ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ?
    ਪਹਿਰਾਬੁਰਜ—2015 | ਜਨਵਰੀ 1
    • ਇਕ ਆਦਮੀ ਰੱਬ ਬਾਰੇ ਸੋਚਦਾ ਹੋਇਆ

      ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

      ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ?

      “ਰੱਬ ਨਾਲ ਨਜ਼ਦੀਕੀ ਰਿਸ਼ਤਾ ਹੋਣ ਕਰਕੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਤੁਸੀਂ ਕਿਸੇ ਚੀਜ਼ ਦੀ ਕਮੀ ਅਤੇ ਡਾਵਾਂ-ਡੋਲ ਮਹਿਸੂਸ ਨਹੀਂ ਕਰਦੇ। ਇੱਦਾਂ ਲੱਗਦਾ ਹੈ ਕਿ ਰੱਬ ਹਮੇਸ਼ਾ ਤੁਹਾਡੇ ਭਲੇ ਬਾਰੇ ਸੋਚਦਾ ਰਹਿੰਦਾ ਹੈ।”​—ਘਾਨਾ ਤੋਂ ਇਕ ਨੌਜਵਾਨ ਕ੍ਰਿਸਟਫਰ।

      “ਰੱਬ ਤੁਹਾਡੀ ਹਰ ਮੁਸੀਬਤ ਨੂੰ ਦੇਖਦਾ ਹੈ ਤੇ ਤੁਹਾਨੂੰ ਹੋਰ ਵੀ ਪਿਆਰ ਕਰਦਾ ਹੈ ਤੇ ਤੁਹਾਡੇ ਵੱਲ ਜ਼ਿਆਦਾ ਧਿਆਨ ਦਿੰਦਾ ਜਿੰਨੀ ਤੁਹਾਨੂੰ ਉਮੀਦ ਵੀ ਨਹੀਂ ਹੁੰਦੀ।”​—ਅਲਾਸਕਾ, ਅਮਰੀਕਾ ਤੋਂ 13 ਸਾਲਾਂ ਦੀ ਹਾਨਾ।

      “ਤੁਹਾਨੂੰ ਇਹ ਜਾਣ ਕੇ ਕਿੰਨਾ ਸਕੂਨ ਮਿਲਦਾ ਹੈ ਕਿ ਰੱਬ ਨਾਲ ਤੁਹਾਡਾ ਕਰੀਬੀ ਰਿਸ਼ਤਾ ਹੈ!”​—ਜਮੈਕਾ ਤੋਂ 45 ਕੁ ਸਾਲ ਦੀ ਔਰਤ ਜੀਨਾ।

      ਕ੍ਰਿਸਟਫਰ, ਹਾਨਾ ਅਤੇ ਜੀਨਾ ਹੀ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ। ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਰੱਬ ਉਨ੍ਹਾਂ ਨੂੰ ਆਪਣੇ ਦੋਸਤ ਸਮਝਦਾ ਹੈ। ਤੁਹਾਡੇ ਬਾਰੇ ਕੀ? ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ? ਜਾਂ ਕੀ ਤੁਸੀਂ ਉਸ ਦੇ ਨੇੜੇ ਜਾਂ ਹੋਰ ਨੇੜੇ ਜਾਣਾ ਚਾਹੁੰਦੇ ਹੋ? ਸ਼ਾਇਦ ਤੁਸੀਂ ਸੋਚੋ: ‘ਕੀ ਮਾਮੂਲੀ ਜਿਹੇ ਇਨਸਾਨਾਂ ਲਈ ਸਰਬਸ਼ਕਤੀਮਾਨ ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ ਹੈ? ਜੇ ਹਾਂ, ਤਾਂ ਕਿਵੇਂ?’

      ਰੱਬ ਦੇ ਨੇੜੇ ਜਾਣਾ ਮੁਮਕਿਨ ਹੈ

      ਬਾਈਬਲ ਮੁਤਾਬਕ ਰੱਬ ਨਾਲ ਕਰੀਬੀ ਰਿਸ਼ਤਾ ਜੋੜਨਾ ਮੁਮਕਿਨ ਹੈ। ਬਾਈਬਲ ਦੱਸਦੀ ਹੈ ਕਿ ਰੱਬ ਨੇ ਇਕ ਇਬਰਾਨੀ ਪੂਰਵਜ ਅਬਰਾਹਾਮ ਨੂੰ ‘ਮੇਰਾ ਦੋਸਤ’ ਕਿਹਾ ਸੀ। (ਯਸਾਯਾਹ 41:8) ਯਾਕੂਬ 4:8 ਵਿਚ ਦਿੱਤੇ ਨਿੱਘੇ ਸੱਦੇ ਵੱਲ ਵੀ ਧਿਆਨ ਦਿਓ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਨਾਲ ਕਰੀਬੀ ਰਿਸ਼ਤਾ ਜੋੜਨਾ ਜਾਂ ਦੋਸਤੀ ਕਰਨੀ ਮੁਮਕਿਨ ਹੈ। ਪਰ ਰੱਬ ਨੂੰ ਤਾਂ ਦੇਖਿਆ ਨਹੀਂ ਜਾ ਸਕਦਾ, ਫਿਰ ਅਸੀਂ ਕਿਵੇਂ ਉਸ ਦੇ “ਨੇੜੇ” ਜਾ ਸਕਦੇ ਹਾਂ ਤੇ ਉਸ ਨਾਲ ਚੰਗੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਾਂ?

      ਇਸ ਸਵਾਲ ਦਾ ਜਵਾਬ ਜਾਣਨ ਲਈ ਧਿਆਨ ਦਿਓ ਕਿ ਇਨਸਾਨਾਂ ਵਿਚ ਦੋਸਤੀ ਕਿਵੇਂ ਹੁੰਦੀ ਹੈ। ਦੋ ਇਨਸਾਨਾਂ ਦੀ ਦੋਸਤੀ ਅਕਸਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਇਕ-ਦੂਜੇ ਦਾ ਨਾਂ ਪੁੱਛਦੇ ਹਨ। ਫਿਰ ਜਦੋਂ ਉਹ ਬਾਕਾਇਦਾ ਇਕ-ਦੂਜੇ ਨਾਲ ਗੱਲਾਂ ਕਰਦੇ ਹਨ ਅਤੇ ਆਪਣੇ ਵਿਚਾਰ ਤੇ ਭਾਵਨਾਵਾਂ ਇਕ-ਦੂਜੇ ਨਾਲ ਸਾਂਝੀਆਂ ਕਰਦੇ ਹਨ, ਤਾਂ ਉਨ੍ਹਾਂ ਦੀ ਦੋਸਤੀ ਵਧਦੀ ਹੈ। ਨਾਲੇ ਜਦੋਂ ਉਹ ਇਕ-ਦੂਜੇ ਲਈ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦੀ ਦੋਸਤੀ ਪੱਕੀ ਹੁੰਦੀ ਹੈ। ਇਹੀ ਗੱਲ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਬਾਰੇ ਵੀ ਕਹੀ ਜਾ ਸਕਦੀ ਹੈ। ਆਓ ਆਪਾਂ ਦੇਖੀਏ ਕਿਵੇਂ। (w14-E 12/01)

  • ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ ਤੇ ਇਹ ਨਾਂ ਲੈਂਦੇ ਹੋ?
    ਪਹਿਰਾਬੁਰਜ—2015 | ਜਨਵਰੀ 1
    • ਦੋ ਆਦਮੀ ਇਕ-ਦੂਜੇ ਦਾ ਨਾਂ ਪੁੱਛਦੇ ਹੋਏ

      ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

      ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ ਤੇ ਇਹ ਨਾਂ ਲੈਂਦੇ ਹੋ?

      ਕੀ ਤੁਸੀਂ ਆਪਣੇ ਕਿਸੇ ਪੱਕੇ ਦੋਸਤ ਬਾਰੇ ਸੋਚ ਸਕਦੇ ਹੋ ਜਿਸ ਦਾ ਨਾਂ ਤੁਸੀਂ ਨਹੀਂ ਜਾਣਦੇ? ਬਿਲਕੁਲ ਨਹੀਂ। ਇਕ ਬਲਗੇਰੀਅਨ ਤੀਵੀਂ ਈਰੀਨਾ ਨੇ ਠੀਕ ਹੀ ਕਿਹਾ: “ਰੱਬ ਦੇ ਨੇੜੇ ਜਾਣਾ ਨਾਮੁਮਕਿਨ ਹੈ ਜੇ ਅਸੀਂ ਉਸ ਦਾ ਨਾਂ ਨਹੀਂ ਜਾਣਦੇ।” ਖ਼ੁਸ਼ੀ ਦੀ ਗੱਲ ਹੈ ਕਿ ਰੱਬ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਜਾਓ ਜਿਸ ਤਰ੍ਹਾਂ ਆਪਾਂ ਪਹਿਲੇ ਲੇਖ ਵਿਚ ਦੇਖਿਆ ਸੀ। ਇਸ ਲਈ ਬਾਈਬਲ ਦੇ ਜ਼ਰੀਏ ਉਸ ਨੇ ਇਹ ਕਹਿ ਕੇ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਾਈ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”​—ਯਸਾਯਾਹ 42:8.

      ਬਾਈਬਲ ਦੇ ਜ਼ਰੀਏ ਉਸ ਨੇ ਇਹ ਕਹਿ ਕੇ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਾਈ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”​—ਯਸਾਯਾਹ 42:8

      ਕੀ ਯਹੋਵਾਹ ਨੂੰ ਇਸ ਗੱਲ ਨਾਲ ਫ਼ਰਕ ਪੈਂਦਾ ਹੈ ਕਿ ਤੁਸੀਂ ਉਸ ਦਾ ਨਾਂ ਜਾਣਦੇ ਹੋ ਕਿ ਨਹੀਂ ਤੇ ਇਹ ਨਾਂ ਲੈਂਦੇ ਹੋ ਕਿ ਨਹੀਂ? ਗੌਰ ਕਰੋ: ਇਹ ਨਾਂ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਜਾਂਦਾ ਸੀ ਜਿਸ ਨੂੰ ਅੱਜ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ। ਮੁਢਲੇ ਇਬਰਾਨੀ ਸ਼ਾਸਤਰ ਵਿਚ ਇਹ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਬਾਈਬਲ ਵਿਚ ਹੋਰ ਨਾਵਾਂ ਨਾਲੋਂ ਇਹ ਨਾਂ ਕਿਤੇ ਜ਼ਿਆਦਾ ਵਾਰ ਪਾਇਆ ਜਾਂਦਾ ਹੈ। ਵਾਕਈ, ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਤੇ ਇਹ ਨਾਂ ਲਈਏ।a

      ਦੋ ਇਨਸਾਨਾਂ ਦੀ ਦੋਸਤੀ ਅਕਸਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਇਕ-ਦੂਜੇ ਦਾ ਨਾਂ ਪੁੱਛਦੇ ਹਨ। ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ?

      ਪਰ ਸ਼ਾਇਦ ਕੁਝ ਲੋਕ ਸੋਚਣ ਕਿ ਰੱਬ ਪਵਿੱਤਰ ਅਤੇ ਸਰਬਸ਼ਕਤੀਮਾਨ ਹੈ, ਇਸ ਲਈ ਉਸ ਦਾ ਨਾਂ ਲੈਣਾ ਨਿਰਾਦਰੀ ਦੀ ਗੱਲ ਹੈ। ਇਹ ਸੱਚ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਪੱਕੇ ਦੋਸਤ ਦਾ ਨਾਂ ਐਵੇਂ ਹੀ ਨਹੀਂ ਲੈਂਦੇ, ਉਸੇ ਤਰ੍ਹਾਂ ਰੱਬ ਦਾ ਨਾਂ ਵਿਅਰਥ ਲੈਣਾ ਗ਼ਲਤ ਹੈ। ਪਰ ਯਹੋਵਾਹ ਦੀ ਇੱਛਾ ਹੈ ਕਿ ਉਸ ਨੂੰ ਪਿਆਰ ਕਰਨ ਵਾਲੇ ਉਸ ਦੇ ਨਾਂ ਦਾ ਆਦਰ ਕਰਨ ਅਤੇ ਇਸ ਬਾਰੇ ਦੂਜਿਆਂ ਨੂੰ ਦੱਸਣ। (ਜ਼ਬੂਰਾਂ ਦੀ ਪੋਥੀ 69:30, 31; 96:2, 8) ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” ਅਸੀਂ ਇਸ ਨਾਂ ਬਾਰੇ ਦੂਜਿਆਂ ਨੂੰ ਦੱਸ ਕੇ ਰੱਬ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਹਿੱਸਾ ਪਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ।​—ਮੱਤੀ 6:9.

      ਬਾਈਬਲ ਦੱਸਦੀ ਹੈ ਕਿ ਰੱਬ “ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ” ਵੱਲ ਖ਼ਾਸ ਧਿਆਨ ਦਿੰਦਾ ਹੈ। (ਮਲਾਕੀ 3:16) ਇਸ ਤਰ੍ਹਾਂ ਦੇ ਇਨਸਾਨ ਨਾਲ ਯਹੋਵਾਹ ਵਾਅਦਾ ਕਰਦਾ ਹੈ: “ਮੈਂ ਉਹ ਨੂੰ ਛੁਡਾਵਾਂਗਾ, . . . ਉਹ ਨੇ ਮੇਰਾ ਨਾਮ ਜੋ ਜਾਤਾ ਹੈ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ।” (ਜ਼ਬੂਰਾਂ ਦੀ ਪੋਥੀ 91:14, 15) ਜੇ ਅਸੀਂ ਯਹੋਵਾਹ ਨਾਲ ਕਰੀਬੀ ਰਿਸ਼ਤੇ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਤਾਂ ਉਸ ਦਾ ਨਾਂ ਜਾਣਨਾ ਤੇ ਇਹ ਨਾਂ ਲੈਣਾ ਬਹੁਤ ਜ਼ਰੂਰੀ ਹੈ। (w14-E 12/01)

      a ਅਫ਼ਸੋਸ ਦੀ ਗੱਲ ਹੈ ਕਿ ਬਾਈਬਲ ਦੇ ਕਈ ਤਰਜਮਿਆਂ ਵਿੱਚੋਂ ਰੱਬ ਦਾ ਨਾਂ ਕੱਢ ਦਿੱਤਾ ਗਿਆ, ਭਾਵੇਂ ਕਿ ਇਹ ਨਾਂ ਇਬਰਾਨੀ ਲਿਖਤਾਂ ਵਿਚ ਬਹੁਤ ਵਾਰੀ ਆਉਂਦਾ ਹੈ ਜਿਨ੍ਹਾਂ ਨੂੰ ਪੁਰਾਣਾ ਨੇਮ ਕਿਹਾ ਜਾਂਦਾ ਹੈ। ਇਸ ਦੀ ਬਜਾਇ, ਉਨ੍ਹਾਂ ਨੇ ਰੱਬ ਦੇ ਨਾਂ ਦੀ ਜਗ੍ਹਾ “ਪ੍ਰਭੂ” ਜਾਂ “ਪਰਮੇਸ਼ੁਰ” ਪਾਇਆ ਹੈ। ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਸਫ਼ੇ 195-197 ਦੇਖੋ।

  • ਕੀ ਤੁਸੀਂ ਰੱਬ ਨਾਲ ਗੱਲ ਕਰਦੇ ਹੋ?
    ਪਹਿਰਾਬੁਰਜ—2015 | ਜਨਵਰੀ 1
    • ਇਕ ਆਦਮੀ ਆਪਣੇ ਦੋਸਤ ਨਾਲ ਫ਼ੋਨ ’ਤੇ ਗੱਲ ਕਰਦਾ ਹੋਇਆ

      ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

      ਕੀ ਤੁਸੀਂ ਰੱਬ ਨਾਲ ਗੱਲ ਕਰਦੇ ਹੋ?

      ਪੱਕੇ ਦੋਸਤ ਆਪਣੇ ਹਾਲਾਤਾਂ ਮੁਤਾਬਕ ਆਹਮੋ-ਸਾਮ੍ਹਣੇ ਜਾਂ ਫ਼ੋਨ, ਈ-ਮੇਲ, ਵੀਡੀਓ ਜਾਂ ਚਿੱਠੀ ਰਾਹੀਂ ਇਕ-ਦੂਜੇ ਨਾਲ ਗੱਲ ਕਰਦੇ ਹਨ। ਇਸੇ ਤਰ੍ਹਾਂ ਰੱਬ ਦੇ ਨੇੜੇ ਜਾਣ ਲਈ ਸਾਨੂੰ ਵੀ ਉਸ ਨਾਲ ਰੋਜ਼ ਗੱਲ ਕਰਨ ਦੀ ਲੋੜ ਹੈ। ਪਰ ਇਹ ਗੱਲ ਕਿਵੇਂ ਕੀਤੀ ਜਾਂਦੀ ਹੈ?

      ਅਸੀਂ ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਨਾਲ ਗੱਲ ਕਰ ਸਕਦੇ ਹਾਂ। ਪਰ ਯਹੋਵਾਹ ਨੂੰ ਅਸੀਂ ਉਸ ਤਰੀਕੇ ਨਾਲ ਪ੍ਰਾਰਥਨਾ ਨਹੀਂ ਕਰਦੇ ਜਿਸ ਤਰ੍ਹਾਂ ਅਸੀਂ ਆਪਣੇ ਦੋਸਤਾਂ ਨਾਲ ਇੱਧਰ-ਉੱਧਰ ਦੀਆਂ ਗੱਲਾਂ ਮਾਰਦੇ ਹਾਂ। ਸਾਨੂੰ ਇਹ ਗੱਲ ਮੰਨਣ ਦੀ ਲੋੜ ਹੈ ਕਿ ਪ੍ਰਾਰਥਨਾ ਕਰਦਿਆਂ ਅਸੀਂ ਬ੍ਰਹਿਮੰਡ ਦੇ ਸਿਰਜਣਹਾਰ ਤੇ ਅੱਤ ਮਹਾਨ ਰੱਬ ਨਾਲ ਗੱਲ ਕਰ ਰਹੇ ਹੁੰਦੇ ਹਾਂ। ਇਸ ਕਰਕੇ ਸਾਨੂੰ ਗਹਿਰੇ ਆਦਰ ਤੇ ਸ਼ਰਧਾ ਨਾਲ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੁਝ ਮੰਗਾਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਵਿੱਚੋਂ ਤਿੰਨ ਮੰਗਾਂ ਅੱਗੇ ਦੱਸੀਆਂ ਗਈਆਂ ਹਨ।

      ਪਹਿਲੀ, ਪ੍ਰਾਰਥਨਾਵਾਂ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਨਾ ਕਿ ਯਿਸੂ, ਕਿਸੇ “ਸੰਤ” ਜਾਂ ਮੂਰਤ ਨੂੰ। (ਕੂਚ 20:4, 5) ਬਾਈਬਲ ਸਾਫ਼ ਕਹਿੰਦੀ ਹੈ: “ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।” (ਫ਼ਿਲਿੱਪੀਆਂ 4:6) ਦੂਜੀ, ਪ੍ਰਾਰਥਨਾਵਾਂ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਰਾਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਯਿਸੂ ਨੇ ਆਪ ਕਿਹਾ ਸੀ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਤੀਜੀ, ਸਾਡੀਆਂ ਪ੍ਰਾਰਥਨਾਵਾਂ ਰੱਬ ਦੀ ਇੱਛਾ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਬਾਈਬਲ ਦੱਸਦੀ ਹੈ: “ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”a​—1 ਯੂਹੰਨਾ 5:14.

      ਦੋ ਪੱਕੇ ਦੋਸਤ ਅਕਸਰ ਆਪਸ ਵਿਚ ਗੱਲਬਾਤ ਕਰਨ ਦਾ ਮਜ਼ਾ ਲੈਂਦੇ ਹਨ

      ਜੇ ਇਕ ਜਣਾ ਹੀ ਗੱਲਾਂ ਕਰੀ ਜਾਵੇ, ਤਾਂ ਪੱਕੀ ਦੋਸਤੀ ਜ਼ਿਆਦਾ ਚਿਰ ਤਕ ਨਹੀਂ ਰਹੇਗੀ। ਜਿਸ ਤਰ੍ਹਾਂ ਦੋ ਦੋਸਤ ਆਪਸ ਵਿਚ ਗੱਲਬਾਤ ਕਰਨ ਦਾ ਮਜ਼ਾ ਲੈਂਦੇ ਹਨ, ਉਸੇ ਤਰ੍ਹਾਂ ਸਾਨੂੰ ਵੀ ਰੱਬ ਨੂੰ ਗੱਲ ਕਰਨ ਦੇਣੀ ਚਾਹੀਦੀ ਹੈ ਅਤੇ ਜਦੋਂ ਉਹ ਸਾਡੇ ਨਾਲ ਗੱਲ ਕਰਦਾ ਹੈ, ਤਾਂ ਸਾਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ। ਕੀ ਤੁਹਾਨੂੰ ਪਤਾ ਕਿ ਉਹ ਸਾਡੇ ਨਾਲ ਕਿਵੇਂ ਗੱਲ ਕਰਦਾ ਹੈ?

      ਅੱਜ ਯਹੋਵਾਹ ਪਰਮੇਸ਼ੁਰ ਸਾਡੇ ਨਾਲ ਆਪਣੇ ਬਚਨ ਬਾਈਬਲ ਦੇ ਜ਼ਰੀਏ “ਗੱਲ” ਕਰਦਾ ਹੈ। (2 ਤਿਮੋਥਿਉਸ 3:16, 17) ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਮਿਸਾਲ ਲਈ, ਮੰਨ ਲਓ ਕਿ ਤੁਹਾਨੂੰ ਆਪਣੇ ਜਿਗਰੀ ਦੋਸਤ ਤੋਂ ਚਿੱਠੀ ਮਿਲਦੀ ਹੈ। ਚਿੱਠੀ ਪੜ੍ਹਨ ਤੋਂ ਬਾਅਦ ਤੁਸੀਂ ਸ਼ਾਇਦ ਖ਼ੁਸ਼ੀ ਦੇ ਮਾਰੇ ਦੂਜਿਆਂ ਨੂੰ ਦੱਸੋ, “ਮੇਰੇ ਦੋਸਤ ਨੇ ਇਹ ਕਿਹਾ ਹੈ, ਉਹ ਕਿਹਾ ਹੈ!” ਤੁਹਾਡੇ ਦੋਸਤ ਨੇ ਤੁਹਾਡੇ ਨਾਲ ਆਹਮੋ-ਸਾਮ੍ਹਣੇ ਗੱਲ ਨਹੀਂ ਕੀਤੀ, ਸਗੋਂ ਚਿੱਠੀ ਰਾਹੀਂ ਕੀਤੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਤੁਸੀਂ ਯਹੋਵਾਹ ਨੂੰ ਆਪਣੇ ਨਾਲ ਗੱਲ ਕਰਨ ਦਿੰਦੇ ਹੋ। ਇਸ ਲਈ ਪਹਿਲੇ ਲੇਖ ਵਿਚ ਜ਼ਿਕਰ ਕੀਤੀ ਜੀਨਾ ਕਹਿੰਦੀ ਹੈ, “ਮੇਰੇ ਖ਼ਿਆਲ ਨਾਲ ਜੇ ਮੈਂ ਚਾਹੁੰਦੀ ਹਾਂ ਕਿ ਰੱਬ ਮੈਨੂੰ ਆਪਣੀ ਦੋਸਤ ਸਮਝੇ, ਤਾਂ ਮੈਨੂੰ ਉਸ ਤੋਂ ਆਈ ‘ਚਿੱਠੀ’ ਯਾਨੀ ਬਾਈਬਲ ਦੀ ਜਾਂਚ ਕਰਨੀ ਚਾਹੀਦੀ ਹੈ।” ਉਹ ਅੱਗੇ ਕਹਿੰਦੀ ਹੈ, “ਰੋਜ਼ ਬਾਈਬਲ ਪੜ੍ਹਨ ਕਰਕੇ ਮੈਂ ਉਸ ਦੇ ਹੋਰ ਵੀ ਨੇੜੇ ਹੋਈ ਹਾਂ।” ਕੀ ਤੁਸੀਂ ਰੋਜ਼ ਯਹੋਵਾਹ ਦਾ ਬਚਨ ਬਾਈਬਲ ਪੜ੍ਹ ਕੇ ਉਸ ਨੂੰ ਆਪਣੇ ਨਾਲ ਗੱਲ ਕਰਨ ਦਿੰਦੇ ਹੋ? ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਸ ਦੇ ਹੋਰ ਨੇੜੇ ਜਾਣ ਵਿਚ ਮਦਦ ਮਿਲੇਗੀ। (w14-E 12/01)

      a ਪ੍ਰਾਰਥਨਾ ਰਾਹੀਂ ਰੱਬ ਦੇ ਨੇੜੇ ਕਿਵੇਂ ਜਾਈਏ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 17ਵਾਂ ਅਧਿਆਇ ਦੇਖੋ।

  • ਕੀ ਤੁਸੀਂ ਉਹ ਕੰਮ ਕਰਦੇ ਹੋ ਜੋ ਰੱਬ ਕਰਨ ਨੂੰ ਕਹਿੰਦਾ ਹੈ?
    ਪਹਿਰਾਬੁਰਜ—2015 | ਜਨਵਰੀ 1
    • ਇਕ ਆਦਮੀ ਚੀਜ਼ਾਂ ਚੁੱਕਣ ਵਿਚ ਔਰਤ ਦੀ ਮਦਦ ਕਰਦਾ ਹੋਇਆ

      ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

      ਕੀ ਤੁਸੀਂ ਉਹ ਕੰਮ ਕਰਦੇ ਹੋ ਜੋ ਰੱਬ ਕਰਨ ਨੂੰ ਕਹਿੰਦਾ ਹੈ?

      “ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ, ਬਸ ਮੈਨੂੰ ਦੱਸੋ ਤੇ ਮੈਂ ਤੁਹਾਡੇ ਲਈ ਉਹ ਕਰਨ ਨੂੰ ਤਿਆਰ ਹਾਂ।” ਤੁਸੀਂ ਇਹ ਗੱਲ ਉਸ ਵਿਅਕਤੀ ਨੂੰ ਨਹੀਂ ਕਹੋਗੇ ਜਿਸ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ ਜਾਂ ਮਾੜਾ-ਮੋਟਾ ਹੀ ਜਾਣਦੇ ਹੋ। ਪਰ ਤੁਸੀਂ ਇਹ ਗੱਲ ਆਪਣੇ ਜਿਗਰੀ ਦੋਸਤ ਨੂੰ ਜ਼ਰੂਰ ਕਹੋਗੇ। ਪੱਕੇ ਦੋਸਤ ਇਕ-ਦੂਜੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਭਾਵੇਂ ਉਹ ਜੋ ਮਰਜ਼ੀ ਕਰਨ ਨੂੰ ਕਹਿਣ।

      ਬਾਈਬਲ ਦੱਸਦੀ ਹੈ ਕਿ ਯਹੋਵਾਹ ਲਗਾਤਾਰ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰਕੇ ਉਸ ਨੂੰ ਪਤਾ ਹੈ ਕਿ ਉਸ ਦੇ ਭਗਤਾਂ ਨੂੰ ਖ਼ੁਸ਼ੀ ਮਿਲੇਗੀ। ਮਿਸਾਲ ਲਈ, ਰਾਜਾ ਦਾਊਦ, ਜਿਸ ਦਾ ਰੱਬ ਨਾਲ ਨਜ਼ਦੀਕੀ ਰਿਸ਼ਤਾ ਸੀ, ਨੇ ਕਿਹਾ ਸੀ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, . . . ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂਰਾਂ ਦੀ ਪੋਥੀ 40:5) ਇਸ ਤੋਂ ਇਲਾਵਾ, ਜਿਹੜੇ ਲੋਕ ਯਹੋਵਾਹ ਨੂੰ ਨਹੀਂ ਜਾਣਦੇ, ਉਨ੍ਹਾਂ ਲੋਕਾਂ ਲਈ ਵੀ ਉਹ ਅਜਿਹੇ ਕੰਮ ਕਰਦਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਉਹ ਉਨ੍ਹਾਂ ਨੂੰ ‘ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੰਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ।’​—ਰਸੂਲਾਂ ਦੇ ਕੰਮ 14:17.

      ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਲਈ ਉਹ ਕੰਮ ਕਰਾਂਗੇ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ ਤੇ ਜਿਨ੍ਹਾਂ ਦਾ ਆਦਰ ਕਰਦੇ ਹਾਂ

      ਯਹੋਵਾਹ ਖ਼ੁਸ਼ੀ ਨਾਲ ਉਹ ਕੰਮ ਕਰਦਾ ਹੈ ਜਿਨ੍ਹਾਂ ਤੋਂ ਦੂਜਿਆਂ ਨੂੰ ਖ਼ੁਸ਼ੀ ਮਿਲਦੀ ਹੈ, ਇਸ ਲਈ ਜਿਹੜੇ ਲੋਕ ਰੱਬ ਦੇ ਦੋਸਤ ਬਣਨਾ ਚਾਹੁੰਦੇ ਹਨ, ਉਨ੍ਹਾਂ ਤੋਂ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਉਹ ਵੀ ਉਸ ਦੇ “ਜੀ ਨੂੰ ਅਨੰਦ” ਕਰਨ ਵਾਲੇ ਕੰਮ ਕਰਨ। (ਕਹਾਉਤਾਂ 27:11) ਰੱਬ ਨੂੰ ਖ਼ੁਸ਼ ਕਰਨ ਲਈ ਤੁਸੀਂ ਕਿਹੜੇ ਖ਼ਾਸ ਕੰਮ ਕਰ ਸਕਦੇ ਹੋ? ਬਾਈਬਲ ਜਵਾਬ ਦਿੰਦੀ ਹੈ: “ਭਲਾ ਕਰਨਾ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।” (ਇਬਰਾਨੀਆਂ 13:16) ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਭਲਾ ਕਰਨਾ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਹੀ ਕਾਫ਼ੀ ਹਨ?

      ਬਾਈਬਲ ਕਹਿੰਦੀ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (ਇਬਰਾਨੀਆਂ 11:6) ਦਿਲਚਸਪੀ ਦੀ ਗੱਲ ਹੈ ਕਿ ‘ਅਬਰਾਹਾਮ ਦੇ ਯਹੋਵਾਹ ਉੱਤੇ ਨਿਹਚਾ ਰੱਖਣ’ ਤੋਂ ਬਾਅਦ ਹੀ “ਉਹ ‘ਯਹੋਵਾਹ ਦਾ ਦੋਸਤ’ ਕਹਾਇਆ ਗਿਆ।” (ਯਾਕੂਬ 2:23) ਯਿਸੂ ਮਸੀਹ ਨੇ ਵੀ ‘ਪਰਮੇਸ਼ੁਰ ਉੱਤੇ ਨਿਹਚਾ ਕਰਨ’ ਦੀ ਲੋੜ ʼਤੇ ਜ਼ੋਰ ਦਿੱਤਾ ਸੀ ਤਾਂਕਿ ਅਸੀਂ ਰੱਬ ਤੋਂ ਬਰਕਤਾਂ ਪਾ ਸਕੀਏ। (ਯੂਹੰਨਾ 14:1) ਤਾਂ ਫਿਰ ਤੁਸੀਂ ਅਜਿਹੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ ਜੋ ਰੱਬ ਉਨ੍ਹਾਂ ਲੋਕਾਂ ਵਿਚ ਦੇਖਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਵੱਲ ਖਿੱਚਦਾ ਹੈ? ਤੁਸੀਂ ਰੱਬ ਦੇ ਬਚਨ ਬਾਈਬਲ ਨੂੰ ਬਾਕਾਇਦਾ ਪੜ੍ਹ ਕੇ ਨਿਹਚਾ ਪੈਦਾ ਕਰਨੀ ਸ਼ੁਰੂ ਕਰ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ “ਉਸ ਦੀ ਇੱਛਾ ਦੇ ਸਹੀ ਗਿਆਨ” ਨੂੰ ਹਾਸਲ ਕਰੋਗੇ ਅਤੇ ਸਿੱਖੋਗੇ ਕਿ ‘ਉਸ ਨੂੰ ਖ਼ੁਸ਼’ ਕਿਵੇਂ ਕਰਨਾ ਹੈ। ਫਿਰ ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਬਾਰੇ ਸਹੀ ਗਿਆਨ ਲੈਂਦੇ ਜਾਓਗੇ ਅਤੇ ਉਸ ਦੀਆਂ ਮੰਗਾਂ ਨੂੰ ਪੂਰਾ ਕਰੋਗੇ, ਉੱਦਾਂ-ਉੱਦਾਂ ਉਸ ʼਤੇ ਤੁਹਾਡੀ ਨਿਹਚਾ ਵਧੇਗੀ ਅਤੇ ਉਹ ਹੋਰ ਵੀ ਤੁਹਾਡੇ ਨੇੜੇ ਆਵੇਗਾ।​—ਕੁਲੁੱਸੀਆਂ 1:9, 10. (w14-E 12/01)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ