ਪਨਾਹ ਦੇ ਨਗਰ—ਪਰਮੇਸ਼ੁਰ ਦਾ ਦਇਆਪੂਰਵਕ ਪ੍ਰਬੰਧ
“ਏਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਪ੍ਰਾਣੀ ਨੂੰ ਵਿੱਸਰ ਭੋਲੇ ਮਾਰ ਛੱਡੇ ਉਹ ਉੱਥੇ ਨੱਠ ਜਾਵੇ।”—ਗਿਣਤੀ 35:15.
1. ਜੀਵਨ ਅਤੇ ਖੂਨ ਦੇ ਦੋਸ਼ ਬਾਰੇ ਪਰਮੇਸ਼ੁਰ ਦਾ ਕੀ ਦ੍ਰਿਸ਼ਟੀਕੋਣ ਹੈ?
ਯਹੋਵਾਹ ਪਰਮੇਸ਼ੁਰ ਮਾਨਵ ਜੀਵਨ ਨੂੰ ਪਵਿੱਤਰ ਸਮਝਦਾ ਹੈ। ਅਤੇ ਜੀਵਨ ਲਹੂ ਵਿਚ ਹੈ। (ਲੇਵੀਆਂ 17:11, 14) ਇਸ ਲਈ, ਕਇਨ, ਧਰਤੀ ਉੱਤੇ ਪੈਦਾ ਹੋਇਆ ਪਹਿਲਾ ਮਨੁੱਖ, ਖੂਨ ਦਾ ਦੋਸ਼ੀ ਬਣਿਆ ਜਦੋਂ ਉਸ ਨੇ ਆਪਣੇ ਭਰਾ ਹਾਬਲ ਦਾ ਕਤਲ ਕੀਤਾ। ਸਿੱਟੇ ਵਜੋਂ, ਪਰਮੇਸ਼ੁਰ ਨੇ ਕਇਨ ਨੂੰ ਕਿਹਾ: “ਤੇਰੇ ਭਰਾ ਦੇ ਲਹੂ ਦੀ ਅਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ।” ਉਹ ਲਹੂ ਜਿਸ ਨੇ ਕਾਤਲ ਸਥਾਨ ਦੀ ਜ਼ਮੀਨ ਨੂੰ ਰੰਗਿਆ, ਉਸ ਨੇ ਉਸ ਜੀਵਨ ਦੇ ਪ੍ਰਤੀ ਮੂਕ, ਪਰੰਤੂ ਪ੍ਰਭਾਵਕਾਰੀ ਗਵਾਹੀ ਦਿੱਤੀ ਜੋ ਬੇਰਹਿਮੀ ਦੇ ਨਾਲ ਖ਼ਤਮ ਕਰ ਦਿੱਤਾ ਗਿਆ ਸੀ। ਹਾਬਲ ਦੇ ਲਹੂ ਨੇ ਬਦਲੇ ਲਈ ਪਰਮੇਸ਼ੁਰ ਨੂੰ ਦੁਹਾਈ ਦਿੱਤੀ।—ਉਤਪਤ 4:4-11.
2. ਜਲ-ਪਰਲੋ ਤੋਂ ਬਾਅਦ ਜੀਵਨ ਲਈ ਯਹੋਵਾਹ ਦੇ ਆਦਰ ਉੱਤੇ ਕਿਵੇਂ ਜ਼ੋਰ ਦਿੱਤਾ ਗਿਆ?
2 ਮਾਨਵ ਜੀਵਨ ਲਈ ਪਰਮੇਸ਼ੁਰ ਦੇ ਆਦਰ ਉੱਤੇ ਜ਼ੋਰ ਦਿੱਤਾ ਗਿਆ ਸੀ ਜਦੋਂ ਧਰਮੀ ਨੂਹ ਅਤੇ ਉਸ ਦਾ ਪਰਿਵਾਰ ਵਿਸ਼ਵ-ਵਿਆਪੀ ਜਲ-ਪਰਲੋ ਦੇ ਉੱਤਰਜੀਵੀਆਂ ਦੇ ਤੌਰ ਤੇ ਕਿਸ਼ਤੀ ਵਿੱਚੋਂ ਬਾਹਰ ਨਿਕਲੇ। ਉਸ ਸਮੇਂ ਯਹੋਵਾਹ ਨੇ ਮਨੁੱਖਜਾਤੀ ਦੀ ਖ਼ੁਰਾਕ ਵਿਚ ਜਾਨਵਰਾਂ ਦੇ ਮਾਸ ਨੂੰ ਸ਼ਾਮਲ ਕੀਤਾ ਪਰੰਤੂ ਲਹੂ ਨੂੰ ਨਹੀਂ। ਉਸ ਨੇ ਇਹ ਵੀ ਹੁਕਮ ਦਿੱਤਾ: “ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ। ਹਰ ਇੱਕ ਜੰਗਲੀ ਜਾਨਵਰ ਤੋਂ ਮੈਂ ਬਦਲਾ ਲਵਾਂਗਾ ਅਤੇ ਆਦਮੀ ਦੇ ਹੱਥੀਂ ਅਰਥਾਤ ਹਰ ਮਨੁੱਖ ਦੇ ਭਰਾ ਦੇ ਹੱਥੀਂ ਮੈਂ ਆਦਮੀ ਦੀ ਜਾਨ ਦਾ ਬਦਲਾ ਲਵਾਂਗਾ। ਜੋ ਆਦਮੀ ਦਾ ਲਹੂ ਵਹਾਵੇਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ।” (ਉਤਪਤ 9:5, 6) ਯਹੋਵਾਹ ਨੇ ਕਤਲ ਕੀਤੇ ਗਏ ਵਿਅਕਤੀ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਦੁਆਰਾ ਕਾਤਲ ਨੂੰ ਲੱਭਣ ਤੇ ਉਸ ਨੂੰ ਮਾਰ ਦੇਣ ਦੇ ਹੱਕ ਨੂੰ ਮਾਨਤਾ ਦਿੱਤੀ।—ਗਿਣਤੀ 35:19.
3. ਜੀਵਨ ਦੀ ਪਵਿੱਤਰਤਾ ਉੱਤੇ ਮੂਸਾ ਦੀ ਬਿਵਸਥਾ ਨੇ ਕੀ ਜ਼ੋਰ ਦਿੱਤਾ?
3 ਨਬੀ ਮੂਸਾ ਦੇ ਦੁਆਰਾ ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਵਿਚ, ਜੀਵਨ ਦੀ ਪਵਿੱਤਰਤਾ ਉੱਤੇ ਵਾਰ-ਵਾਰ ਜ਼ੋਰ ਦਿੱਤਾ ਗਿਆ ਸੀ। ਉਦਾਹਰਣ ਦੇ ਲਈ, ਪਰਮੇਸ਼ੁਰ ਨੇ ਹੁਕਮ ਦਿੱਤਾ: “ਤੂੰ ਖ਼ੂਨ ਨਾ ਕਰ।” (ਕੂਚ 20:13) ਇਕ ਗਰਭਵਤੀ ਔਰਤ ਨਾਲ ਸੰਬੰਧਿਤ ਦੁਰਘਟਨਾ ਬਾਰੇ ਮੂਸਾ ਦੀ ਬਿਵਸਥਾ ਵਿਚ ਜੋ ਕੁਝ ਕਿਹਾ ਸੀ, ਉਸ ਤੋਂ ਵੀ ਜੀਵਨ ਲਈ ਆਦਰ ਸਪੱਸ਼ਟ ਹੁੰਦਾ ਸੀ। ਬਿਵਸਥਾ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਜੇਕਰ ਦੋ ਆਦਮੀਆਂ ਵਿਚਕਾਰ ਹੱਥੋਪਾਈ ਦੇ ਵਜੋਂ ਔਰਤ ਨੂੰ ਜਾਂ ਉਸ ਦੇ ਅਣਜੰਮੇ ਬੱਚੇ ਨੂੰ ਘਾਤਕ ਨੁਕਸਾਨ ਪਹੁੰਚਦਾ ਹੈ, ਤਾਂ ਨਿਆਂਕਾਰਾਂ ਲਈ ਹਾਲਾਤਾਂ ਅਤੇ ਗਿਣੀ-ਮਿਥੀ ਹੋਈ ਹੱਦ ਦੀ ਜਾਂਚ ਕਰਨੀ ਜ਼ਰੂਰੀ ਸੀ, ਪਰੰਤੂ ਸਜ਼ਾ “ਜੀਵਨ ਦੇ ਵੱਟੇ ਜੀਵਨ” ਹੋ ਸਕਦੀ ਸੀ। (ਕੂਚ 21:22-25) ਫਿਰ ਵੀ ਕੀ ਇਕ ਇਸਰਾਏਲੀ ਕਾਤਲ ਕਿਸੇ ਵੀ ਤਰ੍ਹਾਂ ਆਪਣੇ ਹਿੰਸਕ ਕਾਰਜ ਦੇ ਨਤੀਜਿਆਂ ਤੋਂ ਬਚ ਸਕਦਾ ਸੀ?
ਕਾਤਲਾਂ ਦੇ ਲਈ ਸ਼ਰਣ-ਸਥਾਨ?
4. ਅਤੀਤ ਵਿਚ ਇਸਰਾਏਲ ਦੇ ਬਾਹਰ, ਕਿਹੜੇ ਸ਼ਰਣ-ਸਥਾਨ ਦੇ ਥਾਂ ਸਥਿਤ ਸਨ?
4 ਇਸਰਾਏਲ ਨੂੰ ਛੱਡ ਦੂਜੀਆਂ ਕੌਮਾਂ ਵਿਚ ਕਾਤਲਾਂ ਅਤੇ ਦੂਜੇ ਮੁਜਰਮਾਂ ਨੂੰ ਓਟ-ਸਥਾਨ, ਜਾਂ ਸ਼ਰਣ-ਸਥਾਨ ਪ੍ਰਦਾਨ ਕੀਤਾ ਜਾਂਦਾ ਸੀ। ਅਜਿਹੇ ਸਥਾਨ ਜਿਵੇਂ ਕਿ ਪ੍ਰਾਚੀਨ ਅਫ਼ਸੁਸ ਵਿਖੇ ਦੇਵੀ ਅਰਤਿਮਿਸ ਦੇ ਮੰਦਰ ਬਾਰੇ ਇਹ ਗੱਲ ਸੱਚ ਸੀ। ਅਜਿਹਿਆਂ ਸਮਾਨ ਸਥਾਨਾਂ ਦੇ ਸੰਬੰਧ ਵਿਚ, ਇਹ ਰਿਪੋਰਟ ਕੀਤਾ ਜਾਂਦਾ ਹੈ: “ਕਈ ਧਰਮ-ਸਥਾਨ ਮੁਜਰਮਾਂ ਦੇ ਵਿਕਾਸ-ਸਥਾਨ ਸਨ; ਅਤੇ ਅਕਸਰ ਸ਼ਰਣ-ਸਥਾਨਾਂ ਦੀ ਗਿਣਤੀ ਨੂੰ ਸੀਮਿਤ ਕਰਨ ਦੀ ਜ਼ਰੂਰਤ ਪਈ। ਅਥੇਨੈ ਵਿਚ ਕੇਵਲ ਖ਼ਾਸ ਓਟ-ਸਥਾਨਾਂ ਨੂੰ ਹੀ ਪਨਾਹਗਾਹਾਂ ਦੇ ਤੌਰ ਤੇ ਕਾਨੂੰਨ ਦੁਆਰਾ ਮਾਨਤਾ ਦਿੱਤੀ ਗਈ ਸੀ (ਉਦਾਹਰਣ ਦੇ ਲਈ, ਦਾਸਾਂ ਲਈ ਥੀਸਿਅਸ ਦਾ ਮੰਦਰ); ਤਿਬਿਰਿਯੁਸ ਦੇ ਸਮੇਂ ਵਿਚ ਧਰਮ-ਸਥਾਨਾਂ ਵਿਚ ਮੁਜਰਮਾਂ ਦੀਆਂ ਮੰਡਲੀਆਂ ਇੰਨੀਆਂ ਖ਼ਤਰਨਾਕ ਹੋ ਗਈਆਂ ਸਨ ਕਿ ਸ਼ਰਣ-ਸਥਾਨ ਦਾ ਅਧਿਕਾਰ ਕੇਵਲ ਕੁਝ ਹੀ ਸ਼ਹਿਰਾਂ ਤਕ ਸੀਮਿਤ ਰੱਖਿਆ ਗਿਆ (ਸੰਨ 22 ਵਿਚ)।” (ਦ ਜੂਇਸ਼ ਐਨਸਾਈਕਲੋਪੀਡੀਆ, 1909, ਖੰਡ II, ਸਫ਼ਾ 256) ਬਾਅਦ ਵਿਚ, ਮਸੀਹੀ-ਜਗਤ ਦੇ ਗਿਰਜਾਘਰ ਸ਼ਰਣ-ਸਥਾਨ ਦੀ ਜਗ੍ਹਾ ਬਣ ਗਏ, ਪਰੰਤੂ ਇੰਜ ਹੋਣ ਨਾਲ ਕਾਨੂੰਨੀ ਅਧਿਕਾਰੀਆਂ ਦਾ ਅਧਿਕਾਰ ਪਾਦਰੀ-ਵਰਗ ਦੇ ਹੱਥਾਂ ਵਿਚ ਆਉਣ ਵੱਲ ਝੁਕਣ ਲੱਗਾ ਅਤੇ ਇਹ ਨਿਆਉਂ ਦੀ ਉਚਿਤ ਨਿਭਾਈ ਦੇ ਵਿਰੁੱਧ ਕੰਮ ਕਰਦਾ ਸੀ। ਆਖ਼ਰਕਾਰ ਕੁਵਰਤੋਂ ਦੇ ਕਾਰਨ ਇਹ ਪ੍ਰਬੰਧ ਖ਼ਤਮ ਕੀਤਾ ਗਿਆ।
5. ਕੀ ਸਬੂਤ ਹੈ ਕਿ ਜਦੋਂ ਕੋਈ ਮਾਰਿਆ ਜਾਂਦਾ ਸੀ ਤਾਂ ਬਿਵਸਥਾ ਲਾਪਰਵਾਹੀ ਦੇ ਆਧਾਰ ਤੇ ਦਇਆ ਦੀ ਮੰਗ ਦਾ ਲਿਹਾਜ਼ ਨਹੀਂ ਕਰਦੀ ਸੀ?
5 ਇਸਰਾਏਲੀਆਂ ਦੇ ਵਿਚਕਾਰ, ਜਾਣ-ਬੁੱਝ ਕੇ ਕਤਲ ਕਰਨ ਵਾਲਿਆਂ ਨੂੰ ਓਟ-ਸਥਾਨ ਜਾਂ ਸ਼ਰਣ-ਸਥਾਨ ਨਹੀਂ ਪ੍ਰਦਾਨ ਕੀਤਾ ਜਾਂਦਾ ਸੀ। ਸਾਜ਼ਸ਼ੀ ਕਤਲ ਕਰਨ ਦੇ ਲਈ ਪਰਮੇਸ਼ੁਰ ਦੀ ਜਗਵੇਦੀ ਵਿਖੇ ਸੇਵਾ ਕਰ ਰਹੇ ਇਕ ਲੇਵੀ ਜਾਜਕ ਨੂੰ ਵੀ ਲੈ ਜਾ ਕੇ ਸਜ਼ਾ ਮੌਤ ਦਿੱਤੀ ਜਾਣੀ ਸੀ। (ਕੂਚ 21:12-14) ਇਸ ਤੋਂ ਇਲਾਵਾ, ਜਦੋਂ ਕੋਈ ਮਾਰਿਆ ਜਾਂਦਾ ਸੀ ਤਾਂ ਬਿਵਸਥਾ ਲਾਪਰਵਾਹੀ ਦੇ ਆਧਾਰ ਤੇ ਦਇਆ ਦੀ ਮੰਗ ਦਾ ਲਿਹਾਜ਼ ਨਹੀਂ ਕਰਦੀ ਸੀ। ਉਦਾਹਰਣ ਦੇ ਲਈ, ਇਕ ਆਦਮੀ ਨੂੰ ਆਪਣੇ ਨਵੇਂ ਘਰ ਦੀ ਪੱਧਰੀ ਛੱਤ ਦੇ ਲਈ ਇਕ ਬਨੇਰਾ ਬਣਾਉਣਾ ਜ਼ਰੂਰੀ ਸੀ। ਨਹੀਂ ਤਾਂ, ਉਸ ਦੇ ਘਰਾਣੇ ਉੱਤੇ ਖੂਨ ਦਾ ਦੋਸ਼ ਆਵੇਗਾ ਜੇਕਰ ਕੋਈ ਛੱਤ ਤੋਂ ਡਿਗ ਕੇ ਮਰ ਜਾਂਦਾ ਹੈ। (ਬਿਵਸਥਾ ਸਾਰ 22:8) ਇਸ ਤੋਂ ਇਲਾਵਾ, ਜੇਕਰ ਸਿੰਗ ਮਾਰਨ ਵੱਲ ਝੁਕਾਉ ਇਕ ਬਲਦ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੋਵੇ ਪਰੰਤੂ ਉਸ ਨੇ ਜਾਨਵਰ ਨੂੰ ਸਾਂਭ ਕੇ ਨਹੀਂ ਰੱਖਿਆ ਅਤੇ ਇਸ ਨੇ ਕਿਸੇ ਨੂੰ ਮਾਰ ਦਿੱਤਾ, ਤਾਂ ਬਲਦ ਦਾ ਮਾਲਕ ਖੂਨ ਦਾ ਦੋਸ਼ੀ ਸੀ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਸੀ। (ਕੂਚ 21:28-32) ਜੀਵਨ ਲਈ ਪਰਮੇਸ਼ੁਰ ਦੀ ਅਤਿ ਕਦਰ ਦਾ ਇਕ ਹੋਰ ਸਬੂਤ ਇਸ ਤੋਂ ਪ੍ਰਗਟ ਹੁੰਦਾ ਹੈ ਕਿ ਇਕ ਚੋਰ ਨੂੰ ਘਾਤਕ ਤੌਰ ਤੇ ਮਾਰਨ ਵਾਲਾ ਵਿਅਕਤੀ ਖੂਨ ਦਾ ਦੋਸ਼ੀ ਹੁੰਦਾ ਸੀ ਜੇਕਰ ਇਹ ਦਿਨ ਦਿਹਾੜੇ ਵਾਪਰਦਾ ਸੀ ਜਦੋਂ ਘੁਸਪੈਠੀਏ ਨੂੰ ਦੇਖਿਆ ਅਤੇ ਪਛਾਣਿਆ ਜਾ ਸਕਦਾ ਸੀ। (ਕੂਚ 22:2, 3) ਤਾਂ ਫਿਰ, ਸਪੱਸ਼ਟ ਹੈ ਕਿ ਪਰਮੇਸ਼ੁਰ ਦੇ ਬਿਲਕੁਲ ਸੰਤੁਲਿਤ ਨਿਯਮ ਜਾਣ-ਬੁੱਝ ਕੇ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਮੌਤ ਤੋਂ ਬਚਣ ਨਹੀਂ ਦਿੰਦੇ ਸਨ।
6. ਪ੍ਰਾਚੀਨ ਇਸਰਾਏਲ ਵਿਚ “ਜੀਵਨ ਦੇ ਵੱਟੇ ਜੀਵਨ” ਦਾ ਨਿਯਮ ਕਿਵੇਂ ਸੰਤੁਸ਼ਟ ਕੀਤਾ ਜਾਂਦਾ ਸੀ?
6 ਜੇਕਰ ਪ੍ਰਾਚੀਨ ਇਸਰਾਏਲ ਵਿਚ ਇਕ ਕਤਲ ਕੀਤਾ ਜਾਂਦਾ ਸੀ, ਤਾਂ ਕਤਲ ਕੀਤੇ ਗਏ ਵਿਅਕਤੀ ਦੇ ਲਹੂ ਦਾ ਬਦਲਾ ਲਿਆ ਜਾਣਾ ਸੀ। “ਜੀਵਨ ਦੇ ਵੱਟੇ ਜੀਵਨ” ਦਾ ਨਿਯਮ ਸੰਤੁਸ਼ਟ ਕੀਤਾ ਜਾਂਦਾ ਸੀ ਜਦੋਂ ਕਾਤਲ ਨੂੰ ‘ਖੂਨ ਦਾ ਬਦਲਾ ਲੈਣ ਵਾਲੇ’ ਦੁਆਰਾ ਮਾਰਿਆ ਜਾਂਦਾ ਸੀ। (ਗਿਣਤੀ 35:19) ਬਦਲਾ ਲੈਣ ਵਾਲਾ ਵਿਅਕਤੀ ਉਸ ਕਤਲ ਕੀਤੇ ਗਏ ਵਿਅਕਤੀ ਦਾ ਸਭ ਤੋਂ ਨਜ਼ਦੀਕੀ ਨਰ ਰਿਸ਼ਤੇਦਾਰ ਹੁੰਦਾ ਸੀ। ਪਰੰਤੂ ਬਿਨ ਇਰਾਦਾ ਕਾਤਲਾਂ ਦੇ ਬਾਰੇ ਕੀ?
ਯਹੋਵਾਹ ਦਾ ਦਇਆਪੂਰਵਕ ਪ੍ਰਬੰਧ
7. ਉਨ੍ਹਾਂ ਲਈ ਜੋ ਅਣਜਾਣੇ ਵਿਚ ਕਿਸੇ ਦਾ ਕਤਲ ਕਰ ਬੈਠਦੇ ਸਨ, ਪਰਮੇਸ਼ੁਰ ਨੇ ਕੀ ਪ੍ਰਬੰਧ ਕੀਤਾ ਸੀ?
7 ਉਨ੍ਹਾਂ ਲਈ ਜੋ ਇਤਫ਼ਾਕ ਨਾਲ ਜਾਂ ਅਣਜਾਣੇ ਵਿਚ ਕਿਸੇ ਦਾ ਕਤਲ ਕਰ ਬੈਠਦੇ ਸਨ, ਪਰਮੇਸ਼ੁਰ ਨੇ ਪ੍ਰੇਮਪੂਰਵਕ ਪਨਾਹ ਦੇ ਨਗਰ ਪ੍ਰਦਾਨ ਕੀਤੇ। ਇਨ੍ਹਾਂ ਦੇ ਸੰਬੰਧ ਵਿਚ, ਮੂਸਾ ਨੂੰ ਕਿਹਾ ਗਿਆ ਸੀ: “ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੂੰ ਯਰਦਨ ਪਾਰ ਲੰਘੋ। ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਨੱਠ ਜਾਵੇ ਜਿਸ ਵਿੱਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ। ਅਤੇ ਏਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾ ਚਿਰ ਉਹ ਮੰਡਲੀ ਦੇ ਅੱਗੇ ਨਿਆਉਂ ਲਈ ਖੜਾ ਨਾ ਕੀਤਾ ਜਾਵੇ। ਅਤੇ ਜਿਹੜੇ ਨਗਰ ਤੁਸੀਂ ਦਿਓ ਓਹ ਤੁਹਾਡੇ ਲਈ ਛੇ ਪਨਾਹ ਦੇ ਨਗਰ ਹੋਣ। ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਓਹ ਪਨਾਹ ਦੇ ਨਗਰ ਹੋਣ . . . ਤਾਂ ਜੋ ਜੇ ਕੋਈ ਕਿਸੇ ਪ੍ਰਾਣੀ ਨੂੰ ਵਿੱਸਰ ਭੋਲੇ ਮਾਰ ਛੱਡੇ ਉਹ ਉੱਥੇ ਨੱਠ ਜਾਵੇ।”—ਗਿਣਤੀ 35:9-15.
8. ਪਨਾਹ ਦੇ ਨਗਰ ਕਿੱਥੇ ਸਥਿਤ ਸਨ, ਅਤੇ ਬਿਨ ਇਰਾਦਾ ਕਾਤਲਾਂ ਦੀ ਉੱਥੇ ਤਕ ਪਹੁੰਚਣ ਲਈ ਕਿਵੇਂ ਮਦਦ ਕੀਤੀ ਜਾਂਦੀ ਸੀ?
8 ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਏ, ਤਾਂ ਉਨ੍ਹਾਂ ਨੇ ਆਗਿਆਕਾਰੀ ਨਾਲ ਛੇ ਪਨਾਹ ਦੇ ਨਗਰ ਸਥਾਪਿਤ ਕੀਤੇ। ਇਨ੍ਹਾਂ ਵਿੱਚੋਂ ਤਿੰਨ ਨਗਰ—ਕਦਸ਼, ਸ਼ਕਮ, ਅਤੇ ਹਬਰੋਨ—ਯਰਦਨ ਨਦੀ ਦੇ ਪੱਛਮ ਵਿਚ ਸਥਿਤ ਸਨ। ਯਰਦਨ ਦੇ ਪੂਰਬ ਵਿਚ ਗੋਲਨ, ਰਾਮੋਥ, ਅਤੇ ਬਸਰ ਦੇ ਪਨਾਹ ਦੇ ਨਗਰ ਸਨ। ਇਹ ਛੇ ਪਨਾਹ ਦੇ ਨਗਰ ਅਜਿਹੀਆਂ ਸੜਕਾਂ ਤੇ ਸੁਵਿਧਾਪੂਰਬਕ ਸਥਿਤ ਸਨ ਜੋ ਚੰਗੀ ਹਾਲਤ ਵਿਚ ਰੱਖੀਆਂ ਜਾਂਦੀਆਂ ਸਨ। ਇਨ੍ਹਾਂ ਸੜਕਾਂ ਉੱਤੇ ਮੁਨਾਸਬ ਥਾਵਾਂ ਤੇ, “ਪਨਾਹ” ਸ਼ਬਦ ਲਿਖੇ ਹੋਏ ਫੱਟੇ ਹੁੰਦੇ ਸਨ। ਇਹ ਫੱਟੇ ਪਨਾਹ ਦੇ ਨਗਰ ਦੀ ਦਿਸ਼ਾ ਵੱਲ ਸੰਕੇਤ ਕਰਦੇ ਸਨ, ਅਤੇ ਬਿਨ ਇਰਾਦਾ ਕਾਤਲ ਆਪਣੀ ਜਾਨ ਦੇ ਲਈ ਸਭ ਤੋਂ ਨੇੜੇ ਵਾਲੇ ਨਗਰ ਵੱਲ ਭੱਜਦਾ ਸੀ। ਉੱਥੇ ਉਹ ਖੂਨ ਦਾ ਬਦਲਾ ਲੈਣ ਵਾਲੇ ਤੋਂ ਸੁਰੱਖਿਆ ਪਾ ਸਕਦਾ ਸੀ।—ਯਹੋਸ਼ੁਆ 20:2-9.
9. ਯਹੋਵਾਹ ਨੇ ਪਨਾਹ ਦੇ ਨਗਰ ਕਿਉਂ ਪ੍ਰਦਾਨ ਕੀਤੇ, ਅਤੇ ਇਹ ਕਿਨ੍ਹਾਂ ਦੇ ਲਾਭ ਲਈ ਪ੍ਰਦਾਨ ਕੀਤੇ ਗਏ ਸਨ?
9 ਪਰਮੇਸ਼ੁਰ ਨੇ ਪਨਾਹ ਦੇ ਨਗਰ ਕਿਉਂ ਪ੍ਰਦਾਨ ਕੀਤੇ? ਇਹ ਇਸ ਲਈ ਪ੍ਰਦਾਨ ਕੀਤੇ ਗਏ ਸਨ ਤਾਂਕਿ ਦੇਸ਼ ਬੇਗੁਨਾਹਾਂ ਦੇ ਖੂਨ ਨਾਲ ਦੂਸ਼ਿਤ ਨਾ ਹੋਵੇ ਅਤੇ ਖੂਨ ਦਾ ਦੋਸ਼ ਲੋਕਾਂ ਉੱਤੇ ਨਾ ਆਵੇ। (ਬਿਵਸਥਾ ਸਾਰ 19:10) ਪਨਾਹ ਦੇ ਨਗਰ ਕਿਨ੍ਹਾਂ ਦੇ ਲਾਭ ਲਈ ਪ੍ਰਦਾਨ ਕੀਤੇ ਗਏ ਸਨ? ਬਿਵਸਥਾ ਨੇ ਬਿਆਨ ਕੀਤਾ: “ਇਸਰਾਏਲੀਆਂ ਲਈ, ਪਰਦੇਸੀ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਏਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਪ੍ਰਾਣੀ ਨੂੰ ਵਿੱਸਰ ਭੋਲੇ ਮਾਰ ਛੱਡੇ ਉਹ ਉੱਥੇ ਨੱਠ ਜਾਵੇ।” (ਗਿਣਤੀ 35:15) ਇਸ ਲਈ, ਨਿਆਂਕਾਰੀ ਹੋਣ ਦੇ ਲਈ ਅਤੇ ਦਇਆ ਦੇ ਨਾਲ-ਨਾਲ ਨਿਆਉਂ ਦਾ ਉਦੇਸ਼ ਪੂਰਾ ਕਰਨ ਲਈ, ਯਹੋਵਾਹ ਨੇ ਇਸਰਾਏਲੀਆਂ ਨੂੰ ਉਨ੍ਹਾਂ ਬਿਨ ਇਰਾਦਾ ਕਾਤਲਾਂ ਦੇ ਲਈ ਪਨਾਹ ਦੇ ਨਗਰ ਠਹਿਰਾਉਣ ਲਈ ਕਿਹਾ ਜਿਹੜੇ (1) ਪੈਦਾਇਸ਼ੀ ਇਸਰਾਏਲੀ, (2) ਇਸਰਾਏਲ ਵਿਚ ਪਰਦੇਸੀ, ਜਾਂ (3) ਦੂਜੀਆਂ ਕੌਮਾਂ ਦੇ ਵਸਨੀਕ ਜੋ ਦੇਸ਼ ਵਿਚ ਰਹਿ ਰਹੇ ਸਨ।
10. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਨਾਹ ਦੇ ਨਗਰ ਪਰਮੇਸ਼ੁਰ ਦੁਆਰਾ ਕੀਤਾ ਗਿਆ ਇਕ ਦਇਆਪੂਰਵਕ ਪ੍ਰਬੰਧ ਸੀ?
10 ਇਹ ਧਿਆਨਯੋਗ ਗੱਲ ਹੈ ਕਿ ਜੇਕਰ ਇਕ ਵਿਅਕਤੀ ਬਿਨ ਇਰਾਦਾ ਕਾਤਲ ਵੀ ਹੋਵੇ, ਤਾਂ ਵੀ ਉਸ ਨੂੰ ਪਰਮੇਸ਼ੁਰ ਦੇ ਹੁਕਮ ਅਧੀਨ ਮਾਰਿਆ ਜਾਣਾ ਸੀ: “ਜੋ ਆਦਮੀ ਦਾ ਲਹੂ ਵਹਾਵੇਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ।” ਇਸ ਲਈ, ਕੇਵਲ ਯਹੋਵਾਹ ਪਰਮੇਸ਼ੁਰ ਦੇ ਦਇਆਪੂਰਵਕ ਪ੍ਰਬੰਧ ਦੇ ਕਾਰਨ ਹੀ ਇਕ ਬਿਨ ਇਰਾਦਾ ਕਾਤਲ ਇਕ ਪਨਾਹ ਦੇ ਨਗਰ ਨੂੰ ਭੱਜ ਸਕਦਾ ਸੀ। ਪ੍ਰਤੱਖ ਰੂਪ ਵਿਚ, ਆਮ ਤੌਰ ਤੇ ਲੋਕੀ ਖੂਨ ਦਾ ਬਦਲਾ ਲੈਣ ਵਾਲੇ ਤੋਂ ਭੱਜ ਰਹੇ ਵਿਅਕਤੀ ਲਈ ਹਮਦਰਦੀ ਮਹਿਸੂਸ ਕਰਦੇ ਸਨ, ਕਿਉਂਕਿ ਉਹ ਸਾਰੇ ਅਵਗਤ ਸਨ ਕਿ ਉਹ ਵੀ ਸ਼ਾਇਦ ਅਣਜਾਣੇ ਵਿਚ ਸਮਾਨ ਜੁਰਮ ਕਰ ਬੈਠਣ ਅਤੇ ਉਨ੍ਹਾਂ ਨੂੰ ਵੀ ਪਨਾਹ ਅਤੇ ਦਇਆ ਦੀ ਜ਼ਰੂਰਤ ਪਵੇ।
ਪਨਾਹ ਦੇ ਲਈ ਭੱਜਣਾ
11. ਪ੍ਰਾਚੀਨ ਇਸਰਾਏਲ ਵਿਚ, ਇਕ ਆਦਮੀ ਕੀ ਕਰ ਸਕਦਾ ਸੀ ਜੇਕਰ ਉਹ ਅਣਜਾਣੇ ਵਿਚ ਇਕ ਸੰਗੀ ਕਾਮੇ ਦਾ ਕਤਲ ਕਰ ਬੈਠਦਾ ਸੀ?
11 ਇਕ ਦ੍ਰਿਸ਼ਟਾਂਤ ਸ਼ਾਇਦ ਪਨਾਹ ਦੇ ਲਈ ਪਰਮੇਸ਼ੁਰ ਦੇ ਦਇਆਪੂਰਵਕ ਪ੍ਰਬੰਧ ਪ੍ਰਤੀ ਤੁਹਾਡੀ ਕਦਰ ਨੂੰ ਵਧਾਏ। ਕਲਪਨਾ ਕਰੋ ਕਿ ਤੁਸੀਂ ਪ੍ਰਾਚੀਨ ਇਸਰਾਏਲ ਵਿਚ ਲੱਕੜੀ ਵੱਢ ਰਹੇ ਇਕ ਆਦਮੀ ਹੁੰਦੇ। ਫਰਜ਼ ਕਰੋ ਕਿ ਕੁਹਾੜੇ ਦਾ ਫਲ ਅਚਾਨਕ ਦਸਤੇ ਤੋਂ ਨਿਕਲ ਕੇ ਇਕ ਸੰਗੀ ਕਾਮੇ ਨੂੰ ਘਾਤਕ ਤੌਰ ਤੇ ਜਾ ਵੱਜਦਾ ਹੈ। ਤੁਸੀਂ ਕੀ ਕਰਦੇ? ਖ਼ੈਰ, ਬਿਵਸਥਾ ਨੇ ਠੀਕ ਅਜਿਹੀ ਹੀ ਸਥਿਤੀ ਲਈ ਪ੍ਰਬੰਧ ਕੀਤਾ। ਨਿਰਸੰਦੇਹ, ਤੁਸੀਂ ਇਸ ਪਰਮੇਸ਼ੁਰ-ਦਿੱਤ ਪ੍ਰਬੰਧ ਤੋਂ ਲਾਭ ਉਠਾਉਂਦੇ: “ਏਹ ਉਸ ਖ਼ੂਨੀ ਦੀ ਗੱਲ ਹੈ ਜੋ [ਪਨਾਹ ਦੇ ਨਗਰ] ਨੱਠ ਕੇ ਜੀਵੇ ਜਿਹੜਾ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰ ਸੁੱਟੇ ਅਤੇ ਉਸ ਦਾ ਉਹ ਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ। ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬਣ ਵਿੱਚੋਂ ਲੱਕੜੀ ਵੱਢਣ ਜਾਵੇ ਅਤੇ ਜਦ ਉਸ ਦਾ ਹੱਥ ਰੁੱਖ ਦੇ ਵੱਢਣ ਲਈ ਕੁਹਾੜੀ ਦਾ ਇੱਕ ਟੱਕ ਮਾਰੇ ਅਤੇ ਫਲ ਦਸਤੇ ਤੋਂ ਘਸ ਕੇ ਨਿਕੱਲ ਜਾਵੇ ਅਤੇ ਉਸ ਦੇ ਗੁਆਂਢੀ ਉੱਤੇ ਇਉਂ ਪਵੇ ਕਿ ਉਹ ਮਰ ਜਾਵੇ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ ਅਤੇ ਜੀਉਂਦਾ ਰਹੇ।” (ਬਿਵਸਥਾ ਸਾਰ 19:4, 5) ਫਿਰ ਵੀ, ਜੇਕਰ ਤੁਸੀਂ ਇਕ ਪਨਾਹ ਦੇ ਨਗਰ ਤਕ ਪਹੁੰਚ ਵੀ ਜਾਂਦੇ ਹੋ, ਤਾਂ ਵੀ ਤੁਸੀਂ ਵਾਪਰੀ ਹੋਈ ਘਟਨਾ ਦੀ ਸਾਰੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੁੰਦੇ।
12. ਇਕ ਬਿਨ ਇਰਾਦਾ ਕਾਤਲ ਦਾ ਇਕ ਪਨਾਹ ਦੇ ਨਗਰ ਪਹੁੰਚਣ ਤੋਂ ਬਾਅਦ, ਕਿਹੜੀ ਕਾਰਵਾਈ ਦੀ ਪੈਰਵੀ ਕੀਤੀ ਜਾਂਦੀ ਸੀ?
12 ਭਾਵੇਂ ਕਿ ਮਿੱਤਰਤਾ-ਭਾਵ ਨਾਲ ਤੁਹਾਡਾ ਸੁਆਗਤ ਕੀਤਾ ਜਾਂਦਾ, ਤੁਹਾਨੂੰ ਪਨਾਹ ਦੇ ਨਗਰ ਦੇ ਫਾਟਕ ਵਿਖੇ ਬਜ਼ੁਰਗਾਂ ਨੂੰ ਆਪਣਾ ਮਾਮਲਾ ਬਿਆਨ ਕਰਨਾ ਪੈਂਦਾ। ਨਗਰ ਵਿਚ ਪ੍ਰਵੇਸ਼ ਕਰਨ ਮਗਰੋਂ, ਤੁਹਾਨੂੰ ਉਸੇ ਨਗਰ ਵਾਪਸ ਭੇਜਿਆ ਜਾਂਦਾ ਜਿਸ ਦਾ ਕਤਲ ਦੇ ਇਲਾਕੇ ਉੱਤੇ ਇਖ਼ਤਿਆਰ ਸੀ, ਤਾਂਕਿ ਤੁਹਾਡਾ ਨਿਆਉਂ ਉਸ ਨਗਰ ਦੇ ਫਾਟਕ ਵਿਖੇ ਉਨ੍ਹਾਂ ਬਜ਼ੁਰਗਾਂ ਦੁਆਰਾ ਕੀਤਾ ਜਾਂਦਾ ਜੋ ਇਸਰਾਏਲ ਦੀ ਕਲੀਸਿਯਾ ਦੀ ਪ੍ਰਤਿਨਿਧਤਾ ਕਰਦੇ ਸਨ। ਉੱਥੇ ਤੁਹਾਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਇਕ ਮੌਕਾ ਮਿਲਦਾ।
ਜਦੋਂ ਕਾਤਲਾਂ ਦੇ ਮੁਕੱਦਮੇ ਕੀਤੇ ਗਏ
13, 14. ਇਕ ਕਾਤਲ ਦੇ ਮੁਕੱਦਮੇ ਦੇ ਦੌਰਾਨ ਬਜ਼ੁਰਗ ਕਿਹੜੀਆਂ ਕੁਝ ਗੱਲਾਂ ਨੂੰ ਨਿਸ਼ਚਿਤ ਕਰਨਾ ਚਾਹੁਣਗੇ?
13 ਇਖ਼ਤਿਆਰ ਵਾਲੇ ਨਗਰ ਦੇ ਫਾਟਕ ਵਿਖੇ ਬਜ਼ੁਰਗਾਂ ਦੁਆਰਾ ਮੁਕੱਦਮੇ ਦੇ ਦੌਰਾਨ, ਤੁਸੀਂ ਨਿਰਸੰਦੇਹ ਧੰਨਵਾਦ ਦੇ ਨਾਲ ਦੇਖੋਗੇ ਕਿ ਤੁਹਾਡੇ ਪਹਿਲੇ ਆਚਰਣ ਉੱਤੇ ਅਧਿਕ ਜ਼ੋਰ ਦਿੱਤਾ ਗਿਆ ਸੀ। ਬਜ਼ੁਰਗ ਕਤਲ ਕੀਤੇ ਗਏ ਵਿਅਕਤੀ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਧਿਆਨਪੂਰਵਕ ਜਾਂਚਣਗੇ। ਕੀ ਤੁਸੀਂ ਉਸ ਆਦਮੀ ਨੂੰ ਨਫ਼ਰਤ ਕਰਦੇ ਸੀ, ਉਸ ਲਈ ਘਾਤ ਲਾ ਕੇ ਬੈਠੇ ਸੀ, ਅਤੇ ਜਾਣ-ਬੁੱਝ ਕੇ ਉਸ ਨੂੰ ਕਤਲ ਕੀਤਾ ਸੀ? ਜੇਕਰ ਹਾਂ, ਤਾਂ ਬਜ਼ੁਰਗਾਂ ਨੂੰ ਤੁਹਾਨੂੰ ਖੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਸੌਂਪਣਾ ਪੈਂਦਾ, ਅਤੇ ਤੁਸੀਂ ਜ਼ਰੂਰ ਮਰਦੇ। ਇਹ ਜ਼ਿੰਮੇਦਾਰ ਮਨੁੱਖ ਬਿਵਸਥਾ ਦੀ ਇਸ ਮੰਗ ਕਿ ‘ਇਸਰਾਏਲ ਵਿੱਚੋਂ ਨਿਰਦੋਸ਼ ਦੇ ਖ਼ੂਨ ਦੇ ਲਈ ਦੋਸ਼ ਨੂੰ ਮਿਟਾ ਦਿਓ’ ਬਾਰੇ ਅਵਗਤ ਹੁੰਦੇ। (ਬਿਵਸਥਾ ਸਾਰ 19:11-13) ਤੁਲਨਾ ਵਿਚ, ਅੱਜ ਇਕ ਨਿਆਇਕ ਕਾਰਵਾਈ ਵਿਚ, ਮਸੀਹੀ ਬਜ਼ੁਰਗਾਂ ਨੂੰ ਸ਼ਾਸਤਰ-ਬਚਨ ਚੰਗੀ ਤਰ੍ਹਾਂ ਨਾਲ ਜਾਣਨ ਦੀ ਜ਼ਰੂਰਤ ਹੈ, ਅਤੇ ਇਕ ਅਪਰਾਧੀ ਦੇ ਪਹਿਲੇ ਰਵੱਈਏ ਅਤੇ ਆਚਰਣ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਦੇ ਅਨੁਕੂਲ ਕੰਮ ਕਰਨਗੇ।
14 ਕਿਰਪਾਪੂਰਵਕ ਪੜਤਾਲ ਕਰਦੇ ਹੋਏ, ਨਗਰ ਦੇ ਬਜ਼ੁਰਗ ਜਾਣਨਾ ਚਾਹੁਣਗੇ ਕਿ ਤੁਸੀਂ ਕਤਲ ਕੀਤੇ ਗਏ ਵਿਅਕਤੀ ਲਈ ਘਾਤ ਲਾ ਕੇ ਬੈਠੇ ਸੀ ਜਾਂ ਨਹੀਂ। (ਕੂਚ 21:12, 13) ਕੀ ਤੁਸੀਂ ਲੁਕ ਕੇ ਉਸ ਉੱਤੇ ਵਾਰ ਕੀਤਾ ਸੀ? (ਬਿਵਸਥਾ ਸਾਰ 27:24) ਕੀ ਤੁਸੀਂ ਉਸ ਵਿਅਕਤੀ ਦੇ ਵਿਰੁੱਧ ਗੁੱਸੇ ਨਾਲ ਇੰਨੇ ਬਗੋਲੇ ਹੋਏ ਕਿ ਉਸ ਨੂੰ ਕਤਲ ਕਰਨ ਦੇ ਲਈ ਤੁਸੀਂ ਕਿਸੀ ਸਾਜ਼ਸ਼ੀ ਯੋਜਨਾ ਦੀ ਵਰਤੋਂ ਕੀਤੀ? ਜੇਕਰ ਹਾਂ, ਤਾਂ ਤੁਸੀਂ ਮੌਤ ਦੇ ਯੋਗ ਹੁੰਦੇ। (ਕੂਚ 21:14) ਖ਼ਾਸ ਤੌਰ ਤੇ ਬਜ਼ੁਰਗਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਕਿ ਤੁਹਾਡੇ ਅਤੇ ਕਤਲ ਕੀਤੇ ਗਏ ਵਿਅਕਤੀ ਦੇ ਵਿਚਕਾਰ ਵੈਰ, ਜਾਂ ਨਫ਼ਰਤ ਤਾਂ ਨਹੀਂ ਸੀ। (ਬਿਵਸਥਾ ਸਾਰ 19:4, 6, 7; ਯਹੋਸ਼ੁਆ 20:5) ਕਹਿ ਲਓ ਕਿ ਬਜ਼ੁਰਗਾਂ ਨੇ ਤੁਹਾਨੂੰ ਬੇਗੁਨਾਹ ਪਾ ਕੇ ਪਨਾਹ ਦੇ ਨਗਰ ਵਿਚ ਵਾਪਸ ਭੇਜ ਦਿੱਤਾ। ਤੁਸੀਂ ਇਹ ਦਿਖਾਈ ਗਈ ਦਇਆ ਦੇ ਲਈ ਕਿੰਨੇ ਧੰਨਵਾਦੀ ਹੁੰਦੇ!
ਪਨਾਹ ਦੇ ਨਗਰ ਵਿਚ ਜੀਵਨ
15. ਇਕ ਬਿਨ ਇਰਾਦਾ ਕਾਤਲ ਉੱਤੇ ਕਿਹੜੀਆਂ ਮੰਗਾਂ ਨਿਯਤ ਕੀਤੀਆਂ ਜਾਂਦੀਆਂ ਸਨ?
15 ਇਕ ਬਿਨ ਇਰਾਦਾ ਕਾਤਲ ਨੂੰ ਪਨਾਹ ਦੇ ਨਗਰ ਵਿਚ ਜਾਂ ਉਸ ਦੀਆਂ ਕੰਧਾਂ ਤੋਂ ਬਾਹਰ 1,000 ਹੱਥ (ਲਗਭਗ 1,450 ਫੁੱਟ) ਦੀ ਦੂਰੀ ਦੇ ਅੰਦਰ ਰਹਿਣਾ ਪੈਂਦਾ ਸੀ। (ਗਿਣਤੀ 35:2-4) ਜੇਕਰ ਉਹ ਉਸ ਸੀਮਾ ਤੋਂ ਬਾਹਰ ਨਿਕਲ ਜਾਂਦਾ, ਤਾਂ ਉਹ ਖੂਨ ਦਾ ਬਦਲਾ ਲੈਣ ਵਾਲੇ ਦਾ ਸਾਮ੍ਹਣਾ ਕਰ ਸਕਦਾ ਸੀ। ਇਨ੍ਹਾਂ ਹਾਲਾਤਾਂ ਦੇ ਅਧੀਨ, ਬਦਲਾ ਲੈਣ ਵਾਲਾ ਵਿਅਕਤੀ ਦੰਡ-ਮੁਕਤੀ ਦੇ ਨਾਲ ਉਸ ਕਾਤਲ ਨੂੰ ਮਾਰ ਸਕਦਾ ਸੀ। ਪਰੰਤੂ ਕਾਤਲ ਨੂੰ ਬੇੜੀਆਂ ਨਹੀਂ ਪਾਈਆਂ ਜਾਂਦੀਆਂ ਸਨ ਅਤੇ ਨਾ ਹੀ ਕੈਦ ਕੀਤਾ ਜਾਂਦਾ ਸੀ। ਪਨਾਹ ਦੇ ਨਗਰ ਦਾ ਇਕ ਵਾਸੀ ਹੋਣ ਦੇ ਨਾਤੇ, ਉਸ ਨੂੰ ਇਕ ਕਿੱਤਾ ਸਿੱਖਣਾ, ਇਕ ਕਾਮਾ ਹੋਣਾ, ਅਤੇ ਸਮਾਜ ਦਾ ਇਕ ਉਪਯੋਗੀ ਸਦੱਸ ਦੇ ਤੌਰ ਤੇ ਸੇਵਾ ਕਰਨੀ ਪੈਂਦੀ ਸੀ।
16. (ੳ) ਬਿਨ ਇਰਾਦਾ ਕਾਤਲ ਨੂੰ ਪਨਾਹ ਦੇ ਨਗਰ ਵਿਚ ਕਿੰਨਾ ਚਿਰ ਰਹਿਣਾ ਪੈਂਦਾ ਸੀ? (ਅ) ਪਰਧਾਨ ਜਾਜਕ ਦੀ ਮੌਤ ਨੇ ਕਾਤਲ ਲਈ ਪਨਾਹ ਦੇ ਨਗਰ ਨੂੰ ਛੱਡਣਾ ਮੁਮਕਿਨ ਕਿਉਂ ਬਣਾਇਆ?
16 ਬਿਨ ਇਰਾਦਾ ਕਾਤਲ ਨੂੰ ਪਨਾਹ ਦੇ ਨਗਰ ਵਿਚ ਕਿੰਨਾ ਚਿਰ ਰਹਿਣਾ ਪੈਂਦਾ? ਸ਼ਾਇਦ ਆਪਣੀ ਪੂਰੀ ਜ਼ਿੰਦਗੀ। ਕਿਸੇ ਵੀ ਹਾਲਤ ਵਿਚ, ਬਿਵਸਥਾ ਨੇ ਬਿਆਨ ਕੀਤਾ: “ਉਸ ਨੂੰ ਚਾਹੀਦਾ ਸੀ ਕਿ ਸਰਦਾਰ ਜਾਜਕ ਦੀ ਮੌਤ ਤੀਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਸਰਦਾਰ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਮਿਲਖ ਦੀ ਧਰਤੀ ਵਿੱਚ ਮੁੜ ਜਾਵੇ।” (ਗਿਣਤੀ 35:26-28) ਪਰਧਾਨ ਜਾਜਕ ਦੀ ਮੌਤ ਹੋਣ ਤੇ ਬਿਨ ਇਰਾਦਾ ਕਾਤਲ ਉਸ ਪਨਾਹ ਦੇ ਨਗਰ ਨੂੰ ਕਿਉਂ ਛੱਡ ਸਕਦਾ ਸੀ? ਖ਼ੈਰ, ਪਰਧਾਨ ਜਾਜਕ ਉਸ ਕੌਮ ਵਿਚ ਇਕ ਸਭ ਤੋਂ ਮਹੱਤਵਪੂਰਣ ਵਿਅਕਤੀ ਸੀ। ਇਸ ਲਈ ਉਸ ਦੀ ਮੌਤ ਇਕ ਅਜਿਹੀ ਮਾਅਰਕੇ ਦੀ ਘਟਨਾ ਹੁੰਦੀ ਕਿ ਇਸ ਦੀ ਖ਼ਬਰ ਪੂਰੇ ਇਸਰਾਏਲ ਦੇ ਗੋਤਾਂ ਵਿਚ ਫੈਲ ਜਾਂਦੀ। ਪਨਾਹ ਦੇ ਨਗਰਾਂ ਵਿਚ ਸਾਰੇ ਪਨਾਹਗੀਰ ਫਿਰ ਖੂਨ ਦਾ ਬਦਲਾ ਲੈਣ ਵਾਲਿਆਂ ਵੱਲੋਂ ਬਿਨਾ ਕਿਸੇ ਖ਼ਤਰੇ ਦੇ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਸਨ। ਕਿਉਂ? ਕਿਉਂਕਿ ਪਰਮੇਸ਼ੁਰ ਦੀ ਬਿਵਸਥਾ ਨੇ ਹੁਕਮ ਕੀਤਾ ਸੀ ਕਿ ਬਦਲਾ ਲੈਣ ਵਾਲੇ ਵਿਅਕਤੀ ਦੁਆਰਾ ਕਾਤਲ ਨੂੰ ਮਾਰਨ ਦਾ ਮੌਕਾ ਪਰਧਾਨ ਜਾਜਕ ਦੀ ਮੌਤ ਦੇ ਨਾਲ ਖ਼ਤਮ ਹੋ ਜਾਂਦਾ ਸੀ, ਅਤੇ ਸਾਰੇ ਇਸ ਦੇ ਬਾਰੇ ਜਾਣਦੇ ਸਨ। ਜੇਕਰ ਇਸ ਤੋਂ ਬਾਅਦ ਇਕ ਨਜ਼ਦੀਕੀ ਰਿਸ਼ਤੇਦਾਰ ਮੌਤ ਦਾ ਬਦਲਾ ਲਵੇ, ਤਾਂ ਉਹ ਇਕ ਕਾਤਲ ਬਣ ਜਾਂਦਾ ਅਤੇ ਉਸ ਨੂੰ ਕਤਲ ਦੇ ਲਈ ਅੰਤ ਵਿਚ ਸਜ਼ਾ ਭੁਗਤਣੀ ਪੈਂਦੀ।
ਸਥਾਈ ਪ੍ਰਭਾਵ
17. ਬਿਨ ਇਰਾਦਾ ਕਾਤਲ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਕਿਹੜੇ ਸੰਭਾਵੀ ਪ੍ਰਭਾਵ ਸਨ?
17 ਬਿਨ ਇਰਾਦਾ ਕਾਤਲ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਕੀ ਸੰਭਾਵੀ ਪ੍ਰਭਾਵ ਸਨ? ਇਹ ਉਸ ਨੂੰ ਯਾਦ ਦਿਲਾਉਣ ਵਾਸਤੇ ਸਨ ਕਿ ਉਸ ਦੇ ਕਾਰਨ ਕਿਸੇ ਦੀ ਮੌਤ ਹੋਈ ਸੀ। ਸੰਭਵ ਹੈ ਕਿ ਇਸ ਤੋਂ ਬਾਅਦ ਉਹ ਹਮੇਸ਼ਾ ਮਾਨਵ ਜੀਵਨ ਨੂੰ ਪਵਿੱਤਰ ਸਮਝੇਗਾ। ਇਸ ਤੋਂ ਇਲਾਵਾ, ਉਹ ਨਿਸ਼ਚੇ ਹੀ ਕਦੀ ਨਹੀਂ ਭੁੱਲ ਸਕਦਾ ਕਿ ਉਸ ਨਾਲ ਦਇਆਪੂਰਵਕ ਵਰਤਾਉ ਕੀਤਾ ਗਿਆ ਸੀ। ਦਇਆ ਦਿਖਾਏ ਜਾਣ ਦੇ ਕਾਰਨ, ਉਹ ਯਕੀਨਨ ਦੂਜਿਆਂ ਦੇ ਪ੍ਰਤੀ ਦਇਆਵਾਨ ਹੋਣ ਦੀ ਇੱਛਾ ਰੱਖਦਾ। ਪਨਾਹ ਦੇ ਨਗਰਾਂ ਦੇ ਪ੍ਰਬੰਧ ਨੇ ਆਪਣੀਆਂ ਪਾਬੰਦੀਆਂ ਸਮੇਤ ਆਮ ਲੋਕਾਂ ਨੂੰ ਵੀ ਲਾਭ ਪਹੁੰਚਾਇਆ। ਕਿਵੇਂ? ਇਸ ਨੇ ਨਿਸ਼ਚਿਤ ਹੀ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੋਵੇਗਾ ਕਿ ਉਨ੍ਹਾਂ ਨੂੰ ਮਾਨਵ ਜੀਵਨ ਦੇ ਪ੍ਰਤੀ ਲਾਪਰਵਾਹ ਜਾਂ ਉਦਾਸੀਨ ਨਹੀਂ ਹੋਣਾ ਚਾਹੀਦਾ ਹੈ। ਫਲਸਰੂਪ, ਮਸੀਹੀਆਂ ਨੂੰ ਅਜਿਹੀ ਲਾਪਰਵਾਹੀ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਬਾਰੇ ਯਾਦ ਦਿਲਾਇਆ ਜਾਣਾ ਚਾਹੀਦਾ ਹੈ ਜਿਸ ਦਾ ਨਤੀਜਾ ਸ਼ਾਇਦ ਇਕ ਇਤਫ਼ਾਕੀ ਮੌਤ ਹੋ ਸਕਦਾ ਹੈ। ਤਦ ਵੀ, ਪਨਾਹ ਦੇ ਨਗਰਾਂ ਲਈ ਪਰਮੇਸ਼ੁਰ ਦੇ ਦਇਆਪੂਰਵਕ ਪ੍ਰਬੰਧ ਨੂੰ ਸਾਨੂੰ ਦਇਆ ਦਿਖਾਉਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜਦੋਂ ਅਜਿਹਾ ਕਰਨਾ ਜਾਇਜ਼ ਹੋਵੇ।—ਯਾਕੂਬ 2:13.
18. ਪਨਾਹ ਦੇ ਨਗਰਾਂ ਲਈ ਪਰਮੇਸ਼ੁਰ ਦਾ ਪ੍ਰਬੰਧ ਕਿਹੜੇ ਤਰੀਕਿਆਂ ਵਿਚ ਲਾਭਦਾਇਕ ਸੀ?
18 ਪਨਾਹ ਦੇ ਨਗਰਾਂ ਲਈ ਯਹੋਵਾਹ ਪਰਮੇਸ਼ੁਰ ਦਾ ਪ੍ਰਬੰਧ ਦੂਜਿਆਂ ਤਰੀਕਿਆਂ ਵਿਚ ਵੀ ਲਾਭਦਾਇਕ ਸੀ। ਲੋਕ ਮੁਕੱਦਮੇ ਤੋਂ ਪਹਿਲਾਂ ਹੀ ਕਾਤਲ ਦੇ ਗੁਨਾਹ ਦਾ ਕਿਆਸ ਕਰਦੇ ਹੋਏ ਉਸ ਦੀ ਭਾਲ ਵਿਚ ਚੌਕਸੀ ਸਮੂਹ ਨਹੀਂ ਬਣਾਉਂਦੇ ਸਨ। ਇਸ ਦੀ ਬਜਾਇ, ਉਹ ਉਸ ਨੂੰ ਗਿਣੇ-ਮਿਥੇ ਕਤਲ ਤੋਂ ਬੇਗੁਨਾਹ ਸਮਝਦੇ ਸਨ, ਅਤੇ ਉਸ ਨੂੰ ਸੁਰੱਖਿਆ ਤਕ ਪਹੁੰਚਣ ਵਿਚ ਵੀ ਮਦਦ ਕਰਦੇ ਸਨ। ਇਸ ਤੋਂ ਇਲਾਵਾ, ਪਨਾਹ ਦੇ ਨਗਰਾਂ ਦਾ ਪ੍ਰਬੰਧ ਇਸ ਵਰਤਮਾਨ-ਦਿਨ ਦੇ ਪ੍ਰਬੰਧ ਤੋਂ ਬਿਲਕੁਲ ਉਲਟ ਸੀ, ਜੋ ਕਾਤਲਾਂ ਨੂੰ ਜੇਲ੍ਹਾਂ ਅਤੇ ਕੈਦਖਾਨਿਆਂ ਵਿਚ ਰੱਖਦੇ ਹਨ, ਜਿੱਥੇ ਉਨ੍ਹਾਂ ਨੂੰ ਮਾਇਕ ਤੌਰ ਤੇ ਜਨਤਾ ਸਮਰਥਨ ਦਿੰਦੀ ਹੈ ਅਤੇ ਅਕਸਰ ਦੂਜੇ ਅਪਰਾਧੀਆਂ ਦੇ ਨਾਲ ਉਨ੍ਹਾਂ ਦੀ ਨਜ਼ਦੀਕੀ ਸੰਗਤ ਦੇ ਵਜੋਂ ਉਹ ਬਦਤਰ ਮੁਜਰਮ ਬਣ ਜਾਂਦੇ ਹਨ। ਪਨਾਹ ਦੇ ਨਗਰ ਦੇ ਪ੍ਰਬੰਧ ਵਿਚ, ਵੱਡੇ ਖ਼ਰਚ ਦੀਆਂ ਕੰਧਾਂ ਵਾਲੇ, ਲੋਹੇ ਦੀਆਂ ਸੀਖਾਂ ਲੱਗੇ ਅਜਿਹੇ ਕੈਦਖਾਨਿਆਂ ਨੂੰ ਬਣਾਉਣਾ, ਬਰਕਰਾਰ ਰੱਖਣਾ, ਅਤੇ ਰਾਖੀ ਕਰਨਾ ਗ਼ੈਰ-ਜ਼ਰੂਰੀ ਸੀ, ਜਿਨ੍ਹਾਂ ਤੋਂ ਕੈਦੀ ਅਕਸਰ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿਚ, ਕਾਤਲ “ਕੈਦਖਾਨਾ” ਭਾਲਦਾ ਸੀ ਅਤੇ ਉਸ ਵਿਚ ਨਿਸ਼ਚਿਤ ਸਮੇਂ ਲਈ ਰਹਿੰਦਾ ਸੀ। ਉਸ ਨੂੰ ਇਕ ਕਾਮਾ ਵੀ ਬਣਨਾ ਪੈਂਦਾ ਸੀ, ਇਸ ਤਰ੍ਹਾਂ ਸੰਗੀ ਮਨੁੱਖਾਂ ਦੇ ਲਾਭ ਲਈ ਕੁਝ ਕੰਮ ਕਰਦਾ ਹੋਇਆ।
19. ਪਨਾਹ ਦੇ ਨਗਰਾਂ ਦੇ ਸੰਬੰਧ ਵਿਚ ਕਿਹੜੇ ਸਵਾਲ ਉੱਠਦੇ ਹਨ?
19 ਸੱਚ-ਮੁੱਚ ਹੀ, ਬਿਨ ਇਰਾਦਾ ਕਾਤਲਾਂ ਦੀ ਸੁਰੱਖਿਆ ਲਈ ਯਹੋਵਾਹ ਵੱਲੋਂ ਇਸਰਾਏਲ ਦੇ ਪਨਾਹ ਦੇ ਨਗਰਾਂ ਦਾ ਪ੍ਰਬੰਧ ਦਇਆਪੂਰਵਕ ਸੀ। ਇਸ ਪ੍ਰਬੰਧ ਨੇ ਨਿਸ਼ਚੇ ਹੀ ਜੀਵਨ ਲਈ ਆਦਰ ਨੂੰ ਉਤਸ਼ਾਹਿਤ ਕੀਤਾ। ਪਰੰਤੂ, ਕੀ ਪ੍ਰਾਚੀਨ ਪਨਾਹ ਦੇ ਨਗਰ 20ਵੀਂ ਸਦੀ ਵਿਚ ਰਹਿਣ ਵਾਲੇ ਲੋਕਾਂ ਦੇ ਲਈ ਅਰਥ ਰੱਖਦੇ ਹਨ? ਕੀ ਅਸੀਂ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਖੂਨ ਦੇ ਦੋਸ਼ੀ ਹੋ ਕੇ ਵੀ ਸ਼ਾਇਦ ਅਹਿਸਾਸ ਨਾ ਕਰੀਏ ਕਿ ਸਾਨੂੰ ਉਸ ਦੀ ਦਇਆ ਦੀ ਜ਼ਰੂਰਤ ਹੈ? ਕੀ ਇਸਰਾਏਲ ਦੇ ਪਨਾਹ ਦੇ ਨਗਰ ਸਾਡੇ ਲਈ ਕੋਈ ਆਧੁਨਿਕ-ਦਿਨ ਦੀ ਮਹੱਤਤਾ ਰੱਖਦੇ ਹਨ? (w95 11/15)
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਮਾਨਵ ਜੀਵਨ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੈ?
◻ ਬਿਨ ਇਰਾਦਾ ਕਾਤਲਾਂ ਦੇ ਲਈ ਪਰਮੇਸ਼ੁਰ ਨੇ ਕੀ ਦਇਆਪੂਰਵਕ ਪ੍ਰਬੰਧ ਕੀਤਾ?
◻ ਇਕ ਕਾਤਲ ਪਨਾਹ ਦੇ ਨਗਰ ਵਿਚ ਕਿਵੇਂ ਪ੍ਰਵੇਸ਼ ਹਾਸਲ ਕਰਦਾ ਸੀ, ਅਤੇ ਉਸ ਨੇ ਉੱਥੇ ਕਿੰਨਾ ਚਿਰ ਰਹਿਣਾ ਸੀ?
◻ ਬਿਨ ਇਰਾਦਾ ਕਾਤਲ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਕਿਹੜੇ ਸੰਭਾਵੀ ਪ੍ਰਭਾਵ ਸਨ?
[ਸਫ਼ੇ 22 ਉੱਤੇ ਨਕਸ਼ਾ]
ਇਸਰਾਏਲ ਦੇ ਪਨਾਹ ਦੇ ਨਗਰ ਸੁਵਿਧਾਪੂਰਬਕ ਥਾਵਾਂ ਵਿਚ ਸਥਿਤ ਸਨ
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕਦਸ਼ ਯਰਦਨ ਨਦੀ ਗੋਲਨ
ਸ਼ਕਮ ਰਾਮੋਥ
ਹਬਰੋਨ ਬਸਰ