ਇਕ ਮਲਾਹ ਤੋਂ ਸਬਕ ਸਿੱਖਣਾ
ਇਕੱਲੇ ਹੀ ਸਮੁੰਦਰੀ ਸਫ਼ਰ ਕਰਨਾ ਬਹੁਤ ਹੀ ਔਖਾ ਹੋ ਸਕਦਾ ਹੈ। ਥਕਾਵਟ ਦੇ ਕਾਰਨ ਮਲਾਹ ਬਹੁਤ ਆਸਾਨੀ ਨਾਲ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਸਕਦਾ ਹੈ ਕਿਉਂਕਿ ਥਕਾਵਟ ਕਾਰਨ ਉਹ ਗ਼ਲਤ ਫ਼ੈਸਲੇ ਕਰ ਸਕਦਾ ਹੈ। ਇਸ ਲਈ, ਉਸ ਨੂੰ ਪਤਾ ਹੈ ਕਿ ਕਿਸ਼ਤੀ ਦਾ ਲੰਗਰ ਕਿੰਨੀ ਜ਼ਰੂਰੀ ਚੀਜ਼ ਹੈ। ਲੰਗਰ ਕਿਸ਼ਤੀ ਨੂੰ ਰੁੜ੍ਹਨ ਤੋਂ ਰੋਕਦਾ ਹੈ ਅਤੇ ਥੱਕੇ ਹੋਏ ਮਲਾਹ ਨੂੰ ਆਰਾਮ ਕਰਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ-ਨਾਲ, ਲੰਗਰ ਕਿਸ਼ਤੀ ਦੇ ਅਗਲੇ ਸਿਰੇ ਨੂੰ ਹਵਾ ਅਤੇ ਲਹਿਰਾਂ ਦੇ ਵੱਲ ਕਰ ਦਿੰਦਾ ਹੈ ਅਤੇ ਇਸ ਕਰਕੇ ਕਿਸ਼ਤੀ ਇੱਕੋ ਜਗ੍ਹਾ ਤੇ ਖੜ੍ਹੀ ਰਹਿੰਦੀ ਹੈ।
ਜਿਸ ਤਰ੍ਹਾਂ ਮਲਾਹ ਸਮੁੰਦਰੀ ਸਫ਼ਰ ਕਰਦੇ ਹੋਏ ਕਈਆਂ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਹਨ, ਉਸੇ ਤਰ੍ਹਾਂ ਮਸੀਹੀ ਵੀ ਇਸ ਸੰਸਾਰ ਤੋਂ ਲਗਾਤਾਰ ਦਬਾਵਾਂ ਦਾ ਸਾਮ੍ਹਣਾ ਕਰਦੇ ਹਨ। ਮਸੀਹੀ ਵੀ ਕਦੀ-ਕਦੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਇਕ ਵਾਰ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਸਲਾਹ ਦਿੱਤੀ ਸੀ ਕਿ “ਤੁਸੀਂ ਆਪ ਉਜਾੜ ਥਾਂ ਅਲੱਗ ਚੱਲੇ ਚੱਲੋ ਅਤੇ ਰਤੀ ਕੁ ਸਸਤਾਓ।” (ਮਰਕੁਸ 6:31) ਅੱਜ, ਕਈ ਲੋਕ ਸ਼ਾਇਦ ਆਪਣੇ ਪਰਿਵਾਰਾਂ ਨਾਲ ਕੁਝ ਹਫ਼ਤਿਆਂ ਲਈ ਛੁੱਟੀਆਂ ਮਨਾਉਣ ਜਾਣ ਜਾਂ ਸ਼ਾਇਦ ਸਿਨੱਚਰਵਾਰ ਅਤੇ ਐਤਵਾਰ ਨੂੰ ਆਰਾਮ ਕਰਨ ਲਈ ਕਿਤੇ ਜਾਣ। ਇਹ ਸਮੇਂ ਸਾਨੂੰ ਤਾਜ਼ਗੀ ਦੇ ਸਕਦੇ ਹਨ। ਲੇਕਿਨ ਅਸੀਂ ਕਿਸ ਤਰ੍ਹਾਂ ਨਿਸ਼ਚਿਤ ਕਰ ਸਕਦੇ ਹਾਂ ਕਿ ਅਜਿਹੇ ਸਮਿਆਂ ਤੇ ਅਸੀਂ ਰੂਹਾਨੀ ਤੌਰ ਤੇ ਸੁਰੱਖਿਅਤ ਰਹਾਂਗੇ? ਰੂਹਾਨੀ ਸਮਝ ਅਨੁਸਾਰ ਸਾਡਾ ਲੰਗਰ ਕੀ ਹੈ ਜੋ ਕਿ ਸਾਨੂੰ ਇਕ ਜਗ੍ਹਾ ਤੇ ਖੜ੍ਹੇ ਰਹਿਣ ਅਤੇ ਰੁੜ੍ਹਨ ਤੋਂ ਰੋਕਣ ਵਿਚ ਮਦਦ ਕਰੇਗਾ?
ਯਹੋਵਾਹ ਨੇ ਸਾਨੂੰ ਇਕ ਪ੍ਰੇਮਪੂਰਣ ਤੋਹਫ਼ਾ ਦਿੱਤਾ ਹੈ। ਇਹ ਉਸ ਦਾ ਪਵਿੱਤਰ ਬਚਨ, ਬਾਈਬਲ ਹੈ। ਇਸ ਨੂੰ ਹਰ ਰੋਜ਼ ਪੜ੍ਹ ਕੇ ਅਸੀਂ ਕਦੀ ਵੀ ਯਹੋਵਾਹ ਤੋਂ ਦੂਰ ਨਹੀਂ ਹੋਵਾਂਗੇ। ਇਸ ਦੀ ਸਲਾਹ ਸਾਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਾਨੂੰ ਸ਼ਤਾਨ ਅਤੇ ਉਸ ਦੇ ਸੰਸਾਰ ਦੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਦਿੰਦੀ ਹੈ। ਜੇ ਅਸੀਂ ਰੋਜ਼ ਬਾਈਬਲ ਪੜ੍ਹਾਂਗੇ, ਤਾਂ ਇਹ ਸਾਡੇ ਲਈ ਇਕ ਰੂਹਾਨੀ ਲੰਗਰ ਸਾਬਤ ਹੋਵੇਗਾ।—ਯਹੋਸ਼ੁਆ 1:7, 8; ਕੁਲੁੱਸੀਆਂ 2:7.
ਜ਼ਬੂਰਾਂ ਦਾ ਲਿਖਾਰੀ ਸਾਨੂੰ ਯਾਦ ਦਿਲਾਉਂਦਾ ਹੈ ਕਿ “ਧੰਨ ਹੈ ਉਹ ਮਨੁੱਖ ਜਿਹੜਾ . . . ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” (ਜ਼ਬੂਰ 1:1, 2) ਪਰਮੇਸ਼ੁਰ ਦੇ ਬਚਨ ਨੂੰ ਹਰ ਰੋਜ਼ ਪੜ੍ਹਨ ਦੁਆਰਾ ਸਾਨੂੰ ਤਾਜ਼ਗੀ ਮਿਲੇਗੀ ਅਤੇ ਅਸੀਂ ਮਸੀਹੀ ਰਾਹ ਉੱਤੇ ਚੱਲਦੇ ਰਹਿਣ ਲਈ ਤਿਆਰ ਹੋਵਾਂਗੇ।