ਅਸੀਂ ਯਹੋਵਾਹ ਨੂੰ ਨਜ਼ਰਾਨਾ ਦੇ ਸਕਦੇ ਹਾਂ
1 ਕੀ ਤੁਹਾਨੂੰ ਪਤਾ ਕਿ ਇਨਸਾਨ ਵੀ ਪਰਮੇਸ਼ੁਰ ਨੂੰ ਕੁਝ ਦੇ ਸਕਦੇ ਹਨ? ਹਾਬਲ ਨੇ ਆਪਣੇ ਇੱਜੜ ਵਿੱਚੋਂ ਵਧੀਆ ਪਸ਼ੂ ਲੈ ਕੇ ਯਹੋਵਾਹ ਨੂੰ ਭੇਟ ਚੜ੍ਹਾਇਆ ਸੀ ਅਤੇ ਨੂਹ ਤੇ ਅੱਯੂਬ ਨੇ ਵੀ ਇਸੇ ਤਰ੍ਹਾਂ ਕੀਤਾ ਸੀ। (ਉਤ. 4:4; 8:20; ਅੱਯੂ. 1:5) ਇਹ ਸੱਚ ਹੈ ਕਿ ਇਨ੍ਹਾਂ ਭੇਟਾਂ ਨਾਲ ਯਹੋਵਾਹ ਅਮੀਰ ਨਹੀਂ ਹੋਇਆ ਕਿਉਂਕਿ ਉਹ ਤਾਂ ਦੁਨੀਆਂ ਦਾ ਮਾਲਕ ਹੈ। ਪਰ ਇਨ੍ਹਾਂ ਨਜ਼ਰਾਨਿਆਂ ਨੇ ਦਿਖਾਇਆ ਕਿ ਇਹ ਵਫ਼ਾਦਾਰ ਬੰਦੇ ਯਹੋਵਾਹ ਨਾਲ ਕਿੰਨਾ ਪਿਆਰ ਕਰਦੇ ਸਨ। ਅੱਜ ਅਸੀਂ ਯਹੋਵਾਹ ਨੂੰ “ਉਸਤਤ ਦਾ ਬਲੀਦਾਨ” ਚੜ੍ਹਾਉਣ ਲਈ ਆਪਣਾ ਸਮਾਂ, ਤਾਕਤ ਅਤੇ ਪੈਸਾ ਆਦਿ ਵਰਤ ਸਕਦੇ ਹਾਂ।—ਇਬ. 13:15.
2 ਸਮਾਂ: ਚੰਗੀ ਤਰ੍ਹਾਂ ਸੇਵਕਾਈ ਕਰਨ ਲਈ ਸਾਨੂੰ ਆਪਣੇ ਸਮੇਂ ਨੂੰ ਲਾਭਦਾਇਕ ਤਰੀਕੇ ਨਾਲ ਵਰਤਣਾ ਪਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਗ਼ੈਰ-ਜ਼ਰੂਰੀ ਕੰਮਾਂ ਵਿਚ ਸਮਾਂ ਬਰਬਾਦ ਨਾ ਕਰੀਏ। (ਅਫ਼. 5:15, 16) ਅਸੀਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਸਾਲ ਵਿਚ ਇਕ-ਦੋ ਮਹੀਨੇ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹਾਂ। ਜਾਂ ਅਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕਦੇ ਹਾਂ। ਹਰ ਹਫ਼ਤੇ ਅੱਧਾ ਘੰਟਾ ਜ਼ਿਆਦਾ ਪ੍ਰਚਾਰ ਕਰਨ ਨਾਲ ਅਸੀਂ ਹਰ ਮਹੀਨੇ ਪ੍ਰਚਾਰ ਵਿਚ ਘੱਟੋ-ਘੱਟ ਦੋ ਘੰਟੇ ਜ਼ਿਆਦਾ ਲਗਾ ਸਕਾਂਗੇ!
3 ਤਾਕਤ: ਸੇਵਕਾਈ ਵਿਚ ਆਪਣੀ ਤਾਕਤ ਲਗਾਉਣ ਲਈ ਜ਼ਰੂਰੀ ਹੈ ਕਿ ਅਸੀਂ ਅਜਿਹੇ ਮਨੋਰੰਜਨ ਤੇ ਕੰਮਾਂ ਤੋਂ ਦੂਰ ਰਹੀਏ ਜਿਨ੍ਹਾਂ ਨਾਲ ਅਸੀਂ ਬਹੁਤ ਥੱਕ ਜਾਂਦੇ ਹਾਂ। ਸਾਨੂੰ ਚਿੰਤਾਵਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਚਿੰਤਾਵਾਂ ਸਾਡੇ ਦਿਲ ਨੂੰ “ਝੁਕਾ” ਦਿੰਦੀਆਂ ਹਨ ਜਿਸ ਕਰਕੇ ਸਾਡੇ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਤਾਕਤ ਨਹੀਂ ਰਹਿੰਦੀ। (ਕਹਾ. 12:25) ਜੇ ਸਾਨੂੰ ਕੋਈ ਜਾਇਜ਼ ਫ਼ਿਕਰ ਹੈ ਵੀ, ਤਾਂ ਵੀ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟਣਾ’ ਬਿਹਤਰ ਹੈ ਕਿਉਂਕਿ ਉਹ ਸਾਨੂੰ ਸੰਭਾਲੇਗਾ।—ਜ਼ਬੂ. 55:22; ਫ਼ਿਲਿ. 4:6, 7.
4 ਪੈਸਾ: ਅਸੀਂ ਪ੍ਰਚਾਰ ਦੇ ਕੰਮ ਵਿਚ ਆਪਣਾ ਪੈਸਾ ਵਰਤ ਸਕਦੇ ਹਾਂ। ਪੌਲੁਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਸੀ ਕਿ ਲੋੜਵੰਦਾਂ ਦੀ ਮਦਦ ਕਰਨ ਲਈ ਉਹ ਬਾਕਾਇਦਾ ਕੁਝ ਪੈਸਾ “ਵੱਖ” ਰੱਖਣ। (1 ਕੁਰਿੰ. 16:1, 2) ਇਸੇ ਤਰ੍ਹਾਂ, ਅਸੀਂ ਵੀ ਕੁਝ ਪੈਸਾ ਵੱਖ ਰੱਖ ਕੇ ਕਲੀਸਿਯਾ ਦੇ ਕੰਮਾਂ ਲਈ ਤੇ ਪੂਰੀ ਦੁਨੀਆਂ ਵਿਚ ਹੁੰਦੇ ਪ੍ਰਚਾਰ ਦੇ ਕੰਮ ਲਈ ਦਾਨ ਕਰ ਸਕਦੇ ਹਾਂ। ਭਾਵੇਂ ਅਸੀਂ ਥੋੜ੍ਹਾ ਦਿੰਦੇ ਹਾਂ, ਪਰ ਯਹੋਵਾਹ ਦਿਲੋਂ ਦਿੱਤੇ ਸਾਡੇ ਨਜ਼ਰਾਨਿਆਂ ਦੀ ਕਦਰ ਕਰਦਾ ਹੈ।—ਲੂਕਾ 21:1-4.
5 ਯਹੋਵਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। (ਯਾਕੂ. 1:17) ਇਸ ਲਈ ਅਸੀਂ ਉਸ ਦਾ ਕੰਮ ਕਰਨ ਲਈ ਆਪਣਾ ਸਮਾਂ, ਤਾਕਤ ਅਤੇ ਪੈਸਾ ਵਗੈਰਾ ਲਾ ਕੇ ਆਪਣੀ ਕਦਰ ਦਿਖਾਉਂਦੇ ਹਾਂ। ਇਹ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ ਕਿਉਂਕਿ “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰ. 9:7.