-
ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 5
ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?
ਅਰਜਨਟੀਨਾ
ਸੀਅਰਾ ਲਿਓਨ
ਬੈਲਜੀਅਮ
ਮਲੇਸ਼ੀਆ
ਬਹੁਤ ਸਾਰੇ ਲੋਕਾਂ ਨੇ ਆਪਣੀਆਂ ਧਾਰਮਿਕ ਥਾਵਾਂ ਵਿਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਉੱਥੇ ਨਾ ਤਾਂ ਉਨ੍ਹਾਂ ਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਮਿਲਦੇ ਹਨ ਤੇ ਨਾ ਹੀ ਦਿਲਾਸਾ ਮਿਲਦਾ ਹੈ। ਤਾਂ ਫਿਰ, ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਕਿਉਂ ਜਾਣਾ ਚਾਹੀਦਾ ਹੈ? ਤੁਸੀਂ ਉੱਥੇ ਕੀ ਦੇਖੋਗੇ?
ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਮਿਲ ਕੇ ਖ਼ੁਸ਼ੀ ਹੋਵੇਗੀ। ਪਹਿਲੀ ਸਦੀ ਵਿਚ ਮਸੀਹੀ ਪਰਮੇਸ਼ੁਰ ਦੀ ਭਗਤੀ ਕਰਨ, ਉਸ ਦੇ ਬਚਨ ਦਾ ਅਧਿਐਨ ਕਰਨ ਅਤੇ ਇਕ-ਦੂਸਰੇ ਦਾ ਹੌਸਲਾ ਵਧਾਉਣ ਲਈ ਮੰਡਲੀਆਂ ਵਿਚ ਇਕੱਠੇ ਹੁੰਦੇ ਸਨ। (ਇਬਰਾਨੀਆਂ 10:24, 25) ਮੰਡਲੀਆਂ ਵਿਚ ਪਿਆਰ-ਭਰਿਆ ਮਾਹੌਲ ਹੁੰਦਾ ਸੀ ਅਤੇ ਸਾਰੇ ਜਣੇ ਸੱਚੇ ਦੋਸਤਾਂ ਵਾਂਗ ਇਕ-ਦੂਜੇ ਦਾ ਖ਼ਿਆਲ ਰੱਖਦੇ ਸਨ। ਉਹ ਸਾਰੇ ਇਕ-ਦੂਜੇ ਨੂੰ ਭੈਣ-ਭਰਾ ਸਮਝਦੇ ਸਨ। (2 ਥੱਸਲੁਨੀਕੀਆਂ 1:3; 3 ਯੂਹੰਨਾ 14) ਅੱਜ ਅਸੀਂ ਵੀ ਇਸੇ ਤਰ੍ਹਾਂ ਮੰਡਲੀਆਂ ਵਿਚ ਇਕੱਠੇ ਹੁੰਦੇ ਹਾਂ ਅਤੇ ਖ਼ੁਸ਼ੀ ਪਾਉਂਦੇ ਹਾਂ।
ਤੁਸੀਂ ਬਾਈਬਲ ਦੇ ਅਸੂਲਾਂ ʼਤੇ ਚੱਲਣਾ ਸਿੱਖੋਗੇ। ਬਾਈਬਲ ਦੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਆਦਮੀ, ਔਰਤਾਂ ਅਤੇ ਬੱਚੇ ਸਾਰੇ ਇਕੱਠੇ ਮਿਲ ਕੇ ਭਗਤੀ ਕਰਦੇ ਹਨ। ਤਜਰਬੇਕਾਰ ਭਰਾ ਸਮਝਾਉਂਦੇ ਹਨ ਕਿ ਅਸੀਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। (ਬਿਵਸਥਾ ਸਾਰ 31:12; ਨਹਮਯਾਹ 8:8) ਸਾਰੇ ਜਣੇ ਬਾਈਬਲ ਵਿਸ਼ਿਆਂ ʼਤੇ ਹੁੰਦੀ ਚਰਚਾ ਵਿਚ ਹਿੱਸਾ ਲੈ ਸਕਦੇ ਹਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਸਕਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਉਮੀਦ ਦਾ ਐਲਾਨ ਕਰਦੇ ਹਾਂ।—ਇਬਰਾਨੀਆਂ 10:23.
ਪਰਮੇਸ਼ੁਰ ʼਤੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਪੌਲੁਸ ਰਸੂਲ ਨੇ ਇਕ ਮੰਡਲੀ ਨੂੰ ਲਿਖਿਆ: ‘ਮੈਂ ਤੁਹਾਨੂੰ ਦੇਖਣ ਨੂੰ ਤਰਸਦਾ ਹਾਂ ਤਾਂਕਿ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਾਂ, ਸਗੋਂ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲੇ।’ (ਰੋਮੀਆਂ 1:11, 12) ਹੋਰ ਮਸੀਹੀਆਂ ਨਾਲ ਲਗਾਤਾਰ ਮੀਟਿੰਗਾਂ ਵਿਚ ਇਕੱਠੇ ਹੋਣ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ।
ਕਿਉਂ ਨਾ ਸਾਡੀ ਅਗਲੀ ਮੀਟਿੰਗ ਵਿਚ ਆ ਕੇ ਖ਼ੁਦ ਦੇਖੋ ਕਿ ਉੱਥੇ ਕੀ ਹੁੰਦਾ ਹੈ? ਉੱਥੇ ਤੁਹਾਡਾ ਨਿੱਘਾ ਸੁਆਗਤ ਕੀਤਾ ਜਾਵੇਗਾ। ਮੀਟਿੰਗਾਂ ਵਿਚ ਕੋਈ ਚੰਦਾ ਇਕੱਠਾ ਨਹੀਂ ਕੀਤਾ ਜਾਂਦਾ ਤੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਅਸੀਂ ਮੀਟਿੰਗਾਂ ਵਿਚ ਜਾ ਕੇ ਕਿਨ੍ਹਾਂ ਦੀ ਰੀਸ ਕਰਦੇ ਹਾਂ?
ਅਸੀਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਕੀ ਲਾਭ ਉਠਾ ਸਕਦੇ ਹਾਂ?
-
-
ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 6
ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?
ਮੈਡਾਗਾਸਕਰ
ਨਾਰਵੇ
ਲੇਬਨਾਨ
ਇਟਲੀ
ਮੀਂਹ ਜਾਵੇ ਹਨੇਰੀ ਜਾਵੇ ਜਾਂ ਸਾਨੂੰ ਜੰਗਲਾਂ ਵਿੱਚੋਂ ਦੀ ਲੰਘਣਾ ਪਵੇ, ਫਿਰ ਵੀ ਅਸੀਂ ਆਪਣੀਆਂ ਮੀਟਿੰਗਾਂ ਵਿਚ ਲਗਾਤਾਰ ਜਾਂਦੇ ਹਾਂ। ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਅਤੇ ਸਾਰਾ ਦਿਨ ਕੰਮ ਕਰ ਕੇ ਥੱਕੇ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹ ਇਕ-ਦੂਜੇ ਨਾਲ ਸੰਗਤ ਕਰਨ ਦੀ ਇੰਨੀ ਕੋਸ਼ਿਸ਼ ਕਿਉਂ ਕਰਦੇ ਹਨ?
ਇਹ ਸਾਡੇ ਭਲੇ ਲਈ ਹੈ। ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ ਸੀ ਕਿ ਜਿਨ੍ਹਾਂ ਨਾਲ ਅਸੀਂ ਮੰਡਲੀ ਵਿਚ ਸੰਗਤ ਕਰਦੇ ਹਾਂ, ਸਾਨੂੰ ਉਨ੍ਹਾਂ ਦਾ ‘ਧਿਆਨ ਰੱਖਣਾ’ ਚਾਹੀਦਾ ਹੈ। (ਇਬਰਾਨੀਆਂ 10:24) ਇਸ ਲਈ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣੀਏ। ਹੋਰਨਾਂ ਮਸੀਹੀ ਪਰਿਵਾਰਾਂ ਨੂੰ ਜਾਣਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਵੀ ਸਾਡੇ ਵਾਂਗ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਉਨ੍ਹਾਂ ਨਾਲ ਗੱਲ ਕਰ ਕੇ ਸਾਨੂੰ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕਦੀ ਹੈ।
ਸਾਡੇ ਪੱਕੇ ਦੋਸਤ ਬਣਦੇ ਹਨ। ਜਿਨ੍ਹਾਂ ਨਾਲ ਅਸੀਂ ਆਪਣੀਆਂ ਮੀਟਿੰਗਾਂ ਵਿਚ ਸੰਗਤ ਕਰਦੇ ਹਾਂ, ਉਹ ਸਿਰਫ਼ ਸਾਡੀ ਜਾਣ-ਪਛਾਣ ਵਾਲੇ ਨਹੀਂ ਹੁੰਦੇ, ਸਗੋਂ ਸਾਡੇ ਪੱਕੇ ਦੋਸਤ ਹੁੰਦੇ ਹਨ। ਹੋਰਨਾਂ ਮੌਕਿਆਂ ਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਚੰਗੇ ਮਨੋਰੰਜਨ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸੰਗਤ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ? ਅਸੀਂ ਇਕ-ਦੂਸਰੇ ਦੀ ਕਦਰ ਕਰਨੀ ਸਿੱਖਦੇ ਹਾਂ ਅਤੇ ਇਸ ਨਾਲ ਸਾਡਾ ਪਿਆਰ ਵਧਦਾ ਹੈ। ਇਸ ਲਈ ਔਖੀਆਂ ਘੜੀਆਂ ਵਿਚ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ। (ਕਹਾਉਤਾਂ 17:17) ਮੰਡਲੀ ਦੇ ਹਰ ਮੈਂਬਰ ਨਾਲ ਸੰਗਤ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸਾਰੇ ‘ਇਕ-ਦੂਜੇ ਦਾ ਖ਼ਿਆਲ ਰੱਖਦੇ’ ਹਾਂ।—1 ਕੁਰਿੰਥੀਆਂ 12:25, 26.
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ। ਇਹੋ ਜਿਹੇ ਦੋਸਤ ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਮਿਲਣਗੇ। ਸਾਡੇ ਨਾਲ ਸੰਗਤ ਕਰਨ ਵਿਚ ਕਿਸੇ ਵੀ ਚੀਜ਼ ਨੂੰ ਰੁਕਾਵਟ ਨਾ ਬਣਨ ਦਿਓ।
ਮੀਟਿੰਗਾਂ ਵਿਚ ਇਕ-ਦੂਜੇ ਨਾਲ ਸੰਗਤ ਕਰਨੀ ਕਿਉਂ ਫ਼ਾਇਦੇਮੰਦ ਹੈ?
ਤੁਸੀਂ ਕਦੋਂ ਸਾਡੀ ਮੰਡਲੀ ਵਿਚ ਆ ਕੇ ਸਾਰਿਆਂ ਨੂੰ ਮਿਲਣਾ ਚਾਹੋਗੇ?
-
-
ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 7
ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ?
ਨਿਊਜ਼ੀਲੈਂਡ
ਜਪਾਨ
ਯੂਗਾਂਡਾ
ਲਿਥੁਆਨੀਆ
ਪਹਿਲੀ ਸਦੀ ਦੀਆਂ ਮੀਟਿੰਗਾਂ ਵਿਚ ਭੈਣ-ਭਰਾ ਗੀਤ ਗਾਉਂਦੇ ਸਨ, ਪ੍ਰਾਰਥਨਾ ਕਰਦੇ ਸਨ ਅਤੇ ਬਾਈਬਲ ਪੜ੍ਹ ਕੇ ਇਸ ਉੱਤੇ ਚਰਚਾ ਕਰਦੇ ਸਨ। ਇਨ੍ਹਾਂ ਮੀਟਿੰਗਾਂ ਵਿਚ ਇਨਸਾਨੀ ਰੀਤਾਂ-ਰਿਵਾਜਾਂ ਮੁਤਾਬਕ ਕੁਝ ਨਹੀਂ ਸੀ ਕੀਤਾ ਜਾਂਦਾ। (1 ਕੁਰਿੰਥੀਆਂ 14:26) ਸਾਡੀਆਂ ਮੀਟਿੰਗਾਂ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ।
ਸਾਰੀ ਸਿੱਖਿਆ ਬਾਈਬਲ ਵਿੱਚੋਂ ਦਿੱਤੀ ਜਾਂਦੀ ਹੈ ਅਤੇ ਫ਼ਾਇਦੇਮੰਦ ਹੁੰਦੀ ਹੈ। ਸ਼ਨੀਵਾਰ ਜਾਂ ਐਤਵਾਰ ਦੀ ਮੀਟਿੰਗ ਵਿਚ 30 ਮਿੰਟਾਂ ਦਾ ਬਾਈਬਲ-ਆਧਾਰਿਤ ਪਬਲਿਕ ਭਾਸ਼ਣ ਦਿੱਤਾ ਜਾਂਦਾ ਹੈ। ਇਸ ਭਾਸ਼ਣ ਵਿਚ ਸਮਝਾਇਆ ਜਾਂਦਾ ਹੈ ਕਿ ਅੱਜ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਬਾਈਬਲ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਭਾਸ਼ਣਕਾਰ ਦੇ ਨਾਲ-ਨਾਲ ਆਪਣੀਆਂ ਬਾਈਬਲਾਂ ਵਿੱਚੋਂ ਆਇਤਾਂ ਪੜ੍ਹਨ। ਇਸ ਭਾਸ਼ਣ ਤੋਂ ਬਾਅਦ ਇਕ ਘੰਟੇ ਲਈ ਸਟੱਡੀ ਐਡੀਸ਼ਨ ਵਿੱਚੋਂ ਪਹਿਰਾਬੁਰਜ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿਚ ਸਾਰੇ ਜਣੇ ਟਿੱਪਣੀਆਂ ਕਰ ਸਕਦੇ ਹਨ। ਇਸ ਤਰ੍ਹਾਂ ਚਰਚਾ ਕਰਨ ਨਾਲ ਆਪਣੀ ਜ਼ਿੰਦਗੀ ਵਿਚ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਵਿਚ ਸਾਨੂੰ ਮਦਦ ਮਿਲਦੀ ਹੈ। ਪਹਿਰਾਬੁਰਜ ਦੇ ਜਿਸ ਲੇਖ ਦਾ ਅਧਿਐਨ ਸਾਡੀ ਮੰਡਲੀ ਵਿਚ ਕੀਤਾ ਜਾਂਦਾ ਹੈ, ਉਹੀ ਲੇਖ ਦੁਨੀਆਂ ਭਰ ਦੀਆਂ 1,10,000 ਤੋਂ ਜ਼ਿਆਦਾ ਮੰਡਲੀਆਂ ਵਿਚ ਸਟੱਡੀ ਕੀਤਾ ਜਾਂਦਾ ਹੈ।
ਵਧੀਆ ਸਿੱਖਿਅਕ ਬਣਨ ਵਿਚ ਸਾਡੀ ਮਦਦ ਕੀਤੀ ਜਾਂਦੀ ਹੈ। ਹਫ਼ਤੇ ਦੌਰਾਨ ਤਿੰਨ ਭਾਗਾਂ ਵਾਲੀ ਇਕ ਹੋਰ ਮੀਟਿੰਗ ਹੁੰਦੀ ਹੈ ਜਿਸ ਦਾ ਨਾਂ ਹੈ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ। ਇਸ ਮੀਟਿੰਗ ਲਈ ਹਰ ਮਹੀਨੇ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਮੀਟਿੰਗ ਦਾ ਪਹਿਲਾ ਭਾਗ ਹੈ ਰੱਬ ਦਾ ਬਚਨ ਖ਼ਜ਼ਾਨਾ ਹੈ। ਇਸ ਭਾਗ ਦੀ ਮਦਦ ਨਾਲ ਅਸੀਂ ਬਾਈਬਲ ਦੇ ਉਨ੍ਹਾਂ ਅਧਿਆਵਾਂ ਨਾਲ ਵਾਕਫ਼ ਹੁੰਦੇ ਹਾਂ ਜੋ ਸਾਰਿਆਂ ਨੇ ਪਹਿਲਾਂ ਹੀ ਪੜ੍ਹੇ ਹੁੰਦੇ ਹਨ। ਅਗਲੇ ਭਾਗ ਪ੍ਰਚਾਰ ਵਿਚ ਮਾਹਰ ਬਣੋ ਵਿਚ ਪ੍ਰਦਰਸ਼ਨ ਦਿਖਾਏ ਜਾਂਦੇ ਹਨ ਕਿ ਅਸੀਂ ਦੂਸਰਿਆਂ ਨਾਲ ਬਾਈਬਲ ਦੀ ਚਰਚਾ ਕਿਵੇਂ ਕਰ ਸਕਦੇ ਹਾਂ। ਸਾਡੀ ਪੜ੍ਹਨ ਤੇ ਬੋਲਣ ਦੀ ਕਲਾ ਨੂੰ ਸੁਧਾਰਨ ਲਈ ਸਭਾ ਦਾ ਓਵਰਸੀਅਰ ਸਾਨੂੰ ਕੁਝ ਸੁਝਾਅ ਦਿੰਦਾ ਹੈ। (1 ਤਿਮੋਥਿਉਸ 4:13) ਆਖ਼ਰੀ ਭਾਗ ਸਾਡੀ ਮਸੀਹੀ ਜ਼ਿੰਦਗੀ ਵਿਚ ਦੱਸਿਆ ਜਾਂਦਾ ਹੈ ਕਿ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਇਸ ਭਾਗ ਵਿਚ ਸਵਾਲਾਂ-ਜਵਾਬਾਂ ਰਾਹੀਂ ਚਰਚਾ ਹੁੰਦੀ ਹੈ ਜਿਸ ਨਾਲ ਅਸੀਂ ਬਾਈਬਲ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ।
ਜਦੋਂ ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆਓਗੇ, ਤਾਂ ਤੁਹਾਨੂੰ ਉੱਥੇ ਦਿੱਤੀ ਜਾ ਰਹੀ ਬਾਈਬਲ ਸਿੱਖਿਆ ਜ਼ਰੂਰ ਵਧੀਆ ਲੱਗੇਗੀ।—ਯਸਾਯਾਹ 54:13.
ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਤੁਹਾਨੂੰ ਕੀ ਸਿੱਖਣ ਦਾ ਮੌਕਾ ਮਿਲੇਗਾ?
ਤੁਸੀਂ ਕਿਹੜੀ ਮੀਟਿੰਗ ਵਿਚ ਆਉਣਾ ਪਸੰਦ ਕਰੋਗੇ?
-