ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/08 ਸਫ਼ਾ 6
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2008
ਸਾਡੀ ਰਾਜ ਸੇਵਕਾਈ—2008
km 3/08 ਸਫ਼ਾ 6

ਪ੍ਰਬੰਧਕ ਸਭਾ ਵੱਲੋਂ ਚਿੱਠੀ

ਯਹੋਵਾਹ ਦੀ ਗਵਾਹੀ ਦੇਣ ਵਾਲੇ ਪਿਆਰੇ ਭੈਣੋ ਤੇ ਭਰਾਵੋ:

ਪੌਲੁਸ ਰਸੂਲ ਅਕਸਰ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਤਾਰੀਫ਼ ਕਰਦਾ ਥੱਕਦਾ ਨਹੀਂ ਸੀ ਤੇ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੁੰਦਾ ਸੀ। ਉਸ ਨੇ ਰੋਮ ਦੇ ਮਸੀਹੀਆਂ ਨੂੰ ਲਿਖਿਆ ਸੀ: “ਮੈਂ ਯਿਸੂ ਮਸੀਹ ਦੇ ਰਾਹੀਂ ਸਭ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿਸ਼ਵਾਸ ਦੀ ਸ਼ਲਾਘਾ ਲੋਕ ਹਰ ਥਾਂ ਕਰ ਰਹੇ ਹਨ।” (ਰੋਮ 1:8, CL) ਜੀ ਹਾਂ, ਪੂਰੇ ਰੋਮੀ ਸਾਮਰਾਜ ਵਿਚ ਪਹਿਲੀ ਸਦੀ ਦੇ ਮਸੀਹੀ ਆਪਣੀ ਪੱਕੀ ਨਿਹਚਾ ਅਤੇ ਜੋਸ਼ ਨਾਲ ਪ੍ਰਚਾਰ ਕਰਨ ਲਈ ਮਸ਼ਹੂਰ ਸਨ। (1 ਥੱਸ. 1:8) ਇਸੇ ਕਰਕੇ ਪੌਲੁਸ ਆਪਣੇ ਭਰਾਵਾਂ ਨਾਲ ਇੰਨਾ ਮੋਹ ਕਰਦਾ ਸੀ।

ਪੌਲੁਸ ਵਾਂਗ ਅਸੀਂ ਵੀ ਜਦੋਂ ਤੁਹਾਡੇ ਬਾਰੇ ਸੋਚਦੇ ਹਾਂ, ਤਾਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ। ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਗੱਲ ਦਾ ਭਰੋਸਾ ਰੱਖੋ ਕਿ ਯਹੋਵਾਹ ਵੀ ਤੁਹਾਨੂੰ ਹਰ ਇਕ ਨੂੰ ਪਿਆਰ ਕਰਦਾ ਹੈ। ਤੁਹਾਡੇ ਵਿੱਚੋਂ ਕਈ ਸਖ਼ਤ ਵਿਰੋਧ ਦਾ ਸਾਮ੍ਹਣਾ ਕਰ ਰਹੇ ਹਨ, ਫਿਰ ਵੀ ਪ੍ਰਚਾਰ ਦੇ ਕੰਮ ਵਿਚ ਜੁੱਟੇ ਹੋਏ ਹਨ। ਤੁਹਾਡੀ ਦਲੇਰੀ ਤੇ ਨਿਡਰਤਾ ਦੇਖ ਕੇ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ!—ਕਹਾ. 27:11.

ਜਿਵੇਂ ਇਸ ਸਾਲ ਦੀ ਯੀਅਰ ਬੁੱਕ ਨੂੰ ਪੜ੍ਹ ਕੇ ਪਤਾ ਲੱਗਦਾ ਹੈ, ਪ੍ਰਭੂ ਯਿਸੂ ਮਸੀਹ “ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ” ਹੈ ਅਤੇ ਮਸੀਹ ਦੇ ਚੇਲਿਆਂ ਖ਼ਿਲਾਫ਼ ਜੋ ਵੀ ਹਥਿਆਰ ਬਣਾਇਆ ਜਾਵੇਗਾ, ਉਹ ਸਫ਼ਲ ਨਹੀਂ ਹੋਵੇਗਾ।—ਪਰ. 6:2; ਯਸਾ. 54:17.

ਪੌਲੁਸ ਨੇ ਫਿੱਲਿਪੈ ਦੇ ਮਸੀਹੀਆਂ ਨੂੰ ਲਿਖਿਆ ਸੀ: ‘ਮੈਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਖੁਸ਼ ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ।’ (ਫ਼ਿਲਿ. 1:3-5) ਅਸੀਂ ਪ੍ਰਬੰਧਕ ਸਭਾ ਦੇ ਮੈਂਬਰ ਵੀ ਤੁਹਾਡੇ ਬਾਰੇ ਇਵੇਂ ਮਹਿਸੂਸ ਕਰਦੇ ਹਾਂ। 2007 ਸੇਵਾ ਸਾਲ ਦੌਰਾਨ 236 ਦੇਸ਼ਾਂ ਵਿਚ 66,91,790 ਪਬਲੀਸ਼ਰਾਂ ਨੇ ਪ੍ਰਚਾਰ ਵਿਚ 1,43,17,61,554 ਘੰਟੇ ਲਗਾਏ। ਤੁਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਿੰਨਾ ਵੱਡਾ ਹਿੱਸਾ ਪਾ ਰਹੇ ਹੋ! ਜ਼ਰਾ ਸੋਚੋ, ਸਾਡੇ ਸਾਂਝੇ ਜਤਨਾਂ ਸਦਕਾ ਲੱਖਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲਿਆ! ਇਸ ਨਾਲ ਯਹੋਵਾਹ ਦੀ ਮਹਿਮਾ ਹੋਈ ਹੈ।

ਇਕ ਹੋਰ ਮੌਕੇ ʼਤੇ ਪੌਲੁਸ ਨੇ ਦਿਖਾਇਆ ਕਿ ਉਸ ਨੂੰ ਆਪਣੇ ਭੈਣਾਂ-ਭਰਾਵਾਂ ਨਾਲ ਹਮਦਰਦੀ ਸੀ। ਉਸ ਨੇ ਥੱਸਲੁਨੀਕੇ ਦੇ ਮਸੀਹੀਆਂ ਨੂੰ ਲਿਖਿਆ: ‘ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਉੱਤੇ ਤੁਹਾਡੀ ਆਸਾ ਦੀ ਧੀਰਜ ਆਪਣੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਨਿੱਤ ਚੇਤੇ ਕਰਦੇ ਹਾਂ।’ (1 ਥੱਸ. 1:2, 3) ਜੀ ਹਾਂ, ਜੀਵਨ ਫੁੱਲਾਂ ਦੀ ਸੇਜ ਨਹੀਂ ਹੈ। ਸਮੱਸਿਆਵਾਂ ਤਾਂ ਆਉਂਦੀਆਂ ਰਹਿੰਦੀਆਂ ਹਨ, ਪਰ ਜ਼ਰੂਰੀ ਗੱਲ ਹੈ ਕਿ ਅਸੀਂ ਧੀਰਜ ਨਾਲ ਇਨ੍ਹਾਂ ਦਾ ਸਾਮ੍ਹਣਾ ਕਰੀਏ। ਤੁਸੀਂ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹੋ? ਕੀ ਤੁਸੀਂ ਇਸ ਕਰਕੇ ਨਿਰਾਸ਼ ਹੋ ਕਿ ਗੰਭੀਰ ਬੀਮਾਰੀ ਹੋਣ ਕਰਕੇ ਤੁਸੀਂ ਯਹੋਵਾਹ ਦੇ ਕੰਮ ਵਿਚ ਜ਼ਿਆਦਾ ਨਹੀਂ ਕਰ ਪਾਉਂਦੇ ਹੋ? ਕੀ ਵੈਰਨ ਮੌਤ ਨੇ ਤੁਹਾਡਾ ਜੀਵਨ ਸਾਥੀ ਤੁਹਾਥੋਂ ਖੋਹ ਲਿਆ ਹੈ? (ਕਹਾ. 30:15, 16) ਕੀ ਸਿਰਫ਼ ਪ੍ਰਭੂ ਵਿਚ ਵਿਆਹ ਕਰਾਉਣ ਦੇ ਹੁਕਮ ਨੂੰ ਮੰਨਦੇ ਹੋਏ ਵੀ ਤੁਹਾਨੂੰ ਅਜਿਹਾ ਜੀਵਨ ਸਾਥੀ ਨਹੀਂ ਮਿਲ ਰਿਹਾ ਜੋ ਤੁਹਾਡੇ ਵਾਂਗ ਯਹੋਵਾਹ ਨੂੰ ਪਿਆਰ ਕਰਦਾ ਹੈ? (1 ਕੁਰਿੰ. 7:39) ਕੀ ਪੈਸੇ ਪੱਖੋਂ ਹੱਥ ਤੰਗ ਹੋਣ ਕਰਕੇ ਤੁਹਾਡੇ ਲਈ ਬੱਚਿਆਂ ਨੂੰ ਪਾਲਣਾ ਔਖਾ ਹੈ? ਭਾਵੇਂ ਤੁਹਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਜੇ ਤੁਸੀਂ ਰਾਜ ਦੇ ਕੰਮਾਂ ਨੂੰ ਪਹਿਲ ਦਿਓਗੇ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ‘ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਨਹੀਂ ਭੁੱਲੇਗਾ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਹੈ।’ ਭੈਣੋ ਤੇ ਭਰਾਵੋ, ਅਸੀਂ ਤੁਹਾਨੂੰ ਅਰਜ਼ ਕਰਦੇ ਹਾਂ ਕਿ ਤੁਸੀਂ ‘ਭਲਿਆਈ ਕਰਦਿਆਂ ਅੱਕਿਓ ਨਾ।’—ਇਬ. 6:10; ਗਲਾ. 6:9.

ਧੀਰਜ ਕਰਨ ਵਿਚ ਕਿਹੜੀ ਚੀਜ਼ ਤੁਹਾਡੀ ਮਦਦ ਕਰੇਗੀ? ਜਿਸ ਚੀਜ਼ ਨੇ ਥੱਸਲੁਨੀਕੇ ਦੇ ਮਸੀਹੀਆਂ ਦੀ ਮਦਦ ਕੀਤੀ ਸੀ, ਅਰਥਾਤ ‘ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਆਸਾ।’ ਇਸੇ ਕਰਕੇ ਪੌਲੁਸ ਨੇ “ਮੁਕਤੀ ਦੀ ਆਸ” ਦੀ ਤੁਲਨਾ ਮਜ਼ਬੂਤ ਟੋਪ ਨਾਲ ਕੀਤੀ ਜੋ ਮਸੀਹੀਆਂ ਨੂੰ ਮਾੜੀਆਂ ਸੋਚਾਂ ਤੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਸ਼ੱਕ ਕਰਨ ਤੋਂ ਬਚਾ ਸਕਦੀ ਹੈ।—1 ਥੱਸ. 5:8.

ਸ਼ਤਾਨ ਦੇ ਤਾਅਨਿਆਂ-ਮਿਹਣਿਆਂ ਦਾ ਜਵਾਬ ਦੇਣ ਲਈ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ। ਸ਼ਤਾਨ ਦਾਅਵੇ ਨਾਲ ਕਹਿੰਦਾ ਹੈ ਕਿ ਪਰਮੇਸ਼ੁਰ ਦੇ ਭਗਤ ਬੜੇ ਸੁਆਰਥੀ ਹਨ ਅਤੇ ਉਹ ਸਿਰਫ਼ ਕੁਝ ਸਮੇਂ ਲਈ ਹੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਤਿਆਰ ਹਨ। ਜੇ ਔਕੜਾਂ ਵਧ ਗਈਆਂ ਜਾਂ ਜੇ ਇਹ ਬੁਰੀ ਦੁਨੀਆਂ ਉਨ੍ਹਾਂ ਦੀ ਆਸ ਤੋਂ ਉਲਟ ਜ਼ਿਆਦਾ ਸਮੇਂ ਤਕ ਚੱਲਦੀ ਹੈ, ਤਾਂ ਉਹ ਢਿੱਲੇ ਪੈ ਜਾਣਗੇ। ਤੁਹਾਡੇ ਕੋਲ ਸੁਨਹਿਰਾ ਮੌਕਾ ਹੈ ਸ਼ਤਾਨ ਨੂੰ ਝੂਠਾ ਸਾਬਤ ਕਰਨ ਦਾ! ਇਹ ਵੀ ਯਾਦ ਰੱਖੋ ਕਿ ਤੁਸੀਂ ਦਿਨ-ਬ-ਦਿਨ ਉਸ ਖ਼ੁਸ਼ੀਆਂ ਭਰੇ ਸਮੇਂ ਦੇ ਨੇੜੇ ਜਾ ਰਹੇ ਹੋ ਜਦੋਂ ਯਹੋਵਾਹ ਬਰਕਤਾਂ ਦਾ ਮੀਂਹ ਵਰਾਵੇਗਾ।

ਜਿਵੇਂ ਪੌਲੁਸ ਹਮੇਸ਼ਾ ਆਪਣੇ ਭਰਾਵਾਂ ਦੀ ਪੱਕੀ ਨਿਹਚਾ, ਪ੍ਰਚਾਰ ਕੰਮ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਧੀਰਜ ਕਰਕੇ ਉਨ੍ਹਾਂ ਦੀ ਤਾਰੀਫ਼ ਕਰਦਾ ਹੁੰਦਾ ਸੀ, ਉਸੇ ਤਰ੍ਹਾਂ ਅਸੀਂ ਵੀ ਤੁਹਾਡੀ ਸ਼ਲਾਘਾ ਕਰਦੇ ਹਾਂ ਤੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਸੋ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਡਟੇ ਰਹੋ!

ਸਾਡੀ ਦੁਆ ਹੈ ਕਿ ਆਉਣ ਵਾਲਾ ਸਾਲ ਪਰਮੇਸ਼ੁਰ ਦੀਆਂ ਬਰਕਤਾਂ ਨਾਲ ਭਰਿਆ ਰਹੇ। ਸ਼ੁਭ ਕਾਮਨਾਵਾਂ ਸਹਿਤ,

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ