ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ?
ਕਿਹੜਾ ਇਨਸਾਨ ਹੈ ਜਿਸ ਨੇ ਕਦੀ ਦੁੱਖਾਂ ਦੇ ਹੰਝੂ ਨਹੀਂ ਵਹਾਏ? ਦੁਨੀਆਂ ਦਾ ਹਰ ਇਨਸਾਨ ਦੁੱਖਾਂ ਦੀ ਚੱਕੀ ਵਿਚ ਪਿੱਸ ਰਿਹਾ ਹੈ। ਅਸੀਂ ਕਦੋਂ ਛੁਟਕਾਰਾ ਪਾਵਾਂਗੇ? ਕੌਣ ਸਾਡੀ ਮਦਦ ਕਰੇਗਾ?
ਕਈ ਲੋਕ ਮੰਨਦੇ ਹਨ ਕਿ ਸਾਡੀ ਜ਼ਿੰਦਗੀ ਦੁਖੀ ਹੀ ਰਹੇਗੀ ਕਿਉਂਕਿ ਅਸੀਂ ਆਪਣੇ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ ਦੁੱਖ ਭੋਗ ਰਹੇ ਹਾਂ ਜਾਂ ਸਾਡੇ ਨਸੀਬਾਂ ਵਿਚ ਦੁੱਖ ਲਿਖੇ ਹੋਏ ਹਨ। ਉਹ ਸ਼ਾਇਦ ਗ਼ਰੀਬ ਜਾਂ ਅਪਾਹਜ ਬੱਚਿਆਂ ਬਾਰੇ ਸੋਚਣ ਜਿਨ੍ਹਾਂ ਦਾ ਆਪਣੇ ਹਾਲਾਤਾਂ ਉੱਤੇ ਕੋਈ ਵੱਸ ਨਹੀਂ ਚੱਲਦਾ। ਅਜਿਹੇ ਕਈ ਬੱਚੇ ਜਨਮ ਤੋਂ ਹੀ ਦੁਖੀ ਹੁੰਦੇ ਹਨ। ਇਸ ਲਈ ਸ਼ਾਇਦ ਲੋਕ ਇਹ ਸਿੱਟਾ ਕੱਢਦੇ ਹਨ ਕਿ ਇਨ੍ਹਾਂ ਬੱਚਿਆਂ ਨੂੰ ਪਿਛਲੇ ਜਨਮ ਵਿਚ ਕੀਤੀਆਂ ਗ਼ਲਤੀਆਂ ਦੀ ਸਜ਼ਾ ਮਿਲ ਰਹੀ ਹੈ।
ਅਜਿਹੇ ਲੋਕ ਵੀ ਹਨ ਜੋ ਕਰਮਾਂ ਵਿਚ ਵਿਸ਼ਵਾਸ ਨਹੀਂ ਕਰਦੇ। ਇਸ ਵਿਸ਼ੇ ਉੱਤੇ ਉਨ੍ਹਾਂ ਦੇ ਵਿਚਾਰ ਵੱਖਰੇ ਹਨ। ਤਾਂ ਫਿਰ ਸੱਚ ਕੀ ਹੈ? ਆਓ ਆਪਾਂ ਇਕ ਉਦਾਹਰਣ ਵੱਲ ਧਿਆਨ ਦੇਈਏ।
ਕੁਝ ਦੇਸ਼ਾਂ ਵਿਚ ਲੱਖਾਂ ਲੋਕ ਡਾਢੀ ਗ਼ਰੀਬੀ ਦੇ ਸ਼ਿਕਾਰ ਹਨ। ਨਤੀਜੇ ਵਜੋਂ ਉੱਥੇ ਦੇ ਬੱਚੇ ਭੀਖ ਮੰਗ-ਮੰਗ ਕੇ ਆਪਣਾ ਢਿੱਡ ਭਰਦੇ ਹਨ। ਕਈ ਤਾਂ ਜ਼ਿੰਦਗੀ ਭਰ ਬੀਮਾਰੀਆਂ ਅਤੇ ਗ਼ਰੀਬੀ ਦੇ ਪੰਜੇ ਵਿਚ ਜਕੜੇ ਰਹਿੰਦੇ ਹਨ। ਪਰ ਅਮੀਰ ਦੇਸ਼ਾਂ ਵਿਚ ਕਈ ਬੱਚੇ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰਦੇ ਹਨ। ਤੁਹਾਡਾ ਕੀ ਖ਼ਿਆਲ ਹੈ ਕਿ ਗ਼ਰੀਬ ਦੇਸ਼ਾਂ ਦੇ ਬੱਚੇ ਆਪਣੇ ਪਿਛਲੇ ਜਨਮ ਵਿਚ ਪਾਪੀ ਸਨ ਅਤੇ ਅਮੀਰ ਦੇਸ਼ਾਂ ਦੇ ਬੱਚਿਆਂ ਨੇ ਚੰਗੇ ਕਰਮ ਕੀਤੇ ਸਨ?
ਜੇ ਇਹ ਗੱਲ ਸੱਚ ਹੈ, ਤਾਂ ਇਸ ਦਾ ਮਤਲਬ ਹੈ ਕਿ ਗ਼ਰੀਬ ਦੇਸ਼ਾਂ ਦੇ ਲੋਕ ਪਾਪੀ ਹਨ ਅਤੇ ਅਮੀਰ ਲੋਕ ਨੇਕ ਅਤੇ ਚੰਗੇ ਇਨਸਾਨ ਹਨ। ਕੀ ਇਹ ਗੱਲ ਤੁਹਾਨੂੰ ਸਹੀ ਲੱਗਦੀ ਹੈ? ਤਾਂ ਫਿਰ ਕੀ ਕਰਮਾਂ ਦੀ ਸਿੱਖਿਆ ਸਹੀ ਹੋ ਸਕਦੀ ਹੈ? ਇਸ ਸਵਾਲ ਦਾ ਜਵਾਬ ਸਾਨੂੰ ਕਿੱਥੋਂ ਮਿਲ ਸਕਦਾ ਹੈ?
ਅਸੀਂ ਇਸ ਬਾਰੇ ਸੱਚਾਈ ਸਭ ਤੋਂ ਪੁਰਾਣੀ ਕਿਤਾਬ ਵਿੱਚੋਂ ਜਾਣ ਸਕਦੇ ਹਾਂ। ਇਹ ਕਿਤਾਬ ਪੂਰਬੀ ਲੋਕਾਂ ਦੁਆਰਾ ਲਿਖੀ ਗਈ ਸੀ ਅਤੇ ਇਸ ਨੂੰ ਪਵਿੱਤਰ ਬਾਈਬਲ ਸੱਦਿਆ ਜਾਂਦਾ ਹੈ। ਇਸ ਦਾ ਤਰਜਮਾ ਹੋਰ ਕਿਸੇ ਵੀ ਕਿਤਾਬ ਨਾਲੋਂ ਜ਼ਿਆਦਾ ਬੋਲੀਆਂ ਵਿਚ ਕੀਤਾ ਜਾ ਚੁੱਕਾ ਹੈ। ਇਸ ਲਈ ਦੁਨੀਆਂ ਦੇ ਤਮਾਮ ਲੋਕ ਇਸ ਕਿਤਾਬ ਨੂੰ ਆਪਣੀ ਬੋਲੀ ਵਿਚ ਪੜ੍ਹ ਸਕਦੇ ਹਨ।
ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਜਦੋਂ ਰੱਬ ਨੇ ਪਹਿਲੇ ਤੀਵੀਂ-ਆਦਮੀ ਨੂੰ ਬਣਾਇਆ ਸੀ, ਤਾਂ ਉਨ੍ਹਾਂ ਦੀ ਜ਼ਿੰਦਗੀ ਪਾਪ, ਬੀਮਾਰੀ ਅਤੇ ਮੌਤ ਤੋਂ ਮੁਕਤ ਸੀ। ਉਹ ਵਧੀਆ ਮਾਹੌਲ ਵਿਚ ਰਹਿੰਦੇ ਸਨ ਜਿੱਥੇ ਉਨ੍ਹਾਂ ਨੂੰ ਕੋਈ ਤੰਗੀ ਨਹੀਂ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਰ ਕੰਮ ਕਰਨ ਦੇ ਕਾਬਲ ਬਣਾਇਆ ਸੀ। ਉਨ੍ਹਾਂ ਦੀ ਇਹ ਜ਼ਿੰਦਗੀ ਪਰਮੇਸ਼ੁਰ ਦੀ ਹੀ ਦੇਣ ਸੀ ਅਤੇ ਉਹ ਸਦਾ ਵਾਸਤੇ ਸੁਖੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ। ਪਰ ਇਹ ਬਰਕਤ ਪਾਉਣ ਲਈ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਤੇ ਉਸ ਦੀ ਦਿਲੋਂ ਭਗਤੀ ਕਰਨ ਦੀ ਲੋੜ ਸੀ।
ਅਫ਼ਸੋਸ ਦੀ ਗੱਲ ਹੈ ਕਿ ਇਸ ਤੀਵੀਂ-ਆਦਮੀ ਨੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਨਤੀਜੇ ਵਜੋਂ ਉਹ ਸਭ ਕੁਝ ਗੁਆ ਬੈਠੇ—ਆਪਣਾ ਘਰ, ਆਪਣੀ ਚੰਗੀ ਸਿਹਤ, ਆਪਣੀ ਖ਼ੁਸ਼ੀ। ਹਾਂ, ਉਹ ਪਰਮੇਸ਼ੁਰ ਦੀ ਬਰਕਤ ਗੁਆ ਬੈਠੇ ਅਤੇ ਅਗਾਹਾਂ ਤੋਂ ਉਨ੍ਹਾਂ ਨੂੰ ਬੀਮਾਰੀਆਂ, ਬੁਢਾਪੇ ਅਤੇ ਮੌਤ ਦਾ ਸਾਮ੍ਹਣਾ ਕਰਨਾ ਪਿਆ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਦੁੱਖਾਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਆਪਣੇ ਦੁੱਖ ਉਨ੍ਹਾਂ ਨੇ ਢਿੱਡੋਂ ਜੰਮੀ ਆਪਣੀ ਔਲਾਦ ਨੂੰ ਵੀ ਦੇ ਦਿੱਤੇ। ਇਸ ਕਰਕੇ ਅੱਜ ਵੀ ਜਨਮ ਤੋਂ ਹੀ ਦੁੱਖਾਂ ਦਾ ਬੱਦਲ ਇਨਸਾਨ ਨੂੰ ਘੇਰ ਲੈਂਦਾ ਹੈ ਜੋ ਮੌਤ ਤਕ ਛਾਇਆ ਰਹਿੰਦਾ ਹੈ।
ਆਓ ਆਪਾਂ ਇਸ ਗੱਲ ਨੂੰ ਸਮਝਣ ਲਈ ਇਕ ਹੋਰ ਉਦਾਹਰਣ ਵੱਲ ਧਿਆਨ ਦੇਈਏ। ਹਜ਼ਾਰਾਂ ਹੀ ਬੱਚਿਆਂ ਨੂੰ ਆਪਣੀ ਮਾਂ ਦੇ ਗਰਭ ਵਿਚ ਏਡਜ਼ ਦੀ ਘਾਤਕ ਬੀਮਾਰੀ ਲੱਗ ਜਾਂਦੀ ਹੈ। ਇਸ ਵਿਚ ਉਨ੍ਹਾਂ ਨੰਨ੍ਹੀਆਂ ਜਾਨਾਂ ਦਾ ਕੀ ਕਸੂਰ ਹੈ? ਇਹ ਬੀਮਾਰੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਲੱਗਦੀ ਹੈ। ਮਾਂ ਨੂੰ ਸ਼ਾਇਦ ਇਹ ਬੀਮਾਰੀ ਆਪਣੇ ਜਾਂ ਆਪਣੇ ਪਤੀ ਦੇ ਖੁੱਲ੍ਹੇ ਜਿਨਸੀ ਸੰਬੰਧਾਂ ਕਰਕੇ ਲੱਗੀ ਹੋਵੇ। ਪਰ ਇਸ ਦੇ ਬੁਰੇ ਨਤੀਜੇ ਨੰਨ੍ਹੇ ਬੱਚੇ ਨੂੰ ਭੋਗਣੇ ਪੈਂਦੇ ਹਨ। ਇਸੇ ਤਰੀਕੇ ਨਾਲ ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਕਰਕੇ ਪਹਿਲੇ ਤੀਵੀਂ-ਆਦਮੀ ਵਿਚ ਜੋ ਕਮੀਆਂ-ਕਮਜ਼ੋਰੀਆਂ ਆਈਆਂ, ਉਨ੍ਹਾਂ ਦੇ ਨਤੀਜੇ ਉਨ੍ਹਾਂ ਦੀ ਔਲਾਦ ਨੂੰ ਭੋਗਣੇ ਪਏ।
ਬਾਈਬਲ ਸਾਨੂੰ ਦੱਸਦੀ ਹੈ ਕਿ ਸਾਰੇ ਇਨਸਾਨ ਉਸੇ ਪਹਿਲੇ ਜੋੜੇ ਤੋਂ ਆਏ ਹਨ। ਇਸ ਲਈ ਹਰ ਇਨਸਾਨ ਵਿਚ ਜਨਮ ਤੋਂ ਹੀ ਕਮੀਆਂ ਹੁੰਦੀਆਂ ਹਨ ਜਿਸ ਕਰਕੇ ਉਹ ਦੁੱਖ-ਤਕਲੀਫ਼ ਦੇ ਪੰਜੇ ਵਿਚ ਫੱਸਿਆ ਰਹਿੰਦਾ ਹੈ। ਅਸੀਂ ਬਾਈਬਲ ਵਿੱਚੋਂ ਸਾਫ਼ ਦੇਖ ਸਕਦੇ ਹਾਂ ਕਿ ਅਸੀਂ ਆਪਣੇ ਕਰਮਾਂ ਕਰਕੇ ਨਹੀਂ, ਪਰ ਪੈਦਾਇਸ਼ੀ ਕਮਜ਼ੋਰੀਆਂ ਅਤੇ ਦੁਨੀਆਂ ਦੇ ਬੁਰੇ ਹਾਲਾਤਾਂ ਕਰਕੇ ਦੁੱਖ ਭੋਗਦੇ ਹਾਂ।
ਤੁਸੀਂ ਸ਼ਾਇਦ ਪੁੱਛੋ: ‘ਜੇ ਇਨਸਾਨ ਦੁਨੀਆਂ ਦੇ ਹਾਲਾਤ ਬਦਲਣ ਦੇ ਕਾਬਲ ਨਹੀਂ ਹੈ, ਤਾਂ ਅਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ ਕਿੱਦਾਂ ਪਾਵਾਂਗੇ?’ ਇਸ ਦਾ ਜਵਾਬ ਬਾਈਬਲ ਦਿੰਦੀ ਹੈ। ਉਹ ਦੱਸਦੀ ਹੈ ਕਿ ਸਾਡੇ ਸਿਰਜਣਹਾਰ, ਜਿਸ ਦਾ ਨਾਂ ਯਹੋਵਾਹ ਹੈ, ਨੇ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਸਭ ਕੁਝ ਠੀਕ ਕਰ ਦੇਣਾ ਹੈ। ਉਹ ਯਿਸੂ ਮਸੀਹ ਰਾਹੀਂ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦੇਵੇਗਾ ਅਤੇ ਪੂਰੀ ਧਰਤੀ ਨੂੰ ਸੁੰਦਰ ਬਣਾ ਦੇਵੇਗਾ। ਬਾਈਬਲ ਕਹਿੰਦੀ ਹੈ: “ਪਰਮੇਸ਼ਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਉਹ ਸਾਰੇ ਜਿਹੜੇ ਉਸ ਉਤੇ ਵਿਸ਼ਵਾਸ ਕਰਨ, ਨਾਸ਼ ਨਾ ਹੋਣ, ਸਗੋਂ ਅਨੰਤ ਜੀਵਨ ਪ੍ਰਾਪਤ ਕਰਨ।”—ਯੂਹੰਨਾ 3:16.
ਪਰਮੇਸ਼ੁਰ ਸਾਡੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਹ ਯਿਸੂ ਮਸੀਹ ਦੁਆਰਾ ਸਾਰੇ ਦੁੱਖ ਦੂਰ ਕਰੇਗਾ। ਇਸ ਦੇ ਨਾਲ-ਨਾਲ ਉਹ ਉਨ੍ਹਾਂ ਸਾਰੇ ਲੋਕਾਂ ਦਾ ਨਾਸ਼ ਕਰੇਗਾ ਜੋ ਉਸ ਦਾ ਕਹਿਣਾ ਨਹੀਂ ਮੰਨਦੇ ਅਤੇ ਦੂਸਰਿਆਂ ਤੇ ਜ਼ੁਲਮ ਕਰਦੇ ਹਨ। ਜਿਸ ਤਰ੍ਹਾਂ ਉੱਪਰ ਲਿਖਿਆ ਹੈ, ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨਵੀਂ ਦੁਨੀਆਂ ਵਿਚ ਜੀਉਣ ਦਾ ਮੌਕਾ ਦਿੱਤਾ ਜਾਵੇਗਾ ਜੋ ‘ਵਿਸ਼ਵਾਸ ਕਰ ਕੇ’ ਪਰਮੇਸ਼ੁਰ ਦੀ ਦਿਲੋਂ ਭਗਤੀ ਕਰਦੇ ਹਨ।
ਤੁਹਾਨੂੰ ਇਹ ਸੁਣ ਕੇ ਸ਼ਾਇਦ ਹੈਰਾਨੀ ਹੋਵੇ ਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਹ ਗੱਲਾਂ ਬਹੁਤ ਹੀ ਜਲਦ ਪੂਰੀਆਂ ਹੋਣ ਵਾਲੀਆਂ ਹਨ। ਦਰਅਸਲ ਬਾਈਬਲ ਵਿਚ ਸਾਡੇ ਸਮੇਂ ਨੂੰ ਇਸ ਦੁਨੀਆਂ ਦੇ ‘ਅੰਤਮ ਦਿਨ’ ਸੱਦਿਆ ਗਿਆ ਹੈ। (2 ਤਿਮੋਥਿਉਸ 3:1) ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਾਅਦ ਸਾਰੀ ਧਰਤੀ ਨੂੰ ਇਕ ਸੁੰਦਰ ਫਿਰਦੌਸ ਬਣਾ ਦਿੱਤਾ ਜਾਵੇਗਾ। ਫਿਰਦੌਸ ਵਿਚ ਜ਼ਿੰਦਗੀ ਬਿਲਕੁਲ ਉਸੇ ਤਰ੍ਹਾਂ ਦੀ ਹੋਵੇਗੀ ਜਿਸ ਤਰ੍ਹਾਂ ਦੀ ਪਰਮੇਸ਼ੁਰ ਸ਼ੁਰੂ ਵਿਚ ਚਾਹੁੰਦਾ ਸੀ ਜਦੋਂ ਉਸ ਨੇ ਪਹਿਲੇ ਤੀਵੀਂ-ਆਦਮੀ ਨੂੰ ਬਣਾਇਆ ਸੀ। ਜੀ ਹਾਂ, ਸਾਰੇ ਜਣੇ ਹਮੇਸ਼ਾ ਲਈ ਜੀਉਣਗੇ ਅਤੇ ਦੁੱਖਾਂ ਦੀ ਬਜਾਇ ਉਨ੍ਹਾਂ ਦੀ ਜ਼ਿੰਦਗੀ ਸੁਖ ਨਾਲ ਭਰੀ ਹੋਵੇਗੀ।
ਪਰ ਕੀ ਇਨ੍ਹਾਂ ਗੱਲਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ? ਕੀ ਸੁੱਖਾਂ ਨਾਲ ਭਰੀ ਦੁਨੀਆਂ ਸੱਚ-ਮੁੱਚ ਨਜ਼ਦੀਕ ਹੈ? ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ, ਜਿਨ੍ਹਾਂ ਤੋਂ ਸ਼ਾਇਦ ਤੁਹਾਨੂੰ ਇਹ ਟ੍ਰੈਕਟ ਮਿਲਿਆ ਸੀ।
ਬਾਈਬਲ ਦੇ ਇਨ੍ਹਾਂ ਹਵਾਲਿਆਂ ਤੇ ਸੋਚ-ਵਿਚਾਰ ਕਰੋ
ਉਤਪਤ 1:31: ਸ਼ੁਰੂ ਵਿਚ “ਪਰਮੇਸ਼ਰ ਨੇ ਆਪਣੀ, ਹਰ ਰਚੀ ਚੀਜ਼ ਦੇਖੀ, ਜੋ ਉਸ ਨੂੰ ਬਹੁਤ ਹੀ ਚੰਗੀ ਲਗੀ।”
ਉਤਪਤ 2:8: “ਪ੍ਰਭੂ ਪਰਮੇਸ਼ੁਰ ਨੇ ਪੂਰਬ ਦੇ ਪਾਸੇ, ਅਦਨ ਵਿਚ ਇਕ ਬਾਗ ਲਾਇਆ, ਅਤੇ ਉਸ ਵਿਚ ਆਪਣੇ ਰਚੇ ਆਦਮੀ ਨੂੰ ਰੱਖ ਦਿੱਤਾ।”
ਉਤਪਤ 2:16, 17: “ਪਰਮੇਸ਼ਰ ਨੇ ਉਸ ਨੂੰ ਇਹ ਆਗਿਆ ਦਿੱਤੀ, ‘ਤੂੰ ਬਾਗ ਦੇ ਹਰ ਰੁੱਖ ਦਾ ਫਲ ਖਾ ਸਕਦਾ ਹੈ; ਪਰ ਭਲੇ ਅਤੇ ਬੁਰੇ ਦੀ ਪਛਾਣ ਵਾਲੇ ਰੁੱਖ ਦਾ ਫਲ ਤੂੰ ਨਾ ਖਾਈਂ; ਕਿਉਂਕਿ ਜਿਸ ਦਿਨ ਤੂੰ ਉਸ ਰੁੱਖ ਦਾ ਫਲ ਖਾਏਂਗਾ, ਉਸ ਦਿਨ ਜ਼ਰੂਰ ਤੂੰ ਮਰ ਜਾਵੇਂਗਾ।’”
ਰੋਮ 5:12: “ਇਹ ਇਸ ਤਰ੍ਹਾਂ ਹੋਇਆ: ਇਕ ਆਦਮੀ ਦੇ ਦੁਆਰਾ ਪਾਪ ਇਸ ਸੰਸਾਰ ਵਿਚ ਆਇਆ ਅਤੇ ਪਾਪ ਦੇ ਦੁਆਰਾ ਮੌਤ ਆਈ। ਇਉਂ ਮੌਤ ਸਾਰੀ ਮਨੁੱਖਜਾਤੀ ਵਿਚ ਫੈਲ ਗਈ, ਕਿਉਂਕਿ ਸਭ ਨੇ ਪਾਪ ਕੀਤਾ।”
ਭਜਨ 49:7: “ਉਹਨਾਂ ਵਿਚੋਂ ਕੋਈ ਵੀ ਆਪਣਾ ਮੁਲ ਨਹੀਂ ਭਰ ਸਕਦਾ, ਅਤੇ ਨਾ ਹੀ ਪਰਮੇਸ਼ਰ ਨੂੰ ਆਪਣੇ ਪ੍ਰਾਣ ਬਦਲੇ ਕੁਝ ਦੇ ਸਕਦਾ ਹੈ।”
ਯਸਾਯਾਹ 33:24: ਇਕ ਸਮਾਂ ਆਵੇਗਾ ਜਦ “ਸਾਡੀ ਧਰਤੀ ਦਾ ਕੋਈ ਨਿਵਾਸੀ ਅੱਗੇ ਤੋਂ ਬੀਮਾਰ ਨਹੀਂ ਹੋਵੇਗਾ।”
2 ਤਿਮੋਥਿਉਸ 3:1: “ਤੈਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੰਤਮ ਦਿਨਾਂ ਵਿਚ ਬਹੁਤ ਭੈੜੇ ਸਮੇਂ ਆਉਣਗੇ।”
1 ਤਿਮੋਥਿਉਸ 6:17, 19: ਜੋ ਲੋਕ ਧਨੀ ਹਨ, ਉਨ੍ਹਾਂ ਨੂੰ ਆਪਣੇ ਪੈਸਿਆਂ ਉੱਤੇ ਨਹੀਂ ਸਗੋਂ ‘ਆਪਣੀ ਉਮੀਦ ਪਰਮੇਸ਼ਰ ਤੇ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਦੁਆਰਾ ਉਹ ਆਪਣੇ ਲਈ ਇਹੋ ਜਿਹਾ ਖ਼ਜ਼ਾਨਾ ਤਿਆਰ ਕਰਨਗੇ, ਜਿਸ ਦੀ ਨੀਂਹ ਅੱਗੇ ਆਉਣ ਵਾਲੇ ਸਮੇਂ ਦੇ ਲਈ ਪੱਕੀ ਹੋਵੇਗੀ।’
ਪਰਕਾਸ਼ ਦੀ ਪੋਥੀ 21:3, 4: “‘ਦੇਖੋ ਪਰਮੇਸ਼ਰ ਆਪ ਹੁਣ ਮਨੁੱਖਾਂ ਦੇ ਵਿਚਕਾਰ ਰਹਿਣ ਦੇ ਲਈ ਆ ਰਿਹਾ ਹੈ। ਉਹ ਆਪ ਹੁਣ ਉਹਨਾਂ ਦੇ ਵਿਚਕਾਰ ਰਹੇਗਾ ਅਤੇ ਉਹ ਉਸਦੇ ਆਪਣੇ ਲੋਕ ਹੋਣਗੇ। ਉਹ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਪਰਮੇਸ਼ਰ ਹੋਵੇਗਾ। ਉਹ ਆਪ ਉਹਨਾਂ ਦੀਆਂ ਅੱਖਾਂ ਦੇ ਸਭ ਅੱਥਰੂ ਪੂੰਜੇਗਾ। ਤਦ ਮੌਤ, ਕਿਸੇ ਤਰ੍ਹਾਂ ਦਾ ਸੋਗ ਜਾਂ ਰੋਣਾ ਅਤੇ ਪੀੜਾਂ ਨਹੀਂ ਹੋਣਗੇ।’”
ਬਾਈਬਲ ਦੇ ਸਾਰੇ ਹਵਾਲੇ ਪੰਜਾਬੀ ਦੀ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿੱਚੋਂ ਲਏ ਗਏ ਹਨ।
[ਸਫ਼ਾ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Cover Photo: Patrick Frilet/Sipa Press