ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜੀਉਣ ਦਾ ਕੀ ਫ਼ਾਇਦਾ?
    ਜਾਗਰੂਕ ਬਣੋ!—2014 | ਮਈ
    • ਇਕ ਦੁਖੀ ਆਦਮੀ ਖ਼ੁਦਕੁਸ਼ੀ ਕਰਨ ਬਾਰੇ ਸੋਚਦਾ ਹੋਇਆ

      ਮੁੱਖ ਪੰਨੇ ਤੋਂ

      ਜੀਉਣ ਦਾ ਕੀ ਫ਼ਾਇਦਾ?

      ਜੇ ਤੁਸੀਂ ਦੀਪਾa ਨੂੰ ਮਿਲੋ, ਤਾਂ ਉਹ ਇਕ ਹੁਸ਼ਿਆਰ, ਖ਼ੁਸ਼ਮਿਜ਼ਾਜ ਤੇ ਮਿਲਣਸਾਰ ਕੁੜੀ ਹੈ। ਪਰ ਉਹ ਦਿਲ ਦੇ ਧੁਰ ਅੰਦਰੋਂ ਖ਼ੁਦ ਨੂੰ ਕਿਸੇ ਦੇ ਲਾਇਕ ਨਹੀਂ ਸਮਝਦੀ। ਉਹ ਕਹਿੰਦੀ ਹੈ: “ਮੇਰੇ ਮਨ ਵਿਚ ਰੋਜ਼ ਖ਼ਿਆਲ ਆਉਂਦਾ ਕਿ ਮੈਂ ਮਰ ਜਾਵਾਂ। ਮੇਰੇ ਮਰਨ ਨਾਲ ਧਰਤੀ ਦਾ ਭਾਰ ਹੌਲਾ ਹੋ ਜਾਵੇਗਾ।”

      ਭਾਰਤ ਦੀ ਇਕ ਅਖ਼ਬਾਰ ਮੁਤਾਬਕ “ਹਰ ਘੰਟੇ ਲਗਭਗ 15 ਲੋਕ ਖ਼ੁਦਕੁਸ਼ੀ ਕਰਦੇ ਹਨ। ਸਾਲ 2012 ਵਿਚ 1,35,000 ਲੋਕਾਂ ਨੇ ਆਤਮ-ਹੱਤਿਆ ਕੀਤੀ। ਪਰ ਜਿਨ੍ਹਾਂ ਲੋਕਾਂ ਨੇ ਸਿਰਫ਼ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਇਸ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਗਿਆ।”​—ਦ ਹਿੰਦੂ, ਭਾਰਤ।

      ਦੀਪਾ ਕਹਿੰਦੀ ਹੈ ਕਿ ਉਹ ਖ਼ੁਦਕੁਸ਼ੀ ਨਹੀਂ ਕਰੇਗੀ। ਫਿਰ ਵੀ ਕਦੇ-ਕਦੇ ਉਸ ਨੂੰ ਲੱਗਦਾ ਹੈ ਕਿ ਜੀਣ ਨਾਲੋਂ ਬਿਹਤਰ ਹੈ ਮਰ ਜਾਣਾ। ਉਹ ਕਹਿੰਦੀ ਹੈ: “ਮੈਂ ਚਾਹੁੰਦੀ ਹਾਂ ਕਿ ਕਾਸ਼ ਮੇਰਾ ਐਕਸੀਡੈਂਟ ਹੋ ਜਾਵੇ ਤੇ ਮੈਂ ਮਰ ਜਾਵਾਂ! ਮੌਤ ਮੇਰੀ ਦੁਸ਼ਮਣ ਨਹੀਂ, ਸਗੋਂ ਦੋਸਤ ਹੈ।”

      ਸ਼ਾਇਦ ਕਈ ਲੋਕ ਦੀਪਾ ਦੀਆਂ ਗੱਲਾਂ ਨਾਲ ਸਹਿਮਤ ਹੋਣ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਆਤਮ-ਹੱਤਿਆ ਕਰਨ ਬਾਰੇ ਸੋਚਿਆ ਹੋਵੇ ਜਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ। ਮਾਹਰ ਦੱਸਦੇ ਹਨ ਕਿ ਜ਼ਿਆਦਾਤਰ ਲੋਕ ਜੋ ਆਪਣੀ ਜ਼ਿੰਦਗੀ ਖ਼ਤਮ ਕਰਨੀ ਚਾਹੁੰਦੇ ਹਨ, ਉਹ ਅਸਲ ਵਿਚ ਮਰਨਾ ਨਹੀਂ ਚਾਹੁੰਦੇ, ਸਗੋਂ ਸਿਰਫ਼ ਆਪਣੇ ਦੁੱਖਾਂ-ਤਕਲੀਫ਼ਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਸੋ ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਉਹ ਮੰਨਦੇ ਹਨ ਕਿ ਉਨ੍ਹਾਂ ਕੋਲ ਜੀਣ ਦੀ ਕੋਈ ਵਜ੍ਹਾ ਨਹੀਂ। ਜਦਕਿ ਉਨ੍ਹਾਂ ਨੂੰ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਕੋਲ ਜ਼ਿੰਦਗੀ ਜੀਉਣ ਦੇ ਕਾਰਨ ਹਨ।

      ਜੀਉਣ ਦਾ ਕੀ ਫ਼ਾਇਦਾ? ਜੀਉਂਦੇ ਰਹਿਣ ਦੇ ਤਿੰਨ ਕਾਰਨਾਂ ʼਤੇ ਗੌਰ ਕਰੋ। (g14 04-E)

      ਗ਼ਲਤ: ਖ਼ੁਦਕੁਸ਼ੀ ਬਾਰੇ ਗੱਲ ਕਰਨ ਜਾਂ ਇਸ ਦਾ ਜ਼ਿਕਰ ਕਰਨ ਨਾਲ ਲੋਕ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ।

      ਸੱਚ: ਜੇ ਕੋਈ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਹੈ, ਤਾਂ ਉਸ ਨਾਲ ਇਸ ਵਿਸ਼ੇ ʼਤੇ ਖੁੱਲ੍ਹ ਕੇ ਗੱਲ ਕਰਨ ਨਾਲ ਉਸ ਦੀ ਮਦਦ ਹੋ ਸਕਦੀ ਹੈ। ਸ਼ਾਇਦ ਇੱਦਾਂ ਉਹ ਆਪਣੀਆਂ ਮੁਸ਼ਕਲਾਂ ਦਾ ਕੋਈ ਹੋਰ ਹੱਲ ਲੱਭੇ।

      a ਨਾਂ ਬਦਲੇ ਗਏ ਹਨ।

  • 1 ਕਿਉਂਕਿ ਹਾਲਾਤ ਬਦਲ ਜਾਂਦੇ ਹਨ
    ਜਾਗਰੂਕ ਬਣੋ!—2014 | ਮਈ
    • ਮੁੱਖ ਪੰਨੇ ਤੋਂ | ਜੀਉਣ ਦਾ ਕੀ ਫ਼ਾਇਦਾ?

      1 ਕਿਉਂਕਿ ਹਾਲਾਤ ਬਦਲ ਜਾਂਦੇ ਹਨ

      “ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਤਾਂ ਹਾਂ, ਪਰ ਪੂਰੀ ਤਰ੍ਹਾਂ ਫਸੇ ਹੋਏ ਨਹੀਂ ਹਾਂ; ਅਸੀਂ ਉਲਝਣ ਵਿਚ ਤਾਂ ਹਾਂ, ਪਰ ਇਸ ਤਰ੍ਹਾਂ ਨਹੀਂ ਕਿ ਕੋਈ ਰਾਹ ਨਹੀਂ ਹੈ।”​—2 ਕੁਰਿੰਥੀਆਂ 4:8.

      ਕਿਹਾ ਜਾਂਦਾ ਹੈ ਕਿ “ਸਿਰ ਦਰਦ ਹੋਣ ʼਤੇ ਗੋਲੀਆਂ ਖਾਣ ਨਾਲੋਂ ਚੰਗਾ ਹੈ ਕਿ ਸਿਰ ʼਚ ਗੋਲੀ ਮਾਰ ਲਓ।” ਇਸੇ ਤਰ੍ਹਾਂ ਖ਼ੁਦਕੁਸ਼ੀ ਬਾਰੇ ਵੀ ਮੰਨਿਆ ਜਾਂਦਾ ਹੈ। ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਕਿਸੇ ਸਮੱਸਿਆ ਦਾ ਹੱਲ ਹੈ ਹੀ ਨਹੀਂ, ਪਰ ਯਾਦ ਰੱਖੋ ਕਿ ਹਾਲਾਤ ਕਦੀ ਵੀ ਸੁਧਰ ਸਕਦੇ ਹਨ।​—“ਉਨ੍ਹਾਂ ਦੇ ਹਾਲਾਤ ਬਦਲ ਗਏ” ਨਾਂ ਦੀ ਡੱਬੀ ਦੇਖੋ।

      ਪਰ ਮੰਨ ਲਓ ਕਿ ਜੇ ਤੁਹਾਡੇ ਹਾਲਾਤ ਨਹੀਂ ਵੀ ਬਦਲਦੇ, ਤਾਂ ਚੰਗਾ ਹੋਵੇਗਾ ਕਿ ਤੁਸੀਂ ਕੱਲ੍ਹ ਦੀ ਚਿੰਤਾ ਕਰਨ ਦੀ ਬਜਾਇ ਅੱਜ ਦੀ ਚਿੰਤਾ ਕਰੋ ਕਿਉਂਕਿ ਯਿਸੂ ਨੇ ਕਿਹਾ ਸੀ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”​—ਮੱਤੀ 6:34.

      ਉਦੋਂ ਕੀ ਜਦੋਂ ਤੁਹਾਡੀ ਸਮੱਸਿਆ ਦਾ ਕੋਈ ਹੱਲ ਹੀ ਨਾ ਹੋਵੇ? ਮੰਨ ਲਓ ਕਿ ਤੁਹਾਨੂੰ ਕੋਈ ਲਾਇਲਾਜ ਬੀਮਾਰੀ ਹੋਵੇ, ਤੁਹਾਡਾ ਵਿਆਹ ਟੁੱਟ ਗਿਆ ਹੋਵੇ ਜਾਂ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਗਈ ਹੋਵੇ।

      ਅਜਿਹੇ ਹਾਲਾਤਾਂ ਵਿਚ ਵੀ ਤੁਸੀਂ ਇਕ ਚੀਜ਼ ਬਦਲ ਸਕਦੇ ਹੋ: ਆਪਣਾ ਨਜ਼ਰੀਆ। ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਹਾਲਾਤ ਬਦਲ ਨਹੀਂ ਸਕਦੇ, ਤਾਂ ਫਿਰ ਆਪਣਾ ਰਵੱਈਆ ਬਦਲਣ ਦੀ ਕੋਸ਼ਿਸ਼ ਕਰੋ ਤੇ ਚੰਗੀ ਸੋਚ ਰੱਖੋ। (ਕਹਾਉਤਾਂ 15:15) ਇੱਦਾਂ ਤੁਸੀਂ ਆਪਣੀ ਜ਼ਿੰਦਗੀ ਖ਼ਤਮ ਕਰਨ ਬਾਰੇ ਨਹੀਂ ਸੋਚੋਗੇ, ਸਗੋਂ ਤੁਸੀਂ ਹੋਰ ਤਰੀਕੇ ਲੱਭੋਗੇ ਤਾਂਕਿ ਤੁਸੀਂ ਮਾੜੇ ਹਾਲਾਤਾਂ ਦਾ ਸਾਮ੍ਹਣਾ ਕਰ ਸਕੋ। ਕਹਿਣ ਦਾ ਮਤਲਬ ਜੇ ਤੁਸੀਂ ਆਪਣੇ ਹਾਲਾਤਾਂ ਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਆਪਣਾ ਨਜ਼ਰੀਆ ਬਦਲ ਸਕਦੇ ਹੋ।​—ਅੱਯੂਬ 2:10. (g14 04-E)

      ਯਾਦ ਰੱਖੋ: ਜੇ ਤੁਸੀਂ ਇੱਕੋ ਕਦਮ ਵਿਚ ਪਹਾੜ ਪਾਰ ਨਹੀਂ ਕਰ ਸਕਦੇ, ਤਾਂ ਸ਼ਾਇਦ ਤੁਸੀਂ ਛੋਟੇ-ਛੋਟੇ ਕਦਮ ਲੈ ਕੇ ਪਾਰ ਕਰ ਸਕਦੇ ਹੋ। ਇਹ ਗੱਲ ਪਹਾੜ ਵਰਗੀਆਂ ਵੱਡੀਆਂ ਮੁਸ਼ਕਲਾਂ ਬਾਰੇ ਵੀ ਸੱਚ ਹੈ।

      ਹੁਣੇ ਕਦਮ ਚੁੱਕੋ: ਆਪਣੇ ਹਾਲਾਤਾਂ ਬਾਰੇ ਆਪਣੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨਾਲ ਗੱਲ ਕਰੋ। ਉਹ ਤੁਹਾਨੂੰ ਸਹੀ ਰਵੱਈਆ ਰੱਖਣ ਵਿਚ ਮਦਦ ਦੇ ਸਕਦਾ ਹੈ।​—ਕਹਾਉਤਾਂ 11:14.

      ਉਨ੍ਹਾਂ ਦੇ ਹਾਲਾਤ ਬਦਲ ਗਏ

      ਬਾਈਬਲ ਵਿਚ ਜ਼ਿਕਰ ਕੀਤੇ ਚਾਰ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ʼਤੇ ਗੌਰ ਕਰੋ ਜੋ ਜ਼ਿੰਦਗੀ ਤੋਂ ਇੰਨੇ ਤੰਗ ਆ ਗਏ ਸਨ ਕਿ ਉਹ ਜੀਉਣਾ ਨਹੀਂ ਸੀ ਚਾਹੁੰਦੇ।

      • ਰਿਬਕਾਹ: ‘ਇਸ ਤਰ੍ਹਾਂ ਕਿਓਂ? ਮੈਂ ਜੀਉਂਦੀ ਕਿਸ ਤਰ੍ਹਾਂ ਰਹਿ ਸਕਦੀ ਹਾਂ?’​—ਉਤਪਤ 25:22, CL.

      • ਮੂਸਾ: “ਮੇਰੀ ਜਾਨ ਲੈ ਲੈ, ਤਾਂ ਜੋ ਮੈਂ ਤੇਰੀ ਸਖ਼ਤੀ ਨੂੰ ਹੋਰ ਅੱਗੇ ਨਾ ਦੇਖਾਂ।”​—ਗਿਣਤੀ 11:15, CL.

      • ਏਲੀਯਾਹ: “ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਨੇਕ ਨਹੀਂ ਹਾਂ।”​—1 ਰਾਜਿਆਂ 19:4.

      • ਅੱਯੂਬ: ‘ਮੈਂ ਕੁੱਖੋਂ ਹੀ ਕਿਉਂ ਨਾ ਮਰ ਗਿਆ?’​—ਅੱਯੂਬ 3:11.

      ਜੇ ਤੁਸੀਂ ਬਾਈਬਲ ਵਿਚ ਇਨ੍ਹਾਂ ਲੋਕਾਂ ਬਾਰੇ ਪੜ੍ਹੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਦੇ ਹਾਲਾਤ ਸੁਧਰਨਗੇ। ਪਰ ਉਨ੍ਹਾਂ ਦੇ ਹਾਲਾਤ ਬਿਹਤਰ ਹੋ ਗਏ। ਤੁਹਾਡੇ ਹਾਲਾਤ ਵੀ ਬਦਲ ਸਕਦੇ ਹਨ। (ਉਪਦੇਸ਼ਕ ਦੀ ਪੋਥੀ 11:6) ਸੋ ਕਦੇ ਹਿੰਮਤ ਨਾ ਹਾਰੋ!

  • 2 ਕਿਉਂਕਿ ਮਦਦ ਮਿਲ ਸਕਦੀ ਹੈ
    ਜਾਗਰੂਕ ਬਣੋ!—2014 | ਮਈ
    • ਮੁੱਖ ਪੰਨੇ ਤੋਂ | ਜੀਉਣ ਦਾ ਕੀ ਫ਼ਾਇਦਾ?

      2 ਕਿਉਂਕਿ ਮਦਦ ਮਿਲ ਸਕਦੀ ਹੈ

      “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਪਰਮੇਸ਼ੁਰ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”​—1 ਪਤਰਸ 5:7.

      ਜਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਮਰਨਾ ਹੀ ਬਿਹਤਰ ਹੈ ਕਿਉਂਕਿ ਮੁਸ਼ਕਲਾਂ ਦਾ ਕੋਈ ਹੱਲ ਨਹੀਂ, ਤਾਂ ਇਨ੍ਹਾਂ ਕੁਝ ਗੱਲਾਂ ʼਤੇ ਵਿਚਾਰ ਕਰੋ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ।

      ਪ੍ਰਾਰਥਨਾ। ਕਈ ਲੋਕਾਂ ਦਾ ਕਹਿਣਾ ਹੈ ਕਿ ਪ੍ਰਾਰਥਨਾ ਕਰਨ ਨਾਲ ਸਿਰਫ਼ ਮਨ ਦੀ ਸ਼ਾਂਤੀ ਮਿਲਦੀ ਹੈ। ਜਾਂ ਲੋਕ ਉਦੋਂ ਪ੍ਰਾਰਥਨਾ ਕਰਦੇ ਹਨ ਜਦੋਂ ਕੋਈ ਹੋਰ ਚਾਰਾ ਨਹੀਂ ਹੁੰਦਾ। ਪਰ ਪ੍ਰਾਰਥਨਾ ਰਾਹੀਂ ਤੁਸੀਂ ਯਹੋਵਾਹ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹੋ ਜਿਸ ਨੂੰ ਤੁਹਾਡਾ ਬਹੁਤ ਫ਼ਿਕਰ ਹੈ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣਾ ਦਿਲ ਉਸ ਅੱਗੇ ਖੋਲ੍ਹ ਦਿਓ। ਨਾਲੇ ਬਾਈਬਲ ਤਾਕੀਦ ਕਰਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”​—ਜ਼ਬੂਰਾਂ ਦੀ ਪੋਥੀ 55:22.

      ਕਿਉਂ ਨਾ ਅੱਜ ਤੁਸੀਂ ਰੱਬ ਅੱਗੇ ਅਰਦਾਸ ਕਰੋ? ਉਸ ਦਾ ਨਾਂ ਯਹੋਵਾਹ ਵਰਤੋ ਅਤੇ ਉਸ ਅੱਗੇ ਆਪਣੇ ਮਨ ਦਾ ਬੋਝ ਹਲਕਾ ਕਰੋ। (ਜ਼ਬੂਰਾਂ ਦੀ ਪੋਥੀ 62:8) ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਦੋਸਤ ਬਣੋ। (ਯਸਾਯਾਹ 55:6; ਯਾਕੂਬ 2:23) ਪ੍ਰਾਰਥਨਾ ਇਕ ਅਜਿਹਾ ਰਾਹ ਹੈ ਜਿਸ ਰਾਹੀਂ ਤੁਸੀਂ ਕਿਤੇ ਵੀ ਕਿਸੇ ਵੀ ਸਮੇਂ ਤੇ ਉਸ ਨਾਲ ਗੱਲ ਕਰ ਸਕਦੇ ਹੋ।

      ਲੋਕਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਉਣ ਵਾਲੀ ਅਮਰੀਕਾ ਦੀ ਇਕ ਸੰਸਥਾ ਮੁਤਾਬਕ “ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਆਤਮ-ਹੱਤਿਆ ਕਰਨ ਵਾਲੇ 90% ਜਾਂ ਇਸ ਤੋਂ ਜ਼ਿਆਦਾ ਲੋਕਾਂ ਦੀ ਮੌਤ ਵੇਲੇ ਦਿਮਾਗ਼ੀ ਹਾਲਤ ਠੀਕ ਨਹੀਂ ਸੀ। ਇਹ ਗੱਲ ਸਾਮ੍ਹਣੇ ਆਈ ਹੈ ਕਿ ਨਾ ਤਾਂ ਉਨ੍ਹਾਂ ਦੀ ਬੀਮਾਰੀ ਦਾ ਪਤਾ ਲਾਇਆ ਗਿਆ ਤੇ ਨਾ ਹੀ ਇਲਾਜ ਕੀਤਾ ਗਿਆ।”

      ਤੁਹਾਨੂੰ ਪਿਆਰ ਕਰਨ ਵਾਲੇ। ਤੁਹਾਡੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਦੀਆਂ ਨਜ਼ਰਾਂ ਵਿਚ ਤੁਹਾਡੀ ਜ਼ਿੰਦਗੀ ਬਹੁਤ ਅਨਮੋਲ ਹੈ। ਇਨ੍ਹਾਂ ਵਿਚ ਸ਼ਾਇਦ ਉਹ ਲੋਕ ਵੀ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਮਿਲੇ ਨਹੀਂ ਹੋ। ਮਿਸਾਲ ਲਈ, ਪ੍ਰਚਾਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਦੇ-ਕਦੇ ਦੁਖੀ ਲੋਕ ਮਿਲਦੇ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਕਬੂਲ ਕੀਤਾ ਕਿ ਉਹ ਮਦਦ ਲਈ ਤਰਸਦੇ ਸਨ ਅਤੇ ਆਪਣੀ ਜ਼ਿੰਦਗੀ ਖ਼ਤਮ ਕਰਨੀ ਚਾਹੁੰਦੇ ਸਨ। ਘਰ-ਘਰ ਪ੍ਰਚਾਰ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਮੌਕੇ ਮਿਲੇ ਹਨ। ਉਹ ਯਿਸੂ ਦੀ ਰੀਸ ਕਰਦਿਆਂ ਆਪਣੇ ਗੁਆਂਢੀਆਂ ਲਈ ਪਿਆਰ ਦਿਖਾਉਂਦੇ ਹਨ। ਉਹ ਵਾਕਈ ਤੁਹਾਨੂੰ ਪਿਆਰ ਕਰਦੇ ਹਨ।​—ਯੂਹੰਨਾ 13:35.

      ਡਾਕਟਰੀ ਮਦਦ। ਜਿਨ੍ਹਾਂ ਦੇ ਮਨ ਵਿਚ ਖ਼ੁਦਕੁਸ਼ੀ ਦੇ ਖ਼ਿਆਲ ਆਉਂਦੇ ਹਨ, ਉਨ੍ਹਾਂ ਨੂੰ ਸ਼ਾਇਦ ਡਿਪਰੈਸ਼ਨ ਹੋ ਸਕਦਾ ਹੈ। ਇਸ ਵਿਚ ਸ਼ਰਮਾਉਣ ਦੀ ਕੋਈ ਗੱਲ ਨਹੀਂ। ਕਿਹਾ ਜਾਂਦਾ ਹੈ ਕਿ ਜਿਵੇਂ ਜ਼ੁਕਾਮ ਕਿਸੇ ਨੂੰ ਵੀ ਹੋ ਸਕਦਾ ਹੈ ਉਸੇ ਤਰ੍ਹਾਂ ਡਿਪਰੈਸ਼ਨ ਦਾ ਕੋਈ ਵੀ ਸ਼ਿਕਾਰ ਹੋ ਸਕਦਾ ਹੈ। ਪਰ ਯਕੀਨ ਰੱਖੋ ਕਿ ਇਸ ਦਾ ਇਲਾਜ ਹੈ।a (g14 04-E)

      ਯਾਦ ਰੱਖੋ: ਅਕਸਰ ਨਿਰਾਸ਼ਾ ਦੀ ਗਹਿਰੀ ਖਾਈ ਵਿੱਚੋਂ ਤੁਸੀਂ ਇਕੱਲੇ ਨਹੀਂ ਨਿਕਲ ਸਕਦੇ, ਪਰ ਹਾਂ ਤੁਸੀਂ ਕਿਸੇ ਦੇ ਸਹਾਰੇ ਨਾਲ ਇਸ ਵਿੱਚੋਂ ਜ਼ਰੂਰ ਨਿਕਲ ਸਕਦੇ ਹੋ।

      ਹੁਣੇ ਕਦਮ ਚੁੱਕੋ: ਕਿਸੇ ਚੰਗੇ ਡਾਕਟਰ ਕੋਲ ਜਾਓ ਜੋ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ।

      a ਜੇ ਤੁਹਾਡੇ ਮਨ ਵਿਚ ਆਪਣੀ ਜਾਨ ਲੈਣ ਦੇ ਖ਼ਿਆਲ ਹਾਵੀ ਹੁੰਦੇ ਹਨ, ਤਾਂ ਉਨ੍ਹਾਂ ਹਸਪਤਾਲਾਂ, ਸੈਂਟਰਾਂ ਜਾਂ ਕਲਿਨਿਕਾਂ ਦਾ ਪਤਾ ਕਰੋ ਜਿੱਥੇ ਮਾਨਸਿਕ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਥਾਵਾਂ ʼਤੇ ਅਜਿਹੇ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਖ਼ਾਸ ਟ੍ਰੇਨਿੰਗ ਮਿਲੀ ਹੁੰਦੀ ਹੈ।

  • 3 ਕਿਉਂਕਿ ਉਮੀਦ ਹੈ
    ਜਾਗਰੂਕ ਬਣੋ!—2014 | ਮਈ
    • ਇਕ ਆਦਮੀ ਨੂੰ ਪੱਕੀ ਉਮੀਦ ਹੈ ਕਿ ਰੱਬ ਦੇ ਵਾਅਦੇ ਪੂਰੇ ਹੋਣਗੇ

      ਮੁੱਖ ਪੰਨੇ ਤੋਂ | ਜੀਉਣ ਦਾ ਕੀ ਫ਼ਾਇਦਾ?

      3 ਕਿਉਂਕਿ ਉਮੀਦ ਹੈ

      “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”​—ਜ਼ਬੂਰਾਂ ਦੀ ਪੋਥੀ 37:11.

      ਬਾਈਬਲ ਕਹਿੰਦੀ ਹੈ ਕਿ ਸਾਡਾ ਜੀਵਨ “ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਅੱਜ ਹਰ ਇਨਸਾਨ ਕਿਸੇ-ਨਾ-ਕਿਸੇ ਦੁੱਖ ਦਾ ਸਾਮ੍ਹਣਾ ਜ਼ਰੂਰ ਕਰ ਰਿਹਾ ਹੈ। ਪਰ ਕੁਝ ਲੋਕ ਜ਼ਿੰਦਗੀ ਤੋਂ ਅੱਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਸ਼ਾ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਨਾਲੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਵਧੀਆ ਭਵਿੱਖ ਕਦੇ ਹੋ ਹੀ ਨਹੀਂ ਸਕਦਾ। ਕੀ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਯਕੀਨ ਰੱਖੋ ਕਿ ਬਾਈਬਲ ਨਾ ਸਿਰਫ਼ ਤੁਹਾਨੂੰ, ਸਗੋਂ ਸਾਨੂੰ ਸਾਰਿਆਂ ਨੂੰ ਇਕ ਸੁਨਹਿਰੇ ਭਵਿੱਖ ਦੀ ਉਮੀਦ ਦਿੰਦੀ ਹੈ। ਮਿਸਾਲ ਲਈ:

      • ਬਾਈਬਲ ਸਿਖਾਉਂਦੀ ਹੈ ਕਿ ਅੱਜ ਦੀ ਜ਼ਿੰਦਗੀ ਨਾਲੋਂ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ।​—ਉਤਪਤ 1:28.

      • ਯਹੋਵਾਹ ਪਰਮੇਸ਼ੁਰ ਨੇ ਠਾਣਿਆ ਹੈ ਕਿ ਉਹ ਪੂਰੀ ਧਰਤੀ ਨੂੰ ਖ਼ੂਬਸੂਰਤ ਬਣਾ ਦੇਵੇਗਾ।​—ਯਸਾਯਾਹ 65:21-25.

      • ਉਸ ਦਾ ਇਹ ਵਾਅਦਾ ਪੱਕਾ ਹੈ। ਪ੍ਰਕਾਸ਼ ਦੀ ਕਿਤਾਬ 21:3, 4 ਵਿਚ ਲਿਖਿਆ ਹੈ:

        “ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”

      ਬਾਈਬਲ ਵਿਚ ਦਿੱਤੀ ਇਹ ਉਮੀਦ ਕੋਈ ਸੁਪਨਾ ਨਹੀਂ ਹੈ, ਸਗੋਂ ਇਹ ਭਰੋਸੇ ਦੇ ਲਾਇਕ ਹੈ। ਯਹੋਵਾਹ ਪਰਮੇਸ਼ੁਰ ਆਪਣੇ ਮਕਸਦਾਂ ਨੂੰ ਹਕੀਕਤ ਵਿਚ ਬਦਲ ਦੇਵੇਗਾ ਕਿਉਂਕਿ ਉਸ ਕੋਲ ਇੱਦਾਂ ਕਰਨ ਦੀ ਤਾਕਤ ਅਤੇ ਇੱਛਾ ਵੀ ਹੈ। ਜਦ ਲੋਕ ਕਹਿੰਦੇ ਹਨ ਕਿ “ਜੀਉਣ ਦਾ ਕੀ ਫ਼ਾਇਦਾ?” ਤਾਂ ਬਾਈਬਲ ਇਸ ਸਵਾਲ ਦਾ ਵਧੀਆ ਜਵਾਬ ਦਿੰਦੀ ਹੈ। (g14 04-E)

      ਯਾਦ ਰੱਖੋ: ਜਿੱਦਾਂ ਤੂਫ਼ਾਨੀ ਸਮੁੰਦਰ ਵਿਚ ਕਿਸ਼ਤੀ ਇੱਧਰ-ਉੱਧਰ ਡੋਲਦੀ ਹੈ, ਉੱਦਾਂ ਹੀ ਤੁਹਾਡੇ ਜਜ਼ਬਾਤ ਹੋ ਸਕਦੇ ਹਨ। ਬਾਈਬਲ ਵਿਚ ਦਿੱਤੀ ਉਮੀਦ ਇਕ ਲੰਗਰ ਦੀ ਤਰ੍ਹਾਂ ਹੈ ਜੋ ਤੁਹਾਨੂੰ ਸ਼ਾਂਤ ਕਰਦੀ ਹੈ ਅਤੇ ਡਾਵਾਂ-ਡੋਲ ਨਹੀਂ ਹੋਣ ਦਿੰਦੀ।

      ਹੁਣੇ ਕਦਮ ਚੁੱਕੋ: ਬਾਈਬਲ ਵਿੱਚੋਂ ਸੋਹਣੇ ਭਵਿੱਖ ਦੀ ਉਮੀਦ ਬਾਰੇ ਪੜ੍ਹੋ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ। ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ ਉਨ੍ਹਾਂ ਦੀ ਵੈੱਬਸਾਈਟ jw.org/pa ਤੋਂ ਜਾਣਕਾਰੀ ਪਾਓ।a

      a ਸੁਝਾਅ: jw.org/pa ʼਤੇ ਜਾਓ ਅਤੇ ਕਿਤਾਬਾਂ ਅਤੇ ਮੈਗਜ਼ੀਨ > ਆਨ-ਲਾਈਨ ਲਾਇਬ੍ਰੇਰੀ ਹੇਠਾਂ ਦੇਖੋ। ਜੇ ਤੁਸੀਂ “ਡਿਪਰੈਸ਼ਨ” ਜਾਂ “ਆਤਮ-ਹੱਤਿਆ” ਵਰਗੇ ਸ਼ਬਦ ਟਾਈਪ ਕਰੋ, ਤਾਂ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਮਿਲ ਸਕਦੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ