ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਚਿੰਤਾ ਦਾ ਬੋਲਬਾਲਾ ਹਰ ਪਾਸੇ!
    ਪਹਿਰਾਬੁਰਜ—2015 | ਅਕਤੂਬਰ 1
    • ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

      ਚਿੰਤਾ ਦਾ ਬੋਲਬਾਲਾ ਹਰ ਪਾਸੇ!

      “ਮੈਂ ਖਾਣਾ ਬਣਾਉਣ ਵਾਸਤੇ ਚੀਜ਼ਾਂ ਖ਼ਰੀਦਣ ਗਿਆ, ਪਰ ਬਿਸਕੁਟ ਹੀ ਮਿਲੇ, ਉਹ ਵੀ ਆਮ ਕੀਮਤ ਨਾਲੋਂ 10,000 ਗੁਣਾ ਮਹਿੰਗੇ। ਅਗਲੇ ਦਿਨ ਦੁਕਾਨਾਂ ਤੋਂ ਕੁਝ ਵੀ ਨਹੀਂ ਸੀ ਮਿਲ ਰਿਹਾ।”​—ਪੌਲ, ਜ਼ਿਮਬਾਬਵੇ।

      “ਮੇਰੇ ਪਤੀ ਨੇ ਮੈਨੂੰ ਬਿਠਾਇਆ ਤੇ ਕਿਹਾ ਕਿ ਉਹ ਸਾਨੂੰ ਛੱਡ ਕੇ ਜਾ ਰਿਹਾ ਸੀ। ਮੈਂ ਇਸ ਬੇਵਫ਼ਾਈ ਨੂੰ ਕਿਵੇਂ ਝੱਲ ਸਕਦੀ ਸੀ? ਮੇਰੇ ਬੱਚਿਆਂ ਦਾ ਕੀ ਬਣੂ?”​—ਜੈੱਨਟ, ਅਮਰੀਕਾ।

      “ਜਦੋਂ ਸਾਇਰਨ ਵੱਜਿਆ, ਮੈਂ ਲੁਕਣ ਲਈ ਭੱਜੀ ਤੇ ਰਾਕੇਟਾਂ ਦੇ ਫਟਦਿਆਂ ਹੀ ਜ਼ਮੀਨ ʼਤੇ ਲੇਟ ਗਈ। ਘੰਟਿਆਂ ਬਾਅਦ ਵੀ ਮੇਰੇ ਹੱਥ ਕੰਬ ਰਹੇ ਸੀ।”​—ਅਲੋਨਾ, ਇਜ਼ਰਾਈਲ।

      ਇਕ ਆਦਮੀ ਯੁੱਧ, ਗ਼ਰੀਬੀ, ਬੀਮਾਰੀਆਂ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਕਰਦਾ ਹੋਇਆ

      ਅਸੀਂ ਚਿੰਤਾਵਾਂ ਨਾਲ ਭਰੇ ਸਮਿਆਂ ਵਿਚ ਜੀ ਰਹੇ ਹਾਂ ਜਿਨ੍ਹਾਂ ਦਾ ‘ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋਥਿਉਸ 3:1) ਕਈ ਲੋਕ ਆਰਥਿਕ ਤੰਗੀਆਂ, ਪਰਿਵਾਰ ਦੇ ਟੁੱਟਣ, ਯੁੱਧ, ਜਾਨਲੇਵਾ ਬੀਮਾਰੀਆਂ ਤੇ ਕੁਦਰਤੀ ਜਾਂ ਇਨਸਾਨਾਂ ਦੁਆਰਾ ਲਿਆਂਦੀਆਂ ਆਫ਼ਤਾਂ ਕਾਰਨ ਚਿੰਤਾ ਨਾਲ ਘਿਰੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਸਾਡੀਆਂ ਆਪਣੀਆਂ ਵੀ ਚਿੰਤਾਵਾਂ ਹਨ ਜਿਵੇਂ: ‘ਮੈਂ ਆਪਣੇ ਸਰੀਰ ʼਤੇ ਜੋ ਗਿਲਟੀ ਦੇਖੀ ਹੈ, ਕੀ ਉਹ ਕਿਤੇ ਕੈਂਸਰ ਤਾਂ ਨਹੀਂ?’ ‘ਮੇਰੇ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਕਿਸ ਤਰ੍ਹਾਂ ਦੀ ਦੁਨੀਆਂ ਵਿਚ ਪਲ਼ਣ-ਵਧਣਗੇ?’

      ਕੁਝ ਹੱਦ ਤਕ ਚਿੰਤਾ ਕਰਨੀ ਚੰਗੀ ਗੱਲ ਹੈ। ਅਸੀਂ ਕੁਦਰਤੀ ਹੀ ਚਿੰਤਾ ਕਰਨ ਲੱਗ ਪੈਂਦੇ ਹਾਂ ਜਦੋਂ ਸਾਡੇ ਇਮਤਿਹਾਨ ਹੋਣ ਵਾਲੇ ਹੁੰਦੇ ਹਨ, ਅਸੀਂ ਕਿਸੇ ਪ੍ਰੋਗਰਾਮ ਵਿਚ ਭਾਗ ਲੈਣਾ ਹੁੰਦਾ ਹੈ ਜਾਂ ਨੌਕਰੀ ਲਈ ਇੰਟਰਵਿਊ ਦੇਣੀ ਹੁੰਦੀ ਹੈ। ਨਾਲੇ ਕਿਸੇ ਖ਼ਤਰੇ ਦਾ ਜਾਇਜ਼ ਡਰਨ ਰੱਖਣ ਨਾਲ ਸਾਡਾ ਬਚਾਅ ਹੋ ਸਕਦਾ ਹੈ। ਪਰ ਬਹੁਤ ਜ਼ਿਆਦਾ ਚਿੰਤਾ ਜਾਂ ਹਮੇਸ਼ਾ ਚਿੰਤਾ ਕਰਨੀ ਚਿਖਾ ਦੇ ਸਮਾਨ ਹੈ। ਹਾਲ ਹੀ ਵਿਚ 68,000 ਤੋਂ ਜ਼ਿਆਦਾ ਬਾਲਗਾਂ ਉੱਤੇ ਕੀਤੇ ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜੋ ਹਮੇਸ਼ਾ ਚਿੰਤਾ ਵਿਚ ਡੁੱਬੇ ਰਹਿੰਦੇ ਹਨ, ਉਹ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਤਾਂ ਫਿਰ ਯਿਸੂ ਨੇ ਠੀਕ ਹੀ ਕਿਹਾ ਸੀ: “ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?” ਵਾਕਈ, ਚਿੰਤਾ ਕਿਸੇ ਦੀ ਵੀ ਜ਼ਿੰਦਗੀ ਵਿਚ ਵਾਧਾ ਨਹੀਂ ਕਰ ਸਕਦੀ। ਇਸ ਲਈ ਯਿਸੂ ਨੇ ਸਲਾਹ ਦਿੱਤੀ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ।” (ਮੱਤੀ 6:25, 27) ਪਰ ਇਹ ਕਿਵੇਂ ਮੁਮਕਿਨ ਹੈ?

      ਇਸ ਦੇ ਜਵਾਬ ਲਈ ਜ਼ਰੂਰੀ ਹੈ ਕਿ ਸਮਝਦਾਰੀ ਵਰਤੀ ਜਾਵੇ, ਰੱਬ ʼਤੇ ਪੱਕੀ ਨਿਹਚਾ ਕੀਤੀ ਜਾਵੇ ਅਤੇ ਭਵਿੱਖ ਬਾਰੇ ਮਿਲੀ ਉਮੀਦ ਪੱਕੀ ਕੀਤੀ ਜਾਵੇ। ਭਾਵੇਂ ਹੁਣ ਸਾਡੇ ਹਾਲਾਤ ਚੰਗੇ ਹਨ, ਪਰ ਭਵਿੱਖ ਵਿਚ ਸ਼ਾਇਦ ਸਾਨੂੰ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ। ਇਸ ਲਈ ਆਓ ਆਪਾਂ ਦੇਖੀਏ ਕਿ ਇਨ੍ਹਾਂ ਕਦਮਾਂ ਨੂੰ ਚੁੱਕ ਕੇ ਪੌਲ, ਜੈੱਨਟ ਅਤੇ ਅਲੋਨਾ ਨੇ ਚਿੰਤਾ ਤੋਂ ਕਿਵੇਂ ਖਹਿੜਾ ਛੁਡਾਇਆ। (w15-E 07/01)

  • ਪੈਸੇ ਦੀ ਚਿੰਤਾ
    ਪਹਿਰਾਬੁਰਜ—2015 | ਅਕਤੂਬਰ 1
    • ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

      ਪੈਸੇ ਦੀ ਚਿੰਤਾ

      ਦੋ ਬੱਚਿਆਂ ਦਾ ਪਿਤਾ ਪੌਲ ਕਹਿੰਦਾ ਹੈ: “ਸਾਡੇ ਦੇਸ਼ ਵਿਚ ਮੰਦੀ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਖਾਣਾ ਅੱਗ ਦੇ ਭਾਅ ਵਿਕਣ ਲੱਗਾ ਤੇ ਬਹੁਤ ਘੱਟ ਮਿਲਦਾ ਸੀ। ਅਸੀਂ ਘੰਟਿਆਂ-ਬੱਧੀ ਲਾਈਨਾਂ ਵਿਚ ਖੜ੍ਹੇ ਰਹਿੰਦੇ ਸੀ, ਪਰ ਜਦੋਂ ਸਾਡੀ ਵਾਰੀ ਆਉਂਦੀ ਸੀ, ਤਾਂ ਖਾਣਾ ਖ਼ਤਮ ਹੋ ਚੁੱਕਾ ਹੁੰਦਾ ਸੀ। ਲੋਕ ਭੁੱਖ ਕਾਰਨ ਸੁੱਕ ਕੇ ਤੀਲਾਂ ਹੋ ਗਏ ਅਤੇ ਕੁਝ ਤਾਂ ਸੜਕਾਂ ʼਤੇ ਡਿਗ ਪੈਂਦੇ ਸਨ। ਆਮ ਚੀਜ਼ਾਂ ਦੀ ਕੀਮਤ ਪਹਿਲਾਂ ਲੱਖਾਂ ਵਿਚ ਹੋ ਗਈ ਤੇ ਫਿਰ ਅਰਬਾਂ ਵਿਚ। ਅਖ਼ੀਰ ਪੈਸਿਆਂ ਦੀ ਵੀ ਕੋਈ ਕੀਮਤ ਨਹੀਂ ਰਹੀ। ਮੇਰਾ ਬੈਂਕ ਅਕਾਊਂਟ, ਬੀਮਾ ਪਾਲਸੀ ਤੇ ਭਵਿੱਖ ਵਿਚ ਮਿਲਣ ਵਾਲੀ ਪੈਨਸ਼ਨ ਵੀ ਜਾਂਦੀ ਲੱਗੀ।”

      ਦੁਕਾਨਾਂ ਦੀਆਂ ਸ਼ੈਲਫ਼ਾਂ ’ਤੇ ਖਾਣਾ ਨਾ ਹੋਣ ਕਰਕੇ ਪੌਲ ਸੋਚਾਂ ਵਿਚ ਪਿਆ ਹੋਇਆ ਕਿ ਉਹ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰੇਗਾ

      ਪੌਲ

      ਪੌਲ ਨੂੰ ਪਤਾ ਸੀ ਕਿ ਉਸ ਦੇ ਪਰਿਵਾਰ ਨੂੰ ਜੀਉਂਦਾ ਰਹਿਣ ਲਈ “ਸਮਝਦਾਰੀ” ਵਰਤਣ ਦੀ ਲੋੜ ਸੀ। (ਕਹਾਉਤਾਂ 3:21, ERV) ਉਹ ਕਹਿੰਦਾ ਹੈ, “ਮੈਂ ਇਕ ਇਲੈਕਟ੍ਰੀਕਲ ਠੇਕੇਦਾਰ ਸੀ, ਪਰ ਮੈਨੂੰ ਜੋ ਵੀ ਕੰਮ ਮਿਲਿਆ, ਉਹ ਮੈਂ ਬਹੁਤ ਘੱਟ ਪੈਸਿਆਂ ਵਿਚ ਕੀਤਾ। ਕੁਝ ਲੋਕ ਮੈਨੂੰ ਖਾਣਾ ਜਾਂ ਘਰ ਦਾ ਸਾਮਾਨ ਦੇ ਦਿੰਦੇ ਸਨ। ਜੇ ਕੋਈ ਮੈਨੂੰ ਸਾਬਣ ਦੀਆਂ ਚਾਰ ਟਿੱਕੀਆਂ ਦਿੰਦਾ ਸੀ, ਤਾਂ ਮੈਂ ਦੋ ਟਿੱਕੀਆਂ ਆਪ ਵਰਤਦਾ ਸੀ ਤੇ ਦੋ ਕਿਸੇ ਨੂੰ ਵੇਚ ਦਿੰਦਾ ਸੀ। ਫਿਰ ਮੈਂ 40 ਚੂਚੇ ਲੈ ਲਏ। ਜਦੋਂ ਉਹ ਵੱਡੇ ਹੋਏ, ਤਾਂ ਮੈਂ ਉਨ੍ਹਾਂ ਨੂੰ ਵੇਚ ਕੇ 300 ਹੋਰ ਖ਼ਰੀਦ ਲਏ। ਫਿਰ ਮੈਂ 50 ਮੁਰਗੀਆਂ ਦੇ ਬਦਲੇ 50 ਕਿਲੋ ਦੇ ਦੋ ਮੱਕੀ ਦੇ ਆਟੇ ਦੇ ਬੋਰੇ ਲੈ ਲਏ। ਉਨ੍ਹਾਂ ਦੋ ਬੋਰਿਆਂ ਨਾਲ ਮੈਂ ਲੰਬੇ ਸਮੇਂ ਤਕ ਆਪਣੇ ਪਰਿਵਾਰ ਤੇ ਹੋਰ ਪਰਿਵਾਰਾਂ ਦਾ ਢਿੱਡ ਭਰਦਾ ਰਿਹਾ।”

      ਪੌਲ ਨੂੰ ਪਤਾ ਸੀ ਕਿ ਸਭ ਤੋਂ ਵਧੀਆ ਗੱਲ ਇਹ ਸੀ ਕਿ ਅਸੀਂ ਰੱਬ ʼਤੇ ਭਰੋਸਾ ਰੱਖੀਏ। ਰੱਬ ਸਾਡੀ ਮਦਦ ਕਰਦਾ ਹੈ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਰੱਬ ਕਰਨ ਦਾ ਹੁਕਮ ਦਿੰਦਾ ਹੈ। ਜ਼ਿੰਦਗੀ ਦੀਆਂ ਲੋੜਾਂ ਬਾਰੇ ਯਿਸੂ ਨੇ ਕਿਹਾ ਸੀ: “ਇਨ੍ਹਾਂ ਚੀਜ਼ਾਂ ਦੀ ਚਿੰਤਾ ਕਰਨੀ ਬਿਲਕੁਲ ਛੱਡ ਦਿਓ, . . . ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ।”​—ਲੂਕਾ 12:29-31.

      ਦੁੱਖ ਦੀ ਗੱਲ ਹੈ ਕਿ ਰੱਬ ਦੇ ਵੱਡੇ ਦੁਸ਼ਮਣ ਸ਼ੈਤਾਨ ਨੇ ਜ਼ਿਆਦਾਤਰ ਲੋਕਾਂ ਨੂੰ ਇਸੇ ਘੁੰਮਣ-ਘੇਰੀ ਵਿਚ ਪਾਇਆ ਹੋਇਆ ਹੈ ਕਿ ਉਹ ਬਸ ਭੌਤਿਕ ਚੀਜ਼ਾਂ ਪਿੱਛੇ ਹੀ ਦੌੜਦੇ ਰਹਿਣ। ਲੋਕ ਆਪਣੀਆਂ ਲੋੜਾਂ ਬਾਰੇ ਹੀ ਚਿੰਤਾ ਕਰਦੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਜਾਇਜ਼ ਹੁੰਦੀਆਂ ਤੇ ਕੁਝ ਬਾਰੇ ਤਾਂ ਉਹ ਸੁਪਨੇ ਹੀ ਲੈ ਸਕਦੇ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ਵਿਚ ਲੋੜ ਨਹੀਂ ਹੁੰਦੀ। ਕਈ ਕਰਜ਼ੇ ਦੇ ਬੋਝ ਥੱਲੇ ਦੱਬ ਜਾਂਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕੌੜੀ ਸੱਚਾਈ ਪਤਾ ਲੱਗਦੀ ਹੈ ਕਿ “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।”​—ਕਹਾਉਤਾਂ 22:⁠7.

      ਕੁਝ ਲੋਕ ਅਜਿਹੇ ਫ਼ੈਸਲੇ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਪੌਲ ਕਹਿੰਦਾ ਹੈ, “ਮੇਰੇ ਕਈ ਗੁਆਂਢੀ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਛੱਡ ਕੇ ਵਿਦੇਸ਼ ਚਲੇ ਗਏ ਤਾਂਕਿ ਉਨ੍ਹਾਂ ਦੇ ਹਾਲਾਤ ਸੁਧਰ ਸਕਣ। ਕੁਝ ਜ਼ਰੂਰੀ ਕਾਗਜ਼ਾਤਾਂ ਤੋਂ ਬਗੈਰ ਗ਼ੈਰ-ਕਾਨੂੰਨੀ ਢੰਗ ਨਾਲ ਗਏ ਜਿਸ ਕਰਕੇ ਉਨ੍ਹਾਂ ਨੂੰ ਕੰਮ ਮਿਲਣਾ ਮੁਸ਼ਕਲ ਸੀ। ਉਹ ਅਕਸਰ ਪੁਲਿਸ ਤੋਂ ਲੁਕਦੇ-ਫਿਰਦੇ ਸਨ ਤੇ ਸੜਕਾਂ ʼਤੇ ਸੌਂਦੇ ਸਨ। ਉਨ੍ਹਾਂ ਨੇ ਰੱਬ ਨੂੰ ਮਦਦ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਪਰ ਅਸੀਂ ਸਾਰੇ ਪਰਿਵਾਰ ਨੇ ਮਿਲ ਕੇ ਰੱਬ ਦੀ ਮਦਦ ਨਾਲ ਆਰਥਿਕ ਤੰਗੀਆਂ ਦਾ ਸਾਮ੍ਹਣਾ ਕਰਨ ਦਾ ਪੱਕਾ ਇਰਾਦਾ ਕਰ ਲਿਆ ਸੀ।”

      ਯਿਸੂ ਦੀ ਸਲਾਹ ʼਤੇ ਚੱਲੋ

      ਪੌਲ ਅੱਗੇ ਦੱਸਦਾ ਹੈ: “ਯਿਸੂ ਨੇ ਕਿਹਾ ਸੀ: ‘ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।’ ਇਸ ਲਈ ਮੈਂ ਰੋਜ਼ ਇਹੀ ਪ੍ਰਾਰਥਨਾ ਕਰਦਾ ਸੀ ਕਿ ਰੱਬਾ “ਸਾਨੂੰ ਅੱਜ ਦੀ ਰੋਟੀ ਅੱਜ ਦੇ” ਤਾਂਕਿ ਅਸੀਂ ਜੀਉਂਦੇ ਰਹਿ ਸਕੀਏ। ਉਸ ਨੇ ਸਾਡੀ ਮਦਦ ਕੀਤੀ ਜਿਵੇਂ ਯਿਸੂ ਨੇ ਵਾਅਦਾ ਕੀਤਾ ਸੀ। ਸਾਨੂੰ ਹਮੇਸ਼ਾ ਸਾਡੀ ਪਸੰਦ ਦਾ ਖਾਣਾ ਨਹੀਂ ਮਿਲਦਾ ਸੀ। ਇਕ ਵਾਰ ਮੈਂ ਖਾਣਾ ਖ਼ਰੀਦਣ ਲਈ ਲਾਈਨ ਵਿਚ ਲੱਗਾ ਹੋਇਆ ਸੀ, ਪਰ ਇਹ ਨਹੀਂ ਸੀ ਪਤਾ ਕਿ ਕੀ ਵਿਕ ਰਿਹਾ ਸੀ। ਜਦੋਂ ਮੇਰੀ ਵਾਰੀ ਆਈ, ਤਾਂ ਦੇਖਿਆ ਦਹੀਂ ਮਿਲ ਰਿਹਾ ਸੀ। ਮੈਨੂੰ ਦਹੀਂ ਬਿਲਕੁਲ ਵੀ ਪਸੰਦ ਨਹੀਂ। ਪਰ ਉਸ ਵੇਲੇ ਖਾਣ ਨੂੰ ਸਿਰਫ਼ ਇਹੀ ਮਿਲ ਰਿਹਾ ਸੀ, ਇਸ ਲਈ ਉਸ ਰਾਤ ਅਸੀਂ ਦਹੀਂ ਹੀ ਖਾਧਾ। ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਉਸ ਸਮੇਂ ਦੌਰਾਨ ਮੇਰਾ ਪਰਿਵਾਰ ਭੁੱਖੇ ਪੇਟ ਨਹੀਂ ਸੁੱਤਾ।”a

      ਪਰਮੇਸ਼ੁਰ ਨੇ ਵਾਅਦਾ ਕੀਤਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”​—ਇਬਰਾਨੀਆਂ 13:5

      “ਅੱਜ ਅਸੀਂ ਪੈਸੇ ਪੱਖੋਂ ਠੀਕ-ਠਾਕ ਹਾਂ। ਪਰ ਆਪਣੇ ਤਜਰਬੇ ਤੋਂ ਅਸੀਂ ਸਿੱਖਿਆ ਹੈ ਕਿ ਚਿੰਤਾ ʼਤੇ ਕਾਬੂ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਰੱਬ ʼਤੇ ਭਰੋਸਾ ਰੱਖੋ। ਯਹੋਵਾਹb ਸਾਡੀ ਮਦਦ ਕਰਦਾ ਰਹੇਗਾ ਜਿੰਨੀ ਦੇਰ ਅਸੀਂ ਉਸ ਦੀ ਮਰਜ਼ੀ ਪੂਰੀ ਕਰਦੇ ਰਹਾਂਗੇ। ਅਸੀਂ ਜ਼ਬੂਰਾਂ ਦੀ ਪੋਥੀ 34:8 ਦੇ ਇਹ ਸ਼ਬਦ ਪੂਰੇ ਹੁੰਦੇ ਦੇਖੇ ਹਨ: ‘ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।’ ਨਤੀਜੇ ਵਜੋਂ, ਸਾਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਜੇ ਦੁਬਾਰਾ ਆਰਥਿਕ ਤੰਗੀ ਆ ਗਈ, ਤਾਂ ਅਸੀਂ ਕੀ ਕਰਾਂਗੇ।

      ਇਕ ਆਦਮੀ ਆਪਣੀ ਪਤਨੀ ਤੇ ਧੀ ਨਾਲ ਸਾਦੇ ਜਿਹੇ ਖਾਣੇ ਲਈ ਪ੍ਰਾਰਥਨਾ ਕਰਦਾ ਹੋਇਆ

      ਪਰਮੇਸ਼ੁਰ ਆਪਣੇ ਵਫ਼ਾਦਾਰਾਂ ਦੀ ਮਦਦ ਕਰਦਾ ਹੈ ਕਿ ਉਨ੍ਹਾਂ ਨੂੰ “ਅੱਜ ਦੀ ਰੋਟੀ ਅੱਜ” ਮਿਲੇ

      “ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਲੱਗ ਗਈ ਹੈ ਕਿ ਇਨਸਾਨ ਨੂੰ ਜੀਉਂਦਾ ਰਹਿਣ ਲਈ ਕੰਮ ਜਾਂ ਪੈਸੇ ਦੀ ਨਹੀਂ, ਸਗੋਂ ਖਾਣੇ ਦੀ ਜ਼ਰੂਰਤ ਹੈ। ਅਸੀਂ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ ਰੱਬ ਦਾ ਇਹ ਵਾਅਦਾ ਪੂਰਾ ਹੋਵੇਗਾ: ‘ਧਰਤੀ ਉੱਤੇ ਬਹੁਤਾ ਅੰਨ ਹੋਵੇਗਾ।’ ਜਦ ਤਕ ਉਹ ਸਮਾਂ ਨਹੀਂ ਆਉਂਦਾ, ਸਾਨੂੰ ‘ਰੋਟੀ, ਕੱਪੜੇ ਤੇ ਮਕਾਨ ਵਿਚ ਸੰਤੋਖ ਰੱਖਣਾ ਚਾਹੀਦਾ ਹੈ।’ ਸਾਨੂੰ ਬਾਈਬਲ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: ‘ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”’”c

      ‘ਪਰਮੇਸ਼ੁਰ ਦੇ ਨਾਲ ਨਾਲ ਚੱਲਣ’ ਲਈ ਪੱਕੀ ਨਿਹਚਾ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਪੌਲ ਅਤੇ ਉਸ ਦਾ ਪਰਿਵਾਰ ਕਰ ਰਹੇ ਹਨ। (ਉਤਪਤ 6:9) ਭਾਵੇਂ ਅਸੀਂ ਹੁਣ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਾਂ ਨਹੀਂ ਜਾਂ ਸ਼ਾਇਦ ਭਵਿੱਖ ਵਿਚ ਇੱਦਾਂ ਹੋਵੇ, ਪਰ ਸਾਨੂੰ ਪੌਲ ਦੀ ਨਿਹਚਾ ਅਤੇ ਸਮਝਦਾਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

      ਪਰ ਉਦੋਂ ਕੀ ਜੇ ਪਰਿਵਾਰ ਦੀਆਂ ਸਮੱਸਿਆਵਾਂ ਕਰਕੇ ਅਸੀਂ ਚਿੰਤਾ ਵਿਚ ਪੈ ਜਾਂਦੇ ਹਾਂ?(w15-E 07/01)

      a ਮੱਤੀ 6:11, 34 ਦੇਖੋ।

      b ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

      c ਜ਼ਬੂਰਾਂ ਦੀ ਪੋਥੀ 72:16; 1 ਤਿਮੋਥਿਉਸ 6:8; ਇਬਰਾਨੀਆਂ 13:5, 6 ਦੇਖੋ।

  • ਪਰਿਵਾਰ ਬਾਰੇ ਚਿੰਤਾ
    ਪਹਿਰਾਬੁਰਜ—2015 | ਅਕਤੂਬਰ 1
    • ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

      ਪਰਿਵਾਰ ਬਾਰੇ ਚਿੰਤਾ

      ਜੈੱਨਟ ਕਹਿੰਦੀ ਹੈ, “ਮੇਰੇ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਛੇਤੀ ਬਾਅਦ ਮੇਰੇ ਪਤੀ ਨੇ ਦੱਸਿਆ ਕਿ ਉਸ ਦਾ ਚੱਕਰ ਕਿਸੇ ਹੋਰ ਔਰਤ ਨਾਲ ਚੱਲ ਰਿਹਾ ਸੀ। ਫਿਰ ਜਲਦੀ ਹੀ ਉਸ ਨੇ ਬਿਨਾਂ ਕੁਝ ਦੱਸੇ ਆਪਣੇ ਕੱਪੜੇ ਪੈਕ ਕੀਤੇ ਅਤੇ ਮੈਨੂੰ ਤੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ।” ਜੈੱਨਟ ਨੂੰ ਨੌਕਰੀ ਮਿਲ ਗਈ, ਪਰ ਉਸ ਦੀ ਤਨਖ਼ਾਹ ਇੰਨੀ ਘੱਟ ਸੀ ਕਿ ਉਸ ਨੂੰ ਆਪਣੇ ਘਰ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਲੱਗ ਰਹੀਆਂ ਸਨ। ਨਾਲੇ ਉਸ ਨੂੰ ਸਿਰਫ਼ ਆਰਥਿਕ ਤੰਗੀ ਦਾ ਹੀ ਸਾਮ੍ਹਣਾ ਨਹੀਂ ਕਰਨਾ ਪੈ ਰਿਹਾ ਸੀ, ਸਗੋਂ ਉਸ ਨੂੰ ਇਕ ਹੋਰ ਗੱਲ ਦੀ ਵੀ ਚਿੰਤਾ ਸੀ। ਉਹ ਕਹਿੰਦੀ ਹੈ: “ਸਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਮੇਰੇ ਸਿਰ ʼਤੇ ਆ ਗਿਆ ਸੀ ਜੋ ਮੇਰੇ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਸੀ। ਮੈਨੂੰ ਬਹੁਤ ਬੁਰਾ ਲੱਗਦਾ ਸੀ ਕਿ ਮੈਂ ਦੂਜੇ ਮਾਪਿਆਂ ਵਾਂਗ ਆਪਣੇ ਬੱਚਿਆ ਨੂੰ ਜ਼ਿਆਦਾ ਕੁਝ ਨਹੀਂ ਦੇ ਸਕਦੀ ਸੀ। ਨਾਲੇ ਮੈਨੂੰ ਇਹ ਵੀ ਚਿੰਤਾ ਰਹਿੰਦੀ ਸੀ ਕਿ ਦੂਸਰੇ ਮੇਰੇ ਤੇ ਮੇਰੇ ਬੱਚਿਆਂ ਬਾਰੇ ਕੀ ਸੋਚਦੇ ਹੋਣੇ। ਕੀ ਉਹ ਇਹ ਸੋਚਦੇ ਸੀ ਕਿ ਮੈਂ ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ?”

      ਜੈੱਨਟ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਬਾਰੇ ਸੋਚਦੀ ਹੋਈ

      ਜੈੱਨਟ

      ਪ੍ਰਾਰਥਨਾ ਦੀ ਮਦਦ ਨਾਲ ਜੈੱਨਟ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾ ਸਕੀ ਤੇ ਰੱਬ ਨਾਲ ਆਪਣਾ ਰਿਸ਼ਤਾ ਕਾਇਮ ਕਰ ਸਕੀ। ਉਹ ਕਹਿੰਦੀ ਹੈ: “ਰਾਤ ਨੂੰ ਬਹੁਤ ਔਖਾ ਲੱਗਦਾ ਹੈ ਜਦੋਂ ਹਰ ਪਾਸੇ ਸੰਨਾਟਾ ਛਾਇਆ ਹੁੰਦਾ ਹੈ ਤੇ ਮੇਰੇ ਦਿਮਾਗ਼ ਵਿਚ ਤਰ੍ਹਾਂ-ਤਰ੍ਹਾਂ ਦੇ ਖ਼ਿਆਲ ਆਉਣ ਲੱਗਦੇ ਹਨ। ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਨਾਲ ਮੈਨੂੰ ਸੌਣ ਵਿਚ ਮਦਦ ਮਿਲਦੀ ਹੈ। ਮੇਰਾ ਸਭ ਤੋਂ ਮਨ-ਪਸੰਦ ਦਾ ਹਵਾਲਾ ਹੈ ਫ਼ਿਲਿੱਪੀਆਂ 4:6, 7: ‘ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।’ ਮੈਂ ਕਈ ਰਾਤਾਂ ਪ੍ਰਾਰਥਨਾ ਕਰਦੀ ਨੇ ਕੱਟੀਆਂ ਹਨ ਅਤੇ ਮੈਂ ਮਹਿਸੂਸ ਕੀਤਾ ਕਿ ਪਰਮੇਸ਼ੁਰ ਦੀ ਸ਼ਾਂਤੀ ਕਾਰਨ ਮੈਨੂੰ ਹੌਸਲਾ ਮਿਲਿਆ।”

      ਪਹਾੜ ʼਤੇ ਦਿੱਤੇ ਉਪਦੇਸ਼ ਵਿਚ ਪ੍ਰਾਰਥਨਾ ਬਾਰੇ ਯਿਸੂ ਦੇ ਸ਼ਬਦ ਹਰ ਤਰ੍ਹਾਂ ਦੀ ਚਿੰਤਾ ʼਤੇ ਕਾਬੂ ਪਾਉਣ ਲਈ ਮਦਦਗਾਰ ਸਾਬਤ ਹੁੰਦੇ ਹਨ: “ਤੁਹਾਡਾ ਪਿਤਾ ਪਰਮੇਸ਼ੁਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।” (ਮੱਤੀ 6:8) ਫਿਰ ਵੀ ਸਾਨੂੰ ਉਸ ਤੋਂ ਮੰਗਣ ਦੀ ਲੋੜ ਹੈ। ‘ਪਰਮੇਸ਼ੁਰ ਦੇ ਨੇੜੇ ਜਾਣ’ ਦਾ ਮੁੱਖ ਤਰੀਕਾ ਹੈ ਪ੍ਰਾਰਥਨਾ ਕਰਨੀ। ਇਸ ਤਰ੍ਹਾਂ ਕਰਨ ਦਾ ਨਤੀਜਾ? “ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂਬ 4:8.

      ਜੀ ਹਾਂ, ਪ੍ਰਾਰਥਨਾ ਵਿਚ ਆਪਣੀ ਚਿੰਤਾ ਦੱਸਣ ਨਾਲ ਨਾ ਸਿਰਫ਼ ਸਾਨੂੰ ਚੰਗਾ ਲੱਗਦਾ ਹੈ, ਸਗੋਂ ‘ਪ੍ਰਾਰਥਨਾ ਦਾ ਸੁਣਨ ਵਾਲਾ’ ਆਪਣੇ ਉੱਤੇ ਨਿਹਚਾ ਕਰਨ ਵਾਲਿਆਂ ਲਈ ਕੁਝ ਕਰਦਾ ਵੀ ਹੈ। (ਜ਼ਬੂਰਾਂ ਦੀ ਪੋਥੀ 65:2) ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਹ “ਹਮੇਸ਼ਾ ਪ੍ਰਾਰਥਨਾ ਕਰਨ ਅਤੇ ਹੌਸਲਾ ਨਾ ਹਾਰਨ।” (ਲੂਕਾ 18:1) ਸਾਨੂੰ ਰੱਬ ਤੋਂ ਸੇਧ ਅਤੇ ਮਦਦ ਮੰਗਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਭਰੋਸਾ ਹੈ ਕਿ ਉਹ ਸਾਡੀ ਨਿਹਚਾ ਦਾ ਫਲ ਸਾਨੂੰ ਜ਼ਰੂਰ ਦੇਵੇਗਾ। ਸਾਨੂੰ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ ਕਿ ਨਹੀਂ ਜਾਂ ਉਸ ਵਿਚ ਇਸ ਤਰ੍ਹਾਂ ਕਰਨ ਦੀ ਤਾਕਤ ਹੈ ਜਾਂ ਨਹੀਂ। ਇਸ ਤਰ੍ਹਾਂ ‘ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਨਾਲ’ ਅਸੀਂ ਦਿਖਾਉਂਦੇ ਹਾਂ ਕਿ ਸਾਡੀ ਨਿਹਚਾ ਪੱਕੀ ਹੈ।​—1 ਥੱਸਲੁਨੀਕੀਆਂ 5:17.

      ਨਿਹਚਾ ਕਰਨ ਦਾ ਮਤਲਬ ਕੀ ਹੈ?

      ਪਰ ਅਸਲ ਵਿਚ ਨਿਹਚਾ ਹੈ ਕੀ? ਨਿਹਚਾ ਕਰਨ ਵਿਚ ਸ਼ਾਮਲ ਹੈ, ਰੱਬ ਨੂੰ ਚੰਗੀ ਤਰ੍ਹਾਂ ਜਾਣਨ ਲਈ ਉਸ ਬਾਰੇ ‘ਸਿੱਖਦੇ ਰਹਿਣਾ।’ (ਯੂਹੰਨਾ 17:3) ਅਸੀਂ ਇਸ ਤਰ੍ਹਾਂ ਕਰਨਾ ਉਦੋਂ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਿਚਾਰਾਂ ਨੂੰ ਜਾਣਨ ਲੱਗਦੇ ਹਾਂ। ਅਸੀਂ ਸਿੱਖਦੇ ਹਾਂ ਕਿ ਉਹ ਸਾਨੂੰ ਸਾਰਿਆਂ ਨੂੰ ਦੇਖਦਾ ਹੈ ਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ। ਪਰ ਪੱਕੀ ਨਿਹਚਾ ਕਰਨ ਵਿਚ ਸਿਰਫ਼ ਇਹੀ ਸ਼ਾਮਲ ਨਹੀਂ ਕਿ ਅਸੀਂ ਪਰਮੇਸ਼ੁਰ ਬਾਰੇ ਕੁਝ ਜਾਣੀਏ। ਇਸ ਵਿਚ ਉਸ ਨਾਲ ਦੋਸਤੀ ਕਰਨੀ ਵੀ ਸ਼ਾਮਲ ਹੈ। ਜਦੋਂ ਅਸੀਂ ਕਿਸੇ ਇਨਸਾਨ ਨਾਲ ਦੋਸਤੀ ਕਰਦੇ ਹਾਂ, ਤਾਂ ਉਹ ਰਾਤੋ-ਰਾਤ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਸਮਾਂ ਬੀਤਣ ਨਾਲ ਅਸੀਂ ਜਿੱਦਾਂ-ਜਿੱਦਾਂ ਪਰਮੇਸ਼ੁਰ ਬਾਰੇ ਸਿੱਖਦੇ ਜਾਂਦੇ ਹਾਂ ਅਤੇ ‘ਉਹੀ ਕੰਮ ਕਰਦੇ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ,’ ਤਾਂ ਸਾਡੀ ਨਿਹਚਾ ‘ਵਧਦੀ’ ਜਾਂਦੀ ਹੈ। (2 ਕੁਰਿੰਥੀਆਂ 10:15; ਯੂਹੰਨਾ 8:29) ਇਸੇ ਨਿਹਚਾ ਕਰਕੇ ਜੈੱਨਟ ਨੂੰ ਚਿੰਤਾਵਾਂ ʼਤੇ ਕਾਬੂ ਪਾਉਣ ਵਿਚ ਮਦਦ ਮਿਲੀ।

      ਜੈੱਨਟ ਕਹਿੰਦੀ ਹੈ: “ਮੇਰੀ ਇਹ ਦੇਖ ਕੇ ਨਿਹਚਾ ਪੱਕੀ ਹੋਈ ਕਿ ਯਹੋਵਾਹ ਨੇ ਹਰ ਕਦਮ ʼਤੇ ਮੇਰਾ ਸਾਥ ਦਿੱਤਾ। ਕਈ ਵਾਰ ਸਾਡੇ ਨਾਲ ਅਜਿਹੀਆਂ ਬੇਇਨਸਾਫ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਝੱਲਣਾ ਨਾਮੁਮਕਿਨ ਲੱਗਦਾ ਹੈ। ਮੈਂ ਪ੍ਰਾਰਥਨਾ ਕਰਦੀ ਰਹਿੰਦੀ ਸੀ ਅਤੇ ਯਹੋਵਾਹ ਨੇ ਹਮੇਸ਼ਾ ਸਾਡੇ ਲਈ ਉਹ ਰਾਹ ਕੱਢਿਆ ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ। ਜਦੋਂ ਮੈਂ ਉਸ ਦਾ ਧੰਨਵਾਦ ਕਰਦੀ ਹਾਂ, ਤਾਂ ਮੈਨੂੰ ਯਾਦ ਆਉਂਦਾ ਹੈ ਕਿ ਉਸ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ। ਉਸ ਨੇ ਹਮੇਸ਼ਾ ਐਨ ਸਹੀ ਮੌਕੇ ʼਤੇ ਸਾਡੀ ਮਦਦ ਕੀਤੀ ਜਦੋਂ ਵੀ ਸਾਨੂੰ ਇਸ ਦੀ ਲੋੜ ਹੁੰਦੀ ਸੀ। ਨਾਲੇ ਉਸ ਨੇ ਮੈਨੂੰ ਸੱਚੇ ਦੋਸਤ ਦਿੱਤੇ ਹਨ ਜੋ ਦਿਲੋਂ ਰੱਬ ਦੀ ਭਗਤੀ ਕਰਦੇ ਹਨ। ਉਹ ਹਮੇਸ਼ਾ ਮੇਰੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਤੇ ਮੇਰੇ ਬੱਚਿਆ ਲਈ ਚੰਗੀ ਮਿਸਾਲ ਹਨ।”a

      ਇਕ ਮਾਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੀ ਹੋਈ

      “ਮੈਂ ਜਾਣਦੀ ਹਾਂ ਕਿ ਯਹੋਵਾਹ ਕਿਉਂ ਮਲਾਕੀ 2:16 (CL) ਵਿਚ ਕਹਿੰਦਾ ਹੈ: ‘ਮੈਂ ਤਲਾਕ ਤੋਂ ਘਿਰਣਾ ਕਰਦਾ ਹਾਂ।’ ਬੇਕਸੂਰ ਪਤੀ ਜਾਂ ਪਤਨੀ ਲਈ ਇਹ ਬਹੁਤ ਵੱਡੀ ਬੇਵਫ਼ਾਈ ਹੁੰਦੀ ਹੈ। ਕਈ ਸਾਲ ਬੀਤ ਗਏ ਹਨ ਜਦੋਂ ਦਾ ਮੇਰਾ ਪਤੀ ਮੈਨੂੰ ਛੱਡ ਕੇ ਗਿਆ ਹੈ, ਪਰ ਹਾਲੇ ਵੀ ਮੈਨੂੰ ਖਾਲੀਪਣ ਮਹਿਸੂਸ ਹੁੰਦਾ ਹੈ। ਜਦੋਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਤਾਂ ਮੈਂ ਕਿਸੇ ਦੀ ਮਦਦ ਕਰਨ ਲਈ ਕੁਝ ਕਰਦੀ ਹਾਂ ਤੇ ਇਸ ਨਾਲ ਮੇਰੀ ਖ਼ੁਦ ਦੀ ਵੀ ਮਦਦ ਹੁੰਦੀ ਹੈ।” ਇਸ ਤਰ੍ਹਾਂ ਜੈੱਨਟ ਬਾਈਬਲ ਦੇ ਇਸ ਅਸੂਲ ਕਿ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖ ਨਾ ਕਰੋ ਨੂੰ ਲਾਗੂ ਕਰ ਕੇ ਆਪਣੀ ਚਿੰਤਾ ਘਟਾ ਪਾਈ ਹੈ।b​—ਕਹਾਉਤਾਂ 18:1.

      ਰੱਬ ‘ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ ਹੈ।’​—ਭਜਨ 68:5, CL

      ਜੈੱਨਟ ਦੱਸਦੀ ਹੈ: “ਮੈਨੂੰ ਸਭ ਤੋਂ ਜ਼ਿਆਦਾ ਦਿਲਾਸਾ ਇਹ ਜਾਣ ਕੇ ਮਿਲਦਾ ਹੈ ਕਿ ਰੱਬ ‘ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ ਹੈ।’ ਉਹ ਮੇਰੇ ਪਤੀ ਵਾਂਗ ਸਾਨੂੰ ਕਦੇ ਨਹੀਂ ਛੱਡੇਗਾ।” (ਭਜਨ 68:5, CL) ਜੈੱਨਟ ਜਾਣਦੀ ਹੈ ਕਿ ਰੱਬ “ਬੁਰੇ ਇਰਾਦੇ ਨਾਲ” ਸਾਡੀ ਪਰੀਖਿਆ ਨਹੀਂ ਲੈਂਦਾ। ਇਸ ਦੇ ਉਲਟ ਉਹ “ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ” ਬੁੱਧ ਅਤੇ ਉਹ ਤਾਕਤ ਦਿੰਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ” ਤਾਂਕਿ ਅਸੀਂ ਆਪਣੀਆਂ ਚਿੰਤਾਵਾਂ ʼਤੇ ਕਾਬੂ ਪਾ ਸਕੀਏ।​—ਯਾਕੂਬ 1:5, 13; 2 ਕੁਰਿੰਥੀਆਂ 4:7.

      ਪਰ ਉਦੋਂ ਕੀ ਜੇ ਅਸੀਂ ਆਪਣੀ ਜ਼ਿੰਦਗੀ ਖ਼ਤਰੇ ਵਿਚ ਹੋਣ ਕਰਕੇ ਚਿੰਤਿਤ ਹਾਂ?(w15-E 07/01)

      a 1 ਕੁਰਿੰਥੀਆਂ 10:13; ਇਬਰਾਨੀਆਂ 4:16 ਦੇਖੋ।

      b ਚਿੰਤਾ ਤੋਂ ਖਹਿੜਾ ਛੁਡਾਉਣ ਦੇ ਹੋਰ ਤਰੀਕਿਆਂ ਬਾਰੇ ਜਾਣਨ ਲਈ ਸਤੰਬਰ-ਅਕਤੂਬਰ 2014 ਦੇ ਜਾਗਰੂਕ ਬਣੋ! ਵਿਚ “ਦੁੱਖ ਦੀ ਘੜੀ ਕਿਵੇਂ ਸਹੀਏ” ਨਾਂ ਦੀ ਲੇਖ-ਲੜੀ ਦੇਖੋ ਜੋ www.pr418.com/pa ʼਤੇ ਆਨ-ਲਾਈਨ ਉਪਲਬਧ ਹੈ।

  • ਖ਼ਤਰੇ ਬਾਰੇ ਚਿੰਤਾ
    ਪਹਿਰਾਬੁਰਜ—2015 | ਅਕਤੂਬਰ 1
    • ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

      ਖ਼ਤਰੇ ਬਾਰੇ ਚਿੰਤਾ

      ਅਲੋਨਾ ਕਹਿੰਦੀ ਹੈ, “ਜਦੋਂ ਮੈਂ ਸਾਇਰਨ ਸੁਣਿਆ, ਤਾਂ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਮੈਂ ਬੰਬਾਂ ਤੋਂ ਬਚਣ ਵਾਲੀ ਜਗ੍ਹਾ ʼਤੇ ਭੱਜ ਗਈ। ਪਰ ਉੱਥੇ ਵੀ ਮੇਰੀ ਚਿੰਤਾ ਦੂਰ ਨਹੀਂ ਹੋਈ। ਬਾਹਰ ਤਾਂ ਹੋਰ ਵੀ ਡਰ ਲੱਗਦਾ ਸੀ ਕਿਉਂਕਿ ਉੱਥੇ ਲੁਕਣ ਲਈ ਕੋਈ ਜਗ੍ਹਾ ਨਹੀਂ ਸੀ। ਮਿਸਾਲ ਲਈ, ਜਦੋਂ ਮੈਂ ਇਕ ਵਾਰ ਸੜਕ ʼਤੇ ਤੁਰੀ ਜਾ ਰਹੀ ਸੀ, ਤਾਂ ਲੁਕਣ ਲਈ ਜਗ੍ਹਾ ਨਾ ਹੋਣ ਕਰਕੇ ਮੈਂ ਇੰਨਾ ਰੋਣ ਲੱਗ ਪਈ ਕਿ ਮੈਨੂੰ ਸਾਹ ਨਹੀਂ ਸੀ ਆ ਰਿਹਾ। ਮੈਂ ਕਈ ਘੰਟਿਆਂ ਬਾਅਦ ਸ਼ਾਂਤ ਹੋਈ। ਫਿਰ ਸਾਇਰਨ ਵੱਜਣ ਲੱਗ ਪਿਆ।”

      ਅਲੋਨਾ ਨੂੰ ਚਿੰਤਾ ਹੈ ਕਿ ਕਿਤੇ ਬੰਬ ਨਾ ਫਟ ਜਾਵੇ

      ਅਲੋਨਾ

      ਜੰਗ ਖ਼ਤਰਨਾਕ ਚੀਜ਼ ਹੈ, ਪਰ ਹੋਰ ਵੀ ਬਹੁਤ ਸਾਰੇ ਕਾਰਨਾਂ ਕਰਕੇ ਸਾਨੂੰ ਖ਼ਤਰਾ ਹੁੰਦਾ ਹੈ। ਮਿਸਾਲ ਲਈ, ਜਦੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਜਾਂ ਤੁਹਾਡੇ ਕਿਸੇ ਪਿਆਰੇ ਨੂੰ ਜਾਨ-ਲੇਵਾ ਬੀਮਾਰੀ ਹੈ, ਤਾਂ ਤੁਹਾਨੂੰ ਇੱਦਾਂ ਲੱਗਦਾ ਹੈ ਜਿਵੇਂ ਤੁਹਾਡੇ ਉੱਤੇ ਕੋਈ ਬੰਬ ਡਿੱਗ ਗਿਆ ਹੋਵੇ। ਹੋਰ ਲੋਕ ਭਵਿੱਖ ਦੇ ਡਰ ਕਰਕੇ ਚਿੰਤਾ ਵਿਚ ਪੈ ਸਕਦੇ ਹਨ। ਉਹ ਚਿੰਤਾ ਕਰਦੇ ਹਨ, ‘ਕੀ ਸਾਡੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਇੱਦਾਂ ਦੀ ਦੁਨੀਆਂ ਵਿਚ ਰਹਿਣਾ ਪੈਣਾ ਜਿੱਥੇ ਜੰਗ, ਅਪਰਾਧ, ਪ੍ਰਦੂਸ਼ਣ, ਖ਼ਰਾਬ ਵਾਤਾਵਰਣ ਅਤੇ ਮਹਾਂਮਾਰੀਆਂ ਹਨ?’ ਅਸੀਂ ਇਨ੍ਹਾਂ ਚਿੰਤਾਵਾਂ ʼਤੇ ਕਾਬੂ ਕਿਵੇਂ ਪਾ ਸਕਦੇ ਹਾਂ?

      “ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ” ਕਿਉਂਕਿ ਉਹ ਜਾਣਦਾ ਹੈ ਕਿ ਬੁਰੀਆਂ ਗੱਲਾਂ ਹੋਣੀਆਂ ਹੀ ਹਨ। (ਕਹਾਉਤਾਂ 27:12) ਨਾਲੇ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦਾ ਖ਼ਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਮਾਨਸਿਕ ਤੇ ਭਾਵਾਤਮਕ ਤੌਰ ਤੇ ਆਪਣਾ ਧਿਆਨ ਰੱਖ ਸਕਦੇ ਹਾਂ। ਮਾਰ-ਧਾੜ ਵਾਲਾ ਮਨੋਰੰਜਨ ਅਤੇ ਖ਼ਬਰਾਂ ਵਿਚ ਡਰਾਉਣੀਆਂ ਤਸਵੀਰਾਂ ਦੇਖ ਕੇ ਸਾਡੀ ਤੇ ਸਾਡੇ ਬੱਚਿਆਂ ਦੀ ਚਿੰਤਾ ਵਧ ਜਾਂਦੀ ਹੈ। ਇਸ ਲਈ ਜੇ ਅਸੀਂ ਇਨ੍ਹਾਂ ਤਸਵੀਰਾਂ ਵੱਲ ਬੇਵਜ੍ਹਾ ਧਿਆਨ ਨਹੀਂ ਦਿੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਕੀਕਤ ਤੋਂ ਅੱਖਾਂ ਮੀਟ ਰਹੇ ਹਾਂ। ਰੱਬ ਨੇ ਸਾਡੇ ਦਿਮਾਗ਼ਾਂ ਨੂੰ ਇਸ ਤਰ੍ਹਾਂ ਨਹੀਂ ­ਬਣਾਇਆ ਕਿ ਇਹ ਬੁਰਾਈ ਬਾਰੇ ਹੀ ਸੋਚਦੇ ਰਹਿਣ। ਇਸ ਦੀ ਬਜਾਇ, ਸਾਨੂੰ ਆਪਣੇ ਦਿਮਾਗ਼ ਵਿਚ “ਸੱਚੀਆਂ,  . . . ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ” ਗੱਲਾਂ ਭਰਨ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ “ਸ਼ਾਂਤੀ ਦਾ ਪਰਮੇਸ਼ੁਰ” ਸਾਨੂੰ ਮਨ ਦੀ ਸ਼ਾਂਤੀ ਦੇਵੇਗਾ।​—ਫ਼ਿਲਿੱਪੀਆਂ 4:8, 9.

      ਪ੍ਰਾਰਥਨਾ ਦੀ ਅਹਿਮੀਅਤ

      ਪੱਕੀ ਨਿਹਚਾ ਕਰਨ ਨਾਲ ਸਾਨੂੰ ਚਿੰਤਾ ਨਾਲ ਸਿੱਝਣ ਵਿਚ ਮਦਦ ਮਿਲਦੀ ਹੈ। ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੀਏ।’ (1 ਪਤਰਸ 4:7) ਆਪਣੇ ਹਾਲਾਤਾਂ ਨਾਲ ਸਿੱਝਣ ਲਈ ਅਸੀਂ ਰੱਬ ਤੋਂ ਮਦਦ, ਬੁੱਧ ਅਤੇ ਹਿੰਮਤ ਮੰਗ ਸਕਦੇ ਹਾਂ ਕਿਉਂਕਿ ਸਾਨੂੰ ਭਰੋਸਾ ਹੈ ਕਿ “ਅਸੀਂ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”​—1 ਯੂਹੰਨਾ 5:15.

      ਅਵੀ ਅਤੇ ਅਲੋਨਾ ਪਰਮੇਸ਼ੁਰ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹਨ

      ਆਪਣੇ ਪਤੀ ਅਵੀ ਨਾਲ

      ਬਾਈਬਲ ਦੱਸਦੀ ਹੈ ਕਿ ਰੱਬ ਨਹੀਂ, ਸਗੋਂ ਸ਼ੈਤਾਨ ‘ਦੁਨੀਆਂ ਦਾ ਹਾਕਮ’ ਹੈ ਅਤੇ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (ਯੂਹੰਨਾ 12:31; 1 ਯੂਹੰਨਾ 5:19) ਯਿਸੂ ਦੀਆਂ ਗੱਲਾਂ ਤੋਂ ਸਾਫ਼ ਹੈ ਕਿ ਸ਼ੈਤਾਨ ਅਸਲੀ ਹੈ ਅਤੇ ਯਹੋਵਾਹ ਸਾਨੂੰ ਜ਼ਰੂਰ ਬਚਾਵੇਗਾ। ਇਸੇ ਕਰਕੇ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਸਾਨੂੰ ਉਸ ਦੁਸ਼ਟ ਤੋਂ ਬਚਾ।” (ਮੱਤੀ 6:13) ਅਲੋਨਾ ਕਹਿੰਦੀ ਹੈ, “ਜਦੋਂ ਵੀ ਸਾਇਰਨ ਵੱਜਦਾ ਹੈ, ਮੈਂ ਯਹੋਵਾਹ ਤੋਂ ਮਦਦ ਮੰਗਦੀ ਹਾਂ ਤਾਂਕਿ ਮੈਂ ਆਪਣੇ ਜਜ਼ਬਾਤਾਂ ʼਤੇ ਕਾਬੂ ਪਾ ਸਕਾਂ। ਜੇ ਮੇਰਾ ਪਤੀ ਕਿਤੇ ਨੇੜੇ ਹੁੰਦਾ ਹੈ, ਤਾਂ ਉਹ ਪਤੀ ਮੈਨੂੰ ਫ਼ੋਨ ਕਰਦਾ ਹੈ ਤੇ ਮੇਰੇ ਨਾਲ ਪ੍ਰਾਰਥਨਾ ਕਰਦਾ ਹੈ। ਪ੍ਰਾਰਥਨਾ ਨਾਲ ਸੱਚ-ਮੁੱਚ ਮਦਦ ਮਿਲਦੀ ਹੈ।” ਇਹ ਗੱਲ ਬਾਈਬਲ ਦੇ ਅਨੁਸਾਰ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ।”​—ਜ਼ਬੂਰਾਂ ਦੀ ਪੋਥੀ 145:18.

      ਭਵਿੱਖ ਲਈ ਸਾਡੀ ਉਮੀਦ

      ਯਿਸੂ ਨੇ ਪਹਾੜ ਉੱਤੇ ਆਪਣੇ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ।” (ਮੱਤੀ 6:10) ਪਰਮੇਸ਼ੁਰ ਦਾ ਰਾਜ ਹਰ ਤਰ੍ਹਾਂ ਦੀ ਚਿੰਤਾ ਨੂੰ ਜੜ੍ਹੋਂ ਮੁਕਾ ਦੇਵੇਗਾ। ‘ਸ਼ਾਂਤੀ ਦੇ ਰਾਜ ਕੁਮਾਰ’ ਯਿਸੂ ਰਾਹੀਂ ਪਰਮੇਸ਼ੁਰ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ” ਦੇਵੇਗਾ। (ਯਸਾਯਾਹ 9:6; ਜ਼ਬੂਰਾਂ ਦੀ ਪੋਥੀ 46:9) “ਉਹ [ਪਰਮੇਸ਼ੁਰ] ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰੇਗਾ, . . . ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। . . . ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:3, 4) ਪਰਿਵਾਰ ਖ਼ੁਸ਼ੀ-ਖ਼ੁਸ਼ੀ “ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” (ਯਸਾਯਾਹ 65:21) “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”​—ਯਸਾਯਾਹ 33:24.

      ਅੱਜ ਭਾਵੇਂ ਅਸੀਂ ਕੋਈ ਵੀ ਸਾਵਧਾਨੀ ਵਰਤ ਲਈਏ, ਫਿਰ ਵੀ ਅਚਾਨਕ ਹੁੰਦੀਆਂ ਘਟਨਾਵਾਂ ਤੋਂ ਹਮੇਸ਼ਾ ਬਚਿਆ ਨਹੀਂ ਜਾ ਸਕਦਾ ਕਿਉਂਕਿ ‘ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ’ ਅਤੇ ਅਸੀਂ ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ʼਤੇ ਹੋ ਸਕਦੇ ਹਾਂ। (ਉਪਦੇਸ਼ਕ 9:11, CL) ਸਦੀਆਂ ਤੋਂ ਹੀ ਜੰਗ, ਹਿੰਸਾ ਅਤੇ ਬੀਮਾਰੀਆਂ ਕਾਰਨ ਚੰਗੇ ਲੋਕ ਮਰ ਰਹੇ ਹਨ। ਕੀ ਉਨ੍ਹਾਂ ਬੇਕਸੂਰ ਲੋਕਾਂ ਲਈ ਕੋਈ ਉਮੀਦ ਹੈ?

      ਲੱਖਾਂ-ਕਰੋੜਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਦੀ ਗਿਣਤੀ ਸਿਰਫ਼ ਰੱਬ ਹੀ ਜਾਣਦਾ ਹੈ। ਹੁਣ ਉਹ ਮੌਤ ਦੀ ਨੀਂਦ ਸੁੱਤੇ ਪਏ ਹਨ ਤੇ ਉਸ ਦਿਨ ਤਕ ਪਰਮੇਸ਼ੁਰ ਦੀ ਮੁਕੰਮਲ ਯਾਦਾਸ਼ਤ ਵਿਚ ਸੁਰੱਖਿਅਤ ਹਨ ਜਦੋਂ ‘ਕਬਰਾਂ ਵਿਚ ਪਏ ਸਾਰੇ ਲੋਕ ਬਾਹਰ ਨਿਕਲ ਆਉਣਗੇ।’ (ਯੂਹੰਨਾ 5:28, 29) ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਤੇ ਮਜ਼ਬੂਤ ਹੈ।” (ਇਬਰਾਨੀਆਂ 6:19) ਪਰਮੇਸ਼ੁਰ ਨੇ “[ਯਿਸੂ] ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।”​—ਰਸੂਲਾਂ ਦੇ ਕੰਮ 17:31.

      ਪਰ ਹੁਣ ਉਨ੍ਹਾਂ ਲੋਕਾਂ ਨੂੰ ਵੀ ਚਿੰਤਾਵਾਂ ਹੋਣਗੀਆਂ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਢੁਕਵੇਂ ਕਦਮ ਚੁੱਕਣ, ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਜਾਣ ਅਤੇ ਭਵਿੱਖ ਬਾਰੇ ਬਾਈਬਲ ਵਿਚ ਦੱਸੀ ਉਮੀਦ ʼਤੇ ਪੱਕੀ ਨਿਹਚਾ ਕਰਨ ਦੁਆਰਾ ਪੌਲ, ਜੈੱਨਟ ਅਤੇ ਅਲੋਨਾ ਚਿੰਤਾਵਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਰਹੇ ਹਨ। ਸਾਡੀ ਇਹੀ “ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ, ਜਿਸ ਉੱਤੇ ਤੁਸੀਂ ਨਿਹਚਾ ਕਰਦੇ ਹੋ, ਤੁਹਾਨੂੰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ” ਜਿਸ ਤਰ੍ਹਾਂ ਉਸ ਨੇ ਪੌਲ, ਜੈੱਨਟ ਅਤੇ ਅਲੋਨਾ ਨੂੰ ਬਖ਼ਸ਼ੀ।​—ਰੋਮੀਆਂ 15:13.▪(w15-E 07/01)

      ਡਾਕਟਰੀ ਮਦਦ ਬਾਰੇ ਕੀ?

      ਜੇ ਢੁਕਵੇਂ ਕਦਮ ਚੁੱਕਣ ਤੋਂ ਬਾਅਦ ਵੀ ਤੁਸੀਂ ਦੇਖਦੇ ਹੋ ਕਿ ਚਿੰਤਾ ਦੇ ਕਾਰਨ ਤੁਹਾਡੇ ਰੋਜ਼ਮੱਰਾ ਦੇ ਕੰਮਾਂ ਵਿਚ ਰੁਕਾਵਟ ਆ ਰਹੀ ਹੈ, ਤਾਂ ਤੁਸੀਂ ਸ਼ਾਇਦ ਡਾਕਟਰ ਦੀ ਸਲਾਹ ਲੈਣੀ ਚਾਹੋ। ਜੇ ਚਿੰਤਾ ਹੱਦੋਂ ਜ਼ਿਆਦਾ ਵਧ ਜਾਂਦੀ ਹੈ ਜਿਸ ਕਰਕੇ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਜਾਂ ਤਣਾਅ ਪੈਦਾ ਹੋ ਜਾਂਦਾ ਹੈ, ਤਾਂ ਇਹ ਸ਼ਾਇਦ ਕਿਸੇ ਬੀਮਾਰੀ ਦਾ ਸੰਕੇਤ ਹੋਵੇ। ਤੁਹਾਡਾ ਡਾਕਟਰ ਸ਼ਾਇਦ ਪਹਿਲਾਂ ਤੁਹਾਡਾ ਚੈੱਕਅਪ ਕਰੇ ਕਿਉਂਕਿ ਚਿੰਤਾ ਦਾ ਕਾਰਨ ਕਦੇ-ਕਦੇ ਕੋਈ ਬੀਮਾਰੀ ਹੁੰਦੀ ਹੈ। ਇਹ ਪਤਾ ਲੱਗਣ ਤੇ ਡਾਕਟਰ ਸ਼ਾਇਦ ਇਹ ਫ਼ੈਸਲਾ ਕਰਨ ਵਿਚ ਤੁਹਾਡੀ ਮਦਦ ਕਰੇ ਕਿ ਤੁਸੀਂ ਕਿਹੜਾ ਇਲਾਜ ਕਰਵਾ ਸਕਦੇ ਹੋ।a

      a ਇਹ ਰਸਾਲਾ ਇਹ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੋ ਜਿਹਾ ਇਲਾਜ ਕਰਾਉਣਾ ਚਾਹੀਦਾ ਹੈ। ਮਸੀਹੀਆਂ ਨੂੰ ਆਪ ਦੇਖਣਾ ਚਾਹੀਦਾ ਹੈ ਕਿ ਉਹ ਜਿਹੜਾ ਵੀ ਇਲਾਜ ਕਰਾਉਣਗੇ, ਉਹ ਬਾਈਬਲ ਦੇ ਅਸੂਲਾਂ ਦੇ ਉਲਟ ਨਾ ਹੋਵੇ। ਜੁਲਾਈ-ਸਤੰਬਰ 2012 ਦੇ ਜਾਗਰੂਕ ਬਣੋ! ਵਿਚ “ਚਿੰਤਾ ਦੇ ਰੋਗੀਆਂ ਦੀ ਕਿਵੇਂ ਮਦਦ ਕਰੀਏ” ਨਾਂ ਦਾ ਲੇਖ ਵੀ ਦੇਖੋ ਜੋ ਆਨ-ਲਾਈਨ www.pr418.com/pa ʼਤੇ ਉਪਲਬਧ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ