ਪ੍ਰਚਾਰ ਕਰਦਿਆਂ ਸਮਝਦਾਰੀ ਤੋਂ ਕੰਮ ਲਓ
1 ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਸੰਬੰਧੀ ਵਧੀਆ ਹਿਦਾਇਤਾਂ ਦਿੱਤੀਆਂ ਸਨ। ਉਹ ਜਾਣਦਾ ਸੀ ਕਿ ਹਾਲਾਤ ਬਦਲਣ ਨਾਲ ਪ੍ਰਚਾਰ ਕਰਨ ਦੇ ਤਰੀਕਿਆਂ ਵਿਚ ਵੀ ਤਬਦੀਲੀਆਂ ਕਰਨੀਆਂ ਪੈਣਗੀਆਂ। ਉਦਾਹਰਣ ਲਈ, ਪਹਿਲੀ ਵਾਰ 12 ਚੇਲਿਆਂ ਨੂੰ ਪ੍ਰਚਾਰ ਤੇ ਘੱਲਣ ਲੱਗਿਆਂ ਉਸ ਨੇ ਉਨ੍ਹਾਂ ਨੂੰ ਮੱਤੀ 10:9, 10 ਵਿਚ ਦਰਜ ਹਿਦਾਇਤਾਂ ਦਿੱਤੀਆਂ ਸਨ। (ਲੂਕਾ 9:3) ਉਸ ਸਮੇਂ ਉਹ ਹਿਦਾਇਤਾਂ ਢੁਕਵੀਆਂ ਸਨ। ਪਰ ਬਾਅਦ ਵਿਚ ਹਾਲਾਤ ਬਦਲ ਗਏ। ਲੋਕ ਮਸੀਹ ਦੇ ਚੇਲਿਆਂ ਦਾ ਸੰਦੇਸ਼ ਸੁਣਨ ਲਈ ਤਿਆਰ ਨਹੀਂ ਸਨ, ਇਸ ਕਰਕੇ ਯਿਸੂ ਨੇ ਨਵੀਆਂ ਹਿਦਾਇਤਾਂ ਦਿੱਤੀਆਂ ਜੋ ਲੂਕਾ 22:35-37 ਵਿਚ ਦਰਜ ਹਨ। ਅੱਜ ਸਾਨੂੰ ਵੀ ਪ੍ਰਚਾਰ ਕਰਦਿਆਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਬਦੀਲੀਆਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
2 ਸਾਡਾ ਉਦੇਸ਼ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਨੇਕਦਿਲ ਲੋਕਾਂ ਨੂੰ ਲੱਭਣਾ। ਯਹੋਵਾਹ ਆਪਣੇ ਸੇਵਕਾਂ ਦੇ ਜਤਨਾਂ ਉੱਤੇ ਬਰਕਤ ਪਾ ਰਿਹਾ ਹੈ। ਪਰ ਸਾਰੇ ਲੋਕ ਸਾਡੇ ਉਦੇਸ਼ ਨੂੰ ਨਹੀਂ ਸਮਝਦੇ ਜਾਂ ਸ਼ਾਂਤੀ ਦਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ। ਇਹ ਵੀ ਹੈ ਕਿ ਸ਼ਤਾਨ ਨਹੀਂ ਚਾਹੁੰਦਾ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਵੇ, ਇਸ ਲਈ ਉਹ ਵਿਰੋਧ ਖੜ੍ਹਾ ਕਰਦਾ ਹੈ। (1 ਪਤ. 5:8; ਪਰ. 12:12, 17) ਇਸ ਕਰਕੇ ਘਰ-ਘਰ ਪ੍ਰਚਾਰ ਕਰਦਿਆਂ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। (ਕਹਾ. 3:21, 22) ਭਾਵੇਂ ਅਜੇ ਤੁਹਾਡੇ ਇਲਾਕੇ ਵਿਚ ਵਿਰੋਧ ਨਹੀਂ ਹੁੰਦਾ ਹੈ, ਫਿਰ ਵੀ ਚੰਗਾ ਹੋਵੇਗਾ ਕਿ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਸਮਝਦਾਰੀ ਤੋਂ ਕੰਮ ਲਵੋ।—ਕਹਾ. 22:3.
3 ਪ੍ਰਚਾਰ ਤੋਂ ਪਹਿਲਾਂ ਰੱਖੀ ਗਈ ਮੀਟਿੰਗ: ਜੇ ਸਾਰੇ ਜਣੇ ਆਪੋ ਆਪਣੇ ਬੁੱਕ ਸਟੱਡੀ ਗਰੁੱਪ ਨਾਲ ਪ੍ਰਚਾਰ ਕਰਨ, ਤਾਂ ਪ੍ਰਚਾਰ ਦੀ ਥਾਂ ʼਤੇ ਭੈਣਾਂ-ਭਰਾਵਾਂ ਦੀ ਭੀੜ ਨਹੀਂ ਲੱਗੇਗੀ। ਪ੍ਰਚਾਰ ਤੋਂ ਪਹਿਲਾਂ ਰੱਖੀਆਂ ਮੀਟਿੰਗਾਂ ਕਿਸੇ ਭੈਣ ਜਾਂ ਭਰਾ ਦੇ ਘਰ ਰੱਖੀਆਂ ਜਾ ਸਕਦੀਆਂ ਹਨ, ਬਸ਼ਰਤੇ ਕਿ ਉਸ ਦਾ ਘਰ ਉੱਥੇ ਨਾ ਹੋਵੇ ਜਿੱਥੇ ਧਾਰਮਿਕ ਕੱਟੜਵਾਦੀ ਰਹਿੰਦੇ ਹਨ। ਜੇ ਜ਼ਿਆਦਾ ਭੈਣਾਂ-ਭਰਾਵਾਂ ਦੇ ਘਰ ਉਪਲਬਧ ਨਹੀਂ ਹਨ, ਤਾਂ ਇਹ ਮੀਟਿੰਗਾਂ ਕਿੰਗਡਮ ਹਾਲ ਵਿਚ ਰੱਖੀਆਂ ਜਾ ਸਕਦੀਆਂ ਹਨ ਕਿਉਂਕਿ ਲੋਕ ਸਾਨੂੰ ਇੱਥੇ ਆਉਂਦੇ-ਜਾਂਦੇ ਦੇਖਣ ਦੇ ਆਦੀ ਹੋ ਚੁੱਕੇ ਹੁੰਦੇ ਹਨ। ਜਾਂ ਫਿਰ ਜਿਸ ਇਲਾਕੇ ਵਿਚ ਪ੍ਰਚਾਰ ਕਰਨਾ ਹੈ, ਉਸ ਤੋਂ ਬਾਹਰ ਕਿਸੇ ਜਨਤਕ ਥਾਂ ʼਤੇ ਮਿਲਿਆ ਜਾ ਸਕਦਾ ਹੈ। ਸਾਰਿਆਂ ਨੂੰ ਸਾਫ਼-ਸਾਫ਼ ਦੱਸੋ ਕਿ ਉਨ੍ਹਾਂ ਨੇ ਕਿੱਥੇ ਅਤੇ ਕਿਹਦੇ ਨਾਲ ਕੰਮ ਕਰਨਾ ਹੈ। ਫਿਰ ਪਬਲੀਸ਼ਰ ਚੁੱਪ-ਚਾਪ ਆਪੋ-ਆਪਣੇ ਇਲਾਕੇ ਵਿਚ ਚਲੇ ਜਾਣ। ਇਲਾਕੇ ਵਿਚ ਪਬਲੀਸ਼ਰ ਝੁੰਡ ਬਣਾ ਕੇ ਇਕੱਠੇ ਨਾ ਹੋਣ ਤੇ ਨਾ ਹੀ ਉੱਚੀ-ਉੱਚੀ ਗੱਲਾਂ ਕਰਨ ਜਾਂ ਅਜਿਹਾ ਕੁਝ ਕਰਨ ਜਿਸ ਨਾਲ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਆਵੇ। ਜਿੱਥੇ ਤੁਸੀਂ ਪ੍ਰਚਾਰ ਕਰਨਾ ਹੈ, ਉੱਥੋਂ ਦੂਰ ਆਪਣੇ ਸਕੂਟਰ-ਕਾਰਾਂ ਵਗੈਰਾ ਖੜ੍ਹੇ ਕਰੋ ਤਾਂਕਿ ਆਵਾਰਾ ਕਿਸਮ ਦੇ ਲੋਕਾਂ ਦੀ ਨਜ਼ਰ ਨਾ ਪਵੇ।
4 ਚੌਕਸ ਰਹੋ: ਇਹ ਦੇਖਿਆ ਗਿਆ ਹੈ ਕਿ ਭੀੜ ਵੱਲੋਂ ਪਬਲੀਸ਼ਰਾਂ ਦਾ ਵਿਰੋਧ ਕਰਨ ਦੇ ਵਾਕਿਆ ਇਕ ਆਦਮੀ ਦੁਆਰਾ ਸ਼ੁਰੂ ਕੀਤੇ ਜਾਂਦੇ ਹਨ ਜੋ ਸਾਨੂੰ ਪ੍ਰਚਾਰ ਕਰਦਿਆਂ ਦੇਖ ਕੇ ਭੀੜ ਇਕੱਠੀ ਕਰ ਲੈਂਦਾ ਹੈ। ਇਸ ਲਈ ਪ੍ਰਚਾਰ ਕਰਦਿਆਂ ਚੌਕਸ ਰਹਿਣ ਦੀ ਲੋੜ ਹੈ। ਜਦੋਂ ਇਕ ਪਬਲੀਸ਼ਰ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਹੈ, ਤਾਂ ਦੂਸਰਾ ਪਬਲੀਸ਼ਰ ਨਜ਼ਰ ਰੱਖ ਸਕਦਾ ਹੈ ਕਿ ਆਲੇ-ਦੁਆਲੇ ਕੀ ਹੋ ਰਿਹਾ ਹੈ। (ਮੱਤੀ 10:16) ਜੇ ਉਹ ਦੇਖਦਾ ਹੈ ਕਿ ਕਿਸੇ ਬੰਦੇ ਦੀ ਤੁਹਾਡੇ ਉੱਤੇ ਨਜ਼ਰ ਹੈ ਜਾਂ ਉਹ ਤੁਹਾਡੇ ਵੱਲ ਦੇਖਦੇ ਹੋਏ ਮੋਬਾਇਲ ਫੋਨ ʼਤੇ ਗੱਲ ਕਰ ਰਿਹਾ ਹੈ, ਤਾਂ ਉਸੇ ਵੇਲੇ ਗੱਲ ਖ਼ਤਮ ਕਰ ਕੇ ਚੁੱਪ-ਚਾਪ ਉੱਥੋਂ ਚਲੇ ਜਾਣਾ ਚਾਹੀਦਾ ਹੈ। (ਕਹਾ. 17:14) ਪਹਿਲਾਂ ਤੋਂ ਹੀ ਇਹ ਇੰਤਜ਼ਾਮ ਹੋਣਾ ਚਾਹੀਦਾ ਹੈ ਕਿ ਇਕ ਇਲਾਕੇ ਵਿਚ ਸਮੱਸਿਆ ਖੜ੍ਹੀ ਹੋਣ ʼਤੇ ਕਿਸੇ ਦੂਸਰੇ ਇਲਾਕੇ ਵਿਚ ਪ੍ਰਚਾਰ ਜਾਰੀ ਰੱਖਿਆ ਜਾ ਸਕੇ। ਇਸ ਤਰ੍ਹਾਂ ਕਰਨ ਲਈ ਸਿਆਣਪ ਦੀ ਲੋੜ ਹੈ, ਸੋ ਚੰਗਾ ਹੋਵੇਗਾ ਜੇ ਨਵੇਂ ਪਬਲੀਸ਼ਰ ਹਮੇਸ਼ਾ ਤਜਰਬੇਕਾਰ ਪਬਲੀਸ਼ਰਾਂ ਨਾਲ ਪ੍ਰਚਾਰ ਕਰਨ।
5 ਸਾਫ਼-ਸੁਥਰਾ ਪਹਿਰਾਵਾ, ਪਰ ਜ਼ਿਆਦਾ ਸੱਜ-ਧੱਜ ਨਹੀਂ: ਪ੍ਰਚਾਰ ਕਰਦਿਆਂ ਸਮਝਦਾਰੀ ਤੋਂ ਕੰਮ ਲੈਣ ਅਤੇ ਆਪਣੇ ਵੱਲ ਲੋਕਾਂ ਦਾ ਧਿਆਨ ਨਾ ਖਿੱਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਹਿਰਾਵੇ ਦਾ ਵੀ ਧਿਆਨ ਰੱਖੀਏ। ਸਾਡਾ ਪਹਿਰਾਵਾ ਹਮੇਸ਼ਾ ਸਾਫ਼-ਸੁਥਰਾ ਤੇ ਸੁਚੱਜਾ ਹੋਣਾ ਚਾਹੀਦਾ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਆਪਣੇ ਇਲਾਕੇ ਦੇ ਸਭਿਆਚਾਰ ਅਨੁਸਾਰ ਕੱਪੜੇ ਪਾਉਣੇ ਠੀਕ ਹਨ। ਸੋ ਸਾਡਾ ਪਹਿਰਾਵਾ ਇੱਦਾਂ ਦਾ ਨਾ ਹੋਵੇ ਕਿ ਅਸੀਂ ਲੋਕਾਂ ਤੋਂ ਵੱਖਰੇ ਨਜ਼ਰ ਆਈਏ ਜਾਂ ਲੋਕਾਂ ਨੂੰ ਅਸੀਂ ਵਿਦੇਸ਼ੀ ਮਿਸ਼ਨਰੀ ਲੱਗੀਏ। ਇਸ ਨਾਲ ਹੋ ਸਕਦਾ ਹੈ ਕਿ ਉਹ ਸਾਡਾ ਸੰਦੇਸ਼ ਨਾ ਸੁਣਨ। ਸ਼ਾਇਦ ਯਿਸੂ ਵੀ ਆਪਣੇ ਜ਼ਮਾਨੇ ਦੇ ਲੋਕਾਂ ਵਰਗੇ ਕੱਪੜੇ ਪਾਉਣ ਕਰਕੇ ਦੂਜਿਆਂ ਤੋਂ ਵੱਖਰਾ ਨਜ਼ਰ ਨਹੀਂ ਆਉਂਦਾ ਸੀ। ਇਸੇ ਕਰਕੇ, ਯਹੂਦਾ ਨੇ ਸਿਪਾਹੀਆਂ ਸਾਮ੍ਹਣੇ ਯਿਸੂ ਨੂੰ ਚੁੰਮ ਕੇ ਉਸ ਦੀ ਪਛਾਣ ਕਰਾਈ ਸੀ। (ਮੱਤੀ 26:48; ਮਰ. 14:44) ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਪਹਿਰਾਵੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਹਿਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਜੇ ਕੋਈ ਪਬਲੀਸ਼ਰ ਆਪਣੇ ਪਹਿਰਾਵੇ ਵਿਚ ਤਬਦੀਲੀ ਕਰਦਾ ਹੈ, ਤਾਂ ਸਾਰਿਆਂ ਨੂੰ ਉਸ ਦੇ ਫ਼ੈਸਲੇ ਦਾ ਆਦਰ ਕਰਨਾ ਚਾਹੀਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਨਾਲ ਦੂਜਿਆਂ ਨੂੰ ਠੋਕਰ ਲੱਗੇ।—2 ਕੁਰਿੰ. 6:3.
6 ਪ੍ਰਚਾਰ ਦੌਰਾਨ ਸਮਝਦਾਰੀ ਦਿਖਾ ਕੇ ਅਸੀਂ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਘਟਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਇਨ੍ਹਾਂ ਅੰਤ ਦੇ ਦਿਨਾਂ ਵਿਚ ਵੀ ਯਹੋਵਾਹ ਦੀ ਇੱਛਾ ਪੂਰੀ ਕਰਦੇ ਰਹਿ ਸਕਾਂਗੇ ਅਤੇ ਉਸ ਦੀ ਮਹਿਮਾ ਕਰਦੇ ਰਹਾਂਗੇ।