-
ਕੀ ਯਿਸੂ ਦਾ ਜਨਮ ਦਸੰਬਰ ਵਿਚ ਹੋਇਆ ਸੀ?ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
-
-
ਵਧੇਰੇ ਜਾਣਕਾਰੀ
ਕੀ ਯਿਸੂ ਦਾ ਜਨਮ ਦਸੰਬਰ ਵਿਚ ਹੋਇਆ ਸੀ?
ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਿਸੂ ਦਾ ਜਨਮ ਕਦੋਂ ਹੋਇਆ ਸੀ। ਪਰ ਇਸ ਤੋਂ ਸਾਨੂੰ ਇੰਨਾ ਜ਼ਰੂਰ ਪਤਾ ਲੱਗਦਾ ਹੈ ਕਿ ਉਸ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ।
ਜ਼ਰਾ ਧਿਆਨ ਦਿਓ ਕਿ ਬੈਤਲਹਮ ਦੇ ਇਲਾਕੇ ਵਿਚ ਯਿਸੂ ਦੇ ਜਨਮ ਵੇਲੇ ਕਿਹੋ ਜਿਹਾ ਮੌਸਮ ਸੀ। ਯਹੂਦੀ ਕਲੰਡਰ ਦੇ ਕਿਸਲੇਵ ਮਹੀਨੇ (ਨਵੰਬਰ/ਦਸੰਬਰ) ਦੌਰਾਨ ਬਹੁਤ ਮੀਂਹ ਪੈਂਦਾ ਸੀ ਅਤੇ ਕਾਫ਼ੀ ਠੰਢ ਹੁੰਦੀ ਸੀ। ਇਸ ਤੋਂ ਬਾਅਦ ਟੇਬੇਥ ਮਹੀਨਾ (ਦਸੰਬਰ/ਜਨਵਰੀ) ਸਾਲ ਦਾ ਸਭ ਤੋਂ ਠੰਢਾ ਮਹੀਨਾ ਹੁੰਦਾ ਸੀ ਅਤੇ ਕਈ ਵਾਰ ਪਹਾੜੀ ਇਲਾਕਿਆਂ ਵਿਚ ਬਰਫ਼ ਵੀ ਪੈਂਦੀ ਸੀ। ਆਓ ਆਪਾਂ ਦੇਖੀਏ ਕਿ ਬਾਈਬਲ ਸਾਨੂੰ ਇਸ ਇਲਾਕੇ ਦੇ ਮੌਸਮ ਬਾਰੇ ਕੀ ਦੱਸਦੀ ਹੈ।
ਬਾਈਬਲ ਦੇ ਲੇਖਕ ਅਜ਼ਰਾ ਨੇ ਕਿਹਾ ਕਿ ਕਿਸਲੇਵ ਦੇ ਮਹੀਨੇ ਬਹੁਤ ਠੰਢ ਹੁੰਦੀ ਸੀ ਅਤੇ ਮੀਂਹ ਵੀ ਬਹੁਤ ਪੈਂਦਾ ਸੀ। ਉਸ ਨੇ ਦੱਸਿਆ ਕਿ ਸਾਰੀ ਪਰਜਾ “ਨੌਵੇਂ ਮਹੀਨੇ [ਕਿਸਲੇਵ] ਦੀ ਵੀਹਵੀਂ ਤਰੀਖ” ਨੂੰ ਯਰੂਸ਼ਲਮ ਵਿਚ ਇਕੱਠੀ ਹੋਈ ਸੀ ਅਤੇ ਲੋਕ “ਮੀਂਹ ਦੀ ਵਾਛੜ ਦੇ ਕਾਰਨ ਕੰਬਦੇ ਸਨ।” ਲੋਕਾਂ ਨੇ ਖ਼ੁਦ ਮੌਸਮ ਬਾਰੇ ਕਿਹਾ: “ਏਹ ਵੱਡੀ ਵਾਛੜ ਦਾ ਮੌਸਮ ਹੈ ਸੋ ਅਸੀਂ ਬਾਹਰ ਨਹੀਂ ਖਲੋ ਸੱਕਦੇ।” (ਅਜ਼ਰਾ 10:9, 13; ਯਿਰਮਿਯਾਹ 36:22) ਇਸੇ ਲਈ, ਉਸ ਇਲਾਕੇ ਵਿਚ ਰਹਿਣ ਵਾਲੇ ਚਰਵਾਹੇ ਦਸੰਬਰ ਦੌਰਾਨ ਆਪਣੇ ਇੱਜੜਾਂ ਨੂੰ ਅੰਦਰ ਹੀ ਰੱਖਦੇ ਸਨ!
ਪਰ ਬਾਈਬਲ ਕਹਿੰਦੀ ਹੈ ਕਿ ਜਿਸ ਰਾਤ ਯਿਸੂ ਦਾ ਜਨਮ ਹੋਇਆ, ਉਸ ਰਾਤ ਚਰਵਾਹੇ ਬਾਹਰ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। ਲੂਕਾ ਨੇ ਕਿਹਾ ਕਿ ਉਸ ਸਮੇਂ ਚਰਵਾਹੇ ਬੈਤਲਹਮ ਦੇ ਨੇੜੇ “ਘਰੋਂ ਬਾਹਰ ਰਹਿ ਰਹੇ ਸਨ ਅਤੇ ਰਾਤ ਨੂੰ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ।” (ਲੂਕਾ 2:8-12) ਧਿਆਨ ਦਿਓ ਕਿ ਚਰਵਾਹੇ ਸਿਰਫ਼ ਦਿਨ ਵੇਲੇ ਹੀ ਨਹੀਂ, ਪਰ ਰਾਤ ਨੂੰ ਵੀ ਬਾਹਰ ਆਪਣੇ ਇੱਜੜ ਦੀ ਰਾਖੀ ਕਰ ਰਹੇ ਸਨ। ਕੀ ਇਨ੍ਹਾਂ ਗੱਲਾਂ ਤੋਂ ਲੱਗਦਾ ਹੈ ਕਿ ਇੱਥੇ ਦਸੰਬਰ ਮਹੀਨੇ ਦੇ ਠੰਢੇ ਬਰਸਾਤੀ ਮੌਸਮ ਦੀ ਗੱਲ ਹੋ ਰਹੀ ਹੈ? ਬਿਲਕੁਲ ਨਹੀਂ। ਤਾਂ ਫਿਰ, ਮੌਸਮ ਤੋਂ ਜ਼ਾਹਰ ਹੁੰਦਾ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ।a
ਪਰਮੇਸ਼ੁਰ ਦਾ ਬਚਨ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਯਿਸੂ ਦੀ ਮੌਤ ਕਦੋਂ ਹੋਈ ਸੀ, ਪਰ ਉਸ ਦੇ ਜਨਮ ਦੀ ਪੱਕੀ ਤਾਰੀਖ਼ ਨਹੀਂ ਦਿੰਦਾ। ਇਸ ਤੋਂ ਸਾਨੂੰ ਰਾਜਾ ਸੁਲੇਮਾਨ ਦੇ ਸ਼ਬਦ ਯਾਦ ਆਉਂਦੇ ਹਨ ਜਿਸ ਨੇ ਕਿਹਾ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:1) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਯਿਸੂ ਦੇ ਜਨਮ ਬਾਰੇ ਜ਼ਿਆਦਾ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ, ਜਦ ਕਿ ਉਸ ਦੇ ਪ੍ਰਚਾਰ ਦੇ ਕੰਮ ਅਤੇ ਮੌਤ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ।
ਜਦ ਯਿਸੂ ਦਾ ਜਨਮ ਹੋਇਆ ਸੀ, ਤਦ ਚਰਵਾਹੇ ਰਾਤ ਨੂੰ ਬਾਹਰ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ
a ਹੋਰ ਜਾਣਕਾਰੀ ਲਈ ਸ਼ਾਸਤਰ ਵਿੱਚੋਂ ਤਰਕ ਕਰਨਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਸਫ਼ੇ 176-179 ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
-
-
ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
-
-
ਵਧੇਰੇ ਜਾਣਕਾਰੀ
ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?
ਬਾਈਬਲ ਵਿਚ ਉਨ੍ਹਾਂ ਤਿਉਹਾਰਾਂ ਦਾ ਜ਼ਿਕਰ ਨਹੀਂ ਮਿਲਦਾ ਜੋ ਅੱਜ ਦੁਨੀਆਂ ਭਰ ਵਿਚ ਮਨਾਏ ਜਾਂਦੇ ਹਨ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਤਿਉਹਾਰ ਕਿੱਥੋਂ ਸ਼ੁਰੂ ਹੋਏ ਸਨ। ਤੁਸੀਂ ਸ਼ਾਇਦ ਆਪਣੇ ਇਲਾਕੇ ਵਿਚ ਮਨਾਏ ਜਾਂਦੇ ਤਿਉਹਾਰਾਂ ਬਾਰੇ ਜਾਣਕਾਰੀ ਪਾ ਕੇ ਹੈਰਾਨ ਹੋਵੋ। ਆਓ ਆਪਾਂ ਕੁਝ ਮਿਸਾਲਾਂ ਵੱਲ ਧਿਆਨ ਦੇਈਏ।
ਈਸਟਰ। ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਬਾਈਬਲ ਵਿਚ ਈਸਟਰ ਮਨਾਉਣ ਦਾ ਕੋਈ ਸੰਕੇਤ ਨਹੀਂ ਮਿਲਦਾ।” ਤਾਂ ਫਿਰ ਈਸਟਰ ਦਾ ਤਿਉਹਾਰ ਸ਼ੁਰੂ ਕਿੱਦਾਂ ਹੋਇਆ? ਇਸ ਦਾ ਸੰਬੰਧ ਝੂਠੇ ਧਰਮਾਂ ਨਾਲ ਹੈ। ਭਾਵੇਂ ਕਿ ਇਹ ਤਿਉਹਾਰ ਯਿਸੂ ਦੇ ਜੀ ਉਠਾਏ ਜਾਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਪਰ ਈਸਟਰ ਨਾਲ ਜੁੜੇ ਰੀਤਾਂ-ਰਿਵਾਜਾਂ ਦਾ ਮਸੀਹੀ ਧਰਮ ਨਾਲ ਕੋਈ ਤਅੱਲਕ ਨਹੀਂ। ਮਿਸਾਲ ਲਈ, ਖ਼ਰਗੋਸ਼ ਈਸਟਰ ਦਾ ਇਕ ਚਿੰਨ੍ਹ ਹੈ ਜਿਸ ਨੂੰ “ਈਸਟਰ ਬੰਨੀ” ਕਿਹਾ ਜਾਂਦਾ ਹੈ। ਦ ਕੈਥੋਲਿਕ ਐਨਸਾਈਕਲੋਪੀਡੀਆ “ਈਸਟਰ ਬੰਨੀ” ਬਾਰੇ ਕਹਿੰਦਾ ਹੈ: “ਈਸਟਰ ਬੰਨੀ ਇਕ ਗ਼ੈਰ-ਈਸਾਈ ਚਿੰਨ੍ਹ ਹੈ ਅਤੇ ਇਹ ਜਣਨ-ਸ਼ਕਤੀ ਦਾ ਨਿਸ਼ਾਨ ਹੈ।”
ਨਵੇਂ ਸਾਲ ਦਾ ਤਿਉਹਾਰ। ਨਵੇਂ ਸਾਲ ਦੇ ਤਿਉਹਾਰ ਦੀ ਤਾਰੀਖ਼ ਅਤੇ ਉਸ ਨਾਲ ਸੰਬੰਧਿਤ ਰੀਤਾਂ-ਰਸਮਾਂ ਵੱਖੋ-ਵੱਖਰੇ ਦੇਸ਼ਾਂ ਵਿਚ ਵੱਖੋ-ਵੱਖਰੀਆਂ ਹੁੰਦੀਆਂ ਹਨ। ਇਸ ਤਿਉਹਾਰ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਰੋਮੀ ਸਮਰਾਟ ਜੂਲੀਅਸ ਸੀਜ਼ਰ ਨੇ 46 ਈਸਵੀ ਪੂਰਵ ਵਿਚ ਜਨਵਰੀ ਦੇ ਪਹਿਲੇ ਦਿਨ ਨੂੰ ਨਵੇਂ ਸਾਲ ਦੇ ਦਿਨ ਵਜੋਂ ਸਥਾਪਿਤ ਕੀਤਾ ਸੀ। ਰੋਮੀ ਲੋਕਾਂ ਨੇ ਇਹ ਦਿਨ ਜੇਨਸ ਨਾਂ ਦੇ ਦੇਵਤੇ ਨੂੰ ਅਰਪਿਤ ਕੀਤਾ ਸੀ ਜੋ ਫਾਟਕਾਂ, ਦਰਵਾਜ਼ਿਆਂ ਅਤੇ ਸ਼ੁਰੂਆਤ ਦਾ ਦੇਵਤਾ ਮੰਨਿਆ ਜਾਂਦਾ ਸੀ। ਜੇਨਸ ਦੇਵਤੇ ਦੇ ਨਾਂ ʼਤੇ ਜਨਵਰੀ ਮਹੀਨੇ ਦਾ ਨਾਂ ਰੱਖਿਆ ਗਿਆ ਸੀ। ਇਹ ਦੋ ਚਿਹਰਿਆਂ ਵਾਲਾ ਦੇਵਤਾ ਸੀ, ਜਿਸ ਦਾ ਇਕ ਚਿਹਰਾ ਅੱਗੇ ਨੂੰ ਅਤੇ ਦੂਜਾ ਪਿੱਛੇ ਨੂੰ ਦੇਖਦਾ ਸੀ।” ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਨਵੇਂ ਸਾਲ ਦੇ ਤਿਉਹਾਰ ਦੇ ਰੀਤ-ਰਿਵਾਜ ਗ਼ੈਰ-ਈਸਾਈ ਧਰਮ ਤੋਂ ਲਏ ਗਏ ਹਨ।
ਹੈਲੋਵੀਨ। ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਹੈਲੋਵੀਨ ਨਾਲ ਸੰਬੰਧਿਤ ਰੀਤਾਂ-ਰਸਮਾਂ ਉਨ੍ਹਾਂ ਰੀਤਾਂ-ਰਸਮਾਂ ਨਾਲ ਮਿਲਦੀਆਂ-ਜੁਲਦੀਆਂ ਹਨ ਜੋ ਮਸੀਹ ਦੇ ਸਮੇਂ ਤੋਂ ਪਹਿਲਾਂ ਪ੍ਰਾਚੀਨ ਇੰਗਲੈਂਡ ਦੇ ਕੈੱਲਟਿਕ ਪੁਜਾਰੀ (ਡਰੂਇਡ) ਮਨਾਉਂਦੇ ਸਨ। ਕੈੱਲਟਿਕ ਲੋਕ ਦੋ ਮੁੱਖ ਦੇਵਤਿਆਂ ਦੇ ਸਨਮਾਨ ਵਿਚ ਇਹ ਤਿਉਹਾਰ ਮਨਾਉਂਦੇ ਸਨ। ਇਕ ਸੀ ਸੂਰਜ ਦੇਵਤਾ ਅਤੇ ਦੂਸਰਾ ਸੀ ਮੁਰਦਿਆਂ ਦਾ ਦੇਵਤਾ, . . . ਮੁਰਦਿਆਂ ਦੇ ਦੇਵਤੇ ਦਾ ਤਿਉਹਾਰ ਨਵੰਬਰ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਸੀ ਜਿਸ ਦਿਨ ਕੈੱਲਟਿਕ ਲੋਕਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਸੀ। ਸਹਿਜੇ-ਸਹਿਜੇ ਇਹ ਤਿਉਹਾਰ ਈਸਾਈ ਧਰਮ ਨੇ ਵੀ ਮਨਾਉਣਾ ਸ਼ੁਰੂ ਕਰ ਦਿੱਤਾ।”
ਦੂਸਰੇ ਤਿਉਹਾਰ। ਦੁਨੀਆਂ ਭਰ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ, ਇਸ ਲਈ ਇਨ੍ਹਾਂ ਸਾਰਿਆਂ ਬਾਰੇ ਗੱਲ ਕਰਨੀ ਨਾਮੁਮਕਿਨ ਹੈ। ਫਿਰ ਵੀ, ਜਿਹੜੇ ਤਿਉਹਾਰ ਇਨਸਾਨਾਂ ਜਾਂ ਸੰਸਥਾਵਾਂ ਨੂੰ ਉੱਚਾ ਕਰਦੇ ਹਨ, ਯਹੋਵਾਹ ਉਨ੍ਹਾਂ ਨੂੰ ਕਬੂਲ ਨਹੀਂ ਕਰਦਾ। (ਯਿਰਮਿਯਾਹ 17:5-7; ਰਸੂਲਾਂ ਦੇ ਕੰਮ 10:25, 26) ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੋਈ ਧਾਰਮਿਕ ਤਿਉਹਾਰ ਯਹੋਵਾਹ ਨੂੰ ਖ਼ੁਸ਼ ਕਰਦਾ ਹੈ ਜਾਂ ਨਹੀਂ, ਤਾਂ ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਉਹ ਸ਼ੁਰੂ ਕਿੱਥੋਂ ਹੋਇਆ ਸੀ। (ਯਸਾਯਾਹ 52:11; ਪ੍ਰਕਾਸ਼ ਦੀ ਕਿਤਾਬ 18:4) ਇਸ ਕਿਤਾਬ ਦੇ 16ਵੇਂ ਅਧਿਆਇ ਵਿਚ ਦਿੱਤੇ ਗਏ ਬਾਈਬਲ ਦੇ ਸਿਧਾਂਤਾਂ ਦੀ ਮਦਦ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਯਹੋਵਾਹ ਗ਼ੈਰ-ਧਾਰਮਿਕ ਤਿਉਹਾਰਾਂ ਨੂੰ ਕਿੱਦਾਂ ਵਿਚਾਰਦਾ ਹੈ।
-