ਭਾਗ 15
ਦਾਨੀਏਲ ਨਬੀ ਨੇ ਭਵਿੱਖ ਦੀ ਝਲਕ ਦੇਖੀ
ਦਾਨੀਏਲ ਨੇ ਪਰਮੇਸ਼ੁਰ ਦੇ ਰਾਜ ਅਤੇ ਮਸੀਹ ਦੇ ਆਉਣ ਬਾਰੇ ਭਵਿੱਖਬਾਣੀ ਕੀਤੀ। ਬਾਬਲੀਆਂ ਦਾ ਰਾਜ ਖ਼ਤਮ ਹੋਇਆ
ਬਾਬਲੀਆਂ ਨੇ ਯਹੂਦਾਹ ਦੇ ਰਾਜ ਉੱਤੇ ਜਿੱਤ ਪ੍ਰਾਪਤ ਕੀਤੀ। ਯਰੂਸ਼ਲਮ ਦੀ ਤਬਾਹੀ ਤੋਂ ਕੁਝ ਸਮਾਂ ਪਹਿਲਾਂ ਨੌਜਵਾਨ ਦਾਨੀਏਲ ਅਤੇ ਕੁਝ ਹੋਰ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ, ਪਰ ਇਨ੍ਹਾਂ ਨੂੰ ਕੁਝ ਹੱਦ ਤਕ ਆਜ਼ਾਦੀ ਦਿੱਤੀ ਗਈ ਸੀ। ਬਾਬਲ ਵਿਚ ਰਹਿੰਦਿਆਂ ਦਾਨੀਏਲ ਉੱਤੇ ਪਰਮੇਸ਼ੁਰ ਦੀ ਬਹੁਤ ਕਿਰਪਾ ਰਹੀ; ਪਰਮੇਸ਼ੁਰ ਨੇ ਉਸ ਨੂੰ ਸ਼ੇਰਾਂ ਦੇ ਮੂੰਹੋਂ ਬਚਾਇਆ ਅਤੇ ਦਰਸ਼ਣਾਂ ਵਿਚ ਭਵਿੱਖ ਦੀ ਝਲਕ ਦਿੱਤੀ। ਦਾਨੀਏਲ ਦੀਆਂ ਸਭ ਤੋਂ ਅਹਿਮ ਭਵਿੱਖਬਾਣੀਆਂ ਮਸੀਹ ਅਤੇ ਉਸ ਦੇ ਰਾਜ ਬਾਰੇ ਸਨ।
ਦਾਨੀਏਲ ਨੂੰ ਮਸੀਹ ਦੇ ਆਉਣ ਦੇ ਸਮੇਂ ਬਾਰੇ ਦੱਸਿਆ ਗਿਆ। ਦਾਨੀਏਲ ਨੂੰ ਦੱਸਿਆ ਗਿਆ ਸੀ ਕਿ ਯਰੂਸ਼ਲਮ ਨੂੰ ਮੁੜ ਆਬਾਦ ਕਰਨ ਅਤੇ ਉਸ ਦੀਆਂ ਕੰਧਾਂ ਨੂੰ ਮੁੜ ਉਸਾਰਨ ਦਾ ਹੁਕਮ ਦਿੱਤੇ ਜਾਣ ਤੋਂ 69 ਹਫ਼ਤਿਆਂ ਬਾਅਦ “ਮਸੀਹ ਰਾਜ ਪੁੱਤ੍ਰ” ਆਵੇਗਾ। ਬਾਈਬਲ ਮੁਤਾਬਕ ਇਹ 69 ਹਫ਼ਤੇ ਆਮ ਹਫ਼ਤੇ ਨਹੀਂ ਸਨ। ਹਰ “ਹਫ਼ਤਾ” 7 ਦਿਨਾਂ ਦਾ ਨਹੀਂ, ਪਰ 7 ਸਾਲਾਂ ਦਾ ਸੀ। ਇਸ ਲਈ 69 ਹਫ਼ਤੇ ਕੁੱਲ ਮਿਲਾ ਕੇ 483 ਸਾਲਾਂ ਦੇ ਬਰਾਬਰ ਹਨ। ਯਰੂਸ਼ਲਮ ਨੂੰ ਮੁੜ ਉਸਾਰਨ ਦਾ ਹੁਕਮ ਦਾਨੀਏਲ ਦੇ ਸਮੇਂ ਤੋਂ ਕਾਫ਼ੀ ਚਿਰ ਬਾਅਦ 455 ਈ. ਪੂ. ਵਿਚ ਦਿੱਤਾ ਗਿਆ ਸੀ। ਜੇ ਆਪਾਂ 455 ਈ. ਪੂ. ਤੋਂ 483 ਸਾਲ ਗਿਣੀਏ, ਤਾਂ ਆਪਾਂ 29 ਈ. ਤਕ ਆਉਂਦੇ ਹਾਂ। ਇਸ ਬਰੋਸ਼ਰ ਵਿਚ ਅੱਗੇ ਜਾ ਕੇ ਅਸੀਂ ਦੇਖਾਂਗੇ ਕਿ 29 ਈ. ਵਿਚ ਕੀ ਹੋਇਆ ਸੀ। ਦਾਨੀਏਲ ਨੇ ਦਰਸ਼ਣ ਵਿਚ ਇਹ ਵੀ ਦੇਖਿਆ ਸੀ ਕਿ ਦੁਨੀਆਂ ਨੂੰ ਪਾਪਾਂ ਤੋਂ ਛੁਟਕਾਰਾ ਦਿਵਾਉਣ ਲਈ ਮਸੀਹ “ਵੱਢਿਆ ਜਾਏਗਾ।”—ਦਾਨੀਏਲ 9:24-26.
ਮਸੀਹ ਸਵਰਗ ਵਿਚ ਰਾਜਾ ਬਣੇਗਾ। ਦਾਨੀਏਲ ਨੇ ਇਕ ਦਰਸ਼ਣ ਵਿਚ ਸਵਰਗ ਦਾ ਨਜ਼ਾਰਾ ਦੇਖਿਆ। ਦਰਸ਼ਣ ਵਿਚ ‘ਮਨੁੱਖ ਦਾ ਪੁੱਤ੍ਰ’ ਯਾਨੀ ਮਸੀਹ ਯਹੋਵਾਹ ਦੇ ਸਿੰਘਾਸਣ ਦੇ ਅੱਗੇ ਹਾਜ਼ਰ ਹੋਇਆ। ਯਹੋਵਾਹ ਨੇ ਉਸ ਨੂੰ “ਪਾਤਸ਼ਾਹੀ ਅਰ ਪਰਤਾਪ ਅਰ ਰਾਜ” ਸੌਂਪਿਆ। ਉਸ ਦਾ ਰਾਜ ਹਮੇਸ਼ਾ ਚੱਲੇਗਾ। ਦਾਨੀਏਲ ਨੂੰ ਮਸੀਹ ਦੇ ਰਾਜ ਬਾਰੇ ਇਕ ਹੋਰ ਵਧੀਆ ਗੱਲ ਪਤਾ ਲੱਗੀ। ਉਹ ਇਹ ਸੀ ਕਿ ਮਸੀਹ ਦੇ ਨਾਲ ਹੋਰ ਲੋਕ ਵੀ ਰਾਜ ਕਰਨਗੇ ਜਿਨ੍ਹਾਂ ਨੂੰ ‘ਅੱਤ ਮਹਾਨ ਦੇ ਸੰਤ’ ਕਿਹਾ ਗਿਆ ਹੈ।—ਦਾਨੀਏਲ 7:13, 14, 27.
ਮਸੀਹ ਦਾ ਰਾਜ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਰਾਜੇ ਨਬੂਕਦਨੱਸਰ ਨੂੰ ਇਕ ਸੁਪਨਾ ਆਇਆ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋਇਆ। ਪਰਮੇਸ਼ੁਰ ਦੀ ਮਦਦ ਨਾਲ ਦਾਨੀਏਲ ਨੇ ਰਾਜੇ ਨੂੰ ਸੁਪਨੇ ਦਾ ਮਤਲਬ ਸਮਝਾਇਆ। ਸੁਪਨੇ ਵਿਚ ਰਾਜੇ ਨੇ ਇਕ ਵੱਡੀ ਸਾਰੀ ਮੂਰਤੀ ਵੇਖੀ ਜਿਸ ਦਾ ਸਿਰ ਸੋਨੇ ਦਾ, ਛਾਤੀ ਅਤੇ ਬਾਹਾਂ ਚਾਂਦੀ ਦੀਆਂ, ਢਿੱਡ ਅਤੇ ਪੱਟ ਤਾਂਬੇ ਦੇ, ਲੱਤਾਂ ਲੋਹੇ ਦੀਆਂ ਅਤੇ ਪੈਰ ਲੋਹੇ ਤੇ ਮਿੱਟੀ ਦੇ ਸਨ। ਫਿਰ ਇਕ ਪਹਾੜ ਨਾਲੋਂ ਕੱਟਿਆ ਪੱਥਰ ਮੂਰਤੀ ਦੇ ਕਮਜ਼ੋਰ ਪੈਰਾਂ ਵਿਚ ਆ ਕੇ ਵੱਜਾ ਅਤੇ ਮੂਰਤੀ ਨੂੰ ਚਕਨਾਚੂਰ ਕਰ ਦਿੱਤਾ। ਦਾਨੀਏਲ ਨੇ ਸਮਝਾਇਆ ਕਿ ਮੂਰਤੀ ਦੇ ਵੱਖ-ਵੱਖ ਹਿੱਸੇ ਭਵਿੱਖ ਵਿਚ ਆਉਣ ਵਾਲੀਆਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਸਨ। ਸੋਨੇ ਦਾ ਸਿਰ ਬਾਬਲ ਨੂੰ ਦਰਸਾਉਂਦਾ ਸੀ। ਦਾਨੀਏਲ ਨੇ ਦੇਖਿਆ ਕਿ ਦੁਸ਼ਟ ਦੁਨੀਆਂ ਦੀ ਆਖ਼ਰੀ ਵਿਸ਼ਵ ਸ਼ਕਤੀ ਦੀ ਹਕੂਮਤ ਦੌਰਾਨ ਪਰਮੇਸ਼ੁਰ ਦਾ ਰਾਜ ਸਾਰੀਆਂ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। ਪਰ ਇਹ ਆਪ ਹਮੇਸ਼ਾ-ਹਮੇਸ਼ਾ ਲਈ ਰਹੇਗਾ।—ਦਾਨੀਏਲ ਅਧਿਆਇ 2.
ਆਪਣੇ ਬੁਢਾਪੇ ਵਿਚ ਦਾਨੀਏਲ ਨੇ ਬਾਬਲ ਦੀ ਹਾਰ ਨੂੰ ਆਪਣੀ ਅੱਖੀਂ ਦੇਖਿਆ। ਭਵਿੱਖਬਾਣੀਆਂ ਅਨੁਸਾਰ, ਰਾਜਾ ਖੋਰੁਸ ਨੇ ਸ਼ਹਿਰ ਨੂੰ ਜਿੱਤ ਲਿਆ। ਜਲਦੀ ਹੀ, ਯਹੂਦੀਆਂ ਨੂੰ 70 ਸਾਲ ਦੀ ਗ਼ੁਲਾਮੀ ਤੋਂ ਆਜ਼ਾਦ ਕਰ ਦਿੱਤਾ ਗਿਆ। ਇਹ ਸਭ ਕੁਝ ਇੰਨ-ਬਿੰਨ ਭਵਿੱਖਬਾਣੀਆਂ ਅਨੁਸਾਰ ਹੋਇਆ। ਵਫ਼ਾਦਾਰ ਗਵਰਨਰਾਂ, ਪੁਜਾਰੀਆਂ ਅਤੇ ਨਬੀਆਂ ਦੀ ਅਗਵਾਈ ਹੇਠ ਯਹੂਦੀਆਂ ਨੇ ਯਰੂਸ਼ਲਮ ਅਤੇ ਯਹੋਵਾਹ ਦੇ ਮੰਦਰ ਨੂੰ ਦੁਬਾਰਾ ਬਣਾਇਆ। ਆਓ ਦੇਖੀਏ ਕਿ 483 ਸਾਲ ਪੂਰੇ ਹੋਣ ਤੋਂ ਬਾਅਦ ਕੀ ਹੋਇਆ ਸੀ।
—ਇਹ ਜਾਣਕਾਰੀ ਦਾਨੀਏਲ ਦੀ ਕਿਤਾਬ ਵਿੱਚੋਂ ਲਈ ਗਈ ਹੈ।