ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 14

      ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?

      ਪ੍ਰਚਾਰ ਕਰ ਰਹੇ ਪਾਇਨੀਅਰ

      ਅਮਰੀਕਾ

      ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਟ੍ਰੇਨਿੰਗ ਲੈ ਰਹੇ ਵਿਦਿਆਰਥੀ
      ਮਿਸ਼ਨਰੀ ਸੇਵਾ ਲਈ ਤਿਆਰੀ ਕਰ ਰਹੇ ਵਿਦਿਆਰਥੀ

      ਪੈਟਰਸਨ, ਨਿਊਯਾਰਕ ਵਿਚ ਗਿਲਿਅਡ ਸਕੂਲ

      ਪਨਾਮਾ ਵਿਚ ਪ੍ਰਚਾਰ ਕਰ ਰਹੇ ਮਿਸ਼ਨਰੀ ਜੋੜਾ

      ਪਨਾਮਾ

      ਯਹੋਵਾਹ ਦੇ ਗਵਾਹਾਂ ਵਿਚ ਪਰਮੇਸ਼ੁਰ ਦੀ ਸਿੱਖਿਆ ਲੈਣੀ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ।। ਜਿਹੜੇ ਭੈਣ-ਭਰਾ ਆਪਣਾ ਸਾਰਾ ਸਮਾਂ ਪ੍ਰਚਾਰ ਕਰਨ ਵਿਚ ਲਾਉਂਦੇ ਹਨ, ਉਨ੍ਹਾਂ ਨੂੰ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਉਹ “ਸੇਵਾ ਦਾ ਆਪਣਾ ਕੰਮ ਪੂਰਾ ਕਰ” ਸਕਣ।​—2 ਤਿਮੋਥਿਉਸ 4:5.

      ਪਾਇਨੀਅਰ ਸੇਵਾ ਸਕੂਲ। ਜਦੋਂ ਕਿਸੇ ਭੈਣ ਜਾਂ ਭਰਾ ਨੂੰ ਰੈਗੂਲਰ ਪਾਇਨੀਅਰਿੰਗ ਕਰਦਿਆਂ ਇਕ ਸਾਲ ਹੋ ਜਾਂਦਾ ਹੈ, ਤਾਂ ਉਹ ਕਿਸੇ ਨੇੜਲੇ ਕਿੰਗਡਮ ਹਾਲ ਵਿਚ ਛੇ ਦਿਨਾਂ ਦੇ ਸਕੂਲ ਵਿਚ ਜਾ ਸਕਦਾ ਹੈ। ਇਸ ਸਕੂਲ ਦਾ ਮਕਸਦ ਹੈ ਪਾਇਨੀਅਰਾਂ ਦੀ ਮਦਦ ਕਰਨੀ ਤਾਂਕਿ ਉਹ ਯਹੋਵਾਹ ਦੇ ਹੋਰ ਨੇੜੇ ਆਉਣ, ਪ੍ਰਚਾਰ ਕਰਨ ਦੇ ਵਧੀਆ ਤਰੀਕੇ ਅਪਣਾਉਣ ਤੇ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ।

      ਰਾਜ ਦੇ ਪ੍ਰਚਾਰਕਾਂ ਲਈ ਸਕੂਲ। ਦੋ ਮਹੀਨਿਆਂ ਦੇ ਇਸ ਸਕੂਲ ਵਿਚ ਉਹ ਤਜਰਬੇਕਾਰ ਪਾਇਨੀਅਰ ਜਾ ਸਕਦੇ ਹਨ ਜੋ ਆਪਣਾ ਘਰ ਛੱਡ ਕੇ ਉਨ੍ਹਾਂ ਥਾਵਾਂ ʼਤੇ ਜਾਣ ਲਈ ਤਿਆਰ ਹਨ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ। ਅਸਲ ਵਿਚ ਉਹ ਸਭ ਤੋਂ ਮਹਾਨ ਪ੍ਰਚਾਰਕ ਯਿਸੂ ਮਸੀਹ ਦੀ ਰੀਸ ਕਰਦੇ ਹੋਏ ਕਹਿੰਦੇ ਹਨ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8; ਯੂਹੰਨਾ 7:29) ਦੂਜੀ ਜਗ੍ਹਾ ਜਾ ਕੇ ਸ਼ਾਇਦ ਉਨ੍ਹਾਂ ਨੂੰ ਸਾਦੀ ਜ਼ਿੰਦਗੀ ਜੀਉਣੀ ਪਵੇ। ਉੱਥੋਂ ਦਾ ਸਭਿਆਚਾਰ, ਮੌਸਮ ਅਤੇ ਖਾਣਾ ਸ਼ਾਇਦ ਪੂਰੀ ਤਰ੍ਹਾਂ ਵੱਖਰਾ ਹੋਵੇ। ਸ਼ਾਇਦ ਉਨ੍ਹਾਂ ਨੂੰ ਨਵੀਂ ਭਾਸ਼ਾ ਸਿੱਖਣੀ ਪਵੇ। ਇਸ ਸਕੂਲ ਵਿਚ ਕੁਆਰੇ ਭੈਣ-ਭਰਾ ਤੇ ਵਿਆਹੇ ਜੋੜੇ ਜਾ ਸਕਦੇ ਹਨ ਜਿਨ੍ਹਾਂ ਦੀ ਉਮਰ 23 ਤੋਂ 65 ਸਾਲ ਹੈ। ਵਧੀਆ ਸਿੱਖਿਆ ਦੀ ਮਦਦ ਨਾਲ ਉਹ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਨ ਜੋ ਉਨ੍ਹਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਲੋੜੀਂਦੇ ਹਨ ਅਤੇ ਵਧੀਆ ਹੁਨਰ ਸਿੱਖ ਸਕਦੇ ਹਨ ਜਿਨ੍ਹਾਂ ਕਰਕੇ ਉਹ ਯਹੋਵਾਹ ਤੇ ਉਸ ਦੇ ਸੰਗਠਨ ਦੇ ਹੋਰ ਵੀ ਜ਼ਿਆਦਾ ਕੰਮ ਆਉਣਗੇ।

      ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ। ਇਬਰਾਨੀ ਭਾਸ਼ਾ ਵਿਚ “ਗਿਲਿਅਡ” ਸ਼ਬਦ ਦਾ ਮਤਲਬ ਹੈ “ਗਵਾਹੀ ਦਾ ਢੇਰ।” ਸੰਨ 1943 ਵਿਚ ਗਿਲਿਅਡ ਸਕੂਲ ਦੇ ਸ਼ੁਰੂ ਹੋਣ ਤੋਂ 8,000 ਤੋਂ ਜ਼ਿਆਦਾ ਮਿਸ਼ਨਰੀਆਂ ਨੂੰ“ਧਰਤੀ ਦੇ ਕੋਨੇ-ਕੋਨੇ ਵਿਚ” ਗਵਾਹੀ ਦੇਣ ਲਈ ਭੇਜਿਆ ਗਿਆ ਤੇ ਉਨ੍ਹਾਂ ਨੂੰ ਬਹੁਤ ਸਫ਼ਲਤਾ ਮਿਲੀ ਹੈ। (ਰਸੂਲਾਂ ਦੇ ਕੰਮ 13:47) ਮਿਸਾਲ ਲਈ, ਜਦੋਂ ਮਿਸ਼ਨਰੀ ਭੈਣ-ਭਰਾ ਪਹਿਲੀ ਵਾਰ ਪੀਰੂ ਦੇਸ਼ ਗਏ ਸਨ, ਤਾਂ ਉੱਥੇ ਕੋਈ ਮੰਡਲੀ ਨਹੀਂ ਸੀ। ਹੁਣ ਉੱਥੇ 1,000 ਤੋਂ ਵੀ ਜ਼ਿਆਦਾ ਮੰਡਲੀਆਂ ਹਨ। ਜਦੋਂ ਸਾਡੇ ਮਿਸ਼ਨਰੀ ਪਹਿਲੀ ਵਾਰ ਜਪਾਨ ਗਏ ਸਨ, ਤਾਂ ਉੱਥੇ ਦਸ ਤੋਂ ਵੀ ਘੱਟ ਗਵਾਹ ਸਨ। ਹੁਣ ਉੱਥੇ 2,00,000 ਤੋਂ ਵੀ ਜ਼ਿਆਦਾ ਗਵਾਹ ਹਨ! ਪੰਜ ਮਹੀਨਿਆਂ ਦੇ ਕੋਰਸ ਦੌਰਾਨ ਗਿਲਿਅਡ ਸਕੂਲ ਵਿਚ ਪਰਮੇਸ਼ੁਰ ਦੇ ਬਚਨ ਦੀ ਚੰਗੀ ਤਰ੍ਹਾਂ ਸਟੱਡੀ ਕੀਤੀ ਜਾਂਦੀ ਹੈ। ਜਿਹੜੇ ਭੈਣ-ਭਰਾ ਸਪੈਸ਼ਲ ਪਾਇਨੀਅਰ ਜਾਂ ਮਿਸ਼ਨਰੀ ਹਨ, ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਦੇ ਹਨ ਜਾਂ ਸਰਕਟ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਸਕੂਲ ਵਿਚ ਜ਼ਬਰਦਸਤ ਟ੍ਰੇਨਿੰਗ ਲੈਣ ਲਈ ਬੁਲਾਇਆ ਜਾਂਦਾ ਹੈ ਤਾਂਕਿ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ ਜਾ ਸਕੇ ਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

      • ਪਾਇਨੀਅਰ ਸੇਵਾ ਸਕੂਲ ਦਾ ਕੀ ਮਕਸਦ ਹੈ?

      • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਕਿਉਂ ਸ਼ੁਰੂ ਕੀਤਾ ਗਿਆ ਹੈ?

  • ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 15

      ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?

      ਮੰਡਲੀ ਦੇ ਮੈਂਬਰਾਂ ਨਾਲ ਗੱਲ ਕਰ ਰਿਹਾ ਬਜ਼ੁਰਗ

      ਫਿਨਲੈਂਡ

      ਮੰਡਲੀ ਵਿਚ ਸਿੱਖਿਆ ਦੇ ਰਿਹਾ ਇਕ ਬਜ਼ੁਰਗ

      ਸਿੱਖਿਆ ਦਿੰਦੇ ਹੋਏ

      ਮੰਡਲੀ ਦੇ ਮੈਂਬਰਾਂ ਦਾ ਹੌਸਲਾ ਵਧਾ ਰਹੇ ਬਜ਼ੁਰਗ

      ਦੇਖ-ਭਾਲ ਕਰਦੇ ਹੋਏ

      ਪ੍ਰਚਾਰ ਕਰ ਰਿਹਾ ਇਕ ਬਜ਼ੁਰਗ

      ਪ੍ਰਚਾਰ ਕਰਦੇ ਹੋਏ

      ਸਾਡੇ ਸੰਗਠਨ ਵਿਚ ਪਾਦਰੀ ਨਹੀਂ ਹਨ ਜਿਨ੍ਹਾਂ ਨੂੰ ਤਨਖ਼ਾਹ ਮਿਲਦੀ ਹੈ। ਇਸ ਦੀ ਬਜਾਇ, ਜਿਵੇਂ ਪਹਿਲੀ ਸਦੀ ਵਿਚ ਮਸੀਹੀ ਮੰਡਲੀ ਵਿਚ ਹੁੰਦਾ ਸੀ, ਤਿਵੇਂ ਅੱਜ ਕਾਬਲ ਨਿਗਾਹਬਾਨਾਂ ਨੂੰ “ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ” ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। (ਰਸੂਲਾਂ ਦੇ ਕੰਮ 20:28) ਬਜ਼ੁਰਗਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ ਅਤੇ ਉਹ ਮੰਡਲੀ ਵਿਚ ਅਗਵਾਈ ਕਰਦੇ ਹਨ ਅਤੇ ਚਰਵਾਹਿਆਂ ਵਾਂਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ। ਉਹ ‘ਇਹ ਕੰਮ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕਰਦੇ ਹਨ; ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੋਸ਼ ਨਾਲ ਕਰਦੇ ਹਨ।’ (1 ਪਤਰਸ 5:1-3) ਬਜ਼ੁਰਗ ਸਾਡੇ ਲਈ ਕਿਹੜੇ ਕੰਮ ਕਰਦੇ ਹਨ?

      ਉਹ ਸਾਡੀ ਦੇਖ-ਭਾਲ ਤੇ ਰੱਖਿਆ ਕਰਦੇ ਹਨ। ਬਜ਼ੁਰਗ ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਸਲਾਹ ਦਿੰਦੇ ਹਨ ਅਤੇ ਉਨ੍ਹਾਂ ਦੀ ਬੁਰੇ ਪ੍ਰਭਾਵਾਂ ਤੋਂ ਰੱਖਿਆ ਕਰਦੇ ਹਨ ਤਾਂਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰਹੇ। ਬਜ਼ੁਰਗ ਜਾਣਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਭਾਰੀ ਜ਼ਿੰਮੇਵਾਰੀ ਸੌਂਪੀ ਹੈ, ਇਸ ਲਈ ਉਹ ਪਰਮੇਸ਼ੁਰ ਦੇ ਲੋਕਾਂ ʼਤੇ ਹੁਕਮ ਨਹੀਂ ਚਲਾਉਂਦੇ, ਸਗੋਂ ਉਹ ਹਰ ਕੰਮ ਸਾਡੇ ਭਲੇ ਤੇ ਖ਼ੁਸ਼ੀ ਲਈ ਕਰਦੇ ਹਨ। (2 ਕੁਰਿੰਥੀਆਂ 1:24) ਠੀਕ ਜਿਵੇਂ ਇਕ ਚਰਵਾਹਾ ਹਰ ਇਕ ਭੇਡ ਦੀ ਦੇਖ-ਭਾਲ ਕਰਨ ਲਈ ਮਿਹਨਤ ਕਰਦਾ ਹੈ, ਤਿਵੇਂ ਹੀ ਬਜ਼ੁਰਗ ਮੰਡਲੀ ਵਿਚ ਹਰ ਭੈਣ-ਭਰਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ।​—ਕਹਾਉਤਾਂ 27:23.

      ਉਹ ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿਖਾਉਂਦੇ ਹਨ। ਬਜ਼ੁਰਗ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਹਰ ਹਫ਼ਤੇ ਮੰਡਲੀ ਵਿਚ ਕੀਤੀਆਂ ਜਾਂਦੀਆਂ ਮੀਟਿੰਗਾਂ ਵਿਚ ਸਾਡੀ ਨਿਹਚਾ ਮਜ਼ਬੂਤ ਹੋਵੇ। (ਰਸੂਲਾਂ ਦੇ ਕੰਮ 15:32) ਇਹ ਵਫ਼ਾਦਾਰ ਬੰਦੇ ਪ੍ਰਚਾਰ ਦੇ ਕੰਮ ਵਿਚ ਵੀ ਅਗਵਾਈ ਕਰਦੇ ਹਨ। ਉਹ ਸਾਡੇ ਨਾਲ ਕੰਮ ਕਰ ਕੇ ਸਾਨੂੰ ਪ੍ਰਚਾਰ ਦੇ ਹਰ ਪਹਿਲੂ ਵਿਚ ਸਿਖਲਾਈ ਦਿੰਦੇ ਹਨ।

      ਉਹ ਹਰੇਕ ਦਾ ਹੌਸਲਾ ਵਧਾਉਂਦੇ ਹਨ। ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਉਹ ਸਾਡੀ ਮਦਦ ਕਰਦੇ ਹਨ। ਉਹ ਸਾਡੇ ਘਰ ਆ ਕੇ ਜਾਂ ਕਿੰਗਡਮ ਹਾਲ ਵਿਚ ਸਾਡੇ ਨਾਲ ਬਾਈਬਲ ਦੇ ਹਵਾਲੇ ਸਾਂਝੇ ਕਰ ਕੇ ਸਾਡੀ ਮਦਦ ਕਰਦੇ ਹਨ ਤੇ ਸਾਨੂੰ ਦਿਲਾਸਾ ਦਿੰਦੇ ਹਨ।​—ਯਾਕੂਬ 5:14, 15.

      ਮੰਡਲੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ, ਜ਼ਿਆਦਾਤਰ ਬਜ਼ੁਰਗ ਨੌਕਰੀਆਂ ਵੀ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਦੇਖ-ਭਾਲ ਵੀ ਕਰਦੇ ਹਨ। ਇਹ ਸਭ ਕੁਝ ਕਰਨ ਲਈ ਸਮੇਂ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਮਿਹਨਤੀ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ।​—1 ਥੱਸਲੁਨੀਕੀਆਂ 5:12, 13.

      • ਮੰਡਲੀ ਵਿਚ ਬਜ਼ੁਰਗ ਕਿਹੜੇ ਕੰਮ ਕਰਦੇ ਹਨ?

      • ਬਜ਼ੁਰਗ ਸਾਡੇ ਵਿਚ ਨਿੱਜੀ ਤੌਰ ਤੇ ਕਿਵੇਂ ਦਿਲਚਸਪੀ ਦਿਖਾਉਂਦੇ ਹਨ?

      ਹੋਰ ਜਾਣਨ ਲਈ

      ਬਜ਼ੁਰਗਾਂ ਵਜੋਂ ਕਿਨ੍ਹਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ? ਬਾਈਬਲ ਵਿਚ 1 ਤਿਮੋਥਿਉਸ 3:1-10, 12 ਅਤੇ ਤੀਤੁਸ 1:5-9 ਪੜ੍ਹ ਕੇ ਦੇਖੋ ਕਿ ਨਿਗਾਹਬਾਨ ਅਤੇ ਸਹਾਇਕ ਸੇਵਕ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਕੌਣ ਹਨ।

  • ਸਹਾਇਕ ਸੇਵਕ ਕਿਹੜੇ ਕੰਮ ਕਰਦੇ ਹਨ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 16

      ਸਹਾਇਕ ਸੇਵਕ ਕਿਹੜੇ ਕੰਮ ਕਰਦੇ ਹਨ?

      ਕਿਤਾਬਾਂ ਦੇ ਰਿਹਾ ਸਹਾਇਕ ਸੇਵਕ

      ਮਿਆਨਮਾਰ

      ਭਾਸ਼ਣ ਦੇ ਰਿਹਾ ਸਹਾਇਕ ਸੇਵਕ

      ਭਾਸ਼ਣ ਦਿੰਦੇ ਹੋਏ

      ਇਕ ਮੀਟਿੰਗ ਕਰ ਰਿਹਾ ਸਹਾਇਕ ਸੇਵਕ

      ਪ੍ਰਚਾਰ ਲਈ ਮੀਟਿੰਗ ਕਰਦੇ ਹੋਏ

      ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰ ਰਿਹਾ ਸਹਾਇਕ ਸੇਵਕ

      ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੇ ਹੋਏ

      ਬਾਈਬਲ ਮੁਤਾਬਕ ਹਰ ਮੰਡਲੀ ਵਿਚ ‘ਨਿਗਾਹਬਾਨ ਤੇ ਸਹਾਇਕ ਸੇਵਕ’ ਜ਼ਿੰਮੇਵਾਰੀਆਂ ਸੰਭਾਲਦੇ ਹਨ। (ਫ਼ਿਲਿੱਪੀਆਂ 1:1) ਆਮ ਤੌਰ ਤੇ ਹਰ ਮੰਡਲੀ ਵਿਚ ਇਹੋ ਜਿਹੇ ਕਈ ਭਰਾ ਹੁੰਦੇ ਹਨ। ਸਹਾਇਕ ਸੇਵਕ ਸਾਡੇ ਲਈ ਕਿਹੜੇ ਕੰਮ ਕਰਦੇ ਹਨ?

      ਉਹ ਬਜ਼ੁਰਗਾਂ ਦੀ ਮਦਦ ਕਰਦੇ ਹਨ। ਹਰ ਉਮਰ ਦੇ ਸਹਾਇਕ ਸੇਵਕਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਉਹ ਭਰੋਸੇਯੋਗ ਤੇ ਮਿਹਨਤੀ ਹੁੰਦੇ ਹਨ। ਉਹ ਮੰਡਲੀ ਵਿਚ ਜ਼ਰੂਰੀ ਕੰਮ ਸੰਭਾਲਦੇ ਹਨ ਤਾਂਕਿ ਬਜ਼ੁਰਗ ਮੰਡਲੀ ਵਿਚ ਸਿੱਖਿਆ ਦੇਣ ਅਤੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀਆਂ ਜ਼ਿੰਮੇਵਾਰੀਆਂ ਨਿਭਾ ਸਕਣ।

      ਉਹ ਮੰਡਲੀ ਦੀ ਸੇਵਾ ਕਰਦੇ ਹਨ। ਕੁਝ ਸਹਾਇਕ ਸੇਵਕ ਮੀਟਿੰਗਾਂ ਵਿਚ ਆਉਣ ਵਾਲਿਆਂ ਦਾ ਸੁਆਗਤ ਕਰਦੇ ਹਨ। ਕੁਝ ਸਾਊਂਡ ਸਿਸਟਮ, ਸਾਹਿੱਤ, ਮੰਡਲੀ ਦੇ ਬੈਂਕ ਅਕਾਊਂਟ ਅਤੇ ਪ੍ਰਚਾਰ ਦੇ ਇਲਾਕਿਆਂ ਦੀ ਦੇਖ-ਰੇਖ ਕਰਨ ਦਾ ਕੰਮ ਕਰਦੇ ਹਨ। ਉਹ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਵਿਚ ਵੀ ਮਦਦ ਕਰਦੇ ਹਨ। ਬਜ਼ੁਰਗ ਸ਼ਾਇਦ ਉਨ੍ਹਾਂ ਨੂੰ ਸਿਆਣੇ ਭੈਣਾਂ-ਭਰਾਵਾਂ ਦੀ ਵੀ ਮਦਦ ਕਰਨ ਲਈ ਕਹਿਣ। ਸਹਾਇਕ ਸੇਵਕਾਂ ਨੂੰ ਜਿਹੜੀਆਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਉਹ ਖ਼ੁਸ਼ੀ-ਖ਼ੁਸ਼ੀ ਪੂਰਾ ਕਰਦੇ ਹਨ ਜਿਸ ਕਰਕੇ ਸਾਰੇ ਉਨ੍ਹਾਂ ਦਾ ਆਦਰ ਕਰਦੇ ਹਨ।​—1 ਤਿਮੋਥਿਉਸ 3:13.

      ਉਹ ਦੂਜਿਆਂ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ। ਸਹਾਇਕ ਸੇਵਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰੀ ਗੁਣਾਂ ਕਰਕੇ ਚੁਣਿਆ ਜਾਂਦਾ ਹੈ। ਉਹ ਮੀਟਿੰਗਾਂ ਵਿਚ ਆਪਣੇ ਭਾਸ਼ਣਾਂ ਦੇ ਜ਼ਰੀਏ ਸਾਡੀ ਨਿਹਚਾ ਮਜ਼ਬੂਤ ਕਰਦੇ ਹਨ। ਉਹ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰ ਕੇ ਸਾਡੇ ਵਿਚ ਜੋਸ਼ ਪੈਦਾ ਕਰਦੇ ਹਨ। ਉਹ ਬਜ਼ੁਰਗਾਂ ਨੂੰ ਸਹਿਯੋਗ ਦੇ ਕੇ ਮੰਡਲੀ ਵਿਚ ਖ਼ੁਸ਼ੀ-ਭਰਿਆ ਮਾਹੌਲ ਅਤੇ ਏਕਤਾ ਬਣਾਈ ਰੱਖਦੇ ਹਨ। (ਅਫ਼ਸੀਆਂ 4:16) ਸਮੇਂ ਦੇ ਬੀਤਣ ਨਾਲ ਉਹ ਵੀ ਸ਼ਾਇਦ ਬਜ਼ੁਰਗਾਂ ਵਜੋਂ ਸੇਵਾ ਕਰਨ ਦੇ ਯੋਗ ਬਣ ਜਾਣ।

      • ਸਹਾਇਕ ਸੇਵਕ ਕਿਹੋ ਜਿਹੇ ਭਰਾ ਹਨ?

      • ਸਹਾਇਕ ਸੇਵਕ ਮੰਡਲੀ ਵਿਚ ਕਿਹੜੇ ਜ਼ਰੂਰੀ ਕੰਮ ਕਰਦੇ ਹਨ?

      ਹੋਰ ਜਾਣਨ ਲਈ

      ਜਦੋਂ ਵੀ ਤੁਸੀਂ ਕਿੰਗਡਮ ਹਾਲ ਜਾਂਦੇ ਹੋ, ਤਾਂ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਅਤੇ ਉਸ ਦੇ ਪਰਿਵਾਰ ਨੂੰ ਜਾਣਨ ਦੀ ਕੋਸ਼ਿਸ਼ ਕਰੋ ਜਦ ਤਕ ਤੁਸੀਂ ਉਨ੍ਹਾਂ ਸਾਰਿਆਂ ਨੂੰ ਨਹੀਂ ਜਾਣ ਲੈਂਦੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ