-
ਮਾਪਿਓ, ਤੁਹਾਡੀ ਮਿਸਾਲ ਕੀ ਸਿਖਾਉਂਦੀ ਹੈ?ਪਹਿਰਾਬੁਰਜ—1999 | ਜੁਲਾਈ 1
-
-
ਮਾਪਿਓ, ਤੁਹਾਡੀ ਮਿਸਾਲ ਕੀ ਸਿਖਾਉਂਦੀ ਹੈ?
“ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ।”—ਅਫ਼ਸੀਆਂ 5: 1, 2.
1. ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਕਿਸ ਤਰ੍ਹਾਂ ਦੀਆਂ ਹਿਦਾਇਤਾਂ ਦਿੱਤੀਆਂ ਸਨ?
ਯਹੋਵਾਹ ਹੀ ਪਰਿਵਾਰਕ ਪ੍ਰਬੰਧ ਦਾ ਆਰੰਭਕਰਤਾ ਹੈ। ਹਰ ਪਰਿਵਾਰ ਆਪਣੀ ਹੋਂਦ ਲਈ ਉਸ ਦਾ ਦੇਣਦਾਰ ਹੈ ਕਿਉਂਕਿ ਉਸ ਨੇ ਹੀ ਪਹਿਲਾ ਪਰਿਵਾਰ ਬਣਾਇਆ ਸੀ ਅਤੇ ਪਹਿਲੇ ਮਨੁੱਖੀ ਜੋੜੇ ਨੂੰ ਸੰਤਾਨ ਪੈਦਾ ਕਰਨ ਦੀ ਸਮਰਥਾ ਦਿੱਤੀ ਸੀ। (ਅਫ਼ਸੀਆਂ 3: 14, 15) ਉਸ ਨੇ ਆਦਮ ਅਤੇ ਹੱਵਾਹ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਹਿਦਾਇਤਾਂ ਦਿੱਤੀਆਂ ਸਨ। ਅਤੇ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨ ਦੇ ਕਾਫ਼ੀ ਮੌਕੇ ਦਿੱਤੇ ਸਨ। (ਉਤਪਤ 1:28-30; 2:6, 15-22) ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ, ਪਰਿਵਾਰਾਂ ਨੂੰ ਜਿਨ੍ਹਾਂ ਹਾਲਾਤਾਂ ਨਾਲ ਨਿਭਣਾ ਪਿਆ, ਉਹ ਹੋਰ ਵੀ ਗੁੰਝਲਦਾਰ ਹੋ ਗਏ। ਫਿਰ ਵੀ, ਯਹੋਵਾਹ ਨੇ ਪਿਆਰ ਦਿਖਾਉਂਦੇ ਹੋਏ ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਦੀ ਸਹਾਇਤਾ ਨਾਲ ਉਸ ਦੇ ਸੇਵਕ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੇ ਸਨ।
2. (ੳ) ਯਹੋਵਾਹ ਨੇ ਲਿਖਤੀ ਹਿਦਾਇਤਾਂ ਦੇਣ ਦੇ ਨਾਲ-ਨਾਲ ਕਿਨ੍ਹਾਂ ਦੇ ਦੁਆਰਾ ਜ਼ਬਾਨੀ ਹਿਦਾਇਤਾਂ ਵੀ ਦਿੱਤੀਆਂ ਹਨ? (ਅ) ਮਾਪਿਆਂ ਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
2 ਸਾਡਾ ਮਹਾਨ ਸਿੱਖਿਅਕ ਹੋਣ ਦੇ ਨਾਤੇ, ਯਹੋਵਾਹ ਨੇ ਸਾਨੂੰ ਸਿਰਫ਼ ਲਿਖਤੀ ਹਿਦਾਇਤਾਂ ਹੀ ਨਹੀਂ ਦਿੱਤੀਆਂ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਪ੍ਰਾਚੀਨ ਸਮਿਆਂ ਵਿਚ, ਉਸ ਨੇ ਲਿਖਤੀ ਹਿਦਾਇਤਾਂ ਦੇਣ ਦੇ ਨਾਲ-ਨਾਲ ਜਾਜਕਾਂ, ਨਬੀਆਂ ਅਤੇ ਪਰਿਵਾਰ ਦੇ ਸਿਰਾਂ ਦੁਆਰਾ ਜ਼ਬਾਨੀ ਹਿਦਾਇਤਾਂ ਵੀ ਦਿੱਤੀਆਂ। ਉਹ ਅੱਜ ਅਜਿਹੀਆਂ ਜ਼ਬਾਨੀ ਹਿਦਾਇਤਾਂ ਦੇਣ ਲਈ ਕਿਨ੍ਹਾਂ ਨੂੰ ਪ੍ਰਯੋਗ ਕਰ ਰਿਹਾ ਹੈ? ਮਸੀਹੀ ਬਜ਼ੁਰਗਾਂ ਅਤੇ ਮਾਪਿਆਂ ਨੂੰ। ਜੇ ਤੁਸੀਂ ਇਕ ਮਾਤਾ ਜਾਂ ਪਿਤਾ ਹੋ, ਤਾਂ ਕੀ ਤੁਸੀਂ ਯਹੋਵਾਹ ਦੇ ਰਾਹਾਂ ਬਾਰੇ ਆਪਣੇ ਪਰਿਵਾਰ ਨੂੰ ਹਿਦਾਇਤਾਂ ਦੇਣ ਦੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹੋ?—ਕਹਾਉਤਾਂ 6:20-23.
3. ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਿਆ ਦੇਣ ਦੇ ਸੰਬੰਧ ਵਿਚ ਪਰਿਵਾਰ ਦੇ ਸਿਰ ਯਹੋਵਾਹ ਤੋਂ ਕੀ ਸਿੱਖ ਸਕਦੇ ਹਨ?
3 ਪਰਿਵਾਰ ਵਿਚ ਅਜਿਹੀਆਂ ਹਿਦਾਇਤਾਂ ਕਿਵੇਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ? ਇਸ ਬਾਰੇ ਖ਼ੁਦ ਯਹੋਵਾਹ ਨੇ ਇਕ ਨਮੂਨਾ ਕਾਇਮ ਕੀਤਾ ਹੈ। ਉਹ ਸਾਫ਼-ਸਾਫ਼ ਦੱਸਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ ਹੈ, ਅਤੇ ਉਹ ਅਕਸਰ ਹਿਦਾਇਤਾਂ ਨੂੰ ਵਾਰ-ਵਾਰ ਦੁਹਰਾਉਂਦਾ ਹੈ। (ਕੂਚ 20:4, 5; ਬਿਵਸਥਾ ਸਾਰ 4:23, 24; 5:8, 9; 6:14, 15; ਯਹੋਸ਼ੁਆ 24:19, 20) ਉਹ ਵਿਚਾਰ-ਉਕਸਾਊ ਸਵਾਲ ਪੁੱਛਦਾ ਹੈ। (ਅੱਯੂਬ 38:4, 8, 31) ਦ੍ਰਿਸ਼ਟਾਂਤਾਂ ਅਤੇ ਅਸਲੀ ਮਿਸਾਲਾਂ ਦੁਆਰਾ ਉਹ ਸਾਡੀਆਂ ਭਾਵਨਾਵਾਂ ਨੂੰ ਉਕਸਾਉਂਦਾ ਹੈ ਅਤੇ ਸਾਡੇ ਦਿਲਾਂ ਨੂੰ ਢਾਲ਼ਦਾ ਹੈ। (ਉਤਪਤ 15:5; ਦਾਨੀਏਲ 3:1-29) ਮਾਪਿਓ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਹੋ, ਤਾਂ ਕੀ ਤੁਸੀਂ ਇਸ ਨਮੂਨੇ ਉੱਤੇ ਚੱਲਦੇ ਹੋ?
4. ਅਨੁਸ਼ਾਸਨ ਦੇਣ ਦੇ ਸੰਬੰਧ ਵਿਚ ਅਸੀਂ ਯਹੋਵਾਹ ਤੋਂ ਕੀ ਸਿੱਖਦੇ ਹਾਂ, ਅਤੇ ਅਨੁਸ਼ਾਸਨ ਦੇਣਾ ਕਿਉਂ ਜ਼ਰੂਰੀ ਹੈ?
4 ਜੋ ਸਹੀ ਹੈ ਉਸ ਤੇ ਯਹੋਵਾਹ ਦ੍ਰਿੜ੍ਹ ਰਹਿੰਦਾ ਹੈ, ਪਰ ਉਹ ਅਪੂਰਣਤਾ ਦੇ ਪ੍ਰਭਾਵਾਂ ਨੂੰ ਸਮਝਦਾ ਹੈ। ਇਸ ਲਈ ਸਜ਼ਾ ਦੇਣ ਤੋਂ ਪਹਿਲਾਂ, ਉਹ ਅਪੂਰਣ ਮਨੁੱਖਾਂ ਨੂੰ ਸਿਖਾਉਂਦਾ ਹੈ ਅਤੇ ਉਨ੍ਹਾਂ ਨੂੰ ਵਾਰ-ਵਾਰ ਚੇਤਾਵਨੀਆਂ ਦਿੰਦਾ ਹੈ। (ਉਤਪਤ 19:15, 16; ਯਿਰਮਿਯਾਹ 7:23-26) ਜਦੋਂ ਉਹ ਅਨੁਸ਼ਾਸਨ ਦਿੰਦਾ ਹੈ, ਤਾਂ ਉਹ ਸਹੀ ਹੱਦ ਤਕ ਦਿੰਦਾ ਹੈ, ਨਾ ਕਿ ਹੱਦੋਂ ਵੱਧ। (ਜ਼ਬੂਰ 103:10, 11; ਯਸਾਯਾਹ 28:26-29) ਜੇ ਅਸੀਂ ਇਸ ਤਰ੍ਹਾਂ ਆਪਣੇ ਬੱਚਿਆਂ ਨਾਲ ਪੇਸ਼ ਆਉਂਦੇ ਹਾਂ, ਤਾਂ ਇਹ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਅਸੀਂ ਯਹੋਵਾਹ ਨੂੰ ਜਾਣਦੇ ਹਾਂ ਅਤੇ ਇਸ ਕਰਕੇ ਬੱਚਿਆਂ ਲਈ ਵੀ ਉਸ ਨੂੰ ਜਾਣਨਾ ਜ਼ਿਆਦਾ ਆਸਾਨ ਹੋ ਜਾਵੇਗਾ।—ਯਿਰਮਿਯਾਹ 22:16; 1 ਯੂਹੰਨਾ 4:8.
5. ਗੱਲ ਸੁਣਨ ਦੇ ਮਾਮਲੇ ਵਿਚ ਮਾਪੇ ਯਹੋਵਾਹ ਤੋਂ ਕੀ ਸਿੱਖ ਸਕਦੇ ਹਨ?
5 ਹੈਰਾਨੀ ਦੀ ਗੱਲ ਹੈ ਕਿ ਯਹੋਵਾਹ ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਹੈ। ਉਹ ਸਿਰਫ਼ ਹੁਕਮ ਹੀ ਨਹੀਂ ਦਿੰਦਾ। ਉਹ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ਅਸੀਂ ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹੀਏ। (ਜ਼ਬੂਰ 62:8) ਅਤੇ ਜੇ ਅਸੀਂ ਸਹੀ ਭਾਵਨਾਵਾਂ ਪ੍ਰਗਟ ਨਹੀਂ ਕਰਦੇ ਹਾਂ, ਤਾਂ ਉਹ ਸਵਰਗ ਤੋਂ ਗੁੱਸੇ ਵਿਚ ਆ ਕੇ ਸਾਡੀ ਝਾੜਝੰਬ ਨਹੀਂ ਕਰਦਾ ਹੈ। ਉਹ ਧੀਰਜ ਨਾਲ ਸਾਨੂੰ ਸਿਖਾਉਂਦਾ ਹੈ। ਇਸ ਲਈ ਪੌਲੁਸ ਰਸੂਲ ਦੀ ਇਹ ਸਲਾਹ ਕਿੰਨੀ ਢੁਕਵੀਂ ਹੈ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ”! (ਅਫ਼ਸੀਆਂ 4:31–5:1) ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਮਾਪਿਆਂ ਲਈ ਯਹੋਵਾਹ ਕਿੰਨੀ ਵਧੀਆ ਮਿਸਾਲ ਕਾਇਮ ਕਰਦਾ ਹੈ! ਇਹ ਅਜਿਹੀ ਮਿਸਾਲ ਹੈ ਜਿਹੜੀ ਸਾਡੇ ਦਿਲਾਂ ਤਕ ਪਹੁੰਚਦੀ ਹੈ ਅਤੇ ਉਸ ਦੁਆਰਾ ਦਿਖਾਏ ਜੀਵਨ ਦੇ ਰਾਹ ਉੱਤੇ ਚੱਲਣ ਲਈ ਸਾਡੇ ਵਿਚ ਇੱਛਾ ਪੈਦਾ ਕਰਦੀ ਹੈ।
ਮਿਸਾਲ ਦੁਆਰਾ ਪਿਆ ਪ੍ਰਭਾਵ
6. ਮਾਪਿਆਂ ਦਾ ਰਵੱਈਆ ਅਤੇ ਮਿਸਾਲ ਬੱਚਿਆਂ ਉੱਤੇ ਕਿਵੇਂ ਪ੍ਰਭਾਵ ਪਾਉਂਦੇ ਹਨ?
6 ਜ਼ਬਾਨੀ ਹਿਦਾਇਤਾਂ ਦੇ ਨਾਲ-ਨਾਲ, ਬੱਚਿਆਂ ਉੱਤੇ ਦੂਜਿਆਂ ਦੀ ਮਿਸਾਲ ਦਾ ਵੀ ਬਹੁਤ ਪ੍ਰਭਾਵ ਪੈਂਦਾ ਹੈ। ਭਾਵੇਂ ਮਾਪੇ ਪਸੰਦ ਕਰਨ ਜਾਂ ਨਾ ਕਰਨ, ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਨਕਲ ਕਰਨਗੇ। ਮਾਪਿਆਂ ਨੂੰ ਖ਼ੁਸ਼ੀ ਹੋ ਸਕਦੀ ਹੈ—ਕਈ ਵਾਰ ਉਨ੍ਹਾਂ ਨੂੰ ਧੱਕਾ ਵੀ ਲੱਗ ਸਕਦਾ ਹੈ—ਜਦੋਂ ਉਹ ਆਪਣੇ ਬੱਚਿਆਂ ਨੂੰ ਉਹੋ ਗੱਲਾਂ ਕਰਦੇ ਸੁਣਦੇ ਹਨ ਜਿਹੜੀਆਂ ਉਨ੍ਹਾਂ ਨੇ ਖ਼ੁਦ ਕਹੀਆਂ ਸਨ। ਜਦੋਂ ਆਪਣੇ ਆਚਰਣ ਅਤੇ ਰਵੱਈਏ ਦੁਆਰਾ ਮਾਪੇ ਅਧਿਆਤਮਿਕ ਗੱਲਾਂ ਲਈ ਡੂੰਘੀ ਕਦਰ ਦਿਖਾਉਂਦੇ ਹਨ, ਤਾਂ ਇਸ ਦਾ ਬੱਚਿਆਂ ਉੱਤੇ ਚੰਗਾ ਅਸਰ ਪੈਂਦਾ ਹੈ।—ਕਹਾਉਤਾਂ 20:7.
7. ਯਿਫਤਾਹ ਨੇ ਇਕ ਪਿਤਾ ਹੋਣ ਦੇ ਨਾਤੇ, ਆਪਣੀ ਧੀ ਲਈ ਕਿਸ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
7 ਬਾਈਬਲ ਵਿਚ ਵਧੀਆ ਤਰੀਕੇ ਨਾਲ ਮਾਪਿਆਂ ਦੀ ਮਿਸਾਲ ਦੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ। ਯਿਫਤਾਹ, ਜਿਸ ਦੇ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਅੰਮੋਨੀਆਂ ਉੱਤੇ ਜਿੱਤ ਦਿੱਤੀ ਸੀ, ਵੀ ਇਕ ਪਿਤਾ ਸੀ। ਉਸ ਨੇ ਅੰਮੋਨ ਦੇ ਰਾਜੇ ਨੂੰ ਜਵਾਬ ਵਿਚ ਜੋ ਕੁਝ ਕਿਹਾ ਸੀ, ਉਹ ਸੰਕੇਤ ਕਰਦਾ ਹੈ ਕਿ ਯਿਫਤਾਹ ਇਸਰਾਏਲ ਦੇ ਸੰਬੰਧ ਵਿਚ ਯਹੋਵਾਹ ਦੇ ਕੀਤੇ ਕੰਮਾਂ ਦੇ ਇਤਿਹਾਸ ਨੂੰ ਵਾਰ-ਵਾਰ ਪੜ੍ਹਦਾ ਹੁੰਦਾ ਸੀ। ਉਹ ਉਸ ਇਤਿਹਾਸ ਨੂੰ ਆਸਾਨੀ ਨਾਲ ਦੱਸ ਸਕਿਆ ਅਤੇ ਉਸ ਨੇ ਯਹੋਵਾਹ ਵਿਚ ਮਜ਼ਬੂਤ ਨਿਹਚਾ ਦਿਖਾਈ। ਯਕੀਨਨ ਉਸ ਦੀ ਵਧੀਆ ਮਿਸਾਲ ਕਰਕੇ ਹੀ ਉਸ ਦੀ ਧੀ ਵਿਚ ਵੀ ਨਿਹਚਾ ਅਤੇ ਆਤਮ-ਬਲੀਦਾਨ ਦੀ ਭਾਵਨਾ ਵਿਕਸਿਤ ਹੋਈ। ਉਸ ਨੇ ਇਹ ਗੁਣ ਉਦੋਂ ਪ੍ਰਗਟ ਕੀਤੇ ਜਦੋਂ ਉਸ ਨੇ ਯਹੋਵਾਹ ਨੂੰ ਇਕ ਸਮਰਪਿਤ ਕੁਆਰੀ ਔਰਤ ਵਜੋਂ ਪੂਰੀ ਜ਼ਿੰਦਗੀ ਉਸ ਦੀ ਸੇਵਾ ਕਰਨੀ ਪ੍ਰਵਾਨ ਕੀਤੀ।—ਨਿਆਈਆਂ 11:14-27, 34-40. ਯਹੋਸ਼ੁਆ 1:8 ਦੀ ਤੁਲਨਾ ਕਰੋ।
8. (ੳ) ਸਮੂਏਲ ਦੇ ਮਾਪਿਆਂ ਨੇ ਕਿਸ ਤਰ੍ਹਾਂ ਦਾ ਵਧੀਆ ਰਵੱਈਆ ਪ੍ਰਦਰਸ਼ਿਤ ਕੀਤਾ? (ਅ) ਸਮੂਏਲ ਨੂੰ ਇਸ ਦਾ ਕੀ ਲਾਭ ਹੋਇਆ?
8 ਸਮੂਏਲ ਬਚਪਨ ਤੋਂ ਹੀ ਇਕ ਮਿਸਾਲੀ ਬੱਚਾ ਸੀ। ਇਕ ਨਬੀ ਦੇ ਤੌਰ ਤੇ ਉਹ ਪੂਰੀ ਜ਼ਿੰਦਗੀ ਯਹੋਵਾਹ ਦਾ ਵਫ਼ਾਦਾਰ ਰਿਹਾ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਉਸ ਵਾਂਗ ਬਣਨ? ਸਮੂਏਲ ਦੇ ਮਾਤਾ-ਪਿਤਾ, ਹੰਨਾਹ ਅਤੇ ਅਲਕਾਨਾਹ ਦੁਆਰਾ ਕਾਇਮ ਕੀਤੀ ਮਿਸਾਲ ਉੱਤੇ ਵਿਚਾਰ ਕਰੋ। ਭਾਵੇਂ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ, ਪਰ ਉਹ ਨਿਯਮਿਤ ਤੌਰ ਤੇ ਸ਼ੀਲੋਹ ਵਿਚ ਉਪਾਸਨਾ ਕਰਨ ਲਈ ਜਾਂਦੇ ਸਨ, ਜਿੱਥੇ ਪਵਿੱਤਰ ਡੇਹਰਾ ਸਥਿਤ ਸੀ। (1 ਸਮੂਏਲ 1:3-8, 21) ਹੰਨਾਹ ਨੇ ਜਿਨ੍ਹਾਂ ਭਾਵਨਾਵਾਂ ਨਾਲ ਪ੍ਰਾਰਥਨਾ ਕੀਤੀ, ਉਨ੍ਹਾਂ ਦੀ ਗਹਿਰਾਈ ਵੱਲ ਧਿਆਨ ਦਿਓ। (1 ਸਮੂਏਲ 1:9-13) ਦੇਖੋ ਕਿ ਉਨ੍ਹਾਂ ਦੋਵਾਂ ਨੇ ਪਰਮੇਸ਼ੁਰ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਦੀ ਮਹੱਤਤਾ ਬਾਰੇ ਕਿਵੇਂ ਮਹਿਸੂਸ ਕੀਤਾ। (1 ਸਮੂਏਲ 1:22-28) ਯਕੀਨਨ ਉਨ੍ਹਾਂ ਦੀ ਵਧੀਆ ਮਿਸਾਲ ਨੇ ਸਮੂਏਲ ਵਿਚ ਵੀ ਇਹੋ ਗੁਣ ਪੈਦਾ ਕੀਤੇ, ਜਿਨ੍ਹਾਂ ਕਰਕੇ ਉਹ ਸਹੀ ਰਾਹ ਉੱਤੇ ਚੱਲ ਸਕਿਆ—ਉਦੋਂ ਵੀ ਜਦੋਂ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ, ਜਿਹੜੇ ਯਹੋਵਾਹ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਸਨ, ਪਰਮੇਸ਼ੁਰ ਦੇ ਰਾਹਾਂ ਲਈ ਕੋਈ ਕਦਰ ਨਹੀਂ ਦਿਖਾਈ। ਸਮਾਂ ਆਉਣ ਤੇ, ਯਹੋਵਾਹ ਨੇ ਸਮੂਏਲ ਨੂੰ ਆਪਣਾ ਨਬੀ ਬਣਾਇਆ।—1 ਸਮੂਏਲ 2:11, 12; 3:1-21.
9. (ੳ) ਘਰ ਵਿਚ ਕਿਨ੍ਹਾਂ ਦਾ ਤਿਮੋਥਿਉਸ ਉੱਤੇ ਚੰਗਾ ਪ੍ਰਭਾਵ ਪਿਆ? (ਅ) ਤਿਮੋਥਿਉਸ ਕਿਸ ਤਰ੍ਹਾਂ ਦਾ ਇਨਸਾਨ ਬਣਿਆ?
9 ਕੀ ਤੁਸੀਂ ਚਾਹੋਗੇ ਕਿ ਤੁਹਾਡਾ ਬੱਚਾ ਤਿਮੋਥਿਉਸ ਵਰਗਾ ਬਣੇ, ਜੋ ਜਵਾਨੀ ਵਿਚ ਹੀ ਪੌਲੁਸ ਰਸੂਲ ਦਾ ਸਾਥੀ ਬਣਿਆ? ਤਿਮੋਥਿਉਸ ਦਾ ਪਿਤਾ ਵਿਸ਼ਵਾਸੀ ਨਹੀਂ ਸੀ, ਪਰ ਉਸ ਦੀ ਮਾਂ ਅਤੇ ਉਸ ਦੀ ਨਾਨੀ ਨੇ ਅਧਿਆਤਮਿਕ ਚੀਜ਼ਾਂ ਲਈ ਕਦਰ ਦਿਖਾਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ। ਯਕੀਨਨ ਇਸੇ ਮਿਸਾਲ ਨੇ ਹੀ ਤਿਮੋਥਿਉਸ ਨੂੰ ਇਕ ਮਸੀਹੀ ਵਜੋਂ ਜੀਵਨ ਬਤੀਤ ਕਰਨ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਹੋਵੇਗਾ। ਸਾਨੂੰ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਯੂਨਿਕਾ ਅਤੇ ਉਸ ਦੀ ਨਾਨੀ ਲੋਇਸ ਦੀ ‘ਨਿਹਚਾ ਨਿਸ਼ਕਪਟ’ ਸੀ। ਮਸੀਹੀਆਂ ਵਜੋਂ ਉਨ੍ਹਾਂ ਨੇ ਕਦੀ ਪਖੰਡ ਨਹੀਂ ਕੀਤਾ, ਪਰ ਉਨ੍ਹਾਂ ਨੇ ਸੱਚ-ਮੁੱਚ ਉਨ੍ਹਾਂ ਗੱਲਾਂ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਜਿਨ੍ਹਾਂ ਵਿਚ ਵਿਸ਼ਵਾਸ ਕਰਨ ਦਾ ਉਹ ਦਾਅਵਾ ਕਰਦੀਆਂ ਸਨ ਅਤੇ ਉਨ੍ਹਾਂ ਨੇ ਤਿਮੋਥਿਉਸ ਨੂੰ ਵੀ ਇਸੇ ਤਰ੍ਹਾਂ ਕਰਨਾ ਸਿਖਾਇਆ। ਤਿਮੋਥਿਉਸ ਨੇ ਸਾਬਤ ਕੀਤਾ ਕਿ ਉਸ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ ਅਤੇ ਉਹ ਸੱਚ-ਮੁੱਚ ਦੂਸਰਿਆਂ ਦੇ ਭਲੇ ਦੀ ਪਰਵਾਹ ਕਰਦਾ ਸੀ।—2 ਤਿਮੋਥਿਉਸ 1:5; ਫ਼ਿਲਿੱਪੀਆਂ 2:20-22.
10. (ੳ) ਘਰੋਂ ਬਾਹਰ ਕਿਨ੍ਹਾਂ ਦੀਆਂ ਮਿਸਾਲਾਂ ਸਾਡੇ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ? (ਅ) ਜਦੋਂ ਸਾਡੇ ਬੱਚਿਆਂ ਦੀ ਬੋਲੀ ਜਾਂ ਰਵੱਈਏ ਵਿਚ ਇਨ੍ਹਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
10 ਸਾਡੇ ਬੱਚਿਆਂ ਉੱਤੇ ਸਿਰਫ਼ ਘਰ ਦੇ ਮੈਂਬਰਾਂ ਦੀਆਂ ਮਿਸਾਲਾਂ ਦਾ ਹੀ ਪ੍ਰਭਾਵ ਨਹੀਂ ਪੈਂਦਾ ਹੈ। ਉਨ੍ਹਾਂ ਉੱਤੇ ਹੋਰ ਲੋਕਾਂ ਦਾ ਵੀ ਪ੍ਰਭਾਵ ਪੈਂਦਾ ਹੈ, ਜਿਵੇਂ ਕਿ ਦੂਸਰੇ ਬੱਚਿਆਂ ਦਾ ਪ੍ਰਭਾਵ, ਜਿਨ੍ਹਾਂ ਨਾਲ ਉਹ ਸਕੂਲ ਵਿਚ ਪੜ੍ਹਦੇ ਹਨ; ਅਧਿਆਪਕਾਂ ਦਾ ਪ੍ਰਭਾਵ, ਜਿਨ੍ਹਾਂ ਦਾ ਕੰਮ ਛੋਟੇ-ਛੋਟੇ ਮਨਾਂ ਨੂੰ ਢਾਲ਼ਣਾ ਹੈ; ਉਨ੍ਹਾਂ ਲੋਕਾਂ ਦਾ ਪ੍ਰਭਾਵ ਜਿਹੜੇ ਦ੍ਰਿੜ੍ਹਤਾ ਨਾਲ ਮਹਿਸੂਸ ਕਰਦੇ ਹਨ ਕਿ ਹਰੇਕ ਨੂੰ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮਾਜਕ ਜਾਂ ਖ਼ਾਨਦਾਨੀ ਰਸਮਾਂ ਨੂੰ ਮੰਨਣਾ ਚਾਹੀਦਾ ਹੈ; ਖੇਡ ਜਗਤ ਦੇ ਸਿਤਾਰਿਆਂ ਦਾ ਪ੍ਰਭਾਵ ਜਿਨ੍ਹਾਂ ਦੀਆਂ ਪ੍ਰਾਪਤੀਆਂ ਦੀ ਦੂਰ-ਦੂਰ ਤਕ ਪ੍ਰਸ਼ੰਸਾ ਕੀਤੀ ਜਾਂਦੀ ਹੈ; ਅਤੇ ਸਰਕਾਰੀ ਅਧਿਕਾਰੀਆਂ ਦਾ ਪ੍ਰਭਾਵ ਜਿਨ੍ਹਾਂ ਦੇ ਚਾਲ-ਚਲਣ ਨੂੰ ਖ਼ਬਰਾਂ ਵਿਚ ਦਿਖਾਇਆ ਜਾਂਦਾ ਹੈ। ਕਰੋੜਾਂ ਬੱਚੇ ਲੜਾਈ ਦੀ ਬੇਰਹਿਮੀ ਨੂੰ ਵੀ ਦੇਖਦੇ ਹਨ। ਤਾਂ ਫਿਰ, ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਜੇ ਸਾਡੇ ਬੱਚਿਆਂ ਦੀ ਬੋਲੀ ਜਾਂ ਰਵੱਈਏ ਵਿਚ ਇਨ੍ਹਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ? ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਉਨ੍ਹਾਂ ਦੀ ਕੁਰਖਤੀ ਨਾਲ ਝਾੜਝੰਬ ਕਰਨ ਜਾਂ ਉਨ੍ਹਾਂ ਨੂੰ ਸਖ਼ਤੀ ਨਾਲ ਭਾਸ਼ਣ ਦੇ ਕੇ ਝਾੜਨ ਨਾਲ ਸਮੱਸਿਆ ਹੱਲ ਹੋ ਜਾਵੇਗੀ? ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਛੇਤੀ ਗੁੱਸੇ ਹੋਣ ਦੀ ਬਜਾਇ, ਕੀ ਆਪਣੇ ਆਪ ਤੋਂ ਇਹ ਪੁੱਛਣਾ ਚੰਗਾ ਨਹੀਂ, ‘ਕੀ ਯਹੋਵਾਹ ਦੇ ਸਾਡੇ ਨਾਲ ਵਰਤਾਉ ਕਰਨ ਦੇ ਤਰੀਕੇ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ ਕਿ ਸਾਨੂੰ ਇਸ ਹਾਲਾਤ ਨਾਲ ਕਿਵੇਂ ਨਿਭਣਾ ਚਾਹੀਦਾ ਹੈ?’—ਰੋਮੀਆਂ 2:4 ਦੀ ਤੁਲਨਾ ਕਰੋ।
11. ਜਦੋਂ ਮਾਪੇ ਗ਼ਲਤੀਆਂ ਕਰਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਦੇ ਰਵੱਈਏ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਹੈ?
11 ਨਿਰਸੰਦੇਹ, ਅਪੂਰਣ ਮਾਪੇ ਅਜਿਹੇ ਹਾਲਾਤਾਂ ਦਾ ਹਮੇਸ਼ਾ ਬਿਲਕੁਲ ਸਹੀ ਢੰਗ ਨਾਲ ਸਾਮ੍ਹਣਾ ਨਹੀਂ ਕਰਨਗੇ। ਉਹ ਗ਼ਲਤੀਆਂ ਕਰਨਗੇ। ਜਦੋਂ ਬੱਚੇ ਇਹ ਦੇਖਦੇ ਹਨ, ਤਾਂ ਕੀ ਇਸ ਨਾਲ ਮਾਪਿਆਂ ਲਈ ਉਨ੍ਹਾਂ ਦਾ ਆਦਰ ਘੱਟ ਜਾਵੇਗਾ? ਉਨ੍ਹਾਂ ਦਾ ਆਦਰ ਘੱਟ ਸਕਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਮਾਪੇ ਸਖ਼ਤੀ ਨਾਲ ਆਪਣਾ ਅਧਿਕਾਰ ਜਤਾਉਂਦੇ ਹੋਏ ਆਪਣੀਆਂ ਗ਼ਲਤੀਆਂ ਦੀ ਸਫ਼ਾਈ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਦਾ ਸਿੱਟਾ ਬਿਲਕੁਲ ਵੱਖਰਾ ਨਿਕਲ ਸਕਦਾ ਹੈ ਜੇਕਰ ਮਾਪੇ ਨਿਮਰ ਹੁੰਦੇ ਹਨ ਅਤੇ ਬੇਝਿਜਕ ਆਪਣੀਆਂ ਗ਼ਲਤੀਆਂ ਨੂੰ ਮੰਨ ਲੈਂਦੇ ਹਨ। ਇਸ ਤਰ੍ਹਾਂ ਉਹ ਆਪਣੇ ਬੱਚਿਆਂ ਲਈ ਇਕ ਵਧੀਆ ਮਿਸਾਲ ਕਾਇਮ ਕਰ ਸਕਦੇ ਹਨ, ਜਿਨ੍ਹਾਂ ਨੂੰ ਵੀ ਆਪਣੀਆਂ ਗ਼ਲਤੀਆਂ ਨੂੰ ਮੰਨਣਾ ਸਿੱਖਣਾ ਚਾਹੀਦਾ ਹੈ।—ਯਾਕੂਬ 4:6.
ਸਾਡੀ ਮਿਸਾਲ ਜੋ ਸਿਖਾ ਸਕਦੀ ਹੈ
12, 13. (ੳ) ਬੱਚਿਆਂ ਨੂੰ ਪ੍ਰੇਮ ਬਾਰੇ ਕੀ ਸਿੱਖਣ ਦੀ ਲੋੜ ਹੈ ਅਤੇ ਇਹ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਸਿਖਾਇਆ ਜਾ ਸਕਦਾ ਹੈ? (ਅ) ਬੱਚਿਆਂ ਲਈ ਪ੍ਰੇਮ ਬਾਰੇ ਸਿੱਖਣਾ ਮਹੱਤਵਪੂਰਣ ਕਿਉਂ ਹੈ?
12 ਜਦੋਂ ਜ਼ਬਾਨੀ ਹਿਦਾਇਤਾਂ ਦੇਣ ਦੇ ਨਾਲ-ਨਾਲ ਵਧੀਆ ਮਿਸਾਲ ਵੀ ਕਾਇਮ ਕੀਤੀ ਜਾਂਦੀ ਹੈ, ਤਾਂ ਬਹੁਤ ਸਾਰੇ ਬਹੁਮੁੱਲੇ ਸਬਕ ਪ੍ਰਭਾਵਸ਼ਾਲੀ ਢੰਗ ਨਾਲ ਸਿਖਾਏ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਸਬਕਾਂ ਉੱਤੇ ਵਿਚਾਰ ਕਰੋ।
13 ਨਿਰਸੁਆਰਥ ਪ੍ਰੇਮ ਦਿਖਾਉਣਾ: ਮਿਸਾਲ ਦੁਆਰਾ ਦਿੱਤਾ ਜਾਣ ਵਾਲਾ ਇਕ ਸਭ ਤੋਂ ਮਹੱਤਵਪੂਰਣ ਸਬਕ ਹੈ ਪ੍ਰੇਮ ਦਾ ਅਰਥ ਸਮਝਾਉਣਾ। “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ [ਪਰਮੇਸ਼ੁਰ] ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਉਹ ਪ੍ਰੇਮ ਦਾ ਸੋਮਾ ਅਤੇ ਉੱਤਮ ਮਿਸਾਲ ਹੈ। ਸਿਧਾਂਤਾਂ ਉੱਤੇ ਆਧਾਰਿਤ ਇਸ ਪ੍ਰੇਮ, ਅਗਾਪੇ, ਦਾ ਜ਼ਿਕਰ ਬਾਈਬਲ ਵਿਚ 100 ਤੋਂ ਜ਼ਿਆਦਾ ਵਾਰ ਕੀਤਾ ਗਿਆ ਹੈ। ਪ੍ਰੇਮ ਉਹ ਗੁਣ ਹੈ ਜੋ ਸੱਚੇ ਮਸੀਹੀਆਂ ਦੀ ਪਛਾਣ ਕਰਾਉਂਦਾ ਹੈ। (ਯੂਹੰਨਾ 13:35) ਸਾਨੂੰ ਅਜਿਹਾ ਪ੍ਰੇਮ ਪਰਮੇਸ਼ੁਰ ਅਤੇ ਯਿਸੂ ਮਸੀਹ ਲਈ ਅਤੇ ਦੂਸਰੇ ਇਨਸਾਨਾਂ ਲਈ ਵੀ ਦਿਖਾਉਣਾ ਚਾਹੀਦਾ ਹੈ—ਇੱਥੋਂ ਤਕ ਕਿ ਉਨ੍ਹਾਂ ਇਨਸਾਨਾਂ ਲਈ ਵੀ ਜਿਨ੍ਹਾਂ ਨੂੰ ਅਸੀਂ ਖ਼ਾਸ ਪਸੰਦ ਨਹੀਂ ਕਰਦੇ ਹਾਂ। (ਮੱਤੀ 5:44, 45; 1 ਯੂਹੰਨਾ 5:3) ਇਸ ਤੋਂ ਪਹਿਲਾਂ ਕਿ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾ ਸਕੀਏ, ਇਹ ਪ੍ਰੇਮ ਸਾਡੇ ਦਿਲਾਂ ਵਿਚ ਹੋਣਾ ਚਾਹੀਦਾ ਹੈ ਅਤੇ ਸਾਡੀਆਂ ਜ਼ਿੰਦਗੀਆਂ ਵਿਚ ਨਜ਼ਰ ਆਉਣਾ ਚਾਹੀਦਾ ਹੈ। ਗੱਲਾਂ ਨਾਲੋਂ ਕੰਮਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। ਪਰਿਵਾਰ ਦੇ ਅੰਦਰ, ਬੱਚਿਆਂ ਨੂੰ ਪ੍ਰੇਮ ਅਤੇ ਇਸ ਵਰਗੇ ਹੋਰ ਗੁਣ ਜਿਵੇਂ ਕਿ ਸਨੇਹ, ਦੇਖਣ ਅਤੇ ਅਨੁਭਵ ਕਰਨ ਦੀ ਲੋੜ ਹੈ। ਇਨ੍ਹਾਂ ਤੋਂ ਬਿਨਾਂ, ਬੱਚੇ ਦਾ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ਤੇ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ ਹੈ। ਬੱਚਿਆਂ ਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਸੰਗੀ ਮਸੀਹੀਆਂ ਪ੍ਰਤੀ ਪ੍ਰੇਮ ਅਤੇ ਮੋਹ ਕਿਵੇਂ ਢੁਕਵੇਂ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ।—ਰੋਮੀਆਂ 12:10; 1 ਪਤਰਸ 3:8.
14. (ੳ) ਬੱਚਿਆਂ ਨੂੰ ਚੰਗੀ ਤਰ੍ਹਾਂ ਤਸੱਲੀਬਖ਼ਸ਼ ਕੰਮ ਕਰਨਾ ਕਿਵੇਂ ਸਿਖਾਇਆ ਜਾ ਸਕਦਾ ਹੈ? (ਅ) ਤੁਹਾਡੇ ਪਰਿਵਾਰ ਵਿਚ ਇਹ ਕਿਵੇਂ ਕੀਤਾ ਜਾ ਸਕਦਾ ਹੈ?
14 ਕੰਮ ਕਰਨਾ ਸਿੱਖਣਾ: ਕੰਮ ਜ਼ਿੰਦਗੀ ਦਾ ਇਕ ਬੁਨਿਆਦੀ ਪਹਿਲੂ ਹੈ। ਆਪਣੇ ਆਪ ਨੂੰ ਕਾਬਲ ਮਹਿਸੂਸ ਕਰਨ ਲਈ, ਇਕ ਵਿਅਕਤੀ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਚੰਗੀ ਤਰ੍ਹਾਂ ਕੰਮ ਕਿਵੇਂ ਕਰਨਾ ਹੈ। (ਉਪਦੇਸ਼ਕ ਦੀ ਪੋਥੀ 2:24; 2 ਥੱਸਲੁਨੀਕੀਆਂ 3:10) ਜੇ ਇਕ ਬੱਚੇ ਨੂੰ ਬਿਨਾਂ ਕੁਝ ਸਮਝਾਏ ਕੋਈ ਕੰਮ ਕਰਨ ਲਈ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਕੰਮ ਨਾ ਕਰਨ ਲਈ ਝਿੜਕਿਆ ਜਾਂਦਾ ਹੈ ਤਾਂ ਉਹ ਸ਼ਾਇਦ ਕਦੀ ਵੀ ਚੰਗੀ ਤਰ੍ਹਾਂ ਕੰਮ ਕਰਨਾ ਨਾ ਸਿੱਖ ਸਕੇ। ਪਰ ਜਦੋਂ ਬੱਚੇ ਆਪਣੇ ਮਾਪਿਆਂ ਨਾਲ ਕੰਮ ਕਰ ਕੇ ਸਿੱਖਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਲਈ ਤਸੱਲੀਬਖ਼ਸ਼ ਕੰਮ ਕਰਨਾ ਸਿੱਖਣਾ ਸੰਭਵ ਹੋ ਜਾਂਦਾ ਹੈ। ਜਦੋਂ ਮਾਪਿਆਂ ਦੀ ਮਿਸਾਲ ਦੇ ਨਾਲ-ਨਾਲ ਕਿਸੇ ਕੰਮ ਨੂੰ ਕਰਨ ਬਾਰੇ ਹਿਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ, ਤਾਂ ਬੱਚਾ ਸਿਰਫ਼ ਇਹੀ ਨਹੀਂ ਸਿੱਖੇਗਾ ਕਿ ਕੰਮ ਕਿਸ ਤਰ੍ਹਾਂ ਕਰਨਾ ਹੈ, ਬਲਕਿ ਉਹ ਮੁਸ਼ਕਲਾਂ ਨੂੰ ਹੱਲ ਕਰਨਾ, ਕਿਸੇ ਕੰਮ ਨੂੰ ਅਧੂਰਾ ਨਾ ਛੱਡਣਾ ਅਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰਨਾ ਵੀ ਸਿੱਖ ਜਾਵੇਗਾ। ਇਕੱਠੇ ਕੰਮ ਕਰਦੇ ਸਮੇਂ, ਉਨ੍ਹਾਂ ਨੂੰ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਦਿੱਤੀ ਜਾ ਸਕਦੀ ਹੈ ਕਿ ਯਹੋਵਾਹ ਵੀ ਕੰਮ ਕਰਦਾ ਹੈ, ਉਹ ਚੰਗੀ ਤਰ੍ਹਾਂ ਕੰਮ ਕਰਦਾ ਹੈ ਅਤੇ ਯਿਸੂ ਆਪਣੇ ਪਿਤਾ ਦੀ ਮਿਸਾਲ ਦੀ ਨਕਲ ਕਰਦਾ ਹੈ। (ਉਤਪਤ 1:31; ਕਹਾਉਤਾਂ 8:27-31; ਯੂਹੰਨਾ 5:17) ਜੇ ਇਕ ਪਰਿਵਾਰ ਖੇਤੀ ਕਰਦਾ ਹੈ ਜਾਂ ਕੋਈ ਕਾਰੋਬਾਰ ਕਰਦਾ ਹੈ, ਤਾਂ ਪਰਿਵਾਰ ਦੇ ਕੁਝ ਮੈਂਬਰ ਇਕੱਠੇ ਕੰਮ ਕਰ ਸਕਦੇ ਹਨ। ਜਾਂ ਮਾਂ ਆਪਣੇ ਪੁੱਤਰ ਜਾਂ ਧੀ ਨੂੰ ਖਾਣਾ ਬਣਾਉਣਾ ਅਤੇ ਖਾਣਾ ਖਾਣ ਤੋਂ ਬਾਅਦ ਸਫ਼ਾਈ ਕਰਨੀ ਸਿਖਾ ਸਕਦੀ ਹੈ। ਜੇ ਪਿਤਾ ਘਰ ਤੋਂ ਦੂਰ ਕੰਮ ਕਰਦਾ ਹੈ, ਤਾਂ ਉਹ ਘਰ ਵਿਚ ਆਪਣੇ ਬੱਚਿਆਂ ਨਾਲ ਕੋਈ ਕੰਮ ਕਰਨ ਦੀ ਯੋਜਨਾ ਬਣਾ ਸਕਦਾ ਹੈ। ਇਸ ਦਾ ਕਿੰਨਾ ਫ਼ਾਇਦਾ ਹੁੰਦਾ ਹੈ ਜਦੋਂ ਮਾਪੇ ਨਾ ਸਿਰਫ਼ ਫ਼ੌਰੀ ਕੰਮ ਖ਼ਤਮ ਕਰਨ ਬਾਰੇ ਸੋਚਦੇ ਹਨ ਬਲਕਿ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਆਪਣੇ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਹਨ!
15. ਨਿਹਚਾ ਦੇ ਸਬਕ ਕਿਵੇਂ ਸਿਖਾਏ ਜਾ ਸਕਦੇ ਹਨ? ਮਿਸਾਲ ਦੇ ਕੇ ਸਮਝਾਓ।
15 ਮੁਸੀਬਤ ਵਿਚ ਵੀ ਨਿਹਚਾ ਕਾਇਮ ਰੱਖਣੀ: ਨਿਹਚਾ ਵੀ ਸਾਡੀਆਂ ਜ਼ਿੰਦਗੀਆਂ ਦਾ ਇਕ ਮਹੱਤਵਪੂਰਣ ਪਹਿਲੂ ਹੈ। ਜਦੋਂ ਪਰਿਵਾਰਕ ਅਧਿਐਨ ਵਿਚ ਨਿਹਚਾ ਉੱਤੇ ਚਰਚਾ ਕੀਤੀ ਜਾਂਦੀ ਹੈ, ਤਾਂ ਬੱਚੇ ਇਸ ਨੂੰ ਪਰਿਭਾਸ਼ਿਤ ਕਰਨਾ ਸਿੱਖਦੇ ਹਨ। ਉਹ ਸ਼ਾਇਦ ਉਨ੍ਹਾਂ ਸਬੂਤਾਂ ਪ੍ਰਤੀ ਵੀ ਸਚੇਤ ਹੋ ਜਾਣ ਜਿਨ੍ਹਾਂ ਕਰਕੇ ਉਨ੍ਹਾਂ ਦੇ ਦਿਲਾਂ ਵਿਚ ਨਿਹਚਾ ਪੈਦਾ ਹੋਣ ਲੱਗਦੀ ਹੈ। ਪਰ ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਔਖੇ ਪਰਤਾਵਿਆਂ ਵਿਚ ਵੀ ਦ੍ਰਿੜ੍ਹ ਨਿਹਚਾ ਰੱਖਦੇ ਹਨ, ਤਾਂ ਇਸ ਦਾ ਉਨ੍ਹਾਂ ਉੱਤੇ ਸਥਾਈ ਪ੍ਰਭਾਵ ਪੈਂਦਾ ਹੈ। ਪਨਾਮਾ ਵਿਚ ਇਕ ਬਾਈਬਲ ਵਿਦਿਆਰਥਣ ਨੂੰ ਉਸ ਦਾ ਪਤੀ ਧਮਕਾਉਂਦਾ ਸੀ ਕਿ ਜੇ ਉਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ, ਤਾਂ ਉਹ ਉਸ ਨੂੰ ਘਰੋਂ ਕੱਢ ਦੇਵੇਗਾ। ਪਰ ਉਹ ਨਿਯਮਿਤ ਤੌਰ ਤੇ ਆਪਣੇ ਚਾਰ ਛੋਟੇ ਬੱਚਿਆਂ ਨਾਲ ਸਭ ਤੋਂ ਨੇੜੇ ਦੇ ਰਾਜ-ਗ੍ਰਹਿ ਨੂੰ ਜਾਣ ਲਈ 16 ਕਿਲੋਮੀਟਰ ਪੈਦਲ ਚੱਲਦੀ ਅਤੇ ਫਿਰ ਬੱਸ ਰਾਹੀਂ ਹੋਰ 30 ਕਿਲੋਮੀਟਰ ਸਫ਼ਰ ਕਰਦੀ। ਉਸ ਦੀ ਮਿਸਾਲ ਤੋਂ ਉਤਸ਼ਾਹਿਤ ਹੋ ਕੇ ਉਸ ਦੇ ਪਰਿਵਾਰ ਦੇ ਕੁਝ 20 ਮੈਂਬਰਾਂ ਨੇ ਸੱਚਾਈ ਦੇ ਰਾਹ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ।
ਹਰ ਰੋਜ਼ ਬਾਈਬਲ ਪੜ੍ਹਨ ਵਿਚ ਮਿਸਾਲ ਕਾਇਮ ਕਰੋ
16. ਹਰ ਰੋਜ਼ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
16 ਇਕ ਬਹੁਤ ਹੀ ਲਾਭਦਾਇਕ ਦਸਤੂਰ ਜੋ ਕੋਈ ਵੀ ਪਰਿਵਾਰ ਸਥਾਪਿਤ ਕਰ ਸਕਦਾ ਹੈ ਉਹ ਹੈ ਨਿਯਮਿਤ ਤੌਰ ਤੇ ਬਾਈਬਲ ਪੜ੍ਹਨੀ। ਇਹ ਅਜਿਹਾ ਦਸਤੂਰ ਹੈ ਜੋ ਮਾਪਿਆਂ ਲਈ ਫ਼ਾਇਦੇਮੰਦ ਹੋਵੇਗਾ ਅਤੇ ਬੱਚਿਆਂ ਲਈ ਇਕ ਚੰਗੀ ਮਿਸਾਲ ਹੋਵੇਗਾ। ਜੇ ਸੰਭਵ ਹੋਵੇ, ਤਾਂ ਹਰ ਰੋਜ਼ ਬਾਈਬਲ ਦਾ ਕੁਝ ਹਿੱਸਾ ਪੜ੍ਹੋ। ਤੁਸੀਂ ਕਿੰਨੇ ਸਫ਼ੇ ਪੜ੍ਹਦੇ ਹੋ, ਇਹ ਮਹੱਤਵਪੂਰਣ ਨਹੀਂ ਹੈ। ਪਰ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਕਿੰਨੀ ਬਾਕਾਇਦਗੀ ਨਾਲ ਬਾਈਬਲ ਪੜ੍ਹਦੇ ਹੋ ਅਤੇ ਇਸ ਨੂੰ ਕਿਸ ਤਰੀਕੇ ਨਾਲ ਪੜ੍ਹਦੇ ਹੋ। ਬਾਈਬਲ ਪੜ੍ਹਨ ਦੇ ਨਾਲ-ਨਾਲ, ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਵੀ ਪੜ੍ਹ ਕੇ ਸੁਣਾ ਸਕਦੇ ਹਨ। ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਨਾਲ ਅਸੀਂ ਪਰਮੇਸ਼ੁਰ ਦੇ ਵਿਚਾਰਾਂ ਨੂੰ ਮਨ ਵਿਚ ਰੱਖ ਸਕਾਂਗੇ। ਅਤੇ ਜੇਕਰ ਸਿਰਫ਼ ਨਿੱਜੀ ਤੌਰ ਤੇ ਹੀ ਨਹੀਂ, ਬਲਕਿ ਪੂਰਾ ਪਰਿਵਾਰ ਮਿਲ ਕੇ ਅਜਿਹੇ ਤਰੀਕੇ ਨਾਲ ਬਾਈਬਲ ਪੜ੍ਹਦਾ ਹੈ, ਤਾਂ ਇਸ ਨਾਲ ਪੂਰੇ ਪਰਿਵਾਰ ਨੂੰ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਵਿਚ ਮਦਦ ਮਿਲੇਗੀ। ਹਾਲ ਹੀ ਵਿਚ ਹੋਏ “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨ ਵਿਚ ਪਰਿਵਾਰੋ—ਹਰ ਰੋਜ਼ ਬਾਈਬਲ ਪੜ੍ਹਨਾ ਆਪਣੇ ਜੀਵਨ ਦੀ ਆਦਤ ਬਣਾਓ! ਨਾਮਕ ਡਰਾਮੇ ਵਿਚ ਸਾਰਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ।—ਜ਼ਬੂਰ 1:1-3.
17. ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਅਤੇ ਮੁੱਖ ਸ਼ਾਸਤਰਵਚਨਾਂ ਨੂੰ ਯਾਦ ਕਰਨ ਨਾਲ ਅਫ਼ਸੀਆਂ 6:4 ਦੀ ਸਲਾਹ ਨੂੰ ਲਾਗੂ ਕਰਨ ਵਿਚ ਕਿਵੇਂ ਸਹਾਇਤਾ ਮਿਲਦੀ ਹੈ?
17 ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨੀ ਪੌਲੁਸ ਦੇ ਉਨ੍ਹਾਂ ਸ਼ਬਦਾਂ ਦੀ ਇਕਸੁਰਤਾ ਵਿਚ ਹੈ ਜੋ ਉਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਆਪਣੀ ਪ੍ਰੇਰਿਤ ਪੱਤਰੀ ਵਿਚ ਲਿਖੇ ਸਨ, ਅਰਥਾਤ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇਸ ਦਾ ਕੀ ਮਤਲਬ ਹੈ? ‘ਮੱਤ ਦੇਣੀ’ ਦਾ ਸ਼ਾਬਦਿਕ ਅਰਥ ਹੈ “ਵਿਚ ਮਨ ਪਾਉਣਾ”; ਇਸ ਲਈ ਮਸੀਹੀ ਪਿਤਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਵਿਚ ਯਹੋਵਾਹ ਪਰਮੇਸ਼ੁਰ ਦਾ ਮਨ ਪਾਉਣ—ਆਪਣੇ ਬੱਚਿਆਂ ਦੀ ਯਹੋਵਾਹ ਦੇ ਵਿਚਾਰਾਂ ਨੂੰ ਜਾਣਨ ਵਿਚ ਮਦਦ ਕਰਨ। ਬੱਚਿਆਂ ਨੂੰ ਮੁੱਖ ਸ਼ਾਸਤਰਵਚਨਾਂ ਨੂੰ ਯਾਦ ਕਰਨ ਲਈ ਉਤਸ਼ਾਹਿਤ ਕਰਨ ਨਾਲ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਦਾ ਮਕਸਦ ਹੈ ਕਿ ਯਹੋਵਾਹ ਦੇ ਵਿਚਾਰ ਬੱਚਿਆਂ ਦੀ ਸੋਚ ਨੂੰ ਮਾਰਗ-ਦਰਸ਼ਿਤ ਕਰਨ ਤਾਂਕਿ ਉਨ੍ਹਾਂ ਦੀਆਂ ਇੱਛਾਵਾਂ ਅਤੇ ਆਚਰਣ ਲਗਾਤਾਰ ਪਰਮੇਸ਼ੁਰੀ ਮਿਆਰਾਂ ਦੇ ਅਨੁਸਾਰ ਹੋਣ, ਚਾਹੇ ਮਾਪੇ ਬੱਚਿਆਂ ਨਾਲ ਹੋਣ ਜਾਂ ਨਾ ਹੋਣ। ਬਾਈਬਲ ਅਜਿਹੀ ਸੋਚ ਦੀ ਬੁਨਿਆਦ ਹੈ।—ਬਿਵਸਥਾ ਸਾਰ 6:6, 7.
18. ਬਾਈਬਲ ਪੜ੍ਹਦੇ ਸਮੇਂ, ਕੀ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਤਾਂਕਿ ਅਸੀਂ (ੳ) ਇਸ ਨੂੰ ਸਹੀ ਤਰੀਕੇ ਨਾਲ ਸਮਝ ਸਕੀਏ, (ਅ) ਇਸ ਵਿਚ ਦਿੱਤੀ ਸਲਾਹ ਤੋਂ ਲਾਭ ਪ੍ਰਾਪਤ ਕਰ ਸਕੀਏ, (ੲ) ਯਹੋਵਾਹ ਦੇ ਮਕਸਦ ਬਾਰੇ ਜੋ ਇਹ ਪ੍ਰਗਟ ਕਰਦੀ ਹੈ ਉਸ ਅਨੁਸਾਰ ਚੱਲ ਸਕੀਏ, (ਸ) ਲੋਕਾਂ ਦੇ ਰਵੱਈਏ ਅਤੇ ਕੰਮਾਂ ਬਾਰੇ ਜੋ ਇਹ ਦੱਸਦੀ ਹੈ ਉਸ ਤੋਂ ਲਾਭ ਪ੍ਰਾਪਤ ਕਰ ਸਕੀਏ?
18 ਨਿਰਸੰਦੇਹ, ਜੇ ਅਸੀਂ ਚਾਹੁੰਦੇ ਹਾਂ ਕਿ ਬਾਈਬਲ ਸਾਡੀਆਂ ਜ਼ਿੰਦਗੀਆਂ ਤੇ ਪ੍ਰਭਾਵ ਪਾਵੇ, ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਕੀ ਕਹਿੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਕਿਸੇ ਹਿੱਸੇ ਨੂੰ ਸਮਝਣ ਲਈ ਉਸ ਨੂੰ ਵਾਰ-ਵਾਰ ਪੜ੍ਹਨਾ ਪਵੇ। ਕੁਝ ਗੱਲਾਂ ਦਾ ਸਹੀ ਅਰਥ ਸਮਝਣ ਲਈ ਸਾਨੂੰ ਸ਼ਾਇਦ ਸ਼ਬਦ-ਕੋਸ਼ ਜਾਂ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਵਿਚ ਸ਼ਬਦਾਂ ਨੂੰ ਦੇਖਣ ਦੀ ਲੋੜ ਪਵੇ। ਜੇ ਸ਼ਾਸਤਰਵਚਨ ਵਿਚ ਸਲਾਹ ਜਾਂ ਹੁਕਮ ਦਿੱਤਾ ਗਿਆ ਹੈ, ਤਾਂ ਅੱਜ ਦੇ ਉਨ੍ਹਾਂ ਹਾਲਾਤਾਂ ਬਾਰੇ, ਜਿਨ੍ਹਾਂ ਲਈ ਇਹ ਢੁਕਵਾਂ ਹੈ, ਗੱਲ ਕਰਨ ਲਈ ਸਮਾਂ ਕੱਢੋ। ਫਿਰ ਤੁਸੀਂ ਪੁੱਛ ਸਕਦੇ ਹੋ, ‘ਇਸ ਸਲਾਹ ਨੂੰ ਲਾਗੂ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?’ (ਯਸਾਯਾਹ 48:17, 18) ਜੇ ਸ਼ਾਸਤਰਵਚਨ ਯਹੋਵਾਹ ਦੇ ਮਕਸਦ ਦੇ ਕਿਸੇ ਪਹਿਲੂ ਬਾਰੇ ਦੱਸਦਾ ਹੈ, ਤਾਂ ਪੁੱਛੋ, ‘ਇਸ ਦਾ ਸਾਡੀਆਂ ਜ਼ਿੰਦਗੀਆਂ ਉੱਤੇ ਕਿਵੇਂ ਪ੍ਰਭਾਵ ਪੈਂਦਾ ਹੈ?’ ਸ਼ਾਇਦ ਤੁਸੀਂ ਕੋਈ ਬਿਰਤਾਂਤ ਪੜ੍ਹ ਰਹੇ ਹੋ ਜੋ ਲੋਕਾਂ ਦੇ ਰਵੱਈਏ ਅਤੇ ਕੰਮਾਂ ਬਾਰੇ ਦੱਸਦਾ ਹੈ। ਉਹ ਆਪਣੀ ਜ਼ਿੰਦਗੀ ਵਿਚ ਕਿਹੜੇ ਦਬਾਵਾਂ ਨੂੰ ਅਨੁਭਵ ਕਰ ਰਹੇ ਸਨ? ਉਨ੍ਹਾਂ ਨੇ ਇਨ੍ਹਾਂ ਦਾ ਕਿਵੇਂ ਸਾਮ੍ਹਣਾ ਕੀਤਾ? ਅਸੀਂ ਉਨ੍ਹਾਂ ਦੀ ਮਿਸਾਲ ਤੋਂ ਕੀ ਲਾਭ ਪ੍ਰਾਪਤ ਕਰ ਸਕਦੇ ਹਾਂ? ਹਮੇਸ਼ਾ ਇਸ ਬਾਰੇ ਚਰਚਾ ਕਰਨ ਲਈ ਸਮਾਂ ਕੱਢੋ ਕਿ ਅੱਜ ਸਾਡੀਆਂ ਜ਼ਿੰਦਗੀਆਂ ਵਿਚ ਇਸ ਬਿਰਤਾਂਤ ਦੀ ਕੀ ਮਹੱਤਤਾ ਹੈ।—ਰੋਮੀਆਂ 15:4; 1 ਕੁਰਿੰਥੀਆਂ 10:11.
19. ਪਰਮੇਸ਼ੁਰ ਦੀ ਰੀਸ ਕਰਨ ਵਾਲੇ ਹੋ ਕੇ, ਅਸੀਂ ਆਪਣੇ ਬੱਚਿਆਂ ਲਈ ਕੀ ਕਾਇਮ ਕਰਾਂਗੇ?
19 ਪਰਮੇਸ਼ੁਰ ਦੇ ਵਿਚਾਰਾਂ ਨੂੰ ਆਪਣੇ ਦਿਲਾਂ-ਦਿਮਾਗਾਂ ਵਿਚ ਬਿਠਾਉਣ ਦਾ ਕਿੰਨਾ ਵਧੀਆ ਤਰੀਕਾ! ਇਸ ਤਰ੍ਹਾਂ ਸਾਨੂੰ ‘ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰਨ’ ਵਿਚ ਸੱਚ-ਮੁੱਚ ਮਦਦ ਮਿਲੇਗੀ। (ਅਫ਼ਸੀਆਂ 5:1) ਅਤੇ ਅਸੀਂ ਇਕ ਅਜਿਹੀ ਯੋਗ ਮਿਸਾਲ ਕਾਇਮ ਕਰਾਂਗੇ ਜਿਸ ਉੱਤੇ ਸਾਡੇ ਬੱਚੇ ਚੱਲ ਸਕਣਗੇ।
ਕੀ ਤੁਹਾਨੂੰ ਯਾਦ ਹੈ?
◻ ਮਾਪੇ ਯਹੋਵਾਹ ਦੀ ਮਿਸਾਲ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਨ?
◻ ਜ਼ਬਾਨੀ ਹਿਦਾਇਤਾਂ ਦੇ ਨਾਲ-ਨਾਲ ਮਾਪਿਆਂ ਨੂੰ ਬੱਚਿਆਂ ਲਈ ਚੰਗੀ ਮਿਸਾਲ ਕਿਉਂ ਕਾਇਮ ਕਰਨੀ ਚਾਹੀਦੀ ਹੈ?
◻ ਮਾਪਿਆਂ ਦੀ ਮਿਸਾਲ ਨਾਲ ਕਿਹੜੇ ਕੁਝ ਸਬਕ ਵਧੀਆ ਤਰੀਕੇ ਨਾਲ ਸਿਖਾਏ ਜਾ ਸਕਦੇ ਹਨ?
◻ ਅਸੀਂ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਤੋਂ ਪੂਰਾ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
[ਸਫ਼ੇ 10 ਉੱਤੇ ਤਸਵੀਰਾਂ]
ਬਹੁਤ ਸਾਰੇ ਵਿਅਕਤੀ ਪਰਿਵਾਰ ਦੇ ਤੌਰ ਤੇ ਹਰ ਰੋਜ਼ ਬਾਈਬਲ ਪੜ੍ਹਨ ਦਾ ਆਨੰਦ ਮਾਣਦੇ ਹਨ
-
-
ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰੋਪਹਿਰਾਬੁਰਜ—1999 | ਜੁਲਾਈ 1
-
-
ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰੋ
“ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4.
1. ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹ ਸਿਖਾਉਣ ਦੀ ਪਰਿਵਾਰ ਦੇ ਸਿਰ ਦੀ ਜ਼ਿੰਮੇਵਾਰੀ ਬਾਰੇ ਬਾਈਬਲ ਕੀ ਕਹਿੰਦੀ ਹੈ?
ਯਹੋਵਾਹ ਪਰਮੇਸ਼ੁਰ ਨੇ ਪਰਿਵਾਰ ਦੇ ਸਿਰਾਂ ਨੂੰ ਵਾਰ-ਵਾਰ ਯਾਦ ਦਿਲਾਇਆ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ। ਅਜਿਹੀਆਂ ਹਿਦਾਇਤਾਂ ਬੱਚਿਆਂ ਨੂੰ ਮੌਜੂਦਾ ਜ਼ਿੰਦਗੀ ਲਈ ਲੈਸ ਕਰਦੀਆਂ ਅਤੇ ਭਾਵੀ ਜ਼ਿੰਦਗੀ ਲਈ ਵੀ ਉਨ੍ਹਾਂ ਨੂੰ ਤਿਆਰ ਕਰ ਸਕਦੀਆਂ ਸਨ। ਪਰਮੇਸ਼ੁਰ ਦੀ ਪ੍ਰਤਿਨਿਧਤਾ ਕਰਨ ਵਾਲੇ ਇਕ ਦੂਤ ਨੇ ਅਬਰਾਹਾਮ ਨੂੰ ਆਪਣੇ ਪਰਿਵਾਰ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਬਾਰੇ ਦੱਸਿਆ, ਤਾਂਕਿ ਉਸ ਦੇ ਬੱਚੇ “ਯਹੋਵਾਹ ਦੇ ਰਾਹ ਦੀ ਪਾਲਨਾ ਕਰਨ।” (ਉਤਪਤ 18:19) ਇਸਰਾਏਲੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਦੱਸਣ ਲਈ ਕਿਹਾ ਗਿਆ ਸੀ ਕਿ ਪਰਮੇਸ਼ੁਰ ਨੇ ਇਸਰਾਏਲ ਨੂੰ ਮਿਸਰ ਤੋਂ ਕਿਵੇਂ ਛੁਡਾਇਆ ਸੀ ਅਤੇ ਉਸ ਨੇ ਹੋਰੇਬ ਵਿਚ ਸੀਨਈ ਪਹਾੜ ਵਿਖੇ ਕਿਵੇਂ ਆਪਣੀ ਬਿਵਸਥਾ ਦਿੱਤੀ ਸੀ। (ਕੂਚ 13:8, 9; ਬਿਵਸਥਾ ਸਾਰ 4:9, 10; 11:18-21) ਮਸੀਹੀ ਪਰਿਵਾਰਾਂ ਦੇ ਸਿਰਾਂ ਨੂੰ ਆਪਣੇ ਬੱਚਿਆਂ ਦੀ ਪਾਲਣਾ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਕਰਨ ਲਈ ਕਿਹਾ ਗਿਆ ਹੈ। (ਅਫ਼ਸੀਆਂ 6:4) ਇੱਥੋਂ ਤਕ ਕਿ ਜਦੋਂ ਸਿਰਫ਼ ਮਾਤਾ ਜਾਂ ਪਿਤਾ ਹੀ ਯਹੋਵਾਹ ਦੀ ਸੇਵਾ ਕਰਦੇ ਹਨ, ਤਾਂ ਉਦੋਂ ਵੀ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—2 ਤਿਮੋਥਿਉਸ 1:5; 3:14, 15.
2. ਜੇ ਘਰ ਵਿਚ ਬੱਚੇ ਨਹੀਂ ਹਨ, ਤਾਂ ਕੀ ਪਰਿਵਾਰਕ ਅਧਿਐਨ ਕਰਨ ਦੀ ਲੋੜ ਹੈ? ਸਮਝਾਓ।
2 ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ੁਰ ਦੇ ਬਚਨ ਦਾ ਪਰਿਵਾਰਕ ਅਧਿਐਨ ਸਿਰਫ਼ ਉਨ੍ਹਾਂ ਪਰਿਵਾਰਾਂ ਵਿਚ ਹੀ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਬੱਚੇ ਹਨ। ਜਦੋਂ ਪਤੀ-ਪਤਨੀ ਪਰਿਵਾਰਕ ਅਧਿਐਨ ਕਰਦੇ ਹਨ, ਭਾਵੇਂ ਉਨ੍ਹਾਂ ਦੇ ਬੱਚੇ ਨਹੀਂ ਹਨ, ਤਾਂ ਇਹ ਅਧਿਆਤਮਿਕ ਚੀਜ਼ਾਂ ਪ੍ਰਤੀ ਉਨ੍ਹਾਂ ਦੀ ਚੰਗੀ ਕਦਰ ਨੂੰ ਦਿਖਾਉਂਦਾ ਹੈ।—ਅਫ਼ਸੀਆਂ 5:25, 26.
3. ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ?
3 ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਨਿਯਮਿਤ ਤੌਰ ਤੇ ਹਿਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਉਸ ਸਬਕ ਦੀ ਇਕਸੁਰਤਾ ਵਿਚ ਹੈ ਜੋ ਯਹੋਵਾਹ ਨੇ ਉਜਾੜ ਵਿਚ ਇਸਰਾਏਲੀਆਂ ਨੂੰ ਸਿਖਾਇਆ ਸੀ: “ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ ਆਦਮੀ ਜੀਉਂਦਾ ਰਹੇਗਾ।” (ਬਿਵਸਥਾ ਸਾਰ 8:3) ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਪਰਿਵਾਰ ਸ਼ਾਇਦ ਹਰ ਹਫ਼ਤੇ ਅਧਿਐਨ ਦਾ ਪ੍ਰਬੰਧ ਕਰਨ; ਦੂਸਰੇ ਸ਼ਾਇਦ ਹਰ ਰੋਜ਼ ਥੋੜ੍ਹੇ-ਥੋੜ੍ਹੇ ਸਮੇਂ ਲਈ ਅਧਿਐਨ ਦਾ ਪ੍ਰਬੰਧ ਕਰਨ। ਤੁਸੀਂ ਚਾਹੇ ਕੋਈ ਵੀ ਪ੍ਰਬੰਧ ਕਰੋ, ਪਰ ਅਧਿਐਨ ਲਈ ਇਕ ਨਿਸ਼ਚਿਤ ਸਮਾਂ ਰੱਖੋ। ਇਸ ਦੇ ਲਈ “ਸਮੇਂ ਨੂੰ ਲਾਭਦਾਇਕ ਕਰੋ [‘ਸਮਾਂ ਖ਼ਰੀਦੋ,’ ਨਿ ਵ]।” ਅਜਿਹੇ ਸਮੇਂ ਲਈ ਤੁਸੀਂ ਜਿਹੜੀ ਕੀਮਤ ਚੁਕਾਉਂਦੇ ਹੋ, ਉਹ ਵਿਅਰਥ ਨਹੀਂ ਹੈ। ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ।—ਅਫ਼ਸੀਆਂ 5:15-17; ਫ਼ਿਲਿੱਪੀਆਂ 3:16.
ਧਿਆਨ ਵਿਚ ਰੱਖਣ ਯੋਗ ਉਦੇਸ਼
4, 5. (ੳ) ਮੂਸਾ ਦੇ ਜ਼ਰੀਏ ਯਹੋਵਾਹ ਨੇ ਮਾਪਿਆਂ ਅੱਗੇ ਆਪਣੇ ਬੱਚਿਆਂ ਨੂੰ ਸਿਖਾਉਣ ਦਾ ਕਿਹੜਾ ਮਹੱਤਵਪੂਰਣ ਉਦੇਸ਼ ਰੱਖਿਆ ਸੀ? (ਅ) ਅੱਜ ਇਸ ਵਿਚ ਕੀ ਕੁਝ ਸ਼ਾਮਲ ਹੈ?
4 ਜਦੋਂ ਤੁਸੀਂ ਪਰਿਵਾਰਕ ਅਧਿਐਨ ਕਰਾਉਂਦੇ ਹੋ, ਤਾਂ ਇਸ ਦਾ ਸਭ ਤੋਂ ਜ਼ਿਆਦਾ ਲਾਭ ਉਦੋਂ ਹੋਵੇਗਾ ਜਦੋਂ ਤੁਹਾਡੇ ਮਨ ਵਿਚ ਨਿਸ਼ਚਿਤ ਉਦੇਸ਼ ਹੋਣਗੇ। ਕੁਝ ਉਦੇਸ਼ਾਂ ਉੱਤੇ ਵਿਚਾਰ ਕਰੋ।
5 ਹਰ ਅਧਿਐਨ ਵਿਚ ਯਹੋਵਾਹ ਪਰਮੇਸ਼ੁਰ ਲਈ ਪਿਆਰ ਵਧਾਉਣ ਦੀ ਕੋਸ਼ਿਸ਼ ਕਰੋ। ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਮੋਆਬ ਦੇ ਮੈਦਾਨ ਵਿਚ ਇਕੱਠੇ ਹੋਏ ਸਨ, ਤਾਂ ਮੂਸਾ ਨੇ ਉਨ੍ਹਾਂ ਦਾ ਧਿਆਨ ਇਕ ਹੁਕਮ ਵੱਲ ਦਿਵਾਇਆ, ਜਿਸ ਨੂੰ ਬਾਅਦ ਵਿਚ ਯਿਸੂ ਨੇ “ਤੁਰੇਤ ਵਿੱਚ ਵੱਡਾ ਹੁਕਮ” ਕਿਹਾ ਸੀ। ਇਹ ਕਿਹੜਾ ਹੁਕਮ ਸੀ? “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਮੱਤੀ 22:36, 37; ਬਿਵਸਥਾ ਸਾਰ 6:5) ਮੂਸਾ ਨੇ ਇਸਰਾਏਲੀਆਂ ਨੂੰ ਤਾਕੀਦ ਕੀਤੀ ਸੀ ਕਿ ਉਹ ਇਸ ਨੂੰ ਆਪਣੇ ਦਿਲਾਂ ਵਿਚ ਬਿਠਾ ਲੈਣ ਅਤੇ ਆਪਣੇ ਬੱਚਿਆਂ ਨੂੰ ਸਿਖਾਉਣ। ਇਸ ਲਈ ਜ਼ਰੂਰੀ ਸੀ ਕਿ ਉਹ ਹਿਦਾਇਤਾਂ ਨੂੰ ਵਾਰ-ਵਾਰ ਦੁਹਰਾਉਣ, ਯਹੋਵਾਹ ਨੂੰ ਪਿਆਰ ਕਰਨ ਦੇ ਕਾਰਨਾਂ ਵੱਲ ਧਿਆਨ ਖਿੱਚਣ, ਅਜਿਹੇ ਰਵੱਈਏ ਅਤੇ ਚਾਲ-ਚਲਣ ਨੂੰ ਸੁਧਾਰਨ ਜੋ ਇਸ ਪਿਆਰ ਨੂੰ ਦਿਖਾਉਣ ਵਿਚ ਰੁਕਾਵਟ ਪਾ ਸਕਦੇ ਸਨ ਅਤੇ ਆਪਣੀਆਂ ਖ਼ੁਦ ਦੀਆਂ ਜ਼ਿੰਦਗੀਆਂ ਵਿਚ ਯਹੋਵਾਹ ਲਈ ਪਿਆਰ ਪ੍ਰਦਰਸ਼ਿਤ ਕਰਨ। ਕੀ ਸਾਡੇ ਬੱਚਿਆਂ ਨੂੰ ਵੀ ਅਜਿਹੀ ਸਿੱਖਿਆ ਦੀ ਜ਼ਰੂਰਤ ਹੈ? ਜੀ ਹਾਂ! ਉਨ੍ਹਾਂ ਨੂੰ ਵੀ ‘ਆਪਣੇ ਮਨਾਂ ਦੀ ਸੁੰਨਤ ਕਰਨ’ ਅਰਥਾਤ ਕਿਸੇ ਵੀ ਅਜਿਹੀ ਚੀਜ਼ ਨੂੰ ਪਰੇ ਹਟਾਉਣ ਵਿਚ ਮਦਦ ਦੀ ਜ਼ਰੂਰਤ ਹੈ ਜੋ ਪਰਮੇਸ਼ੁਰ ਲਈ ਉਨ੍ਹਾਂ ਦੇ ਪਿਆਰ ਨੂੰ ਰੋਕ ਸਕਦੀ ਹੈ। (ਬਿਵਸਥਾ ਸਾਰ 10:12, 16; ਯਿਰਮਿਯਾਹ 4:4) ਇਸ ਸੰਸਾਰ ਦੀਆਂ ਚੀਜ਼ਾਂ ਦੀ ਲਾਲਸਾ ਅਤੇ ਇਸ ਦੇ ਕੰਮਾਂ ਵਿਚ ਰੁੱਝ ਜਾਣ ਦੇ ਮੌਕਿਆਂ ਦੀ ਲਾਲਸਾ ਅਜਿਹੀਆਂ ਰੁਕਾਵਟਾਂ ਬਣ ਸਕਦੀਆਂ ਹਨ। (1 ਯੂਹੰਨਾ 2:15, 16) ਯਹੋਵਾਹ ਲਈ ਪਿਆਰ ਸਰਗਰਮ ਹੋਣਾ ਚਾਹੀਦਾ ਹੈ ਅਤੇ ਸਾਡੇ ਕੰਮਾਂ ਦੁਆਰਾ ਨਜ਼ਰ ਆਉਣਾ ਚਾਹੀਦਾ ਹੈ। ਇਸ ਨੂੰ ਸਾਨੂੰ ਉਹ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜੋ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ ਕਰਦੇ ਹਨ। (1 ਯੂਹੰਨਾ 5:3) ਜੇ ਤੁਸੀਂ ਚਾਹੁੰਦੇ ਹੋ ਕਿ ਸਾਰਿਆਂ ਨੂੰ ਪਰਿਵਾਰਕ ਅਧਿਐਨ ਤੋਂ ਲੰਮੇ ਸਮੇਂ ਤਕ ਲਾਭ ਮਿਲਣ, ਤਾਂ ਹਰ ਵਾਰ ਅਧਿਐਨ ਇਸ ਤਰੀਕੇ ਨਾਲ ਕਰਾਓ ਕਿ ਯਹੋਵਾਹ ਲਈ ਇਹ ਪਿਆਰ ਹੋਰ ਵੀ ਮਜ਼ਬੂਤ ਹੋਵੇ।
6. (ੳ) ਸਹੀ ਗਿਆਨ ਦੇਣ ਲਈ ਕੀ ਜ਼ਰੂਰੀ ਹੈ? (ਅ) ਸਹੀ ਗਿਆਨ ਦੇਣ ਦੀ ਮਹੱਤਤਾ ਉੱਤੇ ਸ਼ਾਸਤਰਵਚਨ ਕਿਵੇਂ ਜ਼ੋਰ ਦਿੰਦੇ ਹਨ?
6 ਪਰਮੇਸ਼ੁਰ ਦੀਆਂ ਮੰਗਾਂ ਦਾ ਸਹੀ ਗਿਆਨ ਦਿਓ। ਇਸ ਵਿਚ ਕੀ ਕੁਝ ਸ਼ਾਮਲ ਹੈ? ਇਸ ਵਿਚ ਸਿਰਫ਼ ਇਹੀ ਨਹੀਂ ਦੇਖਣਾ ਕਿ ਬੱਚੇ ਰਸਾਲੇ ਜਾਂ ਕਿਤਾਬ ਵਿੱਚੋਂ ਪੜ੍ਹ ਕੇ ਜਵਾਬ ਦੇ ਸਕਦੇ ਹਨ ਜਾਂ ਨਹੀਂ। ਇਸ ਵਿਚ ਇਹ ਦੇਖਣ ਲਈ ਚਰਚਾ ਕਰਨੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਮੁੱਖ ਸ਼ਬਦ ਅਤੇ ਮਹੱਤਵਪੂਰਣ ਵਿਚਾਰ ਚੰਗੀ ਤਰ੍ਹਾਂ ਸਮਝ ਆ ਗਏ ਹਨ ਜਾਂ ਨਹੀਂ। ਸਹੀ ਗਿਆਨ ਨਵੀਂ ਇਨਸਾਨੀਅਤ ਨੂੰ ਪਹਿਨਣ ਲਈ, ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿੱਠਦੇ ਸਮੇਂ ਸੱਚ-ਮੁੱਚ ਮਹੱਤਵਪੂਰਣ ਚੀਜ਼ਾਂ ਨੂੰ ਧਿਆਨ ਵਿਚ ਰੱਖਣ ਲਈ ਅਤੇ ਇਸ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੇ ਕੰਮ ਕਰਨ ਲਈ ਬਹੁਤ ਹੀ ਜ਼ਰੂਰੀ ਹੈ।—ਫ਼ਿਲਿੱਪੀਆਂ 1:9-11; ਕੁਲੁੱਸੀਆਂ 1:9, 10; 3:9, 10.
7. (ੳ) ਕਿਹੜੇ ਸਵਾਲ ਪੁੱਛਣ ਨਾਲ ਅਧਿਐਨ ਸਾਮੱਗਰੀ ਨੂੰ ਵਿਵਹਾਰਕ ਤੌਰ ਤੇ ਲਾਗੂ ਕਰਨ ਵਿਚ ਪਰਿਵਾਰ ਨੂੰ ਮਦਦ ਮਿਲ ਸਕਦੀ ਹੈ? (ਅ) ਅਜਿਹੇ ਉਦੇਸ਼ ਦੀ ਮਹੱਤਤਾ ਉੱਤੇ ਸ਼ਾਸਤਰਵਚਨ ਕਿਵੇਂ ਜ਼ੋਰ ਦਿੰਦੇ ਹਨ?
7 ਸਿੱਖੀਆਂ ਗੱਲਾਂ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਮਦਦ ਕਰੋ। ਇਸ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਪਰਿਵਾਰਕ ਅਧਿਐਨ ਵਿਚ ਪੁੱਛੋ: ‘ਇਸ ਸਾਮੱਗਰੀ ਨੂੰ ਸਾਡੀਆਂ ਜ਼ਿੰਦਗੀਆਂ ਉੱਤੇ ਕੀ ਪ੍ਰਭਾਵ ਪਾਉਣਾ ਚਾਹੀਦਾ ਹੈ? ਅਸੀਂ ਜੋ ਕੁਝ ਇਸ ਸਮੇਂ ਕਰ ਰਹੇ ਹਾਂ, ਕੀ ਉਸ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਹੈ? ਸਾਨੂੰ ਤਬਦੀਲੀਆਂ ਕਰਨ ਦੀ ਇੱਛਾ ਕਿਉਂ ਰੱਖਣੀ ਚਾਹੀਦੀ ਹੈ?’ (ਕਹਾਉਤਾਂ 2:10-15; 9:10; ਯਸਾਯਾਹ 48:17, 18) ਸਿੱਖੀਆਂ ਗੱਲਾਂ ਨੂੰ ਜੀਵਨ ਵਿਚ ਲਾਗੂ ਕਰਨ ਵੱਲ ਲੋੜੀਂਦਾ ਧਿਆਨ ਦੇਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਅਧਿਆਤਮਿਕ ਉੱਨਤੀ ਕਰਨ ਵਿਚ ਬਹੁਤ ਮਦਦ ਮਿਲ ਸਕਦੀ ਹੈ।
ਸਿੱਖਿਆ ਦੇਣ ਦੇ ਔਜ਼ਾਰਾਂ ਦਾ ਅਕਲਮੰਦੀ ਨਾਲ ਪ੍ਰਯੋਗ ਕਰੋ
8. ਬਾਈਬਲ ਦਾ ਅਧਿਐਨ ਕਰਨ ਲਈ ਨੌਕਰ ਵਰਗ ਨੇ ਕਿਹੜੇ ਔਜ਼ਾਰ ਮੁਹੱਈਆ ਕੀਤੇ ਹਨ?
8 “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਬਹੁਤ ਸਾਰੇ ਔਜ਼ਾਰ ਮੁਹੱਈਆ ਕੀਤੇ ਹਨ ਜਿਨ੍ਹਾਂ ਨੂੰ ਅਧਿਐਨ ਕਰਦੇ ਸਮੇਂ ਵਰਤਿਆ ਜਾ ਸਕਦਾ ਹੈ। ਬਾਈਬਲ ਦੇ ਨਾਲ ਪ੍ਰਯੋਗ ਕਰਨ ਲਈ ਪਹਿਰਾਬੁਰਜ ਰਸਾਲਾ 131 ਭਾਸ਼ਾਵਾਂ ਵਿਚ ਉਪਲਬਧ ਹੈ। ਬਾਈਬਲ ਦਾ ਅਧਿਐਨ ਕਰਨ ਲਈ 153 ਭਾਸ਼ਾਵਾਂ ਵਿਚ ਕਿਤਾਬਾਂ, 284 ਭਾਸ਼ਾਵਾਂ ਵਿਚ ਬਰੋਸ਼ਰ, 61 ਭਾਸ਼ਾਵਾਂ ਵਿਚ ਆਡੀਓ-ਕੈਸਟਾਂ, 41 ਭਾਸ਼ਾਵਾਂ ਵਿਚ ਵਿਡਿਓ-ਕੈਸਟਾਂ ਅਤੇ 9 ਭਾਸ਼ਾਵਾਂ ਵਿਚ ਬਾਈਬਲ ਰਿਸਰਚ ਕਰਨ ਲਈ ਕੰਪਿਊਟਰ ਪ੍ਰੋਗ੍ਰਾਮ ਵੀ ਉਪਲਬਧ ਹਨ!—ਮੱਤੀ 24:45-47.
9. ਇਸ ਪੈਰੇ ਵਿਚ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਅਸੀਂ ਪਹਿਰਾਬੁਰਜ ਦਾ ਪਰਿਵਾਰਕ ਅਧਿਐਨ ਕਰਦੇ ਸਮੇਂ ਕਿਵੇਂ ਲਾਗੂ ਕਰ ਸਕਦੇ ਹਾਂ?
9 ਬਹੁਤ ਸਾਰੇ ਪਰਿਵਾਰ, ਆਪਣੇ ਪਰਿਵਾਰਕ ਅਧਿਐਨ ਵਿਚ ਕਲੀਸਿਯਾ ਵਿਚ ਪੜ੍ਹੇ ਜਾਣ ਵਾਲੇ ਪਹਿਰਾਬੁਰਜ ਦੇ ਲੇਖ ਦੀ ਤਿਆਰੀ ਕਰਦੇ ਹਨ। ਇਸ ਨਾਲ ਕਿੰਨੀ ਮਦਦ ਮਿਲਦੀ ਹੈ! ਪਹਿਰਾਬੁਰਜ ਤੋਂ ਮੁੱਖ ਅਧਿਆਤਮਿਕ ਭੋਜਨ ਮਿਲਦਾ ਹੈ ਜੋ ਸੰਸਾਰ ਭਰ ਵਿਚ ਯਹੋਵਾਹ ਦੇ ਲੋਕਾਂ ਨੂੰ ਮਜ਼ਬੂਤ ਕਰਨ ਲਈ ਮੁਹੱਈਆ ਕੀਤਾ ਜਾਂਦਾ ਹੈ। ਜਦੋਂ ਤੁਸੀਂ ਪੂਰਾ ਪਰਿਵਾਰ ਮਿਲ ਕੇ ਪਹਿਰਾਬੁਰਜ ਦਾ ਅਧਿਐਨ ਕਰਦੇ ਹੋ, ਤਾਂ ਪੈਰੇ ਪੜ੍ਹਨ ਅਤੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਜ਼ਿਆਦਾ ਕੁਝ ਕਰਨ ਦੀ ਲੋੜ ਹੈ। ਉਤਸੁਕਤਾ ਨਾਲ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਸ਼ਾਸਤਰਵਚਨਾਂ ਨੂੰ ਪੜ੍ਹੋ ਜਿਨ੍ਹਾਂ ਦਾ ਸਿਰਫ਼ ਹਵਾਲਾ ਦਿੱਤਾ ਗਿਆ ਹੈ। ਪਰਿਵਾਰ ਦੇ ਮੈਂਬਰਾਂ ਨੂੰ ਇਹ ਦੱਸਣ ਲਈ ਕਹੋ ਕਿ ਇਨ੍ਹਾਂ ਹਵਾਲਿਆਂ ਦਾ ਪੜ੍ਹੇ ਜਾ ਰਹੇ ਪੈਰੇ ਵਿਚ ਦੱਸੀਆਂ ਗੱਲਾਂ ਨਾਲ ਕੀ ਸੰਬੰਧ ਹੈ। ਉਨ੍ਹਾਂ ਨੂੰ ਦਿਲੋਂ ਅਧਿਐਨ ਕਰਨ ਲਈ ਉਤਸ਼ਾਹਿਤ ਕਰੋ।—ਕਹਾਉਤਾਂ 4:7, 23; ਰਸੂਲਾਂ ਦੇ ਕਰਤੱਬ 17:11.
10. ਬੱਚਿਆਂ ਨੂੰ ਅਧਿਐਨ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਲਈ ਇਸ ਨੂੰ ਖ਼ੁਸ਼ੀਆਂ ਭਰਿਆ ਸਮਾਂ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ?
10 ਜੇ ਤੁਹਾਡੇ ਪਰਿਵਾਰ ਵਿਚ ਬੱਚੇ ਹਨ, ਤਾਂ ਅਧਿਐਨ ਨੂੰ ਇਕ ਪਰਿਵਾਰਕ ਰੁਟੀਨ ਬਣਾਉਣ ਦੀ ਬਜਾਇ, ਇਸ ਨੂੰ ਉਤਸ਼ਾਹਜਨਕ, ਦਿਲਚਸਪ ਅਤੇ ਖ਼ੁਸ਼ੀ ਭਰਿਆ ਸਮਾਂ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ? ਹਰ ਮੈਂਬਰ ਨੂੰ ਢੁਕਵੇਂ ਤਰੀਕੇ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਸਾਰਿਆਂ ਦਾ ਧਿਆਨ ਅਧਿਐਨ ਸਾਮੱਗਰੀ ਉੱਤੇ ਰਹੇ। ਜੇ ਸੰਭਵ ਹੋਵੇ, ਤਾਂ ਹਰ ਬੱਚੇ ਕੋਲ ਆਪਣੀ ਬਾਈਬਲ ਅਤੇ ਅਧਿਐਨ ਕੀਤਾ ਜਾ ਰਿਹਾ ਰਸਾਲਾ ਹੋਣਾ ਚਾਹੀਦਾ ਹੈ। ਯਿਸੂ ਦੁਆਰਾ ਦਿਖਾਏ ਗਏ ਮੋਹ ਦੀ ਨਕਲ ਕਰਦੇ ਹੋਏ ਮਾਤਾ ਜਾਂ ਪਿਤਾ ਆਪਣੇ ਛੋਟੇ ਬੱਚੇ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਸਕਦੇ ਹਨ। (ਮਰਕੁਸ 10:13-16 ਦੀ ਤੁਲਨਾ ਕਰੋ।) ਪਰਿਵਾਰ ਦਾ ਸਿਰ ਛੋਟੇ ਬੱਚੇ ਨੂੰ ਅਧਿਐਨ ਸਾਮੱਗਰੀ ਵਿਚ ਦਿੱਤੀ ਗਈ ਕਿਸੇ ਤਸਵੀਰ ਨੂੰ ਸਮਝਾਉਣ ਲਈ ਕਹਿ ਸਕਦਾ ਹੈ। ਛੋਟੇ ਬੱਚੇ ਨੂੰ ਕੋਈ ਖ਼ਾਸ ਆਇਤ ਪੜ੍ਹਨ ਲਈ ਪਹਿਲਾਂ ਤੋਂ ਹੀ ਕਿਹਾ ਜਾ ਸਕਦਾ ਹੈ। ਵੱਡੇ ਬੱਚਿਆਂ ਨੂੰ ਅਧਿਐਨ ਸਾਮੱਗਰੀ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੇ ਮੌਕਿਆਂ ਬਾਰੇ ਦੱਸਣ ਲਈ ਪਹਿਲਾਂ ਤੋਂ ਹੀ ਕਿਹਾ ਜਾ ਸਕਦਾ ਹੈ।
11. ਹੋਰ ਕਿਹੜੇ ਅਧਿਐਨ ਔਜ਼ਾਰ ਉਪਲਬਧ ਹਨ ਅਤੇ ਜਿੱਥੇ ਇਹ ਉਪਲਬਧ ਹਨ, ਉੱਥੇ ਪਰਿਵਾਰਕ ਅਧਿਐਨ ਵਿਚ ਇਨ੍ਹਾਂ ਨੂੰ ਕਿਵੇਂ ਲਾਭਕਾਰੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ?
11 ਭਾਵੇਂ ਤੁਸੀਂ ਚਰਚਾ ਕਰਨ ਲਈ ਪਹਿਰਾਬੁਰਜ ਨੂੰ ਇਸਤੇਮਾਲ ਕਰਦੇ ਹੋਵੋ, ਪਰ ਦੂਸਰੇ ਅਧਿਐਨ ਔਜ਼ਾਰਾਂ ਨੂੰ ਨਾ ਭੁੱਲੋ ਜੋ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਹਨ। ਜੇ ਤੁਸੀਂ ਕਿਸੇ ਘਟਨਾ ਦੇ ਪਿਛੋਕੜ ਬਾਰੇ ਜਾਂ ਬਾਈਬਲ ਦੇ ਕਿਸੇ ਸ਼ਬਦ ਦੀ ਵਿਆਖਿਆ ਜਾਣਨਾ ਚਾਹੁੰਦੇ ਹੋ, ਤਾਂ ਇਹ ਜਾਣਕਾਰੀ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਵਿੱਚੋਂ ਮਿਲ ਸਕਦੀ ਹੈ। ਦੂਸਰੇ ਸਵਾਲਾਂ ਦੇ ਜਵਾਬ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਜਾਂ ਸੋਸਾਇਟੀ ਦੁਆਰਾ ਮੁਹੱਈਆ ਕੀਤੇ ਗਏ ਕੰਪਿਊਟਰ ਰਿਸਰਚ ਪ੍ਰੋਗ੍ਰਾਮ ਰਾਹੀਂ ਮਿਲ ਸਕਦੇ ਹਨ। ਜੇ ਇਹ ਔਜ਼ਾਰ ਤੁਹਾਡੀ ਭਾਸ਼ਾ ਵਿਚ ਉਪਲਬਧ ਹਨ, ਤਾਂ ਇਨ੍ਹਾਂ ਨੂੰ ਵਰਤਣਾ ਸਿੱਖਣਾ ਪਰਿਵਾਰਕ ਅਧਿਐਨ ਦਾ ਇਕ ਬਹੁਮੁੱਲਾ ਹਿੱਸਾ ਹੋ ਸਕਦਾ ਹੈ। ਛੋਟੇ ਬੱਚਿਆਂ ਦੀ ਦਿਲਚਸਪੀ ਨੂੰ ਵਧਾਉਣ ਲਈ ਤੁਸੀਂ ਆਪਣੇ ਅਧਿਐਨ ਦਾ ਕੁਝ ਸਮਾਂ ਸੋਸਾਇਟੀ ਦੇ ਕਿਸੇ ਇਕ ਸਿੱਖਿਆਦਾਇਕ ਵਿਡਿਓ ਦਾ ਕੁਝ ਹਿੱਸਾ ਦੇਖਣ ਜਾਂ ਆਡੀਓ-ਕੈਸਟ ਤੇ ਡਰਾਮੇ ਦਾ ਕੁਝ ਹਿੱਸਾ ਸੁਣਨ ਲਈ ਅਤੇ ਫਿਰ ਇਸ ਦੀ ਚਰਚਾ ਕਰਨ ਲਈ ਅਲੱਗ ਰੱਖ ਸਕਦੇ ਹੋ। ਇਨ੍ਹਾਂ ਅਧਿਐਨ ਔਜ਼ਾਰਾਂ ਦੀ ਚੰਗੀ ਵਰਤੋਂ ਕਰਨ ਨਾਲ ਤੁਹਾਡਾ ਪਰਿਵਾਰਕ ਅਧਿਐਨ, ਤੁਹਾਡੇ ਪੂਰੇ ਪਰਿਵਾਰ ਲਈ ਦਿਲਚਸਪ ਅਤੇ ਲਾਭਕਾਰੀ ਬਣ ਸਕਦਾ ਹੈ।
ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਅਨੁਸਾਰ ਅਧਿਐਨ ਕਰੋ
12. ਜਦੋਂ ਪਰਿਵਾਰ ਦੀ ਕਿਸੇ ਸਮੱਸਿਆ ਨਾਲ ਫ਼ੌਰਨ ਨਜਿੱਠਣ ਦੀ ਲੋੜ ਹੁੰਦੀ ਹੈ, ਤਾਂ ਪਰਿਵਾਰਕ ਅਧਿਐਨ ਇਸ ਵਿਚ ਕਿਵੇਂ ਮਦਦ ਕਰ ਸਕਦਾ ਹੈ?
12 ਹੋ ਸਕਦਾ ਹੈ ਕਿ ਆਮ ਤੌਰ ਤੇ ਤੁਹਾਡਾ ਪਰਿਵਾਰ ਹਰ ਹਫ਼ਤੇ ਲਈ ਦਿੱਤੇ ਗਏ ਪਹਿਰਾਬੁਰਜ ਦੇ ਲੇਖ ਦਾ ਅਧਿਐਨ ਕਰਦਾ ਹੋਵੇ। ਪਰ ਪਰਿਵਾਰ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਓ। ਜੇ ਮਾਂ ਨੌਕਰੀ ਨਹੀਂ ਕਰਦੀ ਹੈ, ਤਾਂ ਉਹ ਸ਼ਾਇਦ ਹਰ ਰੋਜ਼ ਆਪਣੇ ਬੱਚਿਆਂ ਨਾਲ ਸਕੂਲ ਤੋਂ ਬਾਅਦ ਸਮਾਂ ਬਿਤਾ ਸਕਦੀ ਹੈ। ਕੁਝ ਸਮੱਸਿਆਵਾਂ ਨਾਲ ਉਸੇ ਵੇਲੇ ਨਜਿੱਠਿਆ ਜਾ ਸਕਦਾ ਹੈ, ਪਰ ਕੁਝ ਸਮੱਸਿਆਵਾਂ ਵੱਲ ਸ਼ਾਇਦ ਹੋਰ ਧਿਆਨ ਦੇਣ ਦੀ ਲੋੜ ਹੋਵੇ। ਜਦੋਂ ਕਿਸੇ ਸਮੱਸਿਆ ਨਾਲ ਫ਼ੌਰਨ ਨਜਿੱਠਣ ਦੀ ਲੋੜ ਹੁੰਦੀ ਹੈ, ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ। (ਕਹਾਉਤਾਂ 27:12) ਇਨ੍ਹਾਂ ਵਿਚ ਸਿਰਫ਼ ਸਕੂਲ ਦੀਆਂ ਸਮੱਸਿਆਵਾਂ ਹੀ ਨਹੀਂ, ਬਲਕਿ ਹੋਰ ਦੂਸਰੀਆਂ ਸਮੱਸਿਆਵਾਂ ਵੀ ਸ਼ਾਮਲ ਹੋ ਸਕਦੀਆਂ ਹਨ। ਢੁਕਵੀਂ ਸਾਮੱਗਰੀ ਚੁਣੋ ਅਤੇ ਅਧਿਐਨ ਕਰਨ ਲਈ ਚੁਣੀ ਗਈ ਸਾਮੱਗਰੀ ਬਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਹਿਲਾਂ ਹੀ ਦੱਸੋ।
13. ਗ਼ਰੀਬੀ ਦਾ ਸਾਮ੍ਹਣਾ ਕਰਨ ਲਈ ਪਰਿਵਾਰ ਨਾਲ ਚਰਚਾ ਕਰਨੀ ਲਾਭਦਾਇਕ ਕਿਉਂ ਹੋ ਸਕਦੀ ਹੈ?
13 ਮਿਸਾਲ ਦੇ ਤੌਰ ਤੇ, ਸੰਸਾਰ ਭਰ ਵਿਚ ਬਹੁਤ ਸਾਰੇ ਲੋਕ ਗ਼ਰੀਬੀ ਦੇ ਚੁੰਗਲ ਵਿਚ ਫਸੇ ਹੋਏ ਹਨ; ਇਸ ਲਈ ਬਹੁਤ ਸਾਰੇ ਦੇਸ਼ਾਂ ਵਿਚ ਪਰਿਵਾਰਾਂ ਲਈ ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੋ ਸਕਦੀ ਹੈ ਕਿ ਗ਼ਰੀਬੀ ਦਾ ਕਿਵੇਂ ਸਾਮ੍ਹਣਾ ਕੀਤਾ ਜਾਵੇ। ਕੀ ਅਸਲੀ ਹਾਲਾਤਾਂ ਅਤੇ ਬਾਈਬਲ ਦੇ ਸਿਧਾਂਤਾਂ ਤੇ ਆਧਾਰਿਤ ਪਰਿਵਾਰਕ ਬਾਈਬਲ ਅਧਿਐਨ ਤੋਂ ਤੁਹਾਡੇ ਪਰਿਵਾਰ ਨੂੰ ਫ਼ਾਇਦਾ ਹੋਵੇਗਾ?—ਕਹਾਉਤਾਂ 21:5; ਉਪਦੇਸ਼ਕ 9:11; ਇਬਰਾਨੀਆਂ 13:5, 6, 18.
14. ਕਿਹੜੀਆਂ ਹਾਲਤਾਂ ਕਰਕੇ ਸ਼ਾਇਦ ਪਰਿਵਾਰ ਲਈ ਜ਼ਰੂਰੀ ਹੋਵੇ ਕਿ ਉਹ ਹਿੰਸਾ, ਲੜਾਈਆਂ ਅਤੇ ਮਸੀਹੀ ਨਿਰਪੱਖਤਾ ਬਾਰੇ ਯਹੋਵਾਹ ਦੇ ਨਜ਼ਰੀਏ ਉੱਤੇ ਚਰਚਾ ਕਰੇ?
14 ਹਿੰਸਾ ਇਕ ਹੋਰ ਵਿਸ਼ਾ ਹੈ ਜਿਸ ਉੱਤੇ ਚਰਚਾ ਕਰਨੀ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਆਪਣੇ ਦਿਲਾਂ-ਦਿਮਾਗਾਂ ਵਿਚ ਯਹੋਵਾਹ ਦਾ ਨਜ਼ਰੀਆ ਪੱਕੀ ਤਰ੍ਹਾਂ ਬਿਠਾਉਣ ਦੀ ਜ਼ਰੂਰਤ ਹੈ। (ਉਤਪਤ 6:13; ਜ਼ਬੂਰ 11:5) ਇਸ ਵਿਸ਼ੇ ਉੱਤੇ ਪਰਿਵਾਰਕ ਅਧਿਐਨ ਕਰਦੇ ਸਮੇਂ ਇਸ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿ ਸਕੂਲ ਵਿਚ ਧੱਕੇਸ਼ਾਹੀਆਂ ਨਾਲ ਕਿਵੇਂ ਿਨੱਭਣਾ ਹੈ, ਮਾਰਸ਼ਲ ਆਰਟ ਦੀ ਸਿਖਲਾਈ ਲੈਣੀ ਹੈ ਜਾਂ ਨਹੀਂ ਅਤੇ ਸਹੀ ਮਨੋਰੰਜਨ ਦੀ ਚੋਣ ਕਿਵੇਂ ਕਰਨੀ ਹੈ। ਹਿੰਸਕ ਲੜਾਈਆਂ ਆਮ ਹੋ ਗਈਆਂ ਹਨ; ਲਗਭਗ ਹਰ ਦੇਸ਼ ਵਿਚ ਜਾਂ ਤਾਂ ਘਰੇਲੂ ਯੁੱਧ, ਜਾਂ ਰਾਜਨੀਤਿਕ ਜਾਂ ਨਸਲੀ ਦੰਗੇ ਜਾਂ ਗੈਂਗ ਵਿਚਕਾਰ ਲੜਾਈਆਂ ਹੋ ਰਹੀਆਂ ਹਨ। ਨਤੀਜੇ ਵਜੋਂ, ਤੁਹਾਡੇ ਪਰਿਵਾਰ ਨੂੰ ਚਰਚਾ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਕਿ ਲੜ ਰਹੀਆਂ ਧਿਰਾਂ ਨਾਲ ਘਿਰੇ ਹੋਣ ਦੇ ਬਾਵਜੂਦ ਮਸੀਹੀ ਆਚਰਣ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ।—ਯਸਾਯਾਹ 2:2-4; ਯੂਹੰਨਾ 17:16.
15. ਬੱਚਿਆਂ ਨੂੰ ਸੈਕਸ ਅਤੇ ਵਿਆਹ ਬਾਰੇ ਸਿੱਖਿਆ ਕਿਵੇਂ ਦਿੱਤੀ ਜਾਣੀ ਚਾਹੀਦੀ ਹੈ?
15 ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਉਮਰ ਅਨੁਸਾਰ ਸੈਕਸ ਅਤੇ ਵਿਆਹ ਬਾਰੇ ਸਿੱਖਿਆ ਦੇਣ ਦੀ ਲੋੜ ਹੈ। ਕੁਝ ਸਭਿਆਚਾਰਾਂ ਵਿਚ, ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨਾਲ ਕਦੀ ਵੀ ਸੈਕਸ ਬਾਰੇ ਚਰਚਾ ਨਹੀਂ ਕਰਦੇ ਹਨ। ਜਿਨ੍ਹਾਂ ਬੱਚਿਆਂ ਨੂੰ ਸੈਕਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਸ਼ਾਇਦ ਦੂਸਰੇ ਨੌਜਵਾਨ ਗ਼ਲਤ ਜਾਣਕਾਰੀ ਦੇਣ, ਜਿਸ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਕੀ ਇਸ ਮਾਮਲੇ ਵਿਚ ਯਹੋਵਾਹ ਦੀ ਨਕਲ ਕਰਨੀ ਚੰਗੀ ਗੱਲ ਨਹੀਂ ਹੋਵੇਗੀ ਜੋ ਬਾਈਬਲ ਵਿਚ ਇਸ ਵਿਸ਼ੇ ਤੇ ਸਪੱਸ਼ਟ ਪਰ ਸੁਚੱਜੀ ਸਲਾਹ ਦਿੰਦਾ ਹੈ? ਪਰਮੇਸ਼ੁਰੀ ਸਲਾਹ ਸਾਡੇ ਬੱਚਿਆਂ ਦੀ ਮਦਦ ਕਰੇਗੀ ਕਿ ਉਹ ਆਪਣਾ ਸਵੈ-ਮਾਣ ਬਰਕਰਾਰ ਰੱਖਣ ਅਤੇ ਦੂਜੇ ਮੁੰਡੇ-ਕੁੜੀਆਂ ਨਾਲ ਆਦਰ ਨਾਲ ਪੇਸ਼ ਆਉਣ। (ਕਹਾਉਤਾਂ 5:18-20; ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3-8) ਚਾਹੇ ਤੁਸੀਂ ਇਨ੍ਹਾਂ ਵਿਸ਼ਿਆਂ ਉੱਤੇ ਪਹਿਲਾਂ ਹੀ ਚਰਚਾ ਕਰ ਚੁੱਕੇ ਹੋ, ਫਿਰ ਵੀ ਦੁਬਾਰਾ ਚਰਚਾ ਕਰਨ ਤੋਂ ਨਾ ਝਿਜਕੋ। ਹਾਲਾਤ ਬਦਲਦੇ ਰਹਿੰਦੇ ਹਨ, ਇਸ ਲਈ ਵਾਰ-ਵਾਰ ਚਰਚਾ ਕਰਨੀ ਜ਼ਰੂਰੀ ਹੈ।
16. (ੳ) ਅਲੱਗ-ਅਲੱਗ ਪਰਿਵਾਰਾਂ ਵਿਚ ਪਰਿਵਾਰਕ ਅਧਿਐਨ ਕਦੋਂ ਕੀਤਾ ਜਾਂਦਾ ਹੈ? (ਅ) ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਕਰਨ ਵਿਚ ਆਉਣ ਵਾਲੀਆਂ ਅੜਚਣਾਂ ਨੂੰ ਤੁਸੀਂ ਕਿਵੇਂ ਦੂਰ ਕੀਤਾ ਹੈ?
16 ਪਰਿਵਾਰਕ ਅਧਿਐਨ ਕਦੋਂ ਕੀਤਾ ਜਾ ਸਕਦਾ ਹੈ? ਸੰਸਾਰ ਭਰ ਵਿਚ ਬੈਥਲ ਪਰਿਵਾਰਾਂ ਦੀ ਨਕਲ ਕਰਦੇ ਹੋਏ ਬਹੁਤ ਸਾਰੇ ਪਰਿਵਾਰ ਆਪਣਾ ਪਰਿਵਾਰਕ ਅਧਿਐਨ ਸੋਮਵਾਰ ਸ਼ਾਮ ਨੂੰ ਕਰਦੇ ਹਨ। ਪਰ ਦੂਸਰੇ ਪਰਿਵਾਰ ਹੋਰ ਸਮੇਂ ਤੇ ਕਰਦੇ ਹਨ। ਅਰਜਨਟੀਨਾ ਵਿਚ 11 ਮੈਂਬਰਾਂ ਵਾਲਾ ਇਕ ਪਰਿਵਾਰ, ਜਿਸ ਵਿਚ 9 ਬੱਚੇ ਸਨ, ਆਪਣਾ ਪਰਿਵਾਰਕ ਅਧਿਐਨ ਕਰਨ ਲਈ ਹਰ ਰੋਜ਼ ਨਿਯਮਿਤ ਤੌਰ ਤੇ ਸਵੇਰੇ ਪੰਜ ਵਜੇ ਉੱਠਦਾ ਸੀ। ਕੰਮ ਦਾ ਸਮਾਂ ਵੱਖਰਾ-ਵੱਖਰਾ ਹੋਣ ਕਰਕੇ ਦੂਸਰੇ ਸਮੇਂ ਤੇ ਅਧਿਐਨ ਕਰਨਾ ਸੰਭਵ ਨਹੀਂ ਸੀ। ਸਵੇਰੇ ਪੰਜ ਵਜੇ ਉੱਠਣਾ ਆਸਾਨ ਨਹੀਂ ਸੀ, ਪਰ ਇਸ ਨੇ ਬੱਚਿਆਂ ਦੇ ਦਿਲਾਂ-ਦਿਮਾਗਾਂ ਵਿਚ ਇਹ ਗੱਲ ਬਿਠਾਈ ਕਿ ਪਰਿਵਾਰਕ ਅਧਿਐਨ ਬਹੁਤ ਹੀ ਮਹੱਤਵਪੂਰਣ ਹੈ। ਫ਼ਿਲਪੀਨ ਵਿਚ ਇਕ ਬਜ਼ੁਰਗ ਆਪਣੀ ਪਤਨੀ ਅਤੇ ਵੱਡੇ ਹੋ ਰਹੇ ਤਿੰਨ ਬੱਚਿਆਂ ਨਾਲ ਨਿਯਮਿਤ ਤੌਰ ਤੇ ਅਧਿਐਨ ਕਰਦਾ ਸੀ। ਹਫ਼ਤੇ ਦੌਰਾਨ ਮਾਤਾ-ਪਿਤਾ ਹਰ ਬੱਚੇ ਨਾਲ ਨਿੱਜੀ ਤੌਰ ਤੇ ਵੀ ਅਧਿਐਨ ਕਰਦੇ ਸਨ ਤਾਂਕਿ ਹਰ ਬੱਚਾ ਸੱਚਾਈ ਨੂੰ ਦਿਲੋਂ ਅਪਣਾ ਸਕੇ। ਸੰਯੁਕਤ ਰਾਜ ਅਮਰੀਕਾ ਵਿਚ ਇਕ ਭੈਣ, ਜਿਸ ਦਾ ਪਤੀ ਗਵਾਹ ਨਹੀਂ ਹੈ, ਹਰ ਰੋਜ਼ ਆਪਣੇ ਬੱਚਿਆਂ ਨੂੰ ਸਕੂਲ ਬਸ ਤਕ ਛੱਡਣ ਜਾਂਦੀ ਹੈ। ਬਸ ਦੀ ਉਡੀਕ ਕਰਦੇ ਸਮੇਂ ਉਹ ਇਕੱਠੇ ਮਿਲ ਕੇ ਢੁਕਵੀਂ ਬਾਈਬਲ ਅਧਿਐਨ ਸਾਮੱਗਰੀ ਨੂੰ ਪੜ੍ਹਨ ਅਤੇ ਉਸ ਉੱਤੇ ਚਰਚਾ ਕਰਨ ਵਿਚ ਦਸ ਕੁ ਮਿੰਟ ਬਿਤਾਉਂਦੇ ਹਨ ਅਤੇ ਫਿਰ ਮਾਂ ਬੱਚਿਆਂ ਦੇ ਬਸ ਵਿਚ ਚੜ੍ਹਨ ਤੋਂ ਪਹਿਲਾਂ ਛੋਟੀ ਜਿਹੀ ਪ੍ਰਾਰਥਨਾ ਕਰਦੀ ਹੈ। ਕਾਂਗੋ ਲੋਕਤੰਤਰੀ ਗਣਰਾਜ ਵਿਚ ਇਕ ਔਰਤ, ਜਿਸ ਦੇ ਅਵਿਸ਼ਵਾਸੀ ਪਤੀ ਨੇ ਪਰਿਵਾਰ ਨੂੰ ਛੱਡ ਦਿੱਤਾ ਸੀ, ਨੂੰ ਜ਼ਿਆਦਾ ਪੜ੍ਹੀ-ਲਿਖੀ ਨਾ ਹੋਣ ਕਰਕੇ ਅਧਿਐਨ ਵਿਚ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਉਸ ਦਾ ਜਵਾਨ ਪੁੱਤਰ ਹਰ ਹਫ਼ਤੇ ਆਪਣੀ ਮਾਂ ਤੇ ਛੋਟੇ ਭਰਾਵਾਂ ਨੂੰ ਮਿਲਣ ਆਉਂਦਾ ਹੈ ਤੇ ਉਨ੍ਹਾਂ ਨੂੰ ਅਧਿਐਨ ਕਰਾਉਂਦਾ ਹੈ। ਮਾਂ ਮਿਹਨਤ ਨਾਲ ਤਿਆਰੀ ਕਰ ਕੇ ਇਕ ਵਧੀਆ ਮਿਸਾਲ ਕਾਇਮ ਕਰਦੀ ਹੈ। ਕੀ ਕੁਝ ਅਜਿਹੇ ਹਾਲਾਤ ਹਨ ਜਿਨ੍ਹਾਂ ਕਰਕੇ ਤੁਹਾਡੇ ਪਰਿਵਾਰ ਲਈ ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਕਰਨਾ ਮੁਸ਼ਕਲ ਹੈ? ਕਦੇ ਹਾਰ ਨਾ ਮੰਨੋ। ਨਿਯਮਿਤ ਤੌਰ ਤੇ ਬਾਈਬਲ ਅਧਿਐਨ ਕਰਨ ਦੇ ਆਪਣੇ ਜਤਨਾਂ ਉੱਤੇ ਯਹੋਵਾਹ ਤੋਂ ਦਿਲੋਂ ਅਸੀਸ ਮੰਗੋ।—ਮਰਕੁਸ 11:23, 24.
ਪਰਿਵਾਰਕ ਅਧਿਐਨ ਕਰਦੇ ਰਹਿਣ ਦੇ ਫਲ
17. (ੳ) ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? (ਅ) ਕਿਹੜਾ ਅਨੁਭਵ ਯਹੋਵਾਹ ਦੇ ਰਾਹਾਂ ਬਾਰੇ ਨਿਯਮਿਤ ਤੌਰ ਤੇ ਦਿੱਤੀ ਜਾਣ ਵਾਲੀ ਪਰਿਵਾਰਕ ਸਿੱਖਿਆ ਦੀ ਮਹੱਤਤਾ ਨੂੰ ਦਿਖਾਉਂਦਾ ਹੈ?
17 ਪਰਿਵਾਰਕ ਅਧਿਐਨ ਲਈ ਯੋਜਨਾ ਬਣਾਉਣ ਦੀ ਲੋੜ ਹੈ। ਅਧਿਐਨ ਕਰਦੇ ਰਹਿਣ ਦੀ ਜ਼ਰੂਰਤ ਹੈ। ਪਰ ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਕਰਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ। (ਕਹਾਉਤਾਂ 22:6; 3 ਯੂਹੰਨਾ 4) ਜਰਮਨੀ ਵਿਚ ਫ਼ਰਾਂਟਸ ਅਤੇ ਹਿਲਦਾ ਨੇ 11 ਬੱਚਿਆਂ ਨੂੰ ਪਾਲ ਕੇ ਵੱਡਾ ਕੀਤਾ। ਸਾਲਾਂ ਬਾਅਦ, ਉਨ੍ਹਾਂ ਦੀ ਧੀ ਮਾਗਡਾਲੇਨਾ ਨੇ ਕਿਹਾ: “ਅੱਜ ਮੈਂ ਸੋਚਦੀ ਹਾਂ ਕਿ ਸਭ ਤੋਂ ਮਹੱਤਵਪੂਰਣ ਚੀਜ਼ ਇਹੀ ਸੀ ਕਿ ਕੋਈ ਦਿਨ ਵੀ ਅਜਿਹਾ ਨਹੀਂ ਜਾਂਦਾ ਸੀ ਜਿਸ ਦਿਨ ਅਸੀਂ ਕੁਝ ਅਧਿਆਤਮਿਕ ਸਿੱਖਿਆ ਪ੍ਰਾਪਤ ਨਹੀਂ ਕਰਦੇ ਸੀ।” ਜਦੋਂ ਅਡੌਲਫ਼ ਹਿਟਲਰ ਦੇ ਸ਼ਾਸਨ ਵਿਚ ਦੇਸ਼ਭਗਤੀ ਦੀ ਭਾਵਨਾ ਬਹੁਤ ਵੱਧ ਗਈ, ਤਾਂ ਮਾਗਡਾਲੇਨਾ ਦੇ ਪਿਤਾ ਨੇ ਬਾਈਬਲ ਨੂੰ ਇਸਤੇਮਾਲ ਕਰਦੇ ਹੋਏ ਆਪਣੇ ਪਰਿਵਾਰ ਨੂੰ ਆ ਰਹੀਆਂ ਅਜ਼ਮਾਇਸ਼ਾਂ ਲਈ ਤਿਆਰ ਕੀਤਾ। ਸਮੇਂ ਦੇ ਬੀਤਣ ਨਾਲ ਉਸ ਦੇ ਪਰਿਵਾਰ ਦੇ ਛੋਟੇ ਮੈਂਬਰਾਂ ਨੂੰ ਖੋਹ ਕੇ ਸੁਧਾਰ-ਘਰਾਂ ਵਿਚ ਪਾ ਦਿੱਤਾ ਗਿਆ; ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹਾਂ ਤੇ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਗਿਆ। ਕੁਝ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਸਾਰਿਆਂ ਦੀ ਨਿਹਚਾ ਮਜ਼ਬੂਤ ਰਹੀ—ਸਿਰਫ਼ ਘੋਰ ਸਤਾਹਟ ਦੇ ਸਮੇਂ ਦੌਰਾਨ ਹੀ ਨਹੀਂ, ਸਗੋਂ ਬਚਣ ਵਾਲੇ ਮੈਂਬਰਾਂ ਨੇ ਇਸ ਤੋਂ ਬਾਅਦ ਦੇ ਸਾਲਾਂ ਦੌਰਾਨ ਵੀ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਿਆ।
18. ਇਕੱਲੀਆਂ ਮਾਤਾਵਾਂ ਜਾਂ ਇਕੱਲੇ ਪਿਤਾਵਾਂ ਨੂੰ ਆਪਣੇ ਜਤਨਾਂ ਦਾ ਕਿਵੇਂ ਵਧੀਆ ਫਲ ਮਿਲਿਆ ਹੈ?
18 ਬਹੁਤ ਸਾਰੀਆਂ ਇਕੱਲੀਆਂ ਮਾਤਾਵਾਂ ਜਾਂ ਇਕੱਲੇ ਪਿਤਾਵਾਂ ਨੇ ਅਤੇ ਉਨ੍ਹਾਂ ਨੇ ਵੀ, ਜਿਨ੍ਹਾਂ ਦੇ ਵਿਆਹੁਤਾ ਸਾਥੀ ਯਹੋਵਾਹ ਦੇ ਗਵਾਹ ਨਹੀਂ ਹਨ, ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਨਿਯਮਿਤ ਤੌਰ ਤੇ ਬਾਈਬਲ ਦੀ ਸਿੱਖਿਆ ਦਿੱਤੀ ਹੈ। ਭਾਰਤ ਵਿਚ ਇਕ ਇਕੱਲੀ ਮਾਤਾ, ਜੋ ਵਿਧਵਾ ਹੈ, ਨੇ ਆਪਣੇ ਦੋ ਬੱਚਿਆਂ ਵਿਚ ਯਹੋਵਾਹ ਪ੍ਰਤੀ ਪਿਆਰ ਪੈਦਾ ਕਰਨ ਲਈ ਸਖ਼ਤ ਮਿਹਨਤ ਕੀਤੀ। ਪਰ ਉਸ ਦੇ ਦਿਲ ਨੂੰ ਬਹੁਤ ਦੁੱਖ ਲੱਗਾ ਜਦੋਂ ਉਸ ਦੇ ਪੁੱਤਰ ਨੇ ਯਹੋਵਾਹ ਦੇ ਲੋਕਾਂ ਨਾਲ ਸੰਗਤੀ ਕਰਨੀ ਛੱਡ ਦਿੱਤੀ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਆਪਣੇ ਪੁੱਤਰ ਨੂੰ ਸਿਖਲਾਈ ਦੇਣ ਵਿਚ ਜੇ ਕੋਈ ਕਮੀ ਰਹਿ ਗਈ ਸੀ, ਤਾਂ ਉਹ ਉਸ ਨੂੰ ਮਾਫ਼ ਕਰ ਦੇਵੇ। ਪਰ ਪੁੱਤਰ ਨੇ ਜੋ ਕੁਝ ਸਿੱਖਿਆ ਸੀ ਉਹ ਉਸ ਨੂੰ ਭੁੱਲਿਆ ਨਹੀਂ ਸੀ। ਦਸ ਕੁ ਸਾਲਾਂ ਬਾਅਦ ਇਕ ਦਿਨ ਉਹ ਵਾਪਸ ਆਇਆ, ਉਸ ਨੇ ਅਧਿਆਤਮਿਕ ਤੌਰ ਤੇ ਚੰਗੀ ਤਰੱਕੀ ਕੀਤੀ ਅਤੇ ਕਲੀਸਿਯਾ ਵਿਚ ਬਜ਼ੁਰਗ ਬਣ ਗਿਆ। ਹੁਣ ਉਹ ਅਤੇ ਉਸ ਦੀ ਪਤਨੀ ਪੂਰਣ-ਕਾਲੀ ਪਾਇਨੀਅਰ ਸੇਵਕਾਂ ਦੇ ਤੌਰ ਤੇ ਸੇਵਾ ਕਰਦੇ ਹਨ। ਉਹ ਮਾਪੇ ਕਿੰਨੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਨਿਯਮਿਤ ਤੌਰ ਤੇ ਬਾਈਬਲ ਦੀ ਸਿੱਖਿਆ ਦੇਣ ਦੀ ਯਹੋਵਾਹ ਅਤੇ ਉਸ ਦੇ ਸੰਗਠਨ ਵੱਲੋਂ ਦਿੱਤੀ ਗਈ ਸਲਾਹ ਨੂੰ ਦਿਲੋਂ ਮੰਨਿਆ ਹੈ! ਕੀ ਤੁਸੀਂ ਆਪਣੇ ਪਰਿਵਾਰ ਵਿਚ ਇਸ ਸਲਾਹ ਨੂੰ ਲਾਗੂ ਕਰ ਰਹੇ ਹੋ?
ਕੀ ਤੁਸੀਂ ਸਮਝਾ ਸਕਦੇ ਹੋ?
◻ ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ?
◻ ਹਰ ਪਰਿਵਾਰਕ ਅਧਿਐਨ ਦੌਰਾਨ ਸਾਡੇ ਉਦੇਸ਼ ਕੀ ਹੋਣੇ ਚਾਹੀਦੇ ਹਨ?
◻ ਸਿੱਖਿਆ ਦੇਣ ਦੇ ਕਿਹੜੇ ਔਜ਼ਾਰ ਸਾਡੇ ਲਈ ਮੁਹੱਈਆ ਕੀਤੇ ਗਏ ਹਨ?
◻ ਪਰਿਵਾਰਕ ਜ਼ਰੂਰਤਾਂ ਅਨੁਸਾਰ ਅਧਿਐਨ ਨੂੰ ਕਿਵੇਂ ਢਾਲ਼ਿਆ ਜਾ ਸਕਦਾ ਹੈ?
[ਸਫ਼ੇ 15 ਉੱਤੇ ਤਸਵੀਰ]
ਨਿਸ਼ਚਿਤ ਉਦੇਸ਼ ਰੱਖਣ ਨਾਲ ਤੁਹਾਡਾ ਪਰਿਵਾਰਕ ਅਧਿਐਨ ਹੋਰ ਲਾਭਕਾਰੀ ਬਣ ਜਾਵੇਗਾ
-
-
ਪਰਿਵਾਰੋ, ਪਰਮੇਸ਼ੁਰ ਦੀ ਕਲੀਸਿਯਾ ਦੇ ਹਿੱਸੇ ਵਜੋਂ ਉਸ ਦੀ ਉਸਤਤ ਕਰੋਪਹਿਰਾਬੁਰਜ—1999 | ਜੁਲਾਈ 1
-
-
ਪਰਿਵਾਰੋ, ਪਰਮੇਸ਼ੁਰ ਦੀ ਕਲੀਸਿਯਾ ਦੇ ਹਿੱਸੇ ਵਜੋਂ ਉਸ ਦੀ ਉਸਤਤ ਕਰੋ
“ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।”—ਜ਼ਬੂਰ 26:12.
1. ਘਰ ਵਿਚ ਅਧਿਐਨ ਅਤੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸੱਚੀ ਉਪਾਸਨਾ ਦਾ ਇਕ ਹੋਰ ਕਿਹੜਾ ਮਹੱਤਵਪੂਰਣ ਹਿੱਸਾ ਹੈ?
ਯਹੋਵਾਹ ਦੀ ਉਪਾਸਨਾ ਕਰਨ ਵਿਚ ਸਿਰਫ਼ ਘਰ ਵਿਚ ਬਹਿ ਕੇ ਪ੍ਰਾਰਥਨਾ ਕਰਨੀ ਅਤੇ ਬਾਈਬਲ ਦਾ ਅਧਿਐਨ ਕਰਨਾ ਹੀ ਸ਼ਾਮਲ ਨਹੀਂ ਹੈ, ਬਲਕਿ ਇਸ ਵਿਚ ਪਰਮੇਸ਼ੁਰ ਦੀ ਕਲੀਸਿਯਾ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਵੀ ਸ਼ਾਮਲ ਹੈ। ਪ੍ਰਾਚੀਨ ਇਸਰਾਏਲ ਵਿਚ ‘ਪਰਜਾ ਨੂੰ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਇਕੱਠਾ ਕਰਨ’ ਦਾ ਹੁਕਮ ਦਿੱਤਾ ਗਿਆ ਸੀ, ਤਾਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਨੂੰ ਸਿੱਖਣ ਅਤੇ ਉਸ ਦੇ ਰਾਹਾਂ ਤੇ ਚੱਲਣ। (ਬਿਵਸਥਾ ਸਾਰ 31:12; ਯਹੋਸ਼ੁਆ 8:35) ਬਜ਼ੁਰਗਾਂ ਅਤੇ ‘ਗਭਰੂਆਂ ਤੇ ਕੁਆਰੀਆਂ’ ਨੂੰ ਯਹੋਵਾਹ ਦੇ ਨਾਂ ਦੀ ਉਸਤਤ ਕਰਨ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸੀ। (ਜ਼ਬੂਰ 148:12, 13) ਇਹੀ ਪ੍ਰਬੰਧ ਮਸੀਹੀ ਕਲੀਸਿਯਾ ਵਿਚ ਵੀ ਪਾਏ ਜਾਂਦੇ ਹਨ। ਸੰਸਾਰ ਭਰ ਵਿਚ, ਰਾਜ-ਗ੍ਰਹਿਆਂ ਵਿਚ ਆਦਮੀ, ਔਰਤਾਂ ਅਤੇ ਬੱਚੇ ਸਭਾਵਾਂ ਵਿਚ ਬੇਝਿਜਕ ਟਿੱਪਣੀਆਂ ਕਰਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਵਿਚ ਹਿੱਸਾ ਲੈ ਕੇ ਬਹੁਤ ਆਨੰਦ ਮਿਲਦਾ ਹੈ।—ਇਬਰਾਨੀਆਂ 10:23-25.
2. (ੳ) ਸਭਾਵਾਂ ਦਾ ਆਨੰਦ ਮਾਣਨ ਵਿਚ ਬੱਚਿਆਂ ਦੀ ਮਦਦ ਕਰਨ ਲਈ ਸਭਾਵਾਂ ਦੀ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ? (ਅ) ਕਿਨ੍ਹਾਂ ਦੀ ਮਿਸਾਲ ਮਹੱਤਵਪੂਰਣ ਹੈ?
2 ਇਹ ਸੱਚ ਹੈ ਕਿ ਕਲੀਸਿਯਾ ਦੀਆਂ ਗਤੀਵਿਧੀਆਂ ਦੇ ਲਾਭਕਾਰੀ ਰੁਟੀਨ ਵਿਚ ਛੋਟੇ ਬੱਚਿਆਂ ਨੂੰ ਸ਼ਾਮਲ ਕਰਨਾ ਇਕ ਚੁਣੌਤੀ ਹੋ ਸਕਦੀ ਹੈ। ਜੇ ਕੁਝ ਬੱਚੇ ਆਪਣੇ ਮਾਪਿਆਂ ਨਾਲ ਸਭਾਵਾਂ ਵਿਚ ਆਉਂਦੇ ਹਨ, ਪਰ ਸਭਾਵਾਂ ਦਾ ਆਨੰਦ ਨਹੀਂ ਮਾਣਦੇ ਹਨ, ਤਾਂ ਸਮੱਸਿਆ ਕੀ ਹੋ ਸਕਦੀ ਹੈ? ਇਹ ਸੱਚ ਹੈ ਕਿ ਜ਼ਿਆਦਾਤਰ ਬੱਚੇ ਥੋੜ੍ਹੇ ਸਮੇਂ ਲਈ ਹੀ ਧਿਆਨ ਦੇ ਸਕਦੇ ਹਨ ਅਤੇ ਜਲਦੀ ਬੋਰ ਹੋ ਜਾਂਦੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਭਾਵਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ। ਤਿਆਰੀ ਤੋਂ ਬਿਨਾਂ ਬੱਚੇ ਅਰਥਪੂਰਣ ਤਰੀਕੇ ਨਾਲ ਸਭਾਵਾਂ ਵਿਚ ਹਿੱਸਾ ਨਹੀਂ ਲੈ ਸਕਦੇ ਹਨ। (ਕਹਾਉਤਾਂ 15:23) ਤਿਆਰੀ ਤੋਂ ਬਿਨਾਂ ਉਨ੍ਹਾਂ ਲਈ ਅਧਿਆਤਮਿਕ ਤੌਰ ਤੇ ਤਰੱਕੀ, ਜੋ ਸੰਤੁਸ਼ਟੀ ਦਿੰਦੀ ਹੈ, ਕਰਨੀ ਮੁਸ਼ਕਲ ਹੋਵੇਗੀ। (1 ਤਿਮੋਥਿਉਸ 4:12, 15) ਤਾਂ ਫਿਰ, ਕੀ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਮਾਤਾ-ਪਿਤਾ ਨੂੰ ਆਪਣੇ ਆਪ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਕੀ ਉਹ ਆਪ ਸਭਾਵਾਂ ਦੀ ਤਿਆਰੀ ਕਰਦੇ ਹਨ ਕਿ ਨਹੀਂ। ਉਨ੍ਹਾਂ ਦੀ ਮਿਸਾਲ ਦਾ ਜ਼ਬਰਦਸਤ ਪ੍ਰਭਾਵ ਪੈਂਦਾ ਹੈ। (ਲੂਕਾ 6:40) ਪਰਿਵਾਰਕ ਅਧਿਐਨ ਦੀ ਧਿਆਨ ਨਾਲ ਯੋਜਨਾ ਬਣਾਉਣਾ ਵੀ ਇਕ ਵਧੀਆ ਉਪਾਅ ਹੋ ਸਕਦਾ ਹੈ।
ਦਿਲ ਨੂੰ ਪ੍ਰੇਰਿਤ ਕਰਨਾ
3. ਪਰਿਵਾਰਕ ਅਧਿਐਨ ਦੌਰਾਨ, ਦਿਲ ਨੂੰ ਪ੍ਰੇਰਿਤ ਕਰਨ ਲਈ ਖ਼ਾਸ ਜਤਨ ਕਿਉਂ ਕਰਨੇ ਚਾਹੀਦੇ ਹਨ ਅਤੇ ਇਸ ਲਈ ਕੀ ਜ਼ਰੂਰੀ ਹੈ?
3 ਪਰਿਵਾਰਕ ਅਧਿਐਨ ਕਰਨ ਦਾ ਸਮਾਂ ਸਿਰਫ਼ ਦਿਮਾਗ਼ ਨੂੰ ਗਿਆਨ ਨਾਲ ਭਰਨ ਦਾ ਹੀ ਨਹੀਂ ਹੁੰਦਾ, ਬਲਕਿ ਦਿਲਾਂ ਨੂੰ ਪ੍ਰੇਰਿਤ ਕਰਨ ਦਾ ਵੀ ਸਮਾਂ ਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਪਰਿਵਾਰ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣ ਅਤੇ ਹਰੇਕ ਲਈ ਪਿਆਰ ਭਰੀ ਚਿੰਤਾ ਦਿਖਾਉਣ ਦੀ ਜ਼ਰੂਰਤ ਹੈ। ਯਹੋਵਾਹ “ਮਨ ਦੀ ਪਰੀਖਿਆ ਕਰਦਾ” ਹੈ।—1 ਇਤਹਾਸ 29:17.
4. (ੳ) “ਦਿਲ ਦੀ ਘਾਟ” ਹੋਣ ਦਾ ਕੀ ਅਰਥ ਹੈ? (ਅ) ‘ਦਿਲ ਪ੍ਰਾਪਤ ਕਰਨ’ ਵਿਚ ਕੀ ਕੁਝ ਸ਼ਾਮਲ ਹੈ?
4 ਯਹੋਵਾਹ ਜਦੋਂ ਸਾਡੇ ਬੱਚਿਆਂ ਦੇ ਦਿਲਾਂ ਦੀ ਪਰੀਖਿਆ ਕਰਦਾ ਹੈ, ਤਾਂ ਉਹ ਉਨ੍ਹਾਂ ਵਿਚ ਕੀ ਪਾਉਂਦਾ ਹੈ? ਜ਼ਿਆਦਾਤਰ ਬੱਚੇ ਕਹਿਣਗੇ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਇਹ ਬਹੁਤ ਚੰਗੀ ਗੱਲ ਹੈ। ਪਰ ਜਿਹੜੇ ਅਜੇ ਬੱਚੇ ਹਨ ਜਾਂ ਜਿਸ ਨੇ ਯਹੋਵਾਹ ਬਾਰੇ ਅਜੇ ਸਿੱਖਣਾ ਸ਼ੁਰੂ ਹੀ ਕੀਤਾ ਹੈ, ਉਸ ਨੂੰ ਯਹੋਵਾਹ ਦੇ ਰਾਹਾਂ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ। ਕਿਉਂਕਿ ਉਹ ਨਾਤਜਰਬੇਕਾਰ ਹੈ, ਉਸ ਵਿਚ “ਦਿਲ ਦੀ ਘਾਟ” ਹੋ ਸਕਦੀ ਹੈ, ਜਿਵੇਂ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਕਹਿੰਦੀ ਹੈ। ਸ਼ਾਇਦ ਉਸ ਦੀ ਨੀਅਤ ਹਮੇਸ਼ਾ ਖ਼ਰਾਬ ਨਾ ਹੋਵੇ, ਪਰ ਇਕ ਵਿਅਕਤੀ ਦੇ ਦਿਲ ਨੂੰ ਉਸ ਹਾਲਤ ਵਿਚ ਲਿਆਉਣ ਲਈ ਸਮਾਂ ਲੱਗਦਾ ਹੈ ਜਿਹੜੀ ਪਰਮੇਸ਼ੁਰ ਨੂੰ ਸੱਚ-ਮੁੱਚ ਖ਼ੁਸ਼ ਕਰੇਗੀ। ਇਸ ਵਿਚ ਇਕ ਵਿਅਕਤੀ ਦੀ ਸੋਚ, ਇੱਛਾਵਾਂ, ਰੁਝਾਨਾਂ, ਭਾਵਨਾਵਾਂ ਅਤੇ ਜ਼ਿੰਦਗੀ ਦੇ ਟੀਚਿਆਂ ਨੂੰ ਉਸ ਹੱਦ ਤਕ ਪਰਮੇਸ਼ੁਰ ਦੀ ਇੱਛਾ ਦੀ ਇਕਸੁਰਤਾ ਵਿਚ ਲਿਆਉਣਾ ਸ਼ਾਮਲ ਹੈ, ਜਿਸ ਹੱਦ ਤਕ ਅਪੂਰਣ ਇਨਸਾਨਾਂ ਲਈ ਸੰਭਵ ਹੈ। ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਪਰਮੇਸ਼ੁਰੀ ਤਰੀਕੇ ਨਾਲ ਅੰਦਰੂਨੀ ਇਨਸਾਨ ਨੂੰ ਢਾਲ਼ਦਾ ਹੈ, ਤਾਂ ਉਹ “ਦਿਲ ਪ੍ਰਾਪਤ ਕਰ ਰਿਹਾ” ਹੈ।—ਕਹਾਉਤਾਂ 9:4; 19:8, ਨਿ ਵ.
5, 6. ‘ਦਿਲ ਪ੍ਰਾਪਤ ਕਰਨ’ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
5 ਕੀ ਮਾਪੇ ‘ਦਿਲ ਪ੍ਰਾਪਤ ਕਰਨ’ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ? ਇਹ ਸੱਚ ਹੈ ਕਿ ਕੋਈ ਵੀ ਇਨਸਾਨ ਜ਼ਬਰਦਸਤੀ ਦੂਸਰੇ ਇਨਸਾਨ ਦੇ ਦਿਲ ਨੂੰ ਨਹੀਂ ਬਦਲ ਸਕਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਮਰਜ਼ੀ ਨਾਲ ਕੰਮ ਕਰਨ ਦੀ ਖੁੱਲ੍ਹ ਹੈ ਅਤੇ ਬਹੁਤ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਚੀਜ਼ ਬਾਰੇ ਸੋਚਦੇ ਹਾਂ। ਫਿਰ ਵੀ, ਸਮਝਦਾਰੀ ਵਰਤਦੇ ਹੋਏ ਮਾਪੇ ਅਕਸਰ ਆਪਣੇ ਬੱਚਿਆਂ ਦੇ ਮਨਾਂ ਨੂੰ ਫਰੋਲ ਕੇ ਉਨ੍ਹਾਂ ਦੇ ਦਿਲ ਦੀ ਗੱਲ ਜਾਣ ਸਕਦੇ ਹਨ ਅਤੇ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੇ ਸਵਾਲ ਪੁੱਛੋ, ‘ਤੂੰ ਇਸ ਬਾਰੇ ਕੀ ਸੋਚਦਾ ਹੈਂ?’ ਅਤੇ ‘ਤੂੰ ਅਸਲ ਵਿਚ ਕੀ ਕਰਨਾ ਚਾਹੁੰਦਾ ਹੈਂ?’ ਫਿਰ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੋ। ਆਪਣੇ ਆਪ ਤੇ ਕਾਬੂ ਰੱਖੋ। (ਕਹਾਉਤਾਂ 20:5) ਜੇ ਤੁਸੀਂ ਬੱਚੇ ਦੇ ਦਿਲ ਤਕ ਪਹੁੰਚਣਾ ਚਾਹੁੰਦੇ ਹੋ, ਤਾਂ ਦਿਆਲਤਾ, ਹਮਦਰਦੀ, ਅਤੇ ਪਿਆਰ ਭਰਿਆ ਮਾਹੌਲ ਪੈਦਾ ਕਰਨਾ ਜ਼ਰੂਰੀ ਹੈ।
6 ਚੰਗੇ ਝੁਕਾਵਾਂ ਨੂੰ ਮਜ਼ਬੂਤ ਕਰਨ ਲਈ ਆਤਮਾ ਦੇ ਫਲ ਦੀ, ਅਰਥਾਤ ਇਸ ਦੇ ਹਰ ਪਹਿਲੂ ਦੀ ਵਾਰ-ਵਾਰ ਚਰਚਾ ਕਰੋ ਅਤੇ ਇਕ ਪਰਿਵਾਰ ਦੇ ਤੌਰ ਤੇ ਇਨ੍ਹਾਂ ਨੂੰ ਆਪਣੇ ਵਿਚ ਪੈਦਾ ਕਰਨ ਲਈ ਮਿਹਨਤ ਕਰੋ। (ਗਲਾਤੀਆਂ 5:22, 23) ਯਹੋਵਾਹ ਅਤੇ ਯਿਸੂ ਮਸੀਹ ਲਈ ਪਿਆਰ ਪੈਦਾ ਕਰੋ, ਸਿਰਫ਼ ਇਹ ਕਹਿਣ ਦੁਆਰਾ ਹੀ ਨਹੀਂ ਕਿ ਸਾਨੂੰ ਉਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਪਰ ਇਹ ਵੀ ਚਰਚਾ ਕਰੋ ਕਿ ਅਸੀਂ ਕਿਉਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਇਹ ਪਿਆਰ ਕਿਵੇਂ ਦਿਖਾ ਸਕਦੇ ਹਾਂ। (2 ਕੁਰਿੰਥੀਆਂ 5:14, 15) ਸਹੀ ਕੰਮ ਕਰਨ ਤੋਂ ਮਿਲਣ ਵਾਲੇ ਫ਼ਾਇਦਿਆਂ ਦੀ ਚਰਚਾ ਕਰ ਕੇ ਸਹੀ ਕੰਮ ਕਰਨ ਦੀ ਇੱਛਾ ਨੂੰ ਮਜ਼ਬੂਤ ਕਰੋ। ਗ਼ਲਤ ਵਿਚਾਰਾਂ, ਬੋਲੀ, ਅਤੇ ਚਾਲ-ਚਲਣ ਦੇ ਬੁਰੇ ਪ੍ਰਭਾਵਾਂ ਦੀ ਚਰਚਾ ਕਰਨ ਦੁਆਰਾ ਇਨ੍ਹਾਂ ਤੋਂ ਬਚਣ ਦੀ ਇੱਛਾ ਪੈਦਾ ਕਰੋ। (ਆਮੋਸ 5:15; 3 ਯੂਹੰਨਾ 11) ਦਿਖਾਓ ਕਿ ਇਕ ਵਿਅਕਤੀ ਦੇ ਵਿਚਾਰ, ਬੋਲੀ, ਅਤੇ ਚਾਲ-ਚਲਣ—ਚੰਗਾ ਜਾਂ ਮਾੜਾ—ਯਹੋਵਾਹ ਨਾਲ ਉਸ ਦੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।
7. ਬੱਚਿਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਤਾਂਕਿ ਉਹ ਇਸ ਤਰੀਕੇ ਨਾਲ ਸਮੱਸਿਆਵਾਂ ਨਾਲ ਨਜਿੱਠਣ ਅਤੇ ਫ਼ੈਸਲੇ ਕਰਨ ਜਿਸ ਨਾਲ ਉਨ੍ਹਾਂ ਦਾ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਰਹੇ?
7 ਜਦੋਂ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ, ਜਾਂ ਉਸ ਨੇ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਤੁਸੀਂ ਉਸ ਤੋਂ ਪੁੱਛ ਸਕਦੇ ਹੋ: ‘ਤੇਰੇ ਖ਼ਿਆਲ ਵਿਚ ਯਹੋਵਾਹ ਇਸ ਨੂੰ ਕਿਵੇਂ ਵਿਚਾਰਦਾ ਹੈ? ਤੂੰ ਯਹੋਵਾਹ ਬਾਰੇ ਕੀ ਜਾਣਦਾ ਹੈ ਜਿਸ ਕਰਕੇ ਤੂੰ ਇਸ ਤਰ੍ਹਾਂ ਕਹਿੰਦਾ ਹੈ? ਕੀ ਤੂੰ ਇਸ ਬਾਰੇ ਉਸ ਨੂੰ ਪ੍ਰਾਰਥਨਾ ਕੀਤੀ ਹੈ?’ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਦੀ ਅਜਿਹਾ ਜੀਵਨ-ਢੰਗ ਵਿਕਸਿਤ ਕਰਨ ਵਿਚ ਮਦਦ ਕਰੋ ਕਿ ਉਹ ਹਮੇਸ਼ਾ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਅਤੇ ਫਿਰ ਉਸ ਨੂੰ ਪੂਰਾ ਕਰਨ ਦਾ ਜਤਨ ਕਰਨ। ਜਦੋਂ ਉਹ ਯਹੋਵਾਹ ਦੇ ਨਾਲ ਨਜ਼ਦੀਕੀ ਤੇ ਨਿੱਜੀ ਰਿਸ਼ਤਾ ਕਾਇਮ ਕਰ ਲੈਣਗੇ, ਤਾਂ ਉਹ ਉਸ ਦੇ ਰਾਹਾਂ ਤੇ ਚੱਲਣ ਵਿਚ ਖ਼ੁਸ਼ੀ ਪ੍ਰਾਪਤ ਕਰਨਗੇ। (ਜ਼ਬੂਰ 119:34, 35) ਇਹ ਉਨ੍ਹਾਂ ਵਿਚ ਸੱਚੇ ਪਰਮੇਸ਼ੁਰ ਦੀ ਕਲੀਸਿਯਾ ਨਾਲ ਸੰਗਤੀ ਕਰਨ ਦੇ ਵਿਸ਼ੇਸ਼-ਸਨਮਾਨ ਲਈ ਕਦਰ ਪੈਦਾ ਕਰੇਗਾ।
ਕਲੀਸਿਯਾ ਸਭਾਵਾਂ ਦੀ ਤਿਆਰੀ
8. (ੳ) ਜਿਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਸਾਰੀਆਂ ਗੱਲਾਂ ਨੂੰ ਪਰਿਵਾਰਕ ਅਧਿਐਨ ਵਿਚ ਸ਼ਾਮਲ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ? (ਅ) ਇਹ ਅਧਿਐਨ ਕਿੰਨਾ ਕੁ ਮਹੱਤਵਪੂਰਣ ਹੈ?
8 ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਵੱਲ ਪਰਿਵਾਰਕ ਅਧਿਐਨ ਦੌਰਾਨ ਧਿਆਨ ਦੇਣ ਦੀ ਲੋੜ ਹੈ। ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਕਿਵੇਂ ਚਰਚਾ ਕਰ ਸਕਦੇ ਹੋ? ਇੱਕੋ ਸਮੇਂ ਤੇ ਸਾਰੀਆਂ ਗੱਲਾਂ ਬਾਰੇ ਚਰਚਾ ਕਰਨੀ ਸੰਭਵ ਨਹੀਂ ਹੈ। ਪਰ ਇਨ੍ਹਾਂ ਦੀ ਇਕ ਸੂਚੀ ਬਣਾਉਣੀ ਲਾਭਕਾਰੀ ਹੋ ਸਕਦੀ ਹੈ। (ਕਹਾਉਤਾਂ 21:5) ਸਮੇਂ-ਸਮੇਂ ਤੇ, ਇਸ ਸੂਚੀ ਨੂੰ ਦੇਖੋ ਤੇ ਵਿਚਾਰ ਕਰੋ ਕਿ ਕਿਹੜੀ ਗੱਲ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਰਿਵਾਰ ਦੇ ਹਰ ਮੈਂਬਰ ਦੀ ਤਰੱਕੀ ਵਿਚ ਡੂੰਘੀ ਦਿਲਚਸਪੀ ਲਓ। ਪਰਿਵਾਰਕ ਅਧਿਐਨ ਲਈ ਇਹ ਪ੍ਰਬੰਧ ਮਸੀਹੀ ਸਿੱਖਿਆ ਦੇਣ ਦਾ ਇਕ ਮਹੱਤਵਪੂਰਣ ਹਿੱਸਾ ਹੈ ਜੋ ਸਾਨੂੰ ਮੌਜੂਦਾ ਜ਼ਿੰਦਗੀ ਲਈ ਅਤੇ ਭਾਵੀ ਅਨੰਤ ਜ਼ਿੰਦਗੀ ਲਈ ਤਿਆਰ ਕਰਦਾ ਹੈ।—1 ਤਿਮੋਥਿਉਸ 4:8.
9. ਅਸੀਂ ਆਪਣੇ ਪਰਿਵਾਰਕ ਅਧਿਐਨ ਦੌਰਾਨ ਸਭਾਵਾਂ ਦੀ ਤਿਆਰੀ ਕਰਨ ਸੰਬੰਧੀ ਕਿਹੜੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹੌਲੀ-ਹੌਲੀ ਮਿਹਨਤ ਕਰ ਸਕਦੇ ਹਾਂ?
9 ਕੀ ਤੁਸੀਂ ਆਪਣੇ ਪਰਿਵਾਰਕ ਅਧਿਐਨ ਵਿਚ ਕਲੀਸਿਯਾ ਸਭਾਵਾਂ ਦੀ ਤਿਆਰੀ ਵੀ ਕਰਦੇ ਹੋ? ਇਕੱਠੇ ਅਧਿਐਨ ਕਰਦੇ ਸਮੇਂ ਤੁਸੀਂ ਕਈ ਗੱਲਾਂ ਵਿਚ ਲਗਾਤਾਰ ਸੁਧਾਰ ਕਰ ਸਕਦੇ ਹੋ। ਕੁਝ ਗੱਲਾਂ ਵਿਚ ਸੁਧਾਰ ਕਰਨ ਲਈ ਸ਼ਾਇਦ ਕਈ ਹਫ਼ਤੇ, ਮਹੀਨੇ ਜਾਂ ਇੱਥੋਂ ਤਕ ਕਿ ਕਈ ਸਾਲ ਵੀ ਲੱਗ ਸਕਦੇ ਹਨ। ਇਨ੍ਹਾਂ ਟੀਚਿਆਂ ਉੱਤੇ ਵਿਚਾਰ ਕਰੋ: (1) ਪਰਿਵਾਰ ਵਿਚ ਹਰ ਮੈਂਬਰ ਦਾ ਕਲੀਸਿਯਾ ਸਭਾਵਾਂ ਵਿਚ ਟਿੱਪਣੀਆਂ ਦੇਣ ਲਈ ਤਿਆਰ ਰਹਿਣਾ; (2) ਹਰੇਕ ਮੈਂਬਰ ਦਾ ਆਪਣੇ ਸ਼ਬਦਾਂ ਵਿਚ ਟਿੱਪਣੀਆਂ ਦੇਣ ਲਈ ਮਿਹਨਤ ਕਰਨਾ; (3) ਟਿੱਪਣੀਆਂ ਦਿੰਦੇ ਸਮੇਂ ਸ਼ਾਸਤਰਵਚਨਾਂ ਦਾ ਪ੍ਰਯੋਗ ਕਰਨਾ; ਅਤੇ (4) ਆਪਣੇ ਤੇ ਲਾਗੂ ਕਰਨ ਦੇ ਵਿਚਾਰ ਨਾਲ ਸਾਮੱਗਰੀ ਦਾ ਅਧਿਐਨ ਕਰਨਾ। ਇਹ ਸਾਰੀਆਂ ਗੱਲਾਂ ਸੱਚਾਈ ਨੂੰ ਦਿਲੋਂ ਅਪਣਾਉਣ ਵਿਚ ਇਕ ਵਿਅਕਤੀ ਦੀ ਮਦਦ ਕਰਨਗੀਆਂ।—ਜ਼ਬੂਰ 25:4, 5.
10. (ੳ) ਅਸੀਂ ਆਪਣੀ ਹਰ ਕਲੀਸਿਯਾ ਸਭਾ ਵੱਲ ਕਿਸ ਤਰ੍ਹਾਂ ਧਿਆਨ ਦੇ ਸਕਦੇ ਹਾਂ? (ਅ) ਇਹ ਲਾਭਦਾਇਕ ਕਿਉਂ ਹੈ?
10 ਜੇ ਤੁਸੀਂ ਪਰਿਵਾਰਕ ਅਧਿਐਨ ਵਿਚ ਉਸ ਹਫ਼ਤੇ ਲਈ ਪਹਿਰਾਬੁਰਜ ਦੇ ਲੇਖ ਦੀ ਤਿਆਰੀ ਕਰਦੇ ਹੋ, ਤਾਂ ਵੀ ਕਲੀਸਿਯਾ ਪੁਸਤਕ ਅਧਿਐਨ, ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਦੀ ਆਪਣੇ ਆਪ ਜਾਂ ਪਰਿਵਾਰ ਨਾਲ ਮਿਲ ਕੇ ਤਿਆਰੀ ਕਰਨ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਵੀ ਯਹੋਵਾਹ ਦੇ ਰਾਹ ਉੱਤੇ ਤੁਰਨ ਲਈ ਸਾਨੂੰ ਸਿੱਖਿਆ ਦੇਣ ਦੇ ਪ੍ਰੋਗ੍ਰਾਮ ਦੇ ਮਹੱਤਵਪੂਰਣ ਭਾਗ ਹਨ। ਸਮੇਂ-ਸਮੇਂ ਤੇ ਤੁਸੀਂ ਸ਼ਾਇਦ ਪਰਿਵਾਰ ਨਾਲ ਮਿਲ ਕੇ ਸਭਾਵਾਂ ਦੀ ਤਿਆਰੀ ਕਰ ਸਕੋ। ਇਕੱਠੇ ਤਿਆਰੀ ਕਰਨ ਨਾਲ ਤੁਹਾਡੇ ਅਧਿਐਨ ਕਰਨ ਦੇ ਢੰਗ ਵਿਚ ਸੁਧਾਰ ਹੋਵੇਗਾ। ਨਤੀਜੇ ਵਜੋਂ, ਸਭਾਵਾਂ ਤੋਂ ਵੀ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ। ਦੂਸਰੀਆਂ ਗੱਲਾਂ ਦੇ ਨਾਲ-ਨਾਲ, ਇਨ੍ਹਾਂ ਸਭਾਵਾਂ ਦੀ ਨਿਯਮਿਤ ਤੌਰ ਤੇ ਤਿਆਰੀ ਕਰਨ ਦੇ ਫ਼ਾਇਦਿਆਂ ਦੀ ਅਤੇ ਇਸ ਲਈ ਨਿਸ਼ਚਿਤ ਸਮਾਂ ਅਲੱਗ ਰੱਖਣ ਦੀ ਮਹੱਤਤਾ ਉੱਤੇ ਚਰਚਾ ਕਰੋ।—ਅਫ਼ਸੀਆਂ 5:15-17.
11, 12. ਕਲੀਸਿਯਾ ਸਭਾਵਾਂ ਵਿਚ ਗਾਏ ਜਾਣ ਵਾਲੇ ਗੀਤਾਂ ਦੀ ਤਿਆਰੀ ਕਰਨ ਤੋਂ ਸਾਨੂੰ ਕਿਵੇਂ ਫ਼ਾਇਦਾ ਹੋਵੇਗਾ ਅਤੇ ਇਹ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
11 “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨਾਂ ਵਿਚ ਸਾਨੂੰ ਆਪਣੀਆਂ ਸਭਾਵਾਂ ਦੇ ਇਕ ਹੋਰ ਭਾਗ ਦੀ ਤਿਆਰੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ—ਉਹ ਹੈ ਰਾਜ ਗੀਤ ਗਾਉਣੇ। ਕੀ ਤੁਸੀਂ ਇਨ੍ਹਾਂ ਦੀ ਤਿਆਰੀ ਕਰਦੇ ਹੋ? ਇਸ ਤਰ੍ਹਾਂ ਕਰਨ ਨਾਲ ਬਾਈਬਲ ਦੀਆਂ ਸੱਚਾਈਆਂ ਸਾਡੇ ਦਿਲਾਂ-ਦਿਮਾਗਾਂ ਵਿਚ ਸਮਾ ਜਾਣਗੀਆਂ ਅਤੇ ਨਾਲ ਹੀ ਅਸੀਂ ਕਲੀਸਿਯਾ ਸਭਾਵਾਂ ਦਾ ਜ਼ਿਆਦਾ ਆਨੰਦ ਮਾਣ ਸਕਾਂਗੇ।
12 ਅਸੀਂ ਸਭਾ ਵਿਚ ਗਾਏ ਜਾਣ ਵਾਲੇ ਕੁਝ ਗੀਤਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਸ਼ਬਦਾਂ ਦੇ ਅਰਥਾਂ ਦੀ ਚਰਚਾ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਤਿਆਰੀ ਕਰ ਕੇ ਅਸੀਂ ਗੀਤਾਂ ਨੂੰ ਦਿਲੋਂ ਗਾ ਸਕਾਂਗੇ। ਪ੍ਰਾਚੀਨ ਇਸਰਾਏਲ ਵਿਚ, ਉਪਾਸਨਾ ਵਿਚ ਸੰਗੀਤ ਦੇ ਸਾਜ਼ਾਂ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਸੀ। (1 ਇਤਹਾਸ 25:1; ਜ਼ਬੂਰ 28:7) ਕੀ ਤੁਹਾਡੇ ਪਰਿਵਾਰ ਵਿਚ ਕੋਈ ਮੈਂਬਰ ਸਾਜ਼ ਵਜਾਉਂਦਾ ਹੈ? ਕਿਉਂ ਨਾ ਤੁਸੀਂ ਉਸ ਸਾਜ਼ ਨੂੰ ਵਜਾ ਕੇ ਉਸ ਹਫ਼ਤੇ ਗਾਏ ਜਾਣ ਵਾਲੇ ਰਾਜ ਗੀਤਾਂ ਵਿੱਚੋਂ ਕਿਸੇ ਗੀਤ ਨੂੰ ਗਾਉਣ ਦਾ ਅਭਿਆਸ ਕਰੋ। ਤੁਸੀਂ ਰਿਕਾਰਡ ਕੀਤੇ ਹੋਏ ਗੀਤ ਵੀ ਵਰਤ ਸਕਦੇ ਹੋ। ਕੁਝ ਦੇਸ਼ਾਂ ਵਿਚ ਸਾਡੇ ਭਰਾ ਬਿਨਾਂ ਕਿਸੇ ਸਾਜ਼ ਤੋਂ ਬਹੁਤ ਸੋਹਣੇ ਤਰੀਕੇ ਨਾਲ ਗਾਉਂਦੇ ਹਨ। ਰਾਹ ਵਿਚ ਤੁਰਦਿਆਂ ਜਾਂ ਖੇਤਾਂ ਵਿਚ ਕੰਮ ਕਰਦਿਆਂ ਉਹ ਅਕਸਰ ਉਸ ਹਫ਼ਤੇ ਦੀਆਂ ਕਲੀਸਿਯਾ ਸਭਾਵਾਂ ਵਿਚ ਗਾਏ ਜਾਣ ਵਾਲੇ ਗੀਤਾਂ ਨੂੰ ਗਾਉਣ ਦਾ ਆਨੰਦ ਮਾਣਦੇ ਹਨ।—ਅਫ਼ਸੀਆਂ 5:19.
ਪਰਿਵਾਰ ਨਾਲ ਮਿਲ ਕੇ ਖੇਤਰ ਸੇਵਾ ਲਈ ਤਿਆਰੀ ਕਰਨਾ
13, 14. ਪਰਿਵਾਰ ਦੇ ਨਾਲ ਮਿਲ ਕੇ ਚਰਚਾ ਕਰਨੀ, ਜੋ ਸਾਡੇ ਦਿਲਾਂ ਨੂੰ ਖੇਤਰ ਸੇਵਾ ਲਈ ਤਿਆਰ ਕਰਦੀ ਹੈ, ਕਿਉਂ ਮਹੱਤਵਪੂਰਣ ਹੈ?
13 ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਗਵਾਹੀ ਦੇਣੀ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਹੈ। (ਯਸਾਯਾਹ 43:10-12; ਮੱਤੀ 24:14) ਅਸੀਂ ਭਾਵੇਂ ਜਵਾਨ ਹਾਂ ਜਾਂ ਬੁੱਢੇ, ਪਰ ਜੇ ਅਸੀਂ ਇਸ ਕੰਮ ਲਈ ਤਿਆਰੀ ਕਰਦੇ ਹਾਂ, ਤਾਂ ਅਸੀਂ ਜ਼ਿਆਦਾ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਾਂਗੇ ਅਤੇ ਇਸ ਵਿਚ ਜ਼ਿਆਦਾ ਆਨੰਦ ਪ੍ਰਾਪਤ ਕਰਾਂਗੇ। ਅਸੀਂ ਪਰਿਵਾਰ ਵਿਚ ਤਿਆਰੀ ਕਿਵੇਂ ਕਰ ਸਕਦੇ ਹਾਂ?
14 ਆਪਣੀ ਉਪਾਸਨਾ ਨਾਲ ਸੰਬੰਧਿਤ ਸਾਰੀਆਂ ਗੱਲਾਂ ਦੇ ਵਾਂਗ, ਇਸ ਵਿਚ ਵੀ ਆਪਣੇ ਦਿਲਾਂ ਨੂੰ ਤਿਆਰ ਕਰਨਾ ਜ਼ਰੂਰੀ ਹੈ। ਸਾਨੂੰ ਨਾ ਸਿਰਫ਼ ਇਸ ਗੱਲ ਦੀ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਕੀ ਕਰਾਂਗੇ, ਬਲਕਿ ਇਸ ਬਾਰੇ ਵੀ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਹ ਕਿਉਂ ਕਰਨ ਜਾ ਰਹੇ ਹਾਂ। ਰਾਜਾ ਯਹੋਸ਼ਾਫ਼ਾਟ ਦੇ ਦਿਨਾਂ ਵਿਚ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਸਿਖਾਈ ਜਾਂਦੀ ਸੀ, ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਨ੍ਹਾਂ ਨੇ “ਦਿਲ ਨਹੀਂ ਲਾਇਆ।” ਇਸ ਨਾਲ ਉਹ ਆਸਾਨੀ ਨਾਲ ਬਹਿਕਾਵੇ ਵਿਚ ਆ ਕੇ ਸੱਚੀ ਉਪਾਸਨਾ ਤੋਂ ਦੂਰ ਹੋ ਸਕਦੇ ਸਨ। (2 ਇਤਹਾਸ 20:33; 21:11) ਸਾਡਾ ਟੀਚਾ ਸਿਰਫ਼ ਖੇਤਰ ਸੇਵਾ ਵਿਚ ਬਿਤਾਏ ਘੰਟਿਆਂ ਦੀ ਰਿਪੋਰਟ ਦੇਣੀ ਜਾਂ ਸਾਹਿੱਤ ਵੰਡਣਾ ਨਹੀਂ ਹੈ। ਸਾਡਾ ਪ੍ਰਚਾਰ ਯਹੋਵਾਹ ਲਈ ਅਤੇ ਉਨ੍ਹਾਂ ਲੋਕਾਂ ਲਈ ਪਿਆਰ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਨੂੰ ਚੁਣਨ ਲਈ ਮੌਕੇ ਦੀ ਲੋੜ ਹੈ। (ਇਬਰਾਨੀਆਂ 13:15) ਇਹ ਅਜਿਹਾ ਕੰਮ ਹੈ ਜਿਸ ਵਿਚ ਅਸੀਂ “ਪਰਮੇਸ਼ੁਰ ਦੇ ਸਾਂਝੀ ਹਾਂ।” (1 ਕੁਰਿੰਥੀਆਂ 3:9) ਕਿੰਨਾ ਵੱਡਾ ਵਿਸ਼ੇਸ਼-ਸਨਮਾਨ! ਜਦੋਂ ਅਸੀਂ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ, ਤਾਂ ਅਸੀਂ ਪਵਿੱਤਰ ਦੂਤਾਂ ਨਾਲ ਮਿਲ ਕੇ ਇਹ ਕੰਮ ਕਰਦੇ ਹਾਂ। (ਪਰਕਾਸ਼ ਦੀ ਪੋਥੀ 14:6, 7) ਇਸ ਗੱਲ ਦੀ ਕਦਰ ਵਧਾਉਣ ਲਈ ਪਰਿਵਾਰ ਦੇ ਨਾਲ ਮਿਲ ਕੇ ਚਰਚਾ ਕਰਨ ਨਾਲੋਂ ਹੋਰ ਵਧੀਆ ਸਮਾਂ ਕਿਹੜਾ ਹੋ ਸਕਦਾ ਹੈ, ਚਾਹੇ ਇਹ ਸਾਡੇ ਹਫ਼ਤਾਵਾਰ ਅਧਿਐਨ ਦੌਰਾਨ ਹੋਵੇ ਜਾਂ ਜਦੋਂ ਅਸੀਂ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਵਿੱਚੋਂ ਕਿਸੇ ਢੁਕਵੇਂ ਸ਼ਾਸਤਰਵਚਨ ਤੇ ਚਰਚਾ ਕਰ ਰਹੇ ਹੁੰਦੇ ਹਾਂ!
15. ਅਸੀਂ ਪੂਰੇ ਪਰਿਵਾਰ ਨਾਲ ਮਿਲ ਕੇ ਖੇਤਰ ਸੇਵਾ ਲਈ ਕਦੋਂ ਤਿਆਰੀ ਕਰ ਸਕਦੇ ਹਾਂ?
15 ਕੀ ਤੁਸੀਂ ਕਦੀ-ਕਦਾਈਂ ਪਰਿਵਾਰਕ ਅਧਿਐਨ ਦੇ ਸਮੇਂ ਨੂੰ ਹਫ਼ਤੇ ਦੌਰਾਨ ਕੀਤੀ ਜਾਣ ਵਾਲੀ ਖੇਤਰ ਸੇਵਾ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਤਿਆਰ ਕਰਨ ਲਈ ਵਰਤਦੇ ਹੋ? ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਫ਼ਾਇਦੇ ਹੋ ਸਕਦੇ ਹਨ। (2 ਤਿਮੋਥਿਉਸ 2:15) ਇਹ ਉਨ੍ਹਾਂ ਦੀ ਖੇਤਰ ਸੇਵਾ ਨੂੰ ਅਰਥਪੂਰਣ ਅਤੇ ਫਲਦਾਇਕ ਬਣਾਉਣ ਵਿਚ ਮਦਦ ਕਰ ਸਕਦਾ ਹੈ। ਕਦੀ-ਕਦਾਈਂ, ਤੁਸੀਂ ਅਧਿਐਨ ਲਈ ਰੱਖੇ ਪੂਰੇ ਸਮੇਂ ਨੂੰ ਖੇਤਰ ਸੇਵਾ ਦੀ ਤਿਆਰੀ ਕਰਨ ਲਈ ਵਰਤ ਸਕਦੇ ਹੋ। ਪਰ ਅਕਸਰ ਤੁਸੀਂ ਪਰਿਵਾਰਕ ਅਧਿਐਨ ਦੇ ਅਖ਼ੀਰ ਵਿਚ ਜਾਂ ਹਫ਼ਤੇ ਦੇ ਦੌਰਾਨ ਕਿਸੇ ਹੋਰ ਸਮੇਂ ਤੇ ਖੇਤਰ ਸੇਵਾ ਦੇ ਪਹਿਲੂਆਂ ਉੱਤੇ ਥੋੜ੍ਹੇ-ਥੋੜ੍ਹੇ ਸਮੇਂ ਲਈ ਚਰਚਾ ਕਰ ਸਕਦੇ ਹੋ।
16. ਪੈਰੇ ਵਿਚ ਦਿੱਤੇ ਗਏ ਹਰੇਕ ਸੁਝਾਅ ਦੀ ਅਹਿਮੀਅਤ ਦੀ ਚਰਚਾ ਕਰੋ।
16 ਪਰਿਵਾਰਕ ਅਧਿਐਨ ਦੌਰਾਨ ਇਨ੍ਹਾਂ ਅੱਗੇ ਦਿੱਤੇ ਗਏ ਕੁਝ ਸੁਝਾਵਾਂ ਵੱਲ ਧਿਆਨ ਦਿੱਤਾ ਜਾ ਸਕਦਾ ਹੈ: (1) ਇਕ ਪੇਸ਼ਕਾਰੀ ਤਿਆਰ ਕਰੋ ਤੇ ਉਸ ਨੂੰ ਵਾਰ-ਵਾਰ ਦੁਹਰਾਓ; ਇਸ ਵਿਚ ਇਕ ਸ਼ਾਸਤਰਵਚਨ ਵੀ ਸ਼ਾਮਲ ਕਰੋ ਜਿਸ ਨੂੰ ਮੌਕਾ ਮਿਲਣ ਤੇ ਬਾਈਬਲ ਵਿੱਚੋਂ ਪੜ੍ਹਿਆ ਜਾ ਸਕੇ। (2) ਜੇ ਸੰਭਵ ਹੋਵੇ, ਤਾਂ ਨਿਸ਼ਚਿਤ ਕਰੋ ਕਿ ਸਾਰਿਆਂ ਕੋਲ ਆਪਣਾ-ਆਪਣਾ ਪ੍ਰੀਚਿੰਗ ਬੈਗ, ਬਾਈਬਲ, ਨੋਟਬੁੱਕ, ਪੈਨ ਜਾਂ ਪੈਂਸਿਲ, ਟ੍ਰੈਕਟ ਅਤੇ ਦੂਸਰੇ ਪ੍ਰਕਾਸ਼ਨ ਹਨ, ਅਤੇ ਇਹ ਚੰਗੀ ਹਾਲਤ ਵਿਚ ਹਨ। ਜ਼ਰੂਰੀ ਨਹੀਂ ਕਿ ਪ੍ਰੀਚਿੰਗ ਬੈਗ ਮਹਿੰਗਾ ਹੋਵੇ, ਪਰ ਇਹ ਸਾਫ਼-ਸੁੱਥਰਾ ਹੋਣਾ ਚਾਹੀਦਾ ਹੈ। (3) ਇਸ ਬਾਰੇ ਚਰਚਾ ਕਰੋ ਕਿ ਕਿੱਥੇ ਅਤੇ ਕਿਵੇਂ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣੀ ਹੈ। ਇਸ ਮਗਰੋਂ ਆਪਣੇ ਪਰਿਵਾਰ ਨਾਲ ਇਕੱਠੇ ਮਿਲ ਕੇ ਖੇਤਰ ਸੇਵਾ ਕਰਦੇ ਹੋਏ ਇਨ੍ਹਾਂ ਹਿਦਾਇਤਾਂ ਨੂੰ ਲਾਗੂ ਕਰੋ। ਲਾਹੇਵੰਦ ਸੁਝਾਅ ਦਿਓ, ਪਰ ਬਹੁਤ ਜ਼ਿਆਦਾ ਨੁਕਸ ਨਾ ਕੱਢੋ।
17, 18. (ੳ) ਪੂਰੇ ਪਰਿਵਾਰ ਨਾਲ ਮਿਲ ਕੇ ਕਿਸ ਤਰ੍ਹਾਂ ਦੀ ਤਿਆਰੀ ਕਰਨ ਨਾਲ ਸਾਡੀ ਖੇਤਰ ਸੇਵਾ ਹੋਰ ਜ਼ਿਆਦਾ ਫਲਦਾਇਕ ਬਣ ਸਕਦੀ ਹੈ? (ਅ) ਇਸ ਤਿਆਰੀ ਦੇ ਕਿਹੜੇ ਪਹਿਲੂ ਉੱਤੇ ਹਰ ਹਫ਼ਤੇ ਕੰਮ ਕੀਤਾ ਜਾ ਸਕਦਾ ਹੈ?
17 ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਜਿਹੜਾ ਕੰਮ ਸੌਂਪਿਆ ਹੈ, ਉਸ ਵਿਚ ਚੇਲੇ ਬਣਾਉਣ ਦਾ ਕੰਮ ਅਹਿਮ ਹੈ। (ਮੱਤੀ 28:19, 20) ਚੇਲੇ ਬਣਾਉਣ ਵਿਚ ਸਿਰਫ਼ ਪ੍ਰਚਾਰ ਕਰਨਾ ਹੀ ਸ਼ਾਮਲ ਨਹੀਂ ਹੈ। ਇਸ ਲਈ ਸਿੱਖਿਆ ਦੇਣ ਦੀ ਜ਼ਰੂਰਤ ਹੈ। ਪ੍ਰਭਾਵਸ਼ਾਲੀ ਸਿੱਖਿਅਕ ਬਣਨ ਵਿਚ ਤੁਹਾਡਾ ਪਰਿਵਾਰਕ ਅਧਿਐਨ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦਾ ਹੈ?
18 ਪੂਰਾ ਪਰਿਵਾਰ ਮਿਲ ਕੇ ਚਰਚਾ ਕਰੋ ਕਿ ਕਿਨ੍ਹਾਂ ਨਾਲ ਪੁਨਰ-ਮੁਲਾਕਾਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਕੁਝ ਲੋਕਾਂ ਨੇ ਸ਼ਾਇਦ ਸਾਹਿੱਤ ਲਿਆ ਹੋਵੇ; ਕਈਆਂ ਨੇ ਸ਼ਾਇਦ ਸਿਰਫ਼ ਸੰਦੇਸ਼ ਸੁਣਿਆ ਹੋਵੇ। ਤੁਸੀਂ ਉਨ੍ਹਾਂ ਨੂੰ ਸ਼ਾਇਦ ਘਰ-ਘਰ ਦੀ ਸੇਵਕਾਈ ਵਿਚ ਮਿਲੇ ਸੀ ਜਾਂ ਬਾਜ਼ਾਰ ਜਾਂ ਸਕੂਲ ਵਿਚ ਉਨ੍ਹਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੱਤੀ ਸੀ। ਪਰਮੇਸ਼ੁਰ ਦੇ ਬਚਨ ਤੋਂ ਨਿਰਦੇਸ਼ਨ ਲਓ। (ਜ਼ਬੂਰ 25:9; ਹਿਜ਼ਕੀਏਲ 9:4) ਫ਼ੈਸਲਾ ਕਰੋ ਕਿ ਉਸ ਹਫ਼ਤੇ ਹਰੇਕ ਮੈਂਬਰ ਕਿਨ੍ਹਾਂ ਵਿਅਕਤੀਆਂ ਨੂੰ ਮਿਲਣਾ ਚਾਹੁੰਦਾ ਹੈ। ਕਿਸ ਵਿਸ਼ੇ ਉੱਤੇ ਗੱਲ ਕੀਤੀ ਜਾਵੇਗੀ? ਪੂਰੇ ਪਰਿਵਾਰ ਨਾਲ ਮਿਲ ਕੇ ਚਰਚਾ ਕਰਨ ਨਾਲ ਹਰ ਮੈਂਬਰ ਨੂੰ ਤਿਆਰੀ ਕਰਨ ਵਿਚ ਮਦਦ ਮਿਲ ਸਕਦੀ ਹੈ। ਦਿਲਚਸਪੀ ਰੱਖਣ ਵਾਲਿਆਂ ਨਾਲ ਸਾਂਝੇ ਕਰਨ ਲਈ ਖ਼ਾਸ ਸ਼ਾਸਤਰਵਚਨ ਲਿਖ ਲਓ ਅਤੇ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਿੱਚੋਂ ਖ਼ਾਸ ਨੁਕਤੇ ਨੋਟ ਕਰੋ। ਇੱਕੋ ਮੁਲਾਕਾਤ ਵਿਚ ਬਹੁਤ ਜ਼ਿਆਦਾ ਵਿਸ਼ਿਆਂ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਨਾ ਕਰੋ। ਜਾਣ ਤੋਂ ਪਹਿਲਾਂ ਘਰ-ਸੁਆਮੀ ਨੂੰ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਮਿਲਣ ਤੇ ਦੇ ਸਕਦੇ ਹੋ। ਕਿਉਂ ਨਾ ਤੁਸੀਂ ਹਰ ਹਫ਼ਤੇ ਇਹ ਯੋਜਨਾ ਬਣਾਓ ਕਿ ਹਰ ਮੈਂਬਰ ਕਿਨ੍ਹਾਂ ਨਾਲ ਪੁਨਰ-ਮੁਲਾਕਾਤ ਕਰੇਗਾ, ਉਹ ਪੁਨਰ-ਮੁਲਾਕਾਤ ਕਦੋਂ ਕਰੇਗਾ ਅਤੇ ਕਿਸ ਉਦੇਸ਼ ਨਾਲ ਕਰੇਗਾ। ਇਸ ਤਰ੍ਹਾਂ ਕਰਨ ਨਾਲ ਪੂਰੇ ਪਰਿਵਾਰ ਦੀ ਖੇਤਰ ਸੇਵਾ ਹੋਰ ਜ਼ਿਆਦਾ ਫਲਦਾਇਕ ਬਣ ਸਕਦੀ ਹੈ।
ਉਨ੍ਹਾਂ ਨੂੰ ਯਹੋਵਾਹ ਦੇ ਰਾਹ ਸਿਖਾਉਂਦੇ ਰਹੋ
19. ਜੇ ਪਰਿਵਾਰ ਦੇ ਮੈਂਬਰਾਂ ਨੇ ਲਗਾਤਾਰ ਯਹੋਵਾਹ ਦੇ ਰਾਹਾਂ ਉੱਤੇ ਚੱਲਣਾ ਹੈ, ਤਾਂ ਉਨ੍ਹਾਂ ਨੂੰ ਕਿਸ ਚੀਜ਼ ਦਾ ਅਨੁਭਵ ਕਰਨ ਦੀ ਜ਼ਰੂਰਤ ਹੈ ਅਤੇ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
19 ਇਸ ਦੁਸ਼ਟ ਸੰਸਾਰ ਵਿਚ ਪਰਿਵਾਰ ਦਾ ਸਿਰ ਬਣਨਾ ਇਕ ਚੁਣੌਤੀ ਹੈ। ਸ਼ਤਾਨ ਅਤੇ ਉਸ ਦੇ ਪਿਸ਼ਾਚ ਯਹੋਵਾਹ ਦੇ ਸੇਵਕਾਂ ਦੀ ਅਧਿਆਤਮਿਕਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। (1 ਪਤਰਸ 5:8) ਇਸ ਤੋਂ ਇਲਾਵਾ, ਮਾਪਿਓ, ਖ਼ਾਸ ਕਰਕੇ ਤੁਸੀਂ ਜਿਹੜੀਆਂ ਇਕੱਲੀਆਂ ਮਾਤਾਵਾਂ ਜਾਂ ਇਕੱਲੇ ਪਿਤਾ ਹੋ, ਤੁਹਾਡੇ ਉੱਤੇ ਅੱਜ ਬਹੁਤ ਜ਼ਿਆਦਾ ਦਬਾਅ ਹੈ। ਜਿਨ੍ਹਾਂ ਕੰਮਾਂ ਨੂੰ ਤੁਸੀਂ ਕਰਨਾ ਚਾਹੁੰਦੇ ਹਾਂ, ਉਨ੍ਹਾਂ ਨੂੰ ਕਰਨ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਪਰ ਜਤਨ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ, ਭਾਵੇਂ ਤੁਸੀਂ ਇਕ ਸਮੇਂ ਤੇ ਸਿਰਫ਼ ਇਕ ਸੁਝਾਅ ਨੂੰ ਹੀ ਕਿਉਂ ਨਾ ਲਾਗੂ ਕਰ ਸਕੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਹੌਲੀ-ਹੌਲੀ ਆਪਣੇ ਪਰਿਵਾਰਕ ਅਧਿਐਨ ਪ੍ਰੋਗ੍ਰਾਮ ਨੂੰ ਸੁਧਾਰ ਸਕਦੇ ਹੋ। ਆਪਣੇ ਪਿਆਰਿਆਂ ਨੂੰ ਯਹੋਵਾਹ ਦੇ ਰਾਹ ਉੱਤੇ ਵਫ਼ਾਦਾਰੀ ਨਾਲ ਚੱਲਦੇ ਹੋਏ ਦੇਖਣ ਨਾਲ ਦਿਲ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਯਹੋਵਾਹ ਦੇ ਰਾਹ ਉੱਤੇ ਸਫ਼ਲਤਾਪੂਰਵਕ ਚੱਲਣ ਲਈ, ਪਰਿਵਾਰ ਦੇ ਮੈਂਬਰਾਂ ਨੂੰ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਤੋਂ ਅਤੇ ਖੇਤਰ ਸੇਵਾ ਵਿਚ ਹਿੱਸਾ ਲੈਣ ਤੋਂ ਆਨੰਦ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਇਸ ਲਈ ਤਿਆਰੀ ਦੀ ਲੋੜ ਹੈ—ਅਜਿਹੀ ਤਿਆਰੀ ਜੋ ਦਿਲ ਨੂੰ ਪ੍ਰੇਰਿਤ ਕਰਦੀ ਹੈ ਅਤੇ ਹਰ ਮੈਂਬਰ ਨੂੰ ਅਰਥਪੂਰਣ ਹਿੱਸਾ ਲੈਣ ਲਈ ਲੈਸ ਕਰਦੀ ਹੈ।
20. ਤੀਸਰਾ ਯੂਹੰਨਾ 4 ਵਿਚ ਦੱਸਿਆ ਗਿਆ ਆਨੰਦ ਪ੍ਰਾਪਤ ਕਰਨ ਵਿਚ ਕਿਹੜੀ ਚੀਜ਼ ਹੋਰ ਜ਼ਿਆਦਾ ਮਾਪਿਆਂ ਦੀ ਮਦਦ ਕਰ ਸਕਦੀ ਹੈ?
20 ਜਿਨ੍ਹਾਂ ਦੀ ਯੂਹੰਨਾ ਰਸੂਲ ਨੇ ਅਧਿਆਤਮਿਕ ਤੌਰ ਤੇ ਮਦਦ ਕੀਤੀ ਸੀ, ਉਨ੍ਹਾਂ ਬਾਰੇ ਉਸ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਜਦੋਂ ਪਰਿਵਾਰਕ ਅਧਿਐਨ ਨਿਸ਼ਚਿਤ ਉਦੇਸ਼ਾਂ ਨੂੰ ਮਨ ਵਿਚ ਰੱਖ ਕੇ ਕਰਾਏ ਜਾਂਦੇ ਹਨ ਅਤੇ ਪਰਿਵਾਰ ਦਾ ਸਿਰ ਪਰਿਵਾਰ ਦੇ ਮੈਂਬਰਾਂ ਦੀਆਂ ਨਿੱਜੀ ਲੋੜਾਂ ਅਨੁਸਾਰ ਦਿਆਲਤਾ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ, ਤਾਂ ਇਹ ਇਸ ਆਨੰਦ ਨੂੰ ਪ੍ਰਾਪਤ ਕਰਨ ਵਿਚ ਪਰਿਵਾਰ ਦੀ ਬਹੁਤ ਮਦਦ ਕਰ ਸਕਦਾ ਹੈ। ਈਸ਼ਵਰੀ ਜੀਵਨ ਦੇ ਰਾਹ ਲਈ ਕਦਰ ਪੈਦਾ ਕਰਨ ਦੁਆਰਾ ਮਾਪੇ ਜੀਵਨ ਦੇ ਸਭ ਤੋਂ ਵਧੀਆ ਰਾਹ ਦਾ ਆਨੰਦ ਮਾਣਨ ਵਿਚ ਆਪਣੇ ਪਰਿਵਾਰ ਦੀ ਮਦਦ ਕਰ ਰਹੇ ਹਨ।—ਜ਼ਬੂਰ 19:7-11.
ਕੀ ਤੁਸੀਂ ਸਮਝਾ ਸਕਦੇ ਹੋ?
◻ ਸਾਡੇ ਬੱਚਿਆਂ ਲਈ ਸਭਾਵਾਂ ਦੀ ਤਿਆਰੀ ਕਰਨੀ ਕਿਉਂ ਇੰਨੀ ਮਹੱਤਵਪੂਰਣ ਹੈ?
◻ ‘ਦਿਲ ਪ੍ਰਾਪਤ ਕਰਨ’ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
◻ ਸਾਰੀਆਂ ਸਭਾਵਾਂ ਦੀ ਤਿਆਰੀ ਕਰਨ ਵਿਚ ਸਾਡਾ ਪਰਿਵਾਰਕ ਅਧਿਐਨ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
◻ ਪਰਿਵਾਰ ਨਾਲ ਮਿਲ ਕੇ ਖੇਤਰ ਸੇਵਾ ਲਈ ਤਿਆਰੀ ਕਰਨ ਨਾਲ ਸਾਨੂੰ ਹੋਰ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ?
[ਸਫ਼ੇ 20 ਉੱਤੇ ਤਸਵੀਰ]
ਤੁਸੀਂ ਪਰਿਵਾਰਕ ਅਧਿਐਨ ਵਿਚ ਕਲੀਸਿਯਾ ਸਭਾਵਾਂ ਦੀ ਤਿਆਰੀ ਵੀ ਕਰ ਸਕਦੇ ਹੋ
[ਸਫ਼ੇ 21 ਉੱਤੇ ਤਸਵੀਰ]
ਸਭਾਵਾਂ ਵਿਚ ਗਾਏ ਜਾਣ ਵਾਲੇ ਗੀਤਾਂ ਦਾ ਅਭਿਆਸ ਕਰਨਾ ਫ਼ਾਇਦੇਮੰਦ ਹੈ
-