ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 26

      ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?

      ਏਸਟੋਨੀਆ ਵਿਚ ਯਹੋਵਾਹ ਦੇ ਗਵਾਹ ਆਪਣੇ ਕਿੰਗਡਮ ਹਾਲ ਦੀ ਸਫ਼ਾਈ ਕਰਦੇ ਹੋਏ

      ਏਸਟੋਨੀਆ

      ਜ਼ਿਮਬਾਬਵੇ ਵਿਚ ਯਹੋਵਾਹ ਦੇ ਗਵਾਹ ਆਪਣੇ ਕਿੰਗਡਮ ਹਾਲ ਦੀ ਸਫ਼ਾਈ ਕਰਦੇ ਹੋਏ

      ਜ਼ਿਮਬਾਬਵੇ

      ਮੰਗੋਲੀਆ ਵਿਚ ਯਹੋਵਾਹ ਦਾ ਗਵਾਹ ਕਿੰਗਡਮ ਹਾਲ ਦੀ ਮੁਰੰਮਤ ਕਰਦਾ ਹੋਇਆ

      ਮੰਗੋਲੀਆ

      ਪੋਰਟੋ ਰੀਕੋ ਵਿਚ ਯਹੋਵਾਹ ਦਾ ਗਵਾਹ ਕਿੰਗਡਮ ਹਾਲ ਨੂੰ ਰੰਗ ਕਰ ਰਿਹਾ

      ਪੋਰਟੋ ਰੀਕੋ

      ਯਹੋਵਾਹ ਦੇ ਗਵਾਹਾਂ ਦੇ ਹਰ ਕਿੰਗਡਮ ਹਾਲ ਉੱਤੇ ਪਰਮੇਸ਼ੁਰ ਦਾ ਪਵਿੱਤਰ ਨਾਂ ਲਿਖਿਆ ਹੁੰਦਾ ਹੈ। ਇਸ ਲਈ ਅਸੀਂ ਸਮਝਦੇ ਹਾਂ ਕਿ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣਾ ਅਤੇ ਇਸ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ ਤਾਂਕਿ ਇਹ ਦੇਖਣ ਨੂੰ ਸੋਹਣਾ ਲੱਗੇ। ਇਸ ਕੰਮ ਵਿਚ ਹਿੱਸਾ ਲੈਣਾ ਇਕ ਵੱਡਾ ਸਨਮਾਨ ਹੈ ਤੇ ਇਹ ਸਾਡੀ ਪਵਿੱਤਰ ਭਗਤੀ ਦਾ ਇਕ ਜ਼ਰੂਰੀ ਹਿੱਸਾ ਹੈ। ਇਸ ਵਿਚ ਸਾਰੇ ਹੀ ਆਪਣਾ ਯੋਗਦਾਨ ਪਾ ਸਕਦੇ ਹਨ।

      ਮੀਟਿੰਗ ਤੋਂ ਬਾਅਦ ਸਾਫ਼-ਸਫ਼ਾਈ ਕਰਨ ਵਿਚ ਮਦਦ ਕਰੋ। ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣ ਲਈ ਭੈਣ-ਭਰਾ ਹਰ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਖ਼ੁਸ਼ੀ-ਖ਼ੁਸ਼ੀ ਸਫ਼ਾਈ ਕਰਦੇ ਹਨ। ਹਫ਼ਤੇ ਵਿਚ ਇਕ ਵਾਰ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ। ਸਫ਼ਾਈ ਦੇ ਕੰਮ ਦੀ ਨਿਗਰਾਨੀ ਕਰਨ ਵਾਲਾ ਬਜ਼ੁਰਗ ਜਾਂ ਸਹਾਇਕ ਸੇਵਕ ਆਮ ਤੌਰ ਤੇ ਲਿਸਟ ਤੋਂ ਦੇਖਦਾ ਹੈ ਕਿ ਕਿਹੜੇ-ਕਿਹੜੇ ਕੰਮ ਕਰਨ ਦੀ ਲੋੜ ਹੈ। ਇਸ ਲੋੜ ਅਨੁਸਾਰ ਭੈਣ-ਭਰਾ ਝਾੜੂ ਫੇਰਨ, ਪੋਚਾ ਲਾਉਣ, ਵੈਕਿਊਮ ਕਰਨ, ਧੂੜ-ਮਿੱਟੀ ਪੂੰਝਣ, ਕੁਰਸੀਆਂ ਸਿੱਧੀਆਂ ਕਰਨ, ਗੁਸਲਖ਼ਾਨੇ ਸਾਫ਼ ਕਰਨ, ਖਿੜਕੀਆਂ ਅਤੇ ਸ਼ੀਸ਼ੇ ਸਾਫ਼ ਕਰਨ, ਕੂੜਾ-ਕਰਕਟ ਬਾਹਰ ਸੁੱਟਣ ਅਤੇ ਹਾਲ ਦੇ ਆਲੇ-ਦੁਆਲੇ ਜਾਂ ਵਿਹੜੇ ਦੀ ਸਫ਼ਾਈ ਕਰਨ ਵਿਚ ਮਦਦ ਕਰਦੇ ਹਨ। ਸਾਲ ਵਿਚ ਇਕ ਵਾਰ ਹਾਲ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਲਈ ਇਕ ਦਿਨ ਰੱਖਿਆ ਜਾਂਦਾ ਹੈ। ਨਿਆਣਿਆਂ ਨੂੰ ਸਫ਼ਾਈ ਦਾ ਕੋਈ ਕੰਮ ਦੇਣ ਨਾਲ ਤੁਸੀਂ ਉਨ੍ਹਾਂ ਨੂੰ ਕਿੰਗਡਮ ਹਾਲ ਦੀ ਕਦਰ ਕਰਨੀ ਸਿਖਾਉਂਦੇ ਹੋ।​—ਉਪਦੇਸ਼ਕ ਦੀ ਪੋਥੀ 5:1.

      ਮੁਰੰਮਤ ਕਰਨ ਵਿਚ ਹੱਥ ਵਟਾਓ। ਹਰ ਸਾਲ ਕਿੰਗਡਮ ਹਾਲ ਦੀ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ਦੇ ਆਧਾਰ ʼਤੇ ਸਮੇਂ-ਸਮੇਂ ਤੇ ਮੁਰੰਮਤ ਕੀਤੀ ਜਾਂਦੀ ਹੈ ਤਾਂਕਿ ਹਾਲ ਚੰਗੀ ਹਾਲਤ ਵਿਚ ਰਹੇ ਅਤੇ ਜ਼ਿਆਦਾ ਪੈਸਾ ਖ਼ਰਚਣ ਦੀ ਲੋੜ ਨਾ ਪਵੇ। (2 ਇਤਹਾਸ 24:13; 34:10) ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਤੇ ਚੰਗੀ ਹਾਲਤ ਵਿਚ ਰੱਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਇੱਥੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਇਸ ਕੰਮ ਵਿਚ ਹਿੱਸਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਆਪਣੇ ਕਿੰਗਡਮ ਹਾਲ ਦੀ ਕਦਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 122:1) ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਉੱਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ।​—2 ਕੁਰਿੰਥੀਆਂ 6:3.

      • ਸਾਨੂੰ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਲਾਪਰਵਾਹੀ ਕਿਉਂ ਨਹੀਂ ਵਰਤਣੀ ਚਾਹੀਦੀ?

      • ਕਿੰਗਡਮ ਹਾਲ ਨੂੰ ਸਾਫ਼ ਰੱਖਣ ਲਈ ਕਿਹੜੇ ਇੰਤਜ਼ਾਮ ਕੀਤੇ ਜਾਂਦੇ ਹਨ?

  • ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 27

      ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?

      ਕਿੰਗਡਮ ਹਾਲ ਲਾਇਬ੍ਰੇਰੀ ਨੂੰ ਵਰਤ ਰਿਹਾ ਆਦਮੀ

      ਇਜ਼ਰਾਈਲ

      ਯਹੋਵਾਹ ਦਾ ਇਕ ਗਵਾਹ ਰਿਸਰਚ ਕਰਨ ਵਿਚ ਇਕ ਨੌਜਵਾਨ ਦੀ ਮਦਦ ਕਰਦਾ ਹੋਇਆ

      ਚੈੱਕ ਗਣਰਾਜ

      ਆਪਣੀ ਗੀਤ ਪੁਸਤਕ ’ਤੇ ਆਪਣਾ ਨਾਂ ਲਿਖ ਰਹੀ ਕੁੜੀ

      ਬੇਨਿਨ

      ਕੰਪਿਊਟਰ ’ਤੇ ਵਾਚਟਾਵਰ ਲਾਇਬ੍ਰੇਰੀ ਨੂੰ ਵਰਤ ਕੇ ਰਿਸਰਚ ਕਰ ਰਿਹਾ ਆਦਮੀ

      ਕੇਮਨ ਦੀਪ-ਸਮੂਹ

      ਕੀ ਤੁਸੀਂ ਬਾਈਬਲ ਬਾਰੇ ਆਪਣਾ ਗਿਆਨ ਵਧਾਉਣ ਲਈ ਕੁਝ ਰਿਸਰਚ ਕਰਨੀ ਚਾਹੁੰਦੇ ਹੋ? ਕੀ ਬਾਈਬਲ ਦੇ ਕਿਸੇ ਹਵਾਲੇ, ਉਸ ਵਿਚ ਜ਼ਿਕਰ ਕੀਤੇ ਗਏ ਕਿਸੇ ਇਨਸਾਨ, ਜਗ੍ਹਾ ਜਾਂ ਚੀਜ਼ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜਾਂ ਕੀ ਤੁਸੀਂ ਸੋਚਿਆ ਹੈ ਕਿ ਬਾਈਬਲ ਕਿਸੇ ਪਰੇਸ਼ਾਨੀ ਨੂੰ ਦੂਰ ਕਰਨ ਵਿਚ ਕਿੱਦਾਂ ਤੁਹਾਡੀ ਮਦਦ ਕਰ ਸਕਦੀ ਹੈ? ਜੇ ਹਾਂ, ਤਾਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਰਤੋ।

      ਰਿਸਰਚ ਕਰਨ ਲਈ ਲਾਇਬ੍ਰੇਰੀ ਵਿਚ ਕਈ ਪ੍ਰਕਾਸ਼ਨ ਹਨ। ਤੁਹਾਡੇ ਕੋਲ ਸ਼ਾਇਦ ਆਪਣੀ ਭਾਸ਼ਾ ਵਿਚ ਯਹੋਵਾਹ ਦੇ ਗਵਾਹਾਂ ਦੇ ਸਾਰੇ ਪ੍ਰਕਾਸ਼ਨ ਨਾ ਹੋਣ। ਪਰ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਤਕਰੀਬਨ ਸਾਰੇ ਪ੍ਰਕਾਸ਼ਨ ਹੁੰਦੇ ਹਨ। ਇਸ ਵਿਚ ਸ਼ਾਇਦ ਬਾਈਬਲ ਦੇ ਵੱਖੋ-ਵੱਖਰੇ ਅਨੁਵਾਦ, ਇਕ ਚੰਗੀ ਡਿਕਸ਼ਨਰੀ ਅਤੇ ਰਿਸਰਚ ਕਰਨ ਲਈ ਹੋਰ ਕਈ ਵਧੀਆ ਕਿਤਾਬਾਂ ਵਗੈਰਾ ਹੋਣ। ਤੁਸੀਂ ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਲਾਇਬ੍ਰੇਰੀ ਵਿਚ ਪ੍ਰਕਾਸ਼ਨ ਵਰਤ ਸਕਦੇ ਹੋ। ਜੇ ਉੱਥੇ ਕੰਪਿਊਟਰ ਹੈ, ਤਾਂ ਤੁਸੀਂ ਇਸ ਉੱਤੇ ਵਾਚਟਾਵਰ ਲਾਇਬ੍ਰੇਰੀ ਦੇਖ ਸਕਦੇ ਹੋ। ਇਹ ਕੰਪਿਊਟਰ ਪ੍ਰੋਗ੍ਰਾਮ ਹੈ ਜਿਸ ਵਿਚ ਸਾਡੇ ਬਹੁਤ ਸਾਰੇ ਪ੍ਰਕਾਸ਼ਨ ਹਨ। ਇਸ ਪ੍ਰੋਗ੍ਰਾਮ ਨਾਲ ਅਸੀਂ ਸੌਖਿਆਂ ਹੀ ਕਿਸੇ ਵਿਸ਼ੇ, ਸ਼ਬਦ ਜਾਂ ਹਵਾਲੇ ਦੀ ਰਿਸਰਚ ਕਰ ਸਕਦੇ ਹਾਂ।

      ਕਿੰਗਡਮ ਹਾਲ ਦੀ ਲਾਇਬ੍ਰੇਰੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦੇ ਵਿਦਿਆਰਥੀਆਂ ਲਈ ਫ਼ਾਇਦੇਮੰਦ ਹੈ। ਤੁਸੀਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਰਤ ਕੇ ਆਪਣੀ ਟਾਕ ਦੀ ਤਿਆਰੀ ਕਰ ਸਕਦੇ ਹੋ। ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦਾ ਓਵਰਸੀਅਰ ਲਾਇਬ੍ਰੇਰੀ ਦੀ ਦੇਖ-ਭਾਲ ਕਰਦਾ ਹੈ। ਉਹ ਧਿਆਨ ਰੱਖਦਾ ਹੈ ਕਿ ਸਾਰੇ ਨਵੇਂ ਪ੍ਰਕਾਸ਼ਨ ਲਾਇਬ੍ਰੇਰੀ ਵਿਚ ਹਨ ਅਤੇ ਸਹੀ ਤਰੀਕੇ ਨਾਲ ਰੱਖੇ ਗਏ ਹਨ। ਇਹ ਭਰਾ ਜਾਂ ਤੁਹਾਡੇ ਨਾਲ ਸਟੱਡੀ ਕਰਨ ਵਾਲਾ ਗਵਾਹ ਤੁਹਾਨੂੰ ਦਿਖਾ ਸਕਦਾ ਹੈ ਕਿ ਜੋ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਉਹ ਤੁਸੀਂ ਕਿੱਦਾਂ ਲੱਭ ਸਕਦੇ ਹੋ। ਪਰ ਕੋਈ ਵੀ ਕਿਤਾਬ ਕਿੰਗਡਮ ਹਾਲ ਤੋਂ ਬਾਹਰ ਨਹੀਂ ਲਿਜਾਈ ਜਾਣੀ ਚਾਹੀਦੀ ਅਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਕਿਤਾਬਾਂ ਨੂੰ ਸੰਭਾਲ ਕੇ ਵਰਤਿਆ ਜਾਵੇ ਅਤੇ ਉਨ੍ਹਾਂ ʼਤੇ ਕੋਈ ਨਿਸ਼ਾਨ ਨਾ ਲਾਇਆ ਜਾਵੇ।

      ਬਾਈਬਲ ਵਿਚ ਸਮਝਾਇਆ ਜਾਂਦਾ ਹੈ ਕਿ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਨ ਲਈ ਇਸ ਦੀ “ਗੁਪਤ ਧਨ ਵਾਂਙੁ” ਖੋਜ ਕਰਨ ਦੀ ਲੋੜ ਹੈ। (ਕਹਾਉਤਾਂ 2:1-5) ਇਸ ਗਿਆਨ ਦੀ ਖੋਜ ਕਰਨ ਲਈ ਕਿੰਗਡਮ ਹਾਲ ਦੀ ਲਾਇਬ੍ਰੇਰੀ ਤੁਹਾਡੀ ਮਦਦ ਕਰ ਸਕਦੀ ਹੈ।

      • ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਰਿਸਰਚ ਕਰਨ ਲਈ ਕਿਹੜੇ ਪ੍ਰਕਾਸ਼ਨ ਵਗੈਰਾ ਹੁੰਦੇ ਹਨ?

      • ਲਾਇਬ੍ਰੇਰੀ ਦਾ ਪੂਰਾ ਲਾਭ ਲੈਣ ਲਈ ਕੌਣ ਤੁਹਾਡੀ ਮਦਦ ਕਰ ਸਕਦਾ ਹੈ?

      ਹੋਰ ਜਾਣਨ ਲਈ

      ਜੇ ਤੁਸੀਂ ਆਪਣੀ ਲਾਇਬ੍ਰੇਰੀ ਬਣਾਉਣੀ ਚਾਹੁੰਦੇ ਹੋ, ਤਾਂ ਤੁਸੀਂ ਲਿਟਰੇਚਰ ਕਾਊਂਟਰ ʼਤੇ ਦੇਖ ਸਕਦੇ ਹੋ ਕਿ ਕਿਹੜੇ ਪ੍ਰਕਾਸ਼ਨ ਉਪਲਬਧ ਹਨ। ਤੁਹਾਡੇ ਨਾਲ ਬਾਈਬਲ ਸਟੱਡੀ ਕਰਨ ਵਾਲਾ ਗਵਾਹ ਤੁਹਾਨੂੰ ਸਲਾਹ ਦੇ ਸਕਦਾ ਹੈ ਕਿ ਤੁਹਾਨੂੰ ਪਹਿਲਾਂ ਕਿਨ੍ਹਾਂ ਪ੍ਰਕਾਸ਼ਨਾਂ ਦੀ ਲੋੜ ਹੈ।

  • ਸਾਡੀ ਵੈੱਬਸਾਈਟ ʼਤੇ ਕੀ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 28

      ਸਾਡੀ ਵੈੱਬਸਾਈਟ ʼਤੇ ਕੀ ਹੈ?

      ਆਪਣੇ ਲੈਪਟਾਪ ’ਤੇ ਰਿਸਰਚ ਕਰ ਰਹੀ ਔਰਤ

      ਫਰਾਂਸ

      ਕੰਪਿਊਟਰ ਵਰਤ ਰਿਹਾ ਇਕ ਪਰਿਵਾਰ

      ਪੋਲੈਂਡ

      ਸੈਨਤ ਭਾਸ਼ਾ ਦਾ ਆਨ-ਲਾਈਨ ਵਿਡਿਓ ਦੇਖ ਰਹੀ ਤੀਵੀਂ

      ਰੂਸ

      ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿਚ ਹੈ ਵਡਿਆਈ ਕਰਨ।” (ਮੱਤੀ 5:16) ਇਸ ਤਰ੍ਹਾਂ ਕਰਨ ਲਈ ਅਸੀਂ ਇੰਟਰਨੈੱਟ ਵਰਗੀ ਆਧੁਨਿਕ ਤਕਨਾਲੋਜੀ ਦਾ ਪੂਰਾ ਲਾਭ ਉਠਾਉਂਦੇ ਹਾਂ। ਸਾਡੀ ਵੈੱਬਸਾਈਟ ਦਾ ਨਾਂ jw.org ਹੈ। ਇਸ ʼਤੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਾਈਟ ʼਤੇ ਕਿਹੜੀ ਖ਼ਾਸ ਜਾਣਕਾਰੀ ਉਪਲਬਧ ਹੈ?

      ਆਮ ਪੁੱਛੇ ਜਾਂਦੇ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ। ਇਸ ਵੈੱਬਸਾਈਟ ʼਤੇ ਤੁਸੀਂ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਪਾ ਸਕਦੇ ਹੋ ਜੋ ਲੋਕ ਆਮ ਪੁੱਛਦੇ ਹਨ। ਮਿਸਾਲ ਲਈ, ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਅਤੇ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਨਾਂ ਦੇ ਪਰਚੇ ਸਾਡੀ ਵੈੱਬਸਾਈਟ ʼਤੇ 600 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਇਸ ʼਤੇ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦਾ ਨਵੀਂ ਦੁਨੀਆਂ ਅਨੁਵਾਦ ਵੀ ਦਿੱਤਾ ਗਿਆ ਹੈ। ਨਾਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਅਤੇ ਹਾਲ ਹੀ ਦੇ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਅਤੇ ਹੋਰ ਕਈ ਬਾਈਬਲ-ਆਧਾਰਿਤ ਪ੍ਰਕਾਸ਼ਨ ਵੀ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਕਾਸ਼ਨਾਂ ਨੂੰ ਵੈੱਬਸਾਈਟ ʼਤੇ ਪੜ੍ਹਿਆ ਜਾਂ ਸੁਣਿਆ ਜਾ ਸਕਦਾ ਹੈ ਜਾਂ ਫਿਰ ਇਨ੍ਹਾਂ ਨੂੰ MP3, PDF ਜਾਂ EPUB ਫ਼ਾਈਲਾਂ ਵਜੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਉਸ ਦੀ ਭਾਸ਼ਾ ਵਿਚ ਕੁਝ ਸਫ਼ੇ ਪ੍ਰਿੰਟ ਕਰ ਕੇ ਦਿਖਾ ਸਕਦੇ ਹੋ! ਅਨੇਕ ਸੈਨਤ ਭਾਸ਼ਾਵਾਂ ਵਿਚ ਪ੍ਰਕਾਸ਼ਨ ਵਿਡਿਓ ʼਤੇ ਵੀ ਉਪਲਬਧ ਹਨ। ਤੁਸੀਂ ਬਾਈਬਲ-ਆਧਾਰਿਤ ਆਡੀਓ ਬਾਈਬਲ ਅਤੇ ਸੰਗੀਤ ਵੀ ਡਾਊਨਲੋਡ ਕਰ ਸਕਦੇ ਹੋ।

      ਯਹੋਵਾਹ ਦੇ ਗਵਾਹਾਂ ਬਾਰੇ ਸਹੀ ਜਾਣਕਾਰੀ। ਇਸ ਵੈੱਬਸਾਈਟ ʼਤੇ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਾਡੇ ਕੰਮ ਬਾਰੇ ਤਾਜ਼ੀਆਂ ਖ਼ਬਰਾਂ ਅਤੇ ਵਿਡਿਓ, ਯਹੋਵਾਹ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਅਤੇ ਕੁਦਰਤੀ ਆਫ਼ਤਾਂ ਤੋਂ ਬਾਅਦ ਸਾਡੇ ਰਾਹਤ ਪਹੁੰਚਾਉਣ ਦੇ ਕੰਮਾਂ ਬਾਰੇ ਵੀ ਜਾਣਕਾਰੀ ਉਪਲਬਧ ਹੈ। ਵੈੱਬਸਾਈਟ ʼਤੇ ਤੁਸੀਂ ਸਾਡੇ ਆਉਣ ਵਾਲੇ ਜ਼ਿਲ੍ਹਾ ਸੰਮੇਲਨ ਦੀਆਂ ਤਾਰੀਖ਼ਾਂ ਅਤੇ ਸਾਡੇ ਬ੍ਰਾਂਚ ਆਫ਼ਿਸਾਂ ਦੇ ਪਤੇ ਵੀ ਦੇਖ ਸਕਦੇ ਹੋ।

      ਅਸੀਂ ਆਪਣੀ ਵੈੱਬਸਾਈਟ ਇਸਤੇਮਾਲ ਕਰ ਕੇ ਧਰਤੀ ਦੇ ਕੋਨੇ-ਕੋਨੇ ਵਿਚ ਸੱਚਾਈ ਦਾ ਚਾਨਣ ਚਮਕਾ ਰਹੇ ਹਾਂ। ਦੁਨੀਆਂ ਦੇ ਹਰ ਮਹਾਂਦੀਪ, ਇੱਥੋਂ ਤਕ ਕਿ ਦੁਨੀਆਂ ਦੇ ਸਭ ਤੋਂ ਬਰਫ਼ੀਲੇ ਐਂਟਾਰਕਟਿਕਾ ਮਹਾਂਦੀਪ ਦੇ ਲੋਕਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਕਿ ਧਰਤੀ ਦੇ ਹਰ ਹਿੱਸੇ ਵਿਚ “ਯਹੋਵਾਹ ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ” ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ।​—2 ਥੱਸਲੁਨੀਕੀਆਂ 3:1.

      • jw.org ਵੈੱਬਸਾਈਟ ਬਾਈਬਲ ਵਿਚ ਦੱਸੀ ਸੱਚਾਈ ਬਾਰੇ ਜਾਣਨ ਵਿਚ ਲੋਕਾਂ ਦੀ ਕਿਵੇਂ ਮਦਦ ਕਰ ਰਹੀ ਹੈ?

      • ਤੁਸੀਂ ਸਾਡੀ ਵੈੱਬਸਾਈਟ ਤੋਂ ਕਿਹੜੀ ਜਾਣਕਾਰੀ ਲੈਣੀ ਚਾਹੁੰਦੇ ਹੋ?

      ਸਾਵਧਾਨੀ ਵਰਤੋ:

      ਕੁਝ ਵੈੱਬਸਾਈਟਾਂ ਸਾਡੇ ਵਿਰੋਧੀਆਂ ਦੀਆਂ ਹਨ ਜਿਨ੍ਹਾਂ ਨੂੰ ਉਹ ਸਾਡੇ ਸੰਗਠਨ ਬਾਰੇ ਝੂਠੀਆਂ ਗੱਲਾਂ ਫੈਲਾਉਣ ਲਈ ਵਰਤਦੇ ਹਾਂ। ਉਨ੍ਹਾਂ ਦਾ ਇਹੀ ਮਕਸਦ ਹੈ ਕਿ ਉਹ ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰਨ। ਸਾਨੂੰ ਅਜਿਹੀਆਂ ਸਾਈਟਾਂ ਤੋਂ ਦੂਰ ਰਹਿਣਾ ਚਾਹੀਦਾ ਹੈ​—ਜ਼ਬੂਰਾਂ ਦੀ ਪੋਥੀ 1:1; 26:4; ਰੋਮੀਆਂ 16:17.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ