ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਵਿਛੋੜੇ ਦਾ ਗਮ
    ਜਾਗਰੂਕ ਬਣੋ!—2018 | ਨੰ. 3
    • ਸੋਗ ਵਿਚ ਡੁੱਬਾ ਇਕ ਆਦਮੀ ਰੈਸਟੋਰੈਂਟ ਵਿਚ ਬੈਠਾ ਹੋਇਆ

      ਵਿਛੋੜੇ ਦਾ ਗਮ ਕਿਵੇਂ ਸਹੀਏ?

      ਵਿਛੋੜੇ ਦਾ ਗਮ

      “ਮੇਰੇ ਤੇ ਸੋਫ਼ੀਆa ਦੇ ਵਿਆਹ ਨੂੰ 39 ਤੋਂ ਵੀ ਜ਼ਿਆਦਾ ਸਾਲ ਹੋ ਗਏ ਸਨ ਜਦੋਂ ਲੰਬੀ ਬੀਮਾਰੀ ਨੇ ਉਸ ਦੀ ਜਾਨ ਲੈ ਲਈ। ਮੇਰੇ ਦੋਸਤਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਆਪਣੇ ਆਪ ਨੂੰ ਵਿਅਸਤ ਰੱਖਿਆ। ਪਰ ਪੂਰਾ ਇਕ ਸਾਲ ਮੈਂ ਗਮ ਦੇ ਸਮੁੰਦਰ ਵਿਚ ਡੁੱਬਾ ਰਿਹਾ। ਮੇਰਾ ਆਪਣੀਆਂ ਭਾਵਨਾਵਾਂ ʼਤੇ ਕਾਬੂ ਨਹੀਂ ਸੀ। ਹੁਣ ਮੇਰੀ ਪਤਨੀ ਦੀ ਮੌਤ ਨੂੰ ਲਗਭਗ ਤਿੰਨ ਸਾਲ ਹੋ ਚੁੱਕੇ ਹਨ, ਪਰ ਅਜੇ ਵੀ ਕਦੇ-ਕਦੇ ਨਿਰਾਸ਼ਾ ਮੈਨੂੰ ਅਚਾਨਕ ਘੇਰ ਲੈਂਦੀ ਹੈ।”​—ਕੋਸਤਾਸ।

      ਕੀ ਤੁਸੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮੌਤ ਦਾ ਗਮ ਸਹਿ ਰਹੇ ਹੋ? ਜੇ ਹਾਂ, ਤਾਂ ਸ਼ਾਇਦ ਤੁਸੀਂ ਵੀ ਕੋਸਤਾਸ ਵਾਂਗ ਮਹਿਸੂਸ ਕਰਦੇ ਹੋਵੋ। ਆਪਣੇ ਜੀਵਨ-ਸਾਥੀ, ਰਿਸ਼ਤੇਦਾਰ ਜਾਂ ਦੋਸਤ ਦੀ ਮੌਤ ਤੋਂ ਵੱਡਾ ਗਮ ਹੋਰ ਕੋਈ ਨਹੀਂ। ਸੋਗ ਬਾਰੇ ਅਧਿਐਨ ਕਰਨ ਵਾਲੇ ਮਾਹਰ ਵੀ ਇਸ ਗੱਲ ਨਾਲ ਸਹਿਮਤ ਹਨ। ਇਕ ਰਸਾਲੇ ਮੁਤਾਬਕ “ਜਦੋਂ ਕਿਸੇ ਦੇ ਆਪਣੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਨੂੰ ਲੱਗਦਾ ਕਿ ਉਸ ਨੇ ਹਮੇਸ਼ਾ ਲਈ ਉਸ ਨੂੰ ਗੁਆ ਲਿਆ ਹੈ ਤੇ ਉਸ ਦਾ ਦੁੱਖ ਬਰਦਾਸ਼ਤ ਤੋਂ ਬਾਹਰ ਹੈ।” (The American Journal of Psychiatry) ਜਿਸ ਇਨਸਾਨ ʼਤੇ ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟਾ ਹੋਵੇ, ਉਹ ਸ਼ਾਇਦ ਸੋਚੇ: ‘ਮੈਨੂੰ ਕਦੋਂ ਤਕ ਇੱਦਾਂ ਹੀ ਲੱਗਦਾ ਰਹਿਣਾ? ਕੀ ਮੈਂ ਕਦੇ ਦੁਬਾਰਾ ਖ਼ੁਸ਼ ਹੋ ਪਾਵਾਂਗਾ? ਮੈਨੂੰ ਸੋਗ ਤੋਂ ਰਾਹਤ ਕਿੱਦਾਂ ਮਿਲ ਸਕਦੀ?’

      ਜਾਗਰੂਕ ਬਣੋ! ਦੇ ਇਸ ਅੰਕ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਅਗਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਹਾਲ ਹੀ ਵਿਚ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਵਿਛੋੜਾ ਝੱਲ ਰਹੇ ਹੋ, ਤਾਂ ਤੁਹਾਡੀਆਂ ਭਾਵਨਾਵਾਂ ʼਤੇ ਕੀ ਅਸਰ ਪੈ ਸਕਦਾ ਹੈ। ਉਸ ਤੋਂ ਅਗਲੇ ਲੇਖਾਂ ਵਿਚ ਕੁਝ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਗਮ ਨੂੰ ਘਟਾ ਸਕਦੇ ਹੋ।

      ਸਾਨੂੰ ਉਮੀਦ ਹੈ ਕਿ ਅਗਲੇ ਲੇਖਾਂ ਤੋਂ ਉਨ੍ਹਾਂ ਲੋਕਾਂ ਨੂੰ ਮਦਦ ਅਤੇ ਦਿਲਾਸਾ ਮਿਲੇਗਾ ਜੋ ਵਿਛੋੜੇ ਦਾ ਗਮ ਝੱਲ ਰਹੇ ਹਨ।

      a ਲੇਖਾਂ ਦੀ ਇਸ ਲੜੀ ਵਿਚ ਕੁਝ ਨਾਂ ਬਦਲੇ ਗਏ ਹਨ।

  • ਤੁਹਾਡੇ ʼਤੇ ਕੀ ਬੀਤ ਸਕਦੀ
    ਜਾਗਰੂਕ ਬਣੋ!—2018 | ਨੰ. 3
    • ਇਕ ਵਿਆਹਿਆ ਜੋੜਾ ਸੋਗ ਮਨਾਉਂਦਾ ਹੋਇਆ

      ਵਿਛੋੜੇ ਦਾ ਗਮ ਕਿਵੇਂ ਸਹੀਏ?

      ਤੁਹਾਡੇ ʼਤੇ ਕੀ ਬੀਤ ਸਕਦੀ

      ਭਾਵੇਂ ਕਈ ਮਾਹਰ ਕਹਿੰਦੇ ਹਨ ਕਿ ਸੋਗ ਕਰਨ ਦੇ ਅਲੱਗ-ਅਲੱਗ ਪੜਾਅ ਹੁੰਦੇ ਹਨ, ਪਰ ਹਰ ਇਕ ਵਿਅਕਤੀ ਵੱਖੋ-ਵੱਖਰੇ ਤਰੀਕੇ ਨਾਲ ਸੋਗ ਕਰਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਕੁਝ ਲੋਕਾਂ ਨੂੰ ਘੱਟ ਦੁੱਖ ਹੁੰਦਾ ਹੈ ਜਾਂ ਉਹ ਆਪਣੀਆਂ ਭਾਵਨਾਵਾਂ ਨੂੰ “ਦਬਾ” ਰਹੇ ਹੁੰਦੇ ਹਨ? ਜ਼ਰੂਰੀ ਨਹੀਂ। ਭਾਵੇਂ ਕਿ ਕਿਸੇ ਨਾਲ ਆਪਣਾ ਦੁੱਖ ਸਾਂਝਾ ਕਰਨ ਅਤੇ ਆਪਣਾ ਦੁੱਖ ਜ਼ਾਹਰ ਕਰਨ ਨਾਲ ਕੁਝ ਹੱਦ ਤਕ ਦਿਲ ਹਲਕਾ ਹੋ ਸਕਦਾ ਹੈ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸੋਗ ਕਰਨ ਦਾ ਸਿਰਫ਼ ਇਕ ਹੀ “ਸਹੀ ਤਰੀਕਾ” ਹੁੰਦਾ ਹੈ। ਹੋ ਸਕਦਾ ਹੈ ਕਿ ਕੁਝ ਲੋਕ ਆਪਣੇ ਸਭਿਆਚਾਰ, ਆਪਣੀ ਸ਼ਖ਼ਸੀਅਤ, ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਅਤੇ ਜਿਸ ਤਰੀਕੇ ਨਾਲ ਉਨ੍ਹਾਂ ਦੇ ਅਜ਼ੀਜ਼ ਦੀ ਮੌਤ ਹੋਈ ਹੈ ਉਸ ਕਰਕੇ ਉਹ ਅਲੱਗ-ਅਲੱਗ ਤਰੀਕੇ ਨਾਲ ਸੋਗ ਮਨਾਉਣ।

      ਸੋਗ ਦੇ ਕਿੰਨੇ ਕੁ ਬੁਰੇ ਅੰਜਾਮ ਹੋਣਗੇ?

      ਜਦੋਂ ਕਿਸੇ ਦੇ ਆਪਣੇ ਦੀ ਮੌਤ ਹੋ ਜਾਂਦੀ ਹੈ, ਤਾਂ ਸ਼ਾਇਦ ਉਸ ਨੂੰ ਸਮਝ ਨਹੀਂ ਲੱਗਦਾ ਕਿ ਉਹ ਕੀ ਕਰੇ ਜਾਂ ਕਿੱਦਾਂ ਪੇਸ਼ ਆਵੇ। ਪਰ ਯਾਦ ਰੱਖੋ ਕਿ ਜ਼ਿਆਦਾਤਰ ਲੋਕਾਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜ਼ਰਾ ਹੇਠਾਂ ਦੱਸੀਆਂ ਗੱਲਾਂ ʼਤੇ ਗੌਰ ਕਰੋ:

      ਗਮ ਦੇ ਸਮੁੰਦਰ ਵਿਚ ਡੁੱਬਣਾ। ਵਾਰ-ਵਾਰ ਰੋਣਾ, ਇਕਦਮ ਮੂਡ ਬਦਲ ਜਾਣਾ, ਮਰ ਚੁੱਕੇ ਵਿਅਕਤੀ ਨੂੰ ਮਿਲਣ ਦਾ ਬਹੁਤ ਦਿਲ ਕਰਨਾ, ਇੱਦਾਂ ਹੋਣਾ ਆਮ ਹੈ। ਪੁਰਾਣੀਆਂ ਯਾਦਾਂ ਜਾਂ ਸੁਪਨਿਆਂ ਕਰਕੇ ਭਾਵਨਾਵਾਂ ʼਤੇ ਹੋਰ ਅਸਰ ਪੈ ਸਕਦਾ ਹੈ। ਕਿਸੇ ਦੀ ਮੌਤ ਬਾਰੇ ਪਤਾ ਲੱਗਣ ਤੇ ਪਹਿਲਾਂ-ਪਹਿਲ ਸਦਮਾ ਲੱਗ ਸਕਦਾ ਹੈ ਜਾਂ ਯਕੀਨ ਕਰਨਾ ਔਖਾ ਲੱਗ ਸਕਦਾ ਹੈ। ਜਦੋਂ ਟੀਨਾ ਦੇ ਪਤੀ ਦੀ ਅਚਾਨਕ ਮੌਤ ਹੋ ਗਈ, ਤਾਂ ਉਸ ਸਮੇਂ ਨੂੰ ਯਾਦ ਕਰਦਿਆਂ ਉਹ ਦੱਸਦੀ ਹੈ: “ਟੀਮੋ ਦੀ ਮੌਤ ਹੋਣ ਤੇ ਮੈਂ ਸੁੰਨ ਹੋ ਗਈ ਸੀ। ਮੈਂ ਰੋ ਵੀ ਨਹੀਂ ਪਾ ਰਹੀ ਸੀ। ਮੈਂ ਕਦੇ-ਕਦੇ ਇੰਨਾ ਘਬਰਾ ਜਾਂਦੀ ਸੀ ਕਿ ਮੇਰੇ ਲਈ ਸਾਹ ਲੈਣਾ ਵੀ ਬਹੁਤ ਔਖਾ ਹੋ ਜਾਂਦਾ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਟੀਮੋ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ ਸਨ।”

      ਚਿੰਤਾ ਹੋਣੀ, ਗੁੱਸਾ ਆਉਣਾ ਜਾਂ ਦੋਸ਼ੀ ਮਹਿਸੂਸ ਕਰਨਾ ਆਮ ਹੈ। ਈਵਾਨ ਕਹਿੰਦਾ ਹੈ: “ਆਪਣੇ 24 ਸਾਲਾਂ ਦੇ ਮੁੰਡੇ, ਐਰਿਕ, ਦੀ ਮੌਤ ਤੋਂ ਬਾਅਦ ਕੁਝ ਸਮੇਂ ਤਕ ਸਾਨੂੰ ਦੋਵਾਂ ਨੂੰ ਬਹੁਤ ਗੁੱਸਾ ਆਉਂਦਾ ਸੀ! ਸਾਨੂੰ ਬਹੁਤ ਹੈਰਾਨੀ ਹੁੰਦੀ ਸੀ ਕਿਉਂਕਿ ਅਸੀਂ ਪਹਿਲਾਂ ਕਦੇ ਵੀ ਇੰਨਾ ਗੁੱਸਾ ਨਹੀਂ ਸੀ ਕਰਦੇ ਹੁੰਦੇ। ਅਸੀਂ ਖ਼ੁਦ ਨੂੰ ਦੋਸ਼ੀ ਵੀ ਮਹਿਸੂਸ ਕਰਦੇ ਸੀ ਕਿ ਕਾਸ਼ ਅਸੀਂ ਆਪਣੇ ਮੁੰਡੇ ਦੀ ਮਦਦ ਕਰਨ ਲਈ ਕੁਝ ਹੋਰ ਕਰ ਸਕਦੇ।” ਆਲੇਹਾਂਦਰੋ ਦੀ ਪਤਨੀ ਲੰਬੀ ਬੀਮਾਰੀ ਤੋਂ ਬਾਅਦ ਮੌਤ ਦੇ ਮੂੰਹ ਵਿਚ ਚਲੀ ਗਈ। ਉਹ ਵੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਿਆਂ ਕਹਿੰਦਾ ਹੈ: “ਪਹਿਲਾਂ-ਪਹਿਲ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਜ਼ਰੂਰ ਬੁਰਾ ਇਨਸਾਨ ਹੋਣਾ ਤਾਂ ਹੀ ਰੱਬ ਮੇਰੇ ʼਤੇ ਇੰਨਾ ਦੁੱਖ ਲਿਆ ਰਿਹਾ। ਫਿਰ ਮੈਂ ਹੋਰ ਦੋਸ਼ੀ ਮਹਿਸੂਸ ਕਰਨ ਲੱਗਾ ਕਿਉਂਕਿ ਮੈਂ ਰੱਬ ਨੂੰ ਦੋਸ਼ੀ ਠਹਿਰਾ ਰਿਹਾ ਸੀ।” ਕੋਸਤਾਸ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਕਹਿੰਦਾ ਹੈ: “ਕਦੇ-ਕਦੇ ਤਾਂ ਮੈਂ ਸੋਫ਼ੀਆ ʼਤੇ ਹੀ ਗੁੱਸਾ ਕਰਨ ਲੱਗ ਪੈਂਦਾ ਸੀ ਕਿ ਉਹ ਮੈਨੂੰ ਛੱਡ ਕੇ ਕਿਉਂ ਚਲੀ ਗਈ। ਫਿਰ ਮੈਂ ਇੱਦਾਂ ਸੋਚਣ ਕਰਕੇ ਦੋਸ਼ੀ ਮਹਿਸੂਸ ਕਰਨ ਲੱਗ ਪੈਂਦਾ ਸੀ ਕਿਉਂਕਿ ਇਸ ਵਿਚ ਉਸ ਦੀ ਤਾਂ ਕੋਈ ਗ਼ਲਤੀ ਨਹੀਂ ਸੀ।”

      ਸੋਚਾਂ ʼਤੇ ਕਾਬੂ ਨਾ ਰਹਿਣਾ। ਕਦੇ-ਕਦੇ ਸੋਗ ਕਰਨ ਵਾਲੇ ਦੇ ਦਿਮਾਗ਼ ਵਿਚ ਇੱਦਾਂ ਦੇ ਖ਼ਿਆਲ ਆਉਂਦੇ ਹਨ ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ। ਮਿਸਾਲ ਲਈ, ਉਸ ਨੂੰ ਸ਼ਾਇਦ ਲੱਗੇ ਕਿ ਉਹ ਮਰ ਚੁੱਕੇ ਵਿਅਕਤੀ ਦੀ ਆਵਾਜ਼ ਸੁਣ ਸਕਦਾ ਹੈ, ਉਸ ਨੂੰ ਮਹਿਸੂਸ ਕਰ ਸਕਦਾ ਜਾਂ ਦੇਖ ਸਕਦਾ ਹੈ। ਨਾਲੇ ਸੋਗੀ ਨੂੰ ਸ਼ਾਇਦ ਕਿਸੇ ਗੱਲ ʼਤੇ ਧਿਆਨ ਲਾਉਣ ਜਾਂ ਚੀਜ਼ਾਂ ਯਾਦ ਰੱਖਣ ਵਿਚ ਮੁਸ਼ਕਲ ਆਵੇ। ਟੀਨਾ ਕਹਿੰਦੀ ਹੈ: “ਕਈ ਵਾਰ ਜਦੋਂ ਮੈਂ ਕਿਸੇ ਨਾਲ ਗੱਲ ਕਰ ਰਹੀ ਹੁੰਦੀ ਸੀ, ਤਾਂ ਮੈਨੂੰ ਅਹਿਸਾਸ ਹੁੰਦਾ ਸੀ ਕਿ ਮੇਰਾ ਦਿਮਾਗ਼ ਕਿਤੇ ਹੋਰ ਹੀ ਹੁੰਦਾ ਸੀ। ਮੇਰੇ ਦਿਮਾਗ਼ ਵਿਚ ਟੀਮੋ ਦੀ ਮੌਤ ਨਾਲ ਜੁੜੀਆਂ ਗੱਲਾਂ ਘੁੰਮਦੀਆਂ ਰਹਿੰਦੀਆਂ ਸਨ। ਧਿਆਨ ਨਾ ਲੱਗਣ ਕਰਕੇ ਮੈਂ ਹੋਰ ਨਿਰਾਸ਼ ਹੋ ਜਾਂਦੀ ਸੀ।”

      ਇਕੱਲੇ-ਇਕੱਲੇ ਰਹਿਣ ਦਾ ਦਿਲ ਕਰਨਾ। ਸੋਗੀ ਨੂੰ ਦੂਸਰਿਆਂ ਨਾਲ ਹੁੰਦੇ ਸਮੇਂ ਬੁਰਾ ਜਾਂ ਓਪਰਾ ਲੱਗ ਸਕਦਾ। ਕੋਸਤਾਸ ਕਹਿੰਦਾ ਹੈ: “ਵਿਆਹੇ ਲੋਕਾਂ ਨਾਲ ਹੁੰਦੇ ਵੇਲੇ ਮੈਨੂੰ ਲੱਗਦਾ ਸੀ ਕਿ ਮੇਰੀ ਇੱਥੇ ਕੋਈ ਲੋੜ ਨਹੀਂ। ਪਰ ਜਦੋਂ ਮੈਂ ਕੁਆਰੇ ਲੋਕਾਂ ਵਿਚ ਹੁੰਦਾ ਸੀ, ਉਦੋਂ ਵੀ ਮੈਨੂੰ ਇੱਦਾਂ ਹੀ ਲੱਗਦਾ ਸੀ।” ਈਵਾਨ ਦੀ ਪਤਨੀ ਕਹਿੰਦੀ ਹੈ: “ਮੈਨੂੰ ਉਨ੍ਹਾਂ ਲੋਕਾਂ ਦੇ ਨਾਲ ਹੋਣਾ ਬਹੁਤ ਔਖਾ ਲੱਗਦਾ ਸੀ ਜੋ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੇ ਰਹਿੰਦੇ ਸਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਾਡੇ ਦੁੱਖਾਂ ਸਾਮ੍ਹਣੇ ਬਹੁਤ ਛੋਟੀਆਂ ਲੱਗਦੀਆਂ ਸਨ। ਉਨ੍ਹਾਂ ਲੋਕਾਂ ਨਾਲ ਵੀ ਮੈਨੂੰ ਇੱਦਾਂ ਹੀ ਲੱਗਦਾ ਸੀ ਜੋ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਕਿੰਨਾ ਵਧੀਆ ਕਰ ਰਹੇ ਸਨ। ਮੈਂ ਉਨ੍ਹਾਂ ਲਈ ਖ਼ੁਸ਼ ਸੀ, ਪਰ ਮੈਨੂੰ ਉਨ੍ਹਾਂ ਦੀ ਗੱਲ ਸੁਣਨੀ ਔਖੀ ਲੱਗਦੀ ਸੀ। ਮੈਨੂੰ ਤੇ ਮੇਰੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ, ਪਰ ਸਾਨੂੰ ਹੀ ਉਨ੍ਹਾਂ ਦੀਆਂ ਗੱਲਾਂ ਵਿਚ ਰੁਚੀ ਨਹੀਂ ਸੀ ਤੇ ਨਾ ਸਾਡੇ ਵਿਚ ਧੀਰਜ ਸੀ।”

      ਸਿਹਤ ਸੰਬੰਧੀ ਮੁਸ਼ਕਲਾਂ ਆਉਣੀਆਂ। ਭੁੱਖ ਘੱਟ-ਵੱਧ ਲੱਗਣੀ, ਭਾਰ ਘੱਟ-ਵੱਧ ਹੋਣਾ ਅਤੇ ਚੰਗੀ ਤਰ੍ਹਾਂ ਨੀਂਦ ਨਾ ਆਉਣੀ, ਇੱਦਾਂ ਹੋਣਾ ਆਮ ਹੈ। ਐਰਨ ਦੱਸਦਾ ਹੈ ਕਿ ਉਸ ਦੇ ਡੈਡੀ ਦੀ ਮੌਤ ਹੋਣ ਤੋਂ ਤਕਰੀਬਨ ਇਕ ਸਾਲ ਤਕ ਉਸ ਨਾਲ ਕੀ ਹੁੰਦਾ ਰਿਹਾ। ਉਹ ਕਹਿੰਦਾ ਹੈ: “ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਸੀ। ਮੈਂ ਹਰ ਰਾਤ ਨੂੰ ਇੱਕੋ ਸਮੇਂ ʼਤੇ ਉੱਠ ਜਾਂਦਾ ਸੀ ਤੇ ਆਪਣੇ ਡੈਡੀ ਦੀ ਮੌਤ ਬਾਰੇ ਸੋਚਣ ਲੱਗ ਪੈਂਦਾ ਸੀ।”

      ਆਲੇਹਾਂਦਰੋ ਆਪਣੀਆਂ ਬੀਮਾਰੀਆਂ ਬਾਰੇ ਗੱਲ ਕਰਦਿਆਂ ਕਹਿੰਦਾ ਹੈ: “ਮੈਂ ਕਈ ਵਾਰ ਡਾਕਟਰ ਕੋਲ ਆਪਣੀ ਜਾਂਚ ਕਰਾਉਣ ਗਿਆ ਤੇ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਮੈਂ ਬਿਲਕੁਲ ਠੀਕ ਸੀ। ਮੈਨੂੰ ਪਤਾ ਲੱਗ ਗਿਆ ਕਿ ਸੋਗ ਕਰਨ ਕਰਕੇ ਮੇਰੀ ਹਾਲਤ ਇੱਦਾਂ ਦੀ ਹੋ ਗਈ ਸੀ।” ਸਮੇਂ ਦੇ ਬੀਤਣ ਨਾਲ ਮੈਂ ਠੀਕ ਮਹਿਸੂਸ ਕਰਨ ਲੱਗ ਪਿਆ। ਪਰ ਆਲੇਹਾਂਦਰੋ ਦਾ ਡਾਕਟਰ ਕੋਲ ਜਾਣ ਦਾ ਫ਼ੈਸਲਾ ਵਧੀਆ ਸੀ। ਸੋਗ ਕਰਨ ਕਰਕੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਸਕਦੀ ਹੈ ਤੇ ਜੇ ਪਹਿਲਾਂ ਹੀ ਕੋਈ ਬੀਮਾਰੀ ਹੈ, ਤਾਂ ਉਹ ਵੱਧ ਸਕਦੀ ਹੈ ਜਾਂ ਇੱਥੋਂ ਤਕ ਕਿ ਕੋਈ ਨਵੀਂ ਬੀਮਾਰੀ ਵੀ ਲੱਗ ਸਕਦੀ ਹੈ।

      ਜ਼ਰੂਰੀ ਕੰਮ ਕਰਨ ਵਿਚ ਮੁਸ਼ਕਲ ਆਉਣੀ। ਈਵਾਨ ਕਹਿੰਦਾ ਹੈ: “ਐਰਿਕ ਦੀ ਮੌਤ ਬਾਰੇ ਸਾਨੂੰ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਇਲਾਵਾ ਉਸ ਦੇ ਬਾਸ ਅਤੇ ਮਕਾਨ-ਮਾਲਕ ਨੂੰ ਵੀ ਦੱਸਣਾ ਪਿਆ। ਸਾਨੂੰ ਕਈ ਕਾਨੂੰਨੀ ਦਸਤਾਵੇਜ਼ ਵੀ ਭਰਨੇ ਪਏ। ਸਾਨੂੰ ਫ਼ੈਸਲਾ ਕਰਨਾ ਪਿਆ ਕਿ ਅਸੀਂ ਐਰਿਕ ਦੀਆਂ ਕਿਹੜੀਆਂ ਚੀਜ਼ਾਂ ਰੱਖਾਂਗੇ ਤੇ ਕਿਹੜੀਆਂ ਨਹੀਂ। ਇਹ ਸਾਰੇ ਕੰਮ ਕਰਨ ਲਈ ਸਾਨੂੰ ਧਿਆਨ ਲਾਉਣ ਦੀ ਲੋੜ ਸੀ, ਪਰ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਥੱਕ ਚੁੱਕੇ ਸੀ।”

      ਪਰ ਕਈਆਂ ਲਈ ਅਸਲੀ ਚੁਣੌਤੀਆਂ ਬਾਅਦ ਵਿਚ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਉਹ ਕੰਮ ਕਰਨੇ ਪੈਂਦੇ ਹਨ ਜੋ ਪਹਿਲਾਂ ਉਨ੍ਹਾਂ ਦਾ ਅਜ਼ੀਜ਼ ਕਰਦਾ ਹੁੰਦਾ ਸੀ। ਟੀਨਾ ਨਾਲ ਵੀ ਇਸੇ ਤਰ੍ਹਾਂ ਹੋਇਆ। ਉਹ ਕਹਿੰਦੀ ਹੈ: “ਟੀਮੋ ਹੀ ਹਮੇਸ਼ਾ ਬੈਂਕ ਦੇ ਅਤੇ ਬਾਕੀ ਬਿਜ਼ਨਿਸ ਸੰਬੰਧੀ ਕੰਮ ਕਰਦੇ ਸਨ। ਹੁਣ ਇਹ ਕੰਮ ਕਰਨੇ ਮੇਰੀ ਜ਼ਿੰਮੇਵਾਰੀ ਸੀ। ਇਸ ਕਰਕੇ ਮੈਂ ਹੋਰ ਜ਼ਿਆਦਾ ਚਿੰਤਾ ਵਿਚ ਡੁੱਬ ਜਾਂਦੀ ਸੀ। ਮੈਨੂੰ ਡਰ ਸੀ ਕਿ ਕੀ ਮੈਂ ਸਾਰਾ ਕੁਝ ਚੰਗੀ ਤਰ੍ਹਾਂ ਕਰ ਵੀ ਸਕਾਂਗੀ?”

      ਉੱਪਰ ਦੱਸੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮੌਤ ਦਾ ਦਰਦ ਸਹਿਣਾ ਬਰਦਾਸ਼ਤ ਤੋਂ ਬਾਹਰ ਹੋ ਸਕਦਾ ਹੈ। ਪਰ ਜੇ ਸੋਗ ਕਰਨ ਵਾਲਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਹੀ ਪਤਾ ਹੋਵੇਗਾ, ਤਾਂ ਉਨ੍ਹਾਂ ਲਈ ਇਹ ਗਮ ਸਹਿਣਾ ਥੋੜ੍ਹਾ ਆਸਾਨ ਹੋ ਸਕਦਾ ਹੈ। ਯਾਦ ਰੱਖੋ ਕਿ ਹਰ ਵਿਅਕਤੀ ਨੂੰ ਗਮ ਦੇ ਸਾਰੇ ਅਸਰਾਂ ਦੀ ਮਾਰ ਨਹੀਂ ਝੱਲਣੀ ਪੈਂਦੀ। ਇਸ ਦੇ ਨਾਲ-ਨਾਲ ਸੋਗ ਕਰਨ ਵਾਲਿਆਂ ਨੂੰ ਇਹ ਗੱਲ ਜਾਣ ਕੇ ਦਿਲਾਸਾ ਮਿਲ ਸਕਦਾ ਹੈ ਕਿ ਭਾਵਨਾਵਾਂ ਵਿਚ ਉਤਾਰ-ਚੜ੍ਹਾਅ ਆਉਣੇ ਆਮ ਹਨ।

      ਕੀ ਮੈਂ ਮੁੜ ਕੇ ਕਦੇ ਪਹਿਲਾਂ ਵਾਂਗ ਖ਼ੁਸ਼ ਰਹਿ ਸਕਾਂਗਾ?

      ਕੀ ਉਮੀਦ ਕਰੀਏ: ਸੋਗ ਦੀ ਪੀੜਾ ਹਮੇਸ਼ਾ ਨਹੀਂ ਰਹਿੰਦੀ, ਇਹ ਹੌਲੀ-ਹੌਲੀ ਘੱਟ ਜਾਂਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਵਿਅਕਤੀ ਪੂਰੀ ਤਰ੍ਹਾਂ “ਠੀਕ” ਹੋ ਜਾਂਦਾ ਹੈ ਜਾਂ ਆਪਣੇ ਅਜ਼ੀਜ਼ ਨੂੰ ਭੁੱਲ ਜਾਂਦਾ ਹੈ। ਭਾਵੇਂ ਹੌਲੀ-ਹੌਲੀ ਸੋਗ ਦੀ ਪੀੜਾ ਘੱਟ ਜਾਂਦੀ ਹੈ। ਪਰ ਇਹ ਭਾਵਨਾਵਾਂ ਮੁੜ ਤੋਂ ਜਾਗ ਸਕਦੀਆਂ ਹਨ, ਜਦੋਂ ਅਚਾਨਕ ਕੁਝ ਯਾਦਾਂ ਤਾਜ਼ੀਆਂ ਹੋ ਜਾਣ ਜਾਂ ਕੁਝ ਖ਼ਾਸ ਮੌਕਿਆਂ ʼਤੇ ਜਿਵੇਂ ਵਿਆਹ ਦੀ ਸਾਲ-ਗਿਰ੍ਹਾ ਜਾਂ ਮੌਤ ਦੀ ਵਰ੍ਹੇ-ਗੰਢ। ਪਰ ਜ਼ਿਆਦਾਤਰ ਲੋਕ ਹੌਲੀ-ਹੌਲੀ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾ ਲੈਂਦੇ ਹਨ ਅਤੇ ਦੁਬਾਰਾ ਤੋਂ ਰੋਜ਼ਮੱਰਾ ਦੇ ਕੰਮਾਂ ਵੱਲ ਧਿਆਨ ਲਾ ਪਾਉਂਦੇ ਹਨ। ਇੱਦਾਂ ਖ਼ਾਸ ਕਰਕੇ ਉਦੋਂ ਹੁੰਦਾ ਹੈ ਜਦੋਂ ਪਰਿਵਾਰ ਦੇ ਮੈਂਬਰ ਜਾਂ ਦੋਸਤ ਸੋਗ ਕਰਨ ਵਾਲੇ ਦੀ ਮਦਦ ਕਰਦੇ ਹਨ ਅਤੇ ਉਹ ਖ਼ੁਦ ਆਪਣੇ ਗਮ ਵਿੱਚੋਂ ਨਿਕਲਣ ਲਈ ਕੁਝ ਢੁਕਵੇਂ ਕਦਮ ਚੁੱਕਦਾ ਹੈ।

      ਗਮ ਦੀ ਘੜੀ ਕਿੰਨੀ ਲੰਬੀ ਹੋ ਸਕਦੀ? ਕੁਝ ਲੋਕ ਸ਼ਾਇਦ ਕੁਝ ਮਹੀਨਿਆਂ ਵਿਚ ਗਮ ਵਿੱਚੋਂ ਉੱਭਰ ਆਉਣ। ਪਰ ਦੂਜੇ ਪਾਸੇ ਕਈਆਂ ਨੂੰ ਇਕ ਜਾਂ ਦੋ ਸਾਲ ਤੇ ਕਈਆਂ ਨੂੰ ਇਸ ਤੋਂ ਵੀ ਜ਼ਿਆਦਾ ਸਮਾਂa ਲੱਗ ਸਕਦਾ ਹੈ। ਆਲੇਹਾਂਦਰੋ ਕਹਿੰਦਾ ਹੈ: “ਮੈਂ ਲਗਭਗ ਤਿੰਨ ਸਾਲਾਂ ਤਕ ਸੋਗ ਵਿਚ ਡੁੱਬਾ ਰਿਹਾ।”

      ਆਪਣੇ ਆਪ ਨਾਲ ਧੀਰਜ ਬਣਾਈ ਰੱਖੋ। ਕੱਲ੍ਹ ਬਾਰੇ ਜ਼ਿਆਦਾ ਚਿੰਤਾ ਨਾ ਕਰੋ, ਦੂਸਰਿਆਂ ਨਾਲ ਆਪਣੀ ਤੁਲਨਾ ਨਾ ਕਰੋ ਅਤੇ ਇਹ ਗੱਲ ਯਾਦ ਰੱਖੋ ਕਿ ਸੋਗ ਦੀ ਪੀੜਾ ਹਮੇਸ਼ਾ ਤਕ ਨਹੀਂ ਰਹਿੰਦੀ। ਕੀ ਤੁਸੀਂ ਕੁਝ ਅਜਿਹੇ ਕੰਮ ਕਰ ਸਕਦੇ ਹੋ ਜਿਸ ਨਾਲ ਤੁਸੀਂ ਆਪਣਾ ਗਮ ਘਟਾ ਸਕੋ ਅਤੇ ਲੰਬੇ ਸਮੇਂ ਤਕ ਸੋਗ ਵਿਚ ਡੁੱਬੇ ਰਹਿਣ ਤੋਂ ਬਚ ਸਕੋ?

      ਗਮ ਦੇ ਕਰਕੇ ਭਾਵਨਾਵਾਂ ਵਿਚ ਉਤਾਰ-ਚੜ੍ਹਾਅ ਆਉਣੇ ਆਮ ਹਨ

      a ਕੁਝ ਲੋਕ ਬੁਰੀ ਤਰ੍ਹਾਂ ਅਤੇ ਕਾਫ਼ੀ ਲੰਬੇ ਸਮੇਂ ਲਈ ਸੋਗ (chronic grief) ਵਿਚ ਡੁੱਬ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸ਼ਾਇਦ ਡਾਕਟਰੀ ਮਦਦ ਦੀ ਲੋੜ ਪਵੇ।

  • ਸੋਗ ਵਿੱਚੋਂ ਕਿਵੇਂ ਉੱਭਰੀਏ?—ਤੁਸੀਂ ਅੱਜ ਕੀ ਕਰ ਸਕਦੇ ਹੋ?
    ਜਾਗਰੂਕ ਬਣੋ!—2018 | ਨੰ. 3
    • ਸਮੁੰਦਰੀ ਤਟ ʼਤੇ ਕੁਝ ਲੋਕ ਪਤੰਗ ਉਡਾਉਂਦੇ ਤੇ ਫੋਟੋਆਂ ਖਿੱਚਦੇ ਹੋਏ

      ਵਿਛੋੜੇ ਦਾ ਗਮ ਕਿਵੇਂ ਸਹੀਏ?

      ਸੋਗ ਵਿੱਚੋਂ ਕਿਵੇਂ ਉੱਭਰੀਏ? ਤੁਸੀਂ ਅੱਜ ਕੀ ਕਰ ਸਕਦੇ ਹੋ?

      ਜੇ ਤੁਸੀਂ ਸੋਗ ਵਿੱਚੋਂ ਉੱਭਰਨ ਲਈ ਕਿਸੇ ਤੋਂ ਸਲਾਹ ਲਵੋ, ਤਾਂ ਤੁਹਾਨੂੰ ਹਜ਼ਾਰਾਂ ਹੀ ਸਲਾਹਾਂ ਮਿਲਣਗੀਆਂ। ਹੋ ਸਕਦਾ ਹੈ ਕਿ ਕਈ ਸਲਾਹਾਂ ਦੂਜੀਆਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੋਣ। ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਇਸ ਤਰ੍ਹਾਂ ਸ਼ਾਇਦ ਇਸ ਕਰਕੇ ਹੁੰਦਾ ਕਿਉਂਕਿ ਹਰ ਵਿਅਕਤੀ ਅਲੱਗ ਤਰੀਕੇ ਨਾਲ ਸੋਗ ਮਨਾਉਂਦਾ ਹੈ। ਜ਼ਰੂਰੀ ਨਹੀਂ ਕਿ ਇਕ ਸਲਾਹ ਸਾਰਿਆਂ ਲਈ ਕਾਰਗਰ ਸਾਬਤ ਹੋਵੇ।

      ਪਰ ਕੁਝ ਸਲਾਹਾਂ ਕਈ ਲੋਕਾਂ ਲਈ ਕਾਰਗਰ ਸਾਬਤ ਹੋਈਆਂ ਹਨ। ਕਈ ਮਾਹਰ ਵੀ ਇਹ ਸਲਾਹਾਂ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਸਲਾਹਾਂ ਇਕ ਬਹੁਤ ਪੁਰਾਣੀ ਕਿਤਾਬ ਦੇ ਅਸੂਲਾਂ ਨਾਲ ਮੇਲ ਖਾਂਦੀਆਂ ਹਨ। ਬੁੱਧ ਨਾਲ ਭਰੀ ਇਹ ਕਿਤਾਬ ਬਾਈਬਲ ਹੈ ਅਤੇ ਇਸ ਵਿਚ ਦਿੱਤੀਆਂ ਸਲਾਹਾਂ ਅੱਜ ਵੀ ਲਾਗੂ ਹੋ ਸਕਦੀਆਂ ਹਨ।

      1: ਪਰਿਵਾਰ ਤੇ ਦੋਸਤਾਂ ਦੀ ਮਦਦ ਕਬੂਲ ਕਰੋ

      • ਸਮੁੰਦਰੀ ਤਟ ʼਤੇ ਕੁਝ ਲੋਕ ਪਤੰਗ ਉਡਾਉਂਦੇ ਤੇ ਫੋਟੋਆਂ ਖਿੱਚਦੇ ਹੋਏ

        ਕੁਝ ਮਾਹਰ ਮੰਨਦੇ ਹਨ ਕਿ ਸੋਗ ਕਰਦੇ ਵੇਲੇ ਇੱਦਾਂ ਕਰਨਾ ਸਭ ਤੋਂ ਜ਼ਰੂਰੀ ਹੈ। ਪਰ ਕਦੇ-ਕਦੇ ਸ਼ਾਇਦ ਤੁਸੀਂ ਇਕੱਲੇ ਰਹਿਣਾ ਚਾਹੋ। ਤੁਹਾਨੂੰ ਸ਼ਾਇਦ ਉਨ੍ਹਾਂ ʼਤੇ ਖਿੱਝ ਆਵੇ ਜੋ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਦਾਂ ਹੋਣਾ ਆਮ ਹੈ।

      • ਇੱਦਾਂ ਨਾ ਸੋਚੋ ਕਿ ਤੁਹਾਨੂੰ ਹਰ ਵੇਲੇ ਲੋਕਾਂ ਵਿਚ ਘਿਰੇ ਰਹਿਣਾ ਚਾਹੀਦਾ ਹੈ, ਪਰ ਆਪਣੇ ਆਪ ਨੂੰ ਬਿਲਕੁਲ ਇਕੱਲੇ ਵੀ ਨਾ ਕਰੋ। ਸ਼ਾਇਦ ਤੁਹਾਨੂੰ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਮਦਦ ਦੀ ਲੋੜ ਪੈ ਸਕਦੀ ਹੈ, ਇਸ ਲਈ ਪਿਆਰ ਨਾਲ ਦੂਸਰਿਆਂ ਨੂੰ ਦੱਸੋ ਕਿ ਤੁਹਾਨੂੰ ਇਸ ਮੌਕੇ ʼਤੇ ਕਿਸ ਚੀਜ਼ ਦੀ ਲੋੜ ਹੈ ਤੇ ਕਿਸ ਦੀ ਨਹੀਂ।

      • ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਦੇਖੋ ਕਿ ਤੁਸੀਂ ਕਿੰਨੀ ਦੇਰ ਲੋਕਾਂ ਵਿਚ ਰਹੋਗੇ ਅਤੇ ਕਿੰਨੀ ਦੇਰ ਇਕੱਲੇ।

      ਅਸੂਲ: “ਇੱਕ ਨਾਲੋਂ ਦੋ ਚੰਗੇ ਹਨ . . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”​—ਉਪਦੇਸ਼ਕ ਦੀ ਪੋਥੀ 4:9, 10.

      2: ਖਾਣ-ਪੀਣ ਦਾ ਧਿਆਨ ਰੱਖੋ ਅਤੇ ਕਸਰਤ ਕਰਨ ਲਈ ਸਮਾਂ ਕੱਢੋ

      • ਸੋਗ ਕਰਨ ਨਾਲ ਚਿੰਤਾ ਹੁੰਦੀ ਹੈ, ਪਰ ਸਹੀ ਖ਼ੁਰਾਕ ਖਾਣ ਨਾਲ ਚਿੰਤਾ ਨੂੰ ਘਟਾਇਆ ਜਾ ਸਕਦਾ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਫਲ-ਸਬਜ਼ੀਆਂ ਅਤੇ ਘੱਟ ਚਰਬੀ ਵਾਲਾ ਭੋਜਨ ਖਾਣ ਦੀ ਕੋਸ਼ਿਸ਼ ਕਰੋ।

      • ਖੂਬ ਪਾਣੀ ਪੀਓ ਅਤੇ ਹੋਰ ਪੀਣ ਵਾਲੇ ਪਦਾਰਥ ਪੀਓ ਜੋ ਸਿਹਤ ਲਈ ਵਧੀਆ ਹੁੰਦੇ ਹਨ।

      • ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ, ਤਾਂ ਥੋੜ੍ਹਾ-ਥੋੜ੍ਹਾ ਖਾਣਾ ਜ਼ਿਆਦਾ ਵਾਰ ਖਾਓ। ਤੁਸੀਂ ਪੌਸ਼ਟਿਕ ਖਾਣੇ ਜਾਂ ਵਿਟਾਮਿਨਾਂ ਵਗੈਰਾ ਲਈ ਡਾਕਟਰ ਕੋਲੋਂ ਵੀ ਸਲਾਹ ਲੈ ਸਕਦੇ ਹੋ।a

      • ਤੇਜ਼-ਤੇਜ਼ ਤੁਰਨ ਅਤੇ ਹੋਰ ਅਲੱਗ-ਅਲੱਗ ਕਸਰਤਾਂ ਕਰਨ ਨਾਲ ਨਿਰਾਸ਼ ਕਰਨ ਵਾਲੇ ਖ਼ਿਆਲਾਂ ਨੂੰ ਘਟਾਇਆ ਜਾ ਸਕਦਾ ਹੈ। ਕਸਰਤ ਦੌਰਾਨ ਤੁਹਾਨੂੰ ਆਪਣੇ ਵਿਛੋੜੇ ਬਾਰੇ ਸੋਚਣ ਜਾਂ ਵਿਛੋੜੇ ਕਰਕੇ ਆਉਂਦੇ ਖ਼ਿਆਲਾਂ ਨੂੰ ਦਿਮਾਗ਼ ਵਿੱਚੋਂ ਕੱਢਣ ਦਾ ਸਮਾਂ ਮਿਲ ਸਕਦਾ ਹੈ।

      ਅਸੂਲ: “ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ।”​—ਅਫ਼ਸੀਆਂ 5:29.

      3: ਚੰਗੀ ਨੀਂਦ ਲਓ

      • ਇਕ ਬੈੱਡ

        ਚੰਗੀ ਨੀਂਦ ਲੈਣੀ ਜ਼ਰੂਰੀ ਹੈ। ਪਰ ਸੋਗ ਕਰਨ ਵਾਲਿਆਂ ਲਈ ਚੰਗੀ ਨੀਂਦ ਲੈਣੀ ਹੋਰ ਵੀ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੋ ਸਕਦੀ ਹੈ।

      • ਧਿਆਨ ਰੱਖੋ ਕਿ ਤੁਸੀਂ ਕੈਫੀਨ ਅਤੇ ਸ਼ਰਾਬ ਦੀ ਕਿੰਨੀ ਕੁ ਵਰਤੋਂ ਕਰਦੇ ਹੋ ਕਿਉਂਕਿ ਇਹ ਦੋਵੇਂ ਚੀਜ਼ਾਂ ਨੀਂਦ ʼਤੇ ਅਸਰ ਪਾ ਸਕਦੀਆਂ ਹਨ।

      ਅਸੂਲ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।”​—ਉਪਦੇਸ਼ਕ 4:6, CL.

      4: ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਰਹੋ

      • ਇਕ ਔਰਤ ਆਪਣੀ ਸਹੇਲੀ ਨਾਲ ਆਪਣੀ ਦਿਲ ਦੀ ਗੱਲ ਕਰਦੀ ਹੋਈ

        ਇਹ ਗੱਲ ਯਾਦ ਰੱਖੋ ਕਿ ਹਰ ਵਿਅਕਤੀ ਅਲੱਗ ਤਰੀਕੇ ਨਾਲ ਸੋਗ ਮਨਾਉਂਦਾ ਹੈ। ਅਖ਼ੀਰ ਤੁਹਾਨੂੰ ਹੀ ਦੇਖਣਾ ਪਵੇਗਾ ਕਿ ਤੁਹਾਡੇ ਲਈ ਕਿਹੜਾ ਤਰੀਕਾ ਸਹੀ ਹੈ।

      • ਕਈ ਲੋਕੀਂ ਦੂਸਰਿਆਂ ਨਾਲ ਗੱਲ ਕਰ ਕੇ ਆਪਣਾ ਦਿਲ ਹੌਲਾ ਕਰ ਲੈਂਦੇ ਹਨ, ਪਰ ਹੋਰਾਂ ਨੂੰ ਆਪਣਾ ਦੁੱਖ ਕਿਸੇ ਨੂੰ ਦੱਸਣਾ ਚੰਗਾ ਨਹੀਂ ਲੱਗਦਾ। ਮਾਹਰਾਂ ਦੇ ਇਸ ਬਾਰੇ ਅਲੱਗ-ਅਲੱਗ ਵਿਚਾਰ ਹਨ ਕਿ ਕਿਸੇ ਨੂੰ ਆਪਣੀਆਂ ਭਾਵਨਾਵਾਂ ਦੱਸਣ ਨਾਲ ਸੋਗ ਵਿੱਚੋਂ ਉੱਭਰਿਆ ਜਾ ਸਕਦਾ ਹੈ ਜਾਂ ਨਹੀਂ। ਜੇ ਤੁਸੀਂ ਕਿਸੇ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨੀ ਚਾਹੁੰਦੇ ਹੋ, ਪਰ ਤੁਹਾਨੂੰ ਝਿਜਕ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਆਪਣੇ ਕਿਸੇ ਜਿਗਰੀ ਦੋਸਤ ਨਾਲ ਗੱਲ ਕਰ ਸਕਦੇ ਹੋ।

      • ਕੁਝ ਲੋਕ ਰੋ ਕੇ ਆਪਣਾ ਗਮ ਹੌਲਾ ਕਰ ਲੈਂਦੇ ਹਨ। ਕਈ ਲੋਕ ਘੱਟ ਰੋਂਦੇ ਹਨ, ਪਰ ਫਿਰ ਵੀ ਉਨ੍ਹਾਂ ਦਾ ਗਮ ਹੌਲਾ ਹੋ ਜਾਂਦਾ ਹੈ।

      ਅਸੂਲ: “ਹਰ ਵਿਅਕਤੀ ਆਪਣੇ ਦੁੱਖਾਂ ਬਾਰੇ ਜਾਣਦਾ ਹੈ।”—ਕਹਾਉਤਾਂ 14:10, ERV.

      5: ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ ਤੋਂ ਬਚੋ

      • ਇਕ ਆਦਮੀ ਸ਼ਰਾਬ ਪੀਂਦਾ ਹੋਇਆ

        ਕਈ ਲੋਕ ਆਪਣੇ ਗਮ ਨੂੰ ਭੁਲਾਉਣ ਲਈ ਹੱਦੋਂ ਵਧ ਸ਼ਰਾਬ ਪੀਂਦੇ ਹਨ ਜਾਂ ਨਸ਼ਿਆਂ ਦਾ ਸਹਾਰਾ ਲੈਂਦੇ ਹਨ। ਇਹੋ ਜਿਹੇ “ਤਰੀਕੇ” ਘਾਤਕ ਹੋ ਸਕਦੇ ਹਨ। ਸ਼ਾਇਦ ਇਨ੍ਹਾਂ ਤਰੀਕਿਆਂ ਨਾਲ ਕੁਝ ਸਮੇਂ ਲਈ ਤਾਂ ਰਾਹਤ ਮਿਲੇ, ਪਰ ਬਾਅਦ ਵਿਚ ਇਸ ਦੇ ਭਿਆਨਕ ਨਤੀਜੇ ਨਿਕਲਦੇ ਹਨ। ਆਪਣੀ ਚਿੰਤਾ ਨੂੰ ਘੱਟ ਕਰਨ ਲਈ ਸਹੀ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰੋ।

      ਅਸੂਲ: ‘ਆਓ ਆਪਾਂ ਆਪਣੇ ਆਪ ਨੂੰ ਸ਼ੁੱਧ ਕਰੀਏ।’—2 ਕੁਰਿੰਥੀਆਂ 7:1.

      6: ਸਮੇਂ ਦੀ ਸਹੀ ਵਰਤੋਂ ਕਰੋ

      • ਕਈ ਲੋਕਾਂ ਨੇ ਥੋੜ੍ਹੇ ਸਮੇਂ ਲਈ ਕੋਈ ਅਲੱਗ ਕੰਮ ਕਰ ਕੇ ਦੇਖਿਆ ਹੈ ਤੇ ਉਨ੍ਹਾਂ ਨੂੰ ਸੋਗ ਤੋਂ ਰਾਹਤ ਮਿਲੀ ਹੈ। ਇੱਦਾਂ ਕਰਨ ਨਾਲ ਉਹ ਹਮੇਸ਼ਾ ਆਪਣੇ ਦੁੱਖ ਬਾਰੇ ਹੀ ਨਹੀਂ ਸੋਚਦੇ ਰਹਿੰਦੇ।

      • ਤੁਸੀਂ ਨਵੇਂ ਦੋਸਤ ਬਣਾ ਕੇ, ਪੁਰਾਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰ ਕੇ, ਨਵੇਂ ਹੁਨਰ ਸਿੱਖ ਕੇ ਜਾਂ ਮਨੋਰੰਜਨ ਕਰ ਕੇ ਕੁਝ ਸਮੇਂ ਲਈ ਆਪਣੇ ਗਮ ਤੋਂ ਰਾਹਤ ਪਾ ਸਕਦੇ ਹੋ।

      • ਸਮੇਂ ਦੇ ਬੀਤਣ ਨਾਲ ਸਭ ਕੁਝ ਬਦਲਣ ਲੱਗਦਾ ਹੈ। ਤੁਸੀਂ ਦੇਖੋਗੇ ਕਿ ਹੁਣ ਤੁਸੀਂ ਹਰ ਵੇਲੇ ਹੀ ਸੋਗ ਵਿਚ ਨਹੀਂ ਡੁੱਬੇ ਰਹਿੰਦੇ। ਹੌਲੀ-ਹੌਲੀ ਤੁਹਾਡੇ ਜ਼ਖ਼ਮ ਭਰ ਜਾਣਗੇ।

      ਅਸੂਲ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ।”​—ਉਪਦੇਸ਼ਕ ਦੀ ਪੋਥੀ 3:1, 4.

      7: ਰੋਜ਼ਮੱਰਾ ਦੇ ਕੰਮ ਕਰਨ ਦੀ ਕੋਸ਼ਿਸ਼ ਕਰੋ

      • ਇਕ ਔਰਤ ਲਿਖਦੀ ਹੋਈ ਕਿ ਉਸ ਨੇ ਆਉਣ ਵਾਲੇ ਦਿਨਾਂ ਵਿਚ ਕੀ-ਕੀ ਕਰਨਾ ਹੈ

        ਜਿੰਨੀ ਜਲਦੀ ਹੋ ਸਕੇ ਦੁਬਾਰਾ ਤੋਂ ਰੋਜ਼ਮੱਰਾ ਦੇ ਕੰਮ ਕਰਨੇ ਸ਼ੁਰੂ ਕਰੋ।

      • ਜਦੋਂ ਤੁਸੀਂ ਸਮੇਂ ਸਿਰ ਸੌਂਦੇ ਹੋ, ਨੌਕਰੀ ਜਾਂ ਹੋਰ ਕੰਮ ਕਰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਸਾਰਾ ਕੁਝ ਪਹਿਲਾਂ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ।

      • ਚੰਗੇ ਕੰਮਾਂ ਵਿਚ ਰੁੱਝੇ ਰਹਿਣ ਨਾਲ ਤੁਹਾਨੂੰ ਆਪਣੇ ਦਿਲ ਦੀ ਪੀੜਾ ਘੱਟ ਕਰਨ ਵਿਚ ਮਦਦ ਮਿਲੇਗੀ।

      ਅਸੂਲ: “ਸੋ ਪਰਮੇਸ਼ਰ ਨੇ ਉਸ ਨੂੰ ਖ਼ੁਸ਼ ਰਹਿਣ ਦੀ ਸੁਗਾਤ ਦਿੱਤੀ ਹੈ, ਇਸ ਲਈ ਉਹ ਆਪਣੇ ਜੀਵਨ ਦੇ ਥੋੜ੍ਹੇ ਦਿਨ ਹੋਣ ਦੀ ਚਿੰਤਾ ਨਹੀਂ ਕਰੇਗਾ।”​—ਉਪਦੇਸ਼ਕ 5:20, CL.

      8: ਜਲਦਬਾਜ਼ੀ ਵਿਚ ਵੱਡੇ ਫ਼ੈਸਲੇ ਕਰਨ ਤੋਂ ਬਚੋ

      • ਜਿਹੜੇ ਲੋਕ ਆਪਣੇ ਕਿਸੇ ਦੋਸਤ-ਰਿਸ਼ਤੇਦਾਰ ਦੀ ਮੌਤ ਤੋਂ ਜਲਦੀ ਬਾਅਦ ਹੀ ਵੱਡੇ ਫ਼ੈਸਲੇ ਕਰ ਲੈਂਦੇ ਹਨ, ਕਈ ਵਾਰ ਉਹ ਬਾਅਦ ਵਿਚ ਪਛਤਾਉਂਦੇ ਹਨ।

      • ਜੇ ਹੋ ਸਕੇ, ਤਾਂ ਕਿਸੇ ਦੂਸਰੀ ਥਾਂ ਜਾਣ, ਨੌਕਰੀ ਬਦਲਣ ਜਾਂ ਆਪਣੇ ਅਜ਼ੀਜ਼ ਦੀਆਂ ਚੀਜ਼ਾਂ ਨੂੰ ਸੁੱਟਣ ਤੋਂ ਪਹਿਲਾਂ ਕੁਝ ਸਮਾਂ ਇੰਤਜ਼ਾਰ ਕਰੋ।

      ਅਸੂਲ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।”​—ਕਹਾਉਤਾਂ 21:5, CL.

      9: ਆਪਣੇ ਅਜ਼ੀਜ਼ ਨੂੰ ਭੁੱਲੋ ਨਾ

      • ਇਕ ਆਦਮੀ ਆਪਣੇ ਦੋਸਤਾਂ ਨੂੰ ਆਪਣੀ ਮਰ ਚੁੱਕੀ ਪਤਨੀ ਦੀ ਤਸਵੀਰਾਂ ਦਿਖਾਉਂਦਾ ਹੋਇਆ

        ਸੋਗ ਕਰਨ ਵਾਲੇ ਕਈ ਲੋਕਾਂ ਨੂੰ ਇੱਦਾਂ ਦੇ ਕੰਮ ਕਰ ਕੇ ਫ਼ਾਇਦਾ ਹੋਇਆ ਹੈ ਜਿਨ੍ਹਾਂ ਨਾਲ ਉਹ ਆਪਣੇ ਅਜ਼ੀਜ਼ ਦੀਆਂ ਯਾਦਾਂ ਨੂੰ ਤਾਜ਼ਾ ਰੱਖ ਸਕੇ ਹਨ।

      • ਆਪਣੇ ਅਜ਼ੀਜ਼ ਦੀਆਂ ਫੋਟੋਆਂ ਜਾਂ ਚੀਜ਼ਾਂ ਇਕੱਠੀਆਂ ਕਰੋ। ਉਨ੍ਹਾਂ ਗੱਲਾਂ ਜਾਂ ਪਲਾਂ ਨੂੰ ਡਾਇਰੀ ਵਿਚ ਲਿਖ ਲਓ ਜੋ ਤੁਸੀਂ ਯਾਦ ਰੱਖਣੇ ਚਾਹੁੰਦੇ ਹੋ। ਇੱਦਾਂ ਕਰਨ ਨਾਲ ਤੁਹਾਡੀ ਮਦਦ ਹੋ ਸਕਦੀ ਹੈ।

      • ਉਹ ਚੀਜ਼ਾਂ ਸਾਂਭ ਕੇ ਰੱਖੋ ਜਿਨ੍ਹਾਂ ਨਾਲ ਮਿੱਠੀਆਂ ਯਾਦਾਂ ਮੁੜ ਤਾਜ਼ਾ ਹੋ ਜਾਣ। ਇਨ੍ਹਾਂ ਚੀਜ਼ਾਂ ਨੂੰ ਉਦੋਂ ਦੇਖੋ ਜਦੋਂ ਤੁਹਾਨੂੰ ਲੱਗੇ ਕਿ ਹੁਣ ਤੁਸੀਂ ਸੰਭਲ ਗਏ ਹੋ।

      ਅਸੂਲ: “ਪੁਰਾਣਿਆਂ ਦਿਨਾਂ ਨੂੰ ਯਾਦ ਕਰ।”​—ਬਿਵਸਥਾ ਸਾਰ 32:7.

      10: ਕਿਤੇ ਘੁੰਮਣ ਜਾਓ

      • ਕਿਉਂ ਨਾ ਤੁਸੀਂ ਛੁੱਟੀ ʼਤੇ ਕਿਤੇ ਜਾਣ ਬਾਰੇ ਸੋਚੋ।

      • ਜੇ ਤੁਹਾਨੂੰ ਲੰਬੀ ਛੁੱਟੀ ʼਤੇ ਜਾਣਾ ਸਹੀ ਨਹੀਂ ਲੱਗਦਾ, ਤਾਂ ਤੁਸੀਂ ਇਕ ਜਾਂ ਦੋ ਦਿਨ ਲਈ ਕੁਝ ਇੱਦਾਂ ਦਾ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਮਿਲੇ ਜਿਵੇਂ ਸੈਰ ʼਤੇ ਜਾਣਾ, ਮਿਊਜ਼ੀਅਮ ਦੇਖਣਾ ਜਾਂ ਗੱਡੀ ਵਿਚ ਘੁੰਮਣ ਜਾਣਾ।

      • ਰੋਜ਼ਮੱਰਾ ਦੇ ਕੰਮਾਂ ਤੋਂ ਹਟ ਕੇ ਕੋਈ ਹੋਰ ਕੰਮ ਕਰਨ ਨਾਲ ਵੀ ਤੁਸੀਂ ਆਪਣੇ ਗਮ ਤੋਂ ਰਾਹਤ ਪਾ ਸਕਦੇ ਹੋ।

      ਅਸੂਲ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।”​—ਮਰਕੁਸ 6:31.

      11: ਦੂਸਰਿਆਂ ਦੀ ਮਦਦ ਕਰੋ

      • ਇਕ ਕੁੜੀ ਇਕ ਬਜ਼ੁਰਗ ਔਰਤ ਦੀ ਸਬਜ਼ੀਆਂ ਖ਼ਰੀਦਣ ਵਿਚ ਮਦਦ ਕਰਦੀ ਹੋਈ

        ਯਾਦ ਰੱਖੋ ਕਿ ਦੂਜਿਆਂ ਲਈ ਸਮਾਂ ਕੱਢਣ ਨਾਲ ਤੁਹਾਨੂੰ ਖ਼ੁਦ ਨੂੰ ਵੀ ਵਧੀਆ ਲੱਗੇਗਾ।

      • ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਜੋ ਤੁਹਾਡੇ ਨਾਲ-ਨਾਲ ਵਿਛੋੜੇ ਦਾ ਗਮ ਝੱਲ ਰਹੇ ਹਨ ਜਿਵੇਂ ਕੋਈ ਦੋਸਤ ਜਾਂ ਰਿਸ਼ਤੇਦਾਰ। ਸ਼ਾਇਦ ਉਨ੍ਹਾਂ ਨੂੰ ਵੀ ਤੁਹਾਡੀ ਲੋੜ ਹੋਵੇ।

      • ਦੂਸਰਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਨਾਲ ਤੁਹਾਨੂੰ ਖ਼ੁਦ ਨੂੰ ਵੀ ਖ਼ੁਸ਼ੀ ਮਿਲੇਗੀ ਅਤੇ ਤੁਹਾਡੀ ਜ਼ਿੰਦਗੀ ਵਿਚ ਇਕ ਮਕਸਦ ਹੋਵੇਗਾ ਜਿਸ ਦੀ ਸ਼ਾਇਦ ਤੁਹਾਨੂੰ ਲੋੜ ਸੀ।

      ਅਸੂਲ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂਲਾਂ ਦੇ ਕੰਮ 20:35.

      12: ਜ਼ਰੂਰੀ ਕੰਮਾਂ ਨੂੰ ਦੁਬਾਰਾ ਪਹਿਲ ਦਿਓ

      • ਸੋਗ ਕਰਨ ਵੇਲੇ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਡੇ ਲਈ ਕੀ ਜ਼ਿਆਦਾ ਮਾਅਨੇ ਰੱਖਦਾ ਹੈ।

      • ਇਸ ਸਮੇਂ ਦੌਰਾਨ ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜੀ ਰਹੇ ਹੋ।

      • ਜੇ ਲੋੜ ਹੋਵੇ, ਤਾਂ ਜ਼ਰੂਰੀ ਕੰਮਾਂ ਵਿਚ ਫੇਰ-ਬਦਲ ਕਰੋ।

      ਅਸੂਲ: “ਸੋਗ ਵਾਲੇ ਘਰ ਜਾਣਾ, ਖ਼ੁਸ਼ੀ ਵਾਲੇ ਘਰ ਜਾਣ ਤੋਂ ਚੰਗਾ ਹੈ, ਕਿਉਂਕਿ ਸਭ ਦਾ ਅੰਤ ਮੌਤ ਹੈ, ਅਤੇ ਉੱਥੇ ਜੀਉਂਦਾ ਆਪਣੇ ਅੰਤ ਬਾਰੇ ਸੋਚਦਾ ਹੈ।”​—ਉਪਦੇਸ਼ਕ 7:2, CL.

      ਸੋਗ ਵਿੱਚੋਂ ਕਿਵੇਂ ਉੱਭਰੀਏ? | ਸਾਰ

      • 1: ਪਰਿਵਾਰ ਤੇ ਦੋਸਤਾਂ ਦੀ ਮਦਦ ਕਬੂਲ ਕਰੋ

        ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਦੇਖੋ ਕਿ ਤੁਸੀਂ ਕਿੰਨੀ ਦੇਰ ਲੋਕਾਂ ਵਿਚ ਰਹੋਗੇ ਅਤੇ ਕਿੰਨੀ ਦੇਰ ਇਕੱਲੇ।

      • 2: ਖਾਣ-ਪੀਣ ਦਾ ਧਿਆਨ ਰੱਖੋ ਅਤੇ ਕਸਰਤ ਕਰਨ ਲਈ ਸਮਾਂ ਕੱਢੋ

        ਸਹੀ ਖ਼ੁਰਾਕ ਖਾਓ, ਖੂਬ ਪਾਣੀ ਪੀਓ ਅਤੇ ਹਲਕੀ-ਫੁਲਕੀ ਕਸਰਤ ਕਰੋ।

      • 3: ਚੰਗੀ ਨੀਂਦ ਲਓ

        ਸੋਗ ਕਰਨ ਕਰਕੇ ਥਕਾਵਟ ਹੋ ਸਕਦੀ ਹੈ, ਇਸ ਲਈ ਚੰਗੀ ਨੀਂਦ ਲੈਣੀ ਜ਼ਰੂਰੀ ਹੈ।

      • 4: ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਰਹੋ

        ਹਰ ਵਿਅਕਤੀ ਅਲੱਗ ਤਰੀਕੇ ਨਾਲ ਸੋਗ ਮਨਾਉਂਦਾ ਹੈ। ਦੇਖੋ ਕਿ ਤੁਹਾਡੇ ਲਈ ਕਿਹੜਾ ਤਰੀਕਾ ਸਹੀ ਹੈ।

      • 5: ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ ਤੋਂ ਬਚੋ

        ਹੱਦੋਂ ਵਧ ਸ਼ਰਾਬ ਪੀਣ ਜਾਂ ਨਸ਼ੇ ਕਰਨ ਤੋਂ ਬਚੋ। ਇਨ੍ਹਾਂ ਚੀਜ਼ਾਂ ਨਾਲ ਤੁਹਾਡੀਆਂ ਮੁਸ਼ਕਲਾਂ ਘਟਣ ਦੀ ਬਜਾਇ ਹੋਰ ਵਧ ਜਾਣਗੀਆਂ।

      • 6: ਸਮੇਂ ਦੀ ਸਹੀ ਵਰਤੋਂ ਕਰੋ

        ਲੋਕਾਂ ਨੂੰ ਮਿਲਣ-ਗਿਲ਼ਣ, ਕੋਈ ਹੋਰ ਕੰਮ ਕਰਨ ਜਾਂ ਮਨੋਰੰਜਨ ਨਾਲ ਤੁਸੀਂ ਆਪਣੇ ਸੋਗ ਨੂੰ ਘਟਾ ਸਕਦੇ ਹੋ।

      • 7: ਰੋਜ਼ਮੱਰਾ ਦੇ ਕੰਮ ਕਰਨ ਦੀ ਕੋਸ਼ਿਸ਼ ਕਰੋ

        ਰੋਜ਼ਮੱਰਾ ਦੇ ਕੰਮਾਂ ਵਿਚ ਰੁੱਝੇ ਰਹਿਣ ਨਾਲ ਤੁਸੀਂ ਦੇਖੋਗੇ ਕਿ ਸਾਰਾ ਕੁਝ ਪਹਿਲਾਂ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ।

      • 8: ਜਲਦਬਾਜ਼ੀ ਵਿਚ ਵੱਡੇ ਫ਼ੈਸਲੇ ਕਰਨ ਤੋਂ ਬਚੋ

        ਜੇ ਹੋ ਸਕੇ, ਤਾਂ ਇਕ ਜਾਂ ਇਸ ਤੋਂ ਜ਼ਿਆਦਾ ਸਾਲਾਂ ਤਕ ਵੱਡੇ ਫ਼ੈਸਲੇ ਨਾ ਕਰੋ ਜਿਨ੍ਹਾਂ ਕਰਕੇ ਬਾਅਦ ਵਿਚ ਸ਼ਾਇਦ ਤੁਸੀਂ ਪਛਤਾਵੋ।

      • 9: ਆਪਣੇ ਅਜ਼ੀਜ਼ ਨੂੰ ਭੁੱਲੋ ਨਾ

        ਆਪਣੇ ਦੋਸਤ-ਰਿਸ਼ਤੇਦਾਰ ਦੀਆਂ ਫੋਟੋਆਂ ਜਾਂ ਚੀਜ਼ਾਂ ਇਕੱਠੀਆਂ ਕਰੋ ਜਾਂ ਉਨ੍ਹਾਂ ਗੱਲਾਂ ਜਾਂ ਪਲਾਂ ਨੂੰ ਡਾਇਰੀ ਵਿਚ ਲਿਖ ਲਓ ਜੋ ਤੁਸੀਂ ਯਾਦ ਰੱਖਣੇ ਚਾਹੁੰਦੇ ਹੋ।

      • 10: ਕਿਤੇ ਘੁੰਮਣ ਜਾਓ

        ਇਕ ਦਿਨ ਜਾਂ ਕੁਝ ਘੰਟਿਆਂ ਲਈ ਰੋਜ਼ਮੱਰਾ ਦੇ ਕੰਮਾਂ ਤੋਂ ਹਟ ਕੇ ਕੋਈ ਹੋਰ ਕੰਮ ਕਰੋ।

      • 11: ਦੂਸਰਿਆਂ ਦੀ ਮਦਦ ਕਰੋ

        ਜ਼ਿੰਦਗੀ ਨੂੰ ਦੁਬਾਰਾ ਮਕਸਦ ਭਰਿਆ ਬਣਾਉਣ ਲਈ ਦੂਸਰਿਆਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮਦਦ ਕਰੋ ਜੋ ਤੁਹਾਡੇ ਨਾਲ ਵਿਛੋੜੇ ਦਾ ਗਮ ਝੱਲ ਰਹੇ ਹਨ।

      • 12: ਜ਼ਰੂਰੀ ਕੰਮਾਂ ਨੂੰ ਦੁਬਾਰਾ ਪਹਿਲ ਦਿਓ

        ਇਸ ਸਮੇਂ ਦੌਰਾਨ ਸੋਚੋ ਕਿ ਤੁਹਾਡੇ ਲਈ ਜ਼ਿਆਦਾ ਕੀ ਮਾਅਨੇ ਰੱਖਦਾ ਹੈ। ਲੋੜ ਪੈਣ ਤੇ ਜ਼ਰੂਰੀ ਕੰਮਾਂ ਵਿਚ ਫੇਰ-ਬਦਲ ਕਰੋ।

      ਇਹ ਸੱਚ ਹੈ ਕਿ ਕੋਈ ਵੀ ਚੀਜ਼ ਤੁਹਾਡੇ ਦਿਲ ਦੀ ਪੀੜ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀ। ਪਰ ਬਹੁਤ ਸਾਰੇ ਲੋਕਾਂ ਨੇ ਇਸ ਲੇਖ ਵਿਚ ਦੱਸੇ ਕੁਝ ਕਦਮ ਚੁੱਕੇ ਹਨ ਤੇ ਉਹ ਆਪਣੇ ਤਜਰਬੇ ਤੋਂ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਦਿਲਾਸਾ ਮਿਲਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਬਸ ਇਹੀ ਕਦਮ ਚੁੱਕਣ ਨਾਲ ਤੁਸੀਂ ਆਪਣੇ ਗਮ ਨੂੰ ਘਟਾ ਸਕਦੇ ਹੋ। ਪਰ ਜੇ ਤੁਸੀਂ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਦੇ ਹੋ, ਤਾਂ ਤੁਸੀਂ ਆਪਣੇ ਗਮ ਤੋਂ ਕਾਫ਼ੀ ਹੱਦ ਤਕ ਰਾਹਤ ਪਾ ਸਕਦੇ ਹੋ।

      a ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੜਾ ਨਹੀਂ।

  • ਸੋਗ ਕਰਨ ਵਾਲਿਆਂ ਲਈ ਮਦਦ
    ਜਾਗਰੂਕ ਬਣੋ!—2018 | ਨੰ. 3
    • ਨਵੀਂ ਦੁਨੀਆਂ ਵਿਚ ਲੋਕ ਦੁਬਾਰਾ ਜੀਉਂਦਾ ਕੀਤੇ ਜਾਣ ਵਾਲੇ ਲੋਕਾਂ ਨੂੰ ਮਿਲਦੇ ਹੋਏ

      ਵਿਛੋੜੇ ਦਾ ਗਮ ਕਿਵੇਂ ਸਹੀਏ?

      ਸੋਗ ਕਰਨ ਵਾਲਿਆਂ ਲਈ ਮਦਦ

      ਹਾਲ ਹੀ ਦੇ ਸਮੇਂ ਵਿਚ ਮੌਤ ਦਾ ਵਿਛੋੜਾ ਝੱਲ ਰਹੇ ਲੋਕਾਂ ਦੀ ਪੀੜਾ ਬਾਰੇ ਕਾਫ਼ੀ ਖੋਜਬੀਨ ਕੀਤੀ ਗਈ। ਪਰ ਜਿਵੇਂ ਪਿਛਲੇ ਲੇਖਾਂ ਵਿਚ ਗੱਲ ਕੀਤੀ ਗਈ ਸੀ ਕਿ ਅਕਸਰ ਵੱਡੇ-ਵੱਡੇ ਮਾਹਰਾਂ ਦੀ ਸਲਾਹ ਬਾਈਬਲ ਵਿਚ ਪਾਈ ਜਾਂਦੀ ਬੁੱਧ ਨਾਲ ਮੇਲ ਖਾਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀ ਸਲਾਹ ਕਿਸੇ ਵੀ ਸਮੇਂ ਵਿਚ ਲਾਗੂ ਹੋ ਸਕਦੀ ਹੈ। ਪਰ ਬਾਈਬਲ ਤੋਂ ਸਾਨੂੰ ਸਿਰਫ਼ ਭਰੋਸੇਮੰਦ ਸਲਾਹ ਹੀ ਨਹੀਂ ਮਿਲਦੀ। ਇਸ ਵਿਚ ਉਹ ਜਾਣਕਾਰੀ ਹੈ ਜੋ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲੇਗੀ ਤੇ ਇਸ ਜਾਣਕਾਰੀ ਤੋਂ ਸੋਗ ਕਰਨ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਦਿਲਾਸਾ ਮਿਲ ਸਕਦਾ ਹੈ।

      • ਭਰੋਸਾ ਰੱਖੋ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁੱਖ ਨਹੀਂ ਝੱਲ ਰਹੇ

        ਬਾਈਬਲ ਵਿਚ ਉਪਦੇਸ਼ਕ ਦੀ ਪੋਥੀ 9:5 ਵਿਚ ਲਿਖਿਆ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ।” ਉਨ੍ਹਾਂ ਦੀਆਂ “ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।” (ਜ਼ਬੂਰ 146:4, ERV) ਬਾਈਬਲ ਵਿਚ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਗਈ ਹੈ।​—ਯੂਹੰਨਾ 11:11.

      • ਰੱਬ ʼਤੇ ਯਕੀਨ ਰੱਖੋ ਕਿ ਉਹ ਦਿਲਾਸਾ ਦੇਵੇਗਾ

        ਬਾਈਬਲ ਵਿਚ ਜ਼ਬੂਰਾਂ ਦੀ ਪੋਥੀ 34:15 ਵਿਚ ਲਿਖਿਆ ਹੈ ਕਿ ‘ਯਹੋਵਾਹa ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।’ ਪ੍ਰਾਰਥਨਾ ਸਿਰਫ਼ ਮਨ ਦੀ ਸ਼ਾਂਤੀ ਅਤੇ ਆਪਣੇ ਖ਼ਿਆਲਾਂ ʼਤੇ ਕਾਬੂ ਪਾਉਣ ਦਾ ਜ਼ਰੀਆ ਹੀ ਨਹੀਂ ਹੈ, ਸਗੋਂ ਇਸ ਨਾਲ ਅਸੀਂ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜਦੇ ਹਾਂ ਤੇ ਉਹ ਸਾਨੂੰ ਆਪਣੀ ਤਾਕਤ ਰਾਹੀਂ ਦਿਲਾਸਾ ਦਿੰਦਾ ਹੈ।

      • ਵਧੀਆ ਭਵਿੱਖ ਦੀ ਉਮੀਦ ਰੱਖੋ

        ਉਸ ਸਮੇਂ ਦੀ ਕਲਪਨਾ ਕਰੋ ਜਦੋਂ ਮਰ ਚੁੱਕੇ ਲੋਕਾਂ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਬਾਈਬਲ ਵਿਚ ਕਈ ਵਾਰ ਇਸ ਸਮੇਂ ਬਾਰੇ ਗੱਲ ਕੀਤੀ ਗਈ ਹੈ। ਇਸ ਵਿਚ ਦੱਸਿਆ ਹੈ ਕਿ ਉਦੋਂ ਰੱਬ ਸਾਡੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾਸ਼ ਦੀ ਕਿਤਾਬ 21:3, 4.

      ਬਾਈਬਲ ਵਿਚ ਦੱਸੇ ਪਰਮੇਸ਼ੁਰ, ਯਹੋਵਾਹ, ʼਤੇ ਨਿਹਚਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸੋਗ ਤੋਂ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲਣ ਦੀ ਉਮੀਦ ʼਤੇ ਭਰੋਸਾ ਕੀਤਾ ਹੈ। ਮਿਸਾਲ ਲਈ, ਐੱਨ ਦੇ ਵਿਆਹ ਨੂੰ 65 ਸਾਲ ਹੋਏ ਸਨ। ਆਪਣੇ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਨੇ ਕਿਹਾ: “ਬਾਈਬਲ ਤੋਂ ਮੈਨੂੰ ਇਸ ਗੱਲ ਦਾ ਭਰੋਸਾ ਮਿਲਿਆ ਹੈ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁੱਖ ਨਹੀਂ ਝੱਲ ਰਹੇ ਅਤੇ ਰੱਬ ਉਨ੍ਹਾਂ ਸਾਰਿਆਂ ਨੂੰ ਜੀਉਂਦਾ ਕਰੇਗਾ ਜੋ ਉਸ ਦੀ ਯਾਦਾਸ਼ਤ ਵਿਚ ਹਨ। ਜਦੋਂ ਵੀ ਮੈਨੂੰ ਮੇਰੇ ਪਤੀ ਦੀ ਯਾਦ ਆਉਂਦੀ ਹੈ, ਤਾਂ ਮੈਂ ਬਾਈਬਲ ਦੀ ਇਸ ਉਮੀਦ ʼਤੇ ਸੋਚ-ਵਿਚਾਰ ਕਰਦੀ ਹਾਂ। ਇੱਦਾਂ ਕਰਨ ਨਾਲ ਮੈਂ ਆਪਣੇ ਸਭ ਤੋਂ ਵੱਡੇ ਦਰਦ ਨੂੰ ਸਹਿ ਸਕੀ!”

      ਟੀਨਾ, ਜਿਸ ਦਾ ਜ਼ਿਕਰ ਪਿਛਲੇ ਲੇਖਾਂ ਵਿਚ ਕੀਤਾ ਗਿਆ ਸੀ, ਕਹਿੰਦੀ ਹੈ: “ਟੀਮੋ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਰੱਬ ਦਾ ਹੱਥ ਦੇਖਿਆ ਹੈ। ਮੈਂ ਦੇਖਿਆ ਕਿ ਯਹੋਵਾਹ ਨੇ ਇਸ ਦੁੱਖ ਦੀ ਘੜੀ ਵਿਚ ਕਦੇ ਵੀ ਮੇਰਾ ਸਾਥ ਨਹੀਂ ਛੱਡਿਆ। ਦੁਬਾਰਾ ਜੀ ਉਠਾਏ ਜਾਣ ਦਾ ਵਾਅਦਾ ਮੇਰੇ ਲਈ ਅਸਲੀ ਹੈ। ਇਸ ਤੋਂ ਮੈਨੂੰ ਤਾਕਤ ਮਿਲਦੀ ਹੈ ਕਿ ਮੈਂ ਉਦੋਂ ਤਕ ਜ਼ਿੰਦਗੀ ਵਿਚ ਅੱਗੇ ਵਧਦੀ ਰਹਾਂ ਤੇ ਹਾਰ ਨਾ ਮੰਨਾਂ ਜਦ ਤਕ ਮੈਂ ਟੀਮੋ ਨੂੰ ਦੁਬਾਰਾ ਨਹੀਂ ਮਿਲ ਲੈਂਦੀ।”

      ਲੱਖਾਂ ਹੀ ਲੋਕ ਉੱਪਰ ਜ਼ਿਕਰ ਕੀਤੇ ਗਏ ਲੋਕਾਂ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਕਹਿੰਦੇ ਹਨ ਕਿ ਬਾਈਬਲ ਦੀਆਂ ਗੱਲਾਂ ਭਰੋਸੇਯੋਗ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਦੀਆਂ ਗੱਲਾਂ ਅਤੇ ਵਾਅਦੇ ਖ਼ਿਆਲੀ ਕਹਾਣੀਆਂ ਹਨ, ਤਾਂ ਕਿਉਂ ਨਾ ਤੁਸੀਂ ਆਪ ਇਨ੍ਹਾਂ ਦੀ ਜਾਂਚ ਕਰ ਕੇ ਦੇਖੋ। ਤੁਸੀਂ ਦੇਖੋਗੇ ਕਿ ਬਾਈਬਲ ਦੀ ਸਲਾਹ ਸੋਗ ਕਰਨ ਵਾਲਿਆਂ ਲਈ ਸਭ ਤੋਂ ਵਧੀਆ ਹੈ।

      ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਬਾਰੇ ਹੋਰ ਜਾਣੋ

      ਇਸ ਵਿਸ਼ੇ ਦੇ ਨਾਲ ਮਿਲਦੇ-ਜੁਲਦੇ ਵੀਡੀਓ ਦੇਖਣ ਲਈ ਸਾਡੀ ਵੈੱਬਸਾਈਟ jw.org/pa ʼਤੇ ਜਾਓ

      ਨਵੀਂ ਦੁਨੀਆਂ ਵਿਚ ਲੋਕ ਦੁਬਾਰਾ ਜੀਉਂਦਾ ਕੀਤੇ ਜਾਣ ਵਾਲੇ ਲੋਕਾਂ ਨੂੰ ਮਿਲਦੇ ਹੋਏ

      ਬਾਈਬਲ ਵਾਅਦਾ ਕਰਦੀ ਹੈ ਕਿ ਭਵਿੱਖ ਵਿਚ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ

      ਮਰਨ ਤੋਂ ਬਾਅਦ ਕੀ ਹੁੰਦਾ ਹੈ?

      ਮਰਨ ਤੋਂ ਬਾਅਦ ਕੀ ਹੁੰਦਾ ਹੈ?

      ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ? ਬਾਈਬਲ ਤੋਂ ਸਹੀ ਜਵਾਬ ਪਾ ਕੇ ਸਾਨੂੰ ਦਿਲਾਸਾ ਅਤੇ ਉਮੀਦ ਮਿਲਦੀ ਹੈ।

      “ਲਾਇਬ੍ਰੇਰੀ” >“ਵੀਡੀਓ” ਹੇਠਾਂ ਦੇਖੋ (ਵੀਡੀਓ: “ਬਾਈਬਲ”)

      ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨੀ ਚਾਹੋਗੇ?

      ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨੀ ਚਾਹੋਗੇ?

      ਅੱਜ ਇੰਨੀਆਂ ਬੁਰੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਪਰ ਅਸੀਂ ਖ਼ੁਸ਼ੀ ਦੀ ਖ਼ਬਰ ਕਿੱਥੋਂ ਸੁਣ ਸਕਦੇ ਹਾਂ?

      “ਬਾਈਬਲ ਦੀਆਂ ਸਿੱਖਿਆਵਾਂ” >“ਸ਼ਾਂਤੀ ਅਤੇ ਖ਼ੁਸ਼ੀ” ਹੇਠਾਂ ਦੇਖੋ

      a ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ