ਸਾਡੀ ਨਿਹਚਾ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ
1 ਨਿਹਚਾ ਨੇ ਨੂਹ, ਮੂਸਾ ਅਤੇ ਰਾਹਾਬ ਨੂੰ ਕੁਝ ਕਰਨ ਲਈ ਪ੍ਰੇਰਿਆ। ਨੂਹ ਨੇ ਕਿਸ਼ਤੀ ਬਣਾਈ। ਮੂਸਾ ਨੇ ਫ਼ਿਰਊਨ ਦੇ ਮਹਿਲ ਵਿਚ ਥੋੜ੍ਹੇ ਚਿਰ ਦੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਛੱਡ ਦਿੱਤਾ। ਰਾਹਾਬ ਨੇ ਜਾਸੂਸਾਂ ਨੂੰ ਲੁਕੋਇਆ ਤੇ ਆਪਣੇ ਘਰਾਣੇ ਨੂੰ ਬਚਾਉਣ ਲਈ ਜਾਸੂਸਾਂ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ। (ਇਬ. 11:7, 24-26, 31) ਅੱਜ ਸਾਡੀ ਨਿਹਚਾ ਸਾਨੂੰ ਕਿਹੜੇ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ?
2 ਗਵਾਹੀ ਦੇਣੀ: ਨਿਹਚਾ ਸਾਨੂੰ ਆਪਣੇ ਮਹਾਨ ਪਰਮੇਸ਼ੁਰ ਬਾਰੇ ਅਤੇ ਸਾਨੂੰ ਸਦੀਵੀ ਖ਼ੁਸ਼ੀ ਦੇਣ ਲਈ ਕੀਤੇ ਉਸ ਦੇ ਪ੍ਰਬੰਧਾਂ ਬਾਰੇ ਦੂਸਰਿਆਂ ਨੂੰ ਦੱਸਣ ਲਈ ਪ੍ਰੇਰਿਤ ਕਰਦੀ ਹੈ। (2 ਕੁਰਿੰ. 4:13) ਕਦੀ-ਕਦੀ ਅਸੀਂ ਗਵਾਹੀ ਦੇਣ ਤੋਂ ਹਿਚਕਿਚਾਉਂਦੇ ਹਾਂ। ਪਰ ਜਦੋਂ ਅਸੀਂ ‘ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਦੇ’ ਹਾਂ, ਤਾਂ ਸਾਨੂੰ ਹਿੰਮਤ ਮਿਲਦੀ ਹੈ ਤੇ ਸਾਡਾ ਡਰ ਚਲਾ ਜਾਂਦਾ ਹੈ। (ਜ਼ਬੂ. 16:8) ਫਿਰ ਸਾਡੀ ਨਿਹਚਾ ਸਾਨੂੰ ਹਰ ਢੁਕਵੇਂ ਮੌਕੇ ਤੇ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਸਹਿਕਰਮੀਆਂ, ਸਹਿਪਾਠੀਆਂ ਅਤੇ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰੇਰਿਤ ਕਰਦੀ ਹੈ।—ਰੋਮੀ. 1:14-16.
3 ਇਕੱਠੇ ਹੋਣਾ: ਨਿਹਚਾ ਸਾਨੂੰ ਇਕ ਹੋਰ ਚੰਗਾ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ, ਉਹ ਹੈ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣਾ। ਇਹ ਕਿਉਂ ਕਿਹਾ ਜਾ ਸਕਦਾ ਹੈ? ਕਿਉਂਕਿ ਮਸੀਹੀ ਸਭਾਵਾਂ ਵਿਚ ਬਾਕਾਇਦਾ ਇਕੱਠੇ ਹੋ ਕੇ ਅਸੀਂ ਇਸ ਗੱਲ ਵਿਚ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਜ਼ਰੀਏ ਯਿਸੂ ਸਾਡੇ ਨਾਲ ਸਭਾ ਵਿਚ ਮੌਜੂਦ ਹੈ। (ਮੱਤੀ 18:20) ਸਾਡੀ ਇਹ ‘ਸੁਣਨ’ ਦੀ ਇੱਛਾ ਵੀ ਜ਼ਾਹਰ ਹੁੰਦੀ ਹੈ “ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।” (ਪਰ. 3:6) ਅਸੀਂ ਸਭਾਵਾਂ ਵਿਚ ਮਿਲੀ ਸਿੱਖਿਆ ਵੱਲ ਧਿਆਨ ਦਿੰਦੇ ਹਾਂ ਕਿਉਂਕਿ ਅਸੀਂ ਨਿਹਚਾ ਦੀਆਂ ਅੱਖਾਂ ਨਾਲ ਦੇਖਦੇ ਹਾਂ ਕਿ ਮਹਾਨ ਗੁਰੂ ਯਹੋਵਾਹ ਸਾਨੂੰ ਸਿੱਖਿਆ ਦੇ ਰਿਹਾ ਹੈ।—ਯਸਾ. 30:20.
4 ਸਾਡੇ ਫ਼ੈਸਲੇ: ਅਣਦੇਖੀਆਂ ਵਸਤਾਂ ਦਾ ਪੱਕਾ ਯਕੀਨ ਸਾਨੂੰ ਆਪਣੀ ਜ਼ਿੰਦਗੀ ਵਿਚ ਅਧਿਆਤਮਿਕ ਗੱਲਾਂ ਨੂੰ ਪਹਿਲ ਦੇਣ ਲਈ ਪ੍ਰੇਰਦਾ ਹੈ। (ਇਬ. 11:1) ਇਸ ਦੇ ਲਈ ਅਕਸਰ ਭੌਤਿਕ ਚੀਜ਼ਾਂ ਨੂੰ ਕੁਰਬਾਨ ਕਰਨਾ ਪੈਂਦਾ ਹੈ। ਉਦਾਹਰਣ ਲਈ, ਇਕ ਬਜ਼ੁਰਗ ਨੂੰ ਜਦੋਂ ਮੁਨਾਫ਼ੇ ਵਾਲੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ, ਤਾਂ ਉਸ ਨੇ ਨਾਂਹ ਕਰ ਦਿੱਤੀ ਕਿਉਂਕਿ ਜੇ ਉਹ ਇਸ ਨੌਕਰੀ ਨੂੰ ਸਵੀਕਾਰ ਕਰ ਲੈਂਦਾ, ਤਾਂ ਉਹ ਸਭਾਵਾਂ ਵਿਚ ਨਾ ਆ ਪਾਉਂਦਾ, ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਅਤੇ ਉਸ ਨੂੰ ਆਪਣੀ ਪਾਇਨੀਅਰੀ ਛੱਡਣੀ ਪੈਂਦੀ। ਆਓ ਆਪਾਂ ਵੀ ਇਸੇ ਤਰ੍ਹਾਂ ਬਾਈਬਲ ਦੇ ਇਸ ਵਾਅਦੇ ਵਿਚ ਪੂਰਾ ਵਿਸ਼ਵਾਸ ਰੱਖੀਏ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ ਜੋ ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਹਨ।—ਮੱਤੀ 6:33.
5 ਨਿਹਚਾ ਸਾਡੇ ਉੱਤੇ ਜੋ ਜ਼ਬਰਦਸਤ ਪ੍ਰਭਾਵ ਪਾਉਂਦੀ ਹੈ ਉਹ ਦੂਜਿਆਂ ਦੀਆਂ ਨਜ਼ਰਾਂ ਤੋਂ ਲੁਕਿਆ ਨਹੀਂ ਰਹਿੰਦਾ। ਸਾਡੀ ਨਿਹਚਾ ਬਾਰੇ ਸਾਰੀ ਦੁਨੀਆਂ ਜਾਣਦੀ ਹੈ। (ਰੋਮੀ. 1:8) ਇਸ ਲਈ ਆਓ ਆਪਾਂ ਸਾਰੇ ਆਪਣੇ ਚੰਗੇ ਕੰਮਾਂ ਦੁਆਰਾ ਦਿਖਾਈਏ ਕਿ ਸਾਡੀ ਨਿਹਚਾ ਜੀਉਂਦੀ ਹੈ।—ਯਾਕੂ. 2:26.