ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਦਾ ਜ਼ਹਿਰ
    ਪਹਿਰਾਬੁਰਜ—2015 | ਅਪ੍ਰੈਲ 1
    • ਇਕ ਭ੍ਰਿਸ਼ਟ ਪੁਲਿਸ ਵਾਲਾ ਰਿਸ਼ਵਤ ਲੈਂਦਾ ਹੋਇਆ

      ਮੁੱਖ ਪੰਨੇ ਤੋਂ | ਕੌਣ ਪੁੱਟੇਗਾ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ?

      ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਦਾ ਜ਼ਹਿਰ

      ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਮਤਲਬ ਹੈ ਕਿ ਸਰਕਾਰੀ ਅਧਿਕਾਰੀ ਆਪਣੇ ਫ਼ਾਇਦੇ ਲਈ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ। ਮਿਸਾਲ ਲਈ, 3,500 ਤੋਂ ਜ਼ਿਆਦਾ ਸਾਲ ਪਹਿਲਾਂ ਬਾਈਬਲ ਵਿਚ ਇਕ ਕਾਨੂੰਨ ਦਿੱਤਾ ਗਿਆ ਕਿ ਨਿਆਂ ਕਰਦਿਆਂ ਰਿਸ਼ਵਤ ਨਹੀਂ ਲੈਣੀ ਚਾਹੀਦੀ। (ਕੂਚ 23:8) ਦਰਅਸਲ ਭ੍ਰਿਸ਼ਟਾਚਾਰ ਵਿਚ ਰਿਸ਼ਵਤ ਲੈਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਭ੍ਰਿਸ਼ਟ ਸਰਕਾਰੀ ਅਧਿਕਾਰੀ ਕਦੇ-ਕਦੇ ਚੀਜ਼ਾਂ ਚੋਰੀ ਕਰਦੇ ਹਨ, ਸਹੂਲਤਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ ਅਤੇ ਇੱਥੋਂ ਤਕ ਕਿ ਪੈਸੇ ਦੀ ਵੀ ਸ਼ਰੇਆਮ ਚੋਰੀ ਕਰਦੇ ਹਨ। ਉਹ ਸ਼ਾਇਦ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਫ਼ਾਇਦੇ ਲਈ ਵੀ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਨ।

      ਭਾਵੇਂ ਭ੍ਰਿਸ਼ਟਾਚਾਰ ਹਰ ਸੰਗਠਨ ਵਿਚ ਹੋ ਸਕਦਾ ਹੈ, ਪਰ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਸਰਕਾਰਾਂ ਵਿਚ ਪਾਇਆ ਜਾਂਦਾ ਹੈ। ਭ੍ਰਿਸ਼ਟਾਚਾਰ ʼਤੇ ਨਜ਼ਰ ਰੱਖਣ ਵਾਲੇ ਇਕ ਸੰਗਠਨ ਨੇ 2013 ਵਿਚ ਇਕ ਸਰਵੇਖਣ ਕੀਤਾ ਜਿਸ ਤੋਂ ਪਤਾ ਲੱਗਾ ਕਿ ਦੁਨੀਆਂ ਭਰ ਦੇ ਲੋਕਾਂ ਮੁਤਾਬਕ ਪੰਜ ਸੰਸਥਾਵਾਂ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ, ਉਹ ਹਨ: ਰਾਜਨੀਤਿਕ ਪਾਰਟੀਆਂ, ਪੁਲਿਸ, ਸਰਕਾਰੀ ਅਧਿਕਾਰੀ, ਵਿਧਾਨ ਸਭਾ ਤੇ ਅਦਾਲਤਾਂ। ਆਓ ਆਪਾਂ ਕੁਝ ਦੇਸ਼ਾਂ ਦੀਆਂ ਰਿਪੋਰਟਾਂ ਦੇਖੀਏ ਜਿਸ ਤੋਂ ਪਤਾ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਦਾ ਜ਼ਹਿਰ ਕਿਸ ਹੱਦ ਤਕ ਫੈਲ ਚੁੱਕਾ ਹੈ।

      • ਅਫ਼ਰੀਕਾ: ਸਾਲ 2013 ਵਿਚ ਦੱਖਣੀ ਅਫ਼ਰੀਕਾ ਦੇ ਕੁਝ 22,000 ਸਰਕਾਰੀ ਅਧਿਕਾਰੀਆਂ ʼਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ।

      • ਦੱਖਣੀ ਅਮਰੀਕਾ: 2012 ਵਿਚ ਬ੍ਰਾਜ਼ੀਲ ਦੇ ਕੁਝ 25 ਸਰਕਾਰੀ ਅਧਿਕਾਰੀ ਦੋਸ਼ੀ ਪਾਏ ਗਏ ਕਿਉਂਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਰੱਖੇ ਫ਼ੰਡਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਸਮਰਥਨ ਦੇਣ ਲਈ ਵਰਤਿਆ। ਇਸ ਘੋਟਾਲੇ ਵਿਚ ਦੇਸ਼ ਦਾ ਸੈਨਾ ਮੁਖੀ ਵੀ ਸ਼ਾਮਲ ਸੀ ਜਿਸ ਕੋਲ ਰਾਸ਼ਟਰਪਤੀ ਤੋਂ ਬਾਅਦ ਸਭ ਤੋਂ ਜ਼ਿਆਦਾ ਅਧਿਕਾਰ ਹੁੰਦਾ ਹੈ।

      • ਏਸ਼ੀਆ: ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਿਚ 1995 ਵਿਚ ਇਕ ਸ਼ਾਪਿੰਗ-ਮਾਲ ਦੇ ਢਹਿ ਜਾਣ ਕਰਕੇ 502 ਲੋਕ ਮਾਰੇ ਗਏ। ਜਾਂਚ-ਪੜਤਾਲ ਕਰਨ ਵਾਲਿਆਂ ਨੇ ਪਤਾ ਲਗਾਇਆ ਕਿ ਉਸ ਸ਼ਹਿਰ ਦੇ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਠੇਕੇਦਾਰਾਂ ਨੂੰ ਘਟੀਆ ਸਾਮਾਨ ਵਰਤਣ ਦੀ ਇਜਾਜ਼ਤ ਦਿੱਤੀ ਸੀ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਸੀ।

      • ਯੂਰਪ: ਯੂਰਪ ਕਮਿਸ਼ਨ ਦੀ ਗ੍ਰਹਿ ਮੰਤਰੀ ਸੇਸੀਲਿਯਾ ਮਾਲਸਟਰੋਮ ਨੇ ਕਿਹਾ ਕਿ ਯੂਰਪ ਵਿਚ ਫੈਲੇ “ਭ੍ਰਿਸ਼ਟਾਚਾਰ ਬਾਰੇ ਸੁਣ ਕੇ ਤੁਸੀਂ ਹੱਕੇ-ਬੱਕੇ ਰਹਿ ਜਾਓਗੇ।” ਉਸ ਨੇ ਅੱਗੇ ਕਿਹਾ ਕਿ “ਲੱਗਦਾ ਹੈ ਕਿ ਸਰਕਾਰਾਂ ਦਾ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਕੋਈ ਇਰਾਦਾ ਹੈ ਹੀ ਨਹੀਂ।”

      ਭ੍ਰਿਸ਼ਟਾਚਾਰ ਸਰਕਾਰਾਂ ਦੀਆਂ ਜੜ੍ਹਾਂ ਤਕ ਫੈਲਿਆ ਹੋਇਆ ਹੈ। ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਦੀ ਮਾਹਰ ਪ੍ਰੋਫ਼ੈਸਰ ਸੂਜ਼ਨ ਰੋਜ਼ ਅਕਾਰਮਾਨ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ “ਸਰਕਾਰਾਂ ਦੇ ਕੰਮ ਕਰਨ ਦੇ ਤਰੀਕੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਜਾਣ।” ਭਾਵੇਂ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਸ਼ਾਇਦ ਲੱਗੇ ਕਿ ਸੁਧਾਰ ਨਹੀਂ ਹੋਵੇਗਾ, ਪਰ ਬਾਈਬਲ ਦੱਸਦੀ ਹੈ ਕਿ ਨਾ ਇਹ ਸਿਰਫ਼ ਮੁਮਕਿਨ ਹੈ, ਸਗੋਂ ਇਹ ਸੁਧਾਰ ਜ਼ਰੂਰ ਹੋ ਕੇ ਰਹੇਗਾ। (w15-E 01/01)

  • ਭ੍ਰਿਸ਼ਟਾਚਾਰ ਤੋਂ ਬਿਨਾਂ—ਰੱਬ ਦੀ ਸਰਕਾਰ
    ਪਹਿਰਾਬੁਰਜ—2015 | ਅਪ੍ਰੈਲ 1
    • ਯਿਸੂ ਮਸੀਹ ਨੇ ਸ਼ੈਤਾਨ ਵੱਲੋਂ ਦਿੱਤੀ ਦੁਨੀਆਂ ਦੀ ਬਾਦਸ਼ਾਹੀ ਦੀ ਰਿਸ਼ਵਤ ਲੈਣ ਤੋਂ ਸਾਫ਼ ਇਨਕਾਰ ਕੀਤਾ

      ਮੁੱਖ ਪੰਨੇ ਤੋਂ | ਕੌਣ ਪੁੱਟੇਗਾ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ?

      ਭ੍ਰਿਸ਼ਟਾਚਾਰ ਤੋਂ ਬਿਨਾਂ—ਰੱਬ ਦੀ ਸਰਕਾਰ

      ਨਿਕਾਰਾਗੁਆ ਦੇਸ਼ ਦੇ ਲੇਖਾ-ਜੋਖਾ ਰੱਖਣ ਵਾਲੇ ਇਕ ਅਫ਼ਸਰ ਨੂੰ ਲੱਗਾ ਕਿ ਸਰਕਾਰਾਂ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਨਾਮੁਮਕਿਨ ਹੈ। ਕਿਉਂ? ਕਿਉਂਕਿ ਉਸ ਨੇ ਕਿਹਾ: “ਦੇਖਿਆ ਜਾਵੇ ਤਾਂ ਸਰਕਾਰੀ ਅਧਿਕਾਰੀ ਵੀ ਆਮ ਇਨਸਾਨ ਹੀ ਹਨ ਜੋ ਇਸੇ ਭ੍ਰਿਸ਼ਟ ਸਮਾਜ ਦੀ ਦੇਣ ਹਨ।”

      ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਜੇ ਸਮਾਜ ਹੀ ਭ੍ਰਿਸ਼ਟ ਹੈ, ਤਾਂ ਸਮਾਜ ਵਿੱਚੋਂ ਬਣੀ ਸਰਕਾਰ ਵੀ ਭ੍ਰਿਸ਼ਟ ਹੀ ਹੋਵੇਗੀ? ਜੇ ਇਸ ਤਰ੍ਹਾਂ ਹੈ, ਤਾਂ ਭ੍ਰਿਸ਼ਟਾਚਾਰ ਤੋਂ ਬਿਨਾਂ ਸਰਕਾਰ ਬਣਾਉਣੀ ਇਨਸਾਨਾਂ ਦੇ ਹੱਥ-ਵੱਸ ਨਹੀਂ ਹੈ। ਪਰ ਬਾਈਬਲ ਰੱਬ ਦੀ ਸਰਕਾਰ ਬਾਰੇ ਦੱਸਦੀ ਹੈ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ।—ਮੱਤੀ 6:9, 10.

      ਰੱਬ ਦੀ ਸਰਕਾਰ ਇਕ ਅਸਲੀ ਸਰਕਾਰ ਹੈ ਜੋ ਸਵਰਗ ਵਿਚ ਰਾਜ ਕਰਦੀ ਹੈ। ਇਹ ਇਨਸਾਨਾਂ ਦੀਆਂ ਸਾਰੀਆਂ ਸਰਕਾਰਾਂ ਨੂੰ ਹਟਾ ਕੇ ਖ਼ੁਦ ਰਾਜ ਕਰੇਗੀ। (ਜ਼ਬੂਰਾਂ ਦੀ ਪੋਥੀ 2:8, 9; ਪ੍ਰਕਾਸ਼ ਦੀ ਕਿਤਾਬ 16:14; 19:19-21) ਇਸ ਸਰਕਾਰ ਅਧੀਨ ਮਿਲਣ ਵਾਲੀਆਂ ਬਹੁਤ ਸਾਰੀਆਂ ਬਰਕਤਾਂ ਵਿੱਚੋਂ ਇਕ ਬਰਕਤ ਇਹ ਹੈ ਕਿ ਭ੍ਰਿਸ਼ਟਾਚਾਰ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਆਓ ਆਪਾਂ ਕੁਝ ਛੇ ਗੱਲਾਂ ਵੱਲ ਧਿਆਨ ਦੇਈਏ ਜੋ ਸਾਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਰੱਬ ਦੀ ਸਰਕਾਰ ਇਸ ਤਰ੍ਹਾਂ ਜ਼ਰੂਰ ਕਰੇਗੀ।

      1. ਤਾਕਤ

      ਸਮੱਸਿਆ: ਸਰਕਾਰਾਂ ਨੂੰ ਅਕਸਰ ਪੈਸਾ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਜਾਂ ਚੁੰਗੀ ਤੋਂ ਆਉਂਦਾ ਹੈ। ਇੰਨਾ ਜ਼ਿਆਦਾ ਪੈਸਾ ਆਉਂਦਾ ਦੇਖ ਕੇ ਕੁਝ ਅਫ਼ਸਰਾਂ ਦੇ ਮਨ ਵਿਚ ਚੋਰੀ ਕਰਨ ਦਾ ਲੋਭ ਪੈਦਾ ਹੋ ਜਾਂਦਾ ਹੈ ਜਦ ਕਿ ਹੋਰ ਅਫ਼ਸਰ ਉਨ੍ਹਾਂ ਲੋਕਾਂ ਤੋਂ ਰਿਸ਼ਵਤ ਲੈਂਦੇ ਹਨ ਜੋ ਟੈਕਸ ਜਾਂ ਸਰਕਾਰ ਨੂੰ ਚੁਕਾਈ ਜਾਣ ਵਾਲੀ ਹੋਰ ਰਕਮ ਵਿਚ ਕਟੌਤੀ ਕਰਾਉਣੀ ਚਾਹੁੰਦੇ ਹਨ। ਸ਼ਾਇਦ ਇਸ ਘਾਲੇ-ਮਾਲੇ ਕਰਕੇ ਸਰਕਾਰਾਂ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਟੈਕਸ ਵਧਾ ਦਿੰਦੀਆਂ ਹਨ ਜਿਸ ਕਰਕੇ ਭ੍ਰਿਸ਼ਟਾਚਾਰ ਹੋਰ ਵਧਦਾ ਹੈ। ਇਨ੍ਹਾਂ ਗੱਲਾਂ ਕਰਕੇ ਈਮਾਨਦਾਰ ਲੋਕਾਂ ਨੂੰ ਸ਼ਾਇਦ ਜ਼ਿਆਦਾ ਮੁਸ਼ਕਲਾਂ ਸਹਿਣੀਆਂ ਪੈਣ।

      ਹੱਲ: ਰੱਬ ਦੇ ਰਾਜ ਦੀ ਵਾਗਡੋਰ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹa ਦੇ ਹੱਥਾਂ ਵਿਚ ਹੋਵੇਗੀ। (ਪ੍ਰਕਾਸ਼ ਦੀ ਕਿਤਾਬ 11:15) ਰੱਬ ਨੂੰ ਆਪਣੀ ਸਰਕਾਰ ਚਲਾਉਣ ਲਈ ਟੈਕਸ ਇਕੱਠਾ ਕਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਰੱਬ ਦੇ “ਡਾਢੇ ਬਲ” ਅਤੇ ਖੁੱਲ੍ਹ-ਦਿਲੀ ਕਰਕੇ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਆਪਣੇ ਰਾਜ ਵਿਚ ਆਪਣੇ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ।—ਯਸਾਯਾਹ 40:26; ਜ਼ਬੂਰਾਂ ਦੀ ਪੋਥੀ 145:16.

      2. ਰਾਜਾ

      ਸਮੱਸਿਆ: ਪ੍ਰੋਫ਼ੈਸਰ ਸੂਜ਼ਨ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਵੀ ਕੀਤਾ ਗਿਆ ਸੀ, ਦੱਸਦੀ ਹੈ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਸਿਲਸਿਲਾ “ਉੱਪਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ।” ਸਰਕਾਰਾਂ ਤੋਂ ਉਦੋਂ ਭਰੋਸਾ ਉੱਠ ਜਾਂਦਾ ਹੈ ਜਦੋਂ ਉਹ ਪੁਲਿਸ ਜਾਂ ਟੈਕਸ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ ਵੱਡੇ-ਵੱਡੇ ਅਧਿਕਾਰੀਆਂ ਦੀਆਂ ਗ਼ਲਤੀਆਂ ʼਤੇ ਪਰਦਾ ਪਾ ਦਿੰਦੇ ਹਨ। ਪਾਪੀ ਹੋਣ ਕਰਕੇ ਸਭ ਤੋਂ ਵਧੀਆ ਰਾਜੇ ਵਿਚ ਵੀ ਕਮੀਆਂ-ਕਮਜ਼ੋਰੀਆਂ ਹਨ। ਬਾਈਬਲ ਦੱਸਦੀ ਹੈ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ।”—ਉਪਦੇਸ਼ਕ ਦੀ ਪੋਥੀ 7:20.

      ਯਿਸੂ ਨੇ ਸਭ ਤੋਂ ਵੱਡੀ ਰਿਸ਼ਵਤ ਲੈਣ ਤੋਂ ਇਨਕਾਰ ਕੀਤਾ

      ਹੱਲ: ਪਾਪੀ ਲੋਕਾਂ ਦੇ ਉਲਟ ਯਿਸੂ ਮਸੀਹ ਨੂੰ ਪਰਮੇਸ਼ੁਰ ਨੇ ਆਪਣੇ ਰਾਜ ਦਾ ਰਾਜਾ ਚੁਣਿਆ ਹੈ ਜਿਸ ਨੂੰ ਗ਼ਲਤ ਕੰਮ ਕਰਨ ਲਈ ਭਰਮਾਇਆ ਨਹੀਂ ਜਾ ਸਕਦਾ। ਇਸ ਦੁਨੀਆਂ ਦੇ ਹਾਕਮ ਸ਼ੈਤਾਨ ਨੇ ਯਿਸੂ ਨੂੰ ਕਿਹਾ ਕਿ ਜੇ ਉਹ ਸਿਰਫ਼ ਇਕ ਵਾਰ ਉਸ ਨੂੰ ਮੱਥਾ ਟੇਕੇ, ਤਾਂ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ” ਉਸ ਨੂੰ ਦਿੱਤੀ ਜਾਵੇਗੀ। ਪਰ ਯਿਸੂ ਨੇ ਇਹ ਸਭ ਤੋਂ ਵੱਡੀ ਰਿਸ਼ਵਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਯਿਸੂ ਨੇ ਸਾਬਤ ਕੀਤਾ ਕਿ ਉਸ ਨੂੰ ਭਰਮਾਇਆ ਨਹੀਂ ਜਾ ਸਕਦਾ। (ਮੱਤੀ 4:8-10; ਯੂਹੰਨਾ 14:30) ਇੱਥੋਂ ਤਕ ਕਿ ਜਦੋਂ ਯਿਸੂ ਨੂੰ ਤਸੀਹੇ ਦੀ ਸੂਲ਼ੀ ʼਤੇ ਟੰਗਿਆ ਗਿਆ ਸੀ, ਤਾਂ ਉਸ ਨੂੰ ਨਸ਼ਾ ਦਿੱਤਾ ਗਿਆ ਤਾਂਕਿ ਉਸ ਦਾ ਦਰਦ ਘਟ ਸਕੇ ਤੇ ਉਹ ਸੁਰਤ ਵਿਚ ਨਾ ਰਹੇ। ਪਰ ਉਸ ਨੇ ਉਹ ਨਸ਼ਾ ਲੈਣ ਤੋਂ ਸਾਫ਼ ਇਨਕਾਰ ਕੀਤਾ। ਇੱਦਾਂ ਕਰ ਕੇ ਉਹ ਈਮਾਨਦਾਰੀ ਦਿਖਾਉਣ ਦੇ ਆਪਣੇ ਇਰਾਦੇ ਤੋਂ ਟੱਸ ਤੋਂ ਮੱਸ ਨਹੀਂ ਹੋਇਆ। (ਮੱਤੀ 27:34) ਸੋ ਰੱਬ ਨੇ ਯਿਸੂ ਨੂੰ ਦੁਬਾਰਾ ਸਵਰਗੀ ਜੀਵਨ ਦਿੱਤਾ ਤੇ ਯਿਸੂ ਨੇ ਸਾਬਤ ਕੀਤਾ ਕਿ ਉਹੀ ਰੱਬ ਦੇ ਰਾਜ ਦੀ ਵਾਗਡੋਰ ਸੰਭਾਲਣ ਦੇ ਕਾਬਲ ਹੈ।—ਫ਼ਿਲਿੱਪੀਆਂ 2:8-11.

      3. ਸਥਿਰਤਾ

      ਮੁਸ਼ਕਲ: ਬਹੁਤ ਸਾਰੇ ਦੇਸ਼ਾਂ ਵਿਚ ਵਾਰ-ਵਾਰ ਚੋਣਾਂ ਹੋਣ ਕਰਕੇ ਲੋਕਾਂ ਨੂੰ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਨੂੰ ਹਰਾਉਣ ਦਾ ਮੌਕਾ ਮਿਲਦਾ ਹੈ। ਪਰ ਸੱਚਾਈ ਤਾਂ ਇਹ ਹੈ ਕਿ ਚੋਣਾਂ ਦੌਰਾਨ ਕੀਤੀਆਂ ਜਾਂਦੀਆਂ ਮੁਹਿੰਮਾਂ ਤੇ ਵੋਟਾਂ ਪਾਉਣ ਵੇਲੇ ਵੀ ਭ੍ਰਿਸ਼ਟਾਚਾਰ ਹੁੰਦਾ ਹੈ, ਇੱਥੋਂ ਤਕ ਕਿ ਅਮੀਰ ਦੇਸ਼ਾਂ ਵਿਚ ਵੀ। ਅਮੀਰ ਲੋਕ ਅਜਿਹੀਆਂ ਮੁਹਿੰਮਾਂ ਵਿਚ ਪੈਸਾ ਲਾ ਕੇ ਅਤੇ ਹੋਰ ਕੰਮ ਕਰ ਕੇ ਹੁਣ ਵਾਲੇ ਤੇ ਭਵਿੱਖ ਵਿਚ ਬਣਨ ਵਾਲੇ ਅਧਿਕਾਰੀਆਂ ਉੱਤੇ ਪ੍ਰਭਾਵ ਪਾਉਂਦੇ ਹਨ।

      ਅਮਰੀਕਾ ਦੇ ਸੁਪਰੀਮ ਕੋਰਟ ਦੇ ਜੱਜ ਜੌਨ ਪੌਲ ਸਟੀਵਨ ਨੇ ਲਿਖਿਆ ਕਿ ਇਸ ਤਰ੍ਹਾਂ ਦਾ ਪ੍ਰਭਾਵ “ਨਾ ਸਿਰਫ਼ ਸਹੀ ਤਰੀਕੇ ਨਾਲ ਸਰਕਾਰ ਚੁਣਨ ਉੱਤੇ ਅਸਰ ਪਾਉਂਦਾ ਹੈ, ਸਗੋਂ ਇਸ ਕਰਕੇ ਲੋਕਾਂ ਦਾ ਸਰਕਾਰਾਂ ਤੋਂ ਭਰੋਸਾ ਵੀ ਉੱਠ ਜਾਂਦਾ ਹੈ।” ਸ਼ਾਇਦ ਇਸੇ ਕਰਕੇ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਰਾਜਨੀਤਿਕ ਪਾਰਟੀਆਂ ਹੀ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ।

      ਹੱਲ: ਰੱਬ ਇਕ ਸਥਿਰ ਸਰਕਾਰ ਲਿਆ ਕੇ ਮੁਹਿੰਮਾਂ ਤੇ ਵੋਟਾਂ ਵਿਚ ਕੀਤੇ ਜਾਂਦੇ ਫਰਾਡ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 7:13, 14) ਇਸ ਰਾਜ ਦੇ ਰਾਜੇ ਨੂੰ ਚੁਣਨ ਲਈ ਵੋਟਾਂ ਪਾਉਣ ਦੀ ਲੋੜ ਨਹੀਂ ਕਿਉਂਕਿ ਇਸ ਰਾਜੇ ਨੂੰ ਰੱਬ ਨੇ ਚੁਣਿਆ ਹੈ ਤੇ ਇਹ ਰਾਜ ਕਦੇ ਵੀ ਖ਼ਤਮ ਨਹੀਂ ਹੋਵੇਗਾ। ਸਥਿਰ ਸਰਕਾਰ ਹੋਣ ਕਰਕੇ ਸਾਨੂੰ ਭਰੋਸਾ ਮਿਲਦਾ ਹੈ ਕਿ ਇਹ ਸਰਕਾਰ ਜੋ ਵੀ ਕੰਮ ਕਰੇਗੀ, ਉਹ ਹਮੇਸ਼ਾ ਲੋਕਾਂ ਦੀ ਭਲਿਆਈ ਲਈ ਹੀ ਹੋਣਗੇ।

      4. ਕਾਨੂੰਨ

      ਯਿਸੂ ਮਸੀਹ ਸਵਰਗ ਵਿਚ ਆਪਣੇ ਸਿੰਘਾਸਣ ’ਤੇ ਬੈਠਾ ਧਰਤੀ ’ਤੇ ਰਾਜ ਕਰਦਾ ਹੋਇਆ

      ਰੱਬ ਦਾ ਰਾਜ ਇਕ ਅਸਲੀ ਸਰਕਾਰ ਹੈ ਜੋ ਸਵਰਗ ਤੋਂ ਹਕੂਮਤ ਕਰੇਗੀ

      ਮੁਸ਼ਕਲ: ਸ਼ਾਇਦ ਅਸੀਂ ਸੋਚੀਏ ਕਿ ਨਵੇਂ ਕਾਨੂੰਨ ਬਣਾਉਣ ਨਾਲ ਮਾਮਲਿਆਂ ਵਿਚ ਸੁਧਾਰ ਹੋ ਸਕਦਾ ਹੈ। ਪਰ ਮਾਹਰਾਂ ਨੇ ਬਹੁਤ ਸਾਰੇ ਮਾਮਲਿਆਂ ਵਿਚ ਦੇਖਿਆ ਹੈ ਕਿ ਜਿੰਨਾ ਕਾਨੂੰਨਾਂ ਵਿਚ ਵਾਧਾ ਕੀਤਾ ਜਾਂਦਾ ਹੈ, ਉੱਨਾ ਹੀ ਭ੍ਰਿਸ਼ਟਾਚਾਰ ਵਧਦਾ ਹੈ। ਨਾਲੇ ਭ੍ਰਿਸ਼ਟਾਚਾਰ ਘਟਾਉਣ ਦੇ ਇਰਾਦੇ ਨਾਲ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ʼਤੇ ਬਹੁਤ ਪੈਸਾ ਖ਼ਰਚ ਕੀਤਾ ਜਾਂਦਾ ਹੈ, ਪਰ ਇਨ੍ਹਾਂ ਕਾਨੂੰਨਾਂ ਦਾ ਲੋਕਾਂ ਨੂੰ ਘੱਟ ਹੀ ਫ਼ਾਇਦਾ ਹੁੰਦਾ ਹੈ।

      ਹੱਲ: ਪਰਮੇਸ਼ੁਰ ਦੇ ਰਾਜ ਦੇ ਕਾਨੂੰਨ ਸਰਕਾਰਾਂ ਦੇ ਕਾਨੂੰਨਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹਨ। ਮਿਸਾਲ ਲਈ, ਯਿਸੂ ਨੇ ਕਾਨੂੰਨਾਂ ਦੀ ਲੰਬੀ ਚੌੜੀ ਲਿਸਟ ਦੇਣ ਦੀ ਬਜਾਇ ਇਕ ਉੱਤਮ ਅਸੂਲ ਬਾਰੇ ਦੱਸਿਆ ਸੀ। ਉਸ ਨੇ ਕਿਹਾ: “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਮੱਤੀ 7:12) ਪਰਮੇਸ਼ੁਰ ਦੇ ਕਾਨੂੰਨ ਸਾਨੂੰ ਚੰਗੇ ਇਰਾਦੇ ਰੱਖਣ ਅਤੇ ਇਨ੍ਹਾਂ ʼਤੇ ਚੱਲਣਾ ਸਿਖਾਉਂਦੇ ਹਨ। ਯਿਸੂ ਨੇ ਕਿਹਾ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਦਿਲਾਂ ਨੂੰ ਪੜ੍ਹ ਸਕਣ ਵਾਲਾ ਪਰਮੇਸ਼ੁਰ ਇਸ ਤਰ੍ਹਾਂ ਦੇ ਹੁਕਮਾਂ ਨੂੰ ਲਾਗੂ ਕਰਾਉਣਾ ਜਾਣਦਾ ਹੈ।—1 ਸਮੂਏਲ 16:7.

      5. ਇਰਾਦੇ

      ਮੁਸ਼ਕਲ: ਭ੍ਰਿਸ਼ਟਾਚਾਰ ਦੀ ਜੜ੍ਹ ਲਾਲਚ ਤੇ ਸੁਆਰਥ ਹੁੰਦਾ ਹੈ। ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਵਿਚ ਅਜਿਹੇ ਔਗੁਣ ਅਕਸਰ ਪਾਏ ਜਾਂਦੇ ਹਨ। ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਸਿਓਲ ਸ਼ਹਿਰ ਵਿਚ ਬਣਾਇਆ ਗਿਆ ਇਕ ਸ਼ਾਪਿੰਗ-ਮਾਲ ਢਹਿ-ਢੇਰੀ ਹੋ ਗਿਆ। ਇਸ ਦਾ ਕਾਰਨ ਇਹ ਸੀ ਕਿ ਠੇਕੇਦਾਰਾਂ ਨੇ ਘਟੀਆ ਸਾਮਾਨ ਵਰਤਿਆ ਜਿਸ ਦੀ ਮਨਜ਼ੂਰੀ ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਲਈ ਸੀ। ਠੇਕੇਦਾਰਾਂ ਨੂੰ ਪਤਾ ਸੀ ਕਿ ਵਧੀਆ ਸਾਮਾਨ ਵਰਤ ਕੇ ਬਿਲਡਿੰਗ ਬਣਾਉਣ ਨਾਲੋਂ ਰਿਸ਼ਵਤ ਦੇਣ ਵਿਚ ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ਾ ਹੋਣਾ ਸੀ।

      ਸੋ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਸਿਖਾਇਆ ਜਾਵੇ ਕਿ ਉਹ ਆਪਣੇ ਗ਼ਲਤ ਇਰਾਦਿਆਂ ʼਤੇ ਕਾਬੂ ਪਾਉਣ, ਜਿਵੇਂ ਲਾਲਚ ਤੇ ਸੁਆਰਥ। ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ ਨਾ ਤਾਂ ਇਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੁੰਦੀਆਂ ਹਨ ਤੇ ਨਾ ਹੀ ਉਨ੍ਹਾਂ ਕੋਲ ਇਸ ਤਰ੍ਹਾਂ ਕਰਨ ਦੀ ਕਾਬਲੀਅਤ ਹੈ।

      ਹੱਲ: ਪਰਮੇਸ਼ੁਰ ਦਾ ਰਾਜ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਨੂੰ ਸਿੱਖਿਆ ਦੇ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਉਨ੍ਹਾਂ ਗ਼ਲਤ ਇਰਾਦਿਆਂ ʼਤੇ ਕਾਬੂ ਪਾ ਸਕਦੇ ਹਨ ਜਿਨ੍ਹਾਂ ਕਰਕੇ ਭ੍ਰਿਸ਼ਟਾਚਾਰ ਫੈਲਦਾ ਹੈ। ਇਹ ਸਿੱਖਿਆ ਉਨ੍ਹਾਂ ਦੀ “ਆਪਣੀ ਸੋਚ ਨੂੰ ਨਵਾਂ ਬਣਾਉਂਦੇ” ਰਹਿਣ ਵਿਚ ਮਦਦ ਕਰਦੀ ਹੈ। (ਅਫ਼ਸੀਆਂ 4:23) ਉਹ ਆਪਣੇ ਵਿੱਚੋਂ ਲਾਲਚ ਤੇ ਸੁਆਰਥ ਨੂੰ ਕੱਢ ਕੇ ਸੰਤੋਖ ਰੱਖਣਾ ਤੇ ਦੂਜਿਆਂ ਦੇ ਭਲੇ ਬਾਰੇ ਸੋਚਣਾ ਸਿੱਖਦੇ ਹਨ।—ਫ਼ਿਲਿੱਪੀਆਂ 2:4; 1 ਤਿਮੋਥਿਉਸ 6:6.

      6. ਲੋਕ

      ਸਮੱਸਿਆ: ਸਭ ਤੋਂ ਵਧੀਆ ਮਾਹੌਲ ਵਿਚ ਰਹਿ ਕੇ ਅਤੇ ਚੰਗੇ ਨੈਤਿਕ ਮਿਆਰਾਂ ਬਾਰੇ ਸਿੱਖ ਕੇ ਵੀ ਕੁਝ ਲੋਕ ਭ੍ਰਿਸ਼ਟਾਚਾਰ ਤੇ ਬੇਈਮਾਨੀ ਕਰਨੀ ਨਹੀਂ ਛੱਡਦੇ। ਇਸ ਕਰਕੇ ਮਾਹਰ ਮੰਨਦੇ ਹਨ ਕਿ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਹੀ ਨਹੀਂ ਸਕਦੀਆਂ। ਸਿਰਫ਼ ਅਸੀਂ ਇਹੀ ਉਮੀਦ ਰੱਖ ਸਕਦੇ ਹਾਂ ਕਿ ਭ੍ਰਿਸ਼ਟਾਚਾਰ ਤੇ ਇਸ ਦੇ ਮਾੜੇ ਅਸਰਾਂ ਨੂੰ ਥੋੜ੍ਹਾ-ਬਹੁਤਾ ਹੀ ਘਟਾਇਆ ਜਾ ਸਕਦਾ ਹੈ।

      ਹੱਲ: ਸੰਯੁਕਤ ਰਾਸ਼ਟਰ-ਸੰਘ ਨੇ ਭ੍ਰਿਸ਼ਟਾਚਾਰ ਵਿਰੁੱਧ ਇਕ ਮਤਾ ਪਾਸ ਕੀਤਾ ਜਿਸ ਵਿਚ ਦੱਸਿਆ ਗਿਆ ਹੈ ਕਿ ਸਰਕਾਰਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਲੋਕਾਂ ਨੂੰ “ਵਫ਼ਾਦਾਰ, ਈਮਾਨਦਾਰ ਤੇ ਜ਼ਿੰਮੇਵਾਰ” ਬਣਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਭਾਵੇਂ ਕਿ ਇਹ ਇਕ ਵਧੀਆ ਟੀਚਾ ਹੈ, ਪਰ ਪਰਮੇਸ਼ੁਰ ਦਾ ਰਾਜ ਲੋਕਾਂ ਨੂੰ ਇਹ ਗੁਣਾਂ ਨੂੰ ਪੈਦਾ ਕਰਨ ਦੀ ਸਿਰਫ਼ ਹੱਲਾਸ਼ੇਰੀ ਹੀ ਨਹੀਂ ਦਿੰਦਾ, ਸਗੋਂ ਇਸ ਰਾਜ ਦੀ ਪਰਜਾ ਬਣਨ ਲਈ ਇਹ ਗੁਣ ਹੋਣੇ ਇਕ ਜ਼ਰੂਰੀ ਮੰਗ ਹੈ। ਬਾਈਬਲ ਕਹਿੰਦੀ ਹੈ ਕਿ “ਲੋਭੀ” ਅਤੇ ‘ਝੂਠੇ’ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।—1 ਕੁਰਿੰਥੀਆਂ 6:9-11; ਪ੍ਰਕਾਸ਼ ਦੀ ਕਿਤਾਬ 21:8.

      ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅੱਜ ਵੀ ਲੋਕ ਪਰਮੇਸ਼ੁਰ ਦੇ ਉੱਚੇ ਨੈਤਿਕ ਮਿਆਰਾਂ ʼਤੇ ਚੱਲਣਾ ਸਿੱਖ ਸਕਦੇ ਹਨ। ਮਿਸਾਲ ਲਈ, ਜਦੋਂ ਸ਼ਮਊਨ ਨਾਂ ਦੇ ਚੇਲੇ ਨੇ ਰਸੂਲਾਂ ਨੂੰ ਰਿਸ਼ਵਤ ਦੇ ਕੇ ਉਨ੍ਹਾਂ ਤੋਂ ਪਵਿੱਤਰ ਸ਼ਕਤੀ ਖ਼ਰੀਦਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਰਿਸ਼ਵਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਕਿਹਾ: “ਆਪਣੀ ਇਸ ਬੁਰਾਈ ਤੋਂ ਤੋਬਾ ਕਰ।” ਜਦੋਂ ਸ਼ਮਊਨ ਨੇ ਦੇਖਿਆ ਕਿ ਉਸ ਵਿਚ ਗ਼ਲਤ ਇੱਛਾ ਪੈਦਾ ਹੋਈ ਸੀ, ਤਾਂ ਉਸ ਨੇ ਰਸੂਲਾਂ ਨੂੰ ਆਪਣੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਤਾਂਕਿ ਉਹ ਇਸ ਬੁਰੀ ਇੱਛਾ ʼਤੇ ਕਾਬੂ ਪਾ ਸਕੇ।—ਰਸੂਲਾਂ ਦੇ ਕੰਮ 8:18-24.

      ਰਾਜ ਦੇ ਵਾਰਸ ਕਿਵੇਂ ਬਣੀਏ?

      ਭਾਵੇਂ ਤੁਸੀਂ ਕਿਸੇ ਵੀ ਕੌਮ ਦੇ ਹੋ, ਫਿਰ ਵੀ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਵਾਰਸ ਬਣ ਸਕਦੇ ਹੋ। (ਰਸੂਲਾਂ ਦੇ ਕੰਮ 10:34, 35) ਪਰਮੇਸ਼ੁਰ ਦਾ ਰਾਜ ਪੂਰੀ ਦੁਨੀਆਂ ਵਿਚ ਸਿੱਖਿਆ ਦੇਣ ਦਾ ਕੰਮ ਕਰ ਰਿਹਾ ਹੈ ਕਿ ਤੁਸੀਂ ਇਸ ਰਾਜ ਦੇ ਵਾਰਸ ਕਿਵੇਂ ਬਣ ਸਕਦੇ ਹੋ। ਯਹੋਵਾਹ ਦੇ ਗਵਾਹਾਂ ਨੂੰ ਇਹ ਦੱਸਣ ਵਿਚ ਖ਼ੁਸ਼ੀ ਹੋਵੇਗੀ ਕਿ ਤੁਸੀਂ ਆਪਣੇ ਘਰ ਮੁਫ਼ਤ ਵਿਚ ਹਰ ਹਫ਼ਤੇ ਘੱਟੋ-ਘੱਟ 10 ਮਿੰਟਾਂ ਲਈ ਹੀ ਬਾਈਬਲ ਸਟੱਡੀ ਕਿਵੇਂ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ” ਬਾਰੇ ਸਿੱਖਣ ਦੇ ਨਾਲ-ਨਾਲ ਇਹ ਵੀ ਸਿੱਖ ਸਕਦੇ ਹੋ ਕਿ ਇਹ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕਰੇਗੀ। (ਲੂਕਾ 4:43) ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ www.pr418.com/pa ʼਤੇ ਜਾਓ। (w15-E 01/01)

      ਮੁਫ਼ਤ ਵਿਚ ਬਾਈਬਲ ਸਟੱਡੀ ਕਰਵਾਉਂਦਾ ਹੋਇਆ ਇਕ ਭਰਾ

      ਕੀ ਤੁਸੀਂ ਮੁਫ਼ਤ ਵਿਚ ਬਾਈਬਲ ਦੀ ਸਟੱਡੀ ਕਰਨੀ ਚਾਹੋਗੇ?

      a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ