ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 112

      ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ

      ਜਿਉਂ-ਜਿਉਂ ਮੰਗਲਵਾਰ, ਨੀਸਾਨ 11, ਦਾ ਦਿਨ ਖ਼ਤਮ ਹੋਣ ਨੂੰ ਆਉਂਦਾ ਹੈ, ਯਿਸੂ ਆਪਣੇ ਰਸੂਲਾਂ ਨੂੰ ਜ਼ੈਤੂਨ ਦੇ ਪਹਾੜ ਉੱਤੇ ਸਿੱਖਿਆ ਦੇਣੀ ਸਮਾਪਤ ਕਰਦਾ ਹੈ। ਇਹ ਕਿੰਨਾ ਹੀ ਵਿਅਸਤ ਅਤੇ ਕਠਿਨ ਦਿਨ ਰਿਹਾ ਹੈ! ਸ਼ਾਇਦ ਹੁਣ ਰਾਤ ਵਾਸਤੇ ਬੈਤਅਨੀਆ ਨੂੰ ਮੁੜਦੇ ਹੋਏ, ਉਹ ਆਪਣੇ ਰਸੂਲਾਂ ਨੂੰ ਦੱਸਦਾ ਹੈ: “ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ [“ਸੂਲੀ,” ਨਿ ਵ] ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”

      ਸਪੱਸ਼ਟ ਤੌਰ ਤੇ ਯਿਸੂ ਅਗਲੇ ਦਿਨ ਬੁੱਧਵਾਰ, ਨੀਸਾਨ 12, ਆਪਣੇ ਰਸੂਲਾਂ ਨਾਲ ਸ਼ਾਂਤ ਇਕਾਂਤ ਵਿਚ ਬਿਤਾਉਂਦਾ ਹੈ। ਇਕ ਦਿਨ ਪਹਿਲਾਂ, ਉਸ ਨੇ ਧਾਰਮਿਕ ਆਗੂਆਂ ਨੂੰ ਖੁਲ੍ਹੇਆਮ ਝਿੜਕਿਆ ਸੀ, ਅਤੇ ਉਸ ਨੂੰ ਅਹਿਸਾਸ ਹੈ ਕਿ ਉਹ ਉਸ ਨੂੰ ਮਾਰਨ ਦੇ ਲਈ ਭਾਲ ਰਹੇ ਹਨ। ਇਸ ਲਈ ਬੁੱਧਵਾਰ ਦੇ ਦਿਨ ਉਹ ਆਪਣੇ ਆਪ ਨੂੰ ਖੁਲ੍ਹੇਆਮ ਨਹੀਂ ਦਿਖਾਉਂਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਕਿ ਅਗਲੀ ਸ਼ਾਮ ਨੂੰ ਉਸ ਦੇ ਆਪਣੇ ਰਸੂਲਾਂ ਨਾਲ ਪਸਾਹ ਮਨਾਉਣ ਦੇ ਵਿਚ ਕੋਈ ਰੁਕਾਵਟ ਆਵੇ।

      ਇਸ ਸਮੇਂ ਦੇ ਦੌਰਾਨ, ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਪਰਧਾਨ ਜਾਜਕ ਕਯਾਫ਼ਾ ਦੇ ਵਿਹੜੇ ਵਿਚ ਇਕੱਠੇ ਹੋ ਗਏ ਹਨ। ਯਿਸੂ ਦੇ ਇਕ ਦਿਨ ਪਹਿਲਾਂ ਦੇ ਹਮਲੇ ਤੋਂ ਖਿੱਝ ਕੇ ਉਹ ਚਲਾਕ ਜੁਗਤ ਨਾਲ ਉਸ ਨੂੰ ਫੜਨ ਅਤੇ ਉਸ ਨੂੰ ਮਰਵਾਉਣ ਦੀ ਯੋਜਨਾ ਬਣਾ ਰਹੇ ਹਨ। ਫਿਰ ਵੀ, ਉਹ ਕਹਿ ਰਹੇ ਹਨ: “ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਏ।” ਉਹ ਲੋਕਾਂ ਤੋਂ ਡਰਦੇ ਹਨ, ਜਿਨ੍ਹਾਂ ਦੀ ਕਿਰਪਾ ਦਾ ਯਿਸੂ ਆਨੰਦ ਮਾਣਦਾ ਹੈ।

      ਜਦ ਧਾਰਮਿਕ ਆਗੂ ਦੁਸ਼ਟਤਾਪੂਰਵਕ ਯਿਸੂ ਨੂੰ ਮਾਰ ਸੁੱਟਣ ਦੀ ਸਾਜ਼ਸ਼ ਕਰ ਰਹੇ ਹੁੰਦੇ ਹਨ, ਤਾਂ ਉਨ੍ਹਾਂ ਕੋਲ ਇਕ ਮੁਲਾਕਾਤੀ ਆਉਂਦਾ ਹੈ। ਉਨ੍ਹਾਂ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਇਹ ਯਿਸੂ ਦੇ ਆਪਣੇ ਰਸੂਲਾਂ ਵਿੱਚੋਂ ਇਕ, ਯਹੂਦਾ ਇਸਕਰਿਯੋਤੀ ਹੈ, ਉਹ ਜਿਸ ਵਿਚ ਸ਼ਤਾਨ ਨੇ ਆਪਣੇ ਸੁਆਮੀ ਨੂੰ ਫੜਵਾਉਣ ਦਾ ਨੀਚ ਵਿਚਾਰ ਬੈਠਾ ਦਿੱਤਾ ਹੈ! ਉਹ ਕਿੰਨੇ ਖ਼ੁਸ਼ ਹੁੰਦੇ ਹਨ ਜਦੋਂ ਯਹੂਦਾ ਪੁੱਛਦਾ ਹੈ: “ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ?” ਉਹ ਖ਼ੁਸ਼ੀ ਨਾਲ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਸਹਿਮਤ ਹੋ ਜਾਂਦੇ ਹਨ, ਜੋ ਕਿ ਮੂਸਾ ਦੀ ਬਿਵਸਥਾ ਨੇਮ ਅਨੁਸਾਰ ਇਕ ਦਾਸ ਦੀ ਕੀਮਤ ਹੈ। ਉਸ ਸਮੇਂ ਤੋਂ ਯਹੂਦਾ ਯਿਸੂ ਨੂੰ ਉਨ੍ਹਾਂ ਕੋਲ ਫੜਵਾਉਣ ਦੇ ਇਕ ਚੰਗੇ ਮੌਕੇ ਦੀ ਭਾਲ ਕਰਦਾ ਹੈ, ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।

      ਨੀਸਾਨ 13, ਬੁੱਧਵਾਰ ਸੰਝ ਨੂੰ ਸ਼ੁਰੂ ਹੁੰਦਾ ਹੈ। ਯਿਸੂ ਸ਼ੁੱਕਰਵਾਰ ਨੂੰ ਯਰੀਹੋ ਤੋਂ ਇੱਥੇ ਪਹੁੰਚਿਆ ਸੀ, ਇਸ ਲਈ ਇਹ ਛੇਵੀਂ ਅਤੇ ਆਖ਼ਰੀ ਰਾਤ ਹੈ ਜਿਹੜੀ ਉਹ ਬੈਤਅਨੀਆ ਵਿਚ ਬਿਤਾਉਂਦਾ ਹੈ। ਅਗਲੇ ਦਿਨ, ਵੀਰਵਾਰ, ਪਸਾਹ ਲਈ ਆਖ਼ਰੀ ਤਿਆਰੀਆਂ ਕਰਨ ਦੀ ਜ਼ਰੂਰਤ ਪਵੇਗੀ, ਜਿਹੜਾ ਕਿ ਸੰਝ ਹੋਣ ਤੇ ਸ਼ੁਰੂ ਹੁੰਦਾ ਹੈ। ਉਦੋਂ ਹੀ ਪਸਾਹ ਦਾ ਲੇਲਾ ਮਾਰਿਆ ਅਤੇ ਫਿਰ ਪੂਰੇ ਦਾ ਪੂਰਾ ਭੁੱਨਿਆ ਜਾਣਾ ਚਾਹੀਦਾ ਹੈ। ਉਹ ਇਹ ਤਿਉਹਾਰ ਕਿੱਥੇ ਮਨਾਉਣਗੇ, ਅਤੇ ਤਿਆਰੀਆਂ ਕੌਣ ਕਰੇਗਾ?

      ਯਿਸੂ ਨੇ ਅਜਿਹੇ ਵੇਰਵੇ ਨਹੀਂ ਦੱਸੇ ਹਨ, ਸ਼ਾਇਦ ਇਸ ਲਈ ਕਿ ਕਿਤੇ ਯਹੂਦਾ ਮੁੱਖ ਜਾਜਕਾਂ ਨੂੰ ਸੂਚਿਤ ਨਾ ਕਰ ਦੇਵੇ ਤਾਂਕਿ ਉਹ ਯਿਸੂ ਨੂੰ ਪਸਾਹ ਦੇ ਤਿਉਹਾਰ ਦੇ ਦੌਰਾਨ ਫੜ ਸਕਣ। ਪਰੰਤੂ ਹੁਣ, ਸੰਭਵ ਹੈ ਕਿ ਵੀਰਵਾਰ ਦੁਪਹਿਰ ਦੇ ਮੁੱਢਲੇ ਹਿੱਸੇ ਵਿਚ ਯਿਸੂ ਪਤਰਸ ਅਤੇ ਯੂਹੰਨਾ ਨੂੰ ਇਹ ਕਹਿੰਦੇ ਹੋਏ ਬੈਤਅਨੀਆ ਤੋਂ ਭੇਜਦਾ ਹੈ: “ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ।”

      “ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਤਿਆਰ ਕਰੀਏ?” ਉਹ ਪੁੱਛਦੇ ਹਨ।

      “ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ,” ਯਿਸੂ ਵਿਆਖਿਆ ਕਰਦਾ ਹੈ, “ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹ ਦੇ ਮਗਰ ਜਾਇਓ। ਅਤੇ ਘਰ ਦੇ ਮਾਲਕ ਨੂੰ ਕਹਿਓ ਭਈ ਗੁਰੂ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ? ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਵਿੱਛਿਆ ਹੋਇਆ ਵਿਖਾਵੇਗਾ। ਉੱਥੇ ਤਿਆਰ ਕਰੋ।”

      ਨਿਰਸੰਦੇਹ ਉਸ ਘਰ ਦਾ ਮਾਲਕ ਯਿਸੂ ਦਾ ਇਕ ਚੇਲਾ ਹੈ, ਜੋ ਸ਼ਾਇਦ ਆਸ ਰੱਖ ਰਿਹਾ ਸੀ ਕਿ ਇਸ ਖ਼ਾਸ ਮੌਕੇ ਤੇ ਯਿਸੂ ਉਸ ਦੇ ਘਰ ਨੂੰ ਇਸਤੇਮਾਲ ਕਰਨ ਦੀ ਫ਼ਰਮਾਇਸ਼ ਕਰੇਗਾ। ਹਰ ਹਾਲਤ ਵਿਚ, ਜਦੋਂ ਪਤਰਸ ਅਤੇ ਯੂਹੰਨਾ ਯਰੂਸ਼ਲਮ ਵਿਚ ਪਹੁੰਚਦੇ ਹਨ, ਤਾਂ ਉਹ ਸਭ ਕੁਝ ਉਵੇਂ ਹੀ ਪਾਉਂਦੇ ਹਨ ਜਿਵੇਂ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ। ਇਸ ਲਈ ਉਹ ਦੋਨੋਂ ਨਿਸ਼ਚਿਤ ਕਰਦੇ ਹਨ ਕਿ ਲੇਲਾ ਤਿਆਰ ਹੈ ਅਤੇ ਪਸਾਹ ਮਨਾਉਣ ਵਾਲੇ 13 ਵਿਅਕਤੀਆਂ, ਅਰਥਾਤ ਯਿਸੂ ਅਤੇ ਉਸ ਦੇ 12 ਰਸੂਲਾਂ, ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਹੋਰ ਸਾਰੇ ਪ੍ਰਬੰਧ ਕੀਤੇ ਗਏ ਹਨ। ਮੱਤੀ 26:​1-5, ­14-19; ਮਰਕੁਸ 14:​1, 2, 10-16; ਲੂਕਾ 22:​1-13; ਕੂਚ 21:⁠32.

      ▪ ਸਪੱਸ਼ਟ ਤੌਰ ਤੇ ਯਿਸੂ ਬੁੱਧਵਾਰ ਨੂੰ ਕੀ ਕਰਦਾ ਹੈ, ਅਤੇ ਕਿਉਂ?

      ▪ ਪਰਧਾਨ ਜਾਜਕ ਦੇ ਘਰ ਕਿਹੜੀ ਸਭਾ ਰੱਖੀ ਜਾਂਦੀ ਹੈ, ਅਤੇ ਕਿਹੜੇ ਮਕਸਦ ਲਈ ਯਹੂਦਾ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰਦਾ ਹੈ?

      ▪ ਯਿਸੂ ਵੀਰਵਾਰ ਨੂੰ ਯਰੂਸ਼ਲਮ ਵਿਚ ਕਿਨ੍ਹਾਂ ਨੂੰ ਭੇਜਦਾ ਹੈ, ਅਤੇ ਕਿਹੜੇ ਮਕਸਦ ਲਈ?

      ▪ ਭੇਜੇ ਗਏ ਇਹ ਵਿਅਕਤੀ ਕੀ ਪਾਉਂਦੇ ਹਨ ਜੋ ਇਕ ਵਾਰੀ ਫਿਰ ਯਿਸੂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਪ੍ਰਗਟ ਕਰਦਾ ਹੈ?

  • ਆਖ਼ਰੀ ਪਸਾਹ ਤੇ ਨਿਮਰਤਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 113

      ਆਖ਼ਰੀ ਪਸਾਹ ਤੇ ਨਿਮਰਤਾ

      ਪਤਰਸ ਅਤੇ ਯੂਹੰਨਾ, ਯਿਸੂ ਦੀਆਂ ਹਿਦਾਇਤਾਂ ਦੇ ਅਧੀਨ, ਪਹਿਲਾਂ ਹੀ ਪਸਾਹ ਦੇ ਵਾਸਤੇ ਤਿਆਰੀਆਂ ਕਰਨ ਲਈ ਯਰੂਸ਼ਲਮ ਪਹੁੰਚ ਚੁੱਕੇ ਹਨ। ਯਿਸੂ ਸਪੱਸ਼ਟ ਤੌਰ ਤੇ ਬਾਕੀ ਦਸ ਰਸੂਲਾਂ ਨਾਲ ਬਾਅਦ ਵਿਚ ਦੁਪਹਿਰ ਨੂੰ ਪਹੁੰਚਦਾ ਹੈ। ਸੂਰਜ ਦਿਗ-ਮੰਡਲ ਉੱਤੇ ਡੁੱਬ ਰਿਹਾ ਹੈ ਜਿਵੇਂ ਯਿਸੂ ਅਤੇ ਉਸ ਦੀ ਟੋਲੀ ਜ਼ੈਤੂਨ ਦੇ ਪਹਾੜ ਤੋਂ ਉਤਰਦੀ ਹੈ। ਯਿਸੂ ਆਪਣੇ ਪੁਨਰ-ਉਥਾਨ ਤੋਂ ਪਹਿਲਾਂ ਇਸ ਪਹਾੜ ਉੱਤੋਂ ਦਿਨ ਦੇ ਵੇਲੇ ਸ਼ਹਿਰ ਨੂੰ ਆਖ਼ਰੀ ਵਾਰੀ ਦੇਖ ਰਿਹਾ ਹੈ।

      ਜਲਦੀ ਹੀ ਯਿਸੂ ਅਤੇ ਉਸ ਦੀ ਟੋਲੀ ਸ਼ਹਿਰ ਵਿਚ ਪਹੁੰਚ ਜਾਂਦੇ ਹਨ ਅਤੇ ਉਸ ਘਰ ਨੂੰ ਜਾਂਦੀ ਹੈ ਜਿੱਥੇ ਉਹ ਪਸਾਹ ਮਨਾਉਣਗੇ। ਉਹ ਪੌੜੀ ਚੜ੍ਹ ਕੇ ਵੱਡੇ ਚੁਬਾਰੇ ਵਿਚ ਜਾਂਦੇ ਹਨ, ਜਿੱਥੇ ਉਹ ਆਪਣਾ ਇਕਾਂਤ ਵਿਚ ਪਸਾਹ ਮਨਾਉਣ ਲਈ ਸਭ ਤਿਆਰੀਆਂ ਕੀਤੀਆਂ ਹੋਈਆਂ ਪਾਉਂਦੇ ਹਨ। ਯਿਸੂ ਇਸ ਮੌਕੇ ਨੂੰ ਉਤਸ਼ਾਹ ਨਾਲ ਉਡੀਕਦਾ ਸੀ, ਜਿਵੇਂ ਕਿ ਉਹ ਕਹਿੰਦਾ ਹੈ: “ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।”

      ਰਸਮੀ ਤੌਰ ਤੇ, ਪਸਾਹ ਵਿਚ ਭਾਗ ਲੈਣ ਵਾਲਿਆਂ ਦੁਆਰਾ ਦਾਖ ਰਸ ਦੇ ਚਾਰ ਪਿਆਲੇ ਪੀਤੇ ਜਾਂਦੇ ਹਨ। ਉਸ ਪਿਆਲੇ ਨੂੰ ਕਬੂਲ ਕਰਨ ਤੋਂ ਬਾਅਦ ਜੋ ਕਿ ਸਪੱਸ਼ਟ ਤੌਰ ਤੇ ਤੀਜਾ ਹੈ, ਯਿਸੂ ਧੰਨਵਾਦ ਕਰ ਕੇ ਕਹਿੰਦਾ ਹੈ: “ਇਹ ਨੂੰ ਲੈ ਕੇ ਆਪੋ ਵਿੱਚ ਵੰਡ ਲਓ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਆਂਗਾ ਜਦ ਤੀਕੁਰ ਪਰਮੇਸ਼ੁਰ ਦਾ ਰਾਜ ਨਾ ਆਵੇ।”

      ਭੋਜਨ ਦੇ ਦੌਰਾਨ ਕਿਸੇ ਵੇਲੇ, ਯਿਸੂ ਉਠ ਕੇ ਆਪਣੇ ਬਾਹਰੀ ਕੱਪੜੇ ਉਤਾਰਦਾ ਹੈ, ਇਕ ਤੌਲੀਆ ਲੈਂਦਾ ਹੈ, ਅਤੇ ਇਕ ਤਸਲੇ ਵਿਚ ਪਾਣੀ ਭਰ ਲੈਂਦਾ ਹੈ। ਆਮ ਤੌਰ ਤੇ, ਮੇਜ਼ਬਾਨ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਮਹਿਮਾਨ ਦੇ ਪੈਰ ਧੋਤੇ ਜਾਣ। ਪਰੰਤੂ ਕਿਉਂਕਿ ਇਸ ਮੌਕੇ ਤੇ ਕੋਈ ਮੇਜ਼ਬਾਨ ਹਾਜ਼ਰ ਨਹੀਂ ਹੈ, ਯਿਸੂ ਇਹ ਨਿੱਜੀ ਸੇਵਾ ਕਰਦਾ ਹੈ। ਰਸੂਲਾਂ ਵਿੱਚੋਂ ਕੋਈ ਵੀ ਇਸ ਮੌਕੇ ਦਾ ਲਾਭ ਉਠਾ ਸਕਦਾ ਸੀ; ਫਿਰ ਵੀ, ਸਪੱਸ਼ਟ ਹੈ ਕਿ ਉਨ੍ਹਾਂ ਵਿਚ ਹਾਲੇ ਵੀ ਕੁਝ ਟਕਰਾਉ ਹੋਣ ਦੇ ਕਾਰਨ, ਕੋਈ ਵੀ ਇਹ ਨਹੀਂ ਕਰਦਾ ਹੈ। ਹੁਣ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਿਉਂ ਹੀ ਯਿਸੂ ਉਨ੍ਹਾਂ ਦੇ ਪੈਰ ਧੋਣੇ ਸ਼ੁਰੂ ਕਰਦਾ ਹੈ।

      ਜਦੋਂ ਯਿਸੂ ਉਸ ਦੇ ਕੋਲ ਆਉਂਦਾ ਹੈ, ਤਾਂ ਪਤਰਸ ਵਿਰੋਧ ਕਰਦਾ ਹੈ: “ਤੈਂ ਮੇਰੇ ਪੈਰ ਕਦੇ ਨਾ ਧੋਣੇ!”

      “ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ,” ਯਿਸੂ ਕਹਿੰਦਾ ਹੈ।

      “ਪ੍ਰਭੁ ਜੀ,” ਪਤਰਸ ਜਵਾਬ ਦਿੰਦਾ ਹੈ, “ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ!”

      “ਜਿਹੜਾ ਨਲ੍ਹਾਇਆ ਗਿਆ ਹੈ,” ਯਿਸੂ ਜਵਾਬ ਦਿੰਦਾ ਹੈ, “ਉਹ ਨੂੰ ਬਿਨਾ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ ਪਰ ਸੱਭੇ ਨਹੀਂ।” ਉਹ ਇਹ ਇਸ ਲਈ ਕਹਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਯਹੂਦਾ ਇਸਕਰਿਯੋਤੀ ਉਸ ਨੂੰ ਫੜਵਾਉਣ ਦੀ ਯੋਜਨਾ ਕਰ ਰਿਹਾ ਹੈ।

      ਜਦੋਂ ਯਿਸੂ ਸਾਰੇ 12 ਦੇ ਪੈਰ ਧੋ ਹਟਿਆ, ਇੱਥੋਂ ਤਕ ਕਿ ਉਸ ਨੂੰ ਫੜਵਾਉਣ ਵਾਲੇ, ਯਹੂਦਾ ਦੇ ਪੈਰ ਵੀ ਧੋਤੇ, ਤਾਂ ਉਹ ਆਪਣੇ ਬਾਹਰੀ ਕੱਪੜੇ ਪਹਿਨ ਕੇ ਫਿਰ ਮੇਜ਼ ਤੇ ਬੈਠ ਜਾਂਦਾ ਹੈ। ਫਿਰ ਉਹ ਪੁੱਛਦਾ ਹੈ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ। ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ। ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।”

      ਨਿਮਰ ਸੇਵਾ ਦਾ ਕਿੰਨਾ ਹੀ ਸੁੰਦਰ ਸਬਕ! ਰਸੂਲਾਂ ਨੂੰ ਪਹਿਲੀ ਥਾਂ ਨਹੀਂ ਭਾਲਣੀ ਚਾਹੀਦੀ ਹੈ, ਇਹ ਸੋਚਦੇ ਹੋਏ ਕਿ ਉਹ ਇੰਨੇ ਮਹੱਤਵਪੂਰਣ ਹਨ ਕਿ ਦੂਜਿਆਂ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਿਸੂ ਦੁਆਰਾ ਸਥਾਪਤ ਕੀਤੇ ਗਏ ਨਮੂਨੇ ਦਾ ਅਨੁਕਰਣ ਕਰਨਾ ਚਾਹੀਦਾ ਹੈ। ਇਹ ਕੋਈ ਰਸਮੀ ਪੈਰ ਧੋਣ ਦਾ ਨਮੂਨਾ ਨਹੀਂ ਹੈ। ਨਹੀਂ, ਬਲਕਿ ਇਹ ਬਿਨਾਂ ਪੱਖਪਾਤ ਦੇ ਸੇਵਾ ਕਰਨ ਦੀ ਰਜ਼ਾਮੰਦੀ ਦਾ ਨਮੂਨਾ ਹੈ, ਚਾਹੇ ਕਿ ਉਹ ਕੰਮ ਕਿੰਨਾ ਨੀਵਾਂ ਜਾਂ ਅਪਸੰਦ ਹੀ ਕਿਉਂ ਨਾ ਹੋਵੇ। ਮੱਤੀ 26:​20, 21; ਮਰਕੁਸ 14:​17, 18; ਲੂਕਾ 22:​14-18; 7:44; ਯੂਹੰਨਾ 13:​1-17.

      ▪ ਜਿਉਂ ਹੀ ਯਿਸੂ ਪਸਾਹ ਮਨਾਉਣ ਲਈ ਸ਼ਹਿਰ ਵਿਚ ਦਾਖ਼ਲ ਹੁੰਦਾ ਹੈ, ਤਾਂ ਯਰੂਸ਼ਲਮ ਨੂੰ ਦੇਖਣ ਬਾਰੇ ਕਿਹੜੀ ਗੱਲ ਅਦਭੁਤ ਹੈ?

      ▪ ਪਸਾਹ ਦੇ ਦੌਰਾਨ, ਯਿਸੂ ਬਰਕਤ ਕਹਿਣ ਤੋਂ ਬਾਅਦ ਸਪੱਸ਼ਟ ਤੌਰ ਤੇ ਕਿਹੜਾ ਪਿਆਲਾ 12 ਰਸੂਲਾਂ ਵਿਚ ਵੰਡਣ ਲਈ ਦਿੰਦਾ ਹੈ?

      ▪ ਜਦੋਂ ਯਿਸੂ ਧਰਤੀ ਉੱਤੇ ਸੀ ਤਦ ਕਿਹੜੀ ਨਿੱਜੀ ਸੇਵਾ ਮਹਿਮਾਨਾਂ ਲਈ ਕੀਤੀ ਜਾਂਦੀ ਸੀ, ਅਤੇ ਯਿਸੂ ਅਤੇ ਰਸੂਲਾਂ ਦੁਆਰਾ ਮਨਾਏ ਗਏ ਪਸਾਹ ਦੇ ਦੌਰਾਨ ਇਹ ਕਿਉਂ ਨਹੀਂ ਕੀਤੀ ਗਈ ਸੀ?

      ▪ ਯਿਸੂ ਦਾ ਆਪਣੇ ਰਸੂਲਾਂ ਦੇ ਪੈਰ ਧੋਣ ਦਾ ਇਹ ਨੀਵਾਂ ਕੰਮ ਕਰਨ ਦਾ ਕੀ ਉਦੇਸ਼ ਸੀ?

  • ਸਮਾਰਕ ਭੋਜਨ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 114

      ਸਮਾਰਕ ਭੋਜਨ

      ਆਪਣੇ ਰਸੂਲਾਂ ਦੇ ਪੈਰ ਧੋਣ ਤੋਂ ਬਾਅਦ, ਯਿਸੂ ਸ਼ਾਸਤਰ ਵਿੱਚੋਂ ਜ਼ਬੂਰ 41:​9 ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ: “ਉਸ ਨੇ ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ।” ਫਿਰ, ਆਤਮਾ ਵਿਚ ਪਰੇਸ਼ਾਨ ਹੋ ਕੇ ਉਹ ਵਿਆਖਿਆ ਕਰਦਾ ਹੈ: “ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”

      ਰਸੂਲ ਦੁਖੀ ਹੋਣ ਲੱਗਦੇ ਹਨ ਅਤੇ ਇਕ-ਇਕ ਕਰ ਕੇ ਯਿਸੂ ਨੂੰ ਕਹਿੰਦੇ ਹਨ: “ਕੀ ਉਹ ਮੈਂ ਹਾਂ?” ਯਹੂਦਾ ਇਸਕਰਿਯੋਤੀ ਵੀ ਪੁੱਛਣ ਵਿਚ ਸ਼ਾਮਲ ਹੋ ਜਾਂਦਾ ਹੈ। ਯੂਹੰਨਾ, ਜਿਹੜਾ ਮੇਜ਼ ਵਿਖੇ ਯਿਸੂ ਦੇ ਨਾਲ ਲੇਟਿਆ ਹੋਇਆ ਹੈ, ਯਿਸੂ ਦੀ ਛਾਤੀ ਤੇ ਢੋਹ ਲਾ ਕੇ ਪੁੱਛਦਾ ਹੈ: “ਪ੍ਰਭੁ ਜੀ ਉਹ ਕਿਹੜਾ ਹੈ?”

      “ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਸੋਈ ਹੈ,” ਯਿਸੂ ਜਵਾਬ ਦਿੰਦਾ ਹੈ। “ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੀ ਰਾਹੀਂ ਮਨੁੱਖ ਦਾ ਪੁੱਤ੍ਰ ਫੜਵਾਇਆ ਜਾਂਦਾ ਹੈ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੋ ਉਹ ਿਨੱਜ ਜੰਮਦਾ।” ਇਸ ਤੋਂ ਬਾਅਦ, ਸ਼ਤਾਨ ਫਿਰ ਤੋਂ ਯਹੂਦਾ ਵਿਚ ਦਾਖ਼ਲ ਹੁੰਦਾ ਹੈ, ਉਸ ਦੇ ਦਿਲ ਦੀ ਉਹ ਖੁਲ੍ਹੀ ਥਾਂ ਦਾ ਲਾਭ ਉਠਾ ਕੇ, ਜਿਹੜਾ ਕਿ ਦੁਸ਼ਟ ਬਣ ਚੁੱਕਾ ਹੈ। ਮਗਰੋਂ ਉਸੇ ਰਾਤ, ਯਿਸੂ ਉਚਿਤ ਤੌਰ ਤੇ ਯਹੂਦਾ ਨੂੰ ‘ਨਾਸ ਦਾ ਪੁੱਤ੍ਰ’ ਸੱਦਦਾ ਹੈ।

      ਯਿਸੂ ਹੁਣ ਯਹੂਦਾ ਨੂੰ ਕਹਿੰਦਾ ਹੈ: “ਜੋ ਤੂੰ ਕਰਨਾ ਹੈਂ ਸੋ ਛੇਤੀ ਕਰ!” ਦੂਜਿਆਂ ਰਸੂਲਾਂ ਵਿੱਚੋਂ ਕੋਈ ਨਹੀਂ ਸਮਝਦਾ ਹੈ ਕਿ ਯਿਸੂ ਦਾ ਕੀ ਮਤਲਬ ਹੈ। ਕਈ ਅਨੁਮਾਨ ਲਗਾਉਂਦੇ ਹਨ ਕਿ ਕਿਉਂ ਜੋ ਯਹੂਦਾ ਕੋਲ ਪੈਸਿਆਂ ਦਾ ਬਕਸਾ ਹੈ, ਯਿਸੂ ਉਸ ਨੂੰ ਕਹਿ ਰਿਹਾ ਹੈ: “ਤਿਉਹਾਰ ਦੇ ਲਈ ਜੋ ਕੁਝ ਸਾਨੂੰ ਲੋੜੀਦਾ ਹੈ ਸੋ ਮੁੱਲ ਲਿਆ,” ਜਾਂ ਕਿ ਉਸ ਨੂੰ ਜਾ ਕੇ ਕੰਗਾਲਾਂ ਨੂੰ ਕੁਝ ਦੇਣਾ ਚਾਹੀਦਾ ਹੈ।

      ਯਹੂਦਾ ਦੇ ਜਾਣ ਤੋਂ ਬਾਅਦ, ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਇਕ ­ਬਿਲਕੁਲ ਨਵਾਂ ਤਿਉਹਾਰ, ਜਾਂ ਯਾਦਗਾਰ ਉਤਸਵ ਕਾਇਮ ਕਰਦਾ ਹੈ। ਉਹ ਇਕ ਰੋਟੀ ਲੈਂਦਾ ਹੈ, ਧੰਨਵਾਦ ਦੀ ਪ੍ਰਾਰਥਨਾ ਕਰਦਾ ਹੈ, ਅਤੇ ਤੋੜ ਕੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਦਿੰਦਾ ਹੈ: “ਲਓ ਖਾਓ।” ਉਹ ਵਿਆਖਿਆ ਕਰਦਾ ਹੈ: “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”

      ਜਦੋਂ ਹਰੇਕ ਨੇ ਰੋਟੀ ਖਾ ਲਈ, ਤਾਂ ਯਿਸੂ ਦਾਖ ਰਸ ਦਾ ਇਕ ਪਿਆਲਾ ਲੈਂਦਾ ਹੈ, ਸਪੱਸ਼ਟ ਤੌਰ ਤੇ ਪਸਾਹ ਸੇਵਾ ਵਿਚ ਇਸਤੇਮਾਲ ਕੀਤਾ ਜਾਣ ਵਾਲਾ ਚੌਥਾ ਪਿਆਲਾ। ਉਹ ਇਸ ਤੇ ਵੀ ਧੰਨਵਾਦ ਦੀ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਨੂੰ ਦਿੰਦਾ ਹੈ, ਅਤੇ ਉਨ੍ਹਾਂ ਨੂੰ ਇਸ ਵਿੱਚੋਂ ਪੀਣ ਲਈ ਕਹਿ ਕੇ ਬਿਆਨ ਕਰਦਾ ਹੈ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।”

      ਸੋ ਅਸਲ ਵਿਚ, ਇਹ ਯਿਸੂ ਦੀ ਮੌਤ ਦਾ ਸਮਾਰਕ ਹੈ। ਇਹ ਹਰ ਵਰ੍ਹੇ ਨੀਸਾਨ 14 ਨੂੰ ਉਸ ਦੀ ਯਾਦਗੀਰੀ ਵਿਚ ਦੁਹਰਾਇਆ ਜਾਵੇਗਾ, ਜਿਵੇਂ ਯਿਸੂ ਕਹਿੰਦਾ ਹੈ। ਇਹ ਸਮਾਰਕ ਮਨਾਉਣ ਵਾਲਿਆਂ ਨੂੰ ਯਾਦ ਦਿਲਾਏਗਾ ਕਿ ਯਿਸੂ ਅਤੇ ਉਸ ਦੇ ਸਵਰਗੀ ਪਿਤਾ ਨੇ ਮਨੁੱਖਜਾਤੀ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਕੀ ਪ੍ਰਬੰਧ ਕੀਤਾ ਹੈ। ਉਨ੍ਹਾਂ ਯਹੂਦੀਆਂ ਦੇ ਲਈ ਜਿਹੜੇ ਮਸੀਹ ਦੇ ਅਨੁਯਾਈ ਬਣਦੇ ਹਨ, ਇਹ ਤਿਉਹਾਰ ਪਸਾਹ ਦੀ ਥਾਂ ਲਵੇਗਾ।

      ਨਵਾਂ ਨੇਮ, ਜਿਹੜਾ ਯਿਸੂ ਦੇ ਵਹਾਏ ਗਏ ਲਹੂ ਦੁਆਰਾ ਕਾਇਮ ਕੀਤਾ ਜਾਂਦਾ ਹੈ, ਪੁਰਾਣੇ ਬਿਵਸਥਾ ਨੇਮ ਦੀ ਥਾਂ ਲੈਂਦਾ ਹੈ। ਯਿਸੂ ਮਸੀਹ ਦੋ ਪੱਖਾਂ ਦੇ ਦਰਮਿਆਨ ਇਸ ਨੇਮ ਦਾ ਵਿਚੋਲਾ ਹੈ​—⁠ਇਕ ਪਾਸੇ, ਯਹੋਵਾਹ ਪਰਮੇਸ਼ੁਰ, ਅਤੇ ਦੂਜੇ ਪਾਸੇ, ਆਤਮਾ ਤੋਂ ਜੰਮੇ 1,44,000 ਮਸੀਹੀ। ਪਾਪਾਂ ਦੀ ਮਾਫ਼ੀ ਦੇ ਲਈ ਪ੍ਰਬੰਧ ਕਰਨ ਦੇ ਇਲਾਵਾ, ਇਹ ਨੇਮ ਰਾਜਿਆਂ-ਜਾਜਕਾਂ ਦੀ ਇਕ ਸਵਰਗੀ ਕੌਮ ਬਣਨ ਦੀ ਵੀ ਇਜਾਜ਼ਤ ਦਿੰਦਾ ਹੈ। ਮੱਤੀ 26:​­21-29; ਮਰਕੁਸ 14:​18-25; ਲੂਕਾ 22:​19-23; ਯੂਹੰਨਾ 13:​18-30; 17:12; 1 ਕੁਰਿੰਥੀਆਂ 5:⁠7.

      ▪ ਇਕ ਸਾਥੀ ਦੇ ਸੰਬੰਧ ਵਿਚ ਯਿਸੂ ਕਿਹੜੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ, ਅਤੇ ਉਹ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਦਾ ਹੈ?

      ▪ ਰਸੂਲ ਕਿਉਂ ਅਤਿਅੰਤ ਦੁਖੀ ਹੁੰਦੇ ਹਨ, ਅਤੇ ਉਨ੍ਹਾਂ ਵਿੱਚੋਂ ਹਰੇਕ ਕੀ ਪੁੱਛਦਾ ਹੈ?

      ▪ ਯਿਸੂ ਯਹੂਦਾ ਨੂੰ ਕੀ ਕਰਨ ਲਈ ਕਹਿੰਦਾ ਹੈ, ਪਰੰਤੂ ਬਾਕੀ ਰਸੂਲ ਇਨ੍ਹਾਂ ਹਿਦਾਇਤਾਂ ਦਾ ਕਿਸ ਤਰ੍ਹਾਂ ਅਰਥ ਕੱਢਦੇ ਹਨ?

      ▪ ਯਹੂਦਾ ਦੇ ਜਾਣ ਤੋਂ ਬਾਅਦ, ਯਿਸੂ ਕਿਹੜਾ ਤਿਉਹਾਰ ਕਾਇਮ ਕਰਦਾ ਹੈ, ਅਤੇ ਇਹ ਕੀ ਉਦੇਸ਼ ਪੂਰਾ ਕਰਦਾ ਹੈ?

      ▪ ਨਵੇਂ ਨੇਮ ਦੇ ਵਿਚ ਕੌਣ ਸ਼ਾਮਲ ਹਨ, ਅਤੇ ਇਹ ਨੇਮ ਕੀ ਸੰਪੰਨ ਕਰਦਾ ਹੈ?

  • ਇਕ ਬਹਿਸ ਸ਼ੁਰੂ ਹੋ ਜਾਂਦੀ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 115

      ਇਕ ਬਹਿਸ ਸ਼ੁਰੂ ਹੋ ਜਾਂਦੀ ਹੈ

      ਸ਼ਾਮ ਦੇ ਮੁੱਢਲੇ ਹਿੱਸੇ ਵਿਚ, ਯਿਸੂ ਨੇ ਆਪਣੇ ਰਸੂਲਾਂ ਦੇ ਪੈਰ ਧੋਣ ਦੇ ਦੁਆਰਾ ਨਿਮਰ ਸੇਵਾ ਦਾ ਇਕ ਸੁੰਦਰ ਸਬਕ ਸਿਖਾਇਆ ਹੈ। ਉਸ ਤੋਂ ਬਾਅਦ, ਉਸ ਨੇ ਆਪਣੀ ਆਉਣ ਵਾਲੀ ਮੌਤ ਦੇ ਸਮਾਰਕ ਨੂੰ ਸ਼ੁਰੂ ਕੀਤਾ। ਹੁਣ, ਖ਼ਾਸ ਤੌਰ ਤੇ ਹੁਣੇ-ਹੁਣੇ ਹੋਈਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਹੈਰਾਨੀਜਨਕ ਘਟਨਾ ਵਾਪਰਦੀ ਹੈ। ਉਸ ਦੇ ਰਸੂਲ ਇਕ ਗਰਮਾਂ-ਗਰਮ ਬਹਿਸ ਵਿਚ ਪੈ ਜਾਂਦੇ ਹਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਜਾਪਦਾ ਹੈ! ਸਪੱਸ਼ਟ ਹੈ ਕਿ ਇਹ ਚਾਲੂ ਝਗੜੇ ਦਾ ਇਕ ਹਿੱਸਾ ਹੈ।

      ਯਾਦ ਕਰੋ ਕਿ ਪਹਾੜ ਉੱਤੇ ਯਿਸੂ ਦਾ ਰੂਪਾਂਤਰਣ ਹੋਣ ਤੋਂ ਬਾਅਦ, ਰਸੂਲਾਂ ਨੇ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। ਇਸ ਦੇ ਇਲਾਵਾ, ਯਾਕੂਬ ਅਤੇ ਯੂਹੰਨਾ ਨੇ ਰਾਜ ਵਿਚ ਉੱਘੇ ਸਥਾਨ ਲਈ ਬੇਨਤੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਰਸੂਲਾਂ ਵਿਚ ਹੋਰ ਤਕਰਾਰ ਹੋ ਗਿਆ ਸੀ। ਹੁਣ, ਉਨ੍ਹਾਂ ਨਾਲ ਆਪਣੀ ਆਖ਼ਰੀ ਰਾਤ ਤੇ, ਯਿਸੂ ਉਨ੍ਹਾਂ ਨੂੰ ਫਿਰ ਝਗੜਾ ਕਰਦਿਆਂ ਦੇਖ ਕੇ ਕਿੰਨਾ ਦੁਖੀ ਹੋਇਆ ਹੋਣਾ! ਉਹ ਕੀ ਕਰਦਾ ਹੈ?

      ਰਸੂਲਾਂ ਦੇ ਵਰਤਾਉ ਲਈ ਉਨ੍ਹਾਂ ਨੂੰ ਡਾਂਟਣ ਦੀ ਬਜਾਇ, ਯਿਸੂ ਇਕ ਵਾਰੀ ਫਿਰ ਉਨ੍ਹਾਂ ਨਾਲ ਧੀਰਜ ਨਾਲ ਤਰਕ ਕਰਦਾ ਹੈ: “ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ­ਗਰੀਬਨਵਾਜ ਕਹਾਉਂਦੇ ਹਨ। ਪਰ ਤੁਸੀਂ ਏਹੋ ਜੇਹੇ ਨਾ ਹੋਵੋ। . . . ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ?” ਫਿਰ, ਉਨ੍ਹਾਂ ਨੂੰ ਆਪਣਾ ­ਉਦਾਹਰਣ ਯਾਦ ਕਰਵਾਉਂਦੇ ਹੋਏ, ਉਹ ਕਹਿੰਦਾ ਹੈ: “ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।”

      ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ, ਰਸੂਲਾਂ ਨੇ ਯਿਸੂ ਦੇ ਪਰਤਾਵਿਆਂ ਦੌਰਾਨ ਉਸ ਦਾ ਸਾਥ ਦਿੱਤਾ ਹੈ। ਇਸ ਲਈ ਉਹ ਕਹਿੰਦਾ ਹੈ: “ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” ਯਿਸੂ ਅਤੇ ਉਸ ਦੇ ਨਿਸ਼ਠਾਵਾਨ ਅਨੁਯਾਈਆਂ ਦਰਮਿਆਨ ਇਹ ਨਿੱਜੀ ਨੇਮ ਉਨ੍ਹਾਂ ਨੂੰ ਉਸ ਦੇ ਸ਼ਾਹੀ ਰਾਜ ਵਿਚ ਉਸ ਦੇ ਸਾਂਝੀਦਾਰ ਬਣਾਉਂਦਾ ਹੈ। ਆਖ਼ਰਕਾਰ, ਰਾਜ ਲਈ ਇਸ ਨੇਮ ਵਿਚ ਸਿਰਫ਼ 1,44,000 ਦੀ ਸੀਮਿਤ ਗਿਣਤੀ ਹੀ ਸ਼ਾਮਲ ਕੀਤੀ ਜਾਂਦੀ ਹੈ।

      ਭਾਵੇਂ ਕਿ ਰਸੂਲਾਂ ਨੂੰ ਮਸੀਹ ਨਾਲ ਰਾਜ ਸ਼ਾਸਨ ਵਿਚ ਸਾਂਝੇ ਹੋਣ ਦੀ ਅਦਭੁਤ ਆਸ਼ਾ ਪੇਸ਼ ਕੀਤੀ ਜਾਂਦੀ ਹੈ, ਇਸ ਵੇਲੇ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹਨ। “ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ,” ਯਿਸੂ ਕਹਿੰਦਾ ਹੈ। ਫਿਰ ਵੀ, ਪਤਰਸ ਨੂੰ ਕਹਿੰਦੇ ਹੋਏ ਕਿ ਉਸ ਨੇ ਉਹ ਦੇ ਨਿਮਿੱਤ ਪ੍ਰਾਰਥਨਾ ਕੀਤੀ ਹੈ, ਯਿਸੂ ਤਕੀਦ ਕਰਦਾ ਹੈ: “ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।”

      “ਹੇ ਬਾਲਕੋ,” ਯਿਸੂ ਵਿਆਖਿਆ ਕਰਦਾ ਹੈ, “ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਜਿਸ ਤਰਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਓਸੇ ਤਰਾਂ ਹੁਣ ਮੈਂ ਤੁਹਾਨੂੰ ਵੀ ਆਖਦਾ ਹਾਂ। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”

      “ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈਂ?” ਪਤਰਸ ਪੁੱਛਦਾ ਹੈ।

      “ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸੱਕਦਾ,” ਯਿਸੂ ਜਵਾਬ ਦਿੰਦਾ ਹੈ, “ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਂਗਾ।”

      “ਪ੍ਰਭੁ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸੱਕਦਾ?” ਪਤਰਸ ਜਾਣਨਾ ਚਾਹੁੰਦਾ ਹੈ। “ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ!”

      “ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ?” ਯਿਸੂ ਪੁੱਛਦਾ ਹੈ। “ਮੈਂ ਤੈਨੂੰ ਸਤ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।”

      “ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ,” ਪਤਰਸ ਵਿਰੋਧ ਕਰਦਾ ਹੈ, “ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ।” ਅਤੇ ਜਦੋਂ ਬਾਕੀ ਸਾਰੇ ਰਸੂਲ ਵੀ ਇਹੋ ਗੱਲ ਕਹਿਣ ਲੱਗਦੇ ਹਨ, ਤਾਂ ਪਤਰਸ ਸ਼ੇਖੀ ਮਾਰਦਾ ਹੈ: “ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ।”

      ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਜਦੋਂ ਉਸ ਨੇ ਗਲੀਲ ਦੇ ਪ੍ਰਚਾਰ ਸਫਰ ਲਈ ਰਸੂਲਾਂ ਨੂੰ ਬਟੂਏ ਅਤੇ ਝੋਲੇ ਦੇ ਬਿਨਾਂ ਭੇਜਿਆ ਸੀ, ਯਿਸੂ ਪੁੱਛਦਾ ਹੈ: “ਤੁਹਾਨੂੰ ਕਾਸੇ ਦੀ ਥੁੜ ਤਾਂ ਨਹੀਂ ਸੀ?”

      “ਕਾਸੇ ਦੀ ਨਹੀਂ,” ਉਹ ਜਵਾਬ ਦਿੰਦੇ ਹਨ।

      “ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ,” ਉਹ ਕਹਿੰਦਾ ਹੈ, “ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ। ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜ਼ਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ।”

      ਯਿਸੂ ਉਸ ਸਮੇਂ ਨੂੰ ਸੰਕੇਤ ਕਰ ਰਿਹਾ ਹੈ ਜਦੋਂ ਉਹ ਅਪਰਾਧੀਆਂ, ਜਾਂ ਬੁਰਿਆਰਾਂ ਨਾਲ ਸੂਲੀ ਚਾੜ੍ਹਿਆ ਜਾਵੇਗਾ। ਉਹ ਇਹ ਵੀ ਸੰਕੇਤ ਕਰ ਰਿਹਾ ਹੈ ਕਿ ਇਸ ਦੇ ਮਗਰੋਂ ਉਸ ਦੇ ਅਨੁਯਾਈਆਂ ਨੂੰ ਸਖ਼ਤ ਸਤਾਹਟ ਦਾ ਸਾਮ੍ਹਣਾ ਕਰਨਾ ਪਵੇਗਾ। “ਪ੍ਰਭੁ ਜੀ ਵੇਖ, ਐੱਥੇ ਦੋ ਤਲਵਾਰਾਂ ਹਨ,” ਉਹ ਕਹਿੰਦੇ ਹਨ।

      “ਬੱਸ ਹੈ!” ਉਹ ਜਵਾਬ ਦਿੰਦਾ ਹੈ। ਜਿਵੇਂ ਕਿ ਅਸੀਂ ਦੇਖਾਂਗੇ, ਉਨ੍ਹਾਂ ਦੇ ਕੋਲ ਤਲਵਾਰਾਂ ਹੋਣ ਦੇ ਕਾਰਨ ਯਿਸੂ ਨੂੰ ਜਲਦੀ ਹੀ ਇਕ ਹੋਰ ਮਹੱਤਵਪੂਰਣ ਸਬਕ ਸਿਖਾਉਣ ਦਾ ਮੌਕਾ ਮਿਲੇਗਾ। ਮੱਤੀ 26:​31-35; ਮਰਕੁਸ 14:​27-31; ਲੂਕਾ 22:​24-38; ਯੂਹੰਨਾ 13:​31-38; ਪਰਕਾਸ਼ ਦੀ ਪੋਥੀ 14:​1-3.

      ▪ ਰਸੂਲਾਂ ਦੀ ਬਹਿਸ ਕਿਉਂ ਇੰਨੀ ਹੈਰਾਨੀਜਨਕ ਹੈ?

      ▪ ਯਿਸੂ ਇਸ ਬਹਿਸ ਨਾਲ ਕਿਸ ਤਰ੍ਹਾਂ ਿਨੱਪਟਦਾ ਹੈ?

      ▪ ਉਸ ਨੇਮ ਦੇ ਦੁਆਰਾ ਕੀ ਸੰਪੰਨ ਹੁੰਦਾ ਹੈ ਜੋ ਯਿਸੂ ਆਪਣੇ ਚੇਲਿਆਂ ਨਾਲ ਬੰਨ੍ਹਦਾ ਹੈ?

      ▪ ਯਿਸੂ ਕਿਹੜਾ ਨਵਾਂ ਹੁਕਮ ਦਿੰਦਾ ਹੈ, ਅਤੇ ਇਹ ਕਿੰਨਾ ਮਹੱਤਵਪੂਰਣ ਹੈ?

      ▪ ਪਤਰਸ ਕਿਹੜਾ ਅਤਿਵਿਸ਼ਵਾਸ ਦਿਖਾਉਂਦਾ ਹੈ, ਅਤੇ ਯਿਸੂ ਕੀ ਕਹਿੰਦਾ ਹੈ?

      ▪ ਬਟੂਆ ਅਤੇ ਭੋਜਨ ਦਾ ਝੋਲਾ ਲੈਣ ਬਾਰੇ ਯਿਸੂ ਦੀਆਂ ਹਿਦਾਇਤਾਂ ਪਹਿਲਾਂ ਨਾਲੋਂ ਕਿਉਂ ਭਿੰਨ ਹਨ?

  • ਆਪਣੀ ਰਵਾਨਗੀ ਲਈ ਰਸੂਲਾਂ ਨੂੰ ਤਿਆਰ ਕਰਨਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 116

      ਆਪਣੀ ਰਵਾਨਗੀ ਲਈ ਰਸੂਲਾਂ ਨੂੰ ਤਿਆਰ ਕਰਨਾ

      ਸਮਾਰਕ ਭੋਜਨ ਸਮਾਪਤ ਹੋ ਗਿਆ ਹੈ, ਪਰੰਤੂ ਯਿਸੂ ਅਤੇ ਉਸ ਦੇ ਰਸੂਲ ਅਜੇ ਵੀ ਉਸ ਉਪਰਲੇ ਕਮਰੇ ਵਿਚ ਹਨ। ਭਾਵੇਂ ਕਿ ਯਿਸੂ ਜਲਦੀ ਹੀ ਚੱਲਿਆ ਜਾਵੇਗਾ, ਉਸ ਨੇ ਅਜੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਹਨ। “ਤੁਹਾਡਾ ਦਿਲ ਨਾ ਘਬਰਾਵੇ,” ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। “ਪਰਮੇਸ਼ੁਰ ਉੱਤੇ ਨਿਹਚਾ ਕਰੋ।” ਪਰੰਤੂ ਉਹ ਅੱਗੇ ਕਹਿੰਦਾ ਹੈ: “ਮੇਰੇ ਉੱਤੇ ਵੀ ਨਿਹਚਾ ਕਰੋ।”

      “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ,” ਯਿਸੂ ਜਾਰੀ ਰੱਖਦਾ ਹੈ। “ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ . . . ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ। ਅਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਦਾ ਰਾਹ ਜਾਣਦੇ ਹੋ।” ਰਸੂਲ ਨਹੀਂ ਸਮਝਦੇ ਹਨ ਕਿ ਯਿਸੂ ਸਵਰਗ ਨੂੰ ਜਾਣ ਬਾਰੇ ਗੱਲ ਕਰ ਰਿਹਾ ਹੈ, ਇਸ ਲਈ ਥੋਮਾ ਪੁੱਛਦਾ ਹੈ: “ਪ੍ਰਭੁ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈਂ, ਫੇਰ ਰਾਹ ਕਿੱਕੁਰ ਜਾਣੀਏ?”

      “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ,” ਯਿਸੂ ਜਵਾਬ ਦਿੰਦਾ ਹੈ। ਜੀ ਹਾਂ, ਸਿਰਫ਼ ਉਸ ਨੂੰ ਕਬੂਲ ਕਰਨ ਅਤੇ ਉਸ ਦੇ ਜੀਵਨ ਦੇ ਢੰਗ ਦਾ ਅਨੁਕਰਣ ਕਰਨ ਦੁਆਰਾ ਹੀ ਕੋਈ ਪਿਤਾ ਦੇ ਸਵਰਗੀ ਘਰ ਵਿਚ ਦਾਖ਼ਲ ਹੋ ਸਕਦਾ ਹੈ ਕਿਉਂਕਿ, ਜਿਵੇਂ ਯਿਸੂ ਕਹਿੰਦਾ ਹੈ: “ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।”

      “ਪ੍ਰਭੁ ਜੀ ਪਿਤਾ ਦਾ ਸਾਨੂੰ ਦਰਸ਼ਣ ਕਰਾ,” ਫ਼ਿਲਿੱਪੁਸ ਬੇਨਤੀ ਕਰਦਾ ਹੈ, “ਤਾਂ ਸਾਨੂੰ ਤ੍ਰਿਪਤ ਆਊ।” ਸਪੱਸ਼ਟ ਤੌਰ ਤੇ ਫ਼ਿਲਿੱਪੁਸ ਚਾਹੁੰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਇਕ ਦ੍ਰਿਸ਼ਟਮਾਨ ਪ੍ਰਗਟਾਉ ਪੇਸ਼ ਕਰੇ, ਜਿਵੇਂ ਕਿ ਪ੍ਰਾਚੀਨ ਸਮਿਆਂ ਵਿਚ ਮੂਸਾ, ਏਲੀਯਾਹ, ਅਤੇ ਯਸਾਯਾਹ ਨੂੰ ਦਰਸ਼ਨ ਵਿਚ ਦਿੱਤਾ ਗਿਆ ਸੀ। ਪਰੰਤੂ, ਅਸਲ ਵਿਚ, ਰਸੂਲਾਂ ਕੋਲ ਉਸ ਪ੍ਰਕਾਰ ਦਿਆਂ ਦਰਸ਼ਨਾਂ ਨਾਲੋਂ ਕਿਤੇ ਹੀ ਜ਼ਿਆਦਾ ਬਿਹਤਰ ਚੀਜ਼ ਹੈ, ਜਿਵੇਂ ਕਿ ਯਿਸੂ ਟਿੱਪਣੀ ਕਰਦਾ ਹੈ: “ਫ਼ਿਲਿੱਪੁਸ ਐੱਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”

      ਯਿਸੂ ਇੰਨੀ ਸੰਪੂਰਣਤਾ ਨਾਲ ਆਪਣੇ ਪਿਤਾ ਦੇ ਵਿਅਕਤਿੱਤਵ ਨੂੰ ਪ੍ਰਤਿਬਿੰਬਤ ਕਰਦਾ ਹੈ ਕਿ ਅਸਲ ਵਿਚ, ਉਸ ਨਾਲ ਰਹਿਣਾ ਅਤੇ ਉਸ ਨੂੰ ਦੇਖਣਾ ਸੱਚ-ਮੁੱਚ ਪਿਤਾ ਨੂੰ ਦੇਖਣ ਦੇ ਬਰਾਬਰ ਹੈ। ਫਿਰ ਵੀ, ਪਿਤਾ ਪੁੱਤਰ ਨਾਲੋਂ ਵੱਡਾ ਹੈ, ਜਿਵੇਂ ਯਿਸੂ ਕਬੂਲ ਕਰਦਾ ਹੈ: “ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ।” ਯਿਸੂ ਉਚਿਤ ਤੌਰ ਤੇ ਆਪਣੀਆਂ ਸਿੱਖਿਆਵਾਂ ਦਾ ਸਾਰਾ ਸੇਹਰਾ ਆਪਣੇ ਸਵਰਗੀ ਪਿਤਾ ਦੇ ਸਿਰ ਦਿੰਦਾ ਹੈ।

      ਯਿਸੂ ਹੁਣ ਜੋ ਉਨ੍ਹਾਂ ਨੂੰ ਦੱਸਦਾ ਹੈ, ਉਸ ਨੂੰ ਸੁਣ ਕੇ ਰਸੂਲਾਂ ਨੂੰ ਕਿੰਨਾ ਉਤਸ਼ਾਹ ਮਿਲਿਆ ਹੋਵੇਗਾ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ”! ਯਿਸੂ ਦਾ ਇਹ ਮਤਲਬ ਨਹੀਂ ਹੈ ਕਿ ਉਸ ਦੇ ਅਨੁਯਾਈ ਉਸ ਨਾਲੋਂ ਵੀ ਜ਼ਿਆਦਾ ਵੱਡੀਆਂ ਚਮਤਕਾਰੀ ਸ਼ਕਤੀਆਂ ਦਾ ਪ੍ਰਯੋਗ ਕਰਨਗੇ। ਨਹੀਂ, ਪਰ ਉਸ ਦਾ ਇਹ ਮਤਲਬ ਹੈ ਕਿ ਉਹ ਜ਼ਿਆਦਾ ਲੰਬੇ ਸਮੇਂ ਲਈ, ਜ਼ਿਆਦਾ ਵੱਡੇ ਇਲਾਕੇ ਵਿਚ, ਅਤੇ ਜ਼ਿਆਦਾ ਲੋਕਾਂ ਤਕ ਸੇਵਕਾਈ ਕਰਨਗੇ।

      ਯਿਸੂ ਆਪਣੀ ਰਵਾਨਗੀ ਮਗਰੋਂ ਆਪਣੇ ਚੇਲਿਆਂ ਨੂੰ ਤਿਆਗ ਨਹੀਂ ਦੇਵੇਗਾ। “ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ,” ਉਹ ਵਾਅਦਾ ਕਰਦਾ ਹੈ, “ਮੈਂ ਸੋਈ ਕਰਾਂਗਾ।” ਉਹ ਅੱਗੇ ਕਹਿੰਦਾ ਹੈ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ। ਅਰਥਾਤ ਸਚਿਆਈ ਦਾ ਆਤਮਾ।” ਬਾਅਦ ਵਿਚ, ਉਸ ਦੇ ਸਵਰਗ ਨੂੰ ਚੜ੍ਹ ਜਾਣ ਮਗਰੋਂ, ਯਿਸੂ ਆਪਣੇ ਚੇਲਿਆਂ ਉੱਤੇ ਪਵਿੱਤਰ ਆਤਮਾ, ਅਰਥਾਤ ਇਹ ਦੂਜਾ ਸਹਾਇਕ ਵਹਾਉਂਦਾ ਹੈ।

      ਯਿਸੂ ਦੀ ਰਵਾਨਗੀ ਨੇੜੇ ਹੈ, ਜਿਵੇਂ ਕਿ ਉਹ ਕਹਿੰਦਾ ਹੈ: “ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ।” ਯਿਸੂ ਇਕ ਆਤਮਿਕ ਪ੍ਰਾਣੀ ਹੋਵੇਗਾ ਜਿਸ ਨੂੰ ਕੋਈ ਮਨੁੱਖ ਦੇਖ ਨਹੀਂ ਸਕਦਾ। ਪਰੰਤੂ ਫਿਰ ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਵਾਅਦਾ ਕਰਦਾ ਹੈ: “ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੋ ਮੈਂ ਜੀਉਂਦਾ ਹਾਂ ਤੁਸੀਂ ਭੀ ਜੀਓਗੇ।” ਜੀ ਹਾਂ, ਨਾ ਕੇਵਲ ਯਿਸੂ ਆਪਣੇ ਪੁਨਰ-ਉਥਾਨ ਮਗਰੋਂ ਉਨ੍ਹਾਂ ਨੂੰ ਮਨੁੱਖੀ ਰੂਪ ਵਿਚ ਪ੍ਰਗਟ ਹੋਵੇਗਾ ਸਗੋਂ ਸਮਾਂ ਆਉਣ ਤੇ ਉਹ ਉਨ੍ਹਾਂ ਨੂੰ ਆਤਮਿਕ ਪ੍ਰਾਣੀਆਂ ਦੇ ਤੌਰ ਤੇ ਸਵਰਗ ਵਿਚ ਆਪਣੇ ਨਾਲ ਜੀਉਣ ਲਈ ਪੁਨਰ-ਉਥਿਤ ਵੀ ਕਰੇਗਾ।

      ਹੁਣ ਯਿਸੂ ਇਕ ਆਮ ਨਿਯਮ ਬਿਆਨ ਕਰਦਾ ਹੈ: “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਪਿਆਰ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪਰਗਟ ਕਰਾਂਗਾ।”

      ਇਸ ਤੇ ਰਸੂਲ ਯਹੂਦਾ, ਜਿਹੜਾ ਥੱਦਈ ਵੀ ਅਖਵਾਉਂਦਾ ਹੈ, ਟੋਕਦਾ ਹੈ: “ਪ੍ਰਭੁ ਜੀ ਕੀ ਹੋਇਆ ਹੈ ਜੋ ਤੂੰ ਆਪਣਾ ਆਪ ਸਾਡੇ ਉੱਤੇ ਪਰਗਟ ਕਰੇਂਗਾ ਅਰ ਜਗਤ ਉੱਤੇ ਨਹੀਂ?”

      “ਜੇ ਕੋਈ ਮੈਨੂੰ ਪਿਆਰ ਕਰਦਾ ਹੈ,” ਯਿਸੂ ਜਵਾਬ ਦਿੰਦਾ ਹੈ, “ਉਹ ਮੇਰੇ ਬਚਨ ਦੀ ਪਾਲਨਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ . . . ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਬਚਨਾਂ ਦੀ ਪਾਲਨਾ ਨਹੀਂ ਕਰਦਾ।” ਉਸ ਦੇ ਆਗਿਆਕਾਰ ਅਨੁਯਾਈਆਂ ਤੋਂ ਭਿੰਨ, ਦੁਨੀਆਂ ਮਸੀਹ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਸ ਲਈ ਉਹ ਉਨ੍ਹਾਂ ਉੱਤੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ ਹੈ।

      ਆਪਣੀ ਪਾਰਥਿਵ ਸੇਵਕਾਈ ਦੇ ਦੌਰਾਨ, ਯਿਸੂ ਨੇ ਆਪਣੇ ਰਸੂਲਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਹਨ। ਉਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਕਿਸ ਤਰ੍ਹਾਂ ਯਾਦ ਰੱਖਣਗੇ, ਜਦੋਂ ਕਿ ਖ਼ਾਸ ਕਰਕੇ ਇਸ ਵੇਲੇ ਤਕ ਵੀ ਉਹ ਇੰਨਾ ਜ਼ਿਆਦਾ ਕੁਝ ਸਮਝਣ ਵਿਚ ਅਸਫਲ ਹੋਏ ਹਨ? ਖ਼ੁਸ਼ੀ ਦੀ ਗੱਲ ਹੈ ਕਿ ਯਿਸੂ ਵਾਅਦਾ ਕਰਦਾ ਹੈ: “ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ।”

      ਉਨ੍ਹਾਂ ਨੂੰ ਫਿਰ ਦਿਲਾਸਾ ਦਿੰਦੇ ਹੋਏ, ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। . . . ਤੁਹਾਡਾ ਦਿਲ ਨਾ ਘਬਰਾਵੇ।” ਇਹ ਸੱਚ ਹੈ ਕਿ ਯਿਸੂ ਰਵਾਨਾ ਹੋਣ ਵਾਲਾ ਹੈ, ਪਰੰਤੂ ਉਹ ਵਿਆਖਿਆ ਕਰਦਾ ਹੈ: “ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਕਿਉਂ ਜੋ ਪਿਤਾ ਮੈਥੋਂ ਵੱਡਾ ਹੈ।”

      ਉਨ੍ਹਾਂ ਨਾਲ ਯਿਸੂ ਦਾ ਥੋੜ੍ਹਾ ਹੀ ਸਮਾਂ ਬਾਕੀ ਰਹਿੰਦਾ ਹੈ। “ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ,” ਉਹ ਕਹਿੰਦਾ ਹੈ, “ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ।” ਸ਼ਤਾਨ ਅਰਥਾਤ ਇਬਲੀਸ, ਜਿਹੜਾ ਯਹੂਦਾ ਵਿਚ ਦਾਖ਼ਲ ਹੋਣ ਅਤੇ ਉਸ ਤੇ ਕਾਬੂ ਪਾਉਣ ਦੇ ਯੋਗ ਹੋ ਗਿਆ ਸੀ, ਜਗਤ ਦਾ ਸਰਦਾਰ ਹੈ। ਪਰੰਤੂ ਯਿਸੂ ਵਿਚ ਕੋਈ ਬੁਰੀ ਕਮਜ਼ੋਰੀ ਨਹੀਂ ਹੈ ਜਿਸ ਦਾ ਫ਼ਾਇਦਾ ਚੁੱਕਦੇ ਹੋਏ ਸ਼ਤਾਨ ਉਸ ਨੂੰ ਪਰਮੇਸ਼ੁਰ ਦੀ ਸੇਵਾ ਤੋਂ ਮੋੜ ਸਕੇ।

      ਇਕ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਨਾ

      ਸਮਾਰਕ ਭੋਜਨ ਦੇ ਮਗਰੋਂ, ਯਿਸੂ ਆਪਣੇ ਰਸੂਲਾਂ ਨੂੰ ਇਕ ਗ਼ੈਰ-ਰਸਮੀ ਦਿਲੀ ਗੱਲ-ਬਾਤ ਨਾਲ ਉਤਸ਼ਾਹ ਦਿੰਦਾ ਆਇਆ ਹੈ। ਹੁਣ ਸ਼ਾਇਦ ਅੱਧੀ ਰਾਤ ਬੀਤ ਗਈ ਹੈ। ਇਸ ਲਈ ਯਿਸੂ ਜ਼ੋਰ ਦਿੰਦਾ ਹੈ: “ਉੱਠੋ, ਐਥੋਂ ਚੱਲੀਏ।” ਫਿਰ ਵੀ, ਉਨ੍ਹਾਂ ਦੇ ਜਾਣ ਤੋਂ ਪਹਿਲਾਂ, ਯਿਸੂ ਉਨ੍ਹਾਂ ਲਈ ਆਪਣੇ ਪਿਆਰ ਦੁਆਰਾ ਪ੍ਰੇਰਿਤ ਹੁੰਦੇ ਹੋਏ ਬੋਲਣਾ ਜਾਰੀ ਰੱਖਦਾ ਹੈ ਅਤੇ ਇਕ ਪ੍ਰੇਰਣਾਦਾਇਕ ਦ੍ਰਿਸ਼ਟਾਂਤ ਦਿੰਦਾ ਹੈ।

      “ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ,” ਉਹ ਸ਼ੁਰੂ ਕਰਦਾ ਹੈ। ਮਹਾਨ ਬਾਗ਼ਵਾਨ, ਯਹੋਵਾਹ ਪਰਮੇਸ਼ੁਰ, ਨੇ ਇਸ ਪ੍ਰਤੀਕਾਤਮਕ ਅੰਗੂਰ ਦੀ ਬੇਲ ਨੂੰ ਉਦੋਂ ਲਾਇਆ ਜਦੋਂ ਉਸ ਨੇ 29 ਸਾ.ਯੁ. ਦੀ ਪਤਝੜ ਵਿਚ ਯਿਸੂ ਨੂੰ ਉਸ ਦੇ ­ਬਪਤਿਸਮੇ ਦੇ ਸਮੇਂ ਤੇ ਪਵਿੱਤਰ ਆਤਮਾ ਨਾਲ ਮਸਹ ਕੀਤਾ ਸੀ। ਪਰੰਤੂ ਯਿਸੂ ਅੱਗੇ ਜਾ ਕੇ ਇਹ ਦਿਖਾਉਂਦੇ ਹੋਏ ਕਿ ਅੰਗੂਰ ਦੀ ਬੇਲ ਉਸ ਨਾਲੋਂ ਹੋਰ ਨੂੰ ਵੀ ਸੰਕੇਤ ਕਰਦੀ ਹੈ, ਕਹਿੰਦਾ ਹੈ: “ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। . . . ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ। ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ।”

      ਪੰਤੇਕੁਸਤ ਤੇ, 51 ਦਿਨਾਂ ਮਗਰੋਂ, ਰਸੂਲ ਅਤੇ ਦੂਜੇ ਲੋਕ ਅੰਗੂਰ ਦੀ ਬੇਲ ਦੀਆਂ ਟਾਹਣੀਆਂ ਬਣ ਜਾਂਦੇ ਹਨ ਜਦੋਂ ਉਨ੍ਹਾਂ ਉੱਤੇ ਪਵਿੱਤਰ ਆਤਮਾ ਵਹਾਈ ਜਾਂਦੀ ਹੈ। ਆਖ਼ਰਕਾਰ, 1,44,000 ਵਿਅਕਤੀ ਇਸ ਅਲੰਕਾਰਕ ਅੰਗੂਰ ਦੀ ਬੇਲ ਦੀਆਂ ਟਾਹਣੀਆਂ ਬਣ ਜਾਂਦੇ ਹਨ। ਇਹ ਅੰਗੂਰ ਦੀ ਬੇਲ ਦੇ ਤਣੇ, ਯਿਸੂ ਮਸੀਹ ਦੇ ਸਮੇਤ ਪ੍ਰਤੀਕਾਤਮਕ ਅੰਗੂਰ ਦੀ ਬੇਲ ਬਣਦੇ ਹਨ ਜਿਹੜੀ ਪਰਮੇਸ਼ੁਰ ਦੇ ਰਾਜ ਦੇ ਫਲ ਪੈਦਾ ਕਰਦੀ ਹੈ।

      ਯਿਸੂ ਫਲ ਪੈਦਾ ਕਰਨ ਦੀ ਕੁੰਜੀ ਦੀ ਵਿਆਖਿਆ ਕਰਦਾ ਹੈ: “ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।” ਲੇਕਿਨ, ਜੇ ਕੋਈ ਵਿਅਕਤੀ ਫਲ ਪੈਦਾ ਕਰਨ ਤੋਂ ਚੁੱਕ ਜਾਂਦਾ ਹੈ, ਤਾਂ ਯਿਸੂ ਕਹਿੰਦਾ ਹੈ, “ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ।” ਦੂਜੇ ਪਾਸੇ, ਯਿਸੂ ਵਾਅਦਾ ਕਰਦਾ ਹੈ: “ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।”

      ਅੱਗੇ, ਯਿਸੂ ਆਪਣੇ ਰਸੂਲਾਂ ਨੂੰ ਕਹਿੰਦਾ ਹੈ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” ਉਹ ਫਲ ਜਿਹੜਾ ਪਰਮੇਸ਼ੁਰ ਟਾਹਣੀਆਂ ਤੋਂ ਚਾਹੁੰਦਾ ਹੈ, ਉਹ ਉਨ੍ਹਾਂ ਦਾ ਮਸੀਹ-ਸਮਾਨ ਗੁਣਾਂ ਦਾ ਪ੍ਰਗਟਾਵਾ ਹੈ, ਖ਼ਾਸ ਤੌਰ ਤੇ ਪਿਆਰ। ਇਸ ਤੋਂ ਇਲਾਵਾ, ਕਿਉਂ ਜੋ ਮਸੀਹ ਪਰਮੇਸ਼ੁਰ ਦੇ ਰਾਜ ਦਾ ਇਕ ਘੋਸ਼ਕ ਸੀ, ਇੱਛਿਤ ਫਲ ਵਿਚ ਚੇਲੇ ਬਣਾਉਣ ਦਾ ਕੰਮ ਵੀ ਸ਼ਾਮਲ ਹੁੰਦਾ ਹੈ, ਜਿਵੇਂ ਕਿ ਉਸ ਨੇ ਕੀਤਾ ਸੀ।

      “ਮੇਰੇ ਪ੍ਰੇਮ ਵਿੱਚ ਰਹੋ,” ਯਿਸੂ ਹੁਣ ਜ਼ੋਰ ਦਿੰਦਾ ਹੈ। ਫਿਰ ਵੀ, ਉਸ ਦੇ ਰਸੂਲ ਇਹ ਕਿਸ ਤਰ੍ਹਾਂ ਕਰ ਸਕਦੇ ਹਨ? “ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ,” ਉਹ ਕਹਿੰਦਾ ਹੈ, “ਤਾਂ ਮੇਰੇ ਪ੍ਰੇਮ ਵਿੱਚ ਰਹੋਗੇ।” ਅੱਗੇ ਜਾਰੀ ਰੱਖਦੇ ਹੋਏ, ਯਿਸੂ ਵਿਆਖਿਆ ਕਰਦਾ ਹੈ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।”

      ਕੁਝ ਹੀ ਘੰਟਿਆਂ ਵਿਚ, ਯਿਸੂ ਆਪਣੇ ਰਸੂਲਾਂ ਅਤੇ ਨਾਲੇ ਉਨ੍ਹਾਂ ਸਾਰਿਆਂ ਦੇ ਨਿਮਿੱਤ ਜਿਹੜੇ ਉਸ ਉੱਤੇ ਨਿਹਚਾ ਕਰਨਗੇ, ਆਪਣੀ ਜਾਨ ਦੇਣ ਦੇ ਦੁਆਰਾ ਇਸ ਸ਼੍ਰੇਸ਼ਟ ਪਿਆਰ ਨੂੰ ਪ੍ਰਦਰਸ਼ਿਤ ਕਰੇਗਾ। ਉਸ ਦੇ ਉਦਾਹਰਣ ਤੋਂ ਉਸ ਦੇ ਅਨੁਯਾਈਆਂ ਨੂੰ ਇਕ ਦੂਜੇ ਲਈ ਉਸੇ ਤਰ੍ਹਾਂ ਦਾ ਆਤਮ-ਬਲੀਦਾਨੀ ਪਿਆਰ ਰੱਖਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਹ ਪਿਆਰ ਉਨ੍ਹਾਂ ਦੀ ਪਛਾਣ ਕਰਵਾਏਗਾ, ਜਿਵੇਂ ਕਿ ਯਿਸੂ ਨੇ ਪਹਿਲਾਂ ਬਿਆਨ ਕੀਤਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”

      ਆਪਣੇ ਮਿੱਤਰਾਂ ਦੀ ਪਛਾਣ ਕਰਦੇ ਹੋਏ, ਯਿਸੂ ਕਹਿੰਦਾ ਹੈ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ। ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।”

      ਯਿਸੂ ਦੇ ਨਜ਼ਦੀਕੀ ਮਿੱਤਰ ਹੋਣਾ​—⁠ਕਿੰਨਾ ਹੀ ਬਹੁਮੁੱਲਾ ਰਿਸ਼ਤਾ ਹੈ! ਪਰੰਤੂ ਇਸ ਰਿਸ਼ਤੇ ਦਾ ਲਗਾਤਾਰ ਆਨੰਦ ਮਾਣਨ ਲਈ, ਉਸ ਦੇ ਅਨੁਯਾਈਆਂ ਦਾ ‘ਫਲਦਾਰ ਹੋਣਾ’ ਜ਼ਰੂਰੀ ਹੈ। ਜੇਕਰ ਉਹ ਫਲਦਾਰ ਹੋਣਗੇ, ਤਾਂ ਯਿਸੂ ਕਹਿੰਦਾ ਹੈ, “ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਉਹ ਤੁਹਾਨੂੰ [ਦੇਵੇਗਾ]।” ਯਕੀਨਨ, ਰਾਜ ਦੇ ਫਲ ਪੈਦਾ ਕਰਨ ਲਈ ਇਹ ਇਕ ਉੱਤਮ ਇਨਾਮ ਹੈ! ਇਕ ਵਾਰ ਫਿਰ ਰਸੂਲਾਂ ਨੂੰ ‘ਇੱਕ ਦੂਏ ਨਾਲ ਪਿਆਰ ਕਰਨ’ ਦੇ ਲਈ ਜ਼ੋਰ ਦੋਣ ਤੋਂ ਬਾਅਦ, ਯਿਸੂ ਵਿਆਖਿਆ ਕਰਦਾ ਹੈ ਕਿ ਦੁਨੀਆਂ ਉਨ੍ਹਾਂ ਨਾਲ ਵੈਰ ਕਰੇਗੀ। ਫਿਰ ਵੀ, ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ।” ਫਿਰ ਯਿਸੂ ਇਹ ਪ੍ਰਗਟ ਕਰਦੇ ਹੋਏ ਕਿ ਦੁਨੀਆਂ ਕਿਉਂ ਉਸ ਦੇ ਅਨੁਯਾਈਆਂ ਨਾਲ ਵੈਰ ਕਰਦੀ ਹੈ, ਕਹਿੰਦਾ ਹੈ: “ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”

      ਦੁਨੀਆਂ ਵੱਲੋਂ ਵੈਰ ਦੇ ਕਾਰਨ ਦੀ ਹੋਰ ਵਿਆਖਿਆ ਕਰਦੇ ਹੋਏ, ਯਿਸੂ ਜਾਰੀ ਰੱਖਦਾ ਹੈ: “ਇਹ ਸਭ ਕੁਝ ਮੇਰੇ ਨਾਮ ਦੇ ਕਾਰਨ ਓਹ ਤੁਹਾਡੇ ਨਾਲ ਕਰਨਗੇ ਕਿਉਂ ਜੋ ਓਹ ਉਸ [ਯਹੋਵਾਹ ਪਰਮੇਸ਼ੁਰ] ਨੂੰ ਨਹੀਂ ਜਾਣਦੇ ਹਨ ਜਿਨ ਮੈਨੂੰ ਘੱਲਿਆ।” ਯਿਸੂ ਦੇ ਚਮਤਕਾਰੀ ਕੰਮ, ਅਸਲ ਵਿਚ, ਉਸ ਨਾਲ ਵੈਰ ਰੱਖਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ, ਜਿਵੇਂ ਕਿ ਉਹ ਟਿੱਪਣੀ ਕਰਦਾ ਹੈ: “ਜੇ ਮੈਂ ਉਨ੍ਹਾਂ ਵਿੱਚ ਓਹ ਕੰਮ ਨਾ ਕਰਦਾ ਜੋ ਹੋਰ ਕਿਨੇ ਨਹੀਂ ਕੀਤੇ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਅਤੇ ਸਾਡੇ ਨਾਲ ਵੈਰ ਵੀ ਕੀਤਾ ਹੈ।” ਇਸ ਤਰ੍ਹਾਂ, ਜਿਵੇਂ ਯਿਸੂ ਕਹਿੰਦਾ ਹੈ, ਇਹ ਸ਼ਾਸਤਰ ਬਚਨ ਪੂਰਾ ਹੋਇਆ: “ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।”

      ਪਹਿਲਾਂ ਵਾਂਗ, ਯਿਸੂ ਫਿਰ ਸਹਾਇਕ, ਅਰਥਾਤ ਪਵਿੱਤਰ ਆਤਮਾ, ਜਿਹੜੀ ਪਰਮੇਸ਼ੁਰ ਦੀ ਸ਼ਕਤੀਸ਼ਾਲੀ ਕ੍ਰਿਆਸ਼ੀਲ ਸ਼ਕਤੀ ਹੈ, ਭੇਜਣ ਦਾ ਵਾਅਦਾ ਕਰਨ ਦੁਆਰਾ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। “ਉਹ ਮੇਰੇ ਹੱਕ ਵਿੱਚ ਸਾਖੀ ਦੇਵੇਗਾ। ਅਤੇ ਤੁਸੀਂ ਵੀ ਗਵਾਹ ਹੋ।”

      ਰਵਾਨਗੀ ਤੋਂ ਪਹਿਲਾਂ ਹੋਰ ਚੇਤਾਵਨੀ

      ਯਿਸੂ ਅਤੇ ਰਸੂਲ ਉਪਰਲੇ ਕਮਰੇ ਵਿੱਚੋਂ ਨਿਕਲਣ ਲਈ ਤਿਆਰ ਹਨ। “ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ,” ਉਹ ਜਾਰੀ ਰੱਖਦਾ ਹੈ। ਫਿਰ ਉਹ ਇਹ ਗੰਭੀਰ ਚੇਤਾਵਨੀ ਦਿੰਦਾ ਹੈ: “ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।”

      ਸਪੱਸ਼ਟ ਤੌਰ ਤੇ ਰਸੂਲ ਇਸ ਚੇਤਾਵਨੀ ਦੇ ਕਾਰਨ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਭਾਵੇਂ ਕਿ ਯਿਸੂ ਨੇ ਪਹਿਲਾਂ ਕਿਹਾ ਸੀ ਕਿ ਦੁਨੀਆਂ ਉਨ੍ਹਾਂ ਨਾਲ ਵੈਰ ਕਰੇਗੀ, ਉਸ ਨੇ ਇੰਨੇ ਸਿੱਧੇ ਤੌਰ ਤੇ ਪ੍ਰਗਟ ਨਹੀਂ ਕੀਤਾ ਸੀ ਕਿ ਉਹ ਮਾਰੇ ਜਾਣਗੇ। “ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ,” ਯਿਸੂ ਵਿਆਖਿਆ ਕਰਦਾ ਹੈ, “ਕਿਉਂ ਜੋ ਮੈਂ ਤੁਹਾਡੇ ਨਾਲ ਸਾਂ।” ਫਿਰ ਵੀ, ਇਹ ਕਿੰਨਾ ਚੰਗਾ ਹੈ ਕਿ ਉਹ ਆਪਣੀ ਰਵਾਨਗੀ ਤੋਂ ਅੱਗੇ ਹੀ ਇਹ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਦਿੰਦਾ ਹੈ!

      “ਪਰ ਹੁਣ,” ਯਿਸੂ ਜਾਰੀ ਰੱਖਦਾ ਹੈ, “ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂ?” ਉਸੇ ਸ਼ਾਮ ਦੇ ਮੁੱਢਲੇ ਹਿੱਸੇ ਵਿਚ ਉਨ੍ਹਾਂ ਨੇ ਪੁੱਛਿਆ ਸੀ ਕਿ ਉਹ ਕਿੱਥੇ ਜਾ ਰਿਹਾ ਹੈ, ਪਰ ਹੁਣ ਉਹ ਉਸ ਗੱਲ ਤੋਂ ਜੋ ਉਸ ਨੇ ਉਨ੍ਹਾਂ ਨੂੰ ਦੱਸੀ ਹੈ ਇੰਨੇ ਪਰੇਸ਼ਾਨ ਹਨ ਕਿ ਉਹ ਇਸ ਬਾਰੇ ਹੋਰ ਪੁੱਛਣ ਤੋਂ ਰਹਿ ਜਾਂਦੇ ਹਨ। ਜਿਵੇਂ ਯਿਸੂ ਕਹਿੰਦਾ ਹੈ: “ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।” ਰਸੂਲ ਸਿਰਫ਼ ਇਹ ਜਾਣ ਕੇ ਹੀ ਦੁਖੀ ਨਹੀਂ ਹਨ ਕਿ ਉਹ ਭਿਆਨਕ ਸਤਾਹਟ ਭੋਗਣਗੇ ਅਤੇ ਮਾਰੇ ਜਾਣਗੇ ਪਰੰਤੂ ਇਸ ਕਰਕੇ ਕਿ ਉਨ੍ਹਾਂ ਦਾ ਸੁਆਮੀ ਉਨ੍ਹਾਂ ਨੂੰ ਛੱਡ ਕੇ ਜਾ ਰਿਹਾ ਹੈ।

      ਇਸ ਲਈ ਯਿਸੂ ਵਿਆਖਿਆ ਕਰਦਾ ਹੈ: “ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ।” ਇਕ ਮਾਨਵ ਦੇ ਤੌਰ ਤੇ, ਯਿਸੂ ਇਕ ਸਮੇਂ ਤੇ ਕੇਵਲ ਇਕ ਹੀ ਥਾਂ ਤੇ ਹੋ ਸਕਦਾ ਹੈ, ਪਰੰਤੂ ਜਦੋਂ ਉਹ ਸਵਰਗ ਵਿਚ ਹੋਵੇਗਾ ਤਾਂ ਉਹ ਸਹਾਇਕ, ਅਰਥਾਤ ਪਰਮੇਸ਼ੁਰ ਦੀ ਪਵਿੱਤਰ ਆਤਮਾ, ਨੂੰ ਧਰਤੀ ਉੱਤੇ ਜਿੱਥੇ ਕਿਤੇ ਉਸ ਦੇ ਚੇਲੇ ਹੋਣਗੇ ਉੱਥੇ ਭੇਜ ਸਕਦਾ ਹੈ। ਇਸ ਲਈ ਯਿਸੂ ਦਾ ਜਾਣਾ ਲਾਭਕਾਰੀ ਹੋਵੇਗਾ।

      ਯਿਸੂ ਕਹਿੰਦਾ ਹੈ ਕਿ ਪਵਿੱਤਰ ਆਤਮਾ “ਜਗਤ ਨੂੰ ਪਾਪ, ਧਰਮ ਅਰ ਨਿਆਉਂ ਦੇ ਵਿਖੇ ਕਾਇਲ ਕਰੇਗਾ।” ਦੁਨੀਆਂ ਦਾ ਪਾਪ, ਅਰਥਾਤ ਪਰਮੇਸ਼ੁਰ ਦੇ ਪੁੱਤਰ ਤੇ ਨਿਹਚਾ ਰੱਖਣ ਵਿਚ ਇਸ ਦੀ ਅਸਫਲਤਾ, ਪ੍ਰਗਟ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਯਿਸੂ ਦੀ ਧਾਰਮਿਕਤਾ ਦਾ ਯਕੀਨੀ ਸਬੂਤ ਉਸ ਦਾ ਆਪਣੇ ਪਿਤਾ ਦੇ ਕੋਲ ਚੜ੍ਹਨ ਦੁਆਰਾ ਪ੍ਰਦਰਸ਼ਿਤ ਕੀਤਾ ਜਾਵੇਗਾ। ਅਤੇ ਯਿਸੂ ਦੀ ਖਰਿਆਈ ਤੋੜਨ ਵਿਚ ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਦੀ ਅਸਫਲਤਾ ਯਕੀਨੀ ਸਬੂਤ ਹੈ ਕਿ ਦੁਨੀਆਂ ਦਾ ਸਰਦਾਰ ਦੋਸ਼ੀ ਠਹਿਰਾਇਆ ਗਿਆ ਹੈ।

      “ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ,” ਯਿਸੂ ਜਾਰੀ ਰੱਖਦਾ ਹੈ, “ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।” ਇਸ ਕਰਕੇ ਯਿਸੂ ਵਾਅਦਾ ਕਰਦਾ ਹੈ ਕਿ ਜਦੋਂ ਉਹ ਪਵਿੱਤਰ ਆਤਮਾ ਵਹਾਏਗਾ, ਜੋ ਕਿ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ, ਤਾਂ ਇਹ ਉਨ੍ਹਾਂ ਨੂੰ ਉਨ੍ਹਾਂ ਦੀ ਸਮਝਣ ਦੀ ਯੋਗਤਾ ਦੇ ਅਨੁਸਾਰ ਇਨ੍ਹਾਂ ਗੱਲਾਂ ਨੂੰ ਸਮਝਣ ਵਿਚ ਮਾਰਗ-ਦਰਸ਼ਨ ਕਰੇਗੀ।

      ਰਸੂਲ ਖ਼ਾਸ ਤੌਰ ਤੇ ਇਹ ਸਮਝਣ ਵਿਚ ਅਸਫਲ ਹੁੰਦੇ ਹਨ ਕਿ ਯਿਸੂ ਮਰ ਜਾਵੇਗਾ ਅਤੇ ਫਿਰ ਆਪਣੇ ਪੁਨਰ-ਉਥਾਨ ਦੇ ਮਗਰੋਂ ਉਨ੍ਹਾਂ ਨੂੰ ਪ੍ਰਗਟ ਹੋਵੇਗਾ। ਇਸ ਲਈ ਉਹ ਇਕ ਦੂਜੇ ਨੂੰ ਪੁੱਛਦੇ ਹਨ: “ਇਹ ਕੀ ਹੈ ਜੋ ਉਹ ਸਾਨੂੰ ਆਖਦਾ ਹੈ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਅਰ ਇਹ, ਜੋ ਮੈਂ ਪਿਤਾ ਕੋਲ ਜਾਂਦਾ ਹਾਂ?”

      ਯਿਸੂ ਸਮਝ ਜਾਂਦਾ ਹੈ ਕਿ ਉਹ ਉਸ ਨੂੰ ਸਵਾਲ ਕਰਨਾ ਚਾਹੁੰਦੇ ਹਨ, ਇਸ ਲਈ ਉਹ ਵਿਆਖਿਆ ਕਰਦਾ ਹੈ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਜਗਤ ਅਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਨਾਲ ਬਦਲ ਜਾਵੇਗੀ।” ਉਸੇ ਦਿਨ ਬਾਅਦ ਵਿਚ, ਦੁਪਹਿਰ ਨੂੰ, ਜਦੋਂ ਯਿਸੂ ਮਾਰਿਆ ਜਾਂਦਾ ਹੈ, ਤਾਂ ਦੁਨਿਆਵੀ ਧਾਰਮਿਕ ਆਗੂ ਆਨੰਦ ਮਨਾਉਂਦੇ ਹਨ, ਪਰੰਤੂ ਚੇਲੇ ਸੋਗ ਕਰਦੇ ਹਨ। ਲੇਕਿਨ ਉਨ੍ਹਾਂ ਦਾ ਸੋਗ ਆਨੰਦ ਵਿਚ ਬਦਲ ਜਾਂਦਾ ਹੈ, ਜਦੋਂ ਯਿਸੂ ਪੁਨਰ-ਉਥਿਤ ਕੀਤਾ ਜਾਂਦਾ ਹੈ! ਅਤੇ ਉਨ੍ਹਾਂ ਦਾ ਆਨੰਦ ਜਾਰੀ ਰਹਿੰਦਾ ਹੈ ਜਦੋਂ ਉਹ ਉਨ੍ਹਾਂ ਉੱਤੇ ਪੰਤੇਕੁਸਤ ਦੇ ਸਮੇਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਹਾਉਣ ਦੁਆਰਾ ਉਨ੍ਹਾਂ ਨੂੰ ਆਪਣੇ ਗਵਾਹ ਹੋਣ ਦੀ ਤਾਕਤ ਦਿੰਦਾ ਹੈ!

      ਰਸੂਲਾਂ ਦੀ ਸਥਿਤੀ ਦੀ ਉਸ ਔਰਤ ਨਾਲ ਤੁਲਨਾ ਕਰਦੇ ਹੋਏ, ਜਿਸ ਨੂੰ ਜਣਨ ਪੀੜਾਂ ਲੱਗੀਆਂ ਹਨ, ਯਿਸੂ ਕਹਿੰਦਾ ਹੈ: “ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ ਇਸ ਕਾਰਨ ਜੋ ਉਹ ਦੀ ਘੜੀ ਆ ਪੁੱਜੀ ਹੈ।” ਪਰੰਤੂ ਯਿਸੂ ਟਿੱਪਣੀ ਕਰਦਾ ਹੈ ਕਿ ਉਹ ਫੇਰ ਆਪਣੀ ਪੀੜ ਨੂੰ ਚੇਤੇ ਨਹੀਂ ਕਰਦੀ ਜਦੋਂ ਉਸ ਦਾ ਬੱਚਾ ਪੈਦਾ ਹੋ ਜਾਂਦਾ ਹੈ, ਅਤੇ ਉਹ ਇਹ ਕਹਿੰਦੇ ਹੋਏ ਆਪਣੇ ਰਸੂਲਾਂ ਨੂੰ ਉਤਸ਼ਾਹ ਦਿੰਦਾ ਹੈ: “ਸੋ ਹੁਣ ਤੁਸੀਂ ਉਦਾਸ ਹੋ ਪਰ ਮੈਂ ਤੁਹਾਨੂੰ ਫੇਰ ਵੇਖਾਂਗਾ [ਜਦੋਂ ਮੈਂ ਪੁਨਰ-ਉਥਿਤ ਹੋਵਾਂਗਾ] ਅਤੇ ਤੁਹਾਡਾ ਦਿਲ ਅਨੰਦ ਹੋਵੇਗਾ ਅਰ ਤੁਹਾਡਾ ਅਨੰਦ ਤੁਹਾਥੋਂ ਕੋਈ ਨਹੀਂ ਖੋਹੇਗਾ।”

      ਇਸ ਸਮੇਂ ਤਕ, ਰਸੂਲਾਂ ਨੇ ਕਦੀ ਯਿਸੂ ਦੇ ਨਾਂ ਵਿਚ ਬੇਨਤੀ ਨਹੀਂ ਕੀਤੀ ਹੈ। ਪਰੰਤੂ ਹੁਣ ਉਹ ਕਹਿੰਦਾ ਹੈ: “ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ। . . . ਕਿਉਂ ਜੋ ਪਿਤਾ ਆਪ ਹੀ ਤੁਹਾਡੇ ਨਾਲ ਹਿਤ ਕਰਦਾ ਹੈ ਇਸ ਲਈ ਜੋ ਤੁਸਾਂ ਮੇਰੇ ਨਾਲ ਹਿਤ ਕੀਤਾ ਅਤੇ ਸਤ ਮੰਨਿਆ ਹੈ ਜੋ ਮੈਂ ਪਿਤਾ ਦੀ ਵੱਲੋਂ ਆਇਆ। ਮੈਂ ਪਿਤਾ ਵਿੱਚੋਂ ਨਿੱਕਲ ਕੇ ਜਗਤ ਵਿੱਚ ਆਇਆ ਹਾਂ। ਫੇਰ ਜਗਤ ਨੂੰ ਛੱਡਦਾ ਅਤੇ ਪਿਤਾ ਦੇ ਕੋਲ ਜਾਂਦਾ ਹਾਂ।”

      ਯਿਸੂ ਦੇ ਸ਼ਬਦ ਰਸੂਲਾਂ ਦਾ ਬਹੁਤ ਹੌਸਲਾ ਵਧਾਉਂਦੇ ਹਨ। “ਐਸ ਤੋਂ ਅਸੀਂ ਪਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ੁਰ ਕੋਲੋਂ ਆਇਆ ਹੈਂ,” ਉਹ ਕਹਿੰਦੇ ਹਨ। “ਕੀ ਹੁਣ ਤੁਸੀਂ ਪਰਤੀਤ ਕਰਦੇ ਹੋ?” ਯਿਸੂ ਪੁੱਛਦਾ ਹੈ। “ਵੇਖੋ, ਸਮਾ ਆਉਂਦਾ ਹੈ ਸਗੋਂ ਆ ਪਹੁੰਚਿਆ ਹੈ ਜੋ ਤੁਸੀਂ ਸੱਭੇ ਆਪੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ।” ਭਾਵੇਂ ਕਿ ਇਹ ਨਾ ਮੰਨਣ ਯੋਗ ਜਾਪਦਾ ਹੈ, ਪਰ ਰਾਤ ਖ਼ਤਮ ਹੋਣ ਤੋਂ ਪਹਿਲਾਂ ਹੀ ਇਹ ਵਾਪਰਦਾ ਹੈ!

      “ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ।” ਯਿਸੂ ਸਮਾਪਤ ਕਰਦਾ ਹੈ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” ਸ਼ਤਾਨ ਅਤੇ ਉਸ ਦੀ ਦੁਨੀਆਂ ਦੁਆਰਾ ਯਿਸੂ ਦੀ ਖਰਿਆਈ ਨੂੰ ਤੋੜਨ ਦੀਆਂ ਹਰ ਕੋਸ਼ਿਸ਼ਾਂ ਦੇ ਬਾਵਜੂਦ, ਯਿਸੂ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਦੁਨੀਆਂ ਨੂੰ ਜਿੱਤ ਲਿਆ ਹੈ।

      ਉਪਰਲੇ ਕਮਰੇ ਵਿਚ ਸਮਾਪਤੀ ਪ੍ਰਾਰਥਨਾ

      ਆਪਣੇ ਰਸੂਲਾਂ ਲਈ ਗਹਿਰੇ ਪਿਆਰ ਤੋਂ ਪ੍ਰੇਰਿਤ ਹੋ ਕੇ, ਯਿਸੂ ਆਪਣੀ ਨਿਕਟ ਰਵਾਨਗੀ ਲਈ ਉਨ੍ਹਾਂ ਨੂੰ ਤਿਆਰ ਕਰ ਰਿਹਾ ਸੀ। ਹੁਣ, ਉਨ੍ਹਾਂ ਨੂੰ ਵਿਸਤਾਰ ਵਿਚ ਉਪਦੇਸ਼ ਅਤੇ ਹੌਸਲਾ ਦੇਣ ਤੋਂ ਬਾਅਦ, ਉਹ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਆਪਣੇ ਪਿਤਾ ਨੂੰ ਬੇਨਤੀ ਕਰਦਾ ਹੈ: “ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਜੋ ਪੁੱਤ੍ਰ ਤੇਰੀ ਵਡਿਆਈ ਕਰੇ। ਜਿਵੇਂ ਤੈਂ ਉਹ ਨੂੰ ਸਾਰੇ ਸਰੀਰਾਂ ਉੱਤੇ ਇਖ਼ਤਿਆਰ ਬਖ਼ਸ਼ਿਆ ਭਈ ਉਹ ਉਨ੍ਹਾਂ ਸਭਨਾਂ ਨੂੰ ਜੋ ਤੈਂ ਉਹ ਨੂੰ ਦਿੱਤੇ ਹਨ ਸਦੀਪਕ ਜੀਉਣ ਦੇਵੇ।”

      ਯਿਸੂ ਕਿੰਨਾ ਹੀ ਉਤੇਜਕ ਵਿਸ਼ਾ ਆਰੰਭ ਕਰਦਾ ਹੈ​— ਸਦੀਪਕ ਜੀਵਨ! “ਸਾਰੇ ਸਰੀਰਾਂ ਉੱਤੇ ਇਖ਼ਤਿਆਰ” ਦਿੱਤੇ ਜਾਣ ਤੇ, ਯਿਸੂ ਸਾਰੀ ਮਰਨਾਊ ਮਾਨਵਜਾਤੀ ਨੂੰ ਆਪਣੇ ਰਿਹਾਈ-ਕੀਮਤ ਦੇ ਬਲੀਦਾਨ ਦੇ ਲਾਭ ਪ੍ਰਦਾਨ ਕਰ ਸਕਦਾ ਹੈ। ਫਿਰ ਵੀ, ਉਹ ਕੇਵਲ ਉਨ੍ਹਾਂ ਨੂੰ “ਸਦੀਪਕ ਜੀਉਣ” ਦਿੰਦਾ ਹੈ ਜਿਨ੍ਹਾਂ ਨੂੰ ਪਿਤਾ ਪ੍ਰਵਾਨ ਕਰਦਾ ਹੈ। ਸਦੀਪਕ ਜੀਵਨ ਦੇ ਇਸ ਵਿਸ਼ੇ ਨੂੰ ਵਿਕਸਿਤ ਕਰਦੇ ਹੋਏ, ਯਿਸੂ ਆਪਣੀ ਪ੍ਰਾਰਥਨਾ ਜਾਰੀ ਰੱਖਦਾ ਹੈ:

      “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” ਜੀ ਹਾਂ, ਮੁਕਤੀ ਸਾਡੇ ਵੱਲੋਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੋਨਾਂ ਦਾ ਗਿਆਨ ਲੈਣ ਉੱਤੇ ਨਿਰਭਰ ਕਰਦੀ ਹੈ। ਪਰੰਤੂ ਸਿਰਫ਼ ਦਿਮਾਗ਼ੀ ਗਿਆਨ ਨਾਲੋਂ ਹੋਰ ਵੀ ਕੁਝ ਲੋੜੀਂਦਾ ਹੈ।

      ਇਕ ਵਿਅਕਤੀ ਲਈ ਉਨ੍ਹਾਂ ਨਾਲ ਇਕ ਸੂਝਵਾਨ ਮਿੱਤਰਤਾ ਵਿਕਸਿਤ ਕਰਦੇ ਹੋਏ, ਉਨ੍ਹਾਂ ਨੂੰ ਨਜ਼ਦੀਕੀ ਤੌਰ ਤੇ ਜਾਣਨ ਦੀ ਲੋੜ ਹੈ। ਇਕ ਵਿਅਕਤੀ ਨੂੰ ਉਵੇਂ ਹੀ ਮਹਿਸੂਸ ਕਰਨਾ ਚਾਹੀਦਾ ਹੈ ਜਿਵੇਂ ਉਹ ਮਾਮਲਿਆਂ ਬਾਰੇ ਮਹਿਸੂਸ ਕਰਦੇ ਹਨ ਅਤੇ ਚੀਜ਼ਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੁਆਰਾ ਦੇਖਣਾ ਚਾਹੀਦਾ ਹੈ। ਅਤੇ ਸਭ ਤੋਂ ਜ਼ਰੂਰੀ, ਇਕ ਵਿਅਕਤੀ ਨੂੰ ਦੂਜਿਆਂ ਦੇ ਨਾਲ ਵਰਤਾਊ ਵਿਚ ਉਨ੍ਹਾਂ ਦੇ ਬੇਮਿਸਾਲ ਗੁਣਾਂ ਦਾ ਅਨੁਕਰਣ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ।

      ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰ ਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ।” ਇਸ ਤਰ੍ਹਾਂ, ਇਸ ਸਮੇਂ ਤਕ ਆਪਣੀ ਕਾਰਜ-ਨਿਯੁਕਤੀ ਨੂੰ ਪੂਰਾ ਕਰਨ ਦੇ ਬਾਅਦ ਅਤੇ ਆਪਣੀ ਭਵਿੱਖ ਦੀ ਸਫਲਤਾ ਬਾਰੇ ਭਰੋਸਾ ਰੱਖਦੇ ਹੋਏ, ਉਹ ਬੇਨਤੀ ਕਰਦਾ ਹੈ: “ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।” ਜੀ ਹਾਂ, ਉਹ ਹੁਣ ਪੁਨਰ-ਉਥਾਨ ਦੇ ਜ਼ਰੀਏ ਆਪਣੀ ਪਹਿਲਾਂ ਵਾਲੀ ਸਵਰਗੀ ਮਹਿਮਾ ਨੂੰ ਫਿਰ ਤੋਂ ਹਾਸਲ ਕਰਨ ਦੀ ਬੇਨਤੀ ਕਰਦਾ ਹੈ।

      ਧਰਤੀ ਉੱਤੇ ਆਪਣੇ ਪ੍ਰਮੁੱਖ ਕੰਮ ਨੂੰ ਸੰਖੇਪ ਕਰਦੇ ਹੋਏ, ਯਿਸੂ ਕਹਿੰਦਾ ਹੈ: “ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ। ਓਹ ਤੇਰੇ ਸਨ ਅਤੇ ਤੈਂ ਓਹ ਮੈਨੂੰ ਦਿੱਤੇ ਅਰ ਓਹਨਾਂ ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।” ਯਿਸੂ ਨੇ ਪਰਮੇਸ਼ੁਰ ਦਾ ਨਾਂ, ਯਹੋਵਾਹ, ਆਪਣੀ ਸੇਵਕਾਈ ਵਿਚ ਇਸਤੇਮਾਲ ਕੀਤਾ ਅਤੇ ਇਸ ਦਾ ਸਹੀ ਉਚਾਰਣ ਪ੍ਰਦਰਸ਼ਿਤ ਕੀਤਾ, ਪਰੰਤੂ ਉਸ ਨੇ ਆਪਣੇ ਰਸੂਲਾਂ ਨੂੰ ਪਰਮੇਸ਼ੁਰ ਦਾ ਨਾਂ ਪ੍ਰਗਟ ਕਰਨ ਲਈ ਇਸ ਤੋਂ ਵੀ ਜ਼ਿਆਦਾ ਕੁਝ ਕੀਤਾ। ਉਸ ਨੇ ਯਹੋਵਾਹ ਬਾਰੇ, ਉਸ ਦੇ ਵਿਅਕਤਿੱਤਵ ਬਾਰੇ, ਅਤੇ ਉਸ ਦੇ ਉਦੇਸ਼ਾਂ ਬਾਰੇ ਉਨ੍ਹਾਂ ਦੇ ਗਿਆਨ ਅਤੇ ਕਦਰ ਨੂੰ ਵੀ ਵਧਾਇਆ।

      ਯਹੋਵਾਹ ਨੂੰ ਆਪਣੇ ਉੱਚ ਅਧਿਕਾਰੀ ਦੇ ਤੌਰ ਤੇ ਵਡਿਆਉਂਦੇ ਹੋਏ, ਅਰਥਾਤ ਉਹ ਜਿਸ ਦੇ ਅਧੀਨ ਉਹ ਸੇਵਾ ਕਰਦਾ ਹੈ, ਯਿਸੂ ਨਿਮਰਤਾਪੂਰਵਕ ਕਬੂਲ ਕਰਦਾ ਹੈ: “ਜਿਹੜੀਆਂ ਗੱਲਾਂ ਤੈਂ ਮੈਨੂੰ ਦਿੱਤੀਆਂ ਓਹ ਮੈਂ ਓਹਨਾਂ ਨੂੰ ਦਿੱਤੀਆਂ ਹਨ ਅਤੇ ਓਹਨਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੋ ਮੈਂ ਤੇਰੀ ਵੱਲੋਂ ਆਇਆ ਅਤੇ ਓਹਨਾਂ ਪਰਤੀਤ ਕੀਤੀ ਜੋ ਤੈਂ ਮੈਨੂੰ ਘੱਲਿਆ।”

      ਆਪਣੇ ਅਨੁਯਾਈਆਂ ਅਤੇ ਬਾਕੀ ਸਾਰੀ ਮਨੁੱਖਜਾਤੀ ਵਿਚਕਾਰ ਫ਼ਰਕ ਕਰਦੇ ਹੋਏ, ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਮੈਂ ਜਗਤ ਦੇ ਲਈ ਨਹੀਂ ਪਰ ਓਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੈਂ ਮੈਨੂੰ ਦਿੱਤੇ ਸਨ . . . ਜਿੱਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ . . . ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤ੍ਰ,” ਅਰਥਾਤ ਯਹੂਦਾ ਇਸਕਰਿਯੋਤੀ, “ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ।” ਠੀਕ ਇਸੇ ਸਮੇਂ, ਯਹੂਦਾ ਯਿਸੂ ਨੂੰ ਫੜਵਾਉਣ ਲਈ ਆਪਣੀ ਨੀਚ ਮੁਹਿੰਮ ਵਿਚ ਲੱਗਿਆ ਹੋਇਆ ਹੈ। ਇਸ ਤਰ੍ਹਾਂ, ਯਹੂਦਾ ਅਣਜਾਣੇ ਵਿਚ ਸ਼ਾਸਤਰ ਬਚਨ ਨੂੰ ਪੂਰਾ ਕਰ ਰਿਹਾ ਹੈ।

      “ਜਗਤ ਨੇ ਓਹਨਾਂ ਨਾਲ ਵੈਰ ਕੀਤਾ,” ਯਿਸੂ ਪ੍ਰਾਰਥਨਾ ਜਾਰੀ ਰੱਖਦਾ ਹੈ। “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” ਯਿਸੂ ਦੇ ਅਨੁਯਾਈ ਇਸ ਦੁਨੀਆਂ, ਅਰਥਾਤ ਇਹ ਸੰਗਠਿਤ ਮਾਨਵ ਸਮਾਜ ਵਿਚ ਹਨ ਜਿਸ ਉੱਤੇ ਸ਼ਤਾਨ ਦਾ ਸ਼ਾਸਨ ਹੈ, ਪਰੰਤੂ ਉਹ ਇਸ ਤੋਂ ਅਤੇ ਇਸ ਦੀ ਦੁਸ਼ਟਤਾ ਤੋਂ ਅਲੱਗ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਦਾ ਰਹਿਣਾ ਵੀ ਚਾਹੀਦਾ ਹੈ।

      “ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ,” ਯਿਸੂ ਜਾਰੀ ਰੱਖਦਾ ਹੈ, “ਤੇਰਾ ਬਚਨ ਸਚਿਆਈ ਹੈ।” ਇੱਥੇ ਯਿਸੂ ਇਬਰਾਨੀ ਸ਼ਾਸਤਰਾਂ ਨੂੰ, ਜਿਨ੍ਹਾਂ ਤੋਂ ਉਸ ਨੇ ਲਗਾਤਾਰ ਹਵਾਲੇ ਦਿੱਤੇ, “ਸਚਿਆਈ” ਆਖਦਾ ਹੈ। ਪਰੰਤੂ ਜੋ ਕੁਝ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਅਤੇ ਮਗਰੋਂ ਉਨ੍ਹਾਂ ਨੇ ਪ੍ਰੇਰਣਾ ਦੇ ਅਧੀਨ ਜੋ ਕੁਝ ਮਸੀਹੀ ਯੂਨਾਨੀ ਸ਼ਾਸਤਰ ਦੇ ਤੌਰ ਤੇ ਲਿਖਿਆ, ਉਹ ਵੀ “ਸਚਿਆਈ” ਹੈ। ਇਹ ਸੱਚਾਈ ਇਕ ਵਿਅਕਤੀ ਨੂੰ ਪਵਿੱਤਰ ਕਰ ਸਕਦੀ ਹੈ, ਉਸ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ, ਅਤੇ ਉਸ ਨੂੰ ਦੁਨੀਆਂ ਤੋਂ ਇਕ ਭਿੰਨ ਵਿਅਕਤੀ ਬਣਾ ਸਕਦੀ ਹੈ।

      ਯਿਸੂ ਹੁਣ “ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਓਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ [ਉਸ] ਉੱਤੇ ਨਿਹਚਾ ਕਰਨਗੇ।” ਇਸ ਲਈ ਯਿਸੂ ਉਨ੍ਹਾਂ ਲਈ ਜਿਹੜੇ ਉਸ ਦੇ ਮਸਹ ਕੀਤੇ ਹੋਏ ਅਨੁਯਾਈ ਹੋਣਗੇ ਅਤੇ ਦੂਜੇ ਭਾਵੀ ਚੇਲਿਆਂ ਲਈ ਜਿਹੜੇ ਅਜੇ “ਇੱਕੋ ਇੱਜੜ” ਵਿਚ ਇਕੱਠੇ ਹੋਣਗੇ, ਪ੍ਰਾਰਥਨਾ ਕਰਦਾ ਹੈ। ਉਹ ਇਨ੍ਹਾਂ ਸਾਰਿਆਂ ਲਈ ਕੀ ਬੇਨਤੀ ਕਰਦਾ ਹੈ?

      “ਜੋ ਓਹ ਸਭ ਇੱਕੋ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ . . . ਜੋ ਓਹ ਇੱਕੋ ਹੋਣ ਜਿਸ ਤਰਾਂ ਅਸੀਂ ਇੱਕੋ ਹਾਂ।” ਯਿਸੂ ਅਤੇ ਉਸ ਦਾ ਪਿਤਾ ਸ਼ਾਬਦਿਕ ਰੂਪ ਵਿਚ ਇਕ ਨਹੀਂ ਹਨ, ਪਰੰਤੂ ਉਹ ਸਭ ਗੱਲਾਂ ਵਿਚ ਸਹਿਮਤ ਹਨ। ਯਿਸੂ ਪ੍ਰਾਰਥਨਾ ਕਰਦਾ ਹੈ ਕਿ ਉਸ ਦੇ ਅਨੁਯਾਈ ਇਸੇ ਤਰ੍ਹਾਂ ਦੀ ਏਕਤਾ ਦਾ ਆਨੰਦ ਮਾਣਨ ਤਾਂਕਿ “ਜਗਤ ਜਾਣ ਲਵੇ ਜੋ ਤੈਂ ਮੈਨੂੰ ਘੱਲਿਆ ਅਤੇ ਓਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ।”

      ਉਨ੍ਹਾਂ ਦੇ ਨਿਮਿੱਤ ਜਿਹੜੇ ਉਸ ਦੇ ਮਸਹ ਕੀਤੇ ਹੋਏ ਅਨੁਯਾਈ ਬਣਨਗੇ, ਯਿਸੂ ਹੁਣ ਆਪਣੇ ਸਵਰਗੀ ਪਿਤਾ ਨੂੰ ਬੇਨਤੀ ਕਰਦਾ ਹੈ। ਕਿਸ ਲਈ? “ਸੋ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਤਾਂ ਜੋ ਓਹ ਮੇਰੀ ਵਡਿਆਈ ਜੋ ਤੈਂ ਮੈਨੂੰ ਦਿੱਤੀ ਹੈ ਵੇਖਣ ਕਿਉਂਕਿ ਤੈਂ ਮੇਰੇ ਨਾਲ ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ ਪਿਆਰ ਕੀਤਾ,” ਅਰਥਾਤ ਆਦਮ ਅਤੇ ਹਵਾਹ ਦੀ ਸੰਤਾਨ ਪੈਦਾ ਹੋਣ ਤੋਂ ਪਹਿਲਾਂ। ਉਸ ਤੋਂ ਬਹੁਤ ਹੀ ਸਮਾਂ ਪਹਿਲਾਂ, ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਪਿਆਰ ਕੀਤਾ, ਜਿਹੜਾ ਯਿਸੂ ਮਸੀਹ ਬਣਿਆ।

      ਆਪਣੀ ਪ੍ਰਾਰਥਨਾ ਸਮਾਪਤ ਕਰਦੇ ਹੋਏ, ਯਿਸੂ ਫਿਰ ਜ਼ੋਰ ਦਿੰਦਾ ਹੈ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।” ਰਸੂਲਾਂ ਦੇ ਲਈ, ਪਰਮੇਸ਼ੁਰ ਦੇ ਨਾਂ ਨੂੰ ਜਾਣਨ ਵਿਚ ਪਰਮੇਸ਼ੁਰ ਦੇ ਪਿਆਰ ਨੂੰ ਨਿੱਜੀ ਤੌਰ ਤੇ ਜਾਣਨਾ ਸ਼ਾਮਲ ਸੀ। ਯੂਹੰਨਾ 14:​1–17:26; 13:​27, 35, 36; 10:16; ਲੂਕਾ 22:​3, 4; ਕੂਚ 24:10; 1 ਰਾਜਿਆਂ 19:​9-13; ਯਸਾਯਾਹ 6:​1-5; ਗਲਾਤੀਆਂ 6:16; ਜ਼ਬੂਰ 35:19; 69:4; ਕਹਾਉਤਾਂ 8:​22, 30.

      ▪ ਯਿਸੂ ਕਿੱਥੇ ਜਾ ਰਿਹਾ ਹੈ, ਅਤੇ ਉੱਥੇ ਜਾਣ ਦੇ ਰਾਹ ਬਾਰੇ ਥੋਮਾ ਨੂੰ ਕੀ ਜਵਾਬ ਮਿਲਦਾ ਹੈ?

      ▪ ਆਪਣੀ ਬੇਨਤੀ ਤੋਂ, ਸਪੱਸ਼ਟ ਤੌਰ ਤੇ ਫ਼ਿਲਿੱਪੁਸ ਯਿਸੂ ਤੋਂ ਕੀ ਚਾਹੁੰਦਾ ਹੈ?

      ▪ ਇਹ ਕਿਉਂ ਹੈ ਕਿ ਜਿਸ ਨੇ ਯਿਸੂ ਨੂੰ ਦੇਖਿਆ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ?

      ▪ ਯਿਸੂ ਦੇ ਅਨੁਯਾਈ ਕਿਸ ਤਰ੍ਹਾਂ ਉਸ ਨਾਲੋਂ ਵੀ ਵੱਡੇ ਕੰਮ ਕਰਨਗੇ?

      ▪ ਕਿਸ ਅਰਥ ਵਿਚ ਸ਼ਤਾਨ ਦਾ ਯਿਸੂ ਵਿਚ ਕੁਝ ਨਹੀਂ ਹੈ?

      ▪ ਯਹੋਵਾਹ ਨੇ ਕਦੋਂ ਪ੍ਰਤੀਕਾਤਮਕ ਅੰਗੂਰ ਦੀ ਬੇਲ ਨੂੰ ਲਗਾਇਆ, ਅਤੇ ਕਦੋਂ ਅਤੇ ਕਿਸ ਤਰ੍ਹਾਂ ਦੂਸਰੇ ਲੋਕ ਅੰਗੂਰ ਦੀ ਬੇਲ ਦਾ ਹਿੱਸਾ ਬਣ ਜਾਂਦੇ ਹਨ?

      ▪ ਆਖ਼ਰਕਾਰ, ਪ੍ਰਤੀਕਾਤਮਕ ਅੰਗੂਰ ਦੀ ਬੇਲ ਦੀਆਂ ਕਿੰਨੀਆਂ ਟਾਹਣੀਆਂ ਹੁੰਦੀਆਂ ਹਨ?

      ▪ ਪਰਮੇਸ਼ੁਰ ਟਾਹਣੀਆਂ ਤੋਂ ਕਿਹੜੇ ਫਲ ਦੀ ਇੱਛਾ ਕਰਦਾ ਹੈ?

      ▪ ਅਸੀਂ ਕਿਸ ਤਰ੍ਹਾਂ ਯਿਸੂ ਦੇ ਮਿੱਤਰ ਹੋ ਸਕਦੇ ਹਾਂ?

      ▪ ਦੁਨੀਆਂ ਯਿਸੂ ਦੇ ਅਨੁਯਾਈਆਂ ਨਾਲ ਕਿਉਂ ਵੈਰ ਕਰਦੀ ਹੈ?

      ▪ ਯਿਸੂ ਦੁਆਰਾ ਦਿੱਤੀ ਗਈ ਕਿਹੜੀ ਚੇਤਾਵਨੀ ਉਸ ਦੇ ਰਸੂਲਾਂ ਨੂੰ ਪਰੇਸ਼ਾਨ ਕਰ ਦਿੰਦੀ ਹੈ?

      ▪ ਯਿਸੂ ਕਿੱਥੇ ਜਾ ਰਿਹਾ ਹੈ, ਦੇ ਬਾਰੇ ਰਸੂਲ ਸਵਾਲ ਕਰਨ ਤੋਂ ਕਿਉਂ ਰਹਿ ਜਾਂਦੇ ਹਨ?

      ▪ ਰਸੂਲ ਖ਼ਾਸ ਤੌਰ ਤੇ ਕੀ ਸਮਝਣ ਵਿਚ ਅਸਫਲ ਹੋ ਜਾਂਦੇ ਹਨ?

      ▪ ਯਿਸੂ ਕਿਸ ਤਰ੍ਹਾਂ ਉਦਾਹਰਣ ਦੁਆਰਾ ਸਮਝਾਉਂਦਾ ਹੈ ਕਿ ਰਸੂਲਾਂ ਦੀ ਸਥਿਤੀ ਸੋਗ ਤੋਂ ਆਨੰਦ ਵਿਚ ਬਦਲ ਜਾਵੇਗੀ?

      ▪ ਰਸੂਲ ਜਲਦੀ ਹੀ ਕੁਝ ਕਰਨਗੇ, ਇਸ ਦੇ ਬਾਰੇ ਯਿਸੂ ਕੀ ਕਹਿੰਦਾ ਹੈ?

      ▪ ਯਿਸੂ ਦੁਨੀਆਂ ਨੂੰ ਕਿਸ ਤਰ੍ਹਾਂ ਜਿੱਤ ਲੈਂਦਾ ਹੈ?

      ▪ ਯਿਸੂ ਨੂੰ ਕਿਸ ਅਰਥ ਵਿਚ “ਸਾਰੇ ਸਰੀਰਾਂ ਉੱਤੇ ਇਖ਼ਤਿਆਰ” ਦਿੱਤਾ ਗਿਆ ਹੈ?

      ▪ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦਾ ਗਿਆਨ ਲੈਣ ਦਾ ਕੀ ਮਤਲਬ ਹੈ?

      ▪ ਯਿਸੂ ਕਿਸ ਤਰੀਕੇ ਨਾਲ ਪਰਮੇਸ਼ੁਰ ਦਾ ਨਾਂ ਪ੍ਰਗਟ ਕਰਦਾ ਹੈ?

      ▪ “ਸਚਿਆਈ” ਕੀ ਹੈ, ਅਤੇ ਇਹ ਕਿਸ ਤਰ੍ਹਾਂ ਇਕ ਮਸੀਹੀ ਨੂੰ “ਪਵਿੱਤ੍ਰ” ਕਰਦੀ ਹੈ?

      ▪ ਪਰਮੇਸ਼ੁਰ, ਉਸ ਦਾ ਪੁੱਤਰ, ਅਤੇ ਸਾਰੇ ਸੱਚੇ ਉਪਾਸਕ ਕਿਸ ਤਰ੍ਹਾਂ ਇਕ ਹਨ?

      ▪ “ਜਗਤ ਦੀ ਨੀਉਂ” ਕਦੋਂ ਧਰੀ ਗਈ ਸੀ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ