ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਮਦਦ ਕਿਵੇਂ ਕਰੀਏ?
1 ਸਾਡੇ ਕਈ ਭੈਣ-ਭਰਾਵਾਂ ਦੇ ਵਿਆਹੁਤਾ ਸਾਥੀ ਭਰਾਵਾਂ ਨਾਲ ਬੜੇ ਪਿਆਰ ਨਾਲ ਮਿਲਦੇ-ਗਿਲਦੇ ਹਨ ਅਤੇ ਕਲੀਸਿਯਾ ਵਿਚ ਵੀ ਦਿਲਚਸਪੀ ਲੈਂਦੇ ਹਨ। ਪਰ ਉਹ ਪਰਮੇਸ਼ੁਰ ਦੇ ਸੇਵਕ ਬਣਨ ਤੋਂ ਕਤਰਾਉਂਦੇ ਹਨ। ਇਕ ਪਤੀ ਨੇ ਮੰਨਿਆ: “ਘਰ-ਘਰ ਜਾਣ ਦਾ ਵਿਚਾਰ ਮੇਰੇ ਲਈ ਬਹੁਤ ਵੱਡੀ ਰੁਕਾਵਟ ਸੀ।” ਕਈਆਂ ਵਿਚ ਕੁਝ ਮਾੜੀਆਂ ਆਦਤਾਂ ਹੋ ਸਕਦੀਆਂ ਹਨ ਜਾਂ ਉਹ ਸੋਚਦੇ ਹਨ ਕਿ ਉਹ ਆਪਣੇ ਪਤੀ ਜਾਂ ਪਤਨੀ ਵਾਂਗ ਪਰਮੇਸ਼ੁਰੀ ਕੰਮਾਂ ਲਈ ਸਮਾਂ ਨਹੀਂ ਕੱਢ ਪਾਉਣਗੇ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
2 ਨਿੱਜੀ ਦਿਲਚਸਪੀ ਲਓ: ਜੇ ਅਸੀਂ ਦੂਸਰਿਆਂ ਵਿਚ ਦਿਲਚਸਪੀ ਲੈਂਦੇ ਹਾਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਧਿਆਨ ਦਿੰਦੇ ਹਾਂ, ਤਾਂ ਉਹ ਬਾਈਬਲ ਦੀ ਸੱਚਾਈ ਨੂੰ ਸਵੀਕਾਰ ਕਰ ਸਕਦੇ ਹਨ। (ਫ਼ਿਲਿ. 2:4) ਅਵਿਸ਼ਵਾਸੀ ਵਿਆਹੁਤਾ ਸਾਥੀ ਜੋ ਬਾਅਦ ਵਿਚ ਗਵਾਹ ਬਣ ਗਏ, ਉਹ ਅਕਸਰ ਦੱਸਦੇ ਹਨ ਕਿ ਦੂਸਰਿਆਂ ਨੇ ਕਿੰਨੇ ਪਿਆਰ ਨਾਲ ਉਨ੍ਹਾਂ ਵਿਚ ਦਿਲਚਸਪੀ ਲਈ। “ਕਲੀਸਿਯਾ ਦੇ ਇਕ ਬਜ਼ੁਰਗ ਹੋਸੇ ਨੇ ਮੇਰੇ ਵਿਚ ਖ਼ਾਸ ਦਿਲਚਸਪੀ ਲਈ,” ਪਤੀ ਦੱਸਦਾ ਹੈ ਜਿਸ ਦਾ ਉੱਪਰ ਜ਼ਿਕਰ ਕੀਤਾ ਗਿਆ ਸੀ। “ਮੈਂ ਸੋਚਦਾ ਹਾਂ ਕਿ ਉਸ ਦੀ ਹੱਲਾਸ਼ੇਰੀ ਕਰਕੇ ਹੀ ਮੈਂ ਗੰਭੀਰਤਾ ਨਾਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ।” ਇਕ ਹੋਰ ਪਤੀ ਦੱਸਦਾ ਹੈ ਕਿ ਜੋ ਭਰਾ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਵਿਸ਼ਿਆਂ ਤੇ ਗੱਲ ਕਰਦੇ ਸਨ ਜਿਨ੍ਹਾਂ ਵਿਚ ਉਸ ਨੂੰ ਦਿਲਚਸਪੀ ਸੀ। “ਮੈਂ [ਆਪਣੀ ਪਤਨੀ ਦੇ] ਧਰਮ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਦੇਖਣਾ ਸ਼ੁਰੂ ਕੀਤਾ,” ਉਹ ਦੱਸਦਾ ਹੈ। “ਕਲੀਸਿਯਾ ਦੇ ਭੈਣ-ਭਰਾ ਬਹੁਤ ਹੁਸ਼ਿਆਰ ਸਨ ਜੋ ਵੱਖੋ-ਵੱਖਰੇ ਵਿਸ਼ਿਆਂ ਤੇ ਗੱਲ ਕਰ ਸਕਦੇ ਸਨ।”—1 ਕੁਰਿੰ. 9:20-23.
3 ਉਨ੍ਹਾਂ ਦੀ ਮਦਦ ਕਰੋ: ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨ ਨਾਲ ਉਨ੍ਹਾਂ ਉੱਤੇ ਚੰਗਾ ਅਸਰ ਪੈ ਸਕਦਾ ਹੈ। (ਕਹਾ. 3:27; ਗਲਾ. 6:10) ਜਦੋਂ ਇਕ ਅਵਿਸ਼ਵਾਸੀ ਪਤੀ ਦੀ ਕਾਰ ਖ਼ਰਾਬ ਹੋ ਗਈ, ਤਾਂ ਇਕ ਨੌਜਵਾਨ ਗਵਾਹ ਨੇ ਉਸ ਦੀ ਮਦਦ ਕੀਤੀ। ਉਹ ਪਤੀ ਯਾਦ ਕਰਦਾ ਹੋਇਆ ਦੱਸਦਾ ਹੈ: “ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ।” ਇਕ ਹੋਰ ਭਰਾ ਨੇ ਇਕ ਭੈਣ ਦੇ ਅਵਿਸ਼ਵਾਸੀ ਪਤੀ ਦੀ ਉਸ ਦੇ ਘਰ ਦੇ ਆਲੇ-ਦੁਆਲੇ ਵਾੜ ਲਾਉਣ ਵਿਚ ਪੂਰਾ ਦਿਨ ਮਦਦ ਕੀਤੀ। ਮਿਲ ਕੇ ਕੰਮ ਕਰਦੇ ਹੋਏ ਤੇ ਗੱਲਾਂ-ਬਾਤਾਂ ਕਰਦੇ ਹੋਏ ਉਨ੍ਹਾਂ ਦੀ ਦੋਸਤੀ ਹੋ ਗਈ। ਦੋ ਹਫ਼ਤਿਆਂ ਬਾਅਦ ਉਹ ਆਦਮੀ ਭਰਾ ਕੋਲ ਆਇਆ ਤੇ ਕਿਹਾ: “ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦਾ ਸਮਾਂ ਆ ਗਿਆ ਹੈ। ਕੀ ਤੁਸੀਂ ਮੈਨੂੰ ਬਾਈਬਲ ਸਟੱਡੀ ਕਰਾਓਗੇ?” ਉਸ ਨੇ ਅਧਿਆਤਮਿਕ ਤੌਰ ਤੇ ਫਟਾਫਟ ਤਰੱਕੀ ਕੀਤੀ ਅਤੇ ਹੁਣ ਉਹ ਇਕ ਬਪਤਿਸਮਾ-ਪ੍ਰਾਪਤ ਗਵਾਹ ਹੈ।
4 ਆਪਣੇ ਇਲਾਕੇ ਵਿਚ ਯੋਗ ਲੋਕਾਂ ਦੀ ਤਲਾਸ਼ ਕਰਨ ਦੇ ਨਾਲ-ਨਾਲ, ਆਓ ਆਪਾਂ ਗਵਾਹਾਂ ਦੇ ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਵੀ ਮਦਦ ਕਰੀਏ।—1 ਤਿਮੋ. 2:1-4.