ਗ਼ਰੀਬ ਪਰ ਫਿਰ ਵੀ ਅਮੀਰ—ਇਹ ਕਿਸ ਤਰ੍ਹਾਂ ਹੋ ਸਕਦਾ ਹੈ?
ਸਦੀਆਂ ਪਹਿਲਾਂ ਇਕ ਬੁੱਧੀਮਾਨ ਮਨੁੱਖ ਨੇ ਪ੍ਰਾਰਥਨਾ ਕੀਤੀ ਕਿ ਉਹ ਗ਼ਰੀਬ ਨਾ ਬਣੇ। ਅਜਿਹੀ ਬੇਨਤੀ ਕਿਉਂ? ਕਿਉਂਕਿ ਉਹ ਡਰਦਾ ਸੀ ਕਿ ਗ਼ਰੀਬੀ ਅਜਿਹੇ ਰਵੱਈਏ ਅਤੇ ਕਾਰਜਾਂ ਨੂੰ ਉਕਸਾਏਗੀ ਜੋ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਣਗੇ। ਉਸ ਦੇ ਸ਼ਬਦਾਂ ਤੋਂ ਇਹ ਜ਼ਾਹਰ ਹੈ: “ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ . . . ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਭੰਡੀ ਕਰਾਂ।” —ਕਹਾਉਤਾਂ 30:8, 9.
ਕੀ ਇਸ ਦਾ ਇਹ ਮਤਲਬ ਹੈ ਕਿ ਇਕ ਗ਼ਰੀਬ ਵਿਅਕਤੀ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਨਾਮੁਮਕਿਨ ਹੈ? ਹਰਗਿਜ਼ ਨਹੀਂ! ਗ਼ਰੀਬੀ ਤੋਂ ਆਈ ਤੰਗੀ ਦੇ ਬਾਵਜੂਦ ਵੀ, ਯਹੋਵਾਹ ਪਰਮੇਸ਼ੁਰ ਦੇ ਅਣਗਿਣਤ ਸੇਵਕ ਪੂਰੇ ਇਤਿਹਾਸ ਦੌਰਾਨ ਉਸ ਲਈ ਖਰਿਆਈ ਕਾਇਮ ਰੱਖਦੇ ਆਏ ਹਨ। ਬਦਲੇ ਵਿਚ ਯਹੋਵਾਹ ਉਸ ਉੱਤੇ ਭਰੋਸਾ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਲਈ ਪ੍ਰਬੰਧ ਕਰਦਾ ਹੈ।
ਪੁਰਾਣੇ ਸਮਿਆਂ ਦੇ ਵਫ਼ਾਦਾਰ ਵਿਅਕਤੀ
ਪੌਲੁਸ ਰਸੂਲ ਨੇ ਖ਼ੁਦ ਤੰਗੀਆਂ ਦੇ ਵੇਲੇ ਦੇਖੇ ਸਨ। (2 ਕੁਰਿੰਥੀਆਂ 6:3, 4) ਉਸ ਨੇ ਪੂਰਵ-ਮਸੀਹੀ ਗਵਾਹਾਂ ਦੇ “ਵੱਡੇ ਬੱਦਲ” ਬਾਰੇ ਵੀ ਬਿਆਨ ਕੀਤਾ ਸੀ, ਜਿਨ੍ਹਾਂ ਵਿੱਚੋਂ ਕੁਝ ‘ਕੰਗਾਲ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ। ਓਹ ਉਜਾੜਾਂ ਅਤੇ ਪਹਾੜਾਂ ਅਤੇ ਗੁਫ਼ਾਂ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਪਏ ਫਿਰੇ।’—ਇਬਰਾਨੀਆਂ 11:37, 38; 12:1.
ਇਨ੍ਹਾਂ ਵਿੱਚੋਂ ਇਕ ਵਫ਼ਾਦਾਰ ਵਿਅਕਤੀ ਏਲੀਯਾਹ ਨਬੀ ਸੀ। ਸਾਢੇ ਤਿੰਨ ਸਾਲਾਂ ਦੇ ਸੋਕੇ ਦੌਰਾਨ, ਯਹੋਵਾਹ ਨੇ ਬਾਕਾਇਦਾ ਉਸ ਲਈ ਖਾਣੇ ਦਾ ਪ੍ਰਬੰਧ ਕੀਤਾ ਸੀ। ਪਹਿਲਾ, ਪਰਮੇਸ਼ੁਰ ਨੇ ਨਬੀ ਲਈ ਪਹਾੜੀ ਕਾਂਵਾਂ ਰਾਹੀਂ ਰੋਟੀ ਅਤੇ ਮਾਸ ਲਿਆਉਣ ਦਾ ਇੰਤਜ਼ਾਮ ਕੀਤਾ। (1 ਰਾਜਿਆਂ 17:2-6) ਬਾਅਦ ਵਿਚ, ਯਹੋਵਾਹ ਨੇ ਕਰਾਮਾਤੀ ਢੰਗ ਨਾਲ ਉਸ ਆਟੇ ਅਤੇ ਤੇਲ ਨੂੰ ਜਾਰੀ ਰੱਖਿਆ ਜਿਸ ਤੋਂ ਇਕ ਵਿਧਵਾ ਏਲੀਯਾਹ ਦੀ ਦੇਖ-ਭਾਲ ਕਰਦੀ ਸੀ। (1 ਰਾਜਿਆਂ 17:8-16) ਖਾਣਾ ਬਿਲਕੁਲ ਸਾਧਾਰਣ ਸੀ, ਪਰ ਉਸ ਨੇ ਨਬੀ, ਔਰਤ, ਅਤੇ ਉਸ ਦੇ ਪੁੱਤਰ ਨੂੰ ਜੀਉਂਦਾ ਰੱਖਿਆ।
ਉਸੇ ਤਰ੍ਹਾਂ ਤੰਗ ਆਰਥਿਕ ਸਮਿਆਂ ਦੌਰਾਨ ਯਹੋਵਾਹ ਨੇ ਵਫ਼ਾਦਾਰ ਯਿਰਮਿਯਾਹ ਨਬੀ ਨੂੰ ਵੀ ਬਚਾਈ ਰੱਖਿਆ ਸੀ। ਬਾਬਲ ਜ਼ਰੀਏ ਯਰੂਸ਼ਲਮ ਦੀ ਘੇਰਾਬੰਦੀ ਤੋਂ ਯਿਰਮਿਯਾਹ ਬਚ ਨਿੱਕਲਿਆ, ਜਦੋਂ ਲੋਕਾਂ ਨੂੰ ‘ਰੋਟੀ ਤੋਲ ਕੇ ਚਿੰਤਾ ਨਾਲ ਖਾਣੀ ਪੈਂਦੀ ਸੀ।’ (ਹਿਜ਼ਕੀਏਲ 4:16) ਆਖ਼ਰਕਾਰ, ਸ਼ਹਿਰ ਵਿਚ ਕਾਲ ਇੰਨਾ ਸਖ਼ਤ ਪੈ ਗਿਆ ਕਿ ਕੁਝ ਤੀਵੀਆਂ ਨੇ ਆਪਣੇ ਹੀ ਨਿਆਣਿਆਂ ਦਾ ਮਾਸ ਖਾਧਾ। (ਵਿਰਲਾਪ 2:20) ਭਾਵੇਂ ਯਿਰਮਿਯਾਹ ਆਪਣੇ ਨਿਧੜਕ ਪ੍ਰਚਾਰ ਕਰਕੇ ਕੈਦ ਵਿਚ ਸੀ, ਫਿਰ ਵੀ ਯਹੋਵਾਹ ਨੇ ਨਿਸ਼ਚਿਤ ਕੀਤਾ ਕਿ ਉਸ ਨੂੰ “ਰੋਟੀ ਦਾ ਟੁਕੜਾ” ਨਿੱਤ ਦਿੱਤਾ ਜਾਵੇ “ਜਦ ਤੀਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ।”—ਯਿਰਮਿਯਾਹ 37:21.
ਇਸ ਤਰ੍ਹਾਂ ਏਲੀਯਾਹ ਵਾਂਗ, ਯਿਰਮਿਯਾਹ ਕੋਲ ਵੀ ਖਾਣ ਲਈ ਘੱਟ ਸੀ। ਸ਼ਾਸਤਰ ਸਾਨੂੰ ਇਹ ਨਹੀਂ ਦੱਸਦਾ ਕਿ ਯਰੂਸ਼ਲਮ ਵਿਚ ਰੋਟੀਆਂ ਮੁੱਕ ਜਾਣ ਤੋਂ ਬਾਅਦ ਯਿਰਮਿਯਾਹ ਨੇ ਕੀ ਜਾਂ ਕਿੰਨੀ ਵਾਰ ਖਾਧਾ ਸੀ। ਫਿਰ ਵੀ ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਉਸ ਨੂੰ ਕਾਇਮ ਰੱਖਿਆ ਅਤੇ ਕਿ ਉਹ ਕਾਲ ਦੇ ਉਸ ਭਿਆਨਕ ਸਮੇਂ ਤੋਂ ਬਚ ਨਿੱਕਲਿਆ।
ਅੱਜ-ਕੱਲ੍ਹ, ਦੁਨੀਆਂ ਦੇ ਹਰ ਹਿੱਸੇ ਵਿਚ ਗ਼ਰੀਬੀ ਮੌਜੂਦ ਹੈ। ਸੰਯੁਕਤ ਰਾਸ਼ਟਰ-ਸੰਘ ਦੇ ਅਨੁਸਾਰ, ਅਫ਼ਰੀਕਾ ਵਿਚ ਸਭ ਤੋਂ ਜ਼ਿਆਦਾ ਗ਼ਰੀਬੀ ਪਾਈ ਜਾਂਦੀ ਹੈ। 1996 ਵਿਚ ਯੂ. ਐੱਨ. ਨੇ ਇਕ ਅਖ਼ਬਾਰੀ ਰਿਲੀਸ ਵਿਚ ਬਿਆਨ ਕੀਤਾ: “ਘੱਟ ਤੋਂ ਘੱਟ ਅਫ਼ਰੀਕਾ ਦੇ ਅੱਧੇ ਵਾਸੀ ਥੁੜ ਵਿਚ ਹਨ।” ਸਖ਼ਤ ਆਰਥਿਕ ਹਾਲਤਾਂ ਦੇ ਬਾਵਜੂਦ ਵੀ, ਅਫ਼ਰੀਕੀ ਲੋਕਾਂ ਦੀ ਵਧਦੀ ਗਿਣਤੀ ਜੀਵਨ ਵਿਚ ਬਾਈਬਲ ਸਿਧਾਂਤ ਲਾਗੂ ਕਰਦੇ ਹਨ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਇਹ ਭਰੋਸਾ ਰੱਖਦੇ ਹੋਏ ਕਿ ਉਹ ਉਨ੍ਹਾਂ ਨੂੰ ਕਾਇਮ ਰੱਖੇਗਾ। ਸਾਡੀ ਗੜਬੜ ਭਰੀ ਦੁਨੀਆਂ ਦੇ ਇਕ ਹਿੱਸੇ ਵਿੱਚੋਂ ਕੁਝ ਉਦਾਹਰਣਾਂ ਵੱਲ ਧਿਆਨ ਦਿਓ।
ਈਮਾਨਦਾਰ ਰਹਿਣਾ
ਨਾਈਜੀਰੀਆ ਵਿਚ ਰਹਿਣ ਵਾਲਾ ਮਾਇਕਲa ਇਕ ਕਿਸਾਨ ਹੈ, ਜਿਸ ਦੇ ਪਾਲਣ ਵਾਲੇ ਛੇ ਬੱਚੇ ਹਨ। “ਈਮਾਨਦਾਰ ਹੋਣਾ ਬਹੁਤ ਮੁਸ਼ਕਲ ਹੈ ਜਦੋਂ ਤੁਹਾਡੇ ਕੋਲ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਪੈਸੇ ਨਹੀਂ ਹੁੰਦੇ,” ਉਹ ਕਹਿੰਦਾ ਹੈ। “ਫਿਰ ਵੀ, ਜਦੋਂ ਮੈਨੂੰ ਬੇਈਮਾਨ ਹੋਣ ਦਾ ਮੌਕਾ ਮਿਲਦਾ, ਮੈਂ ਆਪਣੇ ਆਪ ਨੂੰ ਅਫ਼ਸੀਆਂ 4:28 ਯਾਦ ਦਿਲਾਉਂਦਾ ਹਾਂ, ਜਿੱਥੇ ਲਿਖਿਆ ਹੈ: ‘ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰੇ।’ ਤਾਂ ਫਿਰ ਜੇਕਰ ਮੈਨੂੰ ਲਾਲਚ ਹੁੰਦਾ ਹੈ, ਮੈਂ ਆਪਣੇ ਆਪ ਨੂੰ ਪੁੱਛਦਾ ਹਾਂ, ‘ਕੀ ਮੈਂ ਇਸ ਪੈਸੇ ਲਈ ਮਿਹਨਤ ਕੀਤੀ ਹੈ?’”
“ਉਦਾਹਰਣ ਲਈ,” ਮਾਇਕਲ ਅੱਗੇ ਕਹਿੰਦਾ, “ਇਕ ਦਿਨ ਜਦ ਮੈਂ ਤੁਰਦਾ ਜਾਂਦਾ ਸੀ, ਮੈਂ ਇਕ ਮੋਟਰ ਸਾਈਕਲ ਦੇ ਪਿੱਛੋਂ ਇਕ ਥੈਲਾ ਡਿੱਗਦਾ ਵੇਖਿਆ। ਮੈਂ ਸਾਈਕਲ ਚਲਾਉਣ ਵਾਲੇ ਨੂੰ ਰੋਕ ਨਾ ਸਕਿਆ, ਇਸ ਕਰਕੇ ਮੈਂ ਥੈਲਾ ਚੁੱਕਿਆ ਅਤੇ ਵੇਖਿਆ ਕਿ ਉਹ ਪੈਸਿਆਂ ਨਾਲ ਭਰਿਆ ਹੋਇਆ ਸੀ! ਥੈਲੇ ਵਿੱਚੋਂ ਨਾਂ ਜਾਣ ਕੇ ਮੈਂ ਉਸ ਦੇ ਮਾਲਕ ਨੂੰ ਲੱਭਿਆ ਅਤੇ ਥੈਲਾ ਵਾਪਸ ਕਰ ਦਿੱਤਾ।”
ਦਿਲਗੀਰੀ ਦਾ ਸਾਮ੍ਹਣਾ ਕਰਨਾ
ਉੱਤਰੀ ਅਫ਼ਰੀਕਾ ਦੇ ਇਕ ਆਦਮੀ ਨੇ ਰਾਇ ਦਿੱਤੀ: “ਗ਼ਰੀਬੀ ਇਕ ਡੂੰਘੇ ਟੋਏ ਵਿਚ ਫਸਣ [ਵਾਂਗ] ਹੈ, ਤੁਸੀਂ ਉੱਪਰ ਰੌਸ਼ਨੀ ਅਤੇ ਲੋਕਾਂ ਨੂੰ ਤੁਰਦੇ ਫਿਰਦੇ ਦੇਖ ਸਕਦੇ ਹੋ, ਪਰ ਤੁਹਾਡੇ ਕੋਲ ਹਾਕ ਮਾਰ ਕੇ ਮਦਦ ਮੰਗਣ ਲਈ ਅਵਾਜ਼ ਨਹੀਂ ਹੈ ਜਾਂ ਕੋਈ ਪੌੜੀ ਨਹੀਂ ਕਿ ਤੁਸੀਂ ਬਾਹਰ ਨਿਕਲ ਸਕੋ।” ਹੈਰਾਨੀ ਦੀ ਕੋਈ ਗੱਲ ਨਹੀਂ ਕਿ ਗ਼ਰੀਬੀ ਅਕਸਰ ਦਿਲਗੀਰੀ ਅਤੇ ਨਿਰਾਸ਼ਤਾ ਲਿਆਉਂਦੀ ਹੈ! ਪਰਮੇਸ਼ੁਰ ਦੇ ਸੇਵਕ ਵੀ ਸ਼ਾਇਦ ਦੂਸਰਿਆਂ ਦੀ ਅਮੀਰੀ ਦੇਖ ਕੇ ਸੋਚਣ ਲੱਗ ਪੈਣ ਕਿ ਖਰਿਆਈ ਦਾ ਜੀਵਨ ਕਿਸੇ ਕੰਮ ਨਹੀਂ ਹੈ। (ਤੁਲਨਾ ਕਰੋ ਜ਼ਬੂਰ 73:2-13.) ਅਜਿਹੇ ਜਜ਼ਬਾਤਾਂ ਦਾ ਵਿਰੋਧ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
ਪੀਟਰ, ਇਕ ਪੱਛਮੀ ਅਫ਼ਰੀਕਾ-ਨਿਵਾਸੀ, 19 ਸਾਲਾਂ ਦੀ ਸਰਕਾਰੀ ਨੌਕਰੀ ਤੋਂ ਬਾਅਦ ਸੇਵਾ-ਮੁਕਤ ਕੀਤਾ ਗਿਆ ਸੀ। ਉਸ ਦਾ ਗੁਜ਼ਾਰਾ ਹੁਣ ਸਿਰਫ਼ ਇਕ ਛੋਟੀ ਜਿਹੀ ਪੈਨਸ਼ਨ ਤੇ ਹੁੰਦਾ ਹੈ। “ਜਦ ਕਦੇ ਮੇਰਾ ਦਿਲ ਹਾਰਦਾ ਹੈ,” ਪੀਟਰ ਕਹਿੰਦਾ, “ਮੈਂ ਆਪਣੇ ਆਪ ਨੂੰ ਉਹ ਚੇਤੇ ਦਿਲਾਉਂਦਾ ਹਾਂ ਜੋ ਮੈਂ ਬਾਈਬਲ ਅਤੇ ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨਾਂ ਵਿਚ ਪੜ੍ਹਿਆ ਹੈ। ਇਹ ਪੁਰਾਣੀ ਵਿਵਸਥਾ ਹੁਣ ਖ਼ਤਮ ਹੋਣ ਵਾਲੀ ਹੈ, ਅਤੇ ਅਸੀਂ ਇਕ ਬਿਹਤਰ ਵਿਵਸਥਾ ਦੀ ਉਡੀਕ ਵਿਚ ਹਾਂ।
“ਨਾਲੇ ਮੈਂ 1 ਪਤਰਸ 5:9 ਬਾਰੇ ਸੋਚਦਾ ਹਾਂ, ਜੋ ਕਹਿੰਦਾ ਹੈ: ‘ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ [ਸ਼ਤਾਨ] ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।’ ਇਸ ਲਈ ਮੈਂ ਇਕੱਲਾ ਹੀ ਮੁਸੀਬਤਾਂ ਨਹੀਂ ਸਹਿ ਰਿਹਾ ਹਾਂ। ਇਹ ਯਾਦ-ਦਹਾਨੀਆਂ ਹੌਸਲਾ ਤੋੜਨ ਵਾਲੇ ਅਤੇ ਨਿਰਾਸ਼ਾਜਨਕ ਖ਼ਿਆਲਾਂ ਨੂੰ ਮਨੋ ਕੱਢਣ ਲਈ ਮੇਰੀ ਮਦਦ ਕਰਦੀਆਂ ਹਨ।”
“ਇਸ ਤੋਂ ਇਲਾਵਾ,” ਪੀਟਰ ਅੱਗੇ ਕਹਿੰਦਾ, “ਜਦ ਯਿਸੂ ਧਰਤੀ ਤੇ ਸੀ ਉਸ ਨੇ ਅਨੇਕ ਚਮਤਕਾਰ ਕੀਤੇ ਸਨ, ਪਰ ਉਸ ਨੇ ਕਿਸੇ ਨੂੰ ਵੀ ਭੌਤਿਕ ਰੂਪ ਵਿਚ ਅਮੀਰ ਨਹੀਂ ਸੀ ਬਣਾਇਆ। ਤਾਂ ਮੈਂ ਉਸ ਵੱਲੋਂ ਦੌਲਤਮੰਦ ਬਣਨ ਦੀ ਆਸ ਕਿਉਂ ਰੱਖਾਂ?”
ਪ੍ਰਾਰਥਨਾ ਦੀ ਸ਼ਕਤੀ
ਪ੍ਰਾਰਥਨਾ ਵਿਚ ਯਹੋਵਾਹ ਪਰਮੇਸ਼ੁਰ ਦੇ ਨਜ਼ਦੀਕ ਹੋਣਾ ਨਕਾਰਾਤਮਕ ਸੋਚਣੀ ਦਾ ਵਿਰੋਧ ਕਰਨ ਦਾ ਇਕ ਹੋਰ ਤਰੀਕਾ ਹੈ। ਮੇਰੀ ਦੇ 1960 ਵਿਚ ਯਹੋਵਾਹ ਦੀ ਗਵਾਹ ਬਣਨ ਤੇ, ਉਸ ਦੇ ਪਰਿਵਾਰ ਨੇ ਉਸ ਨਾਲ ਸੰਬੰਧ ਤੋੜ ਦਿੱਤੇ। ਹੁਣ ਉਹ ਕੁਆਰੀ ਅਤੇ ਉਮਰ ਵਿਚ 50 ਤੋਂ ਉੱਪਰ ਹੈ, ਉਹ ਕਮਜ਼ੋਰ ਹੈ ਅਤੇ ਭੌਤਿਕ ਰੂਪ ਵਿਚ ਉਸ ਕੋਲ ਬਹੁਤ ਕੁਝ ਨਹੀਂ ਹੈ। ਫਿਰ ਵੀ, ਉਹ ਮਸੀਹੀ ਸੇਵਕਾਈ ਵਿਚ ਜੋਸ਼ੀਲੀ ਹੈ।
ਮੇਰੀ ਕਹਿੰਦੀ ਹੈ: “ਜਦੋਂ ਮੇਰਾ ਹੌਸਲਾ ਢਹਿੰਦਾ ਹੈ, ਮੈਂ ਪ੍ਰਾਰਥਨਾ ਵਿਚ ਯਹੋਵਾਹ ਕੋਲ ਜਾਂਦੀ ਹਾਂ। ਮੈਂ ਜਾਣਦੀ ਹਾਂ ਕਿ ਉਹ ਦੇ ਜਿੰਨੀ ਹੋਰ ਕੋਈ ਮੇਰੀ ਮਦਦ ਨਹੀਂ ਕਰ ਸਕਦਾ। ਮੈਂ ਇਹ ਸਿੱਖਿਆ ਹੈ ਕਿ ਜਦੋਂ ਤੁਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋ, ਉਹ ਤੁਹਾਡੀ ਮਦਦ ਕਰਦਾ ਹੈ। ਮੈਂ ਹਮੇਸ਼ਾ ਜ਼ਬੂਰ 37:25 ਤੇ ਪਾਏ ਗਏ ਰਾਜੇ ਦਾਊਦ ਦੇ ਇਹ ਸ਼ਬਦ ਚੇਤੇ ਰੱਖਦੀ ਹਾਂ: ‘ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।’
“ਪਹਿਰਾਬੁਰਜ ਵਿਚ ਦਿੱਤੇ ਗਏ ਬਿਰਧ ਅਧਿਆਤਮਿਕ ਭੈਣਾਂ ਅਤੇ ਭਰਾਵਾਂ ਦੇ ਅਨੁਭਵਾਂ ਤੋਂ ਵੀ ਮੈਂ ਉਤਸ਼ਾਹ ਪਾਉਂਦੀ ਹਾਂ। ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ, ਇਸ ਕਰਕੇ ਮੈਨੂੰ ਪਤਾ ਹੈ ਕਿ ਉਹ ਮੇਰੀ ਵੀ ਮਦਦ ਕਰਦਾ ਰਹੇਗਾ। ਉਹ ਮੇਰੀ ਫੁਫੁ [ਕਸਾਵਾ-ਕੰਦ ਦਾ ਆਟਾ] ਵੇਚਣ ਦੀ ਛੋਟੀ ਜਿਹੀ ਨੌਕਰੀ ਨੂੰ ਬਰਕਤ ਦਿੰਦਾ ਹੈ, ਅਤੇ ਮੈਂ ਰੋਜ਼ ਦਾ ਗੁਜ਼ਾਰਾ ਕਰ ਲੈਂਦੀ ਹਾਂ। ਕਦੇ-ਕਦਾਈਂ ਜਦ ਮੇਰੇ ਕੋਲ ਥੋੜ੍ਹੇ ਹੀ ਪੈਸੇ ਹੁੰਦੇ ਹਨ ਅਤੇ ਮੈਂ ਸੋਚਦੀ ਹਾਂ ਕਿ ਕੀ ਕਰਾਂ, ਯਹੋਵਾਹ ਕਿਸੇ ਨੂੰ ਭੇਜਦਾ ਹੈ ਜੋ ਮੈਨੂੰ ਇਕ ਭੇਟ ਦੇ ਕੇ ਕਹਿੰਦਾ ਹੈ, ‘ਭੈਣ ਜੀ, ਇਹ ਲੈ ਲਵੋ।’ ਯਹੋਵਾਹ ਨੇ ਮੈਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ।”
ਬਾਈਬਲ ਅਧਿਐਨ ਦੀ ਮਹੱਤਤਾ
ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ, ਬਾਈਬਲ ਦੇ ਅਧਿਐਨ ਦੀ ਮਹੱਤਤਾ ਜਾਣਦੇ ਹਨ, ਅਤੇ ਇਸ ਗੱਲ ਵਿਚ ਉਨ੍ਹਾਂ ਵਿਚਲੇ ਗ਼ਰੀਬ ਵਿਅਕਤੀ ਘੱਟ ਨਹੀਂ ਹਨ। ਸੱਠ-ਸਾਲਾ ਜੌਨ ਕਲੀਸਿਯਾ ਵਿਚ ਇਕ ਪਾਇਨੀਅਰ (ਪੂਰਣ-ਕਾਲੀ ਰਾਜ ਪ੍ਰਚਾਰਕ) ਅਤੇ ਸਹਾਇਕ ਸੇਵਕ ਵਜੋਂ ਸੇਵਾ ਕਰਦਾ ਹੈ। ਉਹ ਇਕ ਟੁੱਟੇ-ਫੁੱਟੇ ਦੋ-ਮੰਜ਼ਲੇ ਮਕਾਨ ਵਿਚ 13 ਹੋਰ ਪਰਿਵਾਰਾਂ ਨਾਲ ਰਹਿੰਦਾ ਹੈ। ਉਸ ਦਾ ਕਮਰਾ ਪਹਿਲੀ-ਮੰਜ਼ਲ ਦੇ ਬਰਾਂਡੇ ਦਾ ਇਕ ਹਿੱਸਾ ਹੈ, ਜੋ ਪਲਾਈਵੁੱਡ ਨਾਲ ਵੱਖ ਕੀਤਾ ਹੋਇਆ ਹੈ। ਉਸ ਵਿਚ ਦੋ ਪੁਰਾਣੀਆਂ ਕੁਰਸੀਆਂ ਹਨ ਅਤੇ ਇਕ ਮੇਜ਼ ਜਿਸ ਉੱਤੇ ਬਾਈਬਲ ਅਧਿਐਨ ਸਹਾਇਕ ਸਾਧਨਾਂ ਦਾ ਢੇਰ ਲੱਗਾ ਹੋਇਆ ਹੈ। ਉਹ ਇਕ ਘਾਹ-ਫੂਸ ਦੀ ਚਟਾਈ ਉੱਤੇ ਸੌਂਦਾ ਹੈ।
ਡਬਲਰੋਟੀਆਂ ਵੇਚ ਕੇ ਜੌਨ ਰੋਜ਼ ਇਕ ਡਾਲਰ ਕਮਾਉਂਦਾ ਹੁੰਦਾ ਸੀ, ਪਰ ਜਦੋਂ ਕਣਕ ਦੀ ਦਰਾਮਦ ਤੇ ਪਾਬੰਦੀ ਲੱਗ ਗਈ, ਉਹ ਇਸ ਤੋਂ ਆਪਣੀ ਆਮਦਨ ਖੋਹ ਬੈਠਾ। ਉਹ ਕਹਿੰਦਾ ਹੈ: “ਕਦੀ-ਕਦੀ ਮੈਨੂੰ ਜ਼ਿੰਦਗੀ ਬਹੁਤ ਹੀ ਮੁਸ਼ਕਲ ਲੱਗਦੀ ਹੈ, ਪਰ ਮੈਂ ਪਾਇਨੀਅਰੀ ਕਰੀ ਜਾਂਦਾ ਹਾਂ। ਯਹੋਵਾਹ ਹੀ ਮੈਨੂੰ ਬਚਾਈ ਰੱਖਦਾ ਹੈ। ਮੈਨੂੰ ਜੋ ਵੀ ਕੰਮ ਮਿਲਦਾ ਹੈ ਮੈਂ ਕਰਦਾ ਹਾਂ ਅਤੇ ਰੋਟੀ-ਪਾਣੀ ਜਾਂ ਸਹਾਇਤਾ ਲਈ ਕਿਸੇ ਮਾਨਵ ਵੱਲ ਮੈਂ ਨਹੀਂ ਤੱਕਦਾ, ਹਾਲਾਂਕਿ ਕਲੀਸਿਯਾ ਵਿਚ ਭਰਾ ਬਹੁਤ ਸਹਾਇਤਾ ਕਰਨ ਵਾਲੇ ਹਨ। ਉਹ ਨੌਕਰੀ ਟੋਲਨ ਵਿਚ ਮੇਰੀ ਮਦਦ ਕਰਦੇ ਹਨ ਅਤੇ ਕਦੀ-ਕਦੀ ਮੈਨੂੰ ਪੈਸੇ ਵੀ ਭੇਟ ਵਿਚ ਦੇ ਦਿੰਦੇ ਹਨ।
“ਮੈਂ ਬਾਈਬਲ ਅਤੇ ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨ ਪੜ੍ਹਨ ਲਈ ਵਕਤ ਕੱਢਦਾ ਹਾਂ। ਮੈਂ ਤੜਕੇ ਅਧਿਐਨ ਕਰਦਾ ਹਾਂ ਜਦੋਂ ਘਰ ਸ਼ਾਂਤ ਹੁੰਦਾ ਹੈ ਅਤੇ ਜਦ ਵੀ ਸਾਡੇ ਕੋਲ ਬਿਜਲੀ ਹੁੰਦੀ ਹੈ ਮੈਂ ਰਾਤ ਨੂੰ ਕੁਵੇਲੇ ਪੜ੍ਹਦਾ ਹਾਂ। ਮੈਨੂੰ ਪਤਾ ਹੈ ਕਿ ਮੈਨੂੰ ਆਪਣਾ ਨਿੱਜੀ ਅਧਿਐਨ ਜਾਰੀ ਰੱਖਣਾ ਚਾਹੀਦਾ ਹੈ।”
ਬੱਚਿਆਂ ਨੂੰ ਜੀਵਨ ਲਈ ਸਿਖਲਾਈ ਦੇਣੀ
ਡੈਨਿਅਲ ਦੀ ਬੀਵੀ ਮਰ ਚੁੱਕੀ ਹੈ ਅਤੇ ਉਸ ਦੇ ਛੇ ਬੱਚੇ ਹਨ। 1985 ਵਿਚ, ਉਸ ਦੀ 25 ਸਾਲਾਂ ਦੀ ਨੌਕਰੀ ਛੁੱਟ ਗਈ, ਪਰ ਉਸ ਨੂੰ ਇਕ ਦੁਕਾਨਦਾਰ ਵਜੋਂ ਕੰਮ ਲੱਭ ਪਿਆ। “ਆਰਥਿਕ ਦ੍ਰਿਸ਼ਟੀ ਤੋਂ ਪਰਿਵਾਰ ਲਈ ਜੀਵਨ ਮੁਸ਼ਕਲ ਹੈ,” ਉਹ ਕਹਿੰਦਾ ਹੈ। “ਹੁਣ ਅਸੀਂ ਦਿਨ ਵਿਚ ਸਿਰਫ਼ ਇਕ ਵਾਰ ਖਾ ਸਕਦੇ ਹਾਂ। ਇਕ ਵਾਰ ਅਸੀਂ ਤਿੰਨ ਦਿਨਾਂ ਲਈ ਕੁਝ ਨਹੀਂ ਖਾਧਾ ਸੀ। ਜੀਉਂਦੇ ਰਹਿਣ ਲਈ ਅਸੀਂ ਸਿਰਫ਼ ਪਾਣੀ ਪੀ ਸਕਦੇ ਸੀ।”
ਕਲੀਸਿਯਾ ਵਿਚ ਡੈਨਿਅਲ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ। “ਮੈਂ ਮਸੀਹੀ ਸਭਾਵਾਂ ਤੇ ਹਮੇਸ਼ਾ ਹਾਜ਼ਰ ਹੁੰਦਾ ਹਾਂ, ਅਤੇ ਮੈਂ ਦੈਵ-ਸ਼ਾਸਕੀ ਜ਼ਿੰਮੇਵਾਰੀਆਂ ਵਿਚ ਰੁੱਝਾ ਰਹਿੰਦਾ ਹਾਂ,” ਉਹ ਕਹਿੰਦਾ ਹੈ। “ਜਦ ਕਦੇ ਰਾਜ ਗ੍ਰਹਿ ਤੇ ਕੋਈ ਵੀ ਕੰਮ ਹੁੰਦਾ ਹੈ, ਤਾਂ ਮੈਂ ਨਿਸ਼ਚਿਤ ਕਰਦਾ ਹਾਂ ਕਿ ਮੈਂ ਹਾਜ਼ਰ ਹੋਵਾਂ। ਅਤੇ ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਮੈਂ ਆਪਣੇ ਆਪ ਨੂੰ ਯੂਹੰਨਾ 6:68 ਵਿਚ ਦਰਜ, ਯਿਸੂ ਨੂੰ ਕਹੇ ਗਏ ਪਤਰਸ ਦੇ ਸ਼ਬਦ ਯਾਦ ਦਿਲਾਉਂਦਾ ਹਾਂ: ‘ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ?’ ਜੇ ਮੈਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿਆਂ, ਤਾਂ ਮੈਂ ਕਿੱਥੇ ਜਾਵਾਂਗਾ? ਪੌਲੁਸ ਦੇ ਰੋਮੀਆਂ 8:35-39 ਵਿਚ ਪਾਏ ਗਏ ਸ਼ਬਦ ਮੇਰਾ ਇਰਾਦਾ ਪੱਕਾ ਕਰਦੇ ਹਨ ਕਿਉਂਕਿ ਉਹ ਦਿਖਾਉਂਦੇ ਹਨ ਕਿ ਪਰਮੇਸ਼ੁਰ ਅਤੇ ਮਸੀਹ ਦੇ ਪ੍ਰੇਮ ਤੋਂ ਸਾਨੂੰ ਕੋਈ ਨਹੀਂ ਅੱਡ ਕਰ ਸਕਦਾ। ਇਹ ਹੀ ਰਵੱਈਆ ਮੈਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਉਂਦਾ ਹਾਂ। ਮੈਂ ਉਨ੍ਹਾਂ ਨੂੰ ਹਮੇਸ਼ਾ ਦੱਸਦਾ ਰਹਿੰਦਾ ਹਾਂ ਕਿ ਸਾਨੂੰ ਯਹੋਵਾਹ ਨੂੰ ਕਦੀ ਨਹੀਂ ਛੱਡਣਾ ਚਾਹੀਦਾ।” ਡੈਨਿਅਲ ਦੇ ਜੋਸ਼ ਨੇ ਅਤੇ ਨਾਲ ਹੀ ਨਿਯਮਿਤ ਪਰਿਵਾਰਕ ਬਾਈਬਲ ਅਧਿਐਨ ਨੇ ਉਸ ਦੇ ਬੱਚਿਆਂ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।
ਦੇਣ ਦੀ ਮਨੋਬਿਰਤੀ
ਕੋਈ ਸ਼ਾਇਦ ਸੋਚੇ ਕਿ ਡਾਢੀ ਗ਼ਰੀਬੀ ਵਿਚ ਰਹਿਣ ਵਾਲੇ ਵਿਅਕਤੀ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਮਾਲੀ ਤੌਰ ਤੇ ਬਿਲਕੁਲ ਕੁਝ ਨਹੀਂ ਦੇ ਸਕਦੇ। ਪਰ ਇਹ ਸੱਚ ਨਹੀਂ ਹੈ। (ਤੁਲਨਾ ਕਰੋ ਲੂਕਾ 21:1-4.) ਘਾਨਾ ਦੇ ਕੁਝ ਗਵਾਹ ਜਿਨ੍ਹਾਂ ਦਾ ਮੁੱਖ ਕੰਮ ਗੁਜ਼ਾਰੇ ਦੀ ਖੇਤੀ-ਬਾੜੀ ਹੈ, ਪਰਮੇਸ਼ੁਰ ਦੇ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਜ਼ਮੀਨ ਦੇ ਕੁਝ ਹਿੱਸੇ ਨੂੰ ਵੱਖਰਾ ਰੱਖਦੇ ਹਨ। ਜਦੋਂ ਉਨ੍ਹਾਂ ਦੀ ਜ਼ਮੀਨ ਦੇ ਉਸ ਹਿੱਸੇ ਦੀ ਉਪਜ ਵੇਚੀ ਜਾਂਦੀ ਹੈ, ਪੈਸੇ ਸਿਰਫ਼ ਰਾਜ ਹਿਤਾਂ ਲਈ ਵਰਤੇ ਜਾਂਦੇ ਹਨ, ਜਿਸ ਵਿਚ ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਤੇ ਚੰਦਾ ਦੇਣਾ ਵੀ ਸ਼ਾਮਲ ਹੈ।
ਜੋਨ, ਜੋ ਮੱਧ ਅਫ਼ਰੀਕਾ ਵਿਚ ਰਹਿੰਦੀ ਹੈ, ਇਕ ਪਾਇਨੀਅਰ ਹੈ। ਆਪਣੇ ਅੰਗਮਰੇ ਪਤੀ ਅਤੇ ਚਾਰ ਹੋਰ ਮੁਥਾਜਾਂ ਦੀ ਦੇਖ-ਭਾਲ ਕਰਨ ਲਈ ਉਹ ਡਬਲਰੋਟੀਆਂ ਵੇਚਦੀ ਹੈ। ਜਦੋਂ ਉਸ ਦੀ ਕਲੀਸਿਯਾ ਦੇ ਰਾਜ ਗ੍ਰਹਿ ਨੂੰ ਬੈਂਚਾਂ ਦੀ ਜ਼ਰੂਰਤ ਪਈ, ਜੋਨ ਦੇ ਪਰਿਵਾਰ ਨੇ ਆਪਣੇ ਸਾਰੇ ਪੈਸੇ ਦਾਨ ਕਰਨ ਦਾ ਫ਼ੈਸਲਾ ਕਰ ਲਿਆ। ਇਸ ਕਾਰਨ ਉਨ੍ਹਾਂ ਕੋਲ ਕੁਝ ਵੀ ਨਾ ਬਚਿਆ। ਖ਼ੈਰ, ਅਗਲੇ ਦਿਨ, ਅਚਾਨਕ ਕਿਸੇ ਨੇ ਲੰਮੇ-ਸਮੇਂ ਦਾ ਕਰਜ਼ਾ ਲਾਹ ਦਿੱਤਾ, ਇਸ ਤਰ੍ਹਾਂ ਉਨ੍ਹਾਂ ਨੂੰ ਉਹ ਪੈਸੇ ਮਿਲ ਗਏ ਜਿਸ ਦੀ ਉਨ੍ਹਾਂ ਨੂੰ ਕਦੀ ਉਮੀਦ ਵੀ ਨਹੀਂ ਸੀ!
ਜੋਨ ਖ਼ੁਸ਼ ਰਹਿੰਦੀ ਹੈ ਅਤੇ ਪੈਸਿਆਂ ਬਾਰੇ ਨਾਜਾਇਜ਼ ਫ਼ਿਕਰ ਨਹੀਂ ਕਰਦੀ। “ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਦਸ਼ਾ ਦੱਸ ਦਿੰਦੀ ਹਾਂ, ਅਤੇ ਫਿਰ ਮੈਂ ਖੇਤਰ ਸੇਵਕਾਈ ਵਿਚ ਚਲੀ ਜਾਂਦੀ ਹਾਂ। ਸਾਨੂੰ ਪਤਾ ਹੈ ਕਿ ਇਸ ਰੀਤੀ-ਵਿਵਸਥਾ ਵਿਚ ਬਿਹਤਰ ਸਮੇਂ ਆਉਣ ਦੀ ਕੋਈ ਉਮੀਦ ਨਹੀਂ ਹੈ। ਫਿਰ ਵੀ, ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕਰੇਗਾ।”
ਮਿਹਨਤ ਕਰਨੀ
ਯਹੋਵਾਹ ਦੇ ਗਵਾਹ ਇਕ ਦੂਜੇ ਲਈ ਆਪਣੇ ਪ੍ਰੇਮ ਦੁਆਰਾ ਪਛਾਣੇ ਜਾਂਦੇ ਹਨ। (ਯੂਹੰਨਾ 13:35) ਜਿਨ੍ਹਾਂ ਕੋਲ ਪੈਸੇ ਹਨ ਉਹ ਆਪਣੇ ਲੋੜਵੰਦ ਸੰਗੀ ਮਸੀਹੀਆਂ ਦੀ ਮਦਦ ਕਰਦੇ ਹਨ। ਅਕਸਰ ਇਹ ਇਕ ਭੇਟ ਵਜੋਂ ਹੁੰਦਾ ਹੈ ਅਤੇ ਕਦੀ-ਕਦੀ ਨੌਕਰੀ ਨਾਲ ਸਹਾਇਤਾ ਦੇ ਜ਼ਰੀਏ।
ਮਾਰਕ, ਜੋ ਕਾਂਗੋ ਵਿਚ ਰਹਿੰਦਾ ਹੈ, ਕੋੜ੍ਹ ਦਾ ਰੋਗੀ ਹੈ। ਕੋੜ੍ਹ ਨੇ ਉਸ ਦੇ ਹੱਥਾਂ ਅਤੇ ਪੈਰਾਂ ਨੂੰ ਵਿਗਾੜ ਦਿੱਤਾ ਹੈ। ਇਸ ਕਰਕੇ ਉਹ ਥੰਮ੍ਹੀਆਂ ਦੇ ਆਸਰੇ ਤੁਰਦਾ ਹੈ। ਜਦੋਂ ਮਾਰਕ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਨੇ ਆਪਣੇ ਜੀਵਨ ਵਿਚ ਵੱਡੀਆਂ ਤਬਦੀਲੀਆਂ ਲਿਆਉਣੀਆਂ ਸ਼ੁਰੂ ਕੀਤੀਆਂ। ਖਾਣ ਲਈ ਮੰਗਣ ਦੀ ਬਜਾਇ ਜਿਵੇਂ ਉਹ ਪਹਿਲਾਂ ਕਰਦਾ ਹੁੰਦਾ ਸੀ, ਉਸ ਨੇ ਆਪਣਾ ਖਾਣਾ ਖ਼ੁਦ ਉਗਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕੱਚੀਆਂ ਇੱਟਾਂ ਵੀ ਬਣਾਈਆਂ, ਜੋ ਉਹ ਵੇਚਦਾ ਸੀ।
ਆਪਣੀ ਸਰੀਰਕ ਨਿਰਯੋਗਤਾ ਦੇ ਬਾਵਜੂਦ, ਮਾਰਕ ਨੇ ਮਿਹਨਤ ਕਰਨੀ ਜਾਰੀ ਰੱਖੀ। ਆਖ਼ਰਕਾਰ ਉਸ ਨੇ ਕੁਝ ਜ਼ਮੀਨ ਖ਼ਰੀਦੀ ਅਤੇ ਉਸ ਉੱਤੇ ਇਕ ਸਾਧਾਰਣ ਘਰ ਬਣਾ ਲਿਆ। ਅੱਜ-ਕੱਲ੍ਹ, ਮਾਰਕ ਕਲੀਸਿਯਾ ਦੇ ਬਜ਼ੁਰਗ ਵਜੋਂ ਸੇਵਾ ਕਰਦਾ ਹੈ ਅਤੇ ਉਸ ਸ਼ਹਿਰ ਵਿਚ ਖੂਬ ਸਤਿਕਾਰਿਆ ਜਾਂਦਾ ਜਿੱਥੇ ਉਹ ਰਹਿੰਦਾ ਹੈ। ਹੁਣ ਉਹ ਦੂਸਰੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਦਾ ਹੈ।
ਨਿਰਸੰਦੇਹ, ਕਈਆਂ ਜਗ੍ਹਾਂ ਤੇ ਨੌਕਰੀ ਮਿਲਣੀ ਬਿਲਕੁਲ ਅਸੰਭਵ ਹੈ। ਮੱਧ ਅਫ਼ਰੀਕਾ ਵਿਚ ਵਾਚ ਟਾਵਰ ਸੋਸਾਇਟੀ ਦੇ ਇਕ ਸ਼ਾਖਾ ਦਫ਼ਤਰ ਵਿਚ ਸੇਵਾ ਕਰ ਰਹੇ ਇਕ ਮਸੀਹੀ ਬਜ਼ੁਰਗ ਨੇ ਲਿਖਿਆ: “ਇੱਥੇ ਕਈਆਂ ਭਰਾਵਾਂ ਕੋਲ ਨੌਕਰੀਆਂ ਹੈ ਹੀ ਨਹੀਂ। ਕਈ ਖ਼ੁਦ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਮੁਸ਼ਕਲ ਹੈ। ਅਨੇਕਾਂ ਨੇ ਸੋਚਿਆ ਹੈ ਕੇ ਜਦ ਕੇ ਉਨ੍ਹਾਂ ਨੇ ਮੁਸੀਬਤਾਂ ਤਾਂ ਝੱਲਣੀਆਂ ਹੀ ਹਨ, ਕਿਉਂ ਨਾ ਉਹ ਪਾਇਨੀਅਰ ਸੇਵਕਾਂ ਵਜੋਂ ਸੇਵਾ ਕਰ ਕੇ ਭੌਤਿਕ ਕੁਰਬਾਨੀਆਂ ਕਰਨ। ਕਈਆਂ ਨੇ ਦੇਖਿਆ ਹੈ ਕਿ ਕਿਸੇ ਛੋਟੀ-ਮੋਟੀ ਤਨਖ਼ਾਹ ਵਾਲੀ ਜਾਂ ਤਨਖ਼ਾਹ ਬਗੈਰ ਨੌਕਰੀ ਨਾਲੋਂ ਇੰਜ ਕਰਨ ਨਾਲ ਉਨ੍ਹਾਂ ਨੂੰ ਚੋਖੀਆਂ ਬਰਕਤਾਂ ਮਿਲਦੀਆਂ ਹਨ।”
ਯਹੋਵਾਹ ਆਪਣੇ ਲੋਕਾਂ ਨੂੰ ਬਚਾਈ ਰੱਖਦਾ ਹੈ
ਯਿਸੂ ਮਸੀਹ ਨੇ ਆਪਣੇ ਆਪ ਬਾਰੇ ਕਿਹਾ ਸੀ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਲੂਕਾ 9:58) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਲਿਖਿਆ: “ਇਸ ਘੜੀ ਤੀਕ ਅਸੀਂ ਭੁੱਖੇ, ਤਿਹਾਏ, ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ।”—1 ਕੁਰਿੰਥੀਆਂ 4:11.
ਯਿਸੂ ਅਤੇ ਪੌਲੁਸ ਦੋਹਾਂ ਨੇ ਆਪਣੀ ਸੇਵਕਾਈ ਵਿਚ ਪੂਰੀ ਤਰ੍ਹਾਂ ਲੱਗੇ ਰਹਿਣ ਲਈ ਸੀਮਿਤ ਧਨ-ਸੰਪਤੀ ਵਾਲਾ ਜੀਵਨ ਜੀਉਣਾ ਚੁਣਿਆ ਸੀ। ਕਈ ਵਰਤਮਾਨ ਦਿਨ ਦੇ ਮਸੀਹੀ ਬਿਨਾਂ ਚੁਣੇ ਗ਼ਰੀਬ ਹਨ। ਫਿਰ ਵੀ, ਉਹ ਬਾਈਬਲ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਦੇ ਹਨ ਅਤੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਭਾਲਦੇ ਹਨ। ਉਹ ਜਾਣਦੇ ਹਨ ਕਿ ਉਹ ਯਹੋਵਾਹ ਦੇ ਬਹੁਤ ਪਿਆਰੇ ਹਨ ਜਦ ਕਿ ਉਹ ਆਪਣੇ ਜੀਵਨ ਵਿਚ ਯਿਸੂ ਦੇ ਇਸ ਵਾਅਦੇ ਦੀ ਪੂਰਤੀ ਅਨੁਭਵ ਕਰਦੇ ਹਨ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ [ਭੌਤਿਕ ਵਸਤਾਂ] ਵੀ ਦਿੱਤੀਆਂ ਜਾਣਗੀਆਂ।” (ਮੱਤੀ 6:25-33) ਇਸ ਦੇ ਇਲਾਵਾ, ਯਹੋਵਾਹ ਦੇ ਇਨ੍ਹਾਂ ਗ਼ਰੀਬ ਸੇਵਕਾਂ ਕੋਲ ਸਬੂਤ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ।”—ਕਹਾਉਤਾਂ 10:22.
[ਫੁਟਨੋਟ]
a ਇਸ ਲੇਖ ਵਿਚ ਬਦਲਵੇਂ ਨਾਮ ਇਸਤੇਮਾਲ ਕੀਤੇ ਗਏ ਹਨ।
[ਸਫ਼ੇ 6 ਉੱਤੇ ਤਸਵੀਰ]
ਦੁਨੀਆਂ ਦੇ ਸਾਰੇ ਪਾਸੇ ਲੋਕੀ ਬਾਈਬਲ ਅਧਿਐਨ ਦੀ ਕਦਰ ਕਰਦੇ ਹਨ