ਭਾਗ 5
ਪਰਮੇਸ਼ੁਰ ਨੇ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੂੰ ਬਰਕਤ ਦਿੱਤੀ
ਅਬਰਾਹਾਮ ਦਾ ਪਰਿਵਾਰ ਵਧਦਾ ਗਿਆ। ਪਰਮੇਸ਼ੁਰ ਨੇ ਮਿਸਰ ਵਿਚ ਯੂਸੁਫ਼ ਦੀ ਰੱਖਿਆ ਕੀਤੀ
ਯਹੋਵਾਹ ਪਰਮੇਸ਼ੁਰ ਜਾਣਦਾ ਸੀ ਕਿ ਉਸ ਦੇ ਪੁੱਤਰ, ਉਸ ਦੇ ਜਿਗਰ ਦੇ ਟੁਕੜੇ ਨੂੰ ਦੁੱਖ ਝੱਲ ਕੇ ਇਕ ਦਿਨ ਮਰਨਾ ਪਵੇਗਾ। ਸਾਨੂੰ ਉਤਪਤ 3:15 ਦੀ ਭਵਿੱਖਬਾਣੀ ਪੜ੍ਹ ਕੇ ਇਸ ਬਾਰੇ ਪਤਾ ਲੱਗਦਾ ਹੈ। ਪਰ ਕੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਮੇਸ਼ੁਰ ਲਈ ਇਹ ਕਿੰਨੀ ਵੱਡੀ ਕੁਰਬਾਨੀ ਹੋਣੀ ਸੀ? ਇਹ ਗੱਲ ਸਮਝਾਉਣ ਲਈ ਉਸ ਨੇ ਅਬਰਾਹਾਮ ਅਤੇ ਉਸ ਦੇ ਇੱਕੋ-ਇਕ ਪੁੱਤਰ ਇਸਹਾਕ ਨੂੰ ਮਿਸਾਲ ਵਜੋਂ ਵਰਤਿਆ। ਅਬਰਾਹਾਮ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਇਸਹਾਕ ਦੀ ਬਲੀ ਚੜ੍ਹਾਉਣ ਲਈ ਕਿਹਾ।
ਅਬਰਾਹਾਮ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਕਰਦਾ ਸੀ। ਯਾਦ ਕਰੋ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਮੁਕਤੀਦਾਤਾ ਉਸ ਦੇ ਪੁੱਤਰ ਇਸਹਾਕ ਦੀ ਪੀੜ੍ਹੀ ਵਿਚ ਪੈਦਾ ਹੋਵੇਗਾ। ਉਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਜੇ ਚਾਹੇ ਤਾਂ ਇਸਹਾਕ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ। ਅਬਰਾਹਾਮ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਹੀ ਲੱਗਾ ਸੀ ਕਿ ਪਰਮੇਸ਼ੁਰ ਦੇ ਦੂਤ ਨੇ ਉਸ ਦਾ ਹੱਥ ਰੋਕ ਲਿਆ। ਪਰਮੇਸ਼ੁਰ ਕਿੰਨਾ ਖ਼ੁਸ਼ ਹੋਇਆ ਕਿ ਅਬਰਾਹਾਮ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਿਆ। ਇਸ ਲਈ, ਪਰਮੇਸ਼ੁਰ ਨੇ ਉਸ ਨੂੰ ਦੱਸਿਆ ਕਿ ਉਹ ਅਬਰਾਹਾਮ ਦੇ ਸੰਬੰਧ ਵਿਚ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ।
ਅੱਗੇ ਜਾ ਕੇ ਇਸਹਾਕ ਦੇ ਦੋ ਪੁੱਤਰ ਹੋਏ ਜਿਨ੍ਹਾਂ ਦੇ ਨਾਂ ਸਨ ਏਸਾਓ ਤੇ ਯਾਕੂਬ। ਯਾਕੂਬ ਆਪਣੇ ਭਰਾ ਏਸਾਓ ਨਾਲੋਂ ਬਹੁਤ ਵੱਖਰਾ ਸੀ। ਯਾਕੂਬ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਰੱਖਦਾ ਸੀ, ਇਸੇ ਕਰਕੇ ਉਸ ਨੂੰ ਬਰਕਤਾਂ ਮਿਲੀਆਂ। ਪਰਮੇਸ਼ੁਰ ਨੇ ਯਾਕੂਬ ਦਾ ਨਾਂ ਬਦਲ ਕੇ ਇਸਰਾਏਲ ਰੱਖਿਆ ਅਤੇ ਉਸ ਦੇ 12 ਪੁੱਤਰ ਇਸਰਾਏਲ ਕੌਮ ਦੇ ਮੁਖੀ ਬਣੇ। ਪਰ ਇਹ ਪਰਿਵਾਰ ਇਕ ਵੱਡੀ ਕੌਮ ਕਿਵੇਂ ਬਣਿਆ?
ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਯਾਕੂਬ ਦੇ ਕਈ ਮੁੰਡੇ ਆਪਣੇ ਛੋਟੇ ਭਰਾ ਯੂਸੁਫ਼ ਤੋਂ ਜਲਣ ਲੱਗੇ। ਉਨ੍ਹਾਂ ਨੇ ਯੂਸੁਫ਼ ਨੂੰ ਗ਼ੁਲਾਮੀ ਕਰਨ ਲਈ ਵੇਚ ਦਿੱਤਾ ਅਤੇ ਅਖ਼ੀਰ ਵਿਚ ਉਹ ਮਿਸਰ ਦੇਸ਼ ਜਾ ਪਹੁੰਚਿਆ। ਉੱਥੇ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪਈਆਂ। ਪਰ ਪਰਮੇਸ਼ੁਰ ਨੇ ਇਸ ਵਫ਼ਾਦਾਰ ਤੇ ਬਹਾਦਰ ਨੌਜਵਾਨ ਦੇ ਕੰਮਾਂ ʼਤੇ ਬਰਕਤ ਪਾਈ। ਮਿਸਰ ਦੇ ਰਾਜੇ ਨੇ ਯੂਸੁਫ਼ ਨੂੰ ਆਪਣਾ ਖ਼ਾਸ ਬੰਦਾ ਬਣਾ ਲਿਆ ਅਤੇ ਮਿਸਰ ਦਾ ਅਨਾਜ ਭੰਡਾਰ ਉਸ ਦੀ ਨਿਗਰਾਨੀ ਹੇਠ ਕਰ ਦਿੱਤਾ। ਇਹ ਗੱਲ ਯਾਕੂਬ ਦੇ ਪਰਿਵਾਰ ਲਈ ਫ਼ਾਇਦੇਮੰਦ ਸਾਬਤ ਹੋਈ। ਉਸ ਵੇਲੇ ਕਾਲ ਪੈਣ ਕਰਕੇ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਅੰਨ ਖ਼ਰੀਦਣ ਲਈ ਮਿਸਰ ਨੂੰ ਭੇਜਿਆ। ਉੱਥੇ ਉਹ ਆਪਣੇ ਭਰਾ ਯੂਸੁਫ਼ ਨੂੰ ਮਿਲੇ ਅਤੇ ਉਸ ਨੇ ਦੇਖਿਆ ਕਿ ਉਨ੍ਹਾਂ ਦਾ ਸੁਭਾਅ ਹੁਣ ਬਦਲ ਗਿਆ ਸੀ। ਯੂਸੁਫ਼ ਨੇ ਉਨ੍ਹਾਂ ਨੂੰ ਮਾਫ਼ ਕੀਤਾ ਅਤੇ ਪੂਰੇ ਪਰਿਵਾਰ ਨੂੰ ਮਿਸਰ ਵਿਚ ਰਹਿਣ ਲਈ ਸੱਦ ਲਿਆ। ਉਨ੍ਹਾਂ ਨੂੰ ਦੇਸ਼ ਦਾ ਹਰਿਆ-ਭਰਿਆ ਇਲਾਕਾ ਦਿੱਤਾ ਗਿਆ ਜਿੱਥੇ ਉਨ੍ਹਾਂ ਦਾ ਪਰਿਵਾਰ ਵਧਿਆ-ਫੁੱਲਿਆ। ਯੂਸੁਫ਼ ਨੂੰ ਅਹਿਸਾਸ ਹੋਇਆ ਕਿ ਵੱਖੋ-ਵੱਖਰੇ ਹਾਲਾਤਾਂ ਵਿਚ ਯਹੋਵਾਹ ਨੇ ਕਿਸੇ-ਨਾ-ਕਿਸੇ ਤਰ੍ਹਾਂ ਦਖ਼ਲ ਦਿੱਤਾ ਤਾਂਕਿ ਉਹ ਆਪਣੇ ਵਾਅਦੇ ਪੂਰੇ ਕਰ ਸਕੇ।
ਮਿਸਰ ਵਿਚ ਯਾਕੂਬ ਨੇ ਆਪਣੇ ਵਧਦੇ-ਫੁੱਲਦੇ ਪਰਿਵਾਰ ਨਾਲ ਆਪਣੀ ਬਾਕੀ ਦੀ ਉਮਰ ਕੱਟੀ। ਮਰਨ ਤੋਂ ਪਹਿਲਾਂ ਉਸ ਨੇ ਭਵਿੱਖਬਾਣੀ ਕੀਤੀ ਕਿ ਵਾਅਦਾ ਕੀਤਾ ਗਿਆ ਮੁਕਤੀਦਾਤਾ ਯਹੂਦਾਹ ਦੀ ਪੀੜ੍ਹੀ ਵਿੱਚੋਂ ਆਵੇਗਾ ਅਤੇ ਉਹ ਇਕ ਸ਼ਕਤੀਸ਼ਾਲੀ ਰਾਜਾ ਬਣੇਗਾ। ਇਸ ਤੋਂ ਕਈ ਸਾਲ ਬਾਅਦ ਯੂਸੁਫ਼ ਨੇ ਵੀ ਮਰਨ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਇਕ ਦਿਨ ਪਰਮੇਸ਼ੁਰ ਯਾਕੂਬ ਦੇ ਪਰਿਵਾਰ ਨੂੰ ਮਿਸਰ ਤੋਂ ਲੈ ਕੇ ਜਾਵੇਗਾ।
—ਇਹ ਜਾਣਕਾਰੀ ਉਤਪਤ ਅਧਿਆਇ 20-50 ਅਤੇ ਇਬਰਾਨੀਆਂ 11:17-22 ਵਿੱਚੋਂ ਲਈ ਗਈ ਹੈ।