ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • kl ਅਧਿ. 19 ਸਫ਼ੇ 181-191
  • ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦਿੰਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦਿੰਦਾ ਹੈ
  • ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਰਮਾਗੇਡਨ ਤੋਂ ਬਾਅਦ—ਇਕ ਪਰਾਦੀਸ ਧਰਤੀ
  • ਮਨੁੱਖਜਾਤੀ ਪਰਿਵਰਤਿਤ
  • ਆਨੰਦਮਈ ਪੁਨਰ-ਉਥਾਨ
  • ਆਖ਼ਰਕਾਰ ਸੰਪੂਰਣਤਾ!
  • ਤੁਸੀਂ ਕੀ ਕਰੋਗੇ?
  • ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਹੁਤ ਜਲਦ ਪੂਰਾ ਹੋਵੇਗਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਆਰਮਾਗੇਡਨ ਤੋਂ ਬਾਅਦ, ਇਕ ਪਰਾਦੀਸ ਧਰਤੀ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
ਹੋਰ ਦੇਖੋ
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
kl ਅਧਿ. 19 ਸਫ਼ੇ 181-191

ਅਧਿਆਇ 19

ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦਿੰਦਾ ਹੈ

1, 2. ਯਹੋਵਾਹ ਦੀ ਸ੍ਰਿਸ਼ਟੀ ਕਿਸ ਤਰ੍ਹਾਂ ਵਿਗੜ ਗਈ?

ਫ਼ਰਜ਼ ਕਰੋ ਕਿ ਇਕ ਮਹਾਨ ਚਿੱਤਰਕਾਰ ਨੇ ਹੁਣੇ ਹੀ ਇਕ ਸ਼ਾਨਦਾਰ ਤਸਵੀਰ ਪੂਰੀ ਕੀਤੀ ਹੈ। ਉਹ ਉਚਿਤ ਤੌਰ ਤੇ ਉਸ ਨੂੰ ਬਹੁਤ ਹੀ ਵਧੀਆ—ਅਰਥਾਤ, ਇਕ ਸ਼ਾਹਕਾਰ ਸਮਝਦਾ ਹੈ! ਪਰੰਤੂ ਰਾਤੋ-ਰਾਤ ਇਕ ਈਰਖਾਲੂ ਵਿਰੋਧੀ ਇਸ ਨੂੰ ਵਿਰੂਪ ਕਰ ਦਿੰਦਾ ਹੈ। ਸਮਝਣਯੋਗ ਹੈ ਕਿ ਇਹ ਉਸ ਚਿੱਤਰਕਾਰ ਨੂੰ ਬਹੁਤ ਦੁੱਖ ਪਹੁੰਚਾਉਂਦਾ ਹੈ। ਉਹ ਉਸ ਤਬਾਹਕਾਰ ਨੂੰ ਜੇਲ੍ਹ ਵਿਚ ਬੰਦ ਦੇਖਣ ਲਈ ਕਿੰਨਾ ਉਤਸੁਕ ਹੈ! ਅਤੇ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਹ ਚਿੱਤਰਕਾਰ ਆਪਣੀ ਰਚਨਾ ਦੀ ਪੂਰਵ ਸੁੰਦਰਤਾ ਨੂੰ ਮੁੜ ਬਹਾਲ ਕਰਨ ਲਈ ਕਿੰਨਾ ਲੋਚਦਾ ਹੈ।

2 ਉਸ ਚਿੱਤਰਕਾਰ ਦੇ ਵਾਂਗ, ਯਹੋਵਾਹ ਨੇ ਇਸ ਧਰਤੀ ਨੂੰ ਤਿਆਰ ਕਰਨ ਅਤੇ ਮਨੁੱਖ ਨੂੰ ਇਸ ਉੱਤੇ ਰੱਖਣ ਵਿਚ ਇਕ ਸ਼ਾਹਕਾਰ ਨੂੰ ਸ੍ਰਿਸ਼ਟ ਕੀਤਾ। ਆਦਮੀ ਅਤੇ ਔਰਤ ਨੂੰ ਸ੍ਰਿਸ਼ਟ ਕਰਨ ਤੋਂ ਬਾਅਦ, ਉਸ ਨੇ ਆਪਣੇ ਪੂਰੇ ਪਾਰਥਿਵ ਕੰਮ ਨੂੰ “ਬਹੁਤ ਹੀ ਚੰਗਾ” ਘੋਸ਼ਿਤ ਕੀਤਾ। (ਉਤਪਤ 1:31) ਆਦਮ ਅਤੇ ਹੱਵਾਹ ਪਰਮੇਸ਼ੁਰ ਦੇ ਆਪਣੇ ਬੱਚੇ ਸਨ, ਅਤੇ ਉਹ ਉਨ੍ਹਾਂ ਨਾਲ ਪ੍ਰੇਮ ਰੱਖਦਾ ਸੀ। ਉਸ ਨੇ ਉਨ੍ਹਾਂ ਲਈ ਇਕ ਸੁਖੀ, ਸ਼ਾਨਦਾਰ ਭਵਿੱਖ ਦਾ ਵਿਚਾਰ ਰੱਖਿਆ ਸੀ। ਇਹ ਸੱਚ ਹੈ ਕਿ ਸ਼ਤਾਨ ਨੇ ਉਨ੍ਹਾਂ ਤੋਂ ਬਗਾਵਤ ਕਰਵਾਈ, ਪਰੰਤੂ ਪਰਮੇਸ਼ੁਰ ਦੀ ਅਦਭੁਤ ਸ੍ਰਿਸ਼ਟੀ ਇਸ ਹੱਦ ਤਕ ਨਹੀਂ ਵਿਗੜੀ ਸੀ ਕਿ ਇਸ ਨੂੰ ਸੁਧਾਰਿਆ ਨਾ ਜਾ ਸਕੇ।—ਉਤਪਤ 3:23, 24; 6:11, 12.

3. “ਅਸਲ ਜੀਵਨ” ਕੀ ਹੈ?

3 ਪਰਮੇਸ਼ੁਰ ਨੇ ਮਾਮਲਿਆਂ ਨੂੰ ਸਹੀ ਕਰਨ ਦਾ ਨਿਸ਼ਚਾ ਕੀਤਾ ਹੈ। ਉਹ ਸਾਨੂੰ ਉਸ ਤਰ੍ਹਾਂ ਜੀਵਨ ਬਤੀਤ ਕਰਦਿਆਂ ਦੇਖਣ ਦੀ ਦਿਲੀ ਇੱਛਾ ਰੱਖਦਾ ਹੈ, ਜਿਸ ਤਰ੍ਹਾਂ ਉਸ ਨੇ ਮੁੱਢ ਵਿਚ ਮਕਸਦ ਰੱਖਿਆ ਸੀ। ਸਾਡੀ ਥੋੜ੍ਹ-ਚਿਰੀ ਅਤੇ ਦੁੱਖ-ਭਰੀ ਹੋਂਦ “ਅਸਲ ਜੀਵਨ” ਨਹੀਂ ਹੈ, ਕਿਉਂਕਿ ਇਹ ਉਸ ਜੀਵਨ ਤੋਂ ਕਿਤੇ ਹੀ ਘਟੀਆ ਹੈ ਜਿਸ ਦਾ ਯਹੋਵਾਹ ਇਰਾਦਾ ਰੱਖਦਾ ਹੈ। ਪਰਮੇਸ਼ੁਰ ਸਾਡੇ ਲਈ ਜੋ “ਅਸਲ ਜੀਵਨ” ਚਾਹੁੰਦਾ ਹੈ, ਉਹ ਸੰਪੂਰਣ ਹਾਲਤਾਂ ਦੇ ਹੇਠ “ਸਦੀਪਕ ਜੀਵਨ” ਹੈ।—1 ਤਿਮੋਥਿਉਸ 6:12, 19.

4, 5. (ੳ) ਪਰਾਦੀਸ ਦੀ ਉਮੀਦ ਕਿਸ ਤਰ੍ਹਾਂ ਪੂਰੀ ਹੋਵੇਗੀ? (ਅ) ਸਾਨੂੰ ਭਵਿੱਖ ਲਈ ਆਪਣੀ ਉਮੀਦ ਦੇ ਬਾਰੇ ਕਿਉਂ ਸੋਚਣਾ ਚਾਹੀਦਾ ਹੈ?

4 ਪਰਮੇਸ਼ੁਰ ਦਾ ਗਿਆਨ ਸਾਨੂੰ ਯਹੋਵਾਹ ਦੇ ਸਾਮ੍ਹਣੇ ਜਵਾਬਦੇਹ ਬਣਾਉਂਦਾ ਹੈ। (ਯਾਕੂਬ 4:17) ਪਰੰਤੂ ਉਨ੍ਹਾਂ ਬਰਕਤਾਂ ਬਾਰੇ ਵਿਚਾਰ ਕਰੋ ਜਿਨ੍ਹਾਂ ਦਾ ਤੁਸੀਂ ਆਨੰਦ ਮਾਣੋਗੇ ਜੇਕਰ ਤੁਸੀਂ ਇਸ ਗਿਆਨ ਨੂੰ ਲਾਗੂ ਕਰਦੇ ਹੋ ਅਤੇ ਸਦੀਪਕ ਜੀਵਨ ਲਈ ਅੱਗੇ ਵਧਦੇ ਹੋ। ਆਪਣੇ ਬਚਨ, ਬਾਈਬਲ ਵਿਚ ਯਹੋਵਾਹ ਪਰਮੇਸ਼ੁਰ ਨੇ ਸ਼ਬਦਾਂ ਰਾਹੀਂ ਇਕ ਸੁੰਦਰ ਤਸਵੀਰ ਖਿੱਚੀ ਹੈ ਕਿ ਇੰਨੇ ਨੇੜੇ ਭਵਿੱਖ ਵਿਚ ਪਰਾਦੀਸ ਧਰਤੀ ਵਿਚ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਯਕੀਨਨ, ਯਹੋਵਾਹ ਦੇ ਲੋਕ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਦੀ ਸੇਵਾ ਕੇਵਲ ਪ੍ਰਤਿਫਲ ਹਾਸਲ ਕਰਨ ਦੀ ਇੱਛਾ ਨਾਲ ਨਹੀਂ ਕਰਦੇ ਹਾਂ। ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਕਿਉਂਕਿ ਅਸੀਂ ਉਸ ਦੇ ਨਾਲ ਪ੍ਰੇਮ ਰੱਖਦੇ ਹਾਂ। (ਮਰਕੁਸ 12:29, 30) ਇਸ ਦੇ ਇਲਾਵਾ, ਅਸੀਂ ਯਹੋਵਾਹ ਦੀ ਸੇਵਾ ਕਰ ਕੇ ਜੀਵਨ ਨੂੰ ਕਮਾਉਂਦੇ ਨਹੀਂ ਹਾਂ। ਸਦੀਪਕ ਜੀਵਨ ਪਰਮੇਸ਼ੁਰ ਦੀ ਇਕ ਦੇਣ ਹੈ। (ਰੋਮੀਆਂ 6:23) ਅਜਿਹੇ ਜੀਵਨ ਉੱਤੇ ਮਨਨ ਕਰਨ ਤੋਂ ਸਾਨੂੰ ਲਾਭ ਹੋਵੇਗਾ ਕਿਉਂਕਿ ਪਰਾਦੀਸ ਦੀ ਉਮੀਦ ਸਾਨੂੰ ਯਾਦ ਦਿਲਾਉਂਦੀ ਹੈ ਕਿ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ—ਅਰਥਾਤ, “ਆਪਣਿਆਂ ਤਾਲਿਬਾਂ ਦਾ [ਪ੍ਰੇਮਮਈ] ਫਲ-ਦਾਤਾ।” (ਇਬਰਾਨੀਆਂ 11:6) ਉਹ ਉਮੀਦ ਜੋ ਸਾਡੇ ਮਨਾਂ ਅਤੇ ਦਿਲਾਂ ਵਿਚ ਉੱਜਲ ਰਹਿੰਦੀ ਹੈ, ਸਾਨੂੰ ਸ਼ਤਾਨ ਦੇ ਸੰਸਾਰ ਵਿਚ ਕਠਿਨਾਈਆਂ ਨੂੰ ਸਹਿਣ ਦੇ ਯੋਗ ਕਰੇਗੀ।—ਯਿਰਮਿਯਾਹ 23:20.

5 ਆਓ ਹੁਣ ਅਸੀਂ ਆਗਾਮੀ ਪਾਰਥਿਵ ਪਰਾਦੀਸ ਵਿਚ ਉਸ ਬਾਈਬਲ-ਆਧਾਰਿਤ ਸਦੀਪਕ ਜੀਵਨ ਦੀ ਉਮੀਦ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੀਏ। ਉਦੋਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਪਰਮੇਸ਼ੁਰ ਦਾ ਗਿਆਨ ਇਸ ਧਰਤੀ ਨੂੰ ਭਰ ਦਿੰਦਾ ਹੈ?

ਆਰਮਾਗੇਡਨ ਤੋਂ ਬਾਅਦ—ਇਕ ਪਰਾਦੀਸ ਧਰਤੀ

6. ਆਰਮਾਗੇਡਨ ਕੀ ਹੈ, ਅਤੇ ਇਸ ਦਾ ਮਨੁੱਖਜਾਤੀ ਲਈ ਕੀ ਅਰਥ ਹੋਵੇਗਾ?

6 ਜਿਵੇਂ ਪਹਿਲਾਂ ਦਿਖਾਇਆ ਗਿਆ ਹੈ, ਯਹੋਵਾਹ ਪਰਮੇਸ਼ੁਰ ਜਲਦੀ ਹੀ ਇਸ ਵਰਤਮਾਨ ਦੁਸ਼ਟ ਰੀਤੀ-ਵਿਵਸਥਾ ਨੂੰ ਨਾਸ਼ ਕਰ ਦੇਵੇਗਾ। ਇਹ ਸੰਸਾਰ ਤੇਜ਼ੀ ਨਾਲ ਉਸ ਦੇ ਨਜ਼ਦੀਕ ਪਹੁੰਚ ਰਿਹਾ ਹੈ ਜਿਸ ਨੂੰ ਬਾਈਬਲ ਹਰਮਗਿੱਦੋਨ, ਜਾਂ ਆਰਮਾਗੇਡਨ ਸੱਦਦੀ ਹੈ। ਇਹ ਸ਼ਬਦ ਸ਼ਾਇਦ ਕੁਝ ਲੋਕਾਂ ਦੇ ਮਨਾਂ ਵਿਚ ਵਿਰੋਧੀ ਕੌਮਾਂ ਦੁਆਰਾ ਲਿਆਂਦੇ ਗਏ ਇਕ ਨਿਊਕਲੀ ਸਰਬਨਾਸ਼ ਦਾ ਵਿਚਾਰ ਲਿਆਵੇ, ਪਰੰਤੂ ਆਰਮਾਗੇਡਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਜਿਵੇਂ ਪਰਕਾਸ਼ ਦੀ ਪੋਥੀ 16:14-16 ਦਿਖਾਉਂਦੀ ਹੈ, ਆਰਮਾਗੇਡਨ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦਾ ਜੁੱਧ’ ਹੈ। ਇਹ ਇਕ ਅਜਿਹਾ ਯੁੱਧ ਹੈ ਜੋ “ਸਾਰੇ ਜਗਤ ਦਿਆਂ ਰਾਜਿਆਂ” ਜਾਂ ਕੌਮਾਂ ਨੂੰ ਅੰਤਰਗ੍ਰਸਤ ਕਰਦਾ ਹੈ। ਯਹੋਵਾਹ ਪਰਮੇਸ਼ੁਰ ਦਾ ਪੁੱਤਰ, ਅਰਥਾਤ ਨਿਯੁਕਤ ਰਾਜਾ, ਜਲਦੀ ਹੀ ਯੁੱਧ ਵਿਚ ਪ੍ਰਵੇਸ਼ ਕਰੇਗਾ। ਨਤੀਜਾ ਬਿਲਕੁਲ ਨਿਸ਼ਚਿਤ ਹੈ। ਉਹ ਸਭ ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੇ ਹਨ ਅਤੇ ਜੋ ਸ਼ਤਾਨ ਦੀ ਦੁਸ਼ਟ ਵਿਵਸਥਾ ਦਾ ਇਕ ਹਿੱਸਾ ਹਨ, ਨਾਸ਼ ਕੀਤੇ ਜਾਣਗੇ। ਕੇਵਲ ਉਹੋ ਹੀ ਬਚਣਗੇ ਜੋ ਯਹੋਵਾਹ ਦੇ ਪ੍ਰਤੀ ਨਿਸ਼ਠਾਵਾਨ ਹਨ।—ਪਰਕਾਸ਼ ਦੀ ਪੋਥੀ 7:9, 14; 19:11-21.

7. ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਦੌਰਾਨ, ਸ਼ਤਾਨ ਅਤੇ ਉਸ ਦੇ ਪਿਸ਼ਾਚ ਕਿੱਥੇ ਹੋਣਗੇ, ਅਤੇ ਇਹ ਮਨੁੱਖਜਾਤੀ ਲਈ ਕਿਸ ਤਰ੍ਹਾਂ ਲਾਭਦਾਇਕ ਹੋਵੇਗਾ?

7 ਕਲਪਨਾ ਕਰੋ ਕਿ ਤੁਸੀਂ ਉਸ ਤਬਾਹੀ ਤੋਂ ਬਚ ਨਿਕਲੇ ਹੋ। ਧਰਤੀ ਉੱਤੇ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ? (2 ਪਤਰਸ 3:13) ਸਾਨੂੰ ਅੰਦਾਜ਼ਾ ਲਗਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂ ਜੋ ਬਾਈਬਲ ਸਾਨੂੰ ਦੱਸਦੀ ਹੈ, ਅਤੇ ਜੋ ਇਹ ਕਹਿੰਦੀ ਹੈ ਉਹ ਰੁਮਾਂਚਕ ਹੈ। ਅਸੀਂ ਸਿੱਖਦੇ ਹਾਂ ਕਿ ਸ਼ਤਾਨ ਅਤੇ ਉਸ ਦੇ ਪਿਸ਼ਾਚ ਨਿਸ਼ਕ੍ਰਿਆ ਬਣਾਏ ਜਾਣਗੇ, ਅਰਥਾਤ ਯਿਸੂ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਇਕ ਨਿਸ਼ਕ੍ਰਿਅਤਾ ਦੇ ਅਥਾਹ ਕੁੰਡ ਵਿਚ ਬੰਦ ਕੀਤੇ ਜਾਣਗੇ। ਇਸ ਮਗਰੋਂ ਇਹ ਦੁਸ਼ਟ, ਖੁਣਸੀ ਜੀਵ ਜੋ ਮੁਸੀਬਤਾਂ ਪੈਦਾ ਕਰਦੇ ਹੋਏ ਅਤੇ ਸਾਨੂੰ ਪਰਮੇਸ਼ੁਰ ਦੇ ਵਿਰੁੱਧ ਵਿਸ਼ਵਾਸਘਾਤਕ ਕੰਮਾਂ ਲਈ ਉਕਸਾਉਣ ਦੀ ਕੋਸ਼ਿਸ਼ ਕਰਦੇ ਹੋਏ, ਲੁਕ ਕੇ ਤਾਕ ਵਿਚ ਨਾ ਫਿਰਦੇ ਹੋਣਗੇ। ਕੀ ਹੀ ਰਾਹਤ!—ਪਰਕਾਸ਼ ਦੀ ਪੋਥੀ 20:1-3.

8, 9. ਨਵੇਂ ਸੰਸਾਰ ਵਿਚ, ਪੀੜਾਂ, ਬੀਮਾਰੀਆਂ, ਅਤੇ ਬੁਢਾਪੇ ਨੂੰ ਕੀ ਹੋਵੇਗਾ?

8 ਸਮਾਂ ਬੀਤਣ ਤੇ, ਹਰ ਪ੍ਰਕਾਰ ਦੀ ਬੀਮਾਰੀ ਅਲੋਪ ਹੋ ਜਾਵੇਗੀ। (ਯਸਾਯਾਹ 33:24) ਲੰਗੜੇ ਫਿਰ ਤੰਦਰੁਸਤ ਤੇ ਮਜ਼ਬੂਤ ਲੱਤਾਂ ਨਾਲ ਖੜ੍ਹੇ ਹੋਣਗੇ, ਤੁਰਨਗੇ, ਦੌੜਨਗੇ, ਅਤੇ ਨੱਚਣਗੇ। ਆਪਣੇ ਖ਼ਾਮੋਸ਼ ਸੰਸਾਰ ਵਿਚ ਸਾਲਾਂ ਤੋਂ ਜੀਵਨ ਬਤੀਤ ਕਰਨ ਤੋਂ ਬਾਅਦ, ਬੋਲੇ ਆਪਣੇ ਆਲੇ-ਦੁਆਲੇ ਆਨੰਦਮਈ ਆਵਾਜ਼ਾਂ ਨੂੰ ਸੁਣਨਗੇ। ਅੰਨ੍ਹੇ ਅਤਿ ਅਚੰਭਾ ਕਰਨਗੇ, ਜਿਉਂ ਹੀ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਰੰਗ ਅਤੇ ਰੂਪ ਦਾ ਸ਼ਾਨਦਾਰ ਸੰਸਾਰ ਆਕਾਰ ਲਵੇਗਾ। (ਯਸਾਯਾਹ 35:5, 6) ਆਖ਼ਰਕਾਰ, ਉਹ ਆਪਣੇ ਪਿਆਰਿਆਂ ਦੇ ਚਿਹਰਿਆਂ ਨੂੰ ਡਿੱਠਣਗੇ! ਸ਼ਾਇਦ ਉਦੋਂ ਉਨ੍ਹਾਂ ਦੀ ਨਜ਼ਰ ਖ਼ੁਸ਼ੀ ਦਿਆਂ ਹੰਝੂਆਂ ਦੇ ਨਾਲ ਕੇਵਲ ਪਲ ਭਰ ਲਈ ਹੀ ਧੁੰਦਲੀ ਪੈ ਜਾਵੇ।

9 ਜ਼ਰਾ ਸੋਚੋ! ਹੁਣ ਅਗਾਹਾਂ ਨੂੰ ਨਾ ਐਨਕਾਂ, ਨਾ ਫੌੜੀਆਂ ਅਤੇ ਛੜੀਆਂ, ਨਾ ਦਵਾਈਆਂ, ਨਾ ਦੰਦਕ ਚਿਕਿਤਸ਼ਾਲਾਵਾਂ ਜਾਂ ਹਸਪਤਾਲ ਹੋਣਗੇ! ਫਿਰ ਕਦੇ ਵੀ ਭਾਵਾਤਮਕ ਬੀਮਾਰੀਆਂ ਅਤੇ ਹਤਾਸ਼ਾ ਲੋਕਾਂ ਦੀ ਖ਼ੁਸ਼ੀ ਨੂੰ ਨਹੀਂ ਲੁੱਟਣਗੇ। ਕਿਸੇ ਦਾ ਵੀ ਬਚਪਨ ਬੀਮਾਰੀ ਤੋਂ ਪੀੜਿਤ ਨਹੀਂ ਹੋਵੇਗਾ। ਬੁਢਾਪੇ ਦੇ ਬੁਰੇ ਅਸਰ ਉਲਟਾਏ ਜਾਣਗੇ। (ਅੱਯੂਬ 33:25) ਅਸੀਂ ਜ਼ਿਆਦਾ ਸਿਹਤਮੰਦ ਅਤੇ ਤਕੜੇ ਬਣ ਜਾਵਾਂਗੇ। ਹਰ ਸਵੇਰ ਨੂੰ ਅਸੀਂ ਤਾਜ਼ਗੀ-ਭਰੀ ਰਾਤ ਦੀ ਨੀਂਦ ਤੋਂ ਮੁੜ-ਨਵੀਂ ਸ਼ਕਤੀ ਦੇ ਨਾਲ ਜਾਗਾਂਗੇ, ਜੋਸ਼ ਨਾਲ ਭਰਪੂਰ ਅਤੇ ਇਕ ਨਵੇਂ ਦਿਨ ਦੇ ਉਤਸ਼ਾਹ-ਭਰੇ ਜੀਵਨ ਅਤੇ ਤਸੱਲੀਬਖ਼ਸ਼ ਕੰਮ ਲਈ ਉਤਸੁਕ।

10. ਆਰਮਾਗੇਡਨ ਵਿੱਚੋਂ ਬਚਣ ਵਾਲੇ ਲੋਕ ਕਿਹੜੀ ਕਾਰਜ-ਨਿਯੁਕਤੀ ਨੂੰ ਆਪਣੇ ਜ਼ਿੰਮੇ ਲੈਣਗੇ?

10 ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਦੇ ਕਰਨ ਵਾਸਤੇ ਕਾਫ਼ੀ ਆਨੰਦਮਈ ਕੰਮ ਹੋਵੇਗਾ। ਉਹ ਧਰਤੀ ਨੂੰ ਇਕ ਪਰਾਦੀਸ ਵਿਚ ਬਦਲ ਦੇਣਗੇ। ਪ੍ਰਦੂਸ਼ਿਤ ਪੁਰਾਣੀ ਵਿਵਸਥਾ ਦੀਆਂ ਹਰ ਕੋਈ ਨਿਸ਼ਾਨੀਆਂ ਹਟਾਈਆਂ ਜਾਣਗੀਆਂ। ਗੰਦੀਆਂ ਬਸਤੀਆਂ ਅਤੇ ਤਬਾਹ ਕੀਤੀ ਗਈ ਜ਼ਮੀਨ ਦੀ ਥਾਂ ਤੇ ਬਾਗ਼ ਬਗੀਚੇ ਉਤਪੰਨ ਹੋਣਗੇ। ਸਾਰੇ ਵਿਅਕਤੀ ਆਰਾਮਦੇਹ, ਸੁਹਾਵਣੀਆਂ ਰਿਹਾਇਸ਼ਾਂ ਦਾ ਆਨੰਦ ਮਾਣਨਗੇ। (ਯਸਾਯਾਹ 65:21) ਜਿਉਂ ਹੀ ਸਮਾਂ ਬੀਤਦਾ ਜਾਵੇਗਾ, ਧਰਤੀ ਦੇ ਇਹ ਪਰਾਦੀਸੀ ਭਾਗ ਵਧਦੇ-ਵਧਦੇ ਆਪਸ ਵਿਚ ਮਿਲ ਜਾਣਗੇ, ਜਦ ਤਕ ਕਿ ਸਾਰੀ ਧਰਤੀ ਸ੍ਰਿਸ਼ਟੀਕਰਤਾ ਦੁਆਰਾ ਅਦਨ ਦੇ ਬਾਗ਼ ਵਿਚ ਠਹਿਰਾਏ ਗਏ ਸੁੰਦਰਤਾ ਦੇ ਮਿਆਰ ਤਾਈਂ ਨਹੀਂ ਪਹੁੰਚ ਜਾਂਦੀ ਹੈ। ਉਸ ਮੁੜ ਬਹਾਲੀ ਦੇ ਕੰਮ ਵਿਚ ਭਾਗ ਲੈਣਾ ਕਿੰਨਾ ਤਸੱਲੀਬਖ਼ਸ਼ ਹੋਵੇਗਾ!

11. ਮਨੁੱਖਜਾਤੀ ਦਾ ਧਰਤੀ ਦੇ ਵਾਤਾਵਰਣ ਅਤੇ ਪਸ਼ੂ ਜੀਵਨ ਦੇ ਨਾਲ ਭਵਿੱਖ ਵਿਚ ਕੀ ਰਿਸ਼ਤਾ ਹੋਵੇਗਾ?

11 ਇਹ ਸਭ ਕੁਝ ਈਸ਼ਵਰੀ ਨਿਰਦੇਸ਼ਨ ਦੇ ਅਧੀਨ ਕੀਤਾ ਜਾਵੇਗਾ ਤਾਂਕਿ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚੇ। ਮਨੁੱਖ ਪਸ਼ੂਆਂ ਦੇ ਨਾਲ ਸ਼ਾਂਤੀ ਵਿਚ ਰਹਿਣਗੇ। ਉਨ੍ਹਾਂ ਨੂੰ ਬੇਹੂਦਗੀ ਨਾਲ ਕਤਲ ਕਰਨ ਦੀ ਬਜਾਇ, ਮਨੁੱਖ ਉਨ੍ਹਾਂ ਦੀ ਚੰਗੀ ਦੇਖ-ਭਾਲ ਕਰਦੇ ਹੋਏ, ਧਰਤੀ ਉੱਤੇ ਵਿਸ਼ਵਾਸਯੋਗ ਮੁਖਤਿਆਰੀ ਨੂੰ ਮੁੜ ਸੰਭਾਲੇਗਾ। ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਬਘਿਆੜ ਅਤੇ ਲੇਲੇ, ਸ਼ੇਰ ਅਤੇ ਵੱਛਾ, ਇਕੱਠੇ ਚਰਦੇ ਹਨ—ਅਤੇ ਘਰੇਲੂ ਪਸ਼ੂ ਬਿਲਕੁਲ ਸੁਰੱਖਿਅਤ ਹਨ। ਇੱਥੋਂ ਤਕ ਕਿ ਇਕ ਛੋਟੇ ਬੱਚੇ ਨੂੰ ਵੀ ਜੰਗਲੀ ਪਸ਼ੂਆਂ ਤੋਂ ਕੋਈ ਡਰ ਨਹੀਂ ਹੋਵੇਗਾ, ਨਾ ਹੀ ਕਰੂਰ, ਜ਼ਾਲਮ ਲੋਕਾਂ ਦੁਆਰਾ ਨਵੇਂ ਸੰਸਾਰ ਦੀ ਸ਼ਾਂਤੀ ਵਿਚ ਫੁੱਟ ਪਵੇਗੀ। (ਯਸਾਯਾਹ 11:6-8) ਉਹ ਕੀ ਹੀ ਇਕ ਸ਼ਾਂਤਮਈ ਨਵਾਂ ਸੰਸਾਰ ਹੋਵੇਗਾ!

ਮਨੁੱਖਜਾਤੀ ਪਰਿਵਰਤਿਤ

12. ਯਸਾਯਾਹ 11:9 ਦੀ ਅੱਜ ਕਿਵੇਂ ਪੂਰਤੀ ਹੋ ਰਹੀ ਹੈ, ਅਤੇ ਇਹ ਪਰਾਦੀਸ ਵਿਚ ਕਿਵੇਂ ਪੂਰਾ ਹੋਵੇਗਾ?

12 ਯਸਾਯਾਹ 11:9 ਸਾਨੂੰ ਦੱਸਦਾ ਹੈ ਕਿ ਕਿਉਂ ਸਾਰੀ ਧਰਤੀ ਵਿਚ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਉਹ ਕਹਿੰਦਾ ਹੈ: “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” ਇਹ ਲੋਕਾਂ ਬਾਰੇ ਗੱਲ ਹੋ ਰਹੀ ਹੈ, ਕਿਉਂਕਿ ਪਸ਼ੂ ‘ਯਹੋਵਾਹ ਦਾ ਗਿਆਨ’ ਲੈ ਕੇ ਤਬਦੀਲੀਆਂ ਨਹੀਂ ਕਰ ਸਕਦੇ ਹਨ, ਕਿਉਂ ਜੋ ਉਹ ਅੰਤਰਪ੍ਰੇਰਣਾ ਨਾਲ ਨਿਯੰਤ੍ਰਿਤ ਹੁੰਦੇ ਹਨ। ਪਰੰਤੂ ਸਾਡੇ ਸ੍ਰਿਸ਼ਟੀਕਰਤਾ ਦਾ ਗਿਆਨ ਲੋਕਾਂ ਨੂੰ ਜ਼ਰੂਰ ਤਬਦੀਲ ਕਰਦਾ ਹੈ। ਨਿਰਸੰਦੇਹ, ਪਰਮੇਸ਼ੁਰ ਦੇ ਗਿਆਨ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੇ ਨਤੀਜੇ ਵਜੋਂ ਤੁਸੀਂ ਖ਼ੁਦ ਪਹਿਲਾਂ ਤੋਂ ਹੀ ਕੁਝ ਤਬਦੀਲੀਆਂ ਕੀਤੀਆਂ ਹੋਣਗੀਆਂ। ਲੱਖਾਂ ਨੇ ਇਵੇਂ ਹੀ ਕੀਤਾ ਹੈ। ਇਸ ਕਰਕੇ, ਇਹ ਭਵਿੱਖਬਾਣੀ ਪਹਿਲਾਂ ਹੀ ਉਨ੍ਹਾਂ ਵਿਚ ਪੂਰੀ ਹੋਣੀ ਸ਼ੁਰੂ ਹੋ ਗਈ ਹੈ, ਜੋ ਯਹੋਵਾਹ ਦੀ ਸੇਵਾ ਕਰ ਰਹੇ ਹਨ। ਫਿਰ ਵੀ, ਇਹ ਉਸ ਸਮੇਂ ਵੱਲ ਵੀ ਇਸ਼ਾਰਾ ਕਰਦੀ ਹੈ ਜਦੋਂ ਸਾਰੇ ਸੰਸਾਰ ਦੇ ਲੋਕ ਹਰ ਕਿਸੇ ਪਸ਼ੂਵਾਦੀ ਜਾਂ ਹਿੰਸਕ ਗੁਣਾਂ ਨੂੰ ਤਿਆਗ ਕੇ ਸਦਾ ਦੇ ਲਈ ਸ਼ਾਂਤਮਈ ਬਣ ਜਾਣਗੇ।

13. ਧਰਤੀ ਉੱਤੇ ਕਿਹੜਾ ਸਿੱਖਿਅਕ ਕਾਰਜਕ੍ਰਮ ਪਰਿਚਾਲਿਤ ਕੀਤਾ ਜਾਵੇਗਾ?

13 ਉਦੋਂ ਕਿੰਨਾ ਵਧੀਆ ਹੋਵੇਗਾ ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦੇਵੇਗਾ! ਉਦੋਂ ਰਾਜਾ ਯਿਸੂ ਮਸੀਹ ਅਤੇ ਉਸ ਦੇ 1,44,000 ਸਹਿ-ਸ਼ਾਸਕਾਂ ਦੇ ਅਧੀਨ ਇਕ ਵਿਸਤ੍ਰਿਤ ਸਿੱਖਿਅਕ ਕਾਰਜਕ੍ਰਮ ਪਰਿਚਾਲਿਤ ਕੀਤਾ ਜਾਵੇਗਾ। ਉਦੋਂ ਨਵੀਆਂ “ਪੋਥੀਆਂ” ਦਾ ਇਸਤੇਮਾਲ ਕੀਤਾ ਜਾਵੇਗਾ। ਜ਼ਾਹਰਾ ਤੌਰ ਤੇ ਇਹ ਪਰਮੇਸ਼ੁਰ ਦੀਆਂ ਲਿਖਿਤ ਹਿਦਾਇਤਾਂ ਹਨ ਜੋ ਧਰਤੀ ਦੇ ਨਿਵਾਸੀਆਂ ਨੂੰ ਸਿੱਖਿਆ ਦੇਣ ਦਾ ਆਧਾਰ ਹੋਣਗੀਆਂ। (ਪਰਕਾਸ਼ ਦੀ ਪੋਥੀ 20:12) ਮਨੁੱਖਜਾਤੀ ਯੁੱਧ ਨਹੀਂ, ਪਰੰਤੂ ਸ਼ਾਂਤੀ ਸਿੱਖੇਗੀ। ਸਾਰੇ ਵਿਨਾਸ਼ਕ ਹਥਿਆਰ ਸਦਾ ਦੇ ਲਈ ਖ਼ਤਮ ਕੀਤੇ ਜਾਣਗੇ। (ਜ਼ਬੂਰ 46:9) ਨਵੇਂ ਸੰਸਾਰ ਦੇ ਨਿਵਾਸੀਆਂ ਨੂੰ ਆਪਣੇ ਸੰਗੀ ਮਨੁੱਖਾਂ ਦੇ ਨਾਲ ਪ੍ਰੇਮ, ਆਦਰ, ਅਤੇ ਮਾਣ ਨਾਲ ਵਰਤਾਉ ਕਰਨਾ ਸਿਖਾਇਆ ਜਾਵੇਗਾ।

14. ਸੰਸਾਰ ਉਦੋਂ ਕਿਵੇਂ ਭਿੰਨ ਹੋਵੇਗਾ ਜਦੋਂ ਮਨੁੱਖਜਾਤੀ ਇਕ ਸੰਯੁਕਤ ਪਰਿਵਾਰ ਹੋਵੇਗੀ?

14 ਮਨੁੱਖਜਾਤੀ ਇਕ ਸੰਯੁਕਤ ਪਰਿਵਾਰ ਬਣ ਜਾਵੇਗੀ। ਏਕਤਾ ਅਤੇ ਭਾਈਚਾਰੇ ਵਿਚ ਕੋਈ ਰੁਕਾਵਟਾਂ ਨਹੀਂ ਹੋਣਗੀਆਂ। (ਜ਼ਬੂਰ 133:1-3) ਚੋਰਾਂ ਨੂੰ ਬਾਹਰ ਰੱਖਣ ਲਈ ਕਿਸੇ ਦੇ ਘਰ ਨੂੰ ਵੀ ਤਾਲਾ ਲਗਾਉਣ ਦੀ ਲੋੜ ਨਹੀਂ ਪਵੇਗੀ। ਹਰ ਦਿਲ ਵਿਚ, ਹਰ ਘਰ ਵਿਚ, ਧਰਤੀ ਦੇ ਹਰ ਹਿੱਸੇ ਵਿਚ ਸ਼ਾਂਤੀ ਪ੍ਰਬਲ ਹੋਵੇਗੀ।—ਮੀਕਾਹ 4:4.

ਆਨੰਦਮਈ ਪੁਨਰ-ਉਥਾਨ

15. ਧਰਤੀ ਉੱਤੇ ਕਿਹੜੇ ਦੋ ਸਮੂਹ ਪੁਨਰ-ਉਥਿਤ ਕੀਤੇ ਜਾਣਗੇ?

15 ਉਸ ਹਜ਼ਾਰ ਵਰ੍ਹਿਆਂ ਦੇ ਸਮੇਂ ਦੇ ਦੌਰਾਨ ਪੁਨਰ-ਉਥਾਨ ਹੋਵੇਗਾ। ਜਿਨ੍ਹਾਂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਦੇ ਪ੍ਰਗਟਾਵੇ ਜਾਂ ਨਿਰਦੇਸ਼ਨ ਦੇ ਖ਼ਿਲਾਫ਼ ਅਪਸ਼ਚਾਤਾਪੀ ਤੌਰ ਤੇ ਕੰਮ ਕਰਦੇ ਹੋਏ ਉਸ ਦੇ ਵਿਰੁੱਧ ਜਾਣ-ਬੁੱਝ ਕੇ ਪਾਪ ਕੀਤਾ ਹੈ, ਉਹ ਪੁਨਰ-ਉਥਿਤ ਨਹੀਂ ਕੀਤੇ ਜਾਣਗੇ। (ਮੱਤੀ 23:15, 33; ਇਬਰਾਨੀਆਂ 6:4-6) ਨਿਰਸੰਦੇਹ, ਪਰਮੇਸ਼ੁਰ ਹੀ ਫੈਸਲਾ ਕਰੇਗਾ ਕਿ ਕਿਸ ਨੇ ਉਸ ਤਰ੍ਹਾਂ ਦਾ ਪਾਪ ਕੀਤਾ ਹੈ। ਪਰੰਤੂ ਦੋ ਵਿਸ਼ੇਸ਼ ਸਮੂਹ ਪੁਨਰ-ਉਥਿਤ ਕੀਤੇ ਜਾਣਗੇ—‘ਧਰਮੀ ਅਤੇ ਕੁਧਰਮੀ।’ (ਰਸੂਲਾਂ ਦੇ ਕਰਤੱਬ 24:15) ਕਿਉਂ ਜੋ ਉਦੋਂ ਉਚਿਤ ਤਰਤੀਬ ਹੋਵੇਗੀ, ਇਹ ਸਿੱਟਾ ਕੱਢਣਾ ਤਰਕਸੰਗਤ ਹੈ ਕਿ ਧਰਤੀ ਉੱਤੇ ਮੁੜ ਜੀਵਨ ਲਈ ਪਹਿਲਾਂ ਧਰਮੀ ਵਿਅਕਤੀਆਂ ਦਾ ਸੁਆਗਤ ਕੀਤਾ ਜਾਵੇਗਾ, ਅਰਥਾਤ ਉਹ ਜਿਨ੍ਹਾਂ ਨੇ ਨਿਸ਼ਠਾ ਦੇ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ।—ਇਬਰਾਨੀਆਂ 11:35-39.

16. (ੳ) ਧਰਤੀ ਉੱਤੇ ਪੁਨਰ-ਉਥਿਤ ਕੀਤੇ ਜਾਣ ਵਾਲੇ ‘ਧਰਮੀਆਂ’ ਵਿਚ ਕੌਣ ਸ਼ਾਮਲ ਹੋਣਗੇ? (ਅ) ਪ੍ਰਾਚੀਨ ਸਮਿਆਂ ਦੇ ਕਿਹੜੇ ਵਫ਼ਾਦਾਰ ਵਿਅਕਤੀਆਂ ਨੂੰ ਤੁਸੀਂ ਖ਼ਾਸ ਤੌਰ ਤੇ ਮਿਲਣਾ ਚਾਹੁੰਦੇ ਹੋ, ਅਤੇ ਕਿਉਂ?

16 ਯੁੱਧ, ਤਬਾਹੀ, ਅਤੇ ਮੌਤ ਦੇ ਬਾਰੇ ਖ਼ਬਰਾਂ ਸੁਣਨ ਦੀ ਬਜਾਇ, ਯਹੋਵਾਹ ਦੇ ਸੇਵਕਾਂ ਨੂੰ ਪੁਨਰ-ਉਥਾਨ ਦੀਆਂ ਅਦਭੁਤ ਰਿਪੋਰਟਾਂ ਮਿਲਣਗੀਆਂ। ਅਜਿਹੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਜਿਵੇਂ ਹਾਬਲ, ਹਨੋਕ, ਨੂਹ, ਅਬਰਾਹਾਮ, ਸਾਰਾਹ, ਅੱਯੂਬ, ਮੂਸਾ, ਰਾਹਾਬ, ਰੂਥ, ਦਾਊਦ, ਏਲੀਯਾਹ, ਅਸਤਰ ਦੀ ਵਾਪਸੀ ਬਾਰੇ ਜਾਣਨਾ ਕਿੰਨਾ ਉਤੇਜਕ ਹੋਵੇਗਾ। ਉਹ ਕੀ ਹੀ ਸਰਗਰਮ ਇਤਿਹਾਸਕ ਹਕੀਕਤਾਂ ਪੇਸ਼ ਕਰਨਗੇ, ਜਿਉਂ ਹੀ ਉਹ ਅਨੇਕ ਬਾਈਬਲ ਬਿਰਤਾਂਤਾਂ ਦੇ ਪਿਛੋਕੜ ਨੂੰ ਵੇਰਵੇ ਸਹਿਤ ਦੱਸਣਗੇ! ਕੋਈ ਸ਼ੱਕ ਨਹੀਂ ਹੈ ਕਿ ਉਹ ਅਤੇ ਹਾਲ ਹੀ ਦੇ ਸਮਿਆਂ ਵਿਚ ਮਰੇ ਧਰਮੀ ਵਿਅਕਤੀ, ਸ਼ਤਾਨ ਦੀ ਵਿਵਸਥਾ ਦੇ ਅੰਤ ਬਾਰੇ ਅਤੇ ਕਿਵੇਂ ਯਹੋਵਾਹ ਨੇ ਆਪਣੇ ਪਵਿੱਤਰ ਨਾਂ ਨੂੰ ਪਾਕ ਕੀਤਾ ਅਤੇ ਆਪਣੀ ਸਰਬਸੱਤਾ ਨੂੰ ਦੋਸ਼-ਨਿਵਾਰਿਤ ਕੀਤਾ, ਬਾਰੇ ਜਾਣਨ ਲਈ ਉੱਨੇ ਹੀ ਉਤਸੁਕ ਹੋਣਗੇ।

17. ਵਫ਼ਾਦਾਰ ਵਿਅਕਤੀ ਉਨ੍ਹਾਂ ਪੁਨਰ-ਉਥਿਤ ਕੀਤੇ ਗਏ ਦੂਜੇ ਵਿਅਕਤੀਆਂ ਨੂੰ ਕੀ ਮਦਦ ਦੇਣਗੇ?

17 ਪੁਨਰ-ਉਥਾਨ ਦੇ ਅਗਲੇ ਭਾਗ ਵਿਚ ਇਹ ਵਫ਼ਾਦਾਰ ਵਿਅਕਤੀ ਕਿੰਨੇ ਸਹਾਇਕ ਹੋਣਗੇ, ਜਦੋਂ ਅਰਬਾਂ ਹੀ “ਕੁਧਰਮੀ” ਮੌਤ ਦੀ ਕੈਦ ਵਿੱਚੋਂ ਛੁਡਾਏ ਜਾਣਗੇ! ਅਧਿਕਤਰ ਮਨੁੱਖਜਾਤੀ ਨੂੰ ਯਹੋਵਾਹ ਨੂੰ ਜਾਣਨ ਦਾ ਕਦੇ ਵੀ ਮੌਕਾ ਨਹੀਂ ਮਿਲਿਆ ਸੀ। ਸ਼ਤਾਨ ‘ਉਨ੍ਹਾਂ ਦੀਆਂ ਬੁੱਧਾਂ ਨੂੰ ਅੰਨ੍ਹੀਆਂ ਕਰ ਰਿਹਾ’ ਸੀ। (2 ਕੁਰਿੰਥੀਆਂ 4:4) ਪਰੰਤੂ ਸ਼ਤਾਨ ਦਾ ਕੰਮ ਉਲਟਾਇਆ ਜਾਵੇਗਾ। ਕੁਧਰਮੀ ਇਕ ਸੁੰਦਰ ਅਤੇ ਸ਼ਾਂਤਮਈ ਧਰਤੀ ਉੱਤੇ ਵਾਪਸ ਆਉਣਗੇ। ਉਹ ਉਨ੍ਹਾਂ ਲੋਕਾਂ ਦੁਆਰਾ ਸੁਆਗਤ ਕੀਤੇ ਜਾਣਗੇ ਜੋ ਯਹੋਵਾਹ ਅਤੇ ਉਸ ਦੇ ਸ਼ਾਸਨ ਕਰ ਰਹੇ ਪੁੱਤਰ, ਯਿਸੂ ਮਸੀਹ ਬਾਰੇ ਸਿੱਖਿਆ ਦੇਣ ਲਈ ਅੱਛੀ ਤਰ੍ਹਾਂ ਨਾਲ ਵਿਵਸਥਿਤ ਹਨ। ਜਿਉਂ ਹੀ ਅਰਬਾਂ ਪੁਨਰ-ਉਥਿਤ ਲੋਕ ਆਪਣੇ ਸ੍ਰਿਸ਼ਟੀਕਰਤਾ ਨੂੰ ਜਾਣਨ ਅਤੇ ਪ੍ਰੇਮ ਕਰਨ ਲੱਗਣਗੇ, ਯਹੋਵਾਹ ਦਾ ਗਿਆਨ ਇਸ ਧਰਤੀ ਨੂੰ ਇਕ ਬੇਮਿਸਾਲ ਢੰਗ ਨਾਲ ਭਰ ਦੇਵੇਗਾ।

18. ਪੁਨਰ-ਉਥਿਤ ਵਿਅਕਤੀਆਂ ਦਾ ਸੁਆਗਤ ਕਰਦੇ ਸਮੇਂ ਤੁਹਾਡੇ ਵਿਚਾਰ ਵਿਚ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ?

18 ਪੁਨਰ-ਉਥਾਨ ਸਾਡੇ ਦਿਲਾਂ ਨੂੰ ਕਿੰਨਾ ਆਨੰਦ ਲਿਆਵੇਗਾ! ਕਿਸ ਵਿਅਕਤੀ ਨੇ ਸਾਡੀ ਦੁਸ਼ਮਣ ਮੌਤ ਦੇ ਕਾਰਨ ਦੁੱਖ ਨਹੀਂ ਸਹਾਰਿਆ ਹੈ? ਅਸਲ ਵਿਚ, ਕਿਸ ਵਿਅਕਤੀ ਨੇ ਬਿਲਕੁਲ ਹੀ ਟੁੱਟ ਜਾਣ ਦਾ ਭਾਵ ਮਹਿਸੂਸ ਨਹੀਂ ਕੀਤਾ ਹੈ, ਜਦੋਂ ਬੀਮਾਰੀ, ਬੁਢਾਪਾ, ਹਾਦਸਾ, ਜਾਂ ਹਿੰਸਾ ਨੇ ਇਕ ਪਿਆਰੇ ਦੀ ਜਾਨ ਲੈ ਕੇ, ਕਿਸੇ ਪ੍ਰੇਮ ਜਾਂ ਮਿੱਤਰਤਾ ਦੇ ਬੰਦਨ ਨੂੰ ਤੋੜ ਦਿੱਤਾ? ਤਾਂ ਫਿਰ, ਪਰਾਦੀਸ ਵਿਚ ਪੁਨਰ-ਮਿਲਣ ਦੇ ਆਨੰਦ ਦੀ ਕਲਪਨਾ ਕਰੋ। ਮਾਤਾ ਅਤੇ ਪਿਤਾ, ਧੀਆਂ ਅਤੇ ਪੁੱਤਰ, ਮਿੱਤਰ ਅਤੇ ਰਿਸ਼ਤੇਦਾਰ, ਹੱਸਦੇ ਅਤੇ ਆਨੰਦ ਦੇ ਹੰਝੂ ਵਹਾਉਂਦੇ ਹੋਏ ਇਕ ਦੂਜੇ ਨੂੰ ਗਲਵੱਕੜੀਆਂ ਪਾਉਣਗੇ।

ਆਖ਼ਰਕਾਰ ਸੰਪੂਰਣਤਾ!

19. ਹਜ਼ਾਰ ਵਰ੍ਹਿਆਂ ਦੇ ਸਮੇਂ ਦੇ ਦੌਰਾਨ ਕੀ ਚਮਤਕਾਰ ਹੋਵੇਗਾ?

19 ਹਜ਼ਾਰ ਵਰ੍ਹਿਆਂ ਦੇ ਪੂਰੇ ਸਮੇਂ ਦੇ ਦੌਰਾਨ, ਇਕ ਅਦਭੁਤ ਚਮਤਕਾਰ ਹੋ ਰਿਹਾ ਹੋਵੇਗਾ। ਮਨੁੱਖਜਾਤੀ ਦੇ ਲਈ, ਇਹ ਸ਼ਾਇਦ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਰੁਮਾਂਚਕ ਪਹਿਲੂ ਹੋਵੇਗਾ। ਯਹੋਵਾਹ ਆਪਣੇ ਪੁੱਤਰ ਨੂੰ ਹਰੇਕ ਵਫ਼ਾਦਾਰ ਅਤੇ ਆਗਿਆਕਾਰ ਆਦਮੀ ਅਤੇ ਔਰਤ ਦੇ ਨਿਮਿੱਤ ਰਿਹਾਈ-ਕੀਮਤ ਦੇ ਲਾਭ ਲਾਗੂ ਕਰਨ ਲਈ ਨਿਰਦੇਸ਼ਿਤ ਕਰੇਗਾ। ਉਸ ਜ਼ਰੀਏ ਦੁਆਰਾ, ਸਾਰਾ ਪਾਪ ਖ਼ਤਮ ਕੀਤਾ ਜਾਵੇਗਾ ਅਤੇ ਮਨੁੱਖਜਾਤੀ ਸੰਪੂਰਣਤਾ ਤਕ ਲਿਆਈ ਜਾਵੇਗੀ।—1 ਯੂਹੰਨਾ 2:2; ਪਰਕਾਸ਼ ਦੀ ਪੋਥੀ 21:1-4.

20. (ੳ) ਸੰਪੂਰਣ ਹੋਣ ਦਾ ਕੀ ਅਰਥ ਹੋਵੇਗਾ? (ਅ) ਆਰਮਾਗੇਡਨ ਵਿੱਚੋਂ ਬਚਣ ਵਾਲੇ ਲੋਕ ਅਤੇ ਪੁਨਰ-ਉਥਿਤ ਵਿਅਕਤੀ ਕਦੋਂ ਪੂਰੀ ਤਰ੍ਹਾਂ ਨਾਲ ਜੀਉਣਾ ਆਰੰਭ ਕਰਨਗੇ?

20 ਸੰਪੂਰਣਤਾ! ਇਸ ਦਾ ਕੀ ਅਰਥ ਹੋਵੇਗਾ? ਇਸ ਦਾ ਅਰਥ ਹੋਵੇਗਾ ਦੁਬਾਰਾ ਉਸ ਤਰ੍ਹਾਂ ਦਾ ਜੀਵਨ ਜੀਉਣਾ, ਜਿਸ ਦਾ ਆਦਮ ਅਤੇ ਹੱਵਾਹ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਤੋਂ ਪਹਿਲਾਂ ਆਨੰਦ ਮਾਣਿਆ ਸੀ। ਸਰੀਰਕ, ਮਾਨਸਿਕ, ਭਾਵਾਤਮਕ, ਨੈਤਿਕ, ਅਧਿਆਤਮਿਕ ਤੌਰ ਤੇ—ਹਰੇਕ ਕਲਪਨਾਯੋਗ ਤਰੀਕੇ ਵਿਚ—ਸੰਪੂਰਣ ਮਨੁੱਖ ਪਰਮੇਸ਼ੁਰ ਦਿਆਂ ਮਿਆਰਾਂ ਉੱਤੇ ਪੂਰਨ ਤੌਰ ਤੇ ਪੂਰੇ ਉਤਰਨਗੇ। ਪਰੰਤੂ ਕੀ ਉਦੋਂ ਸਭ ਲੋਕ ਸਮਰੂਪੀ ਹੋਣਗੇ? ਬਿਲਕੁਲ ਨਹੀਂ! ਯਹੋਵਾਹ ਦੀਆਂ ਸ੍ਰਿਸ਼ਟੀਆਂ—ਦਰਖਤ, ਫੁੱਲ, ਪਸ਼ੂ—ਸਭ ਸਾਨੂੰ ਸਿਖਾਉਂਦੀਆਂ ਹਨ ਕਿ ਉਹ ਵੰਨਸੁਵੰਨਤਾ ਪਸੰਦ ਕਰਦਾ ਹੈ। ਸੰਪੂਰਣ ਮਨੁੱਖਾਂ ਦੇ ਭਿੰਨ ਵਿਅਕਤਿੱਤਵ ਅਤੇ ਯੋਗਤਾਵਾਂ ਹੋਣਗੀਆਂ। ਹਰ ਇਕ ਵਿਅਕਤੀ ਜੀਵਨ ਦਾ ਆਨੰਦ ਮਾਣੇਗਾ ਜਿਵੇਂ ਪਰਮੇਸ਼ੁਰ ਦਾ ਮਕਸਦ ਸੀ। ਪਰਕਾਸ਼ ਦੀ ਪੋਥੀ 20:5 ਕਹਿੰਦੀ ਹੈ: “ਬਾਕੀ ਦੇ ਮੁਰਦੇ ਹਜ਼ਾਰ ਵਰ੍ਹੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ।” ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਦੀ ਵੱਡੀ ਭੀੜ ਦੇ ਵਾਂਗ, ਪੁਨਰ-ਉਥਿਤ ਵਿਅਕਤੀ ਪੂਰੀ ਤਰ੍ਹਾਂ ਨਾਲ ਜੀਵਿਤ ਹੋ ਜਾਣਗੇ ਜਦੋਂ ਉਹ ਪਾਪ-ਰਹਿਤ ਸੰਪੂਰਣਤਾ ਤਾਈਂ ਪਹੁੰਚਣਗੇ।

21. (ੳ) ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤੇ ਕੀ ਵਾਪਰੇਗਾ? (ਅ) ਸ਼ਤਾਨ ਅਤੇ ਉਨ੍ਹਾਂ ਸਾਰਿਆਂ ਦਾ ਆਖ਼ਰਕਾਰ ਕੀ ਹੋਵੇਗਾ, ਜੋ ਉਸ ਦਾ ਪੱਖ ਲੈਂਦੇ ਹਨ?

21 ਸੰਪੂਰਣ ਮਨੁੱਖ ਇਕ ਆਖ਼ਰੀ ਪਰੀਖਿਆ ਦਾ ਸਾਮ੍ਹਣਾ ਕਰਨਗੇ। ਹਜ਼ਾਰ ਵਰ੍ਹਿਆਂ ਦੇ ਸਮੇਂ ਦੇ ਅੰਤ ਤੇ, ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਅਥਾਹ ਕੁੰਡ ਵਿੱਚੋਂ ਥੋੜ੍ਹੇ ਸਮੇਂ ਲਈ ਛੱਡਿਆ ਜਾਵੇਗਾ ਅਤੇ ਲੋਕਾਂ ਨੂੰ ਯਹੋਵਾਹ ਤੋਂ ਮੋੜਨ ਲਈ ਇਕ ਆਖ਼ਰੀ ਜਤਨ ਕਰਨ ਦੀ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਕੁਝ ਵਿਅਕਤੀ ਗ਼ਲਤ ਇੱਛਾਵਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਨਾਲੋਂ ਅਗਾਹਾਂ ਰੱਖਣਗੇ, ਪਰੰਤੂ ਇਹ ਬਗਾਵਤ ਜਲਦੀ ਹੀ ਰੋਕੀ ਜਾਵੇਗੀ। ਯਹੋਵਾਹ ਇਨ੍ਹਾਂ ਸਵਾਰਥੀ ਲੋਕਾਂ ਨੂੰ ਸ਼ਤਾਨ ਅਤੇ ਉਸ ਦੇ ਸਾਰੇ ਪਿਸ਼ਾਚਾਂ ਸਹਿਤ ਮਾਰ ਦੇਵੇਗਾ। ਉਦੋਂ ਸਾਰੇ ਅਪਰਾਧੀ ਸਦਾ ਦੇ ਲਈ ਖ਼ਤਮ ਹੋ ਜਾਣਗੇ।—ਪਰਕਾਸ਼ ਦੀ ਪੋਥੀ 20:7-10.

ਤੁਸੀਂ ਕੀ ਕਰੋਗੇ?

22. ਤੁਸੀਂ ਪਰਾਦੀਸ ਵਿਚ ਕੀ ਕਰਨ ਲਈ ਉਤਸੁਕ ਹੋ?

22 ਉਹ ਜੋ ਯਹੋਵਾਹ ਪਰਮੇਸ਼ੁਰ ਦੇ ਨਾਲ ਪ੍ਰੇਮ ਰੱਖਦੇ ਹਨ ਅਤੇ ਪਰਾਦੀਸ ਧਰਤੀ ਵਿਚ ਵਸਦੇ ਹਨ, ਉਨ੍ਹਾਂ ਦੇ ਸਾਮ੍ਹਣੇ ਸਦੀਪਕਾਲ ਹੋਵੇਗਾ। ਅਸੀਂ ਉਨ੍ਹਾਂ ਦੇ ਆਨੰਦ ਦਾ ਮਸਾਂ ਹੀ ਅੰਦਾਜ਼ਾ ਲਗਾ ਸਕਦੇ ਹਾਂ, ਅਤੇ ਤੁਸੀਂ ਵੀ ਇਸ ਵਿਚ ਸਾਂਝਿਆਂ ਹੋ ਸਕਦੇ ਹੋ। ਸੰਗੀਤ, ਕਲਾ, ਕਾਰੀਗਰੀ—ਜੀ ਹਾਂ, ਸੰਪੂਰਣ ਮਨੁੱਖਜਾਤੀ ਦੀਆਂ ਪ੍ਰਾਪਤੀਆਂ ਇਸ ਪੁਰਾਣੇ ਸੰਸਾਰ ਦੇ ਸਰਬ-ਮਹਾਨ ਕਲਾਕਾਰਾਂ ਦਿਆਂ ਸਭ ਤੋਂ ਵਧੀਆ ਕੰਮਾਂ ਨੂੰ ਵੀ ਮਾਤ ਪਾ ਦੇਣਗੀਆਂ। ਆਖ਼ਰਕਾਰ, ਮਨੁੱਖ ਸੰਪੂਰਣ ਹੋਣਗੇ ਅਤੇ ਉਨ੍ਹਾਂ ਦੇ ਸਾਮ੍ਹਣੇ ਬੇਅੰਤ ਸਮਾਂ ਹੋਵੇਗਾ। ਕਲਪਨਾ ਕਰੋ ਕਿ ਇਕ ਸੰਪੂਰਣ ਮਨੁੱਖ ਦੇ ਰੂਪ ਵਿਚ ਤੁਸੀਂ ਕੀ ਕੁਝ ਕਰਨ ਦੇ ਯੋਗ ਹੋਵੋਗੇ। ਇਸ ਬਾਰੇ ਵੀ ਸੋਚੋ ਕਿ ਤੁਸੀਂ ਅਤੇ ਸੰਗੀ ਮਨੁੱਖ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਕੀ ਕੁਝ ਸਿੱਖੋਗੇ—ਵਿਸ਼ਵ-ਮੰਡਲ ਵਿਚ ਅਰਬਾਂ ਹੀ ਰਤਨ-ਮੰਡਲਾਂ ਤੋਂ ਲੈ ਕੇ ਸਭ ਤੋਂ ਿਨੱਕੇ ਉਪ-ਐਟਮੀ ਕਣ ਤਕ। ਹਰ ਇਕ ਕੰਮ ਜਿਸ ਨੂੰ ਮਨੁੱਖਜਾਤੀ ਨੇਪਰੇ ਚਾੜ੍ਹੇਗੀ, ਸਾਡੇ ਪ੍ਰੇਮਮਈ ਸਵਰਗੀ ਪਿਤਾ ਯਹੋਵਾਹ ਦੇ ਦਿਲ ਨੂੰ ਹੋਰ ਵੀ ਆਨੰਦਿਤ ਕਰੇਗਾ।—ਜ਼ਬੂਰ 150:1-6.

23. ਪਰਾਦੀਸ ਵਿਚ ਜੀਵਨ ਕਦੇ ਵੀ ਉਕਤਾਊ ਕਿਉਂ ਨਹੀਂ ਹੋਵੇਗਾ?

23 ਉਦੋਂ ਜੀਵਨ ਉਕਤਾਊ ਨਹੀਂ ਹੋਵੇਗਾ। ਸਮਾਂ ਬੀਤਣ ਦੇ ਨਾਲ-ਨਾਲ ਉਹ ਹੋਰ ਵੀ ਜ਼ਿਆਦਾ ਦਿਲਚਸਪ ਹੁੰਦਾ ਜਾਵੇਗਾ। ਜਿਵੇਂ ਕਿ ਤੁਹਾਨੂੰ ਪਤਾ ਹੈ, ਪਰਮੇਸ਼ੁਰ ਦੇ ਗਿਆਨ ਦਾ ਕੋਈ ਅੰਤ ਨਹੀਂ ਹੈ। (ਰੋਮੀਆਂ 11:33) ਸਦੀਪਕਾਲ ਦੇ ਦੌਰਾਨ, ਹਮੇਸ਼ਾ ਹੀ ਹੋਰ ਸਿੱਖਣ ਅਤੇ ਖੋਜ ਕਰਨ ਲਈ ਨਵੇਂ ਖੇਤਰ ਹੋਣਗੇ। (ਉਪਦੇਸ਼ਕ ਦੀ ਪੋਥੀ 3:11) ਅਤੇ ਜਿਉਂ ਹੀ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਣਾ ਜਾਰੀ ਰੱਖਦੇ ਹੋ, ਤੁਸੀਂ ਜੀਉਂਦੇ ਰਹੋਗੇ—ਕੁਝ ਹੀ ਸਾਲਾਂ ਲਈ ਨਹੀਂ ਪਰੰਤੂ ਸਦਾ ਦੇ ਲਈ!—ਜ਼ਬੂਰ 22:26.

24, 25. ਤੁਹਾਨੂੰ ਹੁਣ ਪਰਮੇਸ਼ੁਰ ਦੇ ਗਿਆਨ ਦੇ ਅਨੁਸਾਰ ਕਿਉਂ ਜੀਵਨ ਬਤੀਤ ਕਰਨਾ ਚਾਹੀਦਾ ਹੈ?

24 ਕੀ ਪਰਾਦੀਸ ਧਰਤੀ ਉੱਤੇ ਇਕ ਆਨੰਦਮਈ ਭਵਿੱਖ ਤੁਹਾਡੇ ਕਿਸੇ ਵੀ ਜਤਨ ਜਾਂ ਬਲੀਦਾਨ ਦੇ ਯੋਗ ਨਹੀਂ ਹੈ? ਨਿਸ਼ਚੇ ਹੀ ਇਹ ਇਸ ਯੋਗ ਹੈ! ਖ਼ੈਰ, ਯਹੋਵਾਹ ਨੇ ਤੁਹਾਨੂੰ ਉਸ ਸ਼ਾਨਦਾਰ ਭਵਿੱਖ ਦੀ ਕੁੰਜੀ ਪੇਸ਼ ਕੀਤੀ ਹੈ। ਉਹ ਕੁੰਜੀ ਪਰਮੇਸ਼ੁਰ ਦਾ ਗਿਆਨ ਹੈ। ਕੀ ਤੁਸੀਂ ਉਸ ਨੂੰ ਇਸਤੇਮਾਲ ਕਰੋਗੇ?

25 ਜੇਕਰ ਤੁਸੀਂ ਯਹੋਵਾਹ ਨਾਲ ਪ੍ਰੇਮ ਰੱਖਦੇ ਹੋ, ਤਾਂ ਤੁਸੀਂ ਉਸ ਦੀ ਇੱਛਾ ਪੂਰੀ ਕਰਨ ਵਿਚ ਆਨੰਦ ਪਾਓਗੇ। (1 ਯੂਹੰਨਾ 5:3) ਜਿਉਂ ਹੀ ਤੁਸੀਂ ਉਸ ਮਾਰਗ ਉੱਤੇ ਚੱਲਦੇ ਹੋ, ਤੁਸੀਂ ਕੀ ਹੀ ਬਰਕਤਾਂ ਅਨੁਭਵ ਕਰੋਗੇ! ਜੇਕਰ ਤੁਸੀਂ ਪਰਮੇਸ਼ੁਰ ਦੇ ਗਿਆਨ ਨੂੰ ਲਾਗੂ ਕਰੋ, ਤਾਂ ਇਹ ਇਸ ਦੁਖੀ ਸੰਸਾਰ ਵਿਚ ਵੀ ਤੁਹਾਡਾ ਜੀਵਨ ਜ਼ਿਆਦਾ ਸੁਖੀ ਬਣਾ ਸਕਦਾ ਹੈ। ਅਤੇ ਭਾਵੀ ਪ੍ਰਤਿਫਲ ਵਿਸ਼ਾਲ ਹਨ, ਕਿਉਂਕਿ ਇਹ ਉਹ ਗਿਆਨ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ! ਤੁਹਾਡੇ ਲਈ ਕਦਮ ਚੁੱਕਣ ਦਾ ਅਨੁਕੂਲ ਸਮਾਂ ਹੁਣ ਹੈ। ਪਰਮੇਸ਼ੁਰ ਦੇ ਗਿਆਨ ਦੇ ਅਨੁਸਾਰ ਜੀਵਨ ਬਤੀਤ ਕਰਨ ਲਈ ਦ੍ਰਿੜ੍ਹ ਰਹੋ। ਯਹੋਵਾਹ ਲਈ ਆਪਣਾ ਪ੍ਰੇਮ ਪ੍ਰਦਰਸ਼ਿਤ ਕਰੋ। ਉਸ ਦੇ ਪਵਿੱਤਰ ਨਾਂ ਨੂੰ ਸਨਮਾਨਿਤ ਕਰੋ ਅਤੇ ਸ਼ਤਾਨ ਨੂੰ ਇਕ ਝੂਠਾ ਸਾਬਤ ਕਰੋ। ਕ੍ਰਮਵਾਰ, ਸੱਚੀ ਬੁੱਧ ਅਤੇ ਗਿਆਨ ਦਾ ਸ੍ਰੋਤ, ਯਹੋਵਾਹ ਪਰਮੇਸ਼ੁਰ ਆਪਣੇ ਮਹਾਨ ਅਤੇ ਪ੍ਰੇਮਮਈ ਦਿਲ ਵਿਚ ਤੁਹਾਡੇ ਉੱਤੇ ਆਨੰਦਿਤ ਹੋਵੇਗਾ। (ਯਿਰਮਿਯਾਹ 31:3; ਸਫ਼ਨਯਾਹ 3:17) ਅਤੇ ਉਹ ਤੁਹਾਨੂੰ ਸਦਾ ਦੇ ਲਈ ਪ੍ਰੇਮ ਕਰੇਗਾ!

ਆਪਣੇ ਗਿਆਨ ਨੂੰ ਪਰਖੋ

“ਅਸਲ ਜੀਵਨ” ਕੀ ਹੈ?

ਆਰਮਾਗੇਡਨ ਤੋਂ ਬਾਅਦ, ਧਰਤੀ ਉੱਤੇ ਕੀ ਵਾਪਰੇਗਾ?

ਧਰਤੀ ਉੱਤੇ ਕੌਣ ਪੁਨਰ-ਉਥਿਤ ਕੀਤੇ ਜਾਣਗੇ?

ਮਨੁੱਖਜਾਤੀ ਕਿਵੇਂ ਸੰਪੂਰਣ ਬਣੇਗੀ ਅਤੇ ਆਖ਼ਰਕਾਰ ਪਰਖੀ ਜਾਵੇਗੀ?

ਪਰਾਦੀਸ ਦੇ ਸੰਬੰਧ ਵਿਚ ਤੁਹਾਡੀ ਕੀ ਉਮੀਦ ਹੈ?

[ਸਫ਼ੇ 188, 189 ਉੱਤੇ ਤਸਵੀਰ]

ਕੀ ਤੁਸੀਂ ਪਰਾਦੀਸ ਵਿਚ ਜੀਉਣ ਦੀ ਉਮੀਦ ਰੱਖਦੇ ਹੋ, ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦਿੰਦਾ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ