ਸਭ ਤਰ੍ਹਾਂ ਦੇ ਲੋਕ ਬਚਾਏ ਜਾਣਗੇ
1 ਯਹੋਵਾਹ ਚਾਹੁੰਦਾ ਹੈ “ਭਈ ਸਾਰੇ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਭਾਵੇਂ ਲੋਕਾਂ ਤੇ ਕਿਸੇ ਹੱਦ ਤਕ ਵਿਰਸੇ, ਪਿਛੋਕੜ, ਅਤੇ ਮਾਹੌਲ ਦਾ ਅਸਰ ਹੁੰਦਾ ਹੈ, ਉਨ੍ਹਾਂ ਕੋਲ ਸੁਤੰਤਰ ਇੱਛਾ ਹੈ ਅਤੇ ਉਹ ਵਿਅਕਤੀਗਤ ਤੌਰ ਤੇ ਚੁਣ ਸਕਦੇ ਹਨ ਕਿ ਉਹ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਵਰਤਣਗੇ। ਉਹ ਭਲਾ ਕਰ ਕੇ ਜੀ ਸਕਦੇ ਹਨ, ਜਾਂ ਬੁਰਾ ਕਰ ਕੇ ਮਰ ਸਕਦੇ ਹਨ। (ਮੱਤੀ 7:13, 14) ਉਨ੍ਹਾਂ ਲੋਕਾਂ, ਜਿਨ੍ਹਾਂ ਕੋਲ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਲੈ ਕੇ ਜਾਂਦੇ ਹਾਂ, ਬਾਰੇ ਸਾਡੇ ਵਿਚਾਰਾਂ ਤੇ ਇਹ ਸਮਝ ਕੀ ਅਸਰ ਪਾਉਂਦੀ ਹੈ?
2 ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਕ ਵਿਅਕਤੀ ਦੀ ਸੱਚਾਈ ਵਿਚ ਦਿਲਚਸਪੀ ਕੌਮੀ ਜਾਂ ਸਭਿਆਚਾਰਕ ਪਿਛੋਕੜ ਜਾਂ ਸਮਾਜਕ ਦਰਜੇ ਵਰਗੇ ਕਾਰਨਾਂ ਉੱਤੇ ਨਿਰਭਰ ਹੈ। ਸੱਚਾਈ ਘੱਟ ਜਾਂ ਜ਼ਿਆਦਾ ਪੜ੍ਹੇ-ਲਿਖਿਆਂ ਨੂੰ, ਰਾਜਨੀਤਿਕ ਮਾਮਲਿਆਂ ਵਿਚ ਰੁੱਝੇ ਵਿਅਕਤੀਆਂ ਨੂੰ, ਪੇਸ਼ਾਵਰ ਵਿਅਕਤੀਆਂ ਨੂੰ, ਨਾਸਤਿਕਾਂ ਨੂੰ, ਅਗਿਆਤਵਾਦੀਆਂ ਨੂੰ, ਅਤੇ ਬਦਨਾਮ ਅਪਰਾਧੀਆਂ ਨੂੰ ਵੀ ਆਕਰਸ਼ਿਤ ਕਰ ਸਕਦੀ ਹੈ। ਹਰ ਪ੍ਰਕਾਰ ਦੇ ਪਿਛੋਕੜ ਅਤੇ ਸਮਾਜਕ ਦਰਜਿਆਂ ਦੇ ਲੋਕਾਂ ਨੇ ਆਪਣੇ ਪੁਰਾਣੇ ਚਾਲ-ਚਲਨ ਨੂੰ ਬਦਲ ਲਿਆ ਹੈ ਅਤੇ ਹੁਣ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਵਨ ਪ੍ਰਾਪਤ ਕਰਨ ਦੀ ਸਥਿਤੀ ਵਿਚ ਹਨ। (ਕਹਾ. 11:19) ਇਸ ਕਰਕੇ, ਸਾਨੂੰ ਅਲੱਗ-ਅਲੱਗ ਪੇਸ਼ਿਆਂ ਦੇ ਲੋਕਾਂ ਨੂੰ ਰਾਜ ਸੰਦੇਸ਼ ਪੇਸ਼ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਹੈ।
3 ਇਨ੍ਹਾਂ ਉਦਾਹਰਣਾਂ ਤੇ ਵਿਚਾਰ ਕਰੋ: ਇਕ ਆਦਮੀ ਨੇ ਆਪਣੇ ਮਤਰੇਏ ਪਿਉ ਨੂੰ ਮਾਰ ਦੇਣ ਦੀ ਯੋਜਨਾ ਬਣਾਈ ਸੀ ਪਰ ਨਹੀਂ ਮਾਰਿਆ। ਬਾਅਦ ਵਿਚ ਉਸ ਨੇ ਖ਼ੁਦਕਸ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਨਹੀਂ ਕਰ ਪਾਇਆ। ਚੋਰੀ ਅਤੇ ਨਸ਼ੀਲੀਆਂ ਦਵਾਈਆਂ ਦੇ ਧੰਦੇ ਕਾਰਨ ਕੈਦ ਕੀਤੇ ਜਾਣ ਮਗਰੋਂ, ਉਸ ਦਾ ਵਿਆਹ ਟੁੱਟ ਗਿਆ। ਅੱਜ ਇਹ ਵਿਅਕਤੀ ਈਮਾਨਦਾਰੀ ਦੇ ਨਾਲ ਗੁਜ਼ਾਰਾ ਕਰਦਾ ਹੈ ਅਤੇ ਆਨੰਦਮਈ ਵਿਆਹ, ਨਾਲੇ ਆਪਣੇ ਮਤਰੇਏ ਪਿਉ ਦੇ ਨਾਲ ਚੰਗੇ ਸੰਬੰਧ ਦਾ ਆਨੰਦ ਮਾਣਦਾ ਹੈ। ਕਿਸ ਚੀਜ਼ ਨੇ ਫ਼ਰਕ ਪਾਇਆ? ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕੀਤਾ ਅਤੇ ਜੋ ਉਸ ਨੇ ਸਿੱਖਿਆ ਉਸ ਉੱਤੇ ਅਮਲ ਕੀਤਾ। ਯਹੋਵਾਹ ਨੇ ਉਸ ਨੂੰ ਸੁਧਰਨ ਦੇ ਅਯੋਗ ਨਹੀਂ ਸਮਝਿਆ।
4 ਇਕ ਜਵਾਨ ਟੀ. ਵੀ. ਅਭਿਨੇਤਰੀ ਦੀ ਸ਼ੁਹਰਤ ਉਸ ਨੂੰ ਖ਼ੁਸ਼ੀ ਨਾ ਦੇ ਸਕੀ। ਪਰ ਗਵਾਹਾਂ ਦੇ ਚੰਗੇ ਨੈਤਿਕ ਆਚਰਣ ਤੋਂ ਪ੍ਰਭਾਵਿਤ ਹੋ ਕੇ, ਉਸ ਨੇ ਬਾਈਬਲ ਅਧਿਐਨ ਕਬੂਲ ਕੀਤਾ, ਅਤੇ ਥੋੜ੍ਹੀ ਹੀ ਦੇਰ ਵਿਚ ਉਹ ਰਾਜ ਦੀ ਖ਼ੁਸ਼ ਖ਼ਬਰੀ ਸਿੱਖਣ ਵਿਚ ਹੋਰਨਾਂ ਦੀ ਮਦਦ ਕਰ ਰਹੀ ਸੀ। ਜਿੱਥੇ ਵੀ ਉਹ ਘਰ-ਘਰ ਦੀ ਸੇਵਕਾਈ ਵਿਚ ਜਾਂਦੀ ਉਹ ਪਛਾਣੀ ਜਾਂਦੀ ਸੀ, ਪਰ ਉਹ ਖ਼ੁਸ਼ੀ ਨਾਲ ਵਿਆਖਿਆ ਕਰਦੀ ਕਿ ਉਹ ਇਕ ਅਭਿਨੇਤਰੀ ਨਾਲੋਂ ਇਕ ਯਹੋਵਾਹ ਦੀ ਗਵਾਹ ਵਜੋਂ ਪਹਿਚਾਣੀ ਜਾਣਾ ਚਾਹੁੰਦੀ ਸੀ।
5 ਜਦੋਂ ਇਕ ਗਵਾਹ ਨੇ ਪਹਿਰਾਬੁਰਜ ਸਬਸਕ੍ਰਿਪਸ਼ਨ ਲੈਣ ਵਾਲੀ ਨਾਲ ਬਾਈਬਲ ਅਧਿਐਨ ਦਾ ਇੰਤਜ਼ਾਮ ਕੀਤਾ, ਤਾਂ ਇਕ ਗੁਆਂਢਣ ਨੇ ਇਸ ਬਾਰੇ ਸੁਣਿਆ ਅਤੇ ਅਧਿਐਨ ਵਿਚ ਹਾਜ਼ਰ ਹੋਈ। ਗੁਆਂਢਣ ਨੇ ਝੱਟ ਸੱਚਾਈ ਨੂੰ ਪਛਾਣਿਆ ਜਿਸ ਦੀ ਉਹ ਖੋਜ ਕਰ ਰਹੀ ਸੀ! ਉਸ ਨੇ ਅਤੇ ਉਸ ਦੇ ਪਤੀ ਨੇ ਤਲਾਕ ਦੇ ਫ਼ੈਸਲੇ, ਜਿਸ ਦੀ ਉਨ੍ਹਾਂ ਨੂੰ ਇਜਾਜ਼ਤ ਮਿਲੀ ਹੋਈ ਸੀ, ਨੂੰ ਰੱਦਿਆ ਅਤੇ ਸਮਝੌਤਾ ਕਰ ਲਿਆ। ਉਹ ਜੋਤਸ਼-ਵਿਦਿਆ ਵਿਚ ਪੂਰੀ ਤਰ੍ਹਾਂ ਫਸੀ ਹੋਈ ਸੀ ਅਤੇ ਇਕ ਪਰੇਤਵਾਦੀ ਮਤ ਨਾਲ ਜੁੜੀ ਹੋਈ ਸੀ, ਪਰ ਉਸ ਨੇ ਝਟਪਟ ਆਪਣੀਆਂ ਮਹਿੰਗੀਆਂ ਕਿਤਾਬਾਂ ਅਤੇ ਬਾਕੀ ਸਭ ਕੁਝ ਜੋ ਪਿਸ਼ਾਚਵਾਦ ਨਾਲ ਸੰਬੰਧ ਰੱਖਦਾ ਸੀ ਸੁੱਟ ਦਿੱਤਾ। ਥੋੜ੍ਹੀ ਦੇਰ ਵਿਚ ਹੀ ਉਹ ਸਭਾਵਾਂ ਵਿਚ ਹਾਜ਼ਰ ਹੋਣ ਲੱਗੀ ਅਤੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਆਪਣੇ ਨਵੇਂ ਲੱਭੇ ਧਰਮ ਬਾਰੇ ਦੱਸਣ ਲੱਗੀ। ਹੁਣ ਉਹ ਜੋਸ਼ ਨਾਲ ਹੋਰਨਾਂ ਨੂੰ ਗਵਾਹੀ ਦਿੰਦੀ ਹੈ।
6 ਸਾਨੂੰ ਕਿਸੇ ਬਾਰੇ ਕੱਚੀ ਰਾਇ ਨਹੀਂ ਬਣਾਉਣੀ ਚਾਹੀਦੀ। ਸਗੋਂ, ਆਓ ਅਸੀਂ ਸਰਗਰਮੀ ਨਾਲ ਹਰ ਜਗ੍ਹਾ ਤੇ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰੀਏ। ਸਾਡੇ ਕੋਲ ਵਿਸ਼ਵਾਸ ਰੱਖਣ ਲਈ ਹਰ ਕਾਰਨ ਹੈ ਕਿ ਯਹੋਵਾਹ, ਜੋ “ਰਿਦੇ ਨੂੰ ਵੇਖਦਾ ਹੈ,” “ਸਾਰਿਆਂ ਮਨੁੱਖਾਂ ਦਾ . . . ਮੁਕਤੀ ਦਾਤਾ” ਬਣੇਗਾ।—1 ਸਮੂ. 16:7; 1 ਤਿਮੋ. 4:10.