-
ਵਿਹਲੇ ਸਮੇਂ ਦੀ ਸਹੀ ਵਰਤੋ ਕਰੋਰਾਜ ਸੇਵਕਾਈ—2001 | ਅਗਸਤ
-
-
ਵਿਹਲੇ ਸਮੇਂ ਦੀ ਸਹੀ ਵਰਤੋ ਕਰੋ
1 ਇਨ੍ਹਾਂ ਮੁਸ਼ਕਲ ਸਮਿਆਂ ਵਿਚ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਆਰਾਮ ਦੀ ਲੋੜ ਪੈਂਦੀ ਹੈ। ਇਸ ਦੇ ਲਈ ਥੋੜ੍ਹਾ ਮਨੋਰੰਜਨ ਕਰਨਾ ਚਾਹੀਦਾ ਹੈ। ਪਰ ਬਹੁਤ ਸਾਰਾ ਸਮਾਂ ਆਰਾਮ ਕਰਨ, ਮਨੋਰੰਜਨ ਕਰਨ ਅਤੇ ਦੂਜਿਆਂ ਨੂੰ ਮਿਲਣ-ਗਿਲਣ ਵਿਚ ਚਲੇ ਜਾਣ ਨਾਲ ਇਕ ਵਿਅਕਤੀ ਅਧਿਆਤਮਿਕ ਕੰਮਾਂ ਵਿਚ ਬਹੁਤ ਘੱਟ ਸਮਾਂ ਦੇ ਪਾਉਂਦਾ ਹੈ ਜਿਸ ਕਾਰਨ ਉਹ ਮੱਠਾ ਪੈ ਸਕਦਾ ਹੈ। ਇਸ ਲਈ ਸਾਨੂੰ ਵਿਹਲੇ ਸਮੇਂ ਦੀ ਸਹੀ ਵਰਤੋ ਕਰਨੀ ਚਾਹੀਦੀ ਹੈ। (ਮੱਤੀ 5:3, ਨਿ ਵ) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਅਫ਼ਸੀਆਂ 5:15-17 ਵਿਚ ਦਿੱਤੀ ਸਲਾਹ ਉੱਤੇ ਚੱਲਣ ਦੁਆਰਾ।
2 ਸੀਮਿਤ ਸਮਾਂ: ਪੌਲੁਸ ਨੇ ਲਿਖਿਆ ਕਿ ਮਸੀਹੀਆਂ ਨੂੰ ‘ਚੌਕਸੀ ਨਾਲ ਵੇਖਣਾ’ ਚਾਹੀਦਾ ਕਿ ਉਹ ਆਪਣੀਆਂ ਜ਼ਿੰਦਗੀਆਂ ਕਿੰਨੀ ਕੁ ਬੁੱਧੀਮਾਨੀ ਨਾਲ ਬਿਤਾ ਰਹੇ ਹਨ। ਜਿੰਨੀ ਕੁ ਲੋੜ ਹੋਵੇ ਉੱਨਾ ਹੀ ਸਮਾਂ ਆਰਾਮ ਤੇ ਮਨੋਰੰਜਨ ਕਰਨ ਵਿਚ ਲਾਉਣ ਲਈ ਸੰਤੁਲਨ ਅਤੇ ਸੰਜਮ ਰੱਖਣ ਦੀ ਲੋੜ ਹੈ। ਸਾਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਹਲੇ ਸਮੇਂ ਨੂੰ ਕਿਨ੍ਹਾਂ ਕੰਮਾਂ ਵਿਚ ਲਗਾਉਂਦੇ ਹਾਂ। ਮਨੋਰੰਜਨ ਕਿਸੇ ਫ਼ਾਇਦੇਮੰਦ ਮਕਸਦ ਲਈ ਕਰਨਾ ਚਾਹੀਦਾ ਹੈ। ਮਨੋਰੰਜਨ ਕਰਨ ਤੋਂ ਬਾਅਦ ਸਾਨੂੰ ਇੱਦਾਂ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਆਪਣਾ ਸਮਾਂ ਫ਼ਜ਼ੂਲ ਵਿਚ ਹੀ ਗੁਆ ਦਿੱਤਾ ਹੈ ਜਾਂ ਅਸੀਂ ਬਹੁਤ ਹੀ ਥੱਕ ਗਏ ਹਾਂ। ਮਨੋਰੰਜਨ ਕਰਨ ਤੋਂ ਬਾਅਦ ਵੀ ਜੇ ਸਾਨੂੰ ਖਾਲੀ-ਖਾਲੀ ਲੱਗਦਾ ਹੈ ਅਤੇ ਕੋਈ ਖ਼ੁਸ਼ੀ ਨਹੀਂ ਮਿਲਦੀ ਅਤੇ ਅਸੀਂ ਆਪਣੇ ਆਪ ਨੂੰ ਕੁਝ-ਕੁਝ ਦੋਸ਼ੀ ਵੀ ਮਹਿਸੂਸ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਸਮੇਂ ਦੀ ਵਰਤੋਂ ਕਰਨ ਸੰਬੰਧੀ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ।
3 ਸਮਝਦਾਰ ਬਣੋ: ਪੌਲੁਸ ਨੇ ਜ਼ਿੰਦਗੀ ਦੀਆਂ ਜ਼ਿਆਦਾ ਮਹੱਤਵਪੂਰਣ ਗੱਲਾਂ ਲਈ “ਸਮੇਂ ਨੂੰ ਲਾਭਦਾਇਕ” ਬਣਾਉਣ ਅਤੇ “ਮੂਰਖ ਨਾ” ਬਣਨ ਦੀ ਸਲਾਹ ਦਿੱਤੀ ਸੀ। ਸਮਰਪਿਤ ਮਸੀਹੀਆਂ ਦੀ ਜ਼ਿੰਦਗੀ ਸਿਰਫ਼ ਆਰਾਮ ਤੇ ਮਨੋਰੰਜਨ ਦੁਆਲੇ ਹੀ ਨਹੀਂ ਘੁੰਮਣੀ ਚਾਹੀਦੀ। ਹਾਲਾਂਕਿ ਆਰਾਮ ਅਤੇ ਮਨੋਰੰਜਨ ਸਾਨੂੰ ਸਰੀਰਕ ਤੌਰ ਤੇ ਦੁਬਾਰਾ ਤਰੋਤਾਜ਼ਾ ਕਰ ਸਕਦੇ ਹਨ, ਪਰ ਅਧਿਆਤਮਿਕ ਤਾਜ਼ਗੀ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੀ ਦਿੰਦੀ ਹੈ। (ਯਸਾ. 40:29-31) ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਮਨੋਰੰਜਨ ਕਰਨ ਨਾਲ ਨਹੀਂ ਮਿਲਦੀ, ਸਗੋਂ ਪਰਮੇਸ਼ੁਰੀ ਕੰਮਾਂ ਦੁਆਰਾ ਜਿਵੇਂ ਬਾਈਬਲ ਪੜ੍ਹਨ, ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਪ੍ਰਚਾਰ ਵਿਚ ਜਾਣ ਨਾਲ ਮਿਲਦੀ ਹੈ।
4 ਜ਼ਿਆਦਾ ਜ਼ਰੂਰੀ ਕੰਮਾਂ ਨੂੰ ਪਹਿਲ ਦਿਓ: ਪੌਲੁਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।” ਯਿਸੂ ਨੇ ਸਿਖਾਇਆ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣੀ ਚਾਹੀਦੀ ਹੈ। (ਮੱਤੀ 6:33) ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਉਹ ਕੰਮ ਕਰੀਏ ਜੋ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਰਨਗੇ। ਉਸ ਤੋਂ ਬਾਅਦ, ਢੁਕਵੇਂ ਸਮੇਂ ਤੇ ਆਰਾਮ ਅਤੇ ਮਨੋਰੰਜਨ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡੇ ਉੱਤੇ ਇਸ ਦਾ ਫ਼ਾਇਦੇਮੰਦ ਪ੍ਰਭਾਵ ਪਵੇਗਾ ਅਤੇ ਅਸੀਂ ਇਸ ਦਾ ਜ਼ਿਆਦਾ ਆਨੰਦ ਲੈ ਪਾਵਾਂਗੇ।—ਉਪ. 5:12.
-
-
ਕੀ ਤੁਸੀਂ ਜ਼ਿਆਦਾ ਕਰਨਾ ਚਾਹੁੰਦੇ ਹੋ?ਰਾਜ ਸੇਵਕਾਈ—2001 | ਅਗਸਤ
-
-
ਕੀ ਤੁਸੀਂ ਜ਼ਿਆਦਾ ਕਰਨਾ ਚਾਹੁੰਦੇ ਹੋ?
1 ਯਿਸੂ ਨੇ ਆਪਣੇ ਰਾਜ ਦੀ ਤੁਲਨਾ ਅਨਮੋਲ ਧਨ ਨਾਲ ਕੀਤੀ ਸੀ। (ਮੱਤੀ 13:44-46) ਰਾਜ ਪ੍ਰਚਾਰ ਦਾ ਕੰਮ ਵੀ ਇਕ ਬਹੁਮੁੱਲਾ ਧਨ ਹੈ। ਸਾਨੂੰ ਇਸ ਸੇਵਕਾਈ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਪਹਿਲਾ ਸਥਾਨ ਦੇਣਾ ਚਾਹੀਦਾ ਹੈ, ਭਾਵੇਂ ਕਿ ਇਸ ਵਿਚ ਪੂਰਾ ਹਿੱਸਾ ਲੈਣ ਲਈ ਸਾਨੂੰ ਕੁਝ ਕੁਰਬਾਨੀਆਂ ਕਰਨੀਆਂ ਪੈਣ। (ਮੱਤੀ 6:19-21) ਕੀ ਤੁਸੀਂ ਰਾਜ ਸੇਵਕਾਈ ਵਿਚ ਜ਼ਿਆਦਾ ਕਰਨਾ ਚਾਹੁੰਦੇ ਹੋ?
2 ਇਨ੍ਹਾਂ ਮੁੱਖ ਗੱਲਾਂ ਉੱਤੇ ਵਿਚਾਰ ਕਰੋ: ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਲਈ ਕਈ ਗੱਲਾਂ ਜ਼ਰੂਰੀ ਹਨ: (1) ਜ਼ਿੰਦਗੀ ਵਿਚ ਰਾਜ ਦੇ ਹਿਤਾਂ ਨੂੰ ਪਹਿਲ ਦੇਣ ਦਾ ਪੱਕਾ ਇਰਾਦਾ ਕਰਨਾ (ਮੱਤੀ 6:33); (2) ਯਹੋਵਾਹ ਵਿਚ ਨਿਹਚਾ ਕਰਨੀ ਅਤੇ ਉਸ ਉੱਤੇ ਭਰੋਸਾ ਰੱਖਣਾ (2 ਕੁਰਿੰ. 4:1, 7); (3) ਸੱਚੇ ਦਿਲੋਂ ਲਗਾਤਾਰ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਮਦਦ ਮੰਗਣੀ (ਲੂਕਾ 11:8-10); (4) ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰਨੇ।—ਯਾਕੂ. 2:14, 17.
3 ਆਪਣੀ ਸੇਵਕਾਈ ਨੂੰ ਵਧਾਉਣ ਦੇ ਤਰੀਕੇ: ਅਸੀਂ ਸਾਰੇ ਹੀ ਸੇਵਕਾਈ ਵਿਚ ਹਰ ਮਹੀਨੇ ਬਾਕਾਇਦਾ ਕੁਝ ਸਮਾਂ ਬਿਤਾਉਣ ਦਾ ਮੁੱਖ ਟੀਚਾ ਰੱਖ ਸਕਦੇ ਹਾਂ। ਪਰ ਕੀ ਤੁਸੀਂ ਗ਼ੈਰ-ਰਸਮੀ ਗਵਾਹੀ ਦੇਣ ਦੇ ਹਰੇਕ ਮੌਕੇ ਦਾ ਫ਼ਾਇਦਾ ਉਠਾਉਣ, ਆਪਣੀਆਂ ਪੇਸ਼ਕਾਰੀਆਂ ਨੂੰ ਹੋਰ ਅਰਥਪੂਰਣ ਬਣਾਉਣ, ਜ਼ਿਆਦਾ ਅਸਰਦਾਰ ਤਰੀਕੇ ਨਾਲ ਪੁਨਰ-ਮੁਲਾਕਾਤਾਂ ਕਰਨ ਅਤੇ ਅਗਾਂਹਵਧੂ ਬਾਈਬਲ ਸਟੱਡੀਆਂ ਕਰਾਉਣ ਦੇ ਟੀਚੇ ਬਾਰੇ ਸੋਚਿਆ ਹੈ? ਕੀ ਤੁਸੀਂ ਸਹਿਯੋਗੀ ਜਾਂ ਨਿਯਮਿਤ ਪਾਇਨੀਅਰੀ ਕਰ ਸਕਦੇ ਹੋ ਜਾਂ ਜ਼ਿਆਦਾ ਲੋੜ ਵਾਲੇ ਖੇਤਰਾਂ ਵਿਚ ਜਾ ਕੇ ਸੇਵਾ ਕਰ ਸਕਦੇ ਹੋ? ਜੇ ਤੁਸੀਂ ਇਕ ਬਪਤਿਸਮਾ-ਪ੍ਰਾਪਤ ਭਰਾ ਹੋ, ਤਾਂ ਕੀ ਤੁਸੀਂ ਸਹਾਇਕ ਸੇਵਕ ਜਾਂ ਇਕ ਬਜ਼ੁਰਗ ਬਣਨ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰ ਸਕਦੇ ਹੋ? (1 ਤਿਮੋ. 3:1, 10) ਕੀ ਤੁਸੀਂ ਆਪਣੀ ਸੇਵਕਾਈ ਨੂੰ ਵਧਾਉਣ ਲਈ ਸੇਵਕਾਈ ਸਿਖਲਾਈ ਸਕੂਲ ਲਈ ਅਰਜ਼ੀ ਭੇਜ ਸਕਦੇ ਹੋ?—ਲੂਕਾ 10:2.
4 ਇਕ ਭਰਾ, ਜੋ ਨੌਕਰੀ ਕਰਦਾ ਸੀ ਅਤੇ ਜ਼ਿਆਦਾਤਰ ਸਮਾਂ ਖੇਡਾਂ ਵਿਚ ਬਿਤਾਉਂਦਾ ਸੀ, ਨੂੰ ਨਿਯਮਿਤ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਸ ਨੇ ਸਹਿਯੋਗੀ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਅਤੇ ਫਿਰ ਨਿਯਮਿਤ ਪਾਇਨੀਅਰੀ ਕਰਨ ਲਈ ਆਪਣੇ ਹਾਲਾਤਾਂ ਵਿਚ ਤਬਦੀਲੀਆਂ ਕੀਤੀਆਂ। ਬਾਅਦ ਵਿਚ ਉਹ ਸੇਵਕਾਈ ਸਿਖਲਾਈ ਸਕੂਲ ਵਿਚ ਗਿਆ ਜਿਸ ਦੀ ਮਦਦ ਨਾਲ ਉਹ ਹੁਣ ਸਰਕਟ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ। ਉਹ ਬਹੁਤ ਖ਼ੁਸ਼ ਹੈ ਕਿ ਉਸ ਨੇ ਨਿਯਮਿਤ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਨੂੰ ਸਵੀਕਾਰ ਕੀਤਾ ਅਤੇ ਉਹ ਪੂਰੇ ਯਕੀਨ ਨਾਲ ਕਹਿ ਸਕਦਾ ਹੈ ਕਿ ਰਾਜ ਦੇ ਕੰਮਾਂ ਵਿਚ ਹੋਰ ਜ਼ਿਆਦਾ ਕਰਨ ਦੇ ਆਪਣੇ ਫ਼ੈਸਲੇ ਤੋਂ ਉਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ੀ ਮਿਲੀ ਹੈ।
5 ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ ਜੋ ਆਪਣੀ ਮਰਜ਼ੀ ਨਾਲ ਉਸ ਦੀ ਸੇਵਾ ਕਰਨ ਲਈ ਅੱਗੇ ਆਉਂਦੇ ਹਨ। (ਯਸਾ. 6:8) ਇਸ ਲਈ ਕਿਸੇ ਵੀ ਗੱਲ ਕਾਰਨ ਆਪਣੀ ਸੇਵਕਾਈ ਵਿਚ ਹੋਰ ਜ਼ਿਆਦਾ ਕਰਨ ਤੋਂ ਪਿੱਛੇ ਨਾ ਹਟੋ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ੀ ਅਤੇ ਤਾਜ਼ਗੀ ਹਾਸਲ ਕਰੋ।
-