ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lv ਸਫ਼ਾ 215 - ਸਫ਼ਾ 218 ਪੈਰਾ 1
  • ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ
  • ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਮਿਲਦੀ-ਜੁਲਦੀ ਜਾਣਕਾਰੀ
  • ਖ਼ੂਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਜੀਉਂਦੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਹੋਰ ਦੇਖੋ
ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
lv ਸਫ਼ਾ 215 - ਸਫ਼ਾ 218 ਪੈਰਾ 1

ਵਧੇਰੇ ਜਾਣਕਾਰੀ

ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ

ਲਹੂ ਦੇ ਅੰਸ਼। ਲਹੂ ਦੇ ਅੰਸ਼ ਲਹੂ ਦੇ ਚਾਰ ਮੁੱਖ ਤੱਤਾਂ ਯਾਨੀ ਲਾਲ ਸੈੱਲਾਂ, ਚਿੱਟੇ ਸੈੱਲਾਂ, ਪਲੇਟਲੈਟਾਂ ਅਤੇ ਪਲਾਜ਼ਮੇ ਤੋਂ ਬਣਾਏ ਜਾਂਦੇ ਹਨ। ਉਦਾਹਰਣ ਲਈ, ਲਾਲ ਸੈੱਲਾਂ ਵਿਚ ਹੀਮੋਗਲੋਬਿਨ ਨਾਂ ਦਾ ਪ੍ਰੋਟੀਨ ਹੁੰਦਾ ਹੈ। ਮਨੁੱਖਾਂ ਜਾਂ ਪਸ਼ੂਆਂ ਦੇ ਹੀਮੋਗਲੋਬਿਨ ਤੋਂ ਅਜਿਹੀਆਂ ਦਵਾਈਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਅਨੀਮੀਆ (ਖ਼ੂਨ ਦੀ ਕਮੀ) ਦੇ ਮਰੀਜ਼ਾਂ ਜਾਂ ਉਨ੍ਹਾਂ ਲੋਕਾਂ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਚੁੱਕਾ ਹੁੰਦਾ ਹੈ।

ਪਲਾਜ਼ਮੇ ਵਿਚ ਲਗਭਗ 90 ਪ੍ਰਤਿਸ਼ਤ ਪਾਣੀ ਹੁੰਦਾ ਹੈ। ਇਸ ਵਿਚ ਹੋਰ ਵੀ ਅਨੇਕ ਪ੍ਰਕਾਰ ਦੇ ਹਾਰਮੋਨ, ਗ਼ੈਰ-ਕਾਰਬਨਿਕ ਲੂਣ (inorganic salts), ਐਨਜ਼ਾਈਮ ਤੇ ਪੌਸ਼ਟਿਕ ਪਦਾਰਥ (ਖਣਿਜ ਪਦਾਰਥ ਤੇ ਸ਼ੱਕਰ) ਪਾਏ ਜਾਂਦੇ ਹਨ। ਪਲਾਜ਼ਮੇ ਵਿਚ ਐਲਬਿਊਮਿਨ ਵਰਗੇ ਪ੍ਰੋਟੀਨ, ਲਹੂ ਨੂੰ ਵਗਣ ਤੋਂ ਰੋਕਣ ਵਾਲੇ ਪਦਾਰਥ (clotting factors) ਅਤੇ ਬੀਮਾਰੀਆਂ ਨਾਲ ਲੜਨ ਵਾਲੇ ਐਂਟੀਬਾਡੀਜ਼ ਵੀ ਪਾਏ ਜਾਂਦੇ ਹਨ। ਕੁਝ ਖ਼ਾਸ ਬੀਮਾਰੀਆਂ ਦੇ ਮਰੀਜ਼ਾਂ ਨੂੰ ਡਾਕਟਰ ਗਾਮਾ ਗਲੋਬੂਲਿਨ ਨਾਂ ਦਾ ਟੀਕਾ ਲਗਾਉਣ ਲਈ ਕਹਿੰਦੇ ਹਨ। ਗਾਮਾ ਗਲੋਬੂਲਿਨ ਉਨ੍ਹਾਂ ਲੋਕਾਂ ਦੇ ਪਲਾਜ਼ਮੇ ਤੋਂ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਸਰੀਰ ਵਿਚ ਉਨ੍ਹਾਂ ਬੀਮਾਰੀਆਂ ਨਾਲ ਲੜਨ ਵਾਲੇ ਐਂਟੀਬਾਡੀਜ਼ ਹੁੰਦੇ ਹਨ। ਚਿੱਟੇ ਸੈੱਲਾਂ ਤੋਂ ਇੰਟਰਫੇਰਾਨ ਅਤੇ ਇੰਟਰਲੁਕਿਨ ਨਾਂ ਦੇ ਪ੍ਰੋਟੀਨ ਲਏ ਜਾ ਸਕਦੇ ਹਨ ਜੋ ਕੁਝ ਵਾਇਰਲ ਇਨਫ਼ੈਕਸ਼ਨਾਂ ਅਤੇ ਕੈਂਸਰਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ।

ਕੀ ਮਸੀਹੀਆਂ ਨੂੰ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈਣੀਆਂ ਚਾਹੀਦੀਆਂ ਹਨ? ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸ ਲਈ ਸਾਨੂੰ ਆਪ ਆਪਣੀ ਜ਼ਮੀਰ ਦੇ ਅਨੁਸਾਰ ਫ਼ੈਸਲਾ ਕਰਨਾ ਚਾਹੀਦਾ ਹੈ। ਕੁਝ ਮਸੀਹੀ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਬਿਲਕੁਲ ਨਹੀਂ ਲੈਂਦੇ। ਉਹ ਸ਼ਾਇਦ ਕਹਿਣ ਕਿ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਲਹੂ ‘ਧਰਤੀ ਉੱਤੇ ਡੋਹਲਣ’ ਦਾ ਹੁਕਮ ਦਿੱਤਾ ਸੀ। (ਬਿਵਸਥਾ ਸਾਰ 12:22-24) ਕਈ ਹੋਰ ਮਸੀਹੀ ਸੁਧਾ ਲਹੂ ਜਾਂ ਇਸ ਦੇ ਚਾਰ ਮੁੱਖ ਤੱਤ ਲੈਣ ਤੋਂ ਇਨਕਾਰ ਕਰਦੇ ਹਨ, ਪਰ ਉਹ ਸ਼ਾਇਦ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈ ਲੈਣ। ਉਹ ਸ਼ਾਇਦ ਕਹਿਣ ਕਿ ਲਹੂ ਦੇ ਅੰਸ਼ ਉਸ ਇਨਸਾਨ ਜਾਂ ਜਾਨਵਰ ਦੀ ਜ਼ਿੰਦਗੀ ਨੂੰ ਨਹੀਂ ਦਰਸਾਉਂਦੇ ਜਿਸ ਦਾ ਲਹੂ ਲਿਆ ਗਿਆ ਹੈ।

ਲਹੂ ਦੇ ਅੰਸ਼ਾਂ ਸੰਬੰਧੀ ਫ਼ੈਸਲਾ ਕਰਦੇ ਸਮੇਂ ਇਨ੍ਹਾਂ ਸਵਾਲਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰੋ: ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਰੇ ਫਰੈਕਸ਼ਨਾਂ ਤੋਂ ਇਨਕਾਰ ਕਰਨ ਦਾ ਮਤਲਬ ਹੋਵੇਗਾ ਕਿ ਮੈਂ ਅੰਸ਼ਾਂ ਤੋਂ ਬਣੀਆਂ ਉਹ ਦਵਾਈਆਂ ਵੀ ਨਹੀਂ ਲਵਾਂਗਾ ਜੋ ਬੀਮਾਰੀਆਂ ਨਾਲ ਲੜਨ ਜਾਂ ਜ਼ਖ਼ਮਾਂ ਵਿੱਚੋਂ ਲਹੂ ਨੂੰ ਵਗਣ ਤੋਂ ਰੋਕਣ ਲਈ ਵਰਤੀਆਂ ਜਾਂਦੀਆਂ ਹਨ? ਅਜਿਹੀਆਂ ਦਵਾਈਆਂ ਦੀ ਵਰਤੋਂ ਸੰਬੰਧੀ ਮੈਂ ਜੋ ਵੀ ਫ਼ੈਸਲਾ ਕਰਦਾ ਹਾਂ, ਕੀ ਮੈਂ ਇਸ ਬਾਰੇ ਡਾਕਟਰ ਨੂੰ ਸਾਫ਼-ਸਾਫ਼ ਸਮਝਾ ਸਕਾਂਗਾ?

ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ। ਹੀਮੋਡਾਈਲੂਸ਼ਨ ਅਤੇ ਸੈੱਲ ਸਾਲਵੇਜ ਨਾਂ ਦੀਆਂ ਵਿਧੀਆਂ ਨੂੰ ਓਪਰੇਸ਼ਨ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ। ਹੀਮੋਡਾਈਲੂਸ਼ਨ ਵਿਧੀ ਵਿਚ ਮਰੀਜ਼ ਦਾ ਲਹੂ ਕੱਢ ਕੇ ਬੈਗ ਵਿਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਦੀ ਥਾਂ ਸਰੀਰ ਵਿਚ ਵਾਲਿਊਮ ਐਕਸਪੈਂਡਰ ਪਾਇਆ ਜਾਂਦਾ ਹੈ। ਮਰੀਜ਼ ਦਾ ਵੱਖ ਕੀਤਾ ਲਹੂ ਬਾਅਦ ਵਿਚ ਉਸ ਦੇ ਸਰੀਰ ਵਿਚ ਵਾਪਸ ਪਾ ਦਿੱਤਾ ਜਾਂਦਾ ਹੈ। ਸੈੱਲ ਸਾਲਵੇਜ ਵਿਧੀ ਵਿਚ ਓਪਰੇਸ਼ਨ ਦੌਰਾਨ ਵਹਿੰਦਾ ਲਹੂ ਮਸ਼ੀਨ ਰਾਹੀਂ ਇਕੱਠਾ ਕਰ ਕੇ ਸਾਫ਼ ਕਰਨ ਤੋਂ ਬਾਅਦ ਮਰੀਜ਼ ਵਿਚ ਵਾਪਸ ਪਾਇਆ ਜਾਂਦਾ ਹੈ। ਇਲਾਜ ਦੀਆਂ ਇਨ੍ਹਾਂ ਵਿਧੀਆਂ ਸੰਬੰਧੀ ਵੱਖ-ਵੱਖ ਹਸਪਤਾਲਾਂ ਅਤੇ ਡਾਕਟਰਾਂ ਦਾ ਆਪੋ-ਆਪਣਾ ਤਰੀਕਾ ਹੋ ਸਕਦਾ ਹੈ। ਸੋ ਤੁਸੀਂ ਆਪਣੇ ਡਾਕਟਰ ਨੂੰ ਪੁੱਛ ਸਕਦੇ ਹੋ ਕਿ ਉਹ ਕਿਸ ਤਰੀਕੇ ਨਾਲ ਤੁਹਾਡਾ ਇਲਾਜ ਕਰੇਗਾ।

ਇਨ੍ਹਾਂ ਵਿਧੀਆਂ ਬਾਰੇ ਫ਼ੈਸਲਾ ਕਰਦੇ ਸਮੇਂ ਆਪਣੇ ਤੋਂ ਇਹ ਸਵਾਲ ਪੁੱਛੋ: ‘ਜੇ ਮੇਰਾ ਥੋੜ੍ਹਾ-ਬਹੁਤ ਲਹੂ ਸਰੀਰ ਤੋਂ ਬਾਹਰ ਮਸ਼ੀਨ ਵਿਚ ਦੀ ਲੰਘਾਇਆ ਜਾਂਦਾ ਹੈ ਤੇ ਕੁਝ ਸਮੇਂ ਲਈ ਬਾਹਰ ਹੀ ਰਹਿੰਦਾ ਹੈ, ਤਾਂ ਕੀ ਮੈਂ ਇਸ ਨੂੰ ਆਪਣੇ ਸਰੀਰ ਦਾ ਹੀ ਹਿੱਸਾ ਸਮਝਾਂਗਾ, ਜਿਸ ਕਰਕੇ ਬਾਈਬਲ ਦੇ ਹੁਕਮ ਮੁਤਾਬਕ ਇਸ ਨੂੰ “ਧਰਤੀ ਉੱਤੇ ਡੋਹਲਣ” ਦੀ ਲੋੜ ਨਹੀਂ? (ਬਿਵਸਥਾ ਸਾਰ 12:23, 24) ਕੀ ਮੇਰੀ ਜ਼ਮੀਰ ਮੈਨੂੰ ਤੰਗ ਕਰੇਗੀ ਜੇ ਇਲਾਜ ਦੌਰਾਨ ਮੇਰਾ ਹੀ ਲਹੂ ਕੱਢ ਕੇ ਤੇ ਸਾਫ਼ ਕਰ ਕੇ ਜਾਂ ਉਸ ਵਿਚ ਦਵਾਈ ਮਿਲਾ ਕੇ ਮੁੜ ਮੇਰੇ ਸਰੀਰ ਵਿਚ ਪਾਇਆ ਜਾਵੇ? ਜੇ ਮੈਂ ਆਪਣੇ ਲਹੂ ਨਾਲ ਜੁੜੇ ਹਰ ਇਲਾਜ ਨੂੰ ਠੁਕਰਾਵਾਂਗਾ, ਤਾਂ ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਖ਼ੂਨ ਟੈੱਸਟ, ਡਾਇਆਲਿਸਸ ਜਾਂ ਦਿਲ-ਫੇਫੜਾ ਮਸ਼ੀਨ ਦੀ ਵਰਤੋਂ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੋਵਾਂਗਾ?’

ਲਹੂ, ਇਸ ਦੇ ਚਾਰ ਮੁੱਖ ਹਿੱਸੇ ਅਤੇ ਲਹੂ ਦੇ ਅੰਸ਼

ਇਕ ਮਸੀਹੀ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਓਪਰੇਸ਼ਨ, ਟੈੱਸਟ ਜਾਂ ਇਲਾਜ ਦੌਰਾਨ ਉਸ ਦੇ ਲਹੂ ਨਾਲ ਕੀ ਕੀਤਾ ਜਾਵੇਗਾ। ਉਸ ਨੂੰ ਇਹ ਵੀ ਫ਼ੈਸਲਾ ਕਰਨਾ ਪਵੇਗਾ ਕਿ ਜੇ ਉਸ ਦਾ ਆਪਣਾ ਥੋੜ੍ਹਾ ਜਿਹਾ ਲਹੂ ਕੱਢ ਕੇ ਸਾਫ਼ ਕੀਤਾ ਜਾਂਦਾ ਹੈ ਜਾਂ ਉਸ ਵਿਚ ਦਵਾਈ ਮਿਲਾਈ ਜਾਂਦੀ ਹੈ, ਤਾਂ ਕੀ ਉਹ ਉਸ ਲਹੂ ਨੂੰ ਮੁੜ ਆਪਣੇ ਸਰੀਰ ਵਿਚ ਪੁਆਉਣਾ ਚਾਹੇਗਾ ਜਾਂ ਨਹੀਂ।

ਡਾਕਟਰ ਨੂੰ ਪੁੱਛਣ ਲਈ ਕੁਝ ਸਵਾਲ

ਓਪਰੇਸ਼ਨ ਜਾਂ ਕੋਈ ਇਲਾਜ ਕਰਾਉਣ ਤੋਂ ਪਹਿਲਾਂ ਦੇਖੋ ਕਿ ਤੁਸੀਂ ਡਿਉਰਬਲ ਪਾਵਰ ਆਫ਼ ਅਟਾਰਨੀ ਕਾਰਡ (ਡੀ.ਪੀ.ਏ.) ਜਾਂ ਕੋਈ ਹੋਰ ਕਾਨੂੰਨੀ ਮੈਡੀਕਲ ਦਸਤਾਵੇਜ਼ ਚੰਗੀ ਤਰ੍ਹਾਂ ਭਰਿਆ ਹੈ ਕਿ ਨਹੀਂ। ਇਸ ਤਰ੍ਹਾਂ ਦੇ ਦਸਤਾਵੇਜ਼ ਖ਼ੂਨ ਨਾ ਲੈਣ ਦੇ ਤੁਹਾਡੇ ਫ਼ੈਸਲੇ ਦੀ ਪੁਸ਼ਟੀ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਤੁਸੀਂ ਡਾਕਟਰ ਨੂੰ ਥੱਲੇ ਦਿੱਤੇ ਸਵਾਲ ਵੀ ਪੁੱਛ ਸਕਦੇ ਹੋ:

  • ਕੀ ਮੇਰਾ ਇਲਾਜ ਕਰਨ ਵਾਲੇ ਸਾਰਿਆਂ ਡਾਕਟਰਾਂ ਅਤੇ ਨਰਸਾਂ ਨੂੰ ਪਤਾ ਹੈ ਕਿ ਯਹੋਵਾਹ ਦਾ ਗਵਾਹ ਹੋਣ ਕਰਕੇ ਮੈਂ ਖ਼ੂਨ (ਸੁਧਾ ਲਹੂ, ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਜਾਂ ਪਲਾਜ਼ਮਾ) ਕਿਸੇ ਵੀ ਹਾਲਾਤ ਵਿਚ ਨਹੀਂ ਲਵਾਂਗਾ?

  • ਜੇ ਦਵਾਈ ਲਹੂ ਦੇ ਅੰਸ਼ਾਂ ਤੋਂ ਬਣੀ ਹੋਈ ਹੈ, ਤਾਂ ਕੀ ਤੁਸੀਂ ਮੈਨੂੰ ਇਹ ਸਮਝਾ ਸਕਦੇ ਹੋ ਕਿ ਇਸ ਵਿਚ ਕੀ-ਕੀ ਹੈ? ਇਹ ਦਵਾਈ ਕਿੰਨੀ ਕੁ ਮਾਤਰਾ ਵਿਚ ਮੈਨੂੰ ਦਿੱਤੀ ਜਾਵੇਗੀ ਅਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ?

  • ਜੇ ਮੇਰੀ ਜ਼ਮੀਰ ਮੈਨੂੰ ਇਹ ਦਵਾਈ ਲੈਣ ਦੀ ਇਜਾਜ਼ਤ ਦੇ ਵੀ ਦੇਵੇ, ਤਾਂ ਇਹ ਦਵਾਈ ਲੈਣ ਦੇ ਕੀ-ਕੀ ਖ਼ਤਰੇ ਹਨ? ਇਸ ਦਵਾਈ ਤੋਂ ਇਲਾਵਾ ਹੋਰ ਕਿਹੜਾ ਇਲਾਜ ਉਪਲਬਧ ਹੈ?

ਇਸ ਮਾਮਲੇ ਸੰਬੰਧੀ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਯਹੋਵਾਹ ਨਾਲ ਪ੍ਰਾਰਥਨਾ ਵਿਚ ਇਸ ਬਾਰੇ ਗੱਲ ਕਰੋ। ਉਸ ਨੇ ਵਾਅਦਾ ਕੀਤਾ ਹੈ ਕਿ ਜੇ ਅਸੀਂ ਉਸ ਨੂੰ ਪੂਰੇ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਨੂੰ ਬੁੱਧੀ ਦੇਵੇਗਾ।​—ਯਾਕੂਬ 1:5, 6.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ