੀ ਨੂੰ ਤਬਾਹ ਕੀਤਾ ਜਾ ਰਿਹਾ ਹੈ ਬਾਈਬਲ ਕਹਿੰਦੀ ਹੈ ਕਿ ਰੱਬ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ” ਕਰੇਗਾ। (ਪ੍ਰਕਾਸ਼ ਦੀ ਕਿਤਾਬ 11:18) ਨੂਹ ਦੇ ਜ਼ਮਾਨੇ ਬਾਰੇ ਵੀ ਇਸੇ ਤਰ੍ਹਾਂ ਕਿਹਾ ਗਿਆ ਸੀ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ।” ਇਸ ਲਈ ਰੱਬ ਨੇ ਉਨ੍ਹਾਂ ਵਿਗੜੇ ਹੋਏ ਲੋਕਾਂ ਬਾਰੇ ਕਿਹਾ: ‘ਮੈਂ ਉਨ੍ਹਾਂ ਨੂੰ ਨਾਸ ਕਰਾਂਗਾ।’ (ਉਤਪਤ 6:11-13) ਲੋਕੀ ਕਿਨ੍ਹਾਂ ਤਰੀਕਿਆਂ ਨਾਲ ਧਰਤੀ ਨੂੰ ਤਬਾਹ ਕਰ ਰਹੇ ਹਨ? ਕੀ ਤੁਸੀਂ ਇਸ ਦੇ ਸਬੂਤ ਦੇਖੇ ਹਨ ਕਿ ਇਹ ਧਰਤੀ ਹਿੰਸਾ ਨਾਲ ਭਰਦੀ ਜਾ ਰਹੀ ਹੈ? ਅੱਜ ਇਨਸਾਨ ਇਤਿਹਾਸ ਦੇ ਖ਼ਾਸ ਸਮੇਂ ʼਤੇ ਪਹੁੰਚ ਗਏ ਹਨ। ਉਹ ਕਿਵੇਂ? ਉਨ੍ਹਾਂ ਕੋਲ ਧਰਤੀ ਨੂੰ ਤਬਾਹ ਕਰਨ ਅਤੇ ਇਸ ਵਿਚ ਰਹਿੰਦੇ ਇਨਸਾਨਾਂ ਨੂੰ ਨਾਸ਼ ਕਰਨ ਦੀ ਕਾਬਲੀਅਤ ਹੈ। ਉਹ ਹਥਿਆਰਾਂ ਨਾਲ ਲੈਸ ਹਨ। ਧਰਤੀ ਇਕ ਹੋਰ ਤਰੀਕੇ ਨਾਲ ਵੀ ਤਬਾਹ ਕੀਤੀ ਜਾ ਰਹੀ ਹੈ। ਇਨਸਾਨਾਂ ਦੀ ਲਾਪਰਵਾਹੀ ਕਰਕੇ ਹਵਾ, ਜੀਵ-ਜੰਤੂ, ਪੇੜ-ਪੌਦੇ ਅਤੇ ਸਮੁੰਦਰ ਵਗੈਰਾ ਨੂੰ ਹੌਲੀ-ਹੌਲੀ ਨੁਕਸਾਨ ਹੋ ਰਿਹਾ ਹੈ।

      ਆਪਣੇ ਆਪ ਤੋਂ ਪੁੱਛੋ: ‘100 ਤੋਂ ਜ਼ਿਆਦਾ ਸਾਲ ਪਹਿਲਾਂ, ਕੀ ਇਨਸਾਨਾਂ ਕੋਲ ਆਪਣੇ-ਆਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਤਾਕਤ ਸੀ?’ ਪਰ ਹੁਣ ਇਨਸਾਨਾਂ ਕੋਲ ਇਹ ਤਾਕਤ ਹੈ ਕਿਉਂਕਿ ਉਨ੍ਹਾਂ ਨੇ ਨਵੇਂ-ਨਵੇਂ ਹਥਿਆਰ ਇਕੱਠੇ ਕਰ ਲਏ ਹਨ ਅਤੇ ਉਹ ਵਾਤਾਵਰਣ ਨੂੰ ਖ਼ਰਾਬ ਕਰ ਰਹੇ ਹਨ। ਤਕਨਾਲੋਜੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਨੂੰ ਵਰਤ ਕੇ ਜਿਹੜੇ ਨਤੀਜੇ ਨਿਕਲ ਸਕਦੇ ਹਨ, ਲੱਗਦਾ ਹੈ ਕਿ ਇਨਸਾਨ ਉਨ੍ਹਾਂ ਨੂੰ ਸਮਝ ਨਹੀਂ ਪਾ ਰਹੇ ਜਾਂ ਇਨ੍ਹਾਂ ਨੂੰ ਕੰਟ੍ਰੋਲ ਨਹੀਂ ਕਰ ਪਾ ਰਹੇ। ਪਰ ਧਰਤੀ ਦਾ ਕੀ ਹੋਵੇਗਾ? ਇਹ ਫ਼ੈਸਲਾ ਕਰਨ ਦਾ ਹੱਕ ਇਨਸਾਨਾਂ ਕੋਲ ਨਹੀਂ ਹੈ। ਇਸ ਤੋਂ ਪਹਿਲਾਂ ਕਿ ਉਹ ਧਰਤੀ ਤੋਂ ਸਭ ਕੁਝ ਖ਼ਤਮ ਕਰ ਦੇਣ, ਪਰਮੇਸ਼ੁਰ ਧਰਤੀ ਨੂੰ ਤਬਾਹ ਕਰਨ ਵਾਲਿਆਂ ਦਾ ਸਰਬਨਾਸ਼ ਕਰ ਦੇਵੇਗਾ। ਇਹ ਉਸ ਦਾ ਵਾਅਦਾ ਹੈ!

      4. ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਅੰਤ ਦੀ ਇਕ ਹੋਰ ਨਿਸ਼ਾਨੀ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਕ ਅਜਿਹਾ ਕੰਮ ਕੀਤਾ ਜਾਵੇਗਾ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਇਹ ਪ੍ਰਚਾਰ ਦਾ ਕੰਮ ਸਦੀਆਂ ਤੋਂ ਸਮੇਂ-ਸਮੇਂ ʼਤੇ ਕੀਤੇ ਜਾਂਦੇ ਹੋਰ ਧਾਰਮਿਕ ਪ੍ਰਚਾਰਾਂ ਨਾਲੋਂ ਕਾਫ਼ੀ ਵੱਖਰਾ ਹੋਣਾ ਸੀ। ਆਖ਼ਰੀ ਦਿਨਾਂ ਦੌਰਾਨ ਇਕ ਖ਼ਾਸ ਸੰਦੇਸ਼ ʼਤੇ ਜ਼ੋਰ ਦਿੱਤਾ ਜਾ ਰਿਹਾ ਹੈ: ‘ਰਾਜ ਦੀ ਖ਼ੁਸ਼ ਖ਼ਬਰੀ।’ ਕੀ ਤੁਸੀਂ ਅਜਿਹੇ ਕਿਸੇ ਧਾਰਮਿਕ ਗਰੁੱਪ ਨੂੰ ਜਾਣਦੇ ਹੋ ਜੋ ਇਹ ਖ਼ਾਸ ਸੰਦੇਸ਼ ਦੇ ਰਿਹਾ ਹੈ? ਜੇ ਲੱਗਦਾ ਵੀ ਹੈ ਕਿ ਕੋਈ ਗਰੁੱਪ ਇਸ ਤਰ੍ਹਾਂ ਕਰ ਰਿਹਾ ਹੈ, ਤਾਂ ਕੀ ਉਹ ਸਿਰਫ਼ ਕਿਸੇ ਇਕ ਖ਼ਾਸ ਇਲਾਕੇ ਵਿਚ ਹੀ ਅਜਿਹਾ ਕਰ ਰਿਹਾ ਹੈ ਜਾਂ ਉਸ ਨੇ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ” ਕੀਤਾ ਹੈ?

      ਯਹੋਵਾਹ ਦੇ ਦੋ ਗਵਾਹ ਸਮੁੰਦਰ ਕੰਢੇ ਪ੍ਰਚਾਰ ਕਰਦੇ ਹੋਏ; ਉਹ ਇਕ ਆਦਮੀ ਨਾਲ ਬਾਈਬਲ ਦੀ ਇਕ ਆਇਤ ਸਾਂਝੀ ਕਰਦੇ ਹੋਏ

      ਦੁਨੀਆਂ ਭਰ ਵਿਚ ਸੈਂਕੜੇ ਭਾਸ਼ਾਵਾਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ

      www.pr418.com ਵੈੱਬਸਾਈਟ ਮੁੱਖ ਤੌਰ ਤੇ ‘ਰਾਜ ਦੀ ਖ਼ੁਸ਼ ਖ਼ਬਰੀ’ ਉੱਤੇ ਜ਼ੋਰ ਦਿੰਦੀ ਹੈ। ਇਸ ਸਾਈਟ ʼਤੇ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਪਾਏ ਗਏ ਹਨ ਜੋ ਇਹ ਸੰਦੇਸ਼ ਦਿੰਦੇ ਹਨ। ਕੀ ਤੁਸੀਂ ਕਿਸੇ ਹੋਰ ਗਰੁੱਪ ਜਾਂ ਸੰਗਠਨ ਨੂੰ ਜਾਣਦੇ ਹੋ ਜੋ ਦੁਨੀਆਂ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ʼਤੇ ਇੰਨਾ ਜ਼ੋਰ ਦਿੰਦਾ ਹੈ? ਇੰਟਰਨੈੱਟ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਜਾਣੇ ਜਾਂਦੇ ਆਏ ਹਨ। 1939 ਤੋਂ ਪਹਿਰਾਬੁਰਜ ਮੈਗਜ਼ੀਨ ਦੇ ਪਹਿਲੇ ਸਫ਼ੇ ʼਤੇ “ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ” ਸ਼ਬਦ ਲਿਖੇ ਗਏ ਹਨ। ਧਰਮਾਂ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਕੀਤਾ ਜਾ ਰਿਹਾ ਪ੍ਰਚਾਰ ਦਾ ਕੰਮ “ਇੰਨੇ ਜ਼ੋਰਾਂ-ਸ਼ੋਰਾ ਨਾਲ ਅਤੇ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ ਜਿਸ ਦਾ ਮੁਕਾਬਲਾ ਕੋਈ ਹੋਰ ਕੰਮ ਨਹੀਂ ਕਰ ਸਕਦਾ।” ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਬਹੁਤ ਜਲਦ ਪਰਮੇਸ਼ੁਰ ਆਪਣੇ ਰਾਜ ਰਾਹੀਂ ‘ਅੰਤ ਲਿਆਵੇਗਾ।’

      ਦੁਨੀਆਂ ਦੇ ਇਤਿਹਾਸ ਦਾ ਇਕ ਖ਼ਾਸ ਸਮਾਂ

      ਕੀ ਤੁਸੀਂ ਗੌਰ ਕੀਤਾ ਕਿ ਇਸ ਲੇਖ ਵਿਚ ਦੱਸੀਆਂ ਬਾਈਬਲ ਦੀਆਂ ਇਹ ਚਾਰੇ ਗੱਲਾਂ ਤੁਹਾਡੀ ਜ਼ਿੰਦਗੀ ਦੌਰਾਨ ਪੂਰੀਆਂ ਹੋ ਰਹੀਆਂ ਹਨ? 100 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਇਹ ਮੈਗਜ਼ੀਨ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਦੱਸਦਾ ਆ ਰਿਹਾ ਹੈ ਜਿਨ੍ਹਾਂ ਤੋਂ ਲੋਕ ਖ਼ੁਦ ਦੇਖ ਸਕਦੇ ਹਨ ਕਿ ਅੰਤ ਨੇੜੇ ਆ ਰਿਹਾ ਹੈ। ਪਰ ਕੁਝ ਆਲੋਚਕ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਨ੍ਹਾਂ ਘਟਨਾਵਾਂ ਬਾਰੇ ਸਾਰਿਆਂ ਦੀ ਆਪੋ-ਆਪਣੀ ਰਾਇ ਹੁੰਦੀ ਹੈ ਅਤੇ ਰਿਪੋਰਟਾਂ ਦੇ ਅੰਕੜਿਆਂ ਵਿਚ ਫੇਰ-ਬਦਲ ਕੀਤਾ ਜਾ ਸਕਦਾ ਹੈ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਹੁਣ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਖ਼ਬਰ ਲੈਣੀ ਆਸਾਨ ਹੈ ਜਿਸ ਕਾਰਨ ਲੱਗ ਸਕਦਾ ਹੈ ਕਿ ਦੁਨੀਆਂ ਦੇ ਹਾਲਾਤ ਹੋਰ ਤੋਂ ਹੋਰ ਖ਼ਰਾਬ ਹੁੰਦੇ ਜਾ ਰਹੇ ਹਨ। ਫਿਰ ਵੀ ਇਸ ਗੱਲ ਦੇ ਢੇਰਾਂ ਹੀ ਸਬੂਤ ਹਨ ਕਿ ਅਸੀਂ ਮਨੁੱਖੀ ਇਤਿਹਾਸ ਦੇ ਇਕ ਖ਼ਾਸ ਸਮੇਂ ਦੇ ਅੰਤ ʼਤੇ ਪਹੁੰਚ ਗਏ ਹਾਂ।

      ਕਈ ਮਾਹਰ ਮਹਿਸੂਸ ਕਰਦੇ ਹਨ ਕਿ ਅਸੀਂ ਉਸ ਸਮੇਂ ਵੱਲ ਵੱਧ ਰਹੇ ਹਾਂ ਜਦ ਧਰਤੀ ʼਤੇ ਬਹੁਤ ਵੱਡੇ-ਵੱਡੇ ਬਦਲਾਅ ਹੋਣਗੇ। ਮਿਸਾਲ ਲਈ, 2014 ਵਿਚ ਕੁਝ ਵਿਗਿਆਨੀਆਂ ਨੇ ਸੰਯੁਕਤ ਰਾਸ਼ਟਰ ਨੂੰ ਚੇਤਾਵਨੀ ਦਿੰਦੇ ਹੋਏ ਰਿਪੋਰਟ ਵਿਚ ਕੁਝ ਖ਼ਤਰਿਆਂ ਬਾਰੇ ਦੱਸਿਆ ਜਿਨ੍ਹਾਂ ਕਾਰਨ ਇਨਸਾਨਜਾਤ ਦੀ ਹੋਂਦ ਖ਼ਤਮ ਹੋ ਸਕਦੀ ਹੈ। ਉਨ੍ਹਾਂ ਵਿਗਿਆਨੀਆਂ ਨੇ ਕਿਹਾ: “ਅਸੀਂ ਇਨ੍ਹਾਂ ਖ਼ਤਰਿਆਂ ਦੀ ਧਿਆਨ ਨਾਲ ਸਟੱਡੀ ਕੀਤੀ ਹੈ ਅਤੇ ਇਸ ਨਤੀਜੇ ʼਤੇ ਪਹੁੰਚੇ ਹਾਂ ਕਿ ਤਕਨਾਲੋਜੀ ਨਾਲ ਪੂਰੀ ਇਨਸਾਨੀਅਤ ਦੇ ਖ਼ਤਮ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।” ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਅਸੀਂ ਮਨੁੱਖੀ ਇਤਿਹਾਸ ਦੇ ਇਕ ਖ਼ਾਸ ਸਮੇਂ ʼਤੇ ਪਹੁੰਚ ਗਏ ਹਾਂ। ਇਸ ਮੈਗਜ਼ੀਨ ਦੇ ਪ੍ਰਕਾਸ਼ਕਾਂ ਅਤੇ ਇਸ ਨੂੰ ਪੜ੍ਹਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਕੋਈ ਸ਼ੱਕ ਨਹੀਂ ਕਿ ਇਹ ਖ਼ਾਸ ਸਮੇਂ ਦੇ ਆਖ਼ਰੀ ਦਿਨ ਹਨ ਅਤੇ ਅੰਤ ਬਹੁਤ ਨਜ਼ਦੀਕ ਹੈ। ਪਰ ਭਵਿੱਖ ਤੋਂ ਡਰਨ ਦੀ ਬਜਾਇ ਤੁਸੀਂ ਖ਼ੁਸ਼ ਹੋ ਸਕਦੇ ਹੋ। ਕਿਉਂ? ਕਿਉਂਕਿ ਤੁਸੀਂ ਅੰਤ ਵਿੱਚੋਂ ਬਚ ਸਕਦੇ ਹੋ! (w15-E 05/01)

      ਸਰਬਨਾਸ਼ ਬਾਰੇ ਭਵਿੱਖਬਾਣੀ ਕਰਨ ਵਾਲੇ?

      ਯਹੋਵਾਹ ਦੇ ਗਵਾਹ ਸਰਬਨਾਸ਼ ਬਾਰੇ ਭਵਿੱਖਬਾਣੀ ਕਰਨ ਵਾਲੇ ਲੋਕ ਨਹੀਂ ਹਨ। ਉਹ ਸੌ ਤੋਂ ਜ਼ਿਆਦਾ ਸਾਲਾਂ ਤੋਂ ਲੋਕਾਂ ਨਾਲ ਭਵਿੱਖ ਬਾਰੇ ਇਕ ਚੰਗੀ ਖ਼ਬਰ ਸਾਂਝੀ ਕਰ ਰਹੇ ਹਨ। ਮਿਸਾਲ ਲਈ, 1958 ਵਿਚ ਹੋਏ ਉਨ੍ਹਾਂ ਦੇ ਵੱਡੇ ਸੰਮੇਲਨ ਵਿਚ ਇਕ ਭਾਸ਼ਣ ਦਿੱਤਾ ਗਿਆ ਸੀ: “ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ—ਕੀ ਦੁਨੀਆਂ ਦਾ ਅੰਤ ਨੇੜੇ ਹੈ?” ਉਸ ਵਿਚ ਦੱਸਿਆ ਗਿਆ ਸੀ ਕਿ “ਪਰਮੇਸ਼ੁਰ ਦਾ ਰਾਜ ਧਰਤੀ ਨੂੰ ਤਬਾਹ ਨਹੀਂ ਕਰੇਗਾ, ਸਗੋਂ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰੇਗਾ। ਪਰਮੇਸ਼ੁਰ ਦਾ ਰਾਜ ਧਰਤੀ ਨੂੰ ਅੱਗ ਨਾਲ ਭਸਮ ਨਹੀਂ ਕਰੇਗਾ, ਸਗੋਂ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ, ਜਿੱਦਾਂ ਸਵਰਗ ਵਿਚ ਹੁੰਦੀ ਹੈ। ਇਸ ਕਰਕੇ ਰੱਬ ਦੀ ਬਣਾਈ ਇਸ ਧਰਤੀ ਨੂੰ ਬਚਾਇਆ ਜਾਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਇਸ ਨੂੰ ਹਮੇਸ਼ਾ ਬਚਾ ਕੇ ਰੱਖੇਗਾ।”

  • ਬਹੁਤ ਸਾਰੇ ਲੋਕ ਦੁਨੀਆਂ ਦੇ ਅੰਤ ਵਿੱਚੋਂ ਬਚਣਗੇ—ਤੁਸੀਂ ਵੀ ਬਚ ਸਕਦੇ ਹੋ
    ਪਹਿਰਾਬੁਰਜ—2015 | ਜੁਲਾਈ 1
    • ਯਹੋਵਾਹ ਦੀ ਗਵਾਹ ਇਕ ਔਰਤ ਨਾਲ ਬਾਈਬਲ ਵਿੱਚੋਂ ਚਰਚਾ ਕਰਦੀ ਹੋਈ

      ਮੁੱਖ ਪੰਨੇ ਤੋਂ | ਕੀ ਅੰਤ ਨੇੜੇ ਹੈ?

      ਬਹੁਤ ਸਾਰੇ ਲੋਕ ਦੁਨੀਆਂ ਦੇ ਅੰਤ ਵਿੱਚੋਂ ਬਚਣਗੇ​—ਤੁਸੀਂ ਵੀ ਬਚ ਸਕਦੇ ਹੋ

      ਬਾਈਬਲ ਸਾਨੂੰ ਦੱਸਦੀ ਹੈ ਕਿ ਅੰਤ ਵੇਲੇ ਬਹੁਤ ਤਬਾਹੀ ਹੋਵੇਗੀ: ‘ਉਦੋਂ ਮਹਾਂਕਸ਼ਟ ਆਵੇਗਾ। ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ ਹੈ। ਜੇ ਪਰਮੇਸ਼ੁਰ ਮਹਾਂਕਸ਼ਟ ਦੇ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ ਨਹੀਂ ਬਚੇਗਾ।’ (ਮੱਤੀ 24:21, 22) ਪਰ ਰੱਬ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਬਹੁਤ ਸਾਰੇ ਇਨਸਾਨ ਬਚ ਜਾਣਗੇ: ‘ਇਹ ਦੁਨੀਆਂ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।’​—1 ਯੂਹੰਨਾ 2:17.

      ਜੇ ਤੁਸੀਂ ਦੁਨੀਆਂ ਦੇ ਅੰਤ ਤੋਂ ਬਚ ਕੇ ‘ਹਮੇਸ਼ਾ ਰਹਿਣਾ’ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਚੀਜ਼ਾਂ ਇਕੱਠੀਆਂ ਜਾਂ ਹੋਰ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ? ਨਹੀਂ। ਬਾਈਬਲ ਨਸੀਹਤ ਦਿੰਦੀ ਹੈ ਕਿ ਸਾਨੂੰ ਕਿਹੜੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ। ਇਸ ਵਿਚ ਲਿਖਿਆ ਹੈ: “ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਿਘਲ ਜਾਣਗੀਆਂ, ਇਸ ਲਈ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ ਅਤੇ ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।” (2 ਪਤਰਸ 3:10-12) ਇਸ ਅਧਿਆਇ ਦੀਆਂ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪਿਘਲ ਜਾਣ ਵਾਲੀਆਂ ‘ਇਨ੍ਹਾਂ ਸਾਰੀਆਂ ਚੀਜ਼ਾਂ’ ਵਿਚ ਇਸ ਬੁਰੀ ਦੁਨੀਆਂ ਦੀਆਂ ਸਰਕਾਰਾਂ ਅਤੇ ਉਹ ਲੋਕ ਸ਼ਾਮਲ ਹਨ ਜੋ ਰੱਬ ਦੀ ਹਕੂਮਤ ਦੀ ਬਜਾਇ ਇਨ੍ਹਾਂ ਸਰਕਾਰਾਂ ਦਾ ਪੱਖ ਲੈਂਦੇ ਹਨ। ਤਾਂ ਫਿਰ, ਇਹ ਗੱਲ ਸਾਫ਼ ਹੈ ਕਿ ਚੀਜ਼ਾਂ ਇਕੱਠੀਆਂ ਕਰਨ ਨਾਲ ਅਸੀਂ ਇਸ ਨਾਸ਼ ਵਿੱਚੋਂ ਬਚ ਨਹੀਂ ਸਕਾਂਗੇ।

      ਸਾਡੇ ਬਚਾਅ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰੀਏ ਅਤੇ ਸਿੱਖੀਏ ਕਿ ਉਸ ਨੂੰ ਕਿਹੋ ਜਿਹੇ ਕੰਮ ਅਤੇ ਚਾਲ-ਚਲਣ ਪਸੰਦ ਹੈ। (ਸਫ਼ਨਯਾਹ 2:3) ਸਾਨੂੰ ਨਾ ਤਾਂ ਦੁਨੀਆਂ ਦੇ ਮਗਰ ਲੱਗਣਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਨਾਜ਼ੁਕ ਸਮੇਂ ਵਿਚ ਜੀ ਰਹੇ ਹਾਂ। ਇਸ ਦੀ ਬਜਾਇ, ਸਾਨੂੰ “ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।” ਯਹੋਵਾਹ ਦੇ ਗਵਾਹ ਤੁਹਾਨੂੰ ਬਾਈਬਲ ਵਿੱਚੋਂ ਦਿਖਾ ਸਕਦੇ ਹਨ ਕਿ ਤੁਸੀਂ ਇਸ ਆਉਣ ਵਾਲੇ ਦਿਨ ਵਿੱਚੋਂ ਕਿਵੇਂ ਬਚ ਸਕਦੇ ਹੋ। ▪ (w15-E 05/01)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ