-
ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
-
-
ਭਾਗ 7
ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ
ਯਹੋਵਾਹ ਨੇ ਮਿਸਰ ਉੱਤੇ ਦਸ ਬਿਪਤਾਵਾਂ ਲਿਆਂਦੀਆਂ ਅਤੇ ਮੂਸਾ ਨਬੀ ਰਾਹੀਂ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ। ਪਰਮੇਸ਼ੁਰ ਨੇ ਮੂਸਾ ਰਾਹੀਂ ਕਾਨੂੰਨ ਦਿੱਤੇ
ਇਸਰਾਏਲੀ ਮਿਸਰ ਵਿਚ ਕਈ ਸਾਲ ਰਹੇ। ਉਨ੍ਹਾਂ ਦੀ ਗਿਣਤੀ ਬਹੁਤ ਵਧ ਗਈ ਅਤੇ ਉਨ੍ਹਾਂ ਕੋਲ ਕਾਫ਼ੀ ਮਾਲ-ਧਨ ਹੋ ਗਿਆ। ਮਿਸਰ ਦਾ ਨਵਾਂ ਰਾਜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ ਅਤੇ ਉਹ ਬੜਾ ਜ਼ਾਲਮ ਅਤੇ ਬੇਰਹਿਮ ਸੀ। ਇਸਰਾਏਲੀਆਂ ਦੀ ਵਧਦੀ ਗਿਣਤੀ ਦੇਖ ਕੇ ਉਹ ਘਬਰਾ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾ ਲਿਆ। ਇਹੀ ਨਹੀਂ, ਸਗੋਂ ਇਸਰਾਏਲੀਆਂ ਦੇ ਹਰ ਨਵ-ਜੰਮੇ ਮੁੰਡੇ ਨੂੰ ਨੀਲ ਦਰਿਆ ਵਿਚ ਸੁੱਟਣ ਦਾ ਹੁਕਮ ਦਿੱਤਾ। ਪਰ ਇਕ ਮਾਂ ਨੇ ਹਿੰਮਤ ਕਰ ਕੇ ਆਪਣੇ ਮੁੰਡੇ ਨੂੰ ਇਕ ਟੋਕਰੀ ਵਿਚ ਪਾ ਕੇ ਦਰਿਆ ਦੇ ਪਾਣੀ ਵਿਚ ਉੱਗੇ ਲੰਬੇ-ਲੰਬੇ ਘਾਹ ਵਿਚ ਲੁਕੋ ਦਿੱਤਾ। ਮਿਸਰ ਦੀ ਰਾਜਕੁਮਾਰੀ ਨੂੰ ਮੁੰਡਾ ਲੱਭ ਪਿਆ ਤੇ ਉਸ ਨੇ ਉਸ ਦਾ ਨਾਂ ਮੂਸਾ ਰੱਖਿਆ। ਮੂਸਾ ਦੀ ਪਰਵਰਿਸ਼ ਮਿਸਰ ਦੇ ਸ਼ਾਹੀ ਘਰਾਣੇ ਵਿਚ ਹੋਈ।
ਜਦ ਮੂਸਾ 40 ਸਾਲਾਂ ਦਾ ਸੀ, ਤਾਂ ਉਸ ਨੇ ਇਕ ਇਸਰਾਏਲੀ ਨੂੰ ਮਿਸਰੀ ਬੰਦੇ ਦੇ ਹੱਥੋਂ ਬਚਾਇਆ। ਇਸ ਕਰਕੇ ਉਹ ਮੁਸੀਬਤ ਵਿਚ ਫਸ ਗਿਆ ਅਤੇ ਮਿਸਰ ਛੱਡ ਕੇ ਦੂਰ ਭੱਜ ਗਿਆ। ਜਦ ਮੂਸਾ 80 ਸਾਲਾਂ ਦਾ ਸੀ, ਤਾਂ ਪਰਮੇਸ਼ੁਰ ਨੇ ਮੂਸਾ ਨੂੰ ਵਾਪਸ ਮਿਸਰ ਨੂੰ ਭੇਜਿਆ। ਉੱਥੇ ਉਸ ਨੇ ਮਿਸਰ ਦੇ ਰਾਜੇ ਨੂੰ ਪਰਮੇਸ਼ੁਰ ਵੱਲੋਂ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਰੇ।
ਰਾਜੇ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਲਈ ਪਰਮੇਸ਼ੁਰ ਨੇ ਮਿਸਰ ਉੱਤੇ ਦਸ ਬਿਪਤਾਵਾਂ ਲਿਆਂਦੀਆਂ। ਹਰ ਬਿਪਤਾ ਤੋਂ ਪਹਿਲਾਂ ਮੂਸਾ ਨੇ ਰਾਜੇ ਨੂੰ ਆਪਣੇ ਲੋਕਾਂ ਨੂੰ ਬਚਾਉਣ ਦਾ ਮੌਕਾ ਦਿੱਤਾ। ਪਰ ਰਾਜਾ ਇੰਨਾ ਢੀਠ ਸੀ ਕਿ ਉਸ ਨੇ ਮੂਸਾ ਤੇ ਉਸ ਦੇ ਪਰਮੇਸ਼ੁਰ ਯਹੋਵਾਹ ਦੀ ਇਕ ਨਾ ਸੁਣੀ। ਅਖ਼ੀਰ ਵਿਚ ਦਸਵੀਂ ਬਿਪਤਾ ਆਈ ਜਿਸ ਕਰਕੇ ਮਿਸਰ ਦੇ ਸਾਰੇ ਜੇਠੇ ਬੱਚੇ ਮਾਰੇ ਗਏ। ਸਿਰਫ਼ ਉਹ ਹੀ ਬਚੇ ਜਿਨ੍ਹਾਂ ਨੇ ਯਹੋਵਾਹ ਦੀ ਆਗਿਆ ਮੰਨ ਕੇ ਆਪਣੇ ਘਰਾਂ ਦੀਆਂ ਚੁਗਾਠਾਂ ʼਤੇ ਬਲੀਦਾਨ ਕੀਤੇ ਲੇਲੇ ਦਾ ਲਹੂ ਲਾਇਆ ਸੀ। ਮੌਤ ਦਾ ਫ਼ਰਿਸ਼ਤਾ ਇਨ੍ਹਾਂ ਘਰਾਂ ਉੱਪਰ ਦੀ ਲੰਘ ਗਿਆ ਤੇ ਇਨ੍ਹਾਂ ਘਰਾਂ ਦੇ ਜੇਠੇ ਬਚ ਗਏ। ਇਸ ਦਿਨ ਦੀ ਯਾਦ ਵਿਚ ਇਸਰਾਏਲੀ ਹਰ ਸਾਲ ਤਿਉਹਾਰ ਮਨਾਉਂਦੇ ਸਨ ਜਿਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਸੀ।
ਇਸ ਬਿਪਤਾ ਵਿਚ ਰਾਜੇ ਦਾ ਜੇਠਾ ਪੁੱਤਰ ਵੀ ਮਾਰਿਆ ਗਿਆ। ਹਾਰ ਕੇ ਰਾਜੇ ਨੇ ਮੂਸਾ ਅਤੇ ਇਸਰਾਏਲੀਆਂ ਨੂੰ ਮਿਸਰ ਛੱਡ ਕੇ ਜਾਣ ਦਾ ਹੁਕਮ ਦਿੱਤਾ। ਸਾਰੇ ਇਸਰਾਏਲੀ ਉਸੇ ਵੇਲੇ ਇਕੱਠੇ ਹੋ ਕੇ ਤੁਰ ਪਏ। ਪਰ ਫਿਰ ਰਾਜੇ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੀ ਫ਼ੌਜ ਅਤੇ ਰਥ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ। ਜਦ ਇਸਰਾਏਲੀ ਲਾਲ ਸਮੁੰਦਰ ਦੇ ਕਿਨਾਰੇ ਪਹੁੰਚੇ, ਤਾਂ ਦੇਖਣ ਨੂੰ ਲੱਗਦਾ ਸੀ ਕਿ ਉਨ੍ਹਾਂ ਲਈ ਮਿਸਰੀਆਂ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਪਰ ਯਹੋਵਾਹ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਪਾਣੀ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਤਾਂਕਿ ਇਸਰਾਏਲੀ ਸੁੱਕੀ ਜ਼ਮੀਨ ਤੇ ਚੱਲ ਕੇ ਸਮੁੰਦਰ ਪਾਰ ਕਰ ਸਕਣ। ਜਦ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਤਾਂ ਪਰਮੇਸ਼ੁਰ ਨੇ ਪਾਣੀ ਦੀਆਂ ਕੰਧਾਂ ਡੇਗ ਦਿੱਤੀਆਂ। ਰਾਜਾ ਆਪਣੀ ਫ਼ੌਜ ਸਣੇ ਡੁੱਬ ਕੇ ਮਰ ਗਿਆ।
ਬਾਅਦ ਵਿਚ, ਜਦ ਇਸਰਾਏਲੀਆਂ ਨੇ ਸੀਨਈ ਪਹਾੜ ਲਾਗੇ ਡੇਰਾ ਲਾਇਆ, ਤਾਂ ਉੱਥੇ ਯਹੋਵਾਹ ਨੇ ਉਨ੍ਹਾਂ ਨਾਲ ਇਕਰਾਰ ਕੀਤਾ। ਮੂਸਾ ਰਾਹੀਂ ਪਰਮੇਸ਼ੁਰ ਨੇ ਲੋਕਾਂ ਨੂੰ ਕਾਨੂੰਨ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਸੇਧ ਦਿੱਤੀ ਅਤੇ ਉਨ੍ਹਾਂ ਦੀ ਰੱਖਿਆ ਵੀ ਕੀਤੀ। ਜਿੰਨਾ ਚਿਰ ਇਸਰਾਏਲੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਹਕੂਮਤ ਅਧੀਨ ਰਹੇ, ਉੱਨਾ ਚਿਰ ਯਹੋਵਾਹ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਸ ਕਰਕੇ ਨਾ ਸਿਰਫ਼ ਉਨ੍ਹਾਂ ਨੂੰ, ਸਗੋਂ ਦੂਸਰੀਆਂ ਕੌਮਾਂ ਨੂੰ ਵੀ ਬਰਕਤਾਂ ਮਿਲੀਆਂ।
ਪਰ ਜ਼ਿਆਦਾਤਰ ਇਸਰਾਏਲੀ ਪਰਮੇਸ਼ੁਰ ਦੇ ਆਖੇ ਨਹੀਂ ਲੱਗੇ ਅਤੇ ਉਸ ਨੂੰ ਬਹੁਤ ਦੁੱਖ ਪਹੁੰਚਾਇਆ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ 40 ਸਾਲਾਂ ਲਈ ਉਜਾੜ ਵਿਚ ਘੁਮਾਇਆ। ਆਪਣੀ ਜ਼ਿੰਦਗੀ ਦੇ ਅਖ਼ੀਰ ਵਿਚ ਮੂਸਾ ਨੇ ਯਹੋਸ਼ੁਆ ਨੂੰ ਇਸਰਾਏਲੀਆਂ ਦਾ ਆਗੂ ਬਣਾਇਆ। ਆਖ਼ਰ ਉਹ ਦਿਨ ਆ ਗਿਆ ਜਦ ਇਸਰਾਏਲੀ ਉਸ ਦੇਸ਼ ਦੀ ਜ਼ਮੀਨ ਉੱਤੇ ਪੈਰ ਰੱਖਣ ਵਾਲੇ ਸਨ ਜਿਸ ਦਾ ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ।
—ਇਹ ਜਾਣਕਾਰੀ ਕੂਚ; ਲੇਵੀਆਂ; ਗਿਣਤੀ; ਬਿਵਸਥਾ ਸਾਰ; ਜ਼ਬੂਰਾਂ ਦੀ ਪੋਥੀ 136:10-15 ਅਤੇ ਰਸੂਲਾਂ ਦੇ ਕਰਤੱਬ 7:17-36 ਵਿੱਚੋਂ ਲਈ ਗਈ ਹੈ।
-
-
ਸਮਾਂ-ਰੇਖਾਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
-
-
1513 ਈ. ਪੂ. ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ
-