-
ਅਬਰਾਹਾਮ ਨਾਲ ਪਰਮੇਸ਼ੁਰ ਦਾ ਇਕਰਾਰਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
-
-
ਭਾਗ 4
ਅਬਰਾਹਾਮ ਨਾਲ ਪਰਮੇਸ਼ੁਰ ਦਾ ਇਕਰਾਰ
ਅਬਰਾਹਾਮ ਨੇ ਪਰਮੇਸ਼ੁਰ ਉੱਤੇ ਨਿਹਚਾ ਰੱਖੀ ਅਤੇ ਉਸ ਦਾ ਕਹਿਣਾ ਮੰਨਿਆ, ਯਹੋਵਾਹ ਨੇ ਉਸ ਨੂੰ ਬਰਕਤਾਂ ਦੇਣ ਅਤੇ ਉਸ ਦੀ ਸੰਤਾਨ ਨੂੰ ਵੱਡੀ ਕੌਮ ਬਣਾਉਣ ਦਾ ਵਾਅਦਾ ਕੀਤਾ
ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਤੋਂ ਲਗਭਗ 350 ਸਾਲ ਬਾਅਦ ਅਬਰਾਹਾਮ ਦਾ ਜਨਮ ਹੋਇਆ। ਅਬਰਾਹਾਮ ਊਰ ਨਾਂ ਦੇ ਵੱਡੇ ਸ਼ਹਿਰ ਵਿਚ ਰਹਿੰਦਾ ਸੀ ਜੋ ਅੱਜ ਇਰਾਕ ਵਿਚ ਪੈਂਦਾ ਹੈ। ਅਬਰਾਹਾਮ ਦੀ ਨਿਹਚਾ ਬੇਮਿਸਾਲ ਸੀ, ਪਰ ਉਸ ਦੀ ਪਰੀਖਿਆ ਲਈ ਗਈ।
ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਆਪਣਾ ਦੇਸ਼, ਆਪਣੀ ਜਨਮ-ਭੂਮੀ ਛੱਡ ਕੇ ਪਰਦੇਸ ਵਿਚ ਜਾ ਵੱਸੇ। ਅਬਰਾਹਾਮ ਝੱਟ ਤਿਆਰ ਹੋ ਗਿਆ ਅਤੇ ਆਪਣੀ ਪਤਨੀ ਸਾਰਾਹ, ਭਤੀਜੇ ਲੂਤ ਅਤੇ ਕਈ ਨੌਕਰਾਂ-ਚਾਕਰਾਂ ਨੂੰ ਲੈ ਕੇ ਤੁਰ ਪਿਆ। ਲੰਬਾ ਸਫ਼ਰ ਕਰ ਕੇ ਉਹ ਕਨਾਨ ਦੇਸ਼ ਵਿਚ ਪਹੁੰਚੇ ਜਿੱਥੇ ਉਹ ਤੰਬੂਆਂ ਵਿਚ ਰਹਿਣ ਲੱਗ ਪਏ। ਯਹੋਵਾਹ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਕਿ ਉਹ ਉਸ ਤੋਂ ਇਕ ਵੱਡੀ ਕੌਮ ਬਣਾਵੇਗਾ, ਉਸ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤਾਂ ਪਾਉਣਗੀਆਂ ਅਤੇ ਉਸ ਦੀ ਔਲਾਦ ਕਨਾਨ ਦੇਸ਼ ਦੀ ਮਾਲਕ ਬਣੇਗੀ।
ਕਨਾਨ ਵਿਚ ਅਬਰਾਹਾਮ ਅਤੇ ਉਸ ਦਾ ਭਤੀਜਾ ਲੂਤ ਕਾਫ਼ੀ ਅਮੀਰ ਹੋ ਗਏ ਅਤੇ ਉਨ੍ਹਾਂ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ ਤੇ ਹੋਰ ਪਸ਼ੂ ਸਨ। ਭਾਵੇਂ ਲੂਤ ਛੋਟਾ ਸੀ, ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਪਹਿਲਾਂ ਤੂੰ ਜੋ ਮਰਜ਼ੀ ਇਲਾਕਾ ਚੁਣ ਲੈ।’ ਲੂਤ ਨੇ ਯਰਦਨ ਦਰਿਆ ਦੇ ਲਾਗੇ ਹਰਿਆ-ਭਰਿਆ ਇਲਾਕਾ ਚੁਣਿਆ ਅਤੇ ਆਪਣੇ ਪਰਿਵਾਰ ਸਮੇਤ ਸਦੂਮ ਨਾਂ ਦੇ ਸ਼ਹਿਰ ਦੇ ਨੇੜੇ ਰਹਿਣ ਚਲਾ ਗਿਆ। ਪਰ ਸਦੂਮ ਦੇ ਆਦਮੀ ਬੜੇ ਬਦਕਾਰ ਸਨ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਕੰਮ ਕਰਦੇ ਸਨ।
ਯਹੋਵਾਹ ਪਰਮੇਸ਼ੁਰ ਨੇ ਬਾਅਦ ਵਿਚ ਅਬਰਾਹਾਮ ਨੂੰ ਆਪਣਾ ਵਾਅਦਾ ਯਾਦ ਕਰਾਇਆ ਅਤੇ ਕਿਹਾ ਕਿ ਉਸ ਦੀ ਸੰਤਾਨ ਦੀ ਗਿਣਤੀ ਆਸਮਾਨ ਦੇ ਤਾਰਿਆਂ ਜਿੰਨੀ ਹੋਵੇਗੀ। ਅਬਰਾਹਾਮ ਨੂੰ ਇਸ ਵਾਅਦੇ ਉੱਤੇ ਪੱਕਾ ਭਰੋਸਾ ਸੀ। ਪਰ ਉਸ ਸਮੇਂ ਅਬਰਾਹਾਮ ਦੀ ਘਰਵਾਲੀ ਸਾਰਾਹ ਦੇ ਕੋਈ ਬੱਚਾ ਨਹੀਂ ਸੀ। ਫਿਰ ਵੀ ਜਦ ਅਬਰਾਹਾਮ 99 ਸਾਲਾਂ ਦਾ ਅਤੇ ਸਾਰਾਹ ਲਗਭਗ 90 ਸਾਲਾਂ ਦੀ ਸੀ, ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੱਸਿਆ ਕਿ ਸਾਰਾਹ ਇਕ ਪੁੱਤਰ ਨੂੰ ਜਨਮ ਦੇਵੇਗੀ। ਪਰਮੇਸ਼ੁਰ ਦੇ ਵਾਅਦੇ ਮੁਤਾਬਕ ਸਾਰਾਹ ਨੇ ਇਸਹਾਕ ਨੂੰ ਜਨਮ ਦਿੱਤਾ। ਅਬਰਾਹਾਮ ਦੇ ਹੋਰ ਵੀ ਨਿਆਣੇ ਹੋਏ, ਪਰ ਅਦਨ ਦੇ ਬਾਗ਼ ਵਿਚ ਜਿਸ ਮੁਕਤੀਦਾਤੇ ਦੀ ਭਵਿੱਖਬਾਣੀ ਕੀਤੀ ਗਈ ਸੀ, ਉਸ ਨੇ ਇਸਹਾਕ ਦੀ ਪੀੜ੍ਹੀ ਵਿਚ ਜਨਮ ਲੈਣਾ ਸੀ।
ਆਪਣੇ ਪਰਿਵਾਰ ਨਾਲ ਸਦੂਮ ਵਿਚ ਰਹਿੰਦੇ ਹੋਏ ਵੀ ਧਰਮੀ ਲੂਤ ਸ਼ਹਿਰ ਦੇ ਬਦਕਾਰ ਲੋਕਾਂ ਵਰਗਾ ਨਹੀਂ ਬਣਿਆ। ਜਦੋਂ ਯਹੋਵਾਹ ਨੇ ਸਦੂਮ ਦੇ ਲੋਕਾਂ ਦਾ ਵਿਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਨੇ ਲੂਤ ਨੂੰ ਚੇਤਾਵਨੀ ਦੇਣ ਲਈ ਆਪਣੇ ਦੂਤ ਘੱਲੇ। ਦੂਤਾਂ ਨੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਦੂਮ ਸ਼ਹਿਰੋਂ ਦੂਰ ਭੱਜ ਜਾਣ ਅਤੇ ਪਿੱਛੇ ਮੁੜ ਕੇ ਨਾ ਦੇਖਣ ਦੀ ਤਾਕੀਦ ਕੀਤੀ। ਫਿਰ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਦੇ ਸਾਰੇ ਬਦਕਾਰ ਲੋਕਾਂ ਦਾ ਨਾਸ਼ ਕਰਨ ਲਈ ਆਕਾਸ਼ੋਂ ਅੱਗ ਅਤੇ ਗੰਧਕ ਵਰ੍ਹਾਈ। ਲੂਤ ਅਤੇ ਉਸ ਦੀਆਂ ਦੋਵੇਂ ਧੀਆਂ ਬਚ ਗਈਆਂ। ਪਰ ਲੂਤ ਦੀ ਪਤਨੀ ਪਿੱਛੇ ਮੁੜ ਕੇ ਦੇਖਣ ਲੱਗੀ, ਸ਼ਾਇਦ ਘਰ-ਬਾਰ ਅਤੇ ਧਨ-ਦੌਲਤ ਦੀ ਚਾਹਤ ਉਸ ਨੂੰ ਖਿੱਚ ਰਹੀ ਸੀ। ਇਸ ਅਣਆਗਿਆਕਾਰੀ ਕਰਕੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
—ਇਹ ਜਾਣਕਾਰੀ ਉਤਪਤ 11:10–19:38 ਵਿੱਚੋਂ ਲਈ ਗਈ ਹੈ।
-
-
ਸਮਾਂ-ਰੇਖਾਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
-
-
2018 ਈ. ਪੂ. ਅਬਰਾਹਾਮ ਦਾ ਜਨਮ
1943 ਈ. ਪੂ. ਅਬਰਾਹਾਮ ਨਾਲ ਇਕਰਾਰ
-