-
ਇਸਰਾਏਲੀ ਕਨਾਨ ਦੇਸ਼ ਵਿਚ ਗਏਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
-
-
ਭਾਗ 8
ਇਸਰਾਏਲੀ ਕਨਾਨ ਦੇਸ਼ ਵਿਚ ਗਏ
ਯਹੋਸ਼ੁਆ ਦੀ ਅਗਵਾਈ ਹੇਠ ਇਸਰਾਏਲੀਆਂ ਨੇ ਕਨਾਨ ਦੇਸ਼ ਨੂੰ ਜਿੱਤਿਆ। ਆਪਣੇ ਲੋਕਾਂ ਨੂੰ ਅਤਿਆਚਾਰ ਤੋਂ ਛੁਟਕਾਰਾ ਦਿਵਾਉਣ ਲਈ ਯਹੋਵਾਹ ਨੇ ਨਿਆਂਕਾਰਾਂ ਨੂੰ ਵਰਤਿਆ
ਕਈ ਸਦੀਆਂ ਪਹਿਲਾਂ ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਸੰਤਾਨ ਕਨਾਨ ਦੇਸ਼ ਵਿਚ ਵੱਸੇਗੀ। ਹੁਣ ਉਹ ਸਮਾਂ ਆ ਗਿਆ ਸੀ ਜਦ ਇਸਰਾਏਲੀਆਂ ਨੇ ਯਹੋਸ਼ੁਆ ਦੀ ਅਗਵਾਈ ਹੇਠ ਵਾਅਦਾ ਕੀਤੇ ਹੋਏ ਦੇਸ਼ ʼਤੇ ਕਬਜ਼ਾ ਕਰਨਾ ਸੀ।
ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਨਾਨ ਦੇ ਲੋਕ ਸਜ਼ਾ ਦੇ ਯੋਗ ਸਨ ਕਿਉਂਕਿ ਉਹ ਬਦਕਾਰੀ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੇ ਸਨ ਅਤੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਸਨ। ਇਸ ਲਈ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਕਿ ਕਨਾਨ ਦੇ ਜਿੱਤੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾਵੇ।
ਕਨਾਨ ਵਿਚ ਜਾਣ ਤੋਂ ਪਹਿਲਾਂ ਯਹੋਸ਼ੁਆ ਨੇ ਉੱਥੇ ਦੋ ਜਾਸੂਸ ਘੱਲੇ। ਇਹ ਜਾਸੂਸ ਯਰੀਹੋ ਸ਼ਹਿਰ ਵਿਚ ਰਾਹਾਬ ਨਾਂ ਦੀ ਤੀਵੀਂ ਦੇ ਘਰ ਠਹਿਰੇ। ਭਾਵੇਂ ਕਿ ਉਹ ਜਾਣਦੀ ਸੀ ਕਿ ਇਹ ਜਾਸੂਸ ਇਸਰਾਏਲੀ ਸਨ, ਫਿਰ ਵੀ ਉਸ ਨੇ ਉਨ੍ਹਾਂ ਨੂੰ ਆਪਣੇ ਘਰ ਪਨਾਹ ਦਿੱਤੀ। ਉਸ ਨੇ ਸੁਣਿਆ ਸੀ ਕਿ ਇਸਰਾਏਲੀਆਂ ਦੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ, ਇਸ ਲਈ ਉਹ ਵੀ ਯਹੋਵਾਹ ਵਿਚ ਵਿਸ਼ਵਾਸ ਕਰਨ ਲੱਗ ਪਈ। ਉਸ ਨੇ ਜਾਸੂਸਾਂ ਤੋਂ ਇਹ ਵਾਅਦਾ ਲਿਆ ਕਿ ਉਹ ਉਸ ਨੂੰ ਉਸ ਦੇ ਪਰਿਵਾਰ ਸਮੇਤ ਬਖ਼ਸ਼ ਦੇਣਗੇ।
ਬਾਅਦ ਵਿਚ ਜਦ ਇਸਰਾਏਲੀਆਂ ਨੇ ਯਰੀਹੋ ਸ਼ਹਿਰ ਉੱਤੇ ਹਮਲਾ ਕੀਤਾ, ਤਾਂ ਯਹੋਵਾਹ ਨੇ ਚਮਤਕਾਰ ਕਰ ਕੇ ਯਰੀਹੋ ਦੀਆਂ ਕੰਧਾਂ ਢਾਹ ਦਿੱਤੀਆਂ। ਯਹੋਸ਼ੁਆ ਦੀ ਫ਼ੌਜ ਨੇ ਯਰੀਹੋ ʼਤੇ ਹੱਲਾ ਬੋਲ ਕੇ ਲੋਕਾਂ ਨੂੰ ਮਾਰ ਸੁੱਟਿਆ ਅਤੇ ਸ਼ਹਿਰ ਨੂੰ ਤਬਾਹ ਕਰ ਦਿੱਤਾ, ਪਰ ਰਾਹਾਬ ਅਤੇ ਉਸ ਦੇ ਪਰਿਵਾਰ ਨੂੰ ਬਖ਼ਸ਼ਿਆ। ਫਿਰ ਬੜੀ ਤੇਜ਼ੀ ਨਾਲ ਅੱਗੇ ਵਧਦੇ ਹੋਏ ਯਹੋਸ਼ੁਆ ਨੇ ਅਗਲੇ ਛੇ ਸਾਲਾਂ ਵਿਚ ਵਾਅਦਾ ਕੀਤੇ ਹੋਏ ਦੇਸ਼ ਦੇ ਕਾਫ਼ੀ ਸਾਰੇ ਇਲਾਕੇ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। ਇਸ ਤੋਂ ਬਾਅਦ, ਇਹ ਦੇਸ਼ ਇਸਰਾਏਲੀਆਂ ਦੇ 12 ਗੋਤਾਂ ਵਿਚ ਵੰਡ ਦਿੱਤਾ ਗਿਆ।
ਯਹੋਸ਼ੁਆ ਸਾਰੀ ਉਮਰ ਯਹੋਵਾਹ ਪ੍ਰਤਿ ਵਫ਼ਾਦਾਰ ਰਿਹਾ। ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਉਸ ਨੇ ਇਸਰਾਏਲੀਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਦੇ ਪਿਉ-ਦਾਦਿਆਂ ਲਈ ਕੀ-ਕੀ ਕੀਤਾ ਸੀ। ਇਸ ਲਈ, ਉਸ ਨੇ ਉਨ੍ਹਾਂ ਅੱਗੇ ਗੁਜ਼ਾਰਸ਼ ਕੀਤੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ। ਪਰ ਯਹੋਸ਼ੁਆ ਅਤੇ ਉਸ ਦੀ ਪੀੜ੍ਹੀ ਦੇ ਵਫ਼ਾਦਾਰ ਸੇਵਕਾਂ ਦੇ ਮਰਨ ਪਿੱਛੋਂ ਇਸਰਾਏਲੀ ਯਹੋਵਾਹ ਪਰਮੇਸ਼ੁਰ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ। ਲਗਭਗ 300 ਸਾਲਾਂ ਦੌਰਾਨ ਇਸਰਾਏਲੀ ਯਹੋਵਾਹ ਦੇ ਕਾਨੂੰਨਾਂ ʼਤੇ ਕਦੀ ਚੱਲੇ ਤੇ ਕਦੀ ਨਹੀਂ। ਇਸ ਸਮੇਂ ਦੌਰਾਨ ਯਹੋਵਾਹ ਨੇ ਇਸਰਾਏਲੀਆਂ ਉੱਤੇ ਫਲਿਸਤੀਆਂ ਅਤੇ ਹੋਰ ਦੁਸ਼ਮਣਾਂ ਦੇ ਹੱਥੋਂ ਅਤਿਆਚਾਰ ਹੋਣ ਦਿੱਤੇ। ਪਰ ਇਸਰਾਏਲੀਆਂ ਨੇ ਜਦੋਂ-ਜਦੋਂ ਯਹੋਵਾਹ ਅੱਗੇ ਮਦਦ ਲਈ ਹੱਥ ਅੱਡੇ, ਤਾਂ ਉਸ ਨੇ ਉਨ੍ਹਾਂ ਦੀ ਸੁਣੀ ਅਤੇ ਨਿਆਂਕਾਰਾਂ ਦੇ ਰਾਹੀਂ ਉਨ੍ਹਾਂ ਨੂੰ ਛੁਟਕਾਰਾ ਦਿਵਾਇਆ।
ਨਿਆਂਕਾਰਾਂ ਦੇ ਕੰਮਾਂ ਬਾਰੇ ਨਿਆਈਆਂ ਦੀ ਕਿਤਾਬ ਵਿਚ ਦੱਸਿਆ ਗਿਆ ਹੈ। ਅਥਨੀਏਲ ਤੋਂ ਲੈ ਕੇ ਦੁਨੀਆਂ ਦੇ ਸਭ ਤੋਂ ਤਾਕਤਵਰ ਆਦਮੀ ਸਮਸੂਨ ਤਕ 12 ਨਿਆਂਕਾਰ ਸਨ। ਨਿਆਈਆਂ ਦੀ ਕਿਤਾਬ ਵਿਚ ਵਾਰ-ਵਾਰ ਇਸ ਖ਼ਾਸ ਗੱਲ ʼਤੇ ਜ਼ੋਰ ਦਿੱਤਾ ਗਿਆ ਹੈ: ਯਹੋਵਾਹ ਦੇ ਕਹਿਣੇ ਵਿਚ ਰਹਿ ਕੇ ਬਰਕਤਾਂ ਮਿਲਦੀਆਂ ਹਨ ਅਤੇ ਉਸ ਦੇ ਖ਼ਿਲਾਫ਼ ਜਾ ਕੇ ਬੁਰੇ ਨਤੀਜੇ ਭੁਗਤਣੇ ਪੈਂਦੇ ਹਨ।
—ਇਹ ਜਾਣਕਾਰੀ ਯਹੋਸ਼ੁਆ; ਨਿਆਈਆਂ ਅਤੇ ਲੇਵੀਆਂ 18:24, 25 ਵਿੱਚੋਂ ਲਈ ਗਈ ਹੈ।
-
-
ਸਮਾਂ-ਰੇਖਾਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
-
-
1473 ਈ. ਪੂ. ਯਹੋਸ਼ੁਆ ਦੀ ਅਗਵਾਈ ਹੇਠ ਇਸਰਾਏਲੀ ਕਨਾਨ ਪਹੁੰਚੇ
1467 ਈ. ਪੂ. ਕਨਾਨ ਉੱਤੇ ਵੱਡੀ ਜਿੱਤ
-