ਪਾਠਕਾਂ ਵੱਲੋਂ ਸਵਾਲ
ਇਕ ਮਸੀਹੀ ਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ਜਦੋਂ ਉਸ ਨੂੰ ਜਿਊਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ?
ਕੁਝ ਦੇਸ਼ਾਂ ਵਿਚ, ਅਦਾਲਤੀ ਪ੍ਰਣਾਲੀ ਸ਼ਹਿਰੀਆਂ ਵਿੱਚੋਂ ਚੁਣੀ ਜਿਊਰੀ ਦੀ ਵਰਤੋਂ ਕਰਦੀ ਹੈ। ਜਿੱਥੇ ਇਹ ਪ੍ਰਚਲਿਤ ਹੈ, ਉੱਥੇ ਇਕ ਮਸੀਹੀ ਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਕੀ ਕਰਨਾ ਹੈ ਜਦੋਂ ਉਸ ਨੂੰ ਜਿਊਰੀ ਡਿਊਟੀ ਵਾਸਤੇ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਬਹੁਤ ਸਾਰੇ ਮਸੀਹੀਆਂ ਨੇ ਸਾਫ਼ ਅੰਤਹਕਰਣ ਨਾਲ ਸਿੱਟਾ ਕੱਢਿਆ ਹੈ ਕਿ ਬਾਈਬਲ ਦੇ ਸਿਧਾਂਤ ਹਾਜ਼ਰ ਹੋਣ ਤੋਂ ਨਹੀਂ ਰੋਕਦੇ ਹਨ, ਠੀਕ ਜਿਵੇਂ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਵੀ ਬਾਬਲੀ ਸਰਕਾਰ ਦੇ ਆਦੇਸ਼ ਅਨੁਸਾਰ ਦੂਰਾ ਦੇ ਮੈਦਾਨ ਵਿਚ ਹਾਜ਼ਰ ਹੋਏ ਸਨ ਅਤੇ ਜਿਵੇਂ ਯੂਸੁਫ਼ ਅਤੇ ਮਰਿਯਮ ਰੋਮੀ ਅਧਿਕਾਰੀਆਂ ਦੇ ਹੁਕਮ ਤੇ ਬੈਤਲਹਮ ਨੂੰ ਗਏ ਸੀ। (ਦਾਨੀਏਲ 3:1-12; ਲੂਕਾ 2:1-4) ਫਿਰ ਵੀ, ਕੁਝ ਤੱਤ ਹਨ ਜਿਨ੍ਹਾਂ ਉੱਤੇ ਚਿੰਤਤ ਮਸੀਹੀ ਵਿਚਾਰ ਕਰ ਸਕਦੇ ਹਨ।
ਜਿਊਰੀ ਦਾ ਪ੍ਰਯੋਗ ਹਰ ਜਗ੍ਹਾ ਨਹੀਂ ਕੀਤਾ ਜਾਂਦਾ ਹੈ। ਕੁਝ ਦੇਸ਼ਾਂ ਵਿਚ, ਦੀਵਾਨੀ ਅਤੇ ਫ਼ੌਜਦਾਰੀ ਕੇਸਾਂ ਦੇ ਫ਼ੈਸਲੇ ਪੇਸ਼ਾਵਰ ਜੱਜ ਜਾਂ ਜੱਜਾਂ ਦੇ ਇਕ ਸਮੂਹ ਦੁਆਰਾ ਕੀਤੇ ਜਾਂਦੇ ਹਨ। ਹੋਰ ਦੇਸ਼ਾਂ ਵਿਚ ਰਿਵਾਜੀ ਕਾਨੂੰਨ ਪ੍ਰਚਲਿਤ ਹੈ, ਅਤੇ ਜਿਊਰੀ ਅਦਾਲਤੀ ਪ੍ਰਕ੍ਰਿਆ ਦਾ ਹਿੱਸਾ ਹੁੰਦੀ ਹੈ। ਅਜੇ ਵੀ, ਜ਼ਿਆਦਾਤਰ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਕਿ ਜਿਊਰੀ ਕਿਸ ਤਰ੍ਹਾਂ ਨਿਯੁਕਤ ਕੀਤੀ ਜਾਂਦੀ ਹੈ ਅਤੇ ਉਹ ਕੀ ਕਰਦੀ ਹੈ। ਇਸ ਲਈ, ਇਸ ਦੀ ਸਾਧਾਰਣ ਜਾਂਚ ਸਹਾਇਕ ਹੋਵੇਗੀ ਭਾਵੇਂ ਕਿ ਤੁਸੀਂ ਜਿਊਰੀ ਡਿਊਟੀ ਲਈ ਸੱਦੇ ਜਾਂਦੇ ਹੋ ਜਾਂ ਨਹੀਂ।
ਪਰਮੇਸ਼ੁਰ ਦੇ ਲੋਕ ਯਹੋਵਾਹ ਨੂੰ ਆਪਣਾ ਉੱਚਤਮ ਨਿਆਈ ਮੰਨਦੇ ਹਨ। (ਯਸਾਯਾਹ 33:22) ਪੁਰਾਣੇ ਇਸਰਾਏਲ ਵਿਚ, ਨੇਕ ਅਤੇ ਨਿਰਪੱਖ ਤਜਰਬੇਕਾਰ ਆਦਮੀ ਝਗੜੇ ਨਿਪਟਾਉਣ ਲਈ ਅਤੇ ਸ਼ਰਾ ਸੰਬੰਧੀ ਸਵਾਲਾਂ ਦਾ ਫ਼ੈਸਲਾ ਕਰਨ ਲਈ ਨਿਆਈਆਂ ਵਜੋਂ ਸੇਵਾ ਕਰਦੇ ਸਨ। (ਕੂਚ 18:13-22; ਲੇਵੀਆਂ 19:15; ਬਿਵਸਥਾ ਸਾਰ 21:18-21) ਯਿਸੂ ਜਦੋਂ ਧਰਤੀ ਉੱਤੇ ਸੀ, ਉਸ ਸਮੇਂ ਅਦਾਲਤੀ ਕਾਰਵਾਈ ਮਹਾਸਭਾ, ਯਹੂਦੀਆਂ ਦੀ ਉੱਚ ਅਦਾਲਤ ਦੁਆਰਾ ਕੀਤੀ ਜਾਂਦੀ ਸੀ। (ਮਰਕੁਸ 15:1; ਰਸੂਲਾਂ ਦੇ ਕਰਤੱਬ 5:27-34) ਔਸਤ ਯਹੂਦੀ ਲਈ ਸਿਵਲ ਜਿਊਰੀ ਵਿਚ ਹਾਜ਼ਰ ਹੋਣ ਦਾ ਕੋਈ ਪ੍ਰਬੰਧ ਨਹੀਂ ਸੀ।
ਦੂਸਰੇ ਦੇਸ਼ ਆਮ ਨਾਗਰਿਕਾਂ ਤੋਂ ਬਣੀ ਜਿਊਰੀ ਦਾ ਪ੍ਰਯੋਗ ਕਰਦੇ ਸਨ। ਸੁਕਰਾਤ ਦੇ ਮੁਕੱਦਮੇ ਦੀ ਸੁਣਵਾਈ ਜਿਊਰੀ ਦੇ 501 ਮੈਂਬਰਾਂ ਨੇ ਕੀਤੀ ਸੀ। ਜਿਊਰੀ ਦੁਆਰਾ ਸੁਣਵਾਈ ਰੋਮੀ ਗਣਰਾਜ ਵਿਚ ਵੀ ਹੁੰਦੀ ਸੀ, ਭਾਵੇਂ ਇਹ ਸਮਰਾਟਾਂ ਦੁਆਰਾ ਖ਼ਤਮ ਕਰ ਦਿੱਤੀ ਗਈ ਸੀ। ਬਾਅਦ ਵਿਚ, ਇੰਗਲੈਂਡ ਦੇ ਰਾਜਾ ਹੈਨਰੀ III ਨੇ ਅਪਰਾਧੀ ਦਾ ਨਿਆਉਂ ਉਸ ਦੇ ਗੁਆਂਢੀਆਂ ਦੁਆਰਾ ਕੀਤੇ ਜਾਣ ਦਾ ਪ੍ਰਬੰਧ ਕੀਤਾ। ਕਿਉਂ ਜੋ ਇਹ ਮਹਿਸੂਸ ਕੀਤਾ ਗਿਆ ਸੀ ਕਿ ਉਹ ਅਪਰਾਧੀ ਨੂੰ ਜਾਣਦੇ ਸਨ, ਉਨ੍ਹਾਂ ਦਾ ਨਿਆਉਂ ਅਜਿਹੀਆਂ ਕਾਰਵਾਈਆਂ ਨਾਲੋਂ ਜ਼ਿਆਦਾ ਜਾਇਜ਼ ਹੋਵੇਗਾ ਜਿਨ੍ਹਾਂ ਵਿਚ ਅਪਰਾਧੀ ਲੜਾਈ ਦੁਆਰਾ ਜਾਂ ਕੁਝ ਘੋਰ-ਪਰੀਖਿਆਵਾਂ ਤੋਂ ਬਚਣ ਦੁਆਰਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਿਸ ਤਰ੍ਹਾਂ ਸਮਾਂ ਬੀਤਦਾ ਗਿਆ, ਜਿਊਰੀ ਪ੍ਰਣਾਲੀ ਇਕ ਪ੍ਰਬੰਧ ਵਿਚ ਬਦਲ ਗਈ ਜਿਸ ਵਿਚ ਸ਼ਹਿਰੀਆਂ ਦਾ ਇਕ ਸਮੂਹ ਕੇਸ ਨੂੰ ਸੁਣਦਾ ਸੀ ਅਤੇ ਸਬੂਤਾਂ ਦੇ ਆਧਾਰ ਤੇ ਆਪਣਾ ਫ਼ੈਸਲਾ ਸੁਣਾਉਂਦਾ ਸੀ। ਇਕ ਪੇਸ਼ਾਵਰ ਜੱਜ ਉਨ੍ਹਾਂ ਨੂੰ ਸਬੂਤਾਂ ਦੇ ਸੰਬੰਧ ਵਿਚ ਸਲਾਹ ਦਿੰਦਾ ਸੀ।
ਜਿਊਰੀ ਦੀਆਂ ਕਿਸਮਾਂ, ਜਿਊਰੀ ਦੇ ਮੈਂਬਰਾਂ ਦੀ ਗਿਣਤੀ, ਅਤੇ ਇਕ ਕੇਸ ਦਾ ਫ਼ੈਸਲਾ ਕਰਨ ਵਿਚ ਕੀ ਕੁਝ ਸ਼ਾਮਲ ਹੈ ਇਸ ਸਭ ਵਿਚ ਭਿੰਨਤਾ ਪਾਈ ਜਾਂਦੀ ਹੈ। ਉਦਾਹਰਣ ਲਈ, ਸੰਯੁਕਤ ਰਾਜ ਅਮਰੀਕਾ ਵਿਚ, 12 ਤੋਂ 23 ਮੈਂਬਰਾਂ ਦੀ ਇਕ ਗ੍ਰੈਂਡ ਜਿਊਰੀ ਫ਼ੈਸਲਾ ਕਰਦੀ ਹੈ ਕਿ ਇਕ ਵਿਅਕਤੀ ਉੱਤੇ ਕਿਸੇ ਅਪਰਾਧ ਲਈ ਮੁਕੱਦਮਾ ਕਰਨ ਲਈ ਕਾਫ਼ੀ ਸਬੂਤ ਹਨ ਜਾਂ ਨਹੀਂ; ਇਹ ਦੋਸ਼ ਜਾਂ ਨਿਰਦੋਸ਼ਤਾ ਸਾਬਤ ਨਹੀਂ ਕਰਦੀ ਹੈ। ਇਸੇ ਤਰ੍ਹਾਂ, ਕਾਰੋਨਰੀ ਜਿਊਰੀ (ਤਫ਼ਤੀਸ਼ੀ ਜਿਊਰੀ) ਇਹ ਫ਼ੈਸਲਾ ਕਰਨ ਲਈ ਸਬੂਤਾਂ ਦੀ ਜਾਂਚ ਕਰਦੀ ਹੈ ਕਿ ਅਪਰਾਧ ਕੀਤਾ ਗਿਆ ਸੀ ਜਾਂ ਨਹੀਂ।
ਜਦੋਂ ਜ਼ਿਆਦਾਤਰ ਲੋਕ ਜਿਊਰੀ ਬਾਰੇ ਸੋਚਦੇ ਹਨ, ਉਨ੍ਹਾਂ ਦੇ ਮਨਾਂ ਵਿਚ 12 ਸ਼ਹਿਰੀਆਂ ਦਾ ਇਕ ਸਮੂਹ ਹੁੰਦਾ ਜੋ ਇਕ ਮੁਕੱਦਮੇ ਵਿਚ ਦੋਸ਼ ਜਾਂ ਨਿਰਦੋਸ਼ਤਾ ਸਾਬਤ ਕਰਨ ਲਈ ਗਵਾਹੀਆਂ ਸੁਣਦਾ ਹੈ—ਚਾਹੇ ਉਹ ਦੀਵਾਨੀ ਝਗੜੇ ਦਾ ਜਾਂ ਫ਼ੌਜਦਾਰੀ ਮਾਮਲੇ ਦਾ ਮੁਕੱਦਮਾ ਹੋਵੇ। ਇਹ ਗ੍ਰੈਂਡ ਜਿਊਰੀ ਦੀ ਤੁਲਨਾ ਵਿਚ ਇਕ ਛੋਟੀ ਜਿਊਰੀ ਹੁੰਦੀ ਹੈ। ਆਮ ਤੌਰ ਤੇ, ਅਦਾਲਤ ਵੋਟਰਾਂ, ਲਸੰਸ-ਪ੍ਰਾਪਤ ਡਰਾਇਵਰਾਂ, ਜਾਂ ਇਸ ਤਰ੍ਹਾਂ ਦੇ ਹੋਰ ਵਿਅਕਤੀਆਂ ਨੂੰ ਜਿਊਰੀ ਡਿਊਟੀ ਵਾਸਤੇ ਹਾਜ਼ਰ ਹੋਣ ਲਈ ਨੋਟਿਸ ਭੇਜਦੀ ਹੈ। ਕਈ ਵਿਅਕਤੀ ਖ਼ੁਦਬਖ਼ੁਦ ਅਯੋਗ ਠਹਿਰਾਏ ਜਾਂਦੇ ਹਨ, ਜਿਸ ਤਰ੍ਹਾਂ ਕਿ ਸਿੱਧ ਅਪਰਾਧੀ ਅਤੇ ਮਾਨਸਿਕ ਤੌਰ ਤੇ ਅਸਮਰਥ। ਸਥਾਨਕ ਕਾਨੂੰਨ ਦੇ ਆਧਾਰ ਤੇ, ਦੂਸਰੇ—ਜਿਸ ਤਰ੍ਹਾਂ ਡਾਕਟਰ, ਪਾਦਰੀ, ਵਕੀਲ ਜਾਂ ਛੋਟੇ ਵਪਾਰੀ—ਸ਼ਾਇਦ ਇਸ ਕੰਮ ਤੋਂ ਛੋਟ ਦੀ ਮੰਗ ਕਰਨ। (ਕਈਆਂ ਨੂੰ ਸ਼ਾਇਦ ਜਿਊਰੀ ਸੇਵਾ ਪ੍ਰਤੀ ਉਨ੍ਹਾਂ ਦੇ ਵਿਅਕਤੀਗਤ, ਨੈਤਿਕ ਉਜ਼ਰਾਂ ਕਰਕੇ ਛੋਟ ਦਿੱਤੀ ਜਾਵੇ।) ਪਰੰਤੂ ਸਰਕਾਰ ਹੁਣ ਅਜਿਹੀ ਛੋਟ ਦੇਣੀ ਬੰਦ ਕਰ ਰਹੀ ਹੈ ਜਿਸ ਕਰਕੇ ਸਾਰਿਆਂ ਲਈ ਸ਼ਾਇਦ ਸਾਲਾਂ ਤਕ ਬਾਰ ਬਾਰ ਜਿਊਰੀ ਡਿਊਟੀ ਲਈ ਹਾਜ਼ਰ ਹੋਣਾ ਲਾਜ਼ਮੀ ਬਣ ਗਿਆ ਹੈ।
ਜ਼ਰੂਰੀ ਨਹੀਂ ਕਿ ਸਾਰੇ ਜਿਹੜੇ ਜਿਊਰੀ ਡਿਊਟੀ ਲਈ ਹਾਜ਼ਰ ਹੁੰਦੇ ਹਨ ਇਕ ਮੁਕੱਦਮੇ ਵਿਚ ਜਿਊਰੀ ਦੇ ਮੈਂਬਰਾਂ ਵਜੋਂ ਬੈਠਣ। ਜਿਊਰੀ ਡਿਊਟੀ ਲਈ ਬੁਲਾਏ ਗਏ ਵਿਅਕਤੀਆਂ ਦੇ ਸਮੂਹ ਵਿੱਚੋਂ ਕਈਆਂ ਨੂੰ ਬਿਨਾਂ ਸੋਚੇ ਸਮਝੇ ਇਕ ਖ਼ਾਸ ਕੇਸ ਲਈ ਜਿਊਰੀ ਦੇ ਸੰਭਾਵੀ ਮੈਂਬਰਾਂ ਵਜੋਂ ਚੁਣ ਲਿਆ ਜਾਂਦਾ ਹੈ। ਫਿਰ ਜੱਜ ਦੋਵੇਂ ਧਿਰਾਂ ਦੀ ਅਤੇ ਉਨ੍ਹਾਂ ਦੇ ਵਕੀਲਾਂ ਦੀ ਪਛਾਣ ਕਰਵਾਉਂਦਾ ਹੈ ਅਤੇ ਵਰਣਨ ਕਰਦਾ ਹੈ ਕਿ ਇਹ ਕਿਸ ਪ੍ਰਕਾਰ ਦਾ ਕੇਸ ਹੈ। ਉਹ ਅਤੇ ਵਕੀਲ ਜਿਊਰੀ ਦੇ ਹਰੇਕ ਸੰਭਾਵੀ ਮੈਂਬਰ ਦੀ ਪਰਖ ਕਰਦੇ ਹਨ। ਇਹ ਬੋਲਣ ਦਾ ਸਮਾਂ ਹੈ ਜੇਕਰ ਉਸ ਕੇਸ ਦੇ ਸੁਭਾਉ ਕਾਰਨ ਕੋਈ ਨੈਤਿਕ ਉਜ਼ਰ ਕਰਕੇ ਉਸ ਵਿਚ ਸੇਵਾ ਨਹੀਂ ਕਰਨਾ ਚਾਹੁੰਦਾ ਹੈ।
ਮੈਂਬਰਾਂ ਦੀ ਗਿਣਤੀ ਮਿਥੀ ਗਿਣਤੀ ਤਕ ਘਟਾਏ ਜਾਣ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਅਸਲ ਵਿਚ ਉਸ ਕੇਸ ਦੇ ਮੁਕੱਦਮੇ ਵਿਚ ਬੈਠਣਗੇ। ਜੱਜ ਅਜਿਹੇ ਕਿਸੇ ਵੀ ਵਿਅਕਤੀ ਨੂੰ ਕੱਢ ਦੇਵੇਗਾ ਜਿਸ ਦੀ ਉਸ ਕੇਸ ਵਿਚ ਸੰਭਾਵੀ ਦਿਲਚਸਪੀ ਕਰਕੇ ਉਸ ਦੀ ਨਿਰਪੱਖਤਾ ਉੱਤੇ ਸ਼ੱਕ ਹੁੰਦਾ ਹੈ। ਇਸ ਦੇ ਨਾਲ ਹੀ, ਦੋਵਾਂ ਪਾਸਿਆਂ ਦੇ ਵਕੀਲਾਂ ਨੂੰ ਜਿਊਰੀ ਦੇ ਕੁਝ ਮੈਂਬਰਾਂ ਨੂੰ ਕੱਢ ਦੇਣ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਕੋਈ ਵੀ ਜਿਸ ਨੂੰ ਜਿਊਰੀ ਦੇ ਮੈਂਬਰ ਦੀ ਸੂਚੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਹ ਵਾਪਸ ਜਿਊਰੀ ਸਮੂਹ ਵਿਚ ਚੱਲਾ ਜਾਂਦਾ ਹੈ ਅਤੇ ਉੱਥੇ ਉਹ ਦੂਸਰੇ ਕੇਸਾਂ ਲਈ ਚੁਣੇ ਜਾਣ ਦੀ ਉਡੀਕ ਕਰਦਾ ਹੈ। ਕੁਝ ਮਸੀਹੀਆਂ ਨੇ ਜੋ ਇਸ ਤਰ੍ਹਾਂ ਦੀ ਸਥਿਤੀ ਵਿਚ ਸਨ, ਇਸ ਸਮੇਂ ਨੂੰ ਗ਼ੈਰ-ਰਸਮੀ ਗਵਾਹੀ ਦੇਣ ਲਈ ਪ੍ਰਯੋਗ ਕੀਤਾ ਹੈ। ਕੁਝ ਦਿਨਾਂ ਬਾਅਦ, ਇਕ ਵਿਅਕਤੀ ਦੀ ਜਿਊਰੀ ਡਿਊਟੀ ਖ਼ਤਮ ਹੁੰਦੀ ਹੈ, ਚਾਹੇ ਉਹ ਜਿਊਰੀ ਦੇ ਮੈਂਬਰ ਵਜੋਂ ਬੈਠਿਆ ਸੀ ਜਾਂ ਨਹੀਂ।
ਮਸੀਹੀ “ਆਪੋ ਆਪਣੇ ਕੰਮ ਧੰਦੇ ਕਰਨ” ਦੀ ਕੋਸ਼ਿਸ਼ ਕਰਦੇ ਹਨ, ਅਤੇ “ਹੋਰਨਾਂ ਦੇ ਕੰਮ” ਵਿਚ ਲੱਤ ਨਹੀਂ ਅੜਾਉਂਦੇ ਹਨ। (1 ਥੱਸਲੁਨੀਕੀਆਂ 4:11; 1 ਪਤਰਸ 4:15) ਜਦੋਂ ਇਕ ਯਹੂਦੀ ਨੇ ਯਿਸੂ ਨੂੰ ਵਿਰਸੇ ਦੀ ਵੰਡ ਦੇ ਮਾਮਲੇ ਵਿਚ ਫ਼ੈਸਲਾ ਕਰਨ ਬਾਰੇ ਕਿਹਾ, ਤਾਂ ਯਿਸੂ ਨੇ ਜਵਾਬ ਦਿੱਤਾ: “ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ?” (ਲੂਕਾ 12:13, 14) ਯਿਸੂ ਧਰਤੀ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਆਇਆ ਸੀ, ਨਾ ਕਿ ਕਾਨੂੰਨੀ ਮਾਮਲਿਆਂ ਵਿਚ ਫ਼ੈਸਲਾ ਕਰਨ। (ਲੂਕਾ 4:18, 43) ਯਿਸੂ ਦੇ ਜਵਾਬ ਨੇ ਸ਼ਾਇਦ ਉਸ ਆਦਮੀ ਨੂੰ ਝਗੜੇ ਨਿਪਟਾਉਣ ਲਈ ਪਰਮੇਸ਼ੁਰ ਦੀ ਬਿਵਸਥਾ ਵਿਚ ਦਿੱਤੇ ਗਏ ਤਰੀਕਿਆਂ ਨੂੰ ਵਰਤਣ ਲਈ ਪ੍ਰੇਰਿਤ ਕੀਤਾ ਹੋਵੇ। (ਬਿਵਸਥਾ ਸਾਰ 1:16, 17) ਭਾਵੇਂ ਕਿ ਇਸ ਤਰ੍ਹਾਂ ਦੇ ਤਰਕ ਯੋਗ ਹਨ, ਨਿਰਦੇਸ਼ਨ ਤੇ ਜਿਊਰੀ ਡਿਊਟੀ ਲਈ ਹਾਜ਼ਰ ਹੋਣਾ ਦੂਸਰਿਆਂ ਦੇ ਕੰਮ ਵਿਚ ਲੱਤ ਅੜਾਉਣ ਨਾਲੋਂ ਵੱਖਰਾ ਹੈ। ਇਹ ਦਾਨੀਏਲ ਦੇ ਤਿੰਨ ਸਾਥੀਆਂ ਦੀ ਹਾਲਤ ਦੇ ਸਮਾਨ ਹੈ। ਬਾਬਲੀ ਸਰਕਾਰ ਨੇ ਉਨ੍ਹਾਂ ਨੂੰ ਦੂਰਾ ਦੇ ਮੈਦਾਨ ਵਿਚ ਆਉਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਦੇ ਉੱਥੇ ਜਾਣ ਨਾਲ ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਨਹੀਂ ਸੀ ਹੋਈ। ਉਸ ਤੋਂ ਬਾਅਦ ਜੋ ਉਹ ਕਰਦੇ ਉਹ ਵੱਖਰੀ ਗੱਲ ਸੀ, ਜਿਸ ਤਰ੍ਹਾਂ ਬਾਈਬਲ ਦਿਖਾਉਂਦੀ ਹੈ।—ਦਾਨੀਏਲ 3:16-18.
ਜਦੋਂ ਪਰਮੇਸ਼ੁਰ ਦੇ ਸੇਵਕ ਮੂਸਾ ਦੀ ਬਿਵਸਥਾ ਤੋਂ ਆਜ਼ਾਦ ਹੋ ਗਏ, ਉਦੋਂ ਉਨ੍ਹਾਂ ਨੂੰ ਕਈ ਦੇਸ਼ਾਂ ਵਿਚ ਸੰਸਾਰਕ ਅਦਾਲਤਾਂ ਨਾਲ ਸਿੱਝਣਾ ਪਿਆ। ਪੌਲੁਸ ਰਸੂਲ ਨੇ ਕੁਰਿੰਥੁਸ ਦੇ “ਸੰਤਾਂ” ਨੂੰ ਕਲੀਸਿਯਾ ਵਿਚ ਹੀ ਮਤਭੇਦ ਦੂਰ ਕਰਨ ਦੀ ਤਾਕੀਦ ਕੀਤੀ। ਹਾਲਾਂਕਿ ਪੌਲੁਸ ਨੇ ਸੰਸਾਰਕ ਅਦਾਲਤਾਂ ਦੇ ਨਿਆਕਾਰਾਂ ਦਾ “ਕੁਧਰਮੀਆਂ” ਵਜੋਂ ਜ਼ਿਕਰ ਕੀਤਾ, ਉਸ ਨੇ ਇਹ ਇਨਕਾਰ ਨਹੀਂ ਕੀਤਾ ਕਿ ਅਜਿਹੀਆਂ ਨੂੰ ਸੰਸਾਰਕ ਮਾਮਲਿਆਂ ਨੂੰ ਨਜਿੱਠਣ ਦਾ ਹੱਕ ਸੀ। (1 ਕੁਰਿੰਥੀਆਂ 6:1) ਉਸ ਨੇ ਰੋਮੀ ਅਦਾਲਤ ਵਿਚ ਆਪਣੇ ਬਚਾਉ ਲਈ ਸਫ਼ਾਈ ਪੇਸ਼ ਕੀਤੀ, ਅਤੇ ਆਪਣੇ ਕੇਸ ਦੀ ਅਪੀਲ ਕੈਸਰ ਨੂੰ ਵੀ ਕੀਤੀ ਸੀ। ਇਸ ਲਈ, ਸੰਸਾਰਕ ਅਦਾਲਤਾਂ ਮੂਲ ਰੂਪ ਵਿਚ ਗ਼ਲਤ ਨਹੀਂ ਹਨ।—ਰਸੂਲਾਂ ਦੇ ਕਰਤੱਬ 24:10; 25:10, 11.
ਸੰਸਾਰਕ ਅਦਾਲਤਾਂ “ਹਕੂਮਤਾਂ” ਦੀ ਇਕ ਪ੍ਰਣਾਲੀ ਹੁੰਦੀਆਂ ਹਨ। ਅਜਿਹੀਆਂ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ” ਅਤੇ ਕਾਨੂੰਨ ਬਣਾਉਂਦੀਆਂ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਂਦੀਆਂ ਹਨ। ਪੌਲੁਸ ਨੇ ਲਿਖਿਆ: “ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇਕਰ ਤੂੰ ਬੁਰਾ ਕਰੇਂ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ। ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ ਭਈ ਕੁਕਰਮੀ ਨੂੰ ਸਜ਼ਾ ਦੇਵੇ।” ਮਸੀਹੀ “ਹਕੂਮਤ ਦਾ ਸਾਹਮਣਾ” ਨਹੀਂ ਕਰਦੇ ਹਨ ਜਦੋਂ ਇਹ ਅਜਿਹੇ ਕਾਨੂੰਨੀ ਕਾਰਜ ਕਰਦੀ ਹੈ, ਕਿਉਂਕਿ ਉਹ ‘ਹਕੂਮਤ ਦਾ ਸਾਮ੍ਹਣਾ’ ਕਰ ਕੇ ਦੰਡ ਨਹੀਂ ਭੋਗਣਾ ਚਾਹੁੰਦੇ ਹਨ।—ਰੋਮੀਆਂ 13:1-4; ਤੀਤੁਸ 3:1.
ਸੰਤੁਲਿਤ ਦ੍ਰਿਸ਼ਟੀਕੋਣ ਰੱਖਦੇ ਹੋਏ, ਮਸੀਹੀਆਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਉਹ ਕੈਸਰ ਵੱਲੋਂ ਕੀਤੀਆਂ ਖ਼ਾਸ ਮੰਗਾਂ ਸਵੀਕਾਰ ਕਰ ਸਕਦੇ ਹਨ ਕਿ ਨਹੀਂ। ਪੌਲੁਸ ਨੇ ਸਲਾਹ ਦਿੱਤੀ: “ਸਭਨਾਂ [ਹਕੂਮਤਾਂ] ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, ਜਿਹ ਦੇ ਕੋਲੋਂ ਡਰਨਾ ਚਾਹੀਦਾ ਹੈ ਡਰੋ।” (ਰੋਮੀਆਂ 13:7) ਇਹ ਮਾਇਕ ਕਰ ਦੇਣ ਦੇ ਸੰਬੰਧ ਵਿਚ ਸਪੱਸ਼ਟ ਹੈ। (ਮੱਤੀ 22:17-21) ਜੇਕਰ ਕੈਸਰ ਕਹਿੰਦਾ ਹੈ ਕਿ ਨਾਗਰਿਕ ਸੜਕਾਂ ਸਾਫ਼ ਕਰਨ ਜਾਂ ਕੈਸਰ ਦੀ ਕਾਰਜ-ਪ੍ਰਣਾਲੀ ਵਿਚ ਸ਼ਾਮਲ ਦੂਸਰੇ ਕੰਮ ਕਰਨ ਲਈ ਆਪਣਾ ਸਮਾਂ ਅਤੇ ਆਪਣੀ ਤਾਕਤ ਦੇਣ, ਤਾਂ ਹਰੇਕ ਮਸੀਹੀ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਇਹ ਕੰਮ ਕਰੇਗਾ ਕਿ ਨਹੀਂ।—ਮੱਤੀ 5:41.
ਕੁਝ ਮਸੀਹੀ ਜਿਊਰੀ ਸੇਵਾ ਨੂੰ ਕੈਸਰ ਦੀ ਚੀਜ਼ ਕੈਸਰ ਨੂੰ ਦੇਣ ਦੇ ਬਰਾਬਰ ਸਮਝਦੇ ਹਨ। (ਲੂਕਾ 20:25) ਜਿਊਰੀ ਡਿਊਟੀ ਵਿਚ ਸਬੂਤ ਸੁਣਨਾ ਅਤੇ ਤੱਥ ਜਾਂ ਕਾਨੂੰਨ ਸੰਬੰਧੀ ਗੱਲਾਂ ਉੱਤੇ ਇਕ ਈਮਾਨਦਾਰ ਰਾਇ ਦੇਣੀ ਸ਼ਾਮਲ ਹੁੰਦੀ ਹੈ। ਉਦਾਹਰਣ ਲਈ, ਗ੍ਰੈਂਡ ਜਿਊਰੀ ਵਿਚ, ਜਿਊਰੀ ਦੇ ਮੈਂਬਰ ਫ਼ੈਸਲਾ ਕਰਦੇ ਹਨ ਕਿ ਸਬੂਤਾਂ ਦੇ ਆਧਾਰ ਤੇ ਕਿਸੇ ਨੂੰ ਮੁਕੱਦਮੇ ਲਈ ਬੁਲਾਇਆ ਜਾਣਾ ਚਾਹੀਦਾ ਹੈ ਕਿ ਨਹੀਂ; ਉਹ ਦੋਸ਼ ਸਾਬਤ ਨਹੀਂ ਕਰਦੇ ਹਨ। ਇਕ ਸਾਧਾਰਣ ਮੁਕੱਦਮੇ ਬਾਰੇ ਕੀ? ਇਕ ਦੀਵਾਨੀ ਮੁਕੱਦਮੇ ਵਿਚ, ਜਿਊਰੀ ਹਰਜਾਨਾ ਜਾਂ ਮੁਆਵਜ਼ਾ ਦਿਵਾਉਣ ਦਾ ਫ਼ੈਸਲਾ ਕਰ ਸਕਦੀ ਹੈ। ਫ਼ੌਜਦਾਰੀ ਮੁਕੱਦਮੇ ਵਿਚ, ਉਨ੍ਹਾਂ ਨੂੰ ਨਿਰਣਾ ਕਰਨਾ ਹੁੰਦਾ ਹੈ ਕਿ ਸਬੂਤਾਂ ਦੇ ਅਨੁਸਾਰ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦੇਣਾ ਹੈ ਕਿ ਨਹੀਂ। ਕਈ ਵਾਰ ਉਹ ਸਲਾਹ ਦਿੰਦੇ ਹਨ ਕਿ ਕਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਕਾਨੂੰਨ ਦੁਆਰਾ ਤੈ ਕੀਤੀ ਗਈ ਹੈ। ਫਿਰ ਸਰਕਾਰ “ਕੁਕਰਮੀਆਂ ਨੂੰ ਸਜ਼ਾ ਦੇਣ” ਲਈ ਆਪਣੇ ਅਧਿਕਾਰ ਦੀ ਵਰਤੋਂ ਕਰਦੀ ਹੈ।—1 ਪਤਰਸ 2:14.
ਉਦੋਂ ਕੀ ਜੇਕਰ ਇਕ ਮਸੀਹੀ ਮਹਿਸੂਸ ਕਰਦਾ ਹੈ ਕਿ ਉਸ ਦਾ ਅੰਤਹਕਰਣ ਉਸ ਨੂੰ ਇਕ ਖ਼ਾਸ ਜਿਊਰੀ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ? ਬਾਈਬਲ ਜਿਊਰੀ ਡਿਊਟੀ ਦਾ ਜ਼ਿਕਰ ਨਹੀਂ ਕਰਦੀ ਹੈ, ਇਸ ਕਰਕੇ ਉਹ ਨਹੀਂ ਕਹਿ ਸਕਦਾ, ‘ਕਿਸੇ ਵੀ ਜਿਊਰੀ ਵਿਚ ਕੰਮ ਕਰਨਾ ਮੇਰੇ ਧਰਮ ਦੇ ਖ਼ਿਲਾਫ਼ ਹੈ।’ ਕੇਸ ਦੇ ਆਧਾਰ ਤੇ, ਉਹ ਬਿਆਨ ਕਰ ਸਕਦਾ ਹੈ ਕਿ ਇਕ ਖ਼ਾਸ ਕੇਸ ਲਈ ਜਿਊਰੀ ਵਿਚ ਕੰਮ ਕਰਨਾ ਉਸ ਦੇ ਆਪਣੇ ਵਿਅਕਤੀਗਤ ਅੰਤਹਕਰਣ ਦੇ ਵਿਰੁੱਧ ਹੈ। ਇਸ ਤਰ੍ਹਾਂ ਹੋ ਸਕਦਾ ਹੈ ਜੇਕਰ ਕੇਸ ਵਿਚ ਲਿੰਗੀ ਅਨੈਤਿਕਤਾ, ਗਰਭਪਾਤ, ਕਤਲ ਜਾਂ ਅਜਿਹੇ ਦੂਸਰੇ ਮਾਮਲੇ ਸ਼ਾਮਲ ਹੋਣ ਜਿਨ੍ਹਾਂ ਵਿਚ ਉਸ ਦੀ ਸੋਚ ਬਾਈਬਲ ਦੇ ਗਿਆਨ ਅਨੁਸਾਰ ਢਾਲੀ ਗਈ ਹੈ ਨਾ ਕਿ ਦੁਨਿਆਵੀ ਕਾਨੂੰਨ ਦੁਆਰਾ। ਪਰੰਤੂ, ਇਹ ਸੰਭਵ ਹੈ ਕਿ ਜਿਹੜੇ ਕੇਸ ਲਈ ਉਸ ਨੂੰ ਚੁਣਿਆ ਗਿਆ ਹੈ ਉਸ ਵਿਚ ਅਜਿਹੇ ਮਾਮਲੇ ਸ਼ਾਮਲ ਨਾ ਹੋਣ।
ਇਕ ਪ੍ਰੌੜ੍ਹ ਮਸੀਹੀ ਇਸ ਗੱਲ ਉੱਤੇ ਵੀ ਵਿਚਾਰ ਕਰੇਗਾ ਕਿ ਉਹ ਜੱਜਾਂ ਦੁਆਰਾ ਦਿੱਤੀ ਗਈ ਸਜ਼ਾ ਵਿਚ ਕਿਸੇ ਜ਼ਿੰਮੇਵਾਰੀ ਦਾ ਭਾਗੀ ਬਣੇਗਾ ਕਿ ਨਹੀਂ। (ਤੁਲਨਾ ਕਰੋ ਉਤਪਤ 39:17-20; 1 ਤਿਮੋਥਿਉਸ 5:22) ਜੇਕਰ ਦੋਸ਼ੀ ਕਰਾਰ ਦੇਣ ਵਿਚ ਭੁੱਲ ਹੋਈ ਹੈ ਅਤੇ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ, ਕੀ ਜਿਊਰੀ ਵਿਚ ਸ਼ਾਮਲ ਇਕ ਮਸੀਹੀ ਖ਼ੂਨ ਦਾ ਦੋਸ਼ੀ ਹੋਵੇਗਾ? (ਕੂਚ 22:2; ਬਿਵਸਥਾ ਸਾਰ 21:8; 22:8; ਯਿਰਮਿਯਾਹ 2:34; ਮੱਤੀ 23:35; ਰਸੂਲਾਂ ਦੇ ਕਰਤੱਬ 18:6) ਯਿਸੂ ਦੇ ਮੁਕੱਦਮੇ ਸਮੇਂ ਪਿਲਾਤੁਸ “ਇਸ ਦੇ ਲਹੂ ਤੋਂ ਨਿਰਦੋਸ਼” ਹੋਣਾ ਚਾਹੁੰਦਾ ਸੀ। ਯਹੂਦੀਆਂ ਨੇ ਝਟਪਟ ਕਿਹਾ: “ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ!”—ਮੱਤੀ 27:24, 25.
ਜੇਕਰ ਇਕ ਮਸੀਹੀ ਸਰਕਾਰ ਦੇ ਨਿਰਦੇਸ਼ਨ ਅਨੁਸਾਰ ਜਿਊਰੀ ਡਿਊਟੀ ਲਈ ਹਾਜ਼ਰ ਹੁੰਦਾ ਹੈ, ਪਰੰਤੂ ਉਸ ਦੇ ਵਿਅਕਤੀਗਤ ਅੰਤਹਕਰਣ ਕਰਕੇ ਜੱਜ ਦੇ ਕਹਿਣ ਦੇ ਬਾਵਜੂਦ ਇਕ ਖ਼ਾਸ ਕੇਸ ਵਿਚ ਕੰਮ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਮਸੀਹੀ ਨੂੰ ਨਤੀਜਿਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ—ਇਹ ਜੁਰਮਾਨਾ ਜਾਂ ਕੈਦ ਵੀ ਹੋ ਸਕਦੀ ਹੈ।—1 ਪਤਰਸ 2:19.
ਅੰਤਿਮ ਵਿਸ਼ਲੇਸ਼ਣ ਵਿਚ, ਹਰੇਕ ਮਸੀਹੀ ਜਿਹੜਾ ਜਿਊਰੀ ਡਿਊਟੀ ਦਾ ਸਾਮ੍ਹਣਾ ਕਰਦਾ ਹੈ, ਉਸ ਨੂੰ ਬਾਈਬਲ ਬਾਰੇ ਆਪਣੀ ਸਮਝ ਅਤੇ ਆਪਣੇ ਖ਼ੁਦ ਦੇ ਅੰਤਹਕਰਣ ਦੇ ਆਧਾਰ ਉੱਤੇ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। ਕੁਝ ਮਸੀਹੀ ਜਿਊਰੀ ਡਿਊਟੀ ਵਿਚ ਹਾਜ਼ਰ ਹੋਏ ਹਨ ਅਤੇ ਉਨ੍ਹਾਂ ਨੇ ਕੁਝ ਖ਼ਾਸ ਕੇਸਾਂ ਵਿਚ ਕੰਮ ਕੀਤਾ ਹੈ। ਦੂਸਰਿਆਂ ਨੇ ਸਜ਼ਾ ਦੇ ਬਾਵਜੂਦ ਵੀ ਨਾਂਹ ਕਰਨੀ ਉਚਿਤ ਸਮਝਿਆ। ਹਰੇਕ ਮਸੀਹੀ ਨੂੰ ਆਪਣੇ ਲਈ ਇਹ ਫ਼ੈਸਲਾ ਕਰਨਾ ਹੈ ਕਿ ਉਹ ਕੀ ਕਰੇਗਾ, ਅਤੇ ਦੂਸਰਿਆਂ ਨੂੰ ਉਸ ਦੇ ਫ਼ੈਸਲੇ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਹੈ।—ਗਲਾਤੀਆਂ 6:5.