-
ਬਾਕਾਇਦਾ ਰਸਾਲੇ ਦੇ ਕੇ ਲੋਕਾਂ ਦੀ ਦਿਲਚਸਪੀ ਵਧਾਓਰਾਜ ਸੇਵਕਾਈ—2005 | ਮਈ
-
-
ਬਾਕਾਇਦਾ ਰਸਾਲੇ ਦੇ ਕੇ ਲੋਕਾਂ ਦੀ ਦਿਲਚਸਪੀ ਵਧਾਓ
1. ਬਾਕਾਇਦਾ ਰਸਾਲੇ ਦੇ ਕੇ ਅਸੀਂ ਕਿਸੇ ਵਿਅਕਤੀ ਦੀ ਦਿਲਚਸਪੀ ਕਿਵੇਂ ਵਧਾ ਸਕਦੇ ਹਾਂ?
1 ਸੇਵਕਾਈ ਵਿਚ ਬਹੁਤ ਸਾਰੇ ਲੋਕ ਸਾਡੀ ਗੱਲ ਸੁਣ ਕੇ ਖ਼ੁਸ਼ੀ-ਖ਼ੁਸ਼ੀ ਸਾਡਾ ਸਾਹਿੱਤ ਲੈਂਦੇ ਹਨ, ਪਰ ਉਹ ਬਾਈਬਲ ਦੀ ਬਾਕਾਇਦਾ ਸਟੱਡੀ ਕਰਨ ਤੋਂ ਹਿਚਕਿਚਾਉਂਦੇ ਹਨ। ਉਨ੍ਹਾਂ ਦੀ ਦਿਲਚਸਪੀ ਵਧਾਉਣ ਦਾ ਇਕ ਤਰੀਕਾ ਹੈ ਉਨ੍ਹਾਂ ਨੂੰ ਬਾਕਾਇਦਾ ਰਸਾਲੇ ਦਿੰਦੇ ਰਹਿਣਾ। ਰਸਾਲੇ ਲੈਣ ਵਾਲੇ ਹਰ ਵਿਅਕਤੀ ਦਾ ਨਾਂ ਤੇ ਪਤਾ ਲਿਖ ਲਓ। ਤੁਸੀਂ ਉਸ ਨੂੰ ਕਿਸ ਤਾਰੀਖ਼ ਨੂੰ ਮਿਲਣ ਗਏ ਸੀ, ਉਸ ਨੂੰ ਕਿਹੜਾ ਅੰਕ ਦਿੱਤਾ ਸੀ, ਕਿਹੜੀ ਆਇਤ ਤੇ ਚਰਚਾ ਕੀਤੀ ਸੀ ਤੇ ਇੱਦਾਂ ਦੀ ਕੋਈ ਗੱਲ ਲਿਖ ਲਓ ਜਿਸ ਤੋਂ ਉਸ ਵਿਅਕਤੀ ਦੀ ਦਿਲਚਸਪੀ ਜ਼ਾਹਰ ਹੁੰਦੀ ਹੋਵੇ। ਰਸਾਲਿਆਂ ਦੇ ਨਵੇਂ ਅੰਕ ਮਿਲਦਿਆਂ ਸਾਰ ਹੀ ਉਨ੍ਹਾਂ ਵਿੱਚੋਂ ਅਜਿਹੇ ਨੁਕਤੇ ਲੱਭੋ ਜੋ ਤੁਹਾਡੇ ਤੋਂ ਰਸਾਲੇ ਲੈਣ ਵਾਲਿਆਂ ਨੂੰ ਪਸੰਦ ਆਉਣਗੇ ਤੇ ਫਿਰ ਮਿਲਣ ਸਮੇਂ ਉਨ੍ਹਾਂ ਨੂੰ ਇਹ ਨੁਕਤੇ ਦਿਖਾਓ। (1 ਕੁਰਿੰ. 9:19-23) ਹੋ ਸਕਦਾ ਸਾਡੇ ਰਸਾਲਿਆਂ ਵਿੱਚੋਂ ਕੋਈ ਗੱਲ ਉਨ੍ਹਾਂ ਦੇ ਦਿਲ ਨੂੰ ਟੁੰਬ ਲਵੇ ਤੇ ਉਹ ਜ਼ਿਆਦਾ ਸਿੱਖਣ ਲਈ ਤਿਆਰ ਹੋ ਜਾਣ।
2. ਲੋਕਾਂ ਲਈ ਹੁਣ ਯਹੋਵਾਹ ਨੂੰ ਭਾਲਣਾ ਜ਼ਰੂਰੀ ਕਿਉਂ ਹੈ ਅਤੇ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਹੋਰ ਕੀ ਕਰ ਸਕਦੇ ਹਾਂ?
2 ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਲੋਕ ਸਿਰਫ਼ ਰਸਾਲੇ ਪੜ੍ਹ ਕੇ ਹੀ ਯਹੋਵਾਹ ਦੀ ਭਗਤੀ ਨਹੀਂ ਕਰਨ ਲੱਗ ਪੈਣਗੇ। ਉਨ੍ਹਾਂ ਲਈ ਹੁਣ ਯਹੋਵਾਹ ਨੂੰ ਭਾਲਣਾ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਹੋਰ ਕੀ ਕਰ ਸਕਦੇ ਹਾਂ? (ਸਫ਼. 2:2, 3; ਪਰ. 14:6, 7) ਹਰ ਵਾਰੀ ਰਸਾਲੇ ਦੇਣ ਸਮੇਂ ਅਸੀਂ ਕੋਈ ਧਿਆਨ ਨਾਲ ਚੁਣੀ ਆਇਤ ਉਨ੍ਹਾਂ ਨੂੰ ਪੜ੍ਹ ਕੇ ਸੁਣਾ ਸਕਦੇ ਹਾਂ।
3. (ੳ) ਅਸੀਂ ਕਿਸੇ ਇਕ ਆਇਤ ਉੱਤੇ ਗੱਲ ਕਰਨ ਦੀ ਤਿਆਰੀ ਕਿਵੇਂ ਕਰ ਸਕਦੇ ਹਾਂ? (ਅ) ਤੁਹਾਡੇ ਇਲਾਕੇ ਵਿਚ ਲੋਕ ਕਿਨ੍ਹਾਂ ਵਿਸ਼ਿਆਂ ਤੇ ਗੱਲ ਕਰਨੀ ਜ਼ਿਆਦਾ ਪਸੰਦ ਕਰਦੇ ਹਨ?
3 ਇਕ ਆਇਤ ਤੇ ਚਰਚਾ: ਬਾਕਾਇਦਾ ਰਸਾਲੇ ਲੈਣ ਵਾਲੇ ਲੋਕਾਂ ਬਾਰੇ ਸੋਚੋ ਅਤੇ ਹਰ ਇਕ ਦੀਆਂ ਖ਼ਾਸ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਇਕ ਖ਼ਾਸ ਆਇਤ ਉੱਤੇ ਚਰਚਾ ਕਰਨ ਦੀ ਤਿਆਰੀ ਕਰੋ। (ਫ਼ਿਲਿ. 2:4) ਮਿਸਾਲ ਲਈ, ਜੇ ਕਿਸੇ ਦਾ ਅਜ਼ੀਜ਼ ਗੁਜ਼ਰ ਗਿਆ ਹੈ, ਤਾਂ ਤੁਸੀਂ ਉਸ ਵਿਅਕਤੀ ਨੂੰ ਅਗਲੀਆਂ ਕਈ ਮੁਲਾਕਾਤਾਂ ਦੌਰਾਨ ਇਕ-ਇਕ ਆਇਤ ਦਿਖਾ ਕੇ ਸਮਝਾ ਸਕਦੇ ਹੋ ਕਿ ਬਾਈਬਲ ਮਰੇ ਲੋਕਾਂ ਦੀ ਹਾਲਤ ਬਾਰੇ ਅਤੇ ਉਨ੍ਹਾਂ ਦੇ ਮੁੜ ਜੀ ਉੱਠਣ ਦੀ ਉਮੀਦ ਬਾਰੇ ਕੀ ਕਹਿੰਦੀ ਹੈ। ਤੁਸੀਂ ਬਾਈਬਲ ਦੇ ਵਿਸ਼ੇ ਸਮਝਣੇ ਪੁਸਤਿਕਾ ਵਿਚ ਮੁੱਖ ਵਿਸ਼ਿਆਂ “ਮੌਤ” ਅਤੇ “ਮਰੇ ਹੋਇਆਂ ਦਾ ਜੀ ਉੱਠਣਾ” ਹੇਠਾਂ ਦਿੱਤੀ ਜਾਣਕਾਰੀ ਵਰਤ ਕੇ ਕਿਸੇ ਇਕ ਆਇਤ ਉੱਤੇ ਗੱਲ ਕਰਨ ਦੀ ਤਿਆਰੀ ਕਰ ਸਕਦੇ ਹੋ। ਇਨ੍ਹਾਂ ਵਿਸ਼ਿਆਂ ਨਾਲ ਸੰਬੰਧਿਤ ਹੋਰ ਵਿਸ਼ਿਆਂ ਉੱਤੇ ਆਪਣੇ ਆਪ ਗੱਲ ਤੁਰ ਪਵੇਗੀ ਜਿਵੇਂ ਬੀਮਾਰੀ, ਬੁਢਾਪਾ ਅਤੇ ਮੌਤ ਨੂੰ ਕਿਵੇਂ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਉਸ ਵਿਅਕਤੀ ਦਾ ਮਨ-ਪਸੰਦ ਵਿਸ਼ਾ ਚੁਣੀਏ ਤੇ ਉਸ ਨੂੰ ਦਿਖਾਉਂਦੇ ਰਹੀਏ ਕਿ ਬਾਈਬਲ ਇਸ ਬਾਰੇ ਕੀ ਦੱਸਦੀ ਹੈ।
4. ਕਿਸੇ ਆਇਤ ਨੂੰ ਸਮਝਾਉਣਾ ਕਿਉਂ ਜ਼ਰੂਰੀ ਹੈ ਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?
4 ਆਇਤਾਂ ਸਮਝਾਓ: ਆਮ ਤੌਰ ਤੇ ਆਇਤ ਉੱਤੇ ਆਸਾਨ ਤੇ ਥੋੜ੍ਹੇ ਸ਼ਬਦਾਂ ਵਿਚ ਚਰਚਾ ਕਰਨੀ ਬਿਹਤਰ ਰਹਿੰਦੀ ਹੈ। ਪਰ ਸਿਰਫ਼ ਆਇਤ ਪੜ੍ਹਨੀ ਹੀ ਕਾਫ਼ੀ ਨਹੀਂ ਹੈ। ਸ਼ਤਾਨ ਨੇ ਲੋਕਾਂ ਦੀਆਂ ਬੁੱਧਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ ਤਾਂਕਿ ਉਹ ਖ਼ੁਸ਼ ਖ਼ਬਰੀ ਨੂੰ ਸਮਝ ਨਾ ਸਕਣ। (2 ਕੁਰਿੰ. 4:3, 4) ਬਾਈਬਲ ਪੜ੍ਹਨ ਵਾਲੇ ਲੋਕਾਂ ਨੂੰ ਵੀ ਅਕਸਰ ਇਸ ਨੂੰ ਸਮਝਣ ਵਿਚ ਮਦਦ ਦੀ ਲੋੜ ਹੁੰਦੀ ਹੈ। (ਰਸੂ. 8:30, 31) ਇਸ ਲਈ, ਆਇਤ ਨੂੰ ਉਦਾਹਰਣ ਦੇ ਕੇ ਚੰਗੀ ਤਰ੍ਹਾਂ ਸਮਝਾਓ ਜਿਵੇਂ ਤੁਸੀਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਭਾਸ਼ਣ ਦਿੰਦੇ ਸਮੇਂ ਕਿਸੇ ਆਇਤ ਨੂੰ ਸਮਝਾਉਂਦੇ ਹੋ। (ਰਸੂ. 17:3) ਉਸ ਵਿਅਕਤੀ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਬਚਨ ਨੂੰ ਜ਼ਿੰਦਗੀ ਵਿਚ ਲਾਗੂ ਕਰ ਕੇ ਉਸ ਨੂੰ ਕੀ ਫ਼ਾਇਦਾ ਹੋ ਸਕਦਾ ਹੈ।
5. ਰਸਾਲੇ ਦਿੰਦੇ ਰਹਿਣ ਨਾਲ ਕਿਵੇਂ ਬਾਈਬਲ ਸਟੱਡੀ ਸ਼ੁਰੂ ਹੋ ਸਕਦੀ ਹੈ?
5 ਜੇ ਵਿਅਕਤੀ ਖ਼ੁਸ਼ੀ-ਖ਼ੁਸ਼ੀ ਬਾਈਬਲ ਦੀਆਂ ਗੱਲਾਂ ਨੂੰ ਸਿੱਖ ਰਿਹਾ ਹੈ, ਤਾਂ ਤੁਸੀਂ ਕੁਝ ਸਮੇਂ ਬਾਅਦ ਉਸ ਨਾਲ ਦੋ ਜਾਂ ਤਿੰਨ ਆਇਤਾਂ ਤੇ ਚਰਚਾ ਕਰ ਸਕਦੇ ਹੋ। ਮੌਕਾ ਮਿਲਦੇ ਹੀ ਉਸ ਨੂੰ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਪੇਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਉਸ ਵਿਅਕਤੀ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਸਕਦੀ ਹੈ।
-
-
ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏਰਾਜ ਸੇਵਕਾਈ—2005 | ਮਈ
-
-
ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਮਈ
“ਕੀ ਤੁਹਾਡੇ ਖ਼ਿਆਲ ਵਿਚ ਇਸ ਦੁਨੀਆਂ ਵਿੱਚੋਂ ਕਦੇ ਗ਼ਰੀਬੀ ਖ਼ਤਮ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਦੇਖੋ ਇਸ ਆਇਤ ਵਿਚ ਪਰਮੇਸ਼ੁਰ ਕੀ ਵਾਅਦਾ ਕਰਦਾ ਹੈ। [ਯਸਾਯਾਹ 65:21 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਪਰਮੇਸ਼ੁਰ ਇਹ ਵਾਅਦਾ ਕਿਵੇਂ ਪੂਰਾ ਕਰੇਗਾ।” ਘਰ-ਸੁਆਮੀ ਨੂੰ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਉਸ ਨੂੰ ਦੱਸੋਗੇ ਕਿ ਇਹ ਵਾਅਦਾ ਕਦੋਂ ਪੂਰਾ ਹੋਵੇਗਾ।
ਜਾਗਰੂਕ ਬਣੋ! ਅਪ੍ਰੈ.-ਜੂਨ
“ਤੁਹਾਡੇ ਖ਼ਿਆਲ ਵਿਚ ਕੀ ਅੱਜ ਪਤਨੀਆਂ ਅਤੇ ਮਾਵਾਂ ਨੂੰ ਉਹ ਆਦਰ ਮਿਲ ਰਿਹਾ ਹੈ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ? [ਜਵਾਬ ਲਈ ਸਮਾਂ ਦਿਓ ਤੇ ਫਿਰ ਅਫ਼ਸੀਆਂ 6:2 ਪੜ੍ਹੋ।] ਇਹ ਲੇਖ ਦੱਸਦੇ ਹਨ ਕਿ ਸਾਨੂੰ ਉਨ੍ਹਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ।”
ਪਹਿਰਾਬੁਰਜ 1 ਜੂਨ
“ਤਕਰੀਬਨ ਹਰ ਵਿਅਕਤੀ ਸ਼ਾਂਤੀ ਦੀਆਂ ਗੱਲਾਂ ਕਰਦਾ ਹੈ, ਪਰ ਅਜੇ ਤਕ ਲੋਕਾਂ ਵਿਚ ਏਕਤਾ ਨਹੀਂ ਹੋਈ। ਤੁਹਾਡੇ ਖ਼ਿਆਲ ਵਿਚ ਕੀ ਕਦੇ ਹਕੀਕਤ ਵਿਚ ਸ਼ਾਂਤੀ ਪੈਦਾ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਇਕ ਅਜਿਹੀ ਸਰਕਾਰ ਬਾਰੇ ਦੱਸਦਾ ਹੈ ਜੋ ਦੁਨੀਆਂ ਨੂੰ ਇਕ ਕਰ ਸਕਦੀ ਹੈ।” ਜ਼ਬੂਰਾਂ ਦੀ ਪੋਥੀ 72:7, 8 ਪੜ੍ਹੋ ਅਤੇ ਕਹੋ ਕਿ ਅਗਲੀ ਵਾਰ ਆ ਕੇ ਤੁਸੀਂ ਦੱਸੋਗੇ ਕਿ ਇਹ ਕਿਵੇਂ ਹੋਵੇਗਾ।
ਜਾਗਰੂਕ ਬਣੋ! ਅਪ੍ਰੈ.-ਜੂਨ
“ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੋਨਾਂ ਦਾ ਆਦਰ ਕਰਨ ਦਾ ਹੁਕਮ ਦਿੱਤਾ ਸੀ। [ਕੂਚ 20:12 ਪੜ੍ਹੋ।] ਤੁਹਾਡੇ ਖ਼ਿਆਲ ਵਿਚ ਕੀ ਅੱਜ ਮਾਵਾਂ ਦਾ ਆਦਰ ਕੀਤਾ ਜਾ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਵੱਖੋ-ਵੱਖਰੇ ਦੇਸ਼ਾਂ ਵਿਚ ਮਾਵਾਂ ਨੂੰ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ ਤੇ ਉਹ ਇਨ੍ਹਾਂ ਨਾਲ ਕਿਵੇਂ ਸਿੱਝ ਰਹੀਆਂ ਹਨ।”
-