ਕਾਮਯਾਬ ਸੇਵਕਾਈ ਦਾ ਰਾਜ਼—ਪਿਆਰ
1 “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਯਿਸੂ ਦੇ ਇਨ੍ਹਾਂ ਲਫ਼ਜ਼ਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੂੰ ਲੋਕਾਂ ਨਾਲ ਕਿੰਨਾ ਪਿਆਰ ਸੀ। ਯਿਸੂ ਦੀ ਰੀਸ ਕਰਦੇ ਹੋਏ ਸਾਨੂੰ ਵੀ ਪਿਆਰ ਨਾਲ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਇਸ ਨਿਰਮੋਹੀ ਦੁਨੀਆਂ ਵਿਚ ਰਹਿੰਦਿਆਂ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਸਮੇਂ ਅਸੀਂ ਉਨ੍ਹਾਂ ਲਈ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?
2 ਸ਼ਬਦਾਂ ਰਾਹ: ਯਿਸੂ ਨੂੰ ਲੋਕਾਂ ਨਾਲ ਪਿਆਰ ਸੀ, ਇਸ ਲਈ ਉਹ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੌਕੇ ਭਾਲਦਾ ਰਹਿੰਦਾ ਸੀ। (ਯੂਹੰ. 4:7-14) ਪਿਆਰ ਸਾਨੂੰ ਵੀ ਹਰ ਮੌਕੇ ਤੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਹਿੰਮਤ ਦੇਵੇਗਾ। ਮਿਸਾਲ ਲਈ, ਡਾਕਟਰ ਦੀ ਕਲਿਨਿਕ ਵਿਚ ਬੈਠੀ ਇਕ ਛੇ ਸਾਲ ਦੀ ਕੁੜੀ ਨੇ ਆਪਣੇ ਨਾਲ ਬੈਠੀ ਇਕ ਤੀਵੀਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਕਿਉਂ? ਉਹ ਕਹਿੰਦੀ ਹੈ ਕਿ “ਉਹ ਤੀਵੀਂ ਬਹੁਤ ਉਦਾਸ ਲੱਗਦੀ ਸੀ ਤੇ ਉਸ ਨੂੰ ਯਹੋਵਾਹ ਬਾਰੇ ਜਾਣਨ ਦੀ ਲੋੜ ਸੀ।”
3 ਅਸੀਂ ਆਪਣੀ ਮਿੱਠੀ ਮੁਸਕਾਨ ਅਤੇ ਬੋਲਣ ਦੇ ਦੋਸਤਾਨਾ ਲਹਿਜ਼ੇ ਦੁਆਰਾ ਦੂਸਰਿਆਂ ਨੂੰ ਦਿਖਾ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਵਿਚ ਦਿਲਚਸਪੀ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ, ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਸੁਣ ਕੇ ਹਮਦਰਦੀ ਜਤਾਓ ਅਤੇ ਉਨ੍ਹਾਂ ਨੂੰ ਹੌਸਲਾ ਦਿਓ। (ਕਹਾ. 15:23) ਯਿਸੂ ਦੀ ਰੀਸ ਕਰਦੇ ਹੋਏ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਅਤੇ ਯਹੋਵਾਹ ਦੇ ਪਿਆਰ ਤੇ ਦਇਆ ਬਾਰੇ ਦੱਸੋ।—ਮੱਤੀ 24:14; ਲੂਕਾ 4:18.
4 ਕੰਮਾਂ ਰਾਹ: ਯਿਸੂ ਦੂਸਰਿਆਂ ਦੀਆਂ ਲੋੜਾਂ ਨੂੰ ਸਮਝਦਾ ਸੀ ਤੇ ਉਨ੍ਹਾਂ ਦੀ ਮਦਦ ਕਰਦਾ ਸੀ। (ਮੱਤੀ 15:32) ਪ੍ਰਚਾਰ ਕਰਦੇ ਸਮੇਂ ਸਾਨੂੰ ਵੀ ਦੂਸਰਿਆਂ ਦੀ ਮਦਦ ਕਰਨ ਦੇ ਮੌਕੇ ਮਿਲ ਸਕਦੇ ਹਨ। ਮਿਸਾਲ ਲਈ, ਇਕ ਭੈਣ ਨੇ ਇਕ ਤੀਵੀਂ ਨੂੰ ਫ਼ੋਨ ਤੇ ਗੱਲ ਕਰਦਿਆਂ ਦੇਖਿਆ। ਫ਼ੋਨ ਤੇ ਕੋਈ ਉਸ ਤੀਵੀਂ ਨੂੰ ਜ਼ਰੂਰੀ ਗੱਲ ਦੱਸ ਰਿਹਾ ਸੀ ਪਰ ਉਹ ਤੀਵੀਂ ਗੱਲ ਸਮਝ ਨਹੀਂ ਪਾ ਰਹੀ ਸੀ। ਸੋ ਭੈਣ ਨੇ ਉਸ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਉਸ ਨੇ ਸਾਰੀ ਗੱਲ ਸੁਣ ਕੇ ਤੀਵੀਂ ਨੂੰ ਉਸ ਦੀ ਭਾਸ਼ਾ ਵਿਚ ਗੱਲ ਸਮਝਾ ਦਿੱਤੀ। ਭੈਣ ਦੀ ਇਸ ਮਦਦ ਲਈ ਤੀਵੀਂ ਬਹੁਤ ਸ਼ੁਕਰਗੁਜ਼ਾਰ ਸੀ। ਫਿਰ ਜਦੋਂ ਭੈਣ ਨੇ ਉਸ ਨੂੰ ਬਾਈਬਲ ਦਾ ਸੰਦੇਸ਼ ਸੁਣਾਇਆ, ਤਾਂ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ। ਇਕ ਹੋਰ ਮਿਸਾਲ ਤੇ ਵੀ ਗੌਰ ਕਰੋ। ਜਦੋਂ ਇਕ ਭਰਾ ਇਕ ਆਦਮੀ ਨੂੰ ਦੁਬਾਰਾ ਮਿਲਣ ਗਿਆ, ਤਾਂ ਉਸ ਨੇ ਦੇਖਿਆ ਕਿ ਉਹ ਆਦਮੀ ਬੜਾ ਹੀ ਪਰੇਸ਼ਾਨ ਸੀ। ਉਹ ਦਰਵਾਜ਼ੇ ਵਿਚ ਫਸੇ ਸੋਫੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਰਾ ਨੇ ਸੋਫਾ ਕੱਢਣ ਵਿਚ ਉਸ ਦੀ ਮਦਦ ਕੀਤੀ। ਬਾਅਦ ਵਿਚ ਉਸੇ ਸੋਫੇ ਤੇ ਬੈਠ ਕੇ ਭਰਾ ਨੇ ਉਸ ਆਦਮੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।
5 ਪ੍ਰਚਾਰ ਦਾ ਕੰਮ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਅਤੇ ਇਨਸਾਨਾਂ ਨੂੰ ਪਿਆਰ ਕਰਦੇ ਹਾਂ। (ਮੱਤੀ 22:36-40) ਜਦੋਂ ਅਸੀਂ ਆਪਣੇ ਕੰਮਾਂ ਤੇ ਸ਼ਬਦਾਂ ਰਾਹੀਂ ਇਸ ਪਿਆਰ ਨੂੰ ਜ਼ਾਹਰ ਕਰਦੇ ਹਾਂ, ਤਾਂ ਲੋਕ ਸਮਝ ਜਾਂਦੇ ਹਨ ਕਿ ਇਹੋ ਸੱਚਾ ਧਰਮ ਹੈ।