ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸਰਕਟ ਨਿਗਾਹਬਾਨ ਸਾਡੀ ਕਿੱਦਾਂ ਮਦਦ ਕਰਦੇ ਹਨ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 17

      ਸਰਕਟ ਨਿਗਾਹਬਾਨ ਸਾਡੀ ਕਿੱਦਾਂ ਮਦਦ ਕਰਦੇ ਹਨ?

      ਸਰਕਟ ਨਿਗਾਹਬਾਨ ਤੇ ਉਸ ਦੀ ਪਤਨੀ

      ਮਲਾਵੀ

      ਪ੍ਰਚਾਰ ਲਈ ਮੀਟਿੰਗ ਕਰ ਰਿਹਾ ਸਰਕਟ ਨਿਗਾਹਬਾਨ

      ਪ੍ਰਚਾਰ ਲਈ ਮੀਟਿੰਗ ਕਰਦੇ ਹੋਏ

      ਪ੍ਰਚਾਰ ਕਰ ਰਿਹਾ ਸਰਕਟ ਨਿਗਾਹਬਾਨ

      ਪ੍ਰਚਾਰ ਕਰਦੇ ਹੋਏ

      ਮੰਡਲੀ ਦੇ ਬਜ਼ੁਰਗਾਂ ਨਾਲ ਮੀਟਿੰਗ ਕਰ ਰਿਹਾ ਸਰਕਟ ਨਿਗਾਹਬਾਨ

      ਬਜ਼ੁਰਗਾਂ ਨਾਲ ਮੀਟਿੰਗ ਕਰਦੇ ਹੋਏ

      ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਕਈ ਵਾਰ ਬਰਨਬਾਸ ਅਤੇ ਪੌਲੁਸ ਰਸੂਲ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੋਵੇਂ ਭਰਾ ਸਫ਼ਰੀ ਨਿਗਾਹਬਾਨਾਂ ਵਜੋਂ ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦੇ ਸਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੀ ਬਹੁਤ ਚਿੰਤਾ ਸੀ। ਪੌਲੁਸ ਨੇ ਕਿਹਾ ਕਿ ਉਹ ‘ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰਨਾ’ ਚਾਹੁੰਦਾ ਸੀ। ਉਸ ਨੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਖ਼ੁਸ਼ੀ-ਖ਼ੁਸ਼ੀ ਸੈਂਕੜੇ ਕਿਲੋਮੀਟਰ ਸਫ਼ਰ ਕੀਤਾ। (ਰਸੂਲਾਂ ਦੇ ਕੰਮ 15:36) ਅੱਜ ਵੀ ਸਫ਼ਰੀ ਨਿਗਾਹਬਾਨ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ।

      ਉਹ ਸਾਨੂੰ ਹੌਸਲਾ ਦੇਣ ਲਈ ਆਉਂਦੇ ਹਨ। ਹਰ ਸਰਕਟ ਓਵਰਸੀਅਰ ਲਗਭਗ 20 ਮੰਡਲੀਆਂ ਨੂੰ ਵਾਰੀ-ਵਾਰੀ ਮਿਲਣ ਜਾਂਦਾ ਹੈ। ਉਹ ਸਾਲ ਵਿਚ ਦੋ ਵਾਰ ਹਰ ਮੰਡਲੀ ਨਾਲ ਇਕ ਹਫ਼ਤਾ ਬਿਤਾਉਂਦਾ ਹੈ। ਅਸੀਂ ਇਨ੍ਹਾਂ ਭਰਾਵਾਂ ਅਤੇ ਜੇ ਉਹ ਵਿਆਹੇ ਹੋਣ, ਤਾਂ ਉਨ੍ਹਾਂ ਦੀਆਂ ਪਤਨੀਆਂ ਦੇ ਤਜਰਬੇ ਤੋਂ ਬਹੁਤ ਲਾਭ ਉਠਾ ਸਕਦੇ ਹਾਂ। ਉਹ ਛੋਟੇ-ਵੱਡੇ ਸਾਰਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਸਾਡੇ ਨਾਲ ਪ੍ਰਚਾਰ ਵਿਚ ਤੇ ਸਾਡੀਆਂ ਸਟੱਡੀਆਂ ʼਤੇ ਖ਼ੁਸ਼ੀ-ਖ਼ੁਸ਼ੀ ਜਾਣ ਲਈ ਤਿਆਰ ਰਹਿੰਦੇ ਹਨ। ਇਹ ਓਵਰਸੀਅਰ ਮੰਡਲੀ ਦੇ ਬਜ਼ੁਰਗਾਂ ਨਾਲ ਭੈਣਾਂ-ਭਰਾਵਾਂ ਦੇ ਘਰ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ। ਉਹ ਮੀਟਿੰਗਾਂ ਅਤੇ ਅਸੈਂਬਲੀਆਂ ਵਿਚ ਵਧੀਆ ਭਾਸ਼ਣ ਦੇ ਕੇ ਸਾਡੀ ਨਿਹਚਾ ਵਧਾਉਂਦੇ ਹਨ।​—ਰਸੂਲਾਂ ਦੇ ਕੰਮ 15:35.

      ਉਹ ਸਾਰਿਆਂ ਵਿਚ ਦਿਲਚਸਪੀ ਲੈਂਦੇ ਹਨ। ਸਰਕਟ ਨਿਗਾਹਬਾਨ ਮੰਡਲੀਆਂ ਦੀ ਤਰੱਕੀ ਵਿਚ ਦਿਲਚਸਪੀ ਲੈਂਦੇ ਹਨ। ਉਹ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨਾਲ ਮਿਲ ਕੇ ਦੇਖਦੇ ਹਨ ਕਿ ਮੰਡਲੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ ਅਤੇ ਇਨ੍ਹਾਂ ਭਰਾਵਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਕਿਵੇਂ ਨਿਭਾ ਸਕਦੇ ਹਨ। ਉਹ ਪ੍ਰਚਾਰ ਵਿਚ ਸਫ਼ਲਤਾ ਪਾਉਣ ਲਈ ਪਾਇਨੀਅਰਾਂ ਦੀ ਮਦਦ ਕਰਦੇ ਹਨ। ਨਾਲੇ ਉਹ ਮੰਡਲੀ ਵਿਚ ਆਏ ਨਵੇਂ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਨੇ ਸੱਚਾਈ ਵਿਚ ਕਿੰਨੀ ਤਰੱਕੀ ਕੀਤੀ ਹੈ। ਇਹ ਸਾਰੇ ਭਰਾ ਆਪਾ ਵਾਰ ਕੇ ‘ਸਾਡੇ ਭਲੇ ਲਈ ਕੰਮ ਕਰਦੇ’ ਹਨ। (2 ਕੁਰਿੰਥੀਆਂ 8:23) ਸਾਨੂੰ ਇਨ੍ਹਾਂ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਵਾਂਗ ਪਰਮੇਸ਼ੁਰ ਦੀ ਲਗਨ ਨਾਲ ਸੇਵਾ ਕਰਨੀ ਚਾਹੀਦੀ ਹੈ।​—ਇਬਰਾਨੀਆਂ 13:7.

      • ਸਰਕਟ ਨਿਗਾਹਬਾਨ ਮੰਡਲੀਆਂ ਨੂੰ ਕਿਉਂ ਮਿਲਣ ਜਾਂਦੇ ਹਨ?

      • ਉਨ੍ਹਾਂ ਦੇ ਆਉਣ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

      ਹੋਰ ਜਾਣਨ ਲਈ

      ਆਪਣੇ ਕਲੰਡਰ ʼਤੇ ਉਨ੍ਹਾਂ ਤਾਰੀਖ਼ਾਂ ਉੱਤੇ ਨਿਸ਼ਾਨ ਲਾਓ ਜਦੋਂ ਸਰਕਟ ਓਵਰਸੀਅਰ ਨੇ ਅਗਲੀ ਵਾਰ ਤੁਹਾਡੀ ਮੰਡਲੀ ਵਿਚ ਆਉਣਾ ਹੈ ਤਾਂਕਿ ਤੁਸੀਂ ਕਿੰਗਡਮ ਹਾਲ ਵਿਚ ਉਸ ਦੇ ਸਾਰੇ ਭਾਸ਼ਣ ਸੁਣ ਸਕੋ। ਜੇ ਤੁਸੀਂ ਸਰਕਟ ਓਵਰਸੀਅਰ ਜਾਂ ਉਸ ਦੀ ਪਤਨੀ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ, ਤਾਂ ਤੁਹਾਡੇ ਨਾਲ ਬਾਈਬਲ ਸਟੱਡੀ ਕਰ ਰਹੇ ਭੈਣ ਜਾਂ ਭਰਾ ਨੂੰ ਕਹੋ ਕਿ ਉਹ ਉਸ ਨੂੰ ਆਪਣੇ ਨਾਲ ਬਾਈਬਲ ਸਟੱਡੀ ʼਤੇ ਲੈ ਕੇ ਆਉਣ।

  • ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 18

      ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?

      ਡਮਿਨੀਕਨ ਗਣਰਾਜ ਵਿਚ ਆਫ਼ਤ ਆਉਣ ਤੇ ਲੋੜੀਂਦੀਆਂ ਚੀਜ਼ਾਂ ਦਿੰਦੇ ਹੋਏ ਯਹੋਵਾਹ ਦੇ ਗਵਾਹ

      ਡਮਿਨੀਕਨ ਗਣਰਾਜ

      ਜਪਾਨ ਵਿਚ ਕਿੰਗਡਮ ਹਾਲ ਨੂੰ ਦੁਬਾਰਾ ਬਣਾ ਰਹੇ ਯਹੋਵਾਹ ਦੇ ਗਵਾਹ

      ਜਪਾਨ

      ਹੈਟੀ ਵਿਚ ਕੁਦਰਤੀ ਆਫ਼ਤ ਆਉਣ ਤੋਂ ਬਾਅਦ ਇਕ ਆਦਮੀ ਨੂੰ ਯਹੋਵਾਹ ਦਾ ਗਵਾਹ ਦਿਲਾਸਾ ਦਿੰਦਾ ਹੋਇਆ

      ਹੈਟੀ

      ਕੁਦਰਤੀ ਆਫ਼ਤਾਂ ਆਉਣ ਤੇ ਯਹੋਵਾਹ ਦੇ ਗਵਾਹ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਫਟਾਫਟ ਪ੍ਰਬੰਧ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਾਂ। (ਯੂਹੰਨਾ 13:34, 35; 1 ਯੂਹੰਨਾ 3:17, 18) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦੇ ਹਾਂ?

      ਅਸੀਂ ਪੈਸਾ ਦਾਨ ਕਰਦੇ ਹਾਂ। ਪਹਿਲੀ ਸਦੀ ਵਿਚ ਜਦੋਂ ਯਹੂਦੀਆ ਵਿਚ ਵੱਡਾ ਕਾਲ਼ ਪਿਆ ਸੀ, ਤਾਂ ਅੰਤਾਕੀਆ ਦੇ ਮਸੀਹੀਆਂ ਨੇ ਲੋੜਵੰਦ ਭਰਾਵਾਂ ਨੂੰ ਪੈਸੇ ਭੇਜੇ ਸਨ। (ਰਸੂਲਾਂ ਦੇ ਕੰਮ 11:27-30) ਇਸੇ ਤਰ੍ਹਾਂ ਅੱਜ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਦੁਨੀਆਂ ਦੇ ਕਿਸੇ ਹਿੱਸੇ ਵਿਚ ਸਾਡੇ ਭਰਾ ਔਖੀ ਘੜੀ ਵਿੱਚੋਂ ਦੀ ਲੰਘ ਰਹੇ ਹਨ, ਤਾਂ ਅਸੀਂ ਆਪਣੀ ਮੰਡਲੀ ਦੇ ਜ਼ਰੀਏ ਉਨ੍ਹਾਂ ਨੂੰ ਪੈਸੇ ਭੇਜਦੇ ਹਾਂ ਤਾਂਕਿ ਉਹ ਲੋੜੀਂਦੀਆਂ ਚੀਜ਼ਾਂ ਖ਼ਰੀਦ ਸਕਣ।​—2 ਕੁਰਿੰਥੀਆਂ 8:13-15.

      ਅਸੀਂ ਲੋੜੀਂਦੇ ਕੰਮ ਕਰਦੇ ਹਾਂ। ਕੁਦਰਤੀ ਆਫ਼ਤ ਆਉਣ ਤੇ ਬਜ਼ੁਰਗ ਪਤਾ ਕਰਦੇ ਹਨ ਕਿ ਮੰਡਲੀ ਦਾ ਹਰ ਭੈਣ-ਭਰਾ ਸਹੀ-ਸਲਾਮਤ ਹੈ ਜਾਂ ਨਹੀਂ। ਰਿਲੀਫ ਕਮੇਟੀ ਖਾਣ-ਪੀਣ ਦੀਆਂ ਚੀਜ਼ਾਂ, ਸਾਫ਼ ਪਾਣੀ, ਕੱਪੜੇ, ਰਹਿਣ ਲਈ ਜਗ੍ਹਾ ਅਤੇ ਦਵਾਈਆਂ ਦਾ ਪ੍ਰਬੰਧ ਕਰਦੀ ਹੈ। ਬਹੁਤ ਸਾਰੇ ਕਾਰੀਗਰ ਭੈਣ-ਭਰਾ ਆਪਣੇ ਖ਼ਰਚੇ ʼਤੇ ਜਾ ਕੇ ਰਾਹਤ ਕੰਮ ਵਿਚ ਹਿੱਸਾ ਲੈਂਦੇ ਹਨ ਜਾਂ ਨੁਕਸਾਨੇ ਗਏ ਘਰਾਂ ਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਦੇ ਹਨ। ਸਾਡੇ ਸੰਗਠਨ ਵਿਚ ਏਕਤਾ ਹੈ ਅਤੇ ਸਾਨੂੰ ਮਿਲ ਕੇ ਕੰਮ ਕਰਨ ਦਾ ਤਜਰਬਾ ਹੈ, ਇਸ ਕਰਕੇ ਅਸੀਂ ਔਖੇ ਸਮਿਆਂ ਵਿਚ ਜਲਦੀ ਹੀ ਜ਼ਰੂਰੀ ਚੀਜ਼ਾਂ ਅਤੇ ਕੰਮ ਕਰਨ ਲਈ ਭੈਣਾਂ-ਭਰਾਵਾਂ ਨੂੰ ਇਕੱਠਾ ਕਰ ਸਕਦੇ ਹਾਂ। ਹਾਲਾਂਕਿ ਅਸੀਂ ‘ਆਪਣੇ ਮਸੀਹੀ ਭੈਣਾਂ-ਭਰਾਵਾਂ’ ਦੀ ਮਦਦ ਕਰਦੇ ਹਾਂ, ਪਰ ਜੇ ਹੋ ਸਕੇ, ਤਾਂ ਅਸੀਂ ਦੂਜਿਆਂ ਦੀ ਵੀ ਮਦਦ ਕਰਦੇ ਹਾਂ ਚਾਹੇ ਉਨ੍ਹਾਂ ਦਾ ਧਰਮ ਜੋ ਮਰਜ਼ੀ ਹੋਵੇ।​—ਗਲਾਤੀਆਂ 6:10.

      ਬਾਈਬਲ ਤੋਂ ਅਸੀਂ ਲੋਕਾਂ ਨੂੰ ਦਿਲਾਸਾ ਦਿੰਦੇ ਹਾਂ। ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਖ਼ਾਸ ਕਰਕੇ ਦਿਲਾਸੇ ਦੀ ਲੋੜ ਹੁੰਦੀ ਹੈ। ਇਨ੍ਹਾਂ ਮੌਕਿਆਂ ਤੇ ਸਾਨੂੰ ਯਹੋਵਾਹ ਤੋਂ ਤਾਕਤ ਮਿਲਦੀ ਹੈ ਜੋ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3, 4) ਨਿਰਾਸ਼ ਲੋਕਾਂ ਨੂੰ ਅਸੀਂ ਖ਼ੁਸ਼ੀ ਨਾਲ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਦੇ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਸਾਰੀਆਂ ਆਫ਼ਤਾਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਾਰਨ ਅਸੀਂ ਦੁੱਖ-ਤਕਲੀਫ਼ਾਂ ਸਹਿੰਦੇ ਹਾਂ।​—ਪ੍ਰਕਾਸ਼ ਦੀ ਕਿਤਾਬ 21:4.

      • ਆਫ਼ਤਾਂ ਆਉਣ ਤੇ ਯਹੋਵਾਹ ਦੇ ਗਵਾਹ ਫਟਾਫਟ ਮਦਦ ਕਰਨ ਲਈ ਪ੍ਰਬੰਧ ਕਿੱਦਾਂ ਕਰ ਲੈਂਦੇ ਹਨ?

      • ਅਸੀਂ ਆਫ਼ਤਾਂ ਵਿੱਚੋਂ ਬਚੇ ਲੋਕਾਂ ਨੂੰ ਬਾਈਬਲ ਤੋਂ ਕਿਹੜਾ ਦਿਲਾਸਾ ਦੇ ਸਕਦੇ ਹਾਂ?

  • ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 19

      ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?

      ਯਿਸੂ ਆਪਣੇ ਚੇਲਿਆਂ ਨਾਲ ਗੱਲ ਕਰਦਾ ਹੋਇਆ
      ਯਹੋਵਾਹ ਦੀ ਗਵਾਹ ਬਾਈਬਲ ’ਤੇ ਆਧਾਰਿਤ ਪ੍ਰਕਾਸ਼ਨ ਪੜ੍ਹਦੀ ਹੋਈ

      ਸਾਨੂੰ ਸਾਰਿਆਂ ਨੂੰ “ਭੋਜਨ” ਤੋਂ ਫ਼ਾਇਦਾ ਹੁੰਦਾ ਹੈ

      ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਦੋ ਮੈਂਬਰ

      ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਆਪਣੇ ਚਾਰ ਚੇਲਿਆਂ, ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਆਸ ਨਾਲ ਗੱਲਬਾਤ ਕੀਤੀ ਸੀ। ਯੁਗ ਦੇ ਆਖ਼ਰੀ ਸਮੇਂ ਵਿਚ ਆਪਣੀ ਮੌਜੂਦਗੀ ਦੀ ਨਿਸ਼ਾਨੀ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਇਕ ਜ਼ਰੂਰੀ ਸਵਾਲ ਪੁੱਛਿਆ: “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ?” (ਮੱਤੀ 24:3, 45; ਮਰਕੁਸ 13:3, 4) ਯਿਸੂ ਆਪਣੇ ਚੇਲਿਆਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਉਨ੍ਹਾਂ ਦੇ “ਮਾਲਕ” ਵਜੋਂ ਉਹ ਉਨ੍ਹਾਂ ਲੋਕਾਂ ਨੂੰ ਨਿਯੁਕਤ ਕਰੇਗਾ ਜੋ ਆਖ਼ਰੀ ਸਮੇਂ ਵਿਚ ਉਸ ਦੇ ਚੇਲਿਆਂ ਨੂੰ “ਭੋਜਨ” ਯਾਨੀ ਪਰਮੇਸ਼ੁਰ ਦਾ ਗਿਆਨ ਲਗਾਤਾਰ ਦਿੰਦੇ ਰਹਿਣਗੇ। ਉਹ ਕੌਣ ਹਨ?

      ਉਹ ਯਿਸੂ ਮਸੀਹ ਦੇ ਚੇਲਿਆਂ ਦਾ ਛੋਟਾ ਜਿਹਾ ਗਰੁੱਪ ਹੈ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ। ਇਹ “ਨੌਕਰ” ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਜੋਂ ਜਾਣਿਆ ਜਾਂਦਾ ਹੈ। ਭਰਾਵਾਂ ਦਾ ਇਹ ਗਰੁੱਪ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ। ਸਾਨੂੰ “ਸਹੀ ਸਮੇਂ ਤੇ ਲੋੜੀਂਦਾ ਭੋਜਨ” ਸਿਰਫ਼ ਇਸ ਨੌਕਰ ਤੋਂ ਹੀ ਮਿਲੇਗਾ, ਹੋਰ ਕਿਸੇ ਤੋਂ ਨਹੀਂ।​—ਲੂਕਾ 12:42.

      ਇਹ ਨੌਕਰ ਪਰਮੇਸ਼ੁਰ ਦੇ ਘਰ ਦੀ ਦੇਖ-ਰੇਖ ਕਰਦਾ ਹੈ। (1 ਤਿਮੋਥਿਉਸ 3:15) ਯਿਸੂ ਨੇ ਇਸ ਨੌਕਰ ਨੂੰ ਧਰਤੀ ʼਤੇ ਯਹੋਵਾਹ ਦੇ ਸੰਗਠਨ ਦੀ ਦੇਖ-ਰੇਖ ਕਰਨ ਦੀ ਭਾਰੀ ਜ਼ਿੰਮੇਵਾਰੀ ਦਿੱਤੀ ਹੈ। ਇਹ ਨੌਕਰ ਹੈੱਡ-ਕੁਆਰਟਰ, ਬ੍ਰਾਂਚ ਆਫ਼ਿਸਾਂ, ਅਸੈਂਬਲੀ ਹਾਲਾਂ ਵਗੈਰਾ ਦੀ ਦੇਖ-ਭਾਲ ਕਰਦਾ ਹੈ, ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਹੈ ਅਤੇ ਸਾਨੂੰ ਮੰਡਲੀਆਂ ਵਿਚ ਸਿੱਖਿਆ ਦਿੰਦਾ ਹੈ। ਇਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਪ੍ਰਚਾਰ ਵਿਚ ਵਰਤੇ ਜਾਂਦੇ ਪ੍ਰਕਾਸ਼ਨਾਂ ਅਤੇ ਸਾਡੀਆਂ ਮੀਟਿੰਗਾਂ ਤੇ ਅਸੈਂਬਲੀਆਂ ਰਾਹੀਂ ਸਹੀ ਸਮੇਂ ਤੇ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ।

      ਇਹ ਨੌਕਰ ਵਫ਼ਾਦਾਰ ਕਿਵੇਂ ਹੈ? ਇਹ ਬਾਈਬਲ ਦੀਆਂ ਸੱਚਾਈਆਂ ਨੂੰ ਸਹੀ-ਸਹੀ ਦੱਸਦਾ ਹੈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਇਹ ਸਮਝਦਾਰ ਕਿਵੇਂ ਹੈ? ਇਹ ਧਰਤੀ ਉੱਤੇ ਮਸੀਹ ਦੀ ਸਾਰੀ ਮਲਕੀਅਤ ਦੀ ਧਿਆਨ ਨਾਲ ਦੇਖ-ਭਾਲ ਕਰਦਾ ਹੈ। (ਰਸੂਲਾਂ ਦੇ ਕੰਮ 10:42) ਨੌਕਰ ਦੇ ਇਸ ਕੰਮ ʼਤੇ ਯਹੋਵਾਹ ਦੀ ਬਰਕਤ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਦੇ ਗਵਾਹ ਬਣ ਰਹੇ ਹਨ ਅਤੇ ਗਿਆਨ ਦੇਣ ਦੇ ਪ੍ਰਬੰਧਾਂ ਵਿਚ ਵੀ ਵਾਧਾ ਹੋ ਰਿਹਾ ਹੈ।​—ਯਸਾਯਾਹ 60:22; 65:13.

      • ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ?

      • ਇਹ ਨੌਕਰ ਵਫ਼ਾਦਾਰ ਅਤੇ ਸਮਝਦਾਰ ਕਿਵੇਂ ਹੈ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ