ਕੀ ਯਹੂਦਾਹ ਦਾ ਦੇਸ਼ ਵਿਰਾਨ ਰਿਹਾ ਸੀ?
ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਯਹੂਦਾਹ ਦਾ ਦੇਸ਼ ਬਾਬਲ ਦੀਆਂ ਫ਼ੌਜਾਂ ਦੁਆਰਾ ਤਬਾਹ ਕੀਤਾ ਜਾਵੇਗਾ। ਇਹ ਦੇਸ਼ ਤਦ ਤਕ ਵਿਰਾਨ ਪਿਆ ਰਹੇਗਾ ਜਦ ਤਕ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਆਪਣੇ ਦੇਸ਼ ਵਾਪਸ ਨਹੀਂ ਆਉਂਦੇ। (ਯਿਰਮਿਯਾਹ 25:8-11) ਇਸ ਭਵਿੱਖਬਾਣੀ ਦੀ ਪੂਰਤੀ ਦਾ ਸਭ ਤੋਂ ਜ਼ੋਰਦਾਰ ਸਬੂਤ ਕੀ ਹੈ? ਯਹੂਦੀ ਗ਼ੁਲਾਮਾਂ ਦੇ ਵਾਪਸ ਆਉਣ ਤੋਂ ਲਗਭਗ 75 ਸਾਲ ਬਾਅਦ ਬਾਈਬਲ ਵਿਚ ਇਸ ਬਾਰੇ ਦੱਸਿਆ ਗਿਆ ਸੀ। ਬਾਈਬਲ ਦੱਸਦੀ ਹੈ ਕਿ ਬਾਬਲ ਦਾ ਰਾਜਾ ਤਲਵਾਰ ਤੋਂ ਬਚੇ ਹੋਏ ਲੋਕਾਂ ਨੂੰ “ਬਾਬਲ ਨੂੰ ਲੈ ਗਿਆ ਅਤੇ ਉੱਥੇ ਓਹ ਉਸ ਦੇ ਅਤੇ ਉਸ ਦੇ ਪੁੱਤ੍ਰਾਂ ਦੇ ਟਹਿਲੂਏ ਹੋ ਕੇ ਰਹੇ ਜਦੋਂ ਤੀਕ ਕਿ ਫਾਰਸ ਦੇ ਪਾਤਸ਼ਾਹ ਦਾ ਰਾਜ ਨਾ ਬਣਿਆ।” ਅਤੇ ਦੇਸ਼ ਬਾਰੇ ਇਹ ਕਿਹਾ ਗਿਆ ਸੀ ਕਿ ਉਹ ਸੱਤਰ ਵਰਹਿਆਂ ਤਕ ‘ਵਿਰਾਨ ਪਿਆ ਰਿਹਾ।’ (2 ਇਤਹਾਸ 36:20, 21) ਕੀ ਪੁਰਾਣੀਆਂ ਲੱਭਤਾਂ ਤੋਂ ਇਸ ਗੱਲ ਦਾ ਸਬੂਤ ਮਿਲਦਾ ਹੈ?
ਇਬਰਾਨੀ ਯੂਨੀਵਰਸਿਟੀ ਵਿਚ ਪਲਸਤੀਨੀ ਪੁਰਾਤੱਤਵ-ਵਿਗਿਆਨ ਦੇ ਪ੍ਰੋਫ਼ੈਸਰ ਐਫਰਾਇਮ ਸਟੇਨ ਨੇ ਬਿਬਲੀਕਲ ਆਰਕਿਓਲੌਜੀ ਰਿਵਿਊ ਰਸਾਲੇ ਵਿਚ ਕਿਹਾ: “ਅੱਸ਼ੂਰੀ ਅਤੇ ਬਾਬਲੀ ਫ਼ੌਜਾਂ ਦੋਹਾਂ ਨੇ ਪ੍ਰਾਚੀਨ ਇਸਰਾਏਲ ਦੇ ਬਹੁਤ ਸਾਰੇ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਸੀ। ਪੁਰਾਣੀਆਂ ਲੱਭਤਾਂ ਤੋਂ ਇਸ ਦਾ ਠੋਸ ਸਬੂਤ ਮਿਲਦਾ ਹੈ ਕਿ ਅੱਸ਼ੂਰੀਆਂ ਨੇ ਦੇਸ਼ ਤੇ ਕਬਜ਼ਾ ਕੀਤਾ ਸੀ, ਪਰ ਬਾਬਲੀ ਫ਼ੌਜਾਂ ਦੁਆਰਾ ਕਬਜ਼ਾ ਕਰਨ ਦਾ ਕੋਈ ਸਬੂਤ ਨਹੀਂ ਮਿਲਦਾ। . . . ਹੈਰਾਨੀ ਦੀ ਗੱਲ ਹੈ ਕਿ ਜੋ ਵੀ ਸਬੂਤ ਮਿਲਿਆ ਉਹ ਲਗਭਗ 50 ਸਾਲ ਬਾਅਦ, ਫ਼ਾਰਸੀ ਯੁਗ ਸ਼ੁਰੂ ਹੋਣ ਤੋਂ ਬਾਅਦ ਹੀ ਮਿਲਿਆ। ਇਸ ਦਾ ਮਤਲਬ ਹੈ ਕਿ ਕੁਝ 50 ਸਾਲ ਤਕ ਇਤਿਹਾਸ ਦੇ ਰਿਕਾਰਡ ਅਧੂਰੇ ਰਹੇ। ਇਸ ਸਮੇਂ ਦੌਰਾਨ ਬਾਬਲੀਆਂ ਦੁਆਰਾ ਤਬਾਹ ਕੀਤੇ ਗਏ ਕੋਈ ਵੀ ਨਗਰ ਮੁੜ ਆਬਾਦ ਨਹੀਂ ਹੋਏ।”
ਹਾਵਰਡ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਲਾਰੈਂਸ ਈ. ਸਟੇਜਰ ਇਸ ਗੱਲ ਨਾਲ ਸਹਿਮਤ ਹੈ। ਉਹ ਦੱਸਦਾ ਹੈ: “ਬਾਬਲੀ ਰਾਜਿਆਂ ਨੇ ਪਹਿਲਾਂ ਫਲਿਸਤ ਉੱਤੇ ਤਬਾਹੀ ਲਿਆਂਦੀ, ਫਿਰ ਯਹੂਦਾਹ ਉੱਤੇ। ਯਰਦਨ ਨਦੀ ਦਾ ਪੱਛਮੀ ਹਿੱਸਾ ਉਜਾੜ ਬਣ ਕੇ ਰਹਿ ਗਿਆ।” ਉਸ ਨੇ ਅੱਗੇ ਕਿਹਾ: “ਬਾਬਲੀਆਂ ਤੋਂ ਬਾਅਦ ਫ਼ਾਰਸੀਆਂ ਦਾ ਰਾਜ ਸ਼ੁਰੂ ਹੋਇਆ। ਖੋਰੁਸ ਮਹਾਨ ਦੇ ਰਾਜ ਦੌਰਾਨ ਹੀ ਕੁਝ ਇਤਿਹਾਸਕ ਰਿਕਾਰਡ . . . ਯਰੂਸ਼ਲਮ ਤੇ ਯਹੂਦਾਹ ਵਿਚ ਮਿਲੇ ਸਨ, ਜਿੱਥੇ ਅਨੇਕ ਯਹੂਦੀ ਗ਼ੁਲਾਮੀ ਤੋਂ ਬਾਅਦ ਆਪਣੇ ਦੇਸ਼ ਨੂੰ ਵਾਪਸ ਆਏ ਸਨ।”
ਜੀ ਹਾਂ, ਯਹੂਦਾਹ ਦੀ ਵਿਰਾਨੀ ਬਾਰੇ ਜੋ ਯਹੋਵਾਹ ਨੇ ਕਿਹਾ ਸੀ ਉਹ ਬਿਲਕੁਲ ਪੂਰਾ ਹੋਇਆ। ਯਹੋਵਾਹ ਦੇ ਬਚਨ ਵਿਚ ਜੋ ਕੁਝ ਵੀ ਪਹਿਲਾਂ ਦੱਸਿਆ ਗਿਆ ਹੈ, ਉਹ ਹਮੇਸ਼ਾ ਪੂਰਾ ਹੋ ਕੇ ਹੀ ਰਹਿੰਦਾ ਹੈ। (ਯਸਾਯਾਹ 55:10, 11) ਉਸ ਦੇ ਬਚਨ ਵਿਚ ਕੀਤੇ ਗਏ ਵਾਅਦੇ ਖੋਖਲੇ ਨਹੀਂ ਹਨ, ਅਸੀਂ ਉਨ੍ਹਾਂ ਵਿਚ ਪੱਕਾ ਭਰੋਸਾ ਰੱਖ ਸਕਦੇ ਹਾਂ।—2 ਤਿਮੋਥਿਉਸ 3:16.