ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਾਈਬਲ ਸਿਖਾਉਂਦੀ ਹੈ ਕਿਤਾਬ ਵਿੱਚੋਂ ਸਟੱਡੀਆਂ ਕਿਵੇਂ ਸ਼ੁਰੂ ਕਰਾਈਏ?
    ਰਾਜ ਸੇਵਕਾਈ—2006 | ਜਨਵਰੀ
    • ਬਾਈਬਲ ਸਿਖਾਉਂਦੀ ਹੈ ਕਿਤਾਬ ਵਿੱਚੋਂ ਸਟੱਡੀਆਂ ਕਿਵੇਂ ਸ਼ੁਰੂ ਕਰਾਈਏ?

      ਸਾਡੇ ਵਿੱਚੋਂ ਕਈ ਬਾਈਬਲ ਸਟੱਡੀ ਕਰਾਉਣੀ ਚਾਹੁੰਦੇ ਹਨ, ਪਰ ਉਹ ਸਟੱਡੀਆਂ ਸ਼ੁਰੂ ਕਰਨ ਵਿਚ ਸਫ਼ਲ ਨਹੀਂ ਹੁੰਦੇ ਹਨ। ਇਸ ਉਦੇਸ਼ ਨੂੰ ਪੂਰਾ ਕਰਨ ਵਿਚ ਨਵੀਂ ਕਿਤਾਬ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? (ਹਿੰਦੀ) ਸਾਡੀ ਮਦਦ ਕਰ ਸਕਦੀ ਹੈ। ਸਫ਼ੇ 3-7 ਉੱਤੇ ਦਿੱਤਾ ਮੁਖਬੰਧ ਘਰ-ਸੁਆਮੀ ਨਾਲ ਬਾਈਬਲ ਬਾਰੇ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਸੇਵਕਾਈ ਵਿਚ ਜ਼ਿਆਦਾ ਤਜਰਬਾ ਨਹੀਂ ਹੈ, ਉਨ੍ਹਾਂ ਨੂੰ ਵੀ ਇਸ ਕਿਤਾਬ ਦੀ ਮਦਦ ਨਾਲ ਸਟੱਡੀਆਂ ਸ਼ੁਰੂ ਕਰਨੀਆਂ ਸੌਖੀਆਂ ਲੱਗਣਗੀਆਂ।

      ◼ ਸਫ਼ਾ 3 ਨੂੰ ਵਰਤ ਕੇ ਤੁਸੀਂ ਇਹ ਤਰੀਕਾ ਇਸਤੇਮਾਲ ਕਰ ਸਕਦੇ ਹੋ:

      ਆਪਣੇ ਇਲਾਕੇ ਦੇ ਲੋਕਾਂ ਦੀ ਜਾਣਕਾਰੀ ਅਨੁਸਾਰ ਕਿਸੇ ਖ਼ਬਰ ਜਾਂ ਸਮੱਸਿਆ ਦਾ ਜ਼ਿਕਰ ਕਰੋ। ਫਿਰ ਘਰ-ਸੁਆਮੀ ਦਾ ਧਿਆਨ ਸਫ਼ਾ 3 ਉੱਤੇ ਮੋਟੇ ਅੱਖਰਾਂ ਵਿਚ ਦਿੱਤੇ ਸਵਾਲਾਂ ਵੱਲ ਖਿੱਚੋ ਤੇ ਉਸ ਦੀ ਰਾਇ ਪੁੱਛੋ। ਫਿਰ ਸਫ਼ੇ 4-5 ਖੋਲ੍ਹੋ।

      ◼ ਜਾਂ ਤੁਸੀਂ ਸ਼ਾਇਦ ਸਫ਼ੇ 4-5 ਤੋਂ ਗੱਲ ਸ਼ੁਰੂ ਕਰਨੀ ਚਾਹੋ:

      ਤੁਸੀਂ ਕਹਿ ਸਕਦੇ ਹੋ, “ਕੀ ਇਹ ਵਧੀਆ ਗੱਲ ਨਹੀਂ ਹੋਵੇਗੀ ਜੇ ਇਨ੍ਹਾਂ ਤਸਵੀਰਾਂ ਵਿਚ ਦੱਸੀਆਂ ਤਬਦੀਲੀਆਂ ਹਕੀਕਤ ਬਣ ਜਾਣ?” ਜਾਂ ਤੁਸੀਂ ਪੁੱਛੋ, “ਇਨ੍ਹਾਂ ਵਿੱਚੋਂ ਕਿਹੜਾ ਵਾਅਦਾ ਤੁਸੀਂ ਪੂਰਾ ਹੁੰਦਾ ਦੇਖਣਾ ਚਾਹੁੰਦੇ ਹੋ?” ਜਵਾਬ ਨੂੰ ਧਿਆਨ ਨਾਲ ਸੁਣੋ।

      ਜੇ ਘਰ-ਸੁਆਮੀ ਕਿਸੇ ਆਇਤ ਵਿਚ ਖ਼ਾਸ ਦਿਲਚਸਪੀ ਲੈਂਦਾ ਹੈ, ਤਾਂ ਉਸ ਨਾਲ ਕਿਤਾਬ ਵਿੱਚੋਂ ਇਸ ਵਿਸ਼ੇ ਨਾਲ ਸੰਬੰਧਿਤ ਪੈਰਿਆਂ ਦੀ ਚਰਚਾ ਕਰੋ। (ਅੰਤਰ-ਪੱਤਰ ਦੇ ਇਸ ਸਫ਼ੇ ਤੇ ਡੱਬੀ ਦੇਖੋ।) ਪੈਰਿਆਂ ਉੱਤੇ ਉਸੇ ਤਰ੍ਹਾਂ ਚਰਚਾ ਕਰੋ ਜਿਵੇਂ ਤੁਸੀਂ ਬਾਈਬਲ ਸਟੱਡੀ ਕਰਾਉਣ ਵੇਲੇ ਕਰਦੇ ਹੋ। ਇਹ ਚਰਚਾ ਘਰ-ਸੁਆਮੀ ਨਾਲ ਪਹਿਲੀ ਮੁਲਾਕਾਤ ਹੋਣ ਤੇ ਹੀ 5-10 ਮਿੰਟਾਂ ਵਿਚ ਦਰਵਾਜ਼ੇ ਤੇ ਖੜ੍ਹ ਕੇ ਕੀਤੀ ਜਾ ਸਕਦੀ ਹੈ।

      ◼ ਤੁਸੀਂ ਸਫ਼ਾ 6 ਵਰਤ ਕੇ ਵੀ ਲੋਕਾਂ ਨੂੰ ਆਪਣੀ ਰਾਇ ਦੱਸਣ ਲਈ ਕਹਿ ਸਕਦੇ ਹੋ:

      ਸਫ਼ੇ ਦੇ ਅਖ਼ੀਰ ਵਿਚ ਦਿੱਤੇ ਸਵਾਲਾਂ ਵੱਲ ਘਰ-ਸੁਆਮੀ ਦਾ ਧਿਆਨ ਖਿੱਚੋ ਤੇ ਪੁੱਛੋ, “ਕੀ ਤੁਹਾਡੇ ਮਨ ਵਿਚ ਕਦੇ ਇਨ੍ਹਾਂ ਵਿੱਚੋਂ ਕੋਈ ਸਵਾਲ ਆਇਆ?” ਜੇ ਉਹ ਕਿਸੇ ਸਵਾਲ ਵਿਚ ਰੁਚੀ ਜ਼ਾਹਰ ਕਰਦਾ ਹੈ, ਤਾਂ ਕਿਤਾਬ ਵਿੱਚੋਂ ਉਹ ਪੈਰੇ ਕੱਢੋ ਜਿਸ ਵਿਚ ਇਸ ਸਵਾਲ ਦਾ ਜਵਾਬ ਹੈ। (ਅੰਤਰ-ਪੱਤਰ ਦੇ ਇਸ ਸਫ਼ੇ ਤੇ ਡੱਬੀ ਦੇਖੋ।) ਜਦੋਂ ਤੁਸੀਂ ਇਕੱਠੇ ਇਸ ਜਾਣਕਾਰੀ ਤੇ ਚਰਚਾ ਕਰਦੇ ਹੋ, ਤਾਂ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ।

      ◼ ਸਫ਼ਾ 7 ਨੂੰ ਵਰਤ ਕੇ ਤੁਸੀਂ ਦਿਖਾ ਸਕਦੇ ਹੋ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ:

      ਸਫ਼ੇ ਦੇ ਪਹਿਲੇ ਤਿੰਨ ਵਾਕ ਪੜ੍ਹੋ ਅਤੇ ਫਿਰ ਤੀਜਾ ਅਧਿਆਇ ਖੋਲ੍ਹੋ ਤੇ ਪੈਰੇ 1-3 ਵਰਤ ਕੇ ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਦੱਸੋ ਕਿ ਤੁਸੀਂ ਅਗਲੀ ਵਾਰ ਆ ਕੇ ਪੈਰਾ 3 ਦੇ ਸਵਾਲਾਂ ਦਾ ਜਵਾਬ ਦਿਓਗੇ।

      ◼ ਦੁਬਾਰਾ ਮਿਲਣ ਦਾ ਇੰਤਜ਼ਾਮ ਕਿਵੇਂ ਕਰੀਏ:

      ਪਹਿਲੀ ਮੁਲਾਕਾਤ ਦੇ ਅਖ਼ੀਰ ਵਿਚ ਕਹੋ ਕਿ ਤੁਸੀਂ ਦੁਬਾਰਾ ਆ ਕੇ ਗੱਲਬਾਤ ਨੂੰ ਜਾਰੀ ਰੱਖੋਗੇ। ਤੁਸੀਂ ਕਹਿ ਸਕਦੇ ਹੋ: “ਕੁਝ ਹੀ ਮਿੰਟਾਂ ਵਿਚ ਅਸੀਂ ਦੇਖਿਆ ਹੈ ਕਿ ਬਾਈਬਲ ਇਸ ਜ਼ਰੂਰੀ ਵਿਸ਼ੇ ਬਾਰੇ ਕੀ ਸਿਖਾਉਂਦੀ ਹੈ। ਅਗਲੀ ਵਾਰ ਆਪਾਂ ਇਸ [ਸਵਾਲ ਦੱਸੋ] ਤੇ ਚਰਚਾ ਕਰ ਸਕਦੇ ਹਾਂ। ਕੀ ਮੈਂ ਅਗਲੇ ਹਫ਼ਤੇ ਇਸੇ ਵਕਤ ਆ ਸਕਦਾ ਹਾਂ?”

      ਜਿਉਂ-ਜਿਉਂ ਯਹੋਵਾਹ ਦਾ ਠਹਿਰਾਇਆ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਉਹ ਸਾਨੂੰ ਚੇਲੇ ਬਣਾਉਣ ਦਾ ਕੰਮ ਕਰਨ ਲਈ ਤਿਆਰ ਕਰਦਾ ਜਾ ਰਿਹਾ ਹੈ। (ਮੱਤੀ 28:19, 20; 2 ਤਿਮੋ. 3:17) ਆਓ ਆਪਾਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਸ ਨਵੀਂ ਕਿਤਾਬ ਦਾ ਚੰਗਾ ਇਸਤੇਮਾਲ ਕਰੀਏ।

  • ਬਾਈਬਲ ਸਿਖਾਉਂਦੀ ਹੈ ਕਿਤਾਬ ਕਿਵੇਂ ਪੇਸ਼ ਕਰੀਏ?
    ਰਾਜ ਸੇਵਕਾਈ—2006 | ਜਨਵਰੀ
    • ਬਾਈਬਲ ਸਿਖਾਉਂਦੀ ਹੈ ਕਿਤਾਬ ਕਿਵੇਂ ਪੇਸ਼ ਕਰੀਏ?

      ਬਾਈਬਲ ਸਿਖਾਉਂਦੀ ਹੈ (ਹਿੰਦੀ) ਕਿਤਾਬ ਪੇਸ਼ ਕਰਨ ਲਈ ਇਸ ਅੰਤਰ-ਪੱਤਰ ਵਿਚ ਤਰ੍ਹਾਂ-ਤਰ੍ਹਾਂ ਦੇ ਸੁਝਾਅ ਦਿੱਤੇ ਗਏ ਹਨ। ਇਨ੍ਹਾਂ ਸੁਝਾਵਾਂ ਨੂੰ ਆਪਣੇ ਸ਼ਬਦਾਂ ਵਿਚ ਦੱਸੋ, ਆਪਣੇ ਇਲਾਕੇ ਦੇ ਲੋਕਾਂ ਦੀਆਂ ਰੁਚੀਆਂ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨਾਲ ਗੱਲਬਾਤ ਕਰੋ ਅਤੇ ਕਿਤਾਬ ਦੇ ਉਨ੍ਹਾਂ ਨੁਕਤਿਆਂ ਤੋਂ ਜਾਣੂ ਹੋਵੋ ਜਿਨ੍ਹਾਂ ਨੂੰ ਗੱਲਬਾਤ ਕਰਨ ਲਈ ਵਰਤਿਆ ਜਾ ਸਕਦਾ ਹੈ। ਆਪਣੇ ਇਲਾਕੇ ਤੇ ਢੁਕਦੀਆਂ ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।​—ਜਨਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 8 ਦੇਖੋ।

      ਅੰਤ ਦੇ ਦਿਨ

      ◼ “ਬਹੁਤ ਸਾਰੇ ਲੋਕ ਮੰਨਦੇ ਹਨ ਕਿ ਅਸੀਂ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਰਹਿ ਰਹੇ ਹਾਂ। ਕੀ ਭਵਿੱਖ ਵਿਚ ਹਾਲਾਤਾਂ ਦੇ ਸੁਧਰਨ ਦੀ ਉਮੀਦ ਰੱਖਣ ਦਾ ਕੋਈ ਠੋਸ ਕਾਰਨ ਹੈ? [ਜਵਾਬ ਲਈ ਸਮਾਂ ਦਿਓ ਤੇ 2 ਪਤਰਸ 3:13 ਪੜ੍ਹੋ।] ਦੇਖੋ ਇੱਥੇ ਦੱਸਿਆ ਹੈ ਕਿ ਅੰਤਿਮ ਦਿਨਾਂ ਤੋਂ ਬਾਅਦ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ।” ਸਫ਼ਾ 94 ਉੱਤੇ ਦਿੱਤਾ ਪੈਰਾ 15 ਪੜ੍ਹੋ।

      ਸਦਾ ਦੀ ਜ਼ਿੰਦਗੀ

      ◼ “ਜ਼ਿਆਦਾਤਰ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਿਹਤ ਚੰਗੀ ਰਹੇ ਤੇ ਉਹ ਲੰਬੀ ਜ਼ਿੰਦਗੀ ਜੀਣ। ਪਰ ਜੇ ਸੰਭਵ ਹੋਵੇ, ਤਾਂ ਕੀ ਤੁਸੀਂ ਸਦਾ ਲਈ ਜੀਉਂਦੇ ਰਹਿਣਾ ਚਾਹੋਗੇ? [ਜਵਾਬ ਲਈ ਸਮਾਂ ਦਿਓ। ਫਿਰ ਪਰਕਾਸ਼ ਦੀ ਪੋਥੀ 21:3, 4 ਅਤੇ ਸਫ਼ਾ 54 ਉੱਤੇ ਪੈਰਾ 17 ਪੜ੍ਹੋ।] ਇਹ ਕਿਤਾਬ ਦੱਸਦੀ ਹੈ ਕਿ ਸਾਨੂੰ ਸਦਾ ਦੀ ਜ਼ਿੰਦਗੀ ਕਿਵੇਂ ਮਿਲ ਸਕਦੀ ਹੈ ਤੇ ਉਹ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ।”

      ਘਰ

      ◼ “ਕਈ ਥਾਵਾਂ ਤੇ ਵਾਜਬ ਕੀਮਤ ਤੇ ਵਧੀਆ ਘਰ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਤੁਹਾਡੇ ਖ਼ਿਆਲ ਵਿਚ ਕੀ ਕਦੇ ਉਹ ਦਿਨ ਆਵੇਗਾ ਜਦ ਹਰ ਕਿਸੇ ਕੋਲ ਆਪਣਾ ਘਰ ਹੋਵੇਗਾ? [ਜਵਾਬ ਲਈ ਸਮਾਂ ਦਿਓ। ਫਿਰ ਯਸਾਯਾਹ 65:21, 22 ਅਤੇ ਸਫ਼ਾ 34 ਉੱਤੇ ਪੈਰਾ 20 ਪੜ੍ਹੋ।] ਇਹ ਕਿਤਾਬ ਦੱਸਦੀ ਹੈ ਕਿ ਪਰਮੇਸ਼ੁਰ ਦਾ ਇਹ ਵਾਅਦਾ ਕਿਵੇਂ ਪੂਰਾ ਹੋਵੇਗਾ।”

      ਧਰਮ

      ◼ “ਬਹੁਤ ਸਾਰੇ ਲੋਕ ਦੁਨੀਆਂ ਦੇ ਧਰਮਾਂ ਨੂੰ ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ, ਬਲਕਿ ਜੜ੍ਹ ਸਮਝਣ ਲੱਗ ਪਏ ਹਨ। ਤੁਹਾਡੇ ਖ਼ਿਆਲ ਵਿਚ ਕੀ ਧਰਮ ਲੋਕਾਂ ਨੂੰ ਸਹੀ ਰਾਹ ਦਿਖਾ ਰਿਹਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਮੱਤੀ 7:13, 14 ਅਤੇ ਸਫ਼ਾ 146 ਉੱਤੇ ਪੈਰਾ 5 ਪੜ੍ਹੋ।] ਇਹ ਅਧਿਆਇ ਛੇ ਗੱਲਾਂ ਉੱਤੇ ਚਰਚਾ ਕਰਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਕਿਹੋ ਜਿਹੀ ਭਗਤੀ ਪਸੰਦ ਕਰਦਾ ਹੈ।” ਸਫ਼ਾ 147 ਤੇ ਦਿੱਤੀ ਸੂਚੀ ਦਿਖਾਓ।

      ਪਰਿਵਾਰ

      ◼ “ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡਾ ਪਰਿਵਾਰ ਸੁਖੀ ਰਹੇ। ਹੈ ਨਾ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਕ ਅਜਿਹੀ ਗੱਲ ਬਾਰੇ ਦੱਸਦੀ ਹੈ ਜਿਸ ਤੇ ਚੱਲ ਕੇ ਪਰਿਵਾਰ ਦਾ ਹਰ ਮੈਂਬਰ ਪਰਿਵਾਰ ਦੀ ਖ਼ੁਸ਼ੀ ਵਿਚ ਯੋਗਦਾਨ ਪਾ ਸਕਦਾ ਹੈ। ਉਹ ਹੈ ਪਰਮੇਸ਼ੁਰ ਦੀ ਰੀਸ ਕਰ ਕੇ ਇਕ-ਦੂਜੇ ਨਾਲ ਪਿਆਰ ਕਰਨਾ।” ਅਫ਼ਸੀਆਂ 5:1, 2 ਅਤੇ ਸਫ਼ਾ 135 ਉੱਤੇ ਪੈਰਾ 4 ਪੜ੍ਹੋ।

      ਪ੍ਰਾਰਥਨਾ

      ◼ “ਕੀ ਤੁਸੀਂ ਕਦੇ ਸੋਚਿਆ ਕਿ ਪਰਮੇਸ਼ੁਰ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ? [ਜਵਾਬ ਲਈ ਸਮਾਂ ਦਿਓ। ਫਿਰ 1 ਯੂਹੰਨਾ 5:14, 15 ਅਤੇ ਸਫ਼ੇ 170-1 ਉੱਤੇ ਪੈਰੇ 16-18 ਪੜ੍ਹੋ।] ਇਹ ਅਧਿਆਇ ਇਹ ਵੀ ਦੱਸਦਾ ਹੈ ਕਿ ਸਾਨੂੰ ਕਿਉਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਉਹ ਸਾਡੀ ਸੁਣੇ।”

      ਬਾਈਬਲ

      ◼ “ਲੋਕ ਅਕਸਰ ਕਹਿੰਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਕੀ ਤੁਸੀਂ ਕਦੇ ਸੋਚਿਆ ਕਿ ਆਦਮੀਆਂ ਦੁਆਰਾ ਲਿਖੀ ਇਸ ਕਿਤਾਬ ਨੂੰ ਪਰਮੇਸ਼ੁਰ ਦਾ ਬਚਨ ਕਿਉਂ ਕਿਹਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ। ਫਿਰ 2 ਪਤਰਸ 1:21 ਅਤੇ ਸਫ਼ਾ 19 ਉੱਤੇ ਪੈਰਾ 5 ਪੜ੍ਹੋ।] ਇਹ ਕਿਤਾਬ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ।” ਸਫ਼ਾ 6 ਉੱਤੇ ਦਿੱਤੇ ਸਵਾਲ ਦਿਖਾਓ।

      ◼ “ਅੱਜ-ਕੱਲ੍ਹ ਲੋਕਾਂ ਕੋਲ ਜਾਣਕਾਰੀ ਦਾ ਭੰਡਾਰ ਹੈ। ਪਰ ਤੁਹਾਡੇ ਖ਼ਿਆਲ ਵਿਚ ਸਾਨੂੰ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ ਜਿਸ ਦੀ ਮਦਦ ਨਾਲ ਅਸੀਂ ਖ਼ੁਸ਼ੀਆਂ ਭਰੀ ਤੇ ਕਾਮਯਾਬ ਜ਼ਿੰਦਗੀ ਜੀ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਫਿਰ 2 ਤਿਮੋਥਿਉਸ 3:16, 17 ਅਤੇ ਸਫ਼ਾ 23 ਉੱਤੇ ਪੈਰਾ 12 ਪੜ੍ਹੋ।] ਇਹ ਕਿਤਾਬ ਦੱਸਦੀ ਹੈ ਕਿ ਅਸੀਂ ਅਜਿਹੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ ਤੇ ਸਾਨੂੰ ਵੀ ਫ਼ਾਇਦੇ ਹੋਣਗੇ।” ਸਫ਼ੇ 122-3 ਉੱਤੇ ਦਿੱਤੀ ਸੂਚੀ ਅਤੇ ਤਸਵੀਰ ਦਿਖਾਓ।

      ਬਿਪਤਾਵਾਂ/ਦੁੱਖ

      ◼ “ਜਦੋਂ ਕੋਈ ਬਿਪਤਾ ਆਉਂਦੀ ਹੈ, ਤਾਂ ਬਹੁਤ ਸਾਰੇ ਲੋਕ ਸੋਚਣ ਲੱਗ ਪੈਂਦੇ ਹਨ ਕਿ ਪਰਮੇਸ਼ੁਰ ਨੂੰ ਉਨ੍ਹਾਂ ਦਾ ਕੋਈ ਫ਼ਿਕਰ ਨਹੀਂ ਹੈ ਜਾਂ ਉਹ ਉਨ੍ਹਾਂ ਦੇ ਦੁੱਖਾਂ ਨੂੰ ਦੇਖਦਾ ਨਹੀਂ। ਕੀ ਤੁਸੀਂ ਕਦੇ ਇੱਦਾਂ ਸੋਚਿਆ? [ਜਵਾਬ ਲਈ ਸਮਾਂ ਦਿਓ। ਫਿਰ 1 ਪਤਰਸ 5:7 ਅਤੇ ਸਫ਼ਾ 11 ਉੱਤੇ ਪੈਰਾ 11 ਪੜ੍ਹੋ।] ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਪਰਮੇਸ਼ੁਰ ਮਨੁੱਖਜਾਤੀ ਦੇ ਦੁੱਖਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।” ਸਫ਼ਾ 106 ਦੇ ਸ਼ੁਰੂ ਵਿਚ ਦਿੱਤੇ ਸਵਾਲ ਦਿਖਾਓ।

      ਮੌਤ/ਮਰੇ ਹੋਇਆਂ ਦਾ ਜੀ ਉੱਠਣਾ

      ◼ “ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮਰਨ ਤੋਂ ਬਾਅਦ ਇਨਸਾਨਾਂ ਨਾਲ ਕੀ ਹੁੰਦਾ ਹੋਣਾ। ਤੁਹਾਡੇ ਖ਼ਿਆਲ ਅਨੁਸਾਰ ਕੀ ਅਸੀਂ ਇਹ ਜਾਣ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਫਿਰ ਉਪਦੇਸ਼ਕ ਦੀ ਪੋਥੀ 9:5 ਅਤੇ ਸਫ਼ਾ 58 ਉੱਤੇ ਪੈਰੇ 5-6 ਪੜ੍ਹੋ।] ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਮੁੜ ਜੀਉਂਦਾ ਕਰਨ ਦਾ ਵਾਅਦਾ ਕਰਦਾ ਹੈ।” ਸਫ਼ਾ 75 ਉੱਤੇ ਦਿੱਤੀ ਤਸਵੀਰ ਦਿਖਾਓ।

      ◼ “ਜਦ ਸਾਡਾ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਉਸ ਨੂੰ ਦੁਬਾਰਾ ਦੇਖਣ ਦੀ ਇੱਛਾ ਹੋਣੀ ਕੁਦਰਤੀ ਹੈ। ਹੈ ਨਾ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦੇ ਇਸ ਵਾਅਦੇ ਤੋਂ ਦਿਲਾਸਾ ਮਿਲਿਆ ਹੈ ਕਿ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਮੁੜ ਜੀਉਂਦਾ ਕਰੇਗਾ। [ਯੂਹੰਨਾ 5:28, 29 ਅਤੇ ਸਫ਼ਾ 72 ਉੱਤੇ ਪੈਰੇ 16-17 ਪੜ੍ਹੋ।] ਇਹ ਅਧਿਆਇ ਇਨ੍ਹਾਂ ਸਵਾਲਾਂ ਦੇ ਵੀ ਜਵਾਬ ਦਿੰਦਾ ਹੈ।” ਸਫ਼ਾ 66 ਦੇ ਸ਼ੁਰੂ ਵਿਚ ਦਿੱਤੇ ਸਵਾਲ ਦਿਖਾਓ।

      ਯਹੋਵਾਹ ਪਰਮੇਸ਼ੁਰ

      ◼ “ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਵਾਲੇ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਕਰੀਬ ਜਾਣਾ ਚਾਹੁੰਦੇ ਹਨ। ਕੀ ਤੁਹਾਨੂੰ ਪਤਾ ਕਿ ਬਾਈਬਲ ਸਾਨੂੰ ਪਰਮੇਸ਼ੁਰ ਦੇ ਨੇੜੇ ਜਾਣ ਦੀ ਸਲਾਹ ਦਿੰਦੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਯਾਕੂਬ 4:8ੳ ਅਤੇ ਸਫ਼ਾ 16 ਉੱਤੇ ਪੈਰਾ 20 ਪੜ੍ਹੋ।] ਇਹ ਕਿਤਾਬ ਲੋਕਾਂ ਦੀ ਬਾਈਬਲ ਦੇ ਜ਼ਰੀਏ ਪਰਮੇਸ਼ੁਰ ਬਾਰੇ ਜ਼ਿਆਦਾ ਜਾਣਕਾਰੀ ਲੈਣ ਵਿਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ।” ਸਫ਼ਾ 8 ਦੇ ਸ਼ੁਰੂ ਵਿਚ ਦਿੱਤੇ ਸਵਾਲ ਦਿਖਾਓ।

      ◼ “ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਹਨ ਕਿ ਪਰਮੇਸ਼ੁਰ ਦਾ ਨਾਂ ਪਾਕ ਮੰਨਿਆ ਜਾਵੇ। ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਦਾ ਨਾਂ ਕੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਜ਼ਬੂਰਾਂ ਦੀ ਪੋਥੀ 83:18 ਅਤੇ ਸਫ਼ਾ 195 ਉੱਤੇ ਪੈਰੇ 2-3 ਪੜ੍ਹੋ।] ਇਹ ਕਿਤਾਬ ਦੱਸਦੀ ਹੈ ਕਿ ਬਾਈਬਲ ਯਹੋਵਾਹ ਪਰਮੇਸ਼ੁਰ ਅਤੇ ਮਨੁੱਖਜਾਤੀ ਲਈ ਉਸ ਦੇ ਮਕਸਦ ਬਾਰੇ ਕੀ ਸਿਖਾਉਂਦੀ ਹੈ।”

      ਯਿਸੂ ਮਸੀਹ

      ◼ “ਦੁਨੀਆਂ ਭਰ ਵਿਚ ਲੋਕਾਂ ਨੇ ਯਿਸੂ ਮਸੀਹ ਬਾਰੇ ਸੁਣਿਆ ਹੈ। ਕੁਝ ਲੋਕ ਸੋਚਦੇ ਹਨ ਕਿ ਉਹ ਇਕ ਬੇਮਿਸਾਲ ਇਨਸਾਨ ਸੀ। ਕਈ ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਮੰਨ ਕੇ ਉਸ ਦੀ ਭਗਤੀ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਇਸ ਨਾਲ ਕੋਈ ਫ਼ਰਕ ਪੈਂਦਾ ਕਿ ਅਸੀਂ ਯਿਸੂ ਮਸੀਹ ਨੂੰ ਕੀ ਮੰਨਦੇ ਹਾਂ?” [ਜਵਾਬ ਲਈ ਸਮਾਂ ਦਿਓ। ਫਿਰ ਯੂਹੰਨਾ 17:3 ਅਤੇ ਸਫ਼ਾ 37 ਉੱਤੇ ਪੈਰਾ 3 ਪੜ੍ਹੋ।] ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਵੱਲ ਧਿਆਨ ਦਿਵਾਓ।

      ਲੜਾਈਆਂ/ਸ਼ਾਂਤੀ

      ◼ “ਹਰ ਥਾਂ ਲੋਕ ਸ਼ਾਂਤੀ ਲਈ ਤਰਸ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਦੁਨੀਆਂ ਵਿਚ ਸ਼ਾਂਤੀ ਦੀ ਉਮੀਦ ਰੱਖਣੀ ਸਿਰਫ਼ ਸੁਪਨਾ ਹੀ ਹੈ? [ਜਵਾਬ ਲਈ ਸਮਾਂ ਦਿਓ ਤੇ ਜ਼ਬੂਰਾਂ ਦੀ ਪੋਥੀ 46:8, 9 ਪੜ੍ਹੋ।] ਇਹ ਕਿਤਾਬ ਦੱਸਦੀ ਹੈ ਕਿ ਪਰਮੇਸ਼ੁਰ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ ਤੇ ਦੁਨੀਆਂ ਭਰ ਵਿਚ ਸ਼ਾਂਤੀ ਕਾਇਮ ਕਰੇਗਾ।” ਸਫ਼ਾ 35 ਉੱਤੇ ਦਿੱਤੀ ਤਸਵੀਰ ਦਿਖਾਓ ਅਤੇ ਸਫ਼ਾ 34 ਉੱਤੇ ਪੈਰੇ 17-21 ਤੇ ਚਰਚਾ ਕਰੋ।

      [ਸਫ਼ੇ 5 ਉੱਤੇ ਡੱਬੀ]

      ਦਾਨ ਦੇਣ ਦੇ ਪ੍ਰਬੰਧ ਬਾਰੇ ਦੱਸਣ ਦੇ ਤਰੀਕੇ

      “ਜੇ ਤੁਸੀਂ ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮ ਲਈ ਕੁਝ ਦਾਨ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਦੇ ਸਕਦੇ ਹੋ।”

      “ਹਾਲਾਂਕਿ ਅਸੀਂ ਮੁਫ਼ਤ ਵਿਚ ਇਹ ਸਾਹਿੱਤ ਦਿੰਦੇ ਹਾਂ, ਪਰ ਜੇ ਕੋਈ ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮ ਲਈ ਦਾਨ ਦਿੰਦਾ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੇ ਹਾਂ।”

      “ਤੁਸੀਂ ਸ਼ਾਇਦ ਸੋਚੋ ਕਿ ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮ ਦਾ ਖ਼ਰਚ ਕਿੱਥੋਂ ਪੂਰਾ ਹੁੰਦਾ ਹੈ। ਇਹ ਖ਼ਰਚ ਲੋਕਾਂ ਵੱਲੋਂ ਆਪਣੀ ਇੱਛਾ ਨਾਲ ਦਿੱਤੇ ਦਾਨ ਨਾਲ ਪੂਰਾ ਹੁੰਦਾ ਹੈ। ਜੇ ਤੁਸੀਂ ਅੱਜ ਕੁਝ ਦੇਣਾ ਚਾਹੁੰਦੇ ਹੋ, ਤਾਂ ਇਸ ਨੂੰ ਸਵੀਕਾਰ ਕਰ ਕੇ ਮੈਨੂੰ ਖ਼ੁਸ਼ੀ ਹੋਵੇਗੀ।”

  • (1) ਸਵਾਲ, (2) ਆਇਤ ਅਤੇ (3) ਅਧਿਆਇ
    ਰਾਜ ਸੇਵਕਾਈ—2006 | ਜਨਵਰੀ
    • (1) ਸਵਾਲ, (2) ਆਇਤ ਅਤੇ (3) ਅਧਿਆਇ

      ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਦਾ ਆਸਾਨ ਤਰੀਕਾ ਹੈ (1) ਰਾਇ ਜਾਣਨ ਲਈ ਇਕ ਸਵਾਲ ਪੁੱਛੋ, (2) ਢੁਕਵੀਂ ਆਇਤ ਪੜ੍ਹੋ ਅਤੇ (3) ਕਿਤਾਬ ਵਿੱਚੋਂ ਢੁਕਵੇਂ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲ ਪੜ੍ਹੋ। ਜੇ ਘਰ-ਸੁਆਮੀ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਅਧਿਆਇ ਦੇ ਪਹਿਲੇ ਕੁਝ ਪੈਰਿਆਂ ਨੂੰ ਵਰਤ ਕੇ ਦਿਖਾ ਸਕਦੇ ਹੋ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਇਹ ਤਰੀਕਾ ਪਹਿਲੀ ਮੁਲਾਕਾਤ ਜਾਂ ਦੁਬਾਰਾ ਮਿਲਣ ਸਮੇਂ ਸਟੱਡੀ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ।

      ◼ “ਤੁਹਾਡੇ ਖ਼ਿਆਲ ਵਿਚ ਕੀ ਸਾਡੇ ਵਰਗੇ ਮਾਮੂਲੀ ਜਿਹੇ ਇਨਸਾਨਾਂ ਲਈ ਆਪਣੇ ਸਰਬਸ਼ਕਤੀਮਾਨ ਸਿਰਜਣਹਾਰ ਨੂੰ ਜਾਣਨਾ ਮੁਮਕਿਨ ਹੈ ਜਿਵੇਂ ਇੱਥੇ ਬਾਈਬਲ ਵਿਚ ਦੱਸਿਆ ਹੈ?” ਰਸੂਲਾਂ ਦੇ ਕਰਤੱਬ 17:26, 27 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਪਹਿਲਾ ਅਧਿਆਇ ਦਿਖਾਓ।

      ◼ “ਤੁਹਾਡੇ ਖ਼ਿਆਲ ਵਿਚ ਕੀ ਅੱਜ ਮੁਸ਼ਕਲਾਂ ਭਰੀ ਜ਼ਿੰਦਗੀ ਵਿਚ ਦਿਲਾਸਾ ਅਤੇ ਆਸ਼ਾ ਮਿਲ ਸਕਦੀ ਹੈ ਜਿਵੇਂ ਇੱਥੇ ਦੱਸਿਆ ਹੈ?” ਰੋਮੀਆਂ 15:4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 2 ਦਿਖਾਓ।

      ◼ “ਜੇ ਤੁਹਾਡੇ ਕੋਲ ਤਾਕਤ ਹੁੰਦੀ, ਤਾਂ ਕੀ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਲਿਆਉਂਦੇ?” ਪਰਕਾਸ਼ ਦੀ ਪੋਥੀ 21:4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 3 ਦਿਖਾਓ।

      ◼ “ਤੁਹਾਡੇ ਖ਼ਿਆਲ ਵਿਚ ਕੀ ਸਾਡੇ ਬੱਚੇ ਕਦੇ ਇਸ ਤਰ੍ਹਾਂ ਦੇ ਹਾਲਾਤਾਂ ਦਾ ਆਨੰਦ ਮਾਣ ਸਕਣਗੇ ਜਿਨ੍ਹਾਂ ਦਾ ਇਸ ਪੁਰਾਣੇ ਭਜਨ ਵਿਚ ਜ਼ਿਕਰ ਕੀਤਾ ਹੈ?” ਜ਼ਬੂਰਾਂ ਦੀ ਪੋਥੀ 37:10, 11 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 3 ਦਿਖਾਓ।

      ◼ “ਤੁਹਾਡੇ ਖ਼ਿਆਲ ਅਨੁਸਾਰ ਕਦੇ ਉਹ ਦਿਨ ਆਵੇਗਾ ਜਦ ਇਹ ਲਫ਼ਜ਼ ਪੂਰੇ ਹੋਣਗੇ?” ਯਸਾਯਾਹ 33:24 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 3 ਦਿਖਾਓ।

      ◼ “ਤੁਹਾਡੇ ਖ਼ਿਆਲ ਵਿਚ ਕੀ ਮਰੇ ਹੋਏ ਲੋਕ ਜਾਣਦੇ ਹਨ ਕਿ ਜੀਉਂਦੇ ਕੀ ਕਰ ਰਹੇ ਹਨ?” ਜਵਾਬ ਲਈ ਸਮਾਂ ਦਿਓ ਅਤੇ ਉਪਦੇਸ਼ਕ ਦੀ ਪੋਥੀ 9:5 ਪੜ੍ਹੋ। ਫਿਰ ਅਧਿਆਇ 6 ਦਿਖਾਓ।

      ◼ “ਕੀ ਤੁਸੀਂ ਸੋਚਦੇ ਹੋ ਕਿ ਅਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਕਦੇ ਮਿਲ ਸਕਦੇ ਹਾਂ ਜਿਵੇਂ ਇਨ੍ਹਾਂ ਆਇਤਾਂ ਵਿਚ ਯਿਸੂ ਨੇ ਕਿਹਾ ਸੀ?” ਯੂਹੰਨਾ 5:28, 29 ਪੜ੍ਹੋ। ਫਿਰ ਅਧਿਆਇ 7 ਦਿਖਾਓ।

      ◼ “ਜਿਵੇਂ ਇਸ ਪ੍ਰਾਰਥਨਾ ਵਿਚ ਜ਼ਿਕਰ ਕੀਤਾ ਗਿਆ ਹੈ, ਤੁਹਾਡੇ ਖ਼ਿਆਲ ਵਿਚ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਹੋ ਸਕਦੀ ਹੈ ਜਿਵੇਂ ਇਹ ਸਵਰਗ ਵਿਚ ਪੂਰੀ ਹੁੰਦੀ ਹੈ?” ਮੱਤੀ 6:9, 10 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 8 ਦਿਖਾਓ।

      ◼ “ਤੁਹਾਡੇ ਖ਼ਿਆਲ ਵਿਚ ਕੀ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ?” 2 ਤਿਮੋਥਿਉਸ 3:1-4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 9 ਦਿਖਾਓ।

      ◼ “ਬਹੁਤ ਸਾਰੇ ਲੋਕ ਸਮਝ ਨਹੀਂ ਪਾਉਂਦੇ ਕਿ ਦੁਨੀਆਂ ਵਿਚ ਸਮੱਸਿਆਵਾਂ ਕਿਉਂ ਵਧਦੀਆਂ ਹੀ ਜਾ ਰਹੀਆਂ ਹਨ। ਕੀ ਤੁਸੀਂ ਕਦੇ ਸੋਚਿਆ ਕਿ ਇਸ ਦੀ ਵਜ੍ਹਾ ਇਹ ਹੋ ਸਕਦੀ ਹੈ?” ਪਰਕਾਸ਼ ਦੀ ਪੋਥੀ 12:9 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 10 ਦਿਖਾਓ।

      ◼ “ਕੀ ਤੁਸੀਂ ਕਦੇ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਜਾਣਨਾ ਚਾਹਿਆ?” ਅੱਯੂਬ 21:7 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 11 ਦਿਖਾਓ।

      ◼ “ਤੁਹਾਡੇ ਖ਼ਿਆਲ ਵਿਚ ਕੀ ਬਾਈਬਲ ਦੀ ਇਸ ਸਲਾਹ ਤੇ ਚੱਲ ਕੇ ਲੋਕ ਖ਼ੁਸ਼ੀਆਂ ਭਰੀ ਪਰਿਵਾਰਕ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ?” ਅਫ਼ਸੀਆਂ 5:33 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 14 ਦਿਖਾਓ।

      ਸਟੱਡੀ ਕਰਨ ਦੇ ਤਰੀਕੇ ਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਜੇ ਦੋ ਵਾਰ ਸਟੱਡੀ ਕਰਵਾਈ ਗਈ ਹੈ ਤੇ ਜੇ ਲੱਗਦਾ ਹੈ ਕਿ ਸਟੱਡੀ ਅੱਗੋਂ ਚੱਲਦੀ ਰਹੇਗੀ, ਤਾਂ ਬਾਈਬਲ ਸਟੱਡੀ ਰਿਪੋਰਟ ਕੀਤੀ ਜਾ ਸਕਦੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ