ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਸਰਾਏਲੀਆਂ ਨੇ ਇਕ ਰਾਜੇ ਦੀ ਮੰਗ ਕੀਤੀ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
    • ਦਾਊਦ ਗੋਪੀਆ ਨਾਲ ਲੜਦਾ ਹੈ ਤੇ ਸ਼ਾਊਲ ਦੀ ਫ਼ੌਜ ਉਸ ਵੱਲ ਦੇਖ ਰਹੀ ਹੈ

      ਭਾਗ 9

      ਇਸਰਾਏਲੀਆਂ ਨੇ ਇਕ ਰਾਜੇ ਦੀ ਮੰਗ ਕੀਤੀ

      ਇਸਰਾਏਲ ਦੇ ਪਹਿਲੇ ਰਾਜੇ ਸ਼ਾਊਲ ਨੇ ਯਹੋਵਾਹ ਦੇ ਹੁਕਮ ਤੋੜੇ। ਉਸ ਤੋਂ ਬਾਅਦ ਦਾਊਦ ਰਾਜਾ ਬਣਿਆ ਜਿਸ ਨਾਲ ਪਰਮੇਸ਼ੁਰ ਨੇ ਇਕਰਾਰ ਕੀਤਾ ਕਿ ਉਸ ਦੇ ਰਾਜ ਦਾ ਕਦੀ ਅੰਤ ਨਾ ਹੋਵੇਗਾ

      ਸਮਸੂਨ ਤੋਂ ਬਾਅਦ ਸਮੂਏਲ ਨੇ ਇਸਰਾਏਲ ਵਿਚ ਨਬੀ ਅਤੇ ਨਿਆਂਕਾਰ ਦੇ ਤੌਰ ਤੇ ਸੇਵਾ ਕੀਤੀ। ਇਸਰਾਏਲੀ ਸਮੂਏਲ ਉੱਤੇ ਜ਼ੋਰ ਪਾਉਂਦੇ ਰਹੇ ਕਿ ਦੂਸਰੀਆਂ ਕੌਮਾਂ ਵਾਂਗ ਉਨ੍ਹਾਂ ਉੱਤੇ ਵੀ ਕਿਸੇ ਨੂੰ ਰਾਜਾ ਬਣਾਇਆ ਜਾਵੇ। ਇਹ ਮੰਗ ਕਰ ਕੇ ਲੋਕਾਂ ਨੇ ਯਹੋਵਾਹ ਦੀ ਨਿਰਾਦਰੀ ਕੀਤੀ ਕਿਉਂਕਿ ਉਹੀ ਉਨ੍ਹਾਂ ਦਾ ਰਾਜਾ ਸੀ। ਪਰ ਫਿਰ ਵੀ ਯਹੋਵਾਹ ਨੇ ਸਮੂਏਲ ਨੂੰ ਉਨ੍ਹਾਂ ਦੀ ਮੰਗ ਪੂਰੀ ਕਰਨ ਲਈ ਕਿਹਾ। ਪਰਮੇਸ਼ੁਰ ਨੇ ਸ਼ਾਊਲ ਨਾਂ ਦੇ ਬੰਦੇ ਨੂੰ ਰਾਜਾ ਬਣਾਇਆ। ਪਹਿਲਾਂ-ਪਹਿਲਾਂ ਸ਼ਾਊਲ ਬੜਾ ਹਲੀਮ ਹੁੰਦਾ ਸੀ, ਪਰ ਸਮੇਂ ਦੇ ਬੀਤਣ ਨਾਲ ਉਹ ਘਮੰਡੀ ਬਣ ਗਿਆ ਅਤੇ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਿਹਾ। ਇਸ ਲਈ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਅਤੇ ਸਮੂਏਲ ਨੂੰ ਕਿਹਾ ਕਿ ਉਹ ਦਾਊਦ ਨਾਂ ਦੇ ਨੌਜਵਾਨ ਨੂੰ ਰਾਜਾ ਚੁਣੇ। ਪਰ ਦਾਊਦ ਰਾਜਾ ਚੁਣੇ ਜਾਣ ਤੋਂ ਕਈ ਸਾਲਾਂ ਬਾਅਦ ਹੀ ਰਾਜ-ਗੱਦੀ ʼਤੇ ਬੈਠਾ।

      ਜਦੋਂ ਦਾਊਦ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਹ ਆਪਣੇ ਭਰਾਵਾਂ ਨੂੰ ਮਿਲਣ ਗਿਆ ਜੋ ਸ਼ਾਊਲ ਦੀ ਫ਼ੌਜ ਵਿਚ ਸਨ। ਸ਼ਾਊਲ ਦੀ ਪੂਰੀ ਫ਼ੌਜ ਦੁਸ਼ਮਣ ਦੇ ਇੱਕੋ ਬੰਦੇ ਗੋਲਿਅਥ ਦੇ ਅੱਗੇ ਥਰ-ਥਰ ਕੰਬ ਰਹੀ ਸੀ। ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਮੇਸ਼ੁਰ ਨੂੰ ਲਲਕਾਰ ਰਿਹਾ ਸੀ ਤੇ ਉਨ੍ਹਾਂ ਦੀ ਬੇਇੱਜ਼ਤੀ ਕਰ ਰਿਹਾ ਸੀ। ਦਾਊਦ ਤੋਂ ਇਹ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਅਤੇ ਉਹ ਉਸ ਨੌਂ ਫੁੱਟ ਲੰਬੇ ਦੈਂਤ ਨਾਲ ਲੜਨ ਲਈ ਮੈਦਾਨ ਵਿਚ ਕੁੱਦ ਪਿਆ। ਉਸ ਦੇ ਹੱਥ ਵਿਚ ਸਿਰਫ਼ ਇਕ ਗੋਪੀਆ ਤੇ ਕੁਝ ਪੱਥਰ ਸਨ। ਜਦੋਂ ਗੋਲਿਅਥ ਨੇ ਦਾਊਦ ਦੇ ਹਥਿਆਰਾਂ ਦਾ ਮਜ਼ਾਕ ਉਡਾਇਆ, ਤਾਂ ਦਾਊਦ ਨੇ ਕਿਹਾ, ‘ਮੇਰੇ ਹਥਿਆਰ ਤੇਰੇ ਹਥਿਆਰਾਂ ਨਾਲੋਂ ਬਿਹਤਰ ਹਨ ਕਿਉਂਕਿ ਯਹੋਵਾਹ ਪਰਮੇਸ਼ੁਰ ਮੇਰੇ ਨਾਲ ਹੈ।’ ਦਾਊਦ ਨੇ ਇੱਕੋ ਪੱਥਰ ਨਾਲ ਗੋਲਿਅਥ ਦਾ ਕੰਮ ਤਮਾਮ ਕਰ ਦਿੱਤਾ ਅਤੇ ਉਸ ਦੀ ਹੀ ਤਲਵਾਰ ਨਾਲ ਉਸ ਦਾ ਸਿਰ ਕਲਮ ਕਰ ਦਿੱਤਾ। ਫਲਿਸਤੀਆਂ ਦੀ ਫ਼ੌਜ ਡਰ ਕੇ ਭੱਜ ਗਈ।

      ਪਹਿਲਾਂ-ਪਹਿਲਾਂ ਤਾਂ ਸ਼ਾਊਲ ਦਾਊਦ ਦੀ ਬਹਾਦਰੀ ਦੇਖ ਕੇ ਬੜਾ ਖ਼ੁਸ਼ ਹੋਇਆ ਅਤੇ ਉਸ ਨੂੰ ਆਪਣੀ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ। ਪਰ ਦਾਊਦ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦਾ ਦੇਖ ਕੇ ਸ਼ਾਊਲ ਈਰਖਾ ਵਿਚ ਸੜਨ-ਭੁੱਜਣ ਲੱਗਾ। ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ ਅਤੇ ਉਹ ਕਈ ਸਾਲ ਥਾਂ-ਥਾਂ ਭਟਕਦਾ ਰਿਹਾ। ਭਾਵੇਂ ਰਾਜਾ ਸ਼ਾਊਲ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਸ਼ਾਊਲ ਪ੍ਰਤਿ ਵਫ਼ਾਦਾਰ ਰਿਹਾ ਕਿਉਂਕਿ ਉਸ ਨੇ ਇਹ ਗੱਲ ਹਮੇਸ਼ਾ ਯਾਦ ਰੱਖੀ ਕਿ ਯਹੋਵਾਹ ਪਰਮੇਸ਼ੁਰ ਨੇ ਸ਼ਾਊਲ ਨੂੰ ਰਾਜਾ ਬਣਾਇਆ ਸੀ। ਫਿਰ ਇਕ ਦਿਨ ਸ਼ਾਊਲ ਲੜਾਈ ਵਿਚ ਮਾਰਿਆ ਗਿਆ। ਇਸ ਤੋਂ ਛੇਤੀ ਬਾਅਦ ਯਹੋਵਾਹ ਦੇ ਵਾਅਦੇ ਮੁਤਾਬਕ ਦਾਊਦ ਰਾਜਾ ਬਣ ਗਿਆ।

      “ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ।”—2 ਸਮੂਏਲ 7:13

      ਰਾਜਾ ਦਾਊਦ ਦੇ ਦਿਲ ਦੀ ਤਮੰਨਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰਨ ਲਈ ਮੰਦਰ ਬਣਾਵੇ। ਪਰ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਨਹੀਂ, ਸਗੋਂ ਉਸ ਦਾ ਕੋਈ ਪੁੱਤਰ ਇਹ ਕੰਮ ਕਰੇਗਾ। ਇਹ ਸਨਮਾਨ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਮਿਲਿਆ। ਪਰ ਦਾਊਦ ਤੋਂ ਖ਼ੁਸ਼ ਹੋ ਕੇ ਪਰਮੇਸ਼ੁਰ ਨੇ ਉਸ ਨਾਲ ਇਹ ਵਧੀਆ ਇਕਰਾਰ ਕੀਤਾ: ਉਸ ਦਾ ਰਾਜਵੰਸ ਦੁਨੀਆਂ ਦੇ ਸਾਰੇ ਰਾਜਵੰਸਾਂ ਤੋਂ ਵੱਖਰਾ ਹੋਵੇਗਾ। ਉਸ ਦੇ ਰਾਜਵੰਸ ਵਿਚ ਉਹ ਮੁਕਤੀਦਾਤਾ ਪੈਦਾ ਹੋਵੇਗਾ ਜਿਸ ਦੀ ਅਦਨ ਦੇ ਬਾਗ਼ ਵਿਚ ਭਵਿੱਖਬਾਣੀ ਕੀਤੀ ਗਈ ਸੀ। ਇਹ ਮੁਕਤੀਦਾਤਾ ਪਰਮੇਸ਼ੁਰ ਵੱਲੋਂ ਘੱਲਿਆ ਹੋਇਆ ਮਸੀਹ ਹੋਵੇਗਾ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।

      ਇਸ ਇਕਰਾਰ ਲਈ ਸ਼ੁਕਰਗੁਜ਼ਾਰੀ ਜ਼ਾਹਰ ਕਰਦਿਆਂ ਦਾਊਦ ਨੇ ਮੰਦਰ ਦੀ ਉਸਾਰੀ ਲਈ ਬਹੁਤ ਸਾਰਾ ਸੋਨਾ-ਚਾਂਦੀ ਤੇ ਹੋਰ ਸਾਮਾਨ ਇਕੱਠਾ ਕੀਤਾ। ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਕਈ ਜ਼ਬੂਰ ਜਾਂ ਗੀਤ ਵੀ ਲਿਖੇ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਦਾਊਦ ਨੇ ਕਿਹਾ: ‘ਯਹੋਵਾਹ ਦੀ ਸ਼ਕਤੀ ਮੇਰੇ ਵਿੱਚੋਂ ਬੋਲੀ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।’—2 ਸਮੂਏਲ 23:2.

      ​—ਇਹ ਜਾਣਕਾਰੀ ਪਹਿਲਾ ਸਮੂਏਲ; ਦੂਜਾ ਸਮੂਏਲ; ਪਹਿਲਾ ਇਤਹਾਸ; ਯਸਾਯਾਹ 9:7; ਮੱਤੀ 21:9; ਲੂਕਾ 1:32 ਅਤੇ ਯੂਹੰਨਾ 7:42 ਵਿੱਚੋਂ ਲਈ ਗਈ ਹੈ।

      • ਯਹੋਵਾਹ ਨੇ ਰਾਜਾ ਸ਼ਾਊਲ ਨੂੰ ਛੱਡ ਕੇ ਦਾਊਦ ਨੂੰ ਕਿਉਂ ਰਾਜਾ ਬਣਾਇਆ?

      • ਰਾਜਾ ਬਣਨ ਤੋਂ ਪਹਿਲਾਂ ਵੀ ਦਾਊਦ ਨੇ ਆਪਣੀਆਂ ਕਿਹੜੀਆਂ ਖੂਬੀਆਂ ਦਾ ਸਬੂਤ ਦਿੱਤਾ?

      • ਦਾਊਦ ਦੇ ਰਾਜਵੰਸ ਵਿਚ ਪੈਦਾ ਹੋਣ ਵਾਲਾ ਮੁਕਤੀਦਾਤਾ ਕੌਣ ਸਾਬਤ ਹੋਇਆ?

  • ਸਮਾਂ-ਰੇਖਾ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
      1. 1117 ਈ. ਪੂ. ਸ਼ਾਊਲ ਨੂੰ ਰਾਜੇ ਵਜੋਂ ਚੁਣਿਆ ਗਿਆ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ